Thu, 25 April 2024
Your Visitor Number :-   6999685
SuhisaverSuhisaver Suhisaver

ਟੀ.ਵੀ. ਵਿਗਿਆਪਨ ਜਾਂ ਹਾਥੀ ਦੇ ਦੰਦ? -ਵਿਕਰਮ ਸਿੰਘ ਸੰਗਰੂਰ

Posted on:- 22-06-2012

suhisaver

ਮੀਡੀਆ ਦੇ ਖੇਤਰ ਵਿੱਚ ਵਿਗਿਆਪਨ ਦੀ ਗੱਲ ਕਰਦਿਆਂ ਇੱਕ ਲਤੀਫ਼ਾ ਆਮ ਜਿਹਾ ਪੜ੍ਹਨ/ਸੁਨਣ ਨੂੰ ਮਿਲ ਜਾਂਦਾ ਹੈ ਕਿ ਇੱਕ ਵਿਅਕਤੀ ਦੀ ਮੌਤ ਪਿੱਛੋਂ ਜਮਦੂਤ ਉਸ ਨੂੰ ਚੁੱਕ ਕੇ ਪਰਲੋਕ ਲੈ ਗਏ।ਜਮਦੂਤਾਂ ਨੇ ਵਿਅਕਤੀ ਨੂੰ ਸਵਰਗ-ਨਰਕ ਦੇ ਦੋਹਾਂ ਦਰਵਾਜ਼ਿਆਂ ਅੱਗੇ ਲਿਆ ਕੇ ਪੁੱਛਿਆ ਕਿ ਉਸ ਨੇ ਕਿੱਧਰ ਜਾਣਾ ਹੈ? ਵਿਅਕਤੀ ਨੇ ਦੇਖਿਆ ਕਿ ਨਰਕ ਵਿੱਚ ਲੋਕੀਂ ਐਸ਼ ਕਰ ਰਹੇ ਹਨ; ਕੋਈ ਸ਼ਰਾਬ ਪੀ ਰਿਹਾ ਹੈ, ਕੋਈ ਰੇਸ਼ਮੀ ਗੱਦਿਆਂ 'ਤੇ ਸੁੱਤਾ ਪਿਆ ਹੈ।ਦੂਜੇ ਪਾਸੇ ਸਵਰਗ ਵਿੱਚ ਸਾਰੇ ਲੋਕੀਂ ਕੰਮਾਂ 'ਤੇ ਲੱਗੇ ਹੋਏ ਹਨ; ਕੋਈ ਚੱਕੀ 'ਚ ਦਾਣੇ ਦਲ ਰਿਹਾ ਹੈ ਤੇ ਕੋਈ ਖੇਤਾਂ ਵਿੱਚ ਹੱਲ ਵਾਹ ਰਿਹਾ ਹੈ।ਸਵਰਗ ਦੀ ਬਜਾਏ ਨਰਕ ਵਿੱਚ ਸੁਖ-ਅਰਾਮ ਦੀ ਤਸਵੀਰ ਦੇਖ ਕੇ, ਉਸ ਵਿਅਕਤੀ ਨੇ ਝੱਟ ਨਰਕ ਜਾਣ ਦੀ ਹਾਮੀ ਭਰ ਦਿੱਤੀ।ਜਦ ਉਹ ਨਰਕ ਪਹੁੰਚਿਆ ਤਾਂ ਉ¥ਥੋਂ ਦਾ ਨਜ਼ਾਰਾ ਉਲਟ ਸੀ।ਜੋ ਨਜ਼ਾਰਾ ਉਹਨੇ ਸਵਰਗ ਵਿੱਚ ਦੇਖਿਆ ਸੀ, ਅਸਲ ਵਿੱਚ ਉਹ ਸਾਰੇ ਕੰਮ ਨਰਕ ਵਿੱਚ ਹੋ ਰਹੇ ਸਨ।ਉਸ ਨੇ ਜਮਦੂਤਾਂ ਨੂੰ ਕਿਹਾ ਕਿ ਮੇਰੇ ਨਾਲ ਧੋਖਾ ਹੋਇਆ ਹੈ।ਜਮਦੂਤ ਹੱਸਦੇ ਹੋਏ ਆਖਣ ਲੱਗੇ ਕਿ ਅਸਲ ਵਿੱਚ ਤੂੰ ਪਹਿਲਾਂ ਜੋ ਨਜ਼ਾਰਾ ਨਰਕ ਦਾ ਦੇਖਿਆ ਸੀ, ਉਹ ਸਾਡੇ ‘ਵਿਗਿਆਪਨ ਵਿਭਾਗ' ਦਾ ਕਮਾਲ ਹੈ, ਅਸਲੀਅਤ ਤਾਂ ਕੁਝ ਹੋਰ ਸੀ।



ਸੂਚਨਾ ਤਕਨੀਕ ਦੇ ਅਜੋਕੇ ਸੁਨਹਿਰੇ ਦੌਰ ਵਿੱਚ ਟੀ.ਵੀ. ਚੈਨਲਾਂ 'ਤੇ ਵਸਤਾਂ ਦੀ ਵਿਕਰੀ ਵਾਸਤੇ ਵਿਗਿਆਪਨਾਂ ਦੀ ਜੋ ਅੰਨੀ ਦੌੜ ਲੱਗੀ ਹੋਈ ਹੈ, ਉਨ੍ਹਾਂ ਵਿੱਚੋਂ ਜ਼ਿਆਦਾਤਰ ‘ਹਾਥੀ ਦੇ ਦੰਦ ਦਿਖਾਉਣ ਦੇ ਹੋਰ ਤੇ ਖਾਣ ਦੇ ਹੋਰ' ਵਾਲੀ ਕਹਾਵਤ 'ਤੇ ਸਖ਼ਤ ਪੈਰ੍ਹਾ ਦਿੰਦਿਆਂ, ਨਿੱਤ ਆਮ ਬੰਦੇ ਨੂੰ ਉਪਰੋਕਤ ਲਤੀਫ਼ੇ ਦਾ ਪਾਤਰ ਬਣਾਉਣ ਵਿੱਚ ਰੁੱਝੇ ਹੋਏ ਹਨ।ਵਿਗਿਆਪਨ ਕਲਾ, ਜਿਸ ਦੀ ਸ਼ੁਰੂਆਤ ਭਾਰਤ ਵਿੱਚ ਅਸ਼ੋਕਾ ਨੇ ਜਦੋਂ ਬੁੱਧ ਧਰਮ ਦੇ ਵਿਚਾਰਾਂ ਨੂੰ ਪ੍ਰਚਾਰਨ ਵਜੋਂ ਕੀਤੀ ਸੀ, ਉਹ ਸਮਾਂ ਸੀ ਜਦ ਸੂਚਨਾ ਅਤੇ ਵਿਗਿਆਪਨ ਵਿਚਕਾਰ ਸਿਰ ਦੇ ਵਾਲ ਜਿੰਨੀ ਵੀ ਵਿੱਥ ਨਹੀਂ ਸੀ ਹੁੰਦੀ।ਅੱਜ ਇਸ ਕਲਾ 'ਚ ਸੂਚਨਾ ਅਤੇ ਵਿਗਿਆਪਨ ਵਿਚਕਾਰ ਜ਼ਮੀਨ ਅਤੇ ਅਸਮਾਨ ਜਿੰਨਾ ਖੱਪਾ ਪੈ ਗਿਆ ਹੈ।90ਵਿਆਂ ਵਿੱਚ ਕੇਬਲ ਟੀ.ਵੀ. ਵੱਲੋਂ ਭਾਰਤੀ ਟੀ.ਵੀ. ਸਕਰੀਨ 'ਤੇ ਕਬਜ਼ਾ ਕਰਨ ਪਿੱਛੋਂ ਇੱਥੇ ਵਿਗਿਆਪਨ ਦੀਆਂ ਵੱਡੀਆਂ-ਵੱਡੀਆਂ ਏਜੰਸੀਆਂ ਖੁੰਭਾਂ ਵਾਂਗਰ ਉ¥ਗਦੀਆਂ ਗਈਆਂ, ਜਿਨ੍ਹਾਂ ਦੀ ਮੰਤਵ ਸੂਚੀ ਵਿੱਚ ਵਿਗਿਆਪਨ ਦਾ ਕਾਰਜ ਸੂਚਨਾ ਦੇਣਾ ਨਹੀਂ ਸਗੋਂ ‘ਜੋ ਦਿਖਤਾ ਹੈ ਵਹੀ ਬਿਕਤਾ ਹੈ' ਜਿਹੀ ਧਾਰਨਾ ਤਹਿਤ ਵਸਤੁ ਦੀ ਵੱਧ ਤੋਂ ਵੱਧ ਵਿਕਰੀ ਲਈ ਵਿਉਂਤਬਧੀ ਬਣਾ ਕੇ ਬਾਜ਼ਾਰ ਤਿਆਰ ਕਰਨਾ ਹੈ।

ਅੱਜ-ਕੱਲ੍ਹ ਜਿਸ ਤਰ੍ਹਾਂ ਦੀਆਂ ਵਸਤਾਂ ਦੇ ਵਿਗਿਆਪਨ ਟੀ.ਵੀ. 'ਤੇ ਦਿਖਾਏ ਜਾ ਰਹੇ ਹਨ, ਉਨ੍ਹਾਂ ਵਿੱਚ ਅੱਧੋਂ ਵੱਧ ਵਿਅਕਤੀ ਦੀ ਬਾਹਰੀ ਦਿੱਖ ਨੂੰ ਛੇਤੀ ਤੋਂ ਛੇਤੀ ਦਿਲਕਸ਼ ਬਣਾਉਣ ਦੇ ਵਹਿਮ ਪੈਦਾ ਕਰਨ ਨਾਲ਼ ਜੁੜੇ ਹੋਏ ਹਨ, ਜਿਨ੍ਹਾਂ ਦੀ ਵਿਕਰੀ ਪਿਛਲੇ ਕਈ ਵਰ੍ਹਿਆਂ ਤੋਂ ਖਾਣ-ਪੀਣ ਦੀਆਂ ਵਸਤਾਂ ਨਾਲੋਂ ਵੀ ਵਧਦੀ ਜਾ ਰਹੀ ਹੈ।ਸੂਚਨਾ ਤੋਂ ਸੱਖਣੇ ਅਜਿਹੇ ਵਿਗਿਆਪਨ ਮਨੋਰੰਜਨ ਅਤੇ ਚਤੁਰਾਈ ਨੂੰ ਮਿਲਾ ਕੇ ਅਜਿਹਾ ਦ੍ਰਿਸ਼ ਲੋਕਾਂ ਅੱਗੇ ਰੱਖ ਰਹੇ ਹਨ, ਜੋ ਉਨ੍ਹਾਂ ਨੂੰ ਦਿਨ ਚਿੱਟੇ ਹੀ ਮੂਰਖ਼ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।ਮਿਸਾਲ ਲਈ ਇਨ੍ਹੀਂ ਦਿਨੀਂ ਟੀ.ਵੀ. ਸਕਰੀਨ 'ਤੇ ਇੱਕ ਅਜਿਹਾ ਵਿਗਿਆਪਨ ਦਿਖਾਇਆ ਜਾ ਰਿਹਾ ਹੈ, ਜਿਸ 'ਚ ਸਮਾਨ ਦੇ ਭਰੇ ਟਰੱਕ ਨੂੰ ਦਸ ਬੰਦੇ ਖਿੱਚ ਰਹੇ ਹਨ, ਪਰ ਚਿੱਕੜ 'ਚ ਫਸਿਆ ਟਰੱਕ ਟਸ ਤੋਂ ਮਸ ਨਹੀਂ ਹੋ ਰਿਹਾ।ਵਿਗਿਆਪਨ ਦੀ ਮੁੱਖ ਪਾਤਰ ਆਉਂਦੀ ਹੈ ਤੇ ਆਪਣੇ ਲੰਮੇ ਲਿਸ਼ਕਦੇ ਵਾਲਾਂ ਨਾਲ਼ ਇਕੱਲੀ ਹੀ ਟਰੱਕ ਨੂੰ ਚਿੱਕੜ 'ਚੋਂ ਖਿੱਚ ਕੇ ਬਾਹਰ ਕੱਢ ਦਿੰਦੀ ਹੈ! ਇਹ ਸਭ ਕੁਝ ਇਸ ਤਰ੍ਹਾਂ ਦਿਖਾਇਆ ਜਾਂਦਾ ਹੈ ਕਿ ਸੰਬੰਧਿਤ ਸ਼ੈਂਪੂ ਦੀ ਵਰਤੋਂ ਨਾਲ਼ ਤੁਹਾਡੇ ਵਾਲ਼ ਇੰਨੇ ਮਜ਼ਬੂਤ ਹੋ ਜਾਣਗੇ ਕਿ ਤੁਸੀਂ ਇਨ੍ਹਾਂ ਨਾਲ਼ ਸਮਾਨ ਦਾ ਭਰਿਆ ਟਰੱਕ ਵੀ ਖਿੱਚ ਸਕੋਗੇ।

ਭਾਰਤ ਵਿੱਚ ਮੱਧ-ਵਰਗੀ ਪਰਿਵਾਰਾਂ ਦੀ ਚੋਖੀ ਗਿਣਤੀ ਹੈ।ਵਿਗਿਆਪਨ ਬਣਾਉਣ ਵਾਲੀਆਂ ਕੰਪਨੀਆਂ ਇਨ੍ਹਾਂ ਮੱਧ ਵਰਗੀ ਪਰਿਵਾਰਾਂ 'ਤੇ ਹੀ ਆਪਣਾ ਨਿਸ਼ਾਨਾ ਸਾਧ ਰਹੀਆਂ ਹਨ। ਜੇਕਰ ਸਰੀਰਕ ਸੁੰਦਰਤਾ ਨੂੰ ਨਿਖ਼ਾਰਨ ਵਾਲ਼ੀ ਕਰੀਮ, ਸਾਬਨ, ਪ੍ਰਫਿਊਮ, ਪਾਊਡਰ ਆਦਿ ਦੇ ਟੀ.ਵੀ. ਵਿਗਿਆਪਨਾਂ ਨੂੰ ਗ਼ੌਰ ਨਾਲ਼ ਦੇਖਿਆ ਜਾਵੇ ਤਾਂ ਪਤਾ ਲੱਗਦਾ ਹੈ ਕਿ ਇਨ੍ਹਾਂ ਦੀ ਪੇਸ਼ਕਾਰੀ ਮੱਧ-ਵਰਗੀ ਪਰਿਵਾਰਾਂ ਨੂੰ ਧਿਆਨ ਵਿੱਚ ਰੱਖਦਿਆਂ, ਉਨ੍ਹਾਂ ਦੇ ‘ਸਮਾਜਕ ਸਟੇਟਸ' ਨਾਲ਼ ਜੋੜ ਕੇ ਕੀਤੀ ਜਾਂਦੀ ਹੈ।ਹੁਣ ਇੱਕ ਚਿਹਰੇ ਦਾ ਰੰਗ ਗੋਰਾ ਕਰਨ ਵਾਲੀ ਕਰੀਮ ਦੇ ਵਿਗਿਆਪਨ ਦੀ ਹੀ ਮਿਸਾਲ ਲੈ ਲਵੋ, ਜਿਸ ਵਿੱਚ ਮੱਧ-ਵਰਗੀ ਪਰਿਵਾਰ ਦੀ ਸਾਂਵਲੇ ਰੰਗ ਵਾਲ਼ੀ ਕੁੜੀ ਜਦ ਕਾਲਜ ਜਾਂਦੀ ਹੈ ਤਾਂ ਉਸ ਦੇ ਦੋਸਤ ਉਹਦੇ ਚਿਹਰੇ ਦੇ ਰੰਗ ਦੀ ਖਿੱਲੀ ਉਡਾਉਂਦੇ ਦਿਖਾਏ ਜਾਂਦੇ ਹਨ।ਮੁੰਡੇ ਵਾਲੇ ਸਾਂਵਲੇ ਰੰਗ ਦੀ ਕੁੜੀ ਦਾ ਰਿਸ਼ਤਾ ਨਹੀਂ ਲੈਂਦੇ।ਜਦ ਉਹੀ ਕੁੜੀ ਚਿਹਰੇ 'ਤੇ ਕਰੀਮ ਲਗਾਉਂਦੀ ਹੈ ਤਾਂ ਕੁਝ ਦਿਨਾਂ 'ਚ ਹੀ ਉਹਦਾ ਰੰਗ ਗੋਰਾ ਹੋ ਜਾਂਦਾ ਹੈ।ਜਿਸ ਪਿੱਛੋਂ ਕਾਲਜ 'ਚ ਉਸ ਦੇ ਸਾਰੇ ਦੋਸਤ ਉਹਦੇ ਅੱਗੇ-ਪਿੱਛੇ ਘੁੰਮਦੇ ਹਨ।ਕੁੜੀ ਦੇ ਘਰ ਦੇ ਬਾਹਰ ਰਿਸ਼ਤੇ ਲਈ ਦੇਖਣ ਆਏ ਮੁੰਡੇ ਵਾਲੇ ਪਰਿਵਾਰਾਂ ਦੀਆਂ ਲੰਮੀਆਂ ਕਤਾਰਾਂ ਲੱਗੀਆਂ ਦਿਖਾਈਆਂ ਜਾਂਦੀਆਂ ਹਨ।ਇਸ ਤੋਂ ਤਾਂ ਇਹੀ ਭੁਲੇਖਾ ਪੈਂਦਾ ਹੈ ਕਿ ਸਮਾਜ ਵਿੱਚ ਜੇਕਰ ਤੁਸੀਂ ਦੋਸਤ ਜਾਂ ਰਿਸ਼ਤਾ ਬਣਾਉਣ ਦੇ ਇਛੁੱਕ ਹੋ ਤਾਂ ਇਹ ਕਾਰਜ ਚਿਹਰੇ 'ਤੇ ਸੰਬੰਧਿਤ ਕਰੀਮ ਲਗਾਉਣ ਤੋਂ ਬਿਨਾਂ ਕਦੀ ਵੀ ਨੇਪਰੇ ਨਹੀਂ ਚੜ੍ਹ ਸਕੇਗਾ।



ਗੱਲ਼ ਔਰਤਾਂ ਦੀ ਖ਼ੂਬਸੂਰਤੀ ਤੱਕ ਹੁੰਦੀ ਤਾਂ ਕੋਈ ਹੱਦ ਸੀ, ਪਰ ਅੱਜ ਕੱਲ੍ਹ ਅਜਿਹੇ ਵਸਤ ਬਣਾਉਣ ਵਾਲੀਆਂ ਕੰਪਨੀਆਂ ਨੇ ਮਰਦ ਗਾਹਕਾਂ ਨੂੰ ਹੱਥੋਂ ਨਿਕਲਦਿਆਂ ਦੇਖ ਆਪਣੇ ਵਿਗਿਆਪਨਾਂ ਦੀ ਤਸਵੀਰ ਹੀ ਬਦਲ ਦਿੱਤੀ ਹੈ।ਵਿਗਿਆਪਨ ਵਿੱਚ ਦਿਖਾਇਆ ਜਾ ਰਿਹਾ ਹੈ ਕਿ ਮਰਦ ਆਪਣੇ ਚਿਹਰੇ 'ਤੇ ਕਦੋਂ ਤੱਕ ਔਰਤਾਂ ਵਾਲੀ ਕਰੀਮ ਲਗਾ-ਲਗਾ ਕੇ ਕੰਮ ਚਲਾਉਂਦੇ ਰਹਿਣਗੇ।ਕੁਝ ਵਰ੍ਹੇ ਪਹਿਲਾਂ ਇਸ ਨਾਲ਼ ਸੰਬੰਧਿਤ ਇੱਕ ਅਜਿਹਾ ਹਾਸੋਹੀਣਾ ਵਿਗਿਆਪਨ ਆਇਆ ਸੀ,  ਜਿਸ ਨੇ ਸਰੇਆਮ ਹਕੀਕਤ ਨੂੰ ਕਾਲੀ ਚਾਦਰ ਨਾਲ ਢੱਕ ਦਿੱਤਾ।

ਵਿਗਿਆਪਨ ਇਸ ਤਰ੍ਹਾਂ ਸੀ ਕਿ ਇੱਕ ਕਾਲੇ ਰੰਗ ਦਾ ਮੁੰਡਾ ਕਿਸੇ ਜਨਤਕ ਥਾਂ 'ਤੇ ਘੁੰਮਣ ਜਾਂਦਾ ਹੈ। ਉਸ ਨੂੰ ਦੇਖ ਉ¥ਥੇ ਬੈਠੀਆਂ ਕੁੜੀਆਂ ਉ¥ਠ ਕੇ ਭੱਜ ਜਾਂਦੀਆਂ ਹਨ।ਇਸ ਪਿੱਛੋਂ ਨਮੋਸ਼ੀ ਵਿੱਚ ਡੁੱਬਿਆ ਉਹ ਮੁੰਡਾ ਆਪਣੇ ਚਿਹਰੇ 'ਤੇ ਅਜਿਹੀ ਕਰੀਮ ਮਲਦਾ ਹੈ, ਜੋ ਕੁਝ ਘੰਟਿਆਂ 'ਚ ਹੀ ਆਪਣਾ ਅਸਰ ਦਿਖਾਉਂਦੀ ਹੈ।26 ਪ੍ਰਕਾਰ ਦੀਆਂ ਜੜ੍ਹੀ-ਬੂਟੀਆਂ ਨਾਲ਼ ਮਿਲਕੇ ਬਣੀ ਹੋਣ ਦਾ ਦਾਅਵਾ ਕਰਨ ਵਾਲ਼ੀ ਇਹ ਕਰੀਮ ਦਾ ਅਸਰ ਇੰਨਾ ਹੁੰਦਾ ਹੈ ਕਿ ਮੁੰਡੇ ਦੇ ਚਿਹਰੇ ਦਾ ਹੀ ਰੰਗ ਸਿਰਫ਼ ਗੋਰਾ ਹੀ ਨਹੀਂ ਹੁੰਦਾ, ਸਗੋਂ ਉਹ ਪੂਰੇ ਦਾ ਪੂਰਾ ਅਮਰੀਕੀ ਗੋਰੇ ਮੁੰਡੇ ਵਿੱਚ ਤਬਦੀਲ ਹੋ ਜਾਂਦਾ ਹੈ, ਜਿਸ ਨੂੰ ਵਿਗਿਆਪਨ ਦੇ ਅਖੀਰ 'ਚ ਜਨਤਕ ਥਾਂ 'ਤੇ ਬੈਠੇ ਕੁੜੀਆਂ ਨਾਲ ਅੰਗਰੇਜ਼ੀ ਵਿੱਚ ਗੱਲਾਂ ਕਰਦੇ ਹੋਏ ਵੀ ਦਿਖਾਇਆ ਜਾਂਦਾ ਹੈ।
      
   ਇਹ ਤਾਂ ਗੱਲ ਸੀ ਸਰੀਰ ਦੀ ਖ਼ੂਬਸੂਰਤੀ ਨੂੰ ਵਧਾਉਣ ਵਾਲ਼ੇ ਵਿਗਿਆਪਨਾਂ ਦੀ, ਹੁਣ ਜੇਕਰ ਅਜਿਹੇ ਵਿਗਿਆਪਨਾਂ ਦੀ ਗੱਲ ਕੀਤੀ ਜਾਵੇ ਜੋ ਸਰੀਰ ਦੀ ਖ਼ੂਬਸੂਰਤੀ ਨੂੰ ਵਿਗਾੜਦੇ ਹਨ ਤਾਂ ਇਸ ਤਰ੍ਹਾਂ ਦੇ ਵਿਗਿਆਪਨ ਬਣਾਉਣ ਵਾਲੇ ਅਦਾਰੇ ਉਪਰੋਕਤ ਵਿਗਿਆਪਨ ਬਣਾਉਣ ਵਾਲੇ ਅਦਾਰਿਆਂ ਤੋਂ ਕਈ ਗੁਣਾਂ ਵਧੇਰੇ ਚਲਾਕ ਹਨ।ਭਾਰਤ ਵਿੱਚ ਸਿਗਰਟ ਅਤੇ ਹੋਰ ਤੰਬਾਕੂ ਵਸਤਾਂ ਦੇ ਕਾਨੂੰਨ 2003 ਤਹਿਤ ਕਿਸੇ ਵੀ ਤਰ੍ਹਾਂ ਦੇ ਨਸ਼ੀਲੇ ਪਦਾਰਥ ਵਾਲੇ ਵਿਗਿਆਪਨ ਦੀ ਸਿੱਧੇ ਜਾਂ ਅਸਿੱਧੇ ਰੂਪ 'ਚ ਪੇਸ਼ਕਾਰੀ ਕਰਨ 'ਤੇ ਸਖ਼ਤ ਰੋਕ ਹੈ।ਇਸ ਕਾਨੂੰਨ ਦੇ ਬਾਵਜੁਦ ਵੀ ਇੱਥੇ ਬੱਸਾਂ 'ਤੇ ਲੱਗੇ ਪੋਸਟਰਾਂ ਤੋਂ ਲੈ ਕੇ ਟੀ.ਵੀ. ਸਕਰੀਨਾਂ ਰਾਹੀਂ ਨਸ਼ੀਲੇ ਪਦਾਰਥਾਂ ਦਾ ਪ੍ਰਚਾਰ-ਪ੍ਰਸਾਰ ਸੰਬੰਧਿਤ ਕੰਪਨੀਆਂ ਵੱਲੋਂ ਸਿੱਧੇ ਅਤੇ ਅਸਿੱਧੇ ਦੋਹੇਂ ਤਰੀਕਿਆਂ ਨਾਲ਼ ਰੱਜ ਕੇ ਕੀਤਾ ਜਾ ਰਿਹਾ ਹੈ।ਅੱਜ ਕੱਲ੍ਹ ਟੀ.ਵੀ. 'ਤੇ ਦੂਰਦਰਸ਼ਨ ਦੇ ਚੈਨਲਾਂ ਨੂੰ ਛੱਡ ਕੇ ਤਕਰੀਬਨ ਹਰ ਚੈਨਲ ਇੱਕ ਅਜਿਹਾ ਵਿਗਿਆਪਨ ਦਿਖਾ ਰਿਹਾ ਹੈ, ਜੋ ਸਿੱਧੇ ਰੂਪ 'ਚ ਦੇਖਣ ਵਾਲ਼ੇ ਨੂੰ ਇਉਂ ਲੱਗਦਾ ਹੈ ਕਿ ਜਿਵੇਂ ਕੋਈ ਅਜਿਹਾ ਪ੍ਰੇਰਨਾਦਾਇਕ ਪ੍ਰੋਗਰਾਮ ਚੱਲ ਰਿਹਾ ਹੈ, ਜਿਸ ਦਾ ਮੁੱਖ ਪਾਤਰ ਸਖ਼ਤ ਮੁਸੀਬਤਾਂ ਨੂੰ ਸਹਿਦਾਂ ਹੋਇਆ ਆਪਣੀ ਮੰਜ਼ਿਲ ਸਰ ਕਰਨ ਪਿੱਛੋਂ ਸਮਾਜ ਦਾ ਮਾਰਗ ਦਰਸ਼ਨ ਕਰਦਾ ਹੈ। ਇਸ ਵਿਗਿਆਪਨ ਦੇ ਅਖੀਰ ਵਿੱਚ ਇੱਕ ਨਸ਼ੀਲੇ ਪਦਾਰਥ ਬਣਾਉਣ ਵਾਲੀ ਕੰਪਨੀ ਅਸਿੱਧੇ ਰੂਪ ਨਾਲ਼ ਆਪਣਾ ਪ੍ਰਚਾਰ ਕਰਦੇ ਹੋਏ ‘ਹੌਸਲਾ ਹੈ ਬੁਲੰਦ' ਦਾ ਨਾਅਰਾ ਲਾਉਂਦੀ ਹੈ! ਇਸੇ ਤਰ੍ਹਾਂ ਰੇੜੀਆਂ, ਸਕੂਟਰਾਂ, ਕਾਰਾਂ ਜਾਂ ਕੱਪੜਿਆਂ ਦੇ ਵਿਗਿਆਪਨਾਂ ਪਿੱਛੇ ਅਸਿੱਧੇ ਰੂਪ ਨਾਲ਼ ਸਿਗਰਟ, ਤੰਬਾਕੂ ਆਦਿ ਜਿਹੇ ਨਸ਼ੀਲੇ ਪਦਾਰਥਾਂ ਦੇ ਸੁਨੇਹਿਆਂ ਨੂੰ ਲੁਕੋ ਕੇ ਸਰਕਾਰ ਦੀਆਂ ਅੱਖਾਂ 'ਚ ਮਿੱਟੀ ਪਾਉਂਦੇ ਹੋਏ, ਲੋਕਾਂ ਦੇ ਘਰਾਂ ਤੱਕ ਬੜੀ ਚਲਾਕੀ ਨਾਲ਼ ਪਹੁੰਚਾਇਆ ਜਾ ਰਿਹਾ ਹੈ।
 

ਇਸ ਮਹਿੰਗਾਈ ਦੇ ਦੌਰ ਵਿੱਚ ਵਿਗਿਆਪਨ ਜਿੱਥੇ ਲੋਕਾਂ 'ਚ ਬੇਲੋੜੀਆਂ ਚੀਜ਼ਾਂ ਦੀਆਂ ਮੰਗਾਂ ਵਧਾ ਰਹੇ ਹਨ, ਉੱਥੇ ਕਿਧਰੇ ਨਾ ਕਿਧਰੇ ਇਨ੍ਹਾਂ ਜ਼ਰੀਏ ਹੱਦੋਂ ਵੱਧ ਦਿਖਾਈ ਜਾਣ ਵਾਲੀ ਵਸਤਾਂ ਦੀ ਚਮਕ-ਦਮਕ ਵੱਲ ਖਿੱਚੇ ਲੋਕ ਇਨ੍ਹਾਂ ਨੂੰ ਪਾਉਣ ਖ਼ਾਤਿਰ ਨਾਜਾਇਜ਼ ਢੰਗਾਂ ਦੀ ਵਰਤੋਂ ਕਰਨ ਲੱਗਿਆਂ ਵੀ ਗ਼ੁਰੇਜ਼ ਨਹੀਂ ਕਰਦੇ।ਇਸ ਮਾਹੌਲ ਵਿੱਚ ਵਿਗਿਆਪਨ ਦੇ ਪ੍ਰਭਾਵ ਦੀ ਮਾਰ ਸਿਰਫ਼ ਵੱਡੇ ਹੀ ਨਹੀਂ ਝੱਲ ਰਹੇ, ਸਗੋਂ ਉਤਪਾਦ ਪ੍ਰਚਾਰ ਦਾ ਇਹ ਢੰਗ ਬੱਚਿਆਂ ਅੰਦਰ ਵੀ ਅਜਿਹੀ ਹੀਣ-ਭਾਵਨਾ ਨੂੰ ਭਰ ਰਿਹਾ ਹੈ, ਜਿਸ ਦੇ ਨਤੀਜੇ ਵਜੋਂ ਬੱਚੇ ਕਿਸੇ ਉਤਪਾਦ ਦੀ ਬਜਾਏ ਖ਼ਾਸ ਬ੍ਰਾਂਡ ਦੇ ਉਤਪਾਦ ਨੂੰ ਹਾਸਿਲ ਕਰਨ ਦੀ ਜ਼ਿੱਦ ਕਰਨ ਲੱਗ ਪਏ ਹਨ।ਵਿਗਿਆਪਨ ਰਾਹੀਂ ਸਿੱਧੇ ਜਾਂ ਅਸਿੱਧੇ ਰੂਪ 'ਚ ਸਮਾਜ 'ਤੇ ਪੈਣ ਵਾਲ਼ੇ ਅਜਿਹੇ ਮੰਦੇ ਪ੍ਰਭਾਵਾਂ ਪ੍ਰਤੀ ਫ਼ਿਕਰਮੰਦ ਹੁੰਦਿਆਂ ਭਾਰਤ ਸਰਕਾਰ ਨੇ ਵਿਗਿਆਪਨਾਂ ਦੀ ਨਿਗਰਾਨੀ ਲਈ ਏ.ਐੱਸ.ਸੀ.ਆਈ. (ਐਡਵਰਟਾਈਜ਼ਿੰਗ ਸਟੈਂਡਰਡ ਕਾਊਂਸਲ ਆਫ਼ ਇੰਡੀਆ) ਦੀ ਸਥਾਪਨਾ ਕੀਤੀ।ਕੁਝ ਸਮਾਂ ਪਹਿਲਾਂ ਇਸ ਵਿਭਾਗ ਨੂੰ ਸਮਾਜ ਵਿੱਚ ਅਸ਼ਲੀਲਤਾ ਫੈਲਾਉਣ ਵਾਲ਼ੇ ਇਨ੍ਹਾਂ ਦੋ-ਅਰਥੀ ਵਿਗਿਆਪਨਾਂ ਦੀਆਂ ਜਦ ਲਗਾਤਾਰ ਸ਼ਿਕਾਇਤਾਂ ਮਿਲਣ ਲੱਗੀਆਂ ਤਾਂ ਇਸ ਨੇ ਅਜਿਹੇ ਵਿਗਿਆਪਨਾਂ ਨਾਲ਼ ਸੰਬੰਧਤ ਮਾਲਕਾਂ ਨੂੰ ਵਿਗਿਆਪਨ ਬੰਦ ਕਰਨ ਦੀ ਸਿਰਫ਼ ‘ਸਲਾਹ' ਹੀ ਦਿੱਤੀ।ਇਸ ਸਲਾਹ ਦੇ ਬਾਵਜੂਦ ਵੀ ਇੱਕ ਦੋ ਵਿਗਿਆਪਨਾਂ ਨੂੰ ਛੱਡ ਕੇ ਬਾਕੀ ਦੇ ਸਾਰੇ ਵਿਗਿਆਪਨ ਟੀ.ਵੀ. ਦੀ ਸਕਰੀਨ 'ਤੇ ਹਾਲੇ ਵੀ ਜਿਉਂ ਦੇ ਤਿਉਂ ਅਸ਼ਲੀਲਤਾ ਦਾ ਪ੍ਰਦਰਸਨ ਕਰ ਰਹੇ ਹਨ।ਇਨ੍ਹਾਂ ਵਿੱਚੋਂ ਪਿਛਲੀ ਦਿਨੀਂ ਹੀ ਇੱਕ ਵਿਗਿਆਪਨ ਦੀ ਖ਼ਬਰ ਕਾਫ਼ੀ ਸਮਾਂ ਸੁਰਖ਼ੀਆਂ ਵਿੱਚ ਰਹੀ ਜਿਸ ਵਿੱਚ ਗੁਪਤ ਅੰਗਾਂ 'ਤੇ ਲਗਾਉਣ ਵਾਲ਼ੀ  ਕਰੀਮ ਦਾ ਪ੍ਰਚਾਰ ਅਸ਼ਲੀਲ ਢੰਗ ਨਾਲ ਸਰੇਆਮ ਕੀਤਾ ਜਾ ਰਿਹਾ ਸੀ।

ਵਿਗਿਆਪਨਾਂ ਦੇ ਇਸ ‘ਹਾਥੀ ਦੇ ਦੰਦਾਂ' ਵਾਲੇ ਕਾਰਜ ਨੂੰ ਕੁਝ ਹੱਦ ਤੱਕ ਨੱਥ ਪਾਉਣ ਲਈ ਟਰਾਈ (ਟੈਲੀਕਾਮ ਰੈਗੂਲੇਟਰੀ ਅਥਾਰਟੀ ਆਫ਼ ਇੰਡੀਆ) ਨੇ ਜਦ ਪਿਛਲੇ ਮਹੀਨੇ (ਮਈ,2012) ਇੱਕ ਅਜਿਹਾ ਫ਼ੈਸਲਾ ਲੈਣ ਦਾ ਵਿਚਾਰ ਕੀਤਾ ਤਾਂ ਇਹ ਸੋਚਿਆ ਜਾਣ ਲੱਗਾ ਕਿ ਵਿਗਿਆਪਨ ਕੰਪਨੀਆਂ ਲਈ ਹੁਣ ਖ਼ਤਰੇ ਦੀ ਘੰਟੀ ਵੱਜ ਗਈ ਹੈ।ਇਹ ਨਵਾਂ ਵਿਚਾਰ ਜੇਕਰ ਅਮਲ ਵਿੱਚ ਲਿਆਂਦਾ ਜਾਂਦਾ ਹੈ ਤਾਂ ਟੀ.ਵੀ. ਚੈਨਲ ਆਪਣੇ ਇੱਕ ਘੰਟੇ ਦੇ ਪ੍ਰੋਗਰਾਮ ਵਿੱਚ ਸਿਰਫ਼ 12 ਮਿੰਨਟ ਦਾ ਹੀ ਵਿਗਿਆਪਨ ਦਿਖਾਉਣ ਦੇ ਘੇਰੇ ਵਿੱਚ ਜਕੜੇ ਜਾਣਗੇ।ਇੱਥੇ ਇੱਕ ਗੱਲ ਜ਼ਿਕਰਯੋਗ ਹੈ ਕਿ ਵਰਤਮਾਨ ਸਮੇਂ ਵਿੱਚ ਵਿਗਿਆਪਨ ਸਿਰਫ਼ ਟੀ.ਵੀ. ਚੈਨਲਾਂ 'ਤੇ ਚੱਲਣ ਵਾਲ਼ੇ ਪ੍ਰੋਗਰਾਮਾਂ ਦੇ ਵਿਚਕਾਰ ਦਰਸ਼ਕਾਂ ਨੂੰ ਕੁਝ ਚਿਰ ਲਈ ਸਾਹ ਲੈਣ ਵਾਸਤੇ ਹੀ ਨਹੀਂ  ਦਿਖਾਏ ਜਾ ਰਹੇ ਸਗੋਂ ਅੱਜ ਤਾਂ ਕਈ ਅਜਿਹੇ ਵਿਗਿਆਪਨ ਚੈਨਲ ਆ ਗਏ ਹਨ ਜੋ 24 ਘੰਟੇ ਸਿਰਫ਼ ਵਿਗਿਆਪਨ ਹੀ ਦਿਖਾਉਂਦੇ ਹਨ।ਅਜਿਹੇ ਵਿਗਿਆਪਨ ਚੈਨਲ ਜਿੱਥੇ ਲੋਕਾਂ ਨੂੰ ਜੋੜਾਂ ਦੇ ਦਰਦ, ਕੱਦ ਲੰਬਾ ਕਰਨ, ਗੰਜਾਪਣ ਦੂਰ ਕਰਨ  ਅਤੇ ਭਾਰ ਘਟਾਉਣ ਦੇ ਸਬਜ਼ਬਾਗ ਦਿਖਾ ਕੇ ਲੋਕਾਂ ਦੀਆਂ ਜੇਬਾਂ ਦਾ ਭਾਰ ਹੌਲਾ ਕਰ ਰਹੇ ਹਨ, ਉ¥ਥੇ ਇਨ੍ਹਾਂ ਵਿੱਚ ਜਿਸ ਤਰ੍ਹਾਂ ਦੀ ਸ਼ਬਦਾਵਲੀ, ਮਾਡਲ, ਸਰੀਰਿਕ ਹਰਕਤਾਂ ਆਦਿ ਦਿਖਾਈਆਂ ਜਾਂਦੀਆਂ ਹਨ, ਉਹ ਵਿਗਿਆਪਨ ਰਾਹੀਂ ਅਸ਼ਲੀਲਤਾ ਪਰੋਸਨ ਦੀ ਸਭ ਤੋਂ ਵੱਡੀ ਮਿਸਾਲ ਹੈ।
 
ਬੁਧੂ ਬਕਸੇ (ਟੀ.ਵੀ.) ਦੀ ਸਕਰੀਨ 'ਤੇ ਚੱਲ ਰਹੇ ਵਿਗਿਆਪਨ ਅੱਜ ਸਿਰਫ਼ ਗਾਹਕਾਂ ਦੀਆਂ ਅੱਖਾਂ 'ਤੇ ਪੱਟੀ ਬੰਨ੍ਹ ਕੇ ਉਨ੍ਹਾਂ ਨੂੰ ਦੋਹੇਂ ਹੱਥੀਂ ਲੁੱਟ ਹੀ ਨਹੀਂ ਰਹੇ, ਸਗੋਂ ਉਨ੍ਹਾਂ ਦੀ ਸੋਚ ਨੂੰ ਵੀ ਆਪਣੇ ਮੁਤਾਬਿਕ ਢਾਲਣ ਵਿੱਚ ਲੱਗੇ ਹੋਏ ਹਨ।ਬੇਸ਼ੱਕ ਵਿਗਿਆਪਨ ਬਾਜ਼ਾਰ ਦੇ ਹੁਕਮਰਾਨਾਂ ਦੀ ਸ਼ਬਦਾਵਲੀ ਵਿੱਚ ਵਿਗਿਆਪਨ ਦੀ ਦੁਨੀਆਂ ਦਾ ਇਹ ਸੁਨਹਿਰਾ ਦੌਰ ਚੱਲ ਰਿਹਾ ਹੈ, ਪਰ ਅਸਲ ਵਿੱਚ ਸਮਾਜ ਵਾਸਤੇ ਇਹ ਦਿਨੋ-ਦਿਨ ਕਾਲ਼ਾ ਦੌਰ ਸਾਬਤ ਹੁੰਦਾ ਜਾ ਰਿਹਾ ਹੈ।ਇੱਥੇ ਲੋੜ ਹੈ ਗਾਹਕ ਨੂੰ ਇਸ ਤਰ੍ਹਾਂ ਦੇ ਹਕੀਕਤ ਤੋਂ ਖੋਖਲੇ ਸਬਜ਼ਬਾਗ਼ ਦਿਖਾਉਣ ਵਾਲੇ ਵਿਗਿਆਪਨਾਂ ਨੂੰ ਆਪਣੀ ਤਰਕ ਬੁੱਧੀ ਨਾਲ਼ ਸਮਝਣ ਅਤੇ ਦੂਜਿਆਂ ਨੂੰ ਸਮਝਾਉਣ ਦੀ, ਤਾਂ ਕਿ ਕਿਧਰੇ ਉਹ ਸਵਰਗ ਦੇ ਭੁਲੇਖੇ ਵਿੱਚ ਨਰਕ ਜਾਣ ਦੀ ਹਾਮੀ ਹੀ ਨਾ ਭਰ ਬੈਠਣ।

ਈ-ਮੇਲ: vikramurdu@gmail.com

Comments

kamal

eh taan sochan wali gall e bai... dekhte c vigyapan par pata hun lagya

saroj

very good mr vikram

deep

bilkul tik gal

ranjit

all adv. Related to tobacco,liquor,soda etc. must be banned

aryan

very coooooooooool

Security Code (required)



Can't read the image? click here to refresh.

Name (required)

Leave a comment... (required)





ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ