Thu, 18 April 2024
Your Visitor Number :-   6981919
SuhisaverSuhisaver Suhisaver

ਹੈਪਾਟਾਈਟਸ ਦੀ ਜਾਣ-ਪਛਾਣ, ਬਚਾਅ ਸਕਦੀ ਹੈ ਪ੍ਰਾਣ -ਵਿਕਰਮ ਸਿੰਘ ਸੰਗਰੂਰ

Posted on:- 28-07-2014

suhisaver

ਅਠਾਰੀ ਜੁਲਾਈ ਦਾ ਦਿਨ ਹਰ ਸਾਲ ਦੁਨੀਆਂ ਭਰ ਵਿੱਚ ‘ਵਿਸ਼ਵ ਹੈਪਾਟਾਈਟਸ ਦਿਵਸ’ ਵਜੋਂ ਮਨਾਇਆ ਜਾਂਦਾ ਹੈ।ਇਹ ਦਿਹਾੜਾ ਵਿਸ਼ਵ ਸਿਹਤ ਸੰਗਠਨ ਦੀਆਂ ਪ੍ਰਮੁੱਖ ਵਿਸ਼ਵ-ਵਿਆਪੀ ਜਨ ਸਧਾਰਨ ਸਿਹਤ ਮੁਹਿੰਮਾਂ ਵਿੱਚੋਂ ਇੱਕ ਅਜਿਹੀ ਮੁਹਿੰਮ ਵਜੋਂ ਮਨਾਇਆ ਜਾਂਦਾ ਹੈ, ਜਿਹਦਾ ਮੁੱਖ ਮੰਤਵ ਹੈਪਾਟਾਈਟਸ ਨਾਂਅ ਦੀ ਬਿਮਾਰੀ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨਾ ਹੈ, ਜੋ ਹਰ ਸਾਲ ਲੱਖਾਂ ਮਾਸੂਮ ਜਾਨਾਂ ਨੂੰ ਇੱਕ ਖ਼ਾਮੋਸ਼ ਹੱਤਿਆਰੇ ਵਾਂਗ ਆਪਣਾ ਸ਼ਿਕਾਰ ਬਣਾ ਰਹੀ ਹੈ।ਬੇਸ਼ੱਕ ਹੈਪਾਟਾਈਟਸ ਤੋਂ ਪ੍ਰਭਾਵਿਤ ਜਾਨਾਂ ਦੇ ਅੰਕੜੇ ਲ਼ੱਖਾਂ ਦੀ ਗਿਣਤੀ ਟੱਪ ਚੁੱਕੇ ਹਨ, ਪਰ ਇਸ ਦਾ ਮਤਲਬ ਇਹ ਨਹੀਂ ਹੈ ਕਿ ਇਸ ਬਿਮਾਰੀ ਨੂੰ ਠੱਲ੍ਹਿਆ ਨਹੀਂ ਜਾ ਸਕਦਾ।

ਹੈਪਾਟਾਈਟਸ ਹੀ ਨਹੀਂ, ਸਗੋਂ ਦੂਜੀਆਂ ਹੋਰ ਗੰਭੀਰ ਕਿਸਮ ਦੀਆਂ ਬਿਮਾਰੀਆਂ ’ਤੇ ਕਾਬੂ ਪਾਉਣ ਲਈ ਜਿੱਥੇ ਸਹੀ ਇਲਾਜ ਅਤੇ ਦਵਾਈਆਂ ਆਦਿ ਲਾਹੇਵੰਦ ਸਿੱਧ ਹੁੰਦੀਆਂ ਹਨ, ਉੱਥੇ ਉਸ ਤੋਂ ਕਿਤੇ ਵੱਧ ਇਨ੍ਹਾਂ ਬਿਮਾਰੀਆਂ ਤੋਂ ਬਚਾਓ ਸਬੰਧੀ ਜਾਗਰੂਕ ਸਿਹਤ ਸੰਚਾਰ ਵੀ ਆਪਣੀ ਖ਼ਾਸ ਮਹੱਤਤਾ ਰੱਖਦਾ ਹੈ।ਇਹੋ ਕਾਰਨ ਹੈ ਕਿ ਇਸ ਵਾਰ ਸਿਹਤ ਵਿਭਾਗ ਵੱਲੋਂ ਸਕੂਲੀ ਪੱਧਰ ’ਤੇ ਬੱਚਿਆਂ ਨੂੰ ਹੈਪਾਟਾਈਟਸ ਤੋਂ ਬਚਾਅ ਸਬੰਧੀ ਲੈਕਚਰ, ਨਾਟਕ, ਕੁਇਜ ਅਤੇ ਪਿ੍ਰੰਟ ਨਾਅਰਿਆਂ ਆਦਿ ਰਾਹੀਂ ਜਾਗਰੂਕ ਕੀਤਾ ਜਾ ਰਿਹਾ ਹੈ।ਪੋਲੀਓ ਵਾਂਗ ਭਾਰਤ ਨੂੰ ਹੈਪਾਟਾਈਟਸ ਮੁਕਤ ਦੇਸ਼ ਬਣਾਉਣ ਵਾਸਤੇ ਲਾਜ਼ਮੀ ਹੈ ਕਿ ਹੈਪਾਟਾਈਟਸ, ਇਸ ਦੇ ਫੈਲਣ ਦੇ ਕਾਰਨਾਂ, ਲੱਛਣਾਂ ਅਤੇ ਇਸ ਤੋਂ ਬਚਾਅ ਸਬੰਧੀ ਜਾਣ-ਪਛਾਣ ਨੂੰ ਘਰ-ਘਰ ਪਹੁੰਚਾਇਆ ਜਾਵੇ।

ਹੈਪਾਟਾਈਟਸ ਦੇ ਸ਼ਾਬਦਿਕ ਅਰਥ ਹਨ ‘ਜਿਗਰ ਦੀ ਸੋਜ’।ਹੈਪਾਟਾਈਟਸ ਜਿਗਰ ਦੀ ਇੱਕ ਅਜਿਹੀ ਬਿਮਾਰੀ ਦਾ ਨਾਮ ਹੈ, ਜੋ ਵਾਇਰਸ ਕਾਰਨ ਫੈਲਦੀ ਹੈ।ਇਸਦੇ ਪ੍ਰਮੁੱਖ ਰੂਪ ਵਿੱਚ ਪੰਜ ਪ੍ਰਕਾਰ ਦੇ ਵਾਇਰਸ ਹੁੰਦੇ ਹਨ, ਜਿਨ੍ਹਾਂ ਨੂੰ ਹੈਪਾਟਾਈਟਸ ਏ, ਬੀ, ਸੀ, ਡੀ ਅਤੇ ਈ ਆਖਿਆ ਜਾਂਦਾ ਹੈ।ਹੈਪਾਟਾਈਟਸ ਏ ਅਤੇ ਈ ਪਾਣੀ ਅਤੇ ਭੋਜਨ ਰਾਹੀਂ ਹੁੰਦਾ ਹੈ, ਜਦੋਂਕਿ ਹੈਪਾਟਾਈਟਸ ਦੀਆਂ ਬਾਕੀ ਕਿਸਮਾਂ ਪ੍ਰਮੁੱਖ ਰੂਪ ਨਾਲ ਖ਼ੂਨ ਤੇ ਹੋਰ ਸਰੀਰਿਕ ਰਸਾਂ ਜ਼ਰੀਏ ਅੱਗੇ ਫੈਲਦੀਆਂ ਹਨ।

ਹੈਪਾਟਾਈਟਸ ਏ ਅਤੇ ਈ ਦੇ ਜਿੱਥੋਂ ਤੱਕ ਫੈਲਣ ਦੀ ਗੱਲ ਹੈ ਤਾਂ ਇਹ ਦੂਸ਼ਿਤ ਪਾਣੀ ਪੀਣ, ਮੱਖੀ-ਮੱਛਰ ਬੈਠੇ ਜਾਂ ਗਲੇ-ਸੜੇ ਫ਼ਲ ਖਾਣ ਜਾਂ ਫਿਰ ਬਗ਼ੈਰ ਹੱਥ ਧੋਤੇ ਭੋਜਨ ਆਦਿ ਨੂੰ ਖਾਣ ਨਾਲ ਹੁੰਦਾ ਹੈ।ਹੈਪਾਟਾਈਟਸ ਦੀਆਂ ਇਨ੍ਹਾਂ ਕਿਸਮਾਂ ਦੀ ਗਿ੍ਰਫ਼ਤ ਵਿੱਚ ਜਦੋਂ ਕੋਈ ਆਉਂਦਾ ਹੈ ਤਾਂ ਉਸ ਨੂੰ ਹਲਕਾ ਬੁਖ਼ਾਰ, ਮਾਸ਼ਪੇਸ਼ੀਆਂ ਵਿੱਚ ਦਰਦ, ਕਮਜ਼ੋਰੀ ਮਹਿਸੂਸ ਹੁੰਦੀ ਹੈ, ਇਸ ਤੋਂ ਬਿਨਾਂ ਪਿਸ਼ਾਬ ਦਾ ਰੰਗ ਗੂੜ੍ਹਾ ਪੀਲਾ ਹੋ ਜਾਂਦਾ ਹੈ, ਉਲਟੀਆਂ ਆਉਂਦੀਆਂ ਹਨ ਅਤੇ ਭੁੱਖ ਨਹੀਂ ਲੱਗਦੀ।ਇਸ ਤੋਂ ਬਚਾਓ ਵਾਸਤੇ ਜ਼ਰੂਰੀ ਹੈ ਕਿ ਹਮੇਸ਼ਾਂ ਸਾਫ਼ ਪਾਣੀ ਪੀਤਾ ਜਾਵੇ।ਇਸ ਵਾਸਤੇ ਜੇ ਕਿਸੇ ਕੋਲ ਪਾਣੀ ਨੂੰ ਸ਼ੁੱਧ ਕਰਨ ਵਾਲਾ ਬਿਜਲਈ ਯੰਤਰ ਆਦਿ ਨਹੀਂ ਹੈ ਤਾਂ ਪਾਣੀ ਪੁਣਕੇ, ਉਬਾਲ ਕੇ ਠੰਡਾ ਕਰਕੇ ਪੀਤਾ ਜਾਵੇ ਅਤੇ ਪਾਣੀ ਨੂੰ ਹਮੇਸ਼ਾਂ ਢੱਕ ਕੇ ਰੱਖਿਆ ਜਾਵੇ।ਇਸ ਤੋਂ ਬਿਨਾਂ ਪੀਣ ਵਾਲੇ ਪਾਣੀ ਨੂੰ ਪੀਣ ਦੇ ਯੋਗ ਬਣਾਉਣ ਵਾਸਤੇ ਕਲੋਰੀਨ ਦੀਆਂ ਗੋਲੀਆਂ ਦੀ ਵਰਤੋਂ ਵੀ ਕੀਤੀ ਜਾ ਸਕਦੀ ਹੈ, ਜੋ ਕਿ ਕਿਸੇ ਵੀ ਸਿਹਤ ਸੰਸਥਾ ਜਾਂ ਮਿਊਂਸੀਪਲ ਕਮੇਟੀ ਤੋਂ ਮੁਫ਼ਤ ਪ੍ਰਾਪਤ ਕੀਤੀਆਂ ਜਾ ਸਕਦੀਆਂ ਹਨ।ਖੁੱਲ੍ਹੇ ਮੈਦਾਨ ਵਿੱਚ ਜੰਗਲ-ਪਾਣੀ ਜਾਣ ਦੀ ਬਜਾਏ ਪਖ਼ਾਨਿਆਂ ਦੀ ਵਰਤੋਂ ਕੀਤੀ ਜਾਵੇ, ਤਾਂ ਕਿ ਆਲ਼ਾ-ਦੁਆਲ਼ਾ ਸਾਫ਼-ਸੁਥਰਾ ਰਹੇ।ਹਮੇਸ਼ਾਂ ਸ਼ੁੱਧ ਭੋਜਨ ਅਤੇ ਫ਼ਲ ਆਦਿ ਹੀ ਖਾਧੇ ਜਾਣ।

ਹੁਣ ਜਾਣ-ਪਛਾਣ ਕਰਦੇ ਹਾਂ ਹੈਪਾਟਾਈਟਸ ਬੀ ਅਤੇ ਸੀ ਨਾਲ, ਜਿਸ ਨੂੰ ਕਾਲਾ ਪੀਲੀਆ ਵੀ ਆਖਿਆ ਜਾਂਦਾ ਹੈ।ਇਸ ਦੇ ਫੈਲਣ ਦੇ ਪ੍ਰਮੁੱਖ ਕਾਰਨਾਂ ਵਿੱਚ ਨਸ਼ਿਆਂ ਦੇ ਟੀਕਿਆਂ ਦੀ ਵਰਤੋਂ ਕਰਨਾ, ਕਿਸੇ ਨੂੰ ਦੂਸ਼ਿਤ ਖ਼ੂਨ ਚੜ੍ਹਾਉਣਾ ਜਾਂ ਦੂਸ਼ਿਤ ਸੂਈਆਂ ਦੀ ਸਾਂਝੀ ਵਰਤੋਂ ਕਰਨਾ, ਦੰਦਾਂ ਦੇ ਬੁਰਸ਼ ਤੇ ਦਾੜ੍ਹੀ ਕੱਟਣ ਵਾਲੇ ਉਸਤਰੇ ਆਪਸ ਵਿੱਚ ਸਾਂਝੇ ਕਰਨਾ, ਗ੍ਰਸਤ ਵਿਅਕਤੀਆਂ ਨਾਲ ਸੰਭੋਗ ਕਰਨਾ, ਸ਼ਰੀਰ ’ਤੇ ਟੈਟੂ ਬਣਵਾਉਣਾ, ਗ੍ਰਸਤ ਮਾਂ ਤੋਂ ਨਵਜੰਮੇ ਬੱਚੇ ਅਤੇ ਲੰਮੇ ਸਮੇਂ ਤੱਕ ਗੁਰਦਿਆਂ ਦਾ ਡਾਇਲੇਸਿਸ ਹੋਣ ਆਦਿ ਸ਼ਾਮਿਲ ਹਨ।ਹੈਪਾਟਾਈਟਸ ਦੀ ਇਸ ਕਿਸਮ ਦੇ ਲੱਛਣ ਵੀ ਜ਼ਿਆਦਾਤਰ ਹੈਪਾਟਾਈਟਸ ਏ ਅਤੇ ਈ ਜੇਹੇ ਹੀ ਹੁੰਦੇ ਹਨ, ਪਰ ਇਸ ਵਿੱਚ ਉਦਾਸੀ ਅਤੇ ਜਿਗਰ ਦਾ ਕੈਂਸਰ ਵੀ ਹੋ ਸਕਦਾ ਹੈ।ਹੈਪਾਟਾਈਟਸ ਬੀ ਅਤੇ ਸੀ ਤੋਂ ਬਚਾਅ ਲਈ ਜ਼ਰੂਰੀ ਹੈ ਕਿ ਨਸ਼ੀਲੇ ਟੀਕਿਆਂ ਤੋਂ ਗੁਰੇਜ਼ ਕੀਤਾ ਜਾਵੇ ਅਤੇ ਟੀਕਿਆਂ ਦੀਆਂ ਸੂਈਆਂ, ਦੰਦਾਂ ਦੇ ਬੁਰਸ਼, ਦਾੜ੍ਹੀ ਕੱਟਣ ਵਾਲੇ ਉਸਤਰਿਆਂ ਆਦਿ ਦੀ ਸਾਂਝੀ ਵਰਤੋਂ ਨਾ ਕੀਤੀ ਜਾਵੇ।ਕਈ ਵਾਰ ਸ਼ੌਂਕ ਵਿੱਚ ਮੁੰਡੇ ਮੇਲਿਆਂ ਵਿੱਚੋਂ ਆਪਣੇ ਸਰੀਰ ਦਿਆਂ ਅੰਗਾਂ ’ਤੇ ਟੈਟੂ ਆਦਿ ਛਪਵਾ ਲੈਂਦੇ ਹਨ, ਅਜਿਹਾ ਹਰਗਿਜ਼ ਨਹੀਂ ਕਰਨਾ ਚਾਹੀਦਾ, ਕਿਉਂਕਿ ਕਈ ਵਾਰ ਟੈਟੂ ਬਣਾਉਣ ਵਾਲੀ ਇੱਕੋ ਸੂਈ ਦੀ ਵਰਤੋਂ ਕਈ ਵਾਰ ਕੀਤੀ ਗਈ ਹੋ ਸਕਦੀ ਹੈ।ਜ਼ਰੂਰੀ ਹੈ ਕਿ ਸੁਰੱਖਿਅਤ ਢੰਗ-ਤਰੀਕਿਆਂ ਨਾਲ ਹੀ ਸੰਭੋਗ ਕੀਤਾ ਜਾਵੇ ਅਤੇ ਇਸ ਤੋਂ ਬਿਨਾਂ ਕਿਸੇ ਮਰੀਜ਼ ਨੂੰ ਖ਼ੂਨ ਚੜ੍ਹਾਉਣ ਵੇਲੇ ਉਚੇਚੇ ਤੌਰ ’ਤੇ ਖ਼ੂਨ ਦਾ ਨਿਰੀਖਣ ਕੀਤਾ ਜਾਣਾ ਲਾਜ਼ਮੀ ਹੈ।

ਹੈਪਾਟਾਈਟਸ ਸਬੰਧੀ ਇਹ ਸੰਖੇਪ ਜੇਹੀ ਅਜਿਹੀ ਜਾਣ-ਪਛਾਣ ਹੈ, ਜਿਸ ਨੂੰ ਜੇਕਰ ਆਪਣੇ ਚੇਤਿਆਂ ਵਿੱਚ ਰੱਖਿਆ ਜਾਵੇ ਤਾਂ ਇਸ ਬਿਮਾਰੀ ਨੂੰ ਨਕੇਲ ਪਾਈ ਜਾ ਸਕਦੀ ਹੈ।ਅੱਜ ਦੇ ਦਿਨ ਆਓ ਆਪਾਂ ਸਾਰੇ ਹੈਪਾਟਾਈਟਸ ਤੋਂ ਬਚਾਅ ਸਬੰਧੀ ਜਾਣਕਾਰੀ ਅਤੇ ਇਹ ਨਾਅਰਾ ਘਰ-ਘਰ ਪਹੁੰਚਾਈਏ ਤੇ ਜਲਦ ਹੈਪਾਟਾਈਟਸ ਤੋਂ ਮੁਕਤ ਹੋ ਜਾਈਏ:

ਨਾ ਕਰੋ ਅੱਖਾਂ, ਕੰਨ ਤੇ ਮੂੰਹ ਬੰਦ

ਕਰੋ ਹੈਪਾਟਾਈਟਸ ਤੋਂ ਬਚਾਅ ਦਾ ਪ੍ਰਬੰਧ


Comments

Security Code (required)



Can't read the image? click here to refresh.

Name (required)

Leave a comment... (required)





ਹੈਲਥ ਲਾਈਨ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ