ਕਿਸਾਨੀ ਸੰਘਰਸ਼ ਲਈ ਧਰਮ ਸੰਕਟ ਖੜਾ ਕਰ ਰਹੀ ਹੈ, ਮਾਰਕੇਬਾਜ਼ਾਂ ਦੀ ਸਿਆਸਤ? -ਹਰਚਰਨ ਸਿੰਘ ਪ੍ਰਹਾਰ
Posted on:- 06-04-2021
ਮੌਜੂਦਾ ਕਿਸਾਨੀ ਸੰਘਰਸ਼ ਲੰਬਾ ਹੋਣ ਦੇ ਬਾਵਜੂਦ ਅਜੇ ਵੀ ਕਿਸਾਨ ਜਥੇਬੰਦੀਆਂ ਵਲੋਂ ਉਸੇ ਸਪਿਰਿਟ ਨਾਲ਼ ਲੜਿਆ ਜਾ ਰਿਹਾ ਹੈ, ਜਿਸ ਜੋਸ਼ ਤੇ ਜ਼ਜਬੇ ਨਾਲ਼ ਸ਼ੁਰੂ ਹੋਇਆ ਸੀ।ਇਹ ਸੰਘਰਸ਼ ਦੁਨੀਆਂ ਭਰ ਵਿੱਚ ਸ਼ਾਂਤੀਪੂਰਵਕ ਢੰਗ ਨਾਲ਼ ਲੜੇ ਗਏ ਵੱਡੇ ਲੋਕ ਸੰਘਰਸ਼ਾਂ ਵਿੱਚ ਆਪਣੀ ਨਿਵੇਕਲੀ ਥਾਂ ਬਣਾ ਚੁੱਕਾ ਹੈ।ਇਤਨੇ ਵੱਡੇ ਲੋਕਾਂ ਦੇ ਇਕੱਠ ਨੂੰ ਆਪਣੀ ਸਟੇਟ ਤੋਂ ਬਾਹਰ 4 ਮਹੀਨੇ ਤੋਂ ਪੂਰੇ ਜ਼ਾਬਤੇ ਵਿੱਚ ਰੱਖਣਾ ਤੇ ਸੜਕਾਂ ਤੇ ਹੀ ਘਰ ਬਣਾ ਕੇ ਬੈਠ ਜਾਣਾ ਅਤੇ ਖਾਣ-ਪੀਣ ਜਾਂ ਰਹਿਣ ਦੀ ਕੋਈ ਦਿੱਕਤ ਨਾ ਆਉਣ ਦੇਣਾ, ਕਿਸੇ ਕ੍ਰਿਸ਼ਮੇ ਤੋਂ ਘੱਟ ਨਹੀਂ।ਜਿਥੇ ਮੋਦੀ ਸਰਕਾਰ ਪਹਿਲਾਂ ਪੂਰੇ ਦਬਾਅ ਵਿੱਚ ਸੀ ਤੇ ਕਿਸੇ ਵੀ ਕੀਮਤ ਤੇ ਮਸਲਾ ਲੈ ਦੇ ਕੇ ਹੱਲ ਕਰਨ ਦੇ ਰੌਂਅ ਵਿੱਚ ਸੀ।ਪਰ 26 ਜਨਵਰੀ ਦੀਆਂ ਘਟਨਾਵਾਂ ਤੋਂ ਬਾਅਦ ਸਰਕਾਰ ਸੰਘਰਸ਼ ਨੂੰ ਤਾਰਪੀਡੋ ਕਰਨ, ਲੋਕਾਂ ਵਿੱਚ ਭੜਕਾਹਟ ਪੈਦਾ ਕਰਨ, ਹਿੰਸਾ ਭੜਕਾਉਣ, ਬੇਚੈਨੀ ਪੈਦਾ ਕਰਨ ਦੇ ਨਾਲ਼-ਨਾਲ਼ ਅਜਿਹਾ ਦਿਖਾਵਾ ਵੀ ਕਰ ਰਹੀ ਹੈ ਕਿ ਜਿਸ ਤਰ੍ਹਾਂ ਉਸਨੂੰ ਹੁਣ ਸੜਕਾਂ ਤੇ ਬੈਠੇ ਲੱਖਾਂ ਲੋਕ ਦਿਖਾਈ ਨਹੀਂ ਦਿੰਦੇ? ਅਜਿਹੇ ਤੱਤਾਂ ਨੂੰ ਉਭਾਰਿਆ ਜਾ ਰਿਹਾ ਹੈ, ਜੋ ਕਿਸੇ ਵੀ ਢੰਗ ਨਾਲ਼ ਹਿੰਸਾ ਨੂੰ ਉਤਸ਼ਾਹਿਤ ਕਰਨ।
ਭਾਰਤ ਦੇ ਵੱਖ-ਵੱਖ ਪ੍ਰਾਂਤਾਂ ਵਿੱਚ ਹੋ ਰਹੀਆਂ ਚੋਣਾਂ ਦੇ ਮੱਦੇਨਜ਼ਰ ਸੰਘਰਸ਼ ਨੂੰ ਬਿਲਕੁਲ ਅੱਖੋਂ ਪਰੋਖੇ ਕਰਨ ਦਾ ਡਰਾਮਾ ਵੀ ਕੀਤਾ ਜਾ ਰਿਹਾ ਹੈ। ਅਜਿਹੇ ਮੌਕੇ ਜਦੋਂ ਸੰਘਰਸ਼ ਵਿੱਚ ਜੋਸ਼ ਦੇ ਨਾਲ਼ ਹੋਸ਼ ਦੀ ਵੱਧ ਜਰੂਰਤ ਹੈ ਤਾਂ ਕੁਝ ਸਿੱਖ ਬੁੱਧੀਜੀਵੀ ਤੇ ਉਨ੍ਹਾਂ ਦੇ ਦੇਸ਼-ਵਿਦੇਸ਼ ਵਿੱਚ ਬੈਠੇ ਭਗਤ, ਮੋਦੀ ਸਰਕਾਰ ਤੋਂ ਵੀ ਅੱਗੇ ਲੰਘ ਕੇ ਵੱਖ-ਵੱਖ ਢੰਗਾਂ ਨਾਲ਼ ਸੰਘਰਸ਼ ਨੂੰ ਢਾਅ ਲਾਉਣ ਲਈ ਸੋਸ਼ਲ ਮੀਡੀਆ ਤੇ ਵੀ ਪੂਰੀ ਤਰ੍ਹਾਂ ਸਰਗਰਮ ਹਨ।ਉਹ ਕਿਸਾਨੀ ਸੰਘਰਸ਼ ਨੂੰ ਮਜਬੂਤੀ ਦੇਣ ਦੀ ਥਾਂ ਬਾਹਰੋਂ ਨਾਅਰਾ ਤਾਂ ਕਿਸਾਨੀ ਦੇ ਹੱਕ ਵਿੱਚ ਦੇ ਰਹੇ ਹਨ, ਪਰ ਕਿਸਾਨ ਜਥੇਬੰਦੀਆਂ ਤੇ ਆਗੂਆਂ ਨੂੰ ਬਦਨਾਮ ਕਰਨ ਲਈ ਅੱਡੀ ਚੋਟੀ ਦਾ ਜ਼ੋਰ ਲਗਾ ਰਹੇ ਹਨ।
ਅੱਗੇ ਪੜੋ