Sat, 20 April 2024
Your Visitor Number :-   6986505
SuhisaverSuhisaver Suhisaver

ਸਰਹੱਦੀ ਤਣਾਓ ਦੀ ਰਾਜਨੀਤੀ ਤੇ ਸ਼ਾਂਤੀ ਪੁਰਸਕਾਰ -ਪ੍ਰੋ. ਰਾਕੇਸ਼ ਰਮਨ

Posted on:- 12-10-2014

suhisaver

ਭਾਰਤੀ ਉਪ ਮਹਾਂਦੀਪ ਲਈ ਇਹ ਫਖਰ ਵਾਲੀ ਗੱਲ ਹੈ ਕਿ ਇਸ ਵਾਰ ਇਸਦੇ ਹਿੱਸੇ ਵਕਾਰੀ ਨੋਬਲ ਪੁਰਸਕਾਰ ਆਇਆ ਹੈ। ਦੋ ਸਮਰਪਿਤ ਸ਼ਖਸੀਅਤਾਂ ਨੂੰ ਇਹ ਸਾਂਝੇ ਤੌਰ ’ਤੇ ਦਿੱਤਾ ਗਿਆ ਹੈ। ਬਾਲ-ਅਧਿਕਾਰਾਂ ਦੀ ਸੁਰੱਖਿਆ ਲਈ ਅੰਦੋਲਨ ਚਲਾਉਣ ਬਦਲੇ ਇਹ ਭਾਰਤ ਦੇ ਸਮਾਜ ਸੇਵੀ ਕੈਲਾਸ਼ ਸਤਿਆਰਥੀ ਨੂੰ ਦਿੱਤਾ ਗਿਆ ਹੈ ਅਤੇ ਇਸਤਰੀ-ਅਧਿਕਾਰਾਂ ਦੀ ਰਾਖੀ ਅਤੇ ਅਤਵਾਦ ਵਿਰੁੱਧ ਆਵਾਜ਼ ਬੁਲੰਦ ਕਰਨ ਵਾਲੀ ਬਾਲਿਕਾ ਨੂੰ ਅਤਿਵਾਦ ਗ੍ਰਸਤ ਪਾਕਿਸਤਾਨ ਵਿੱਚ ਅਨੌਖਾ ਸਾਹਸ ਦਿਖਾਉਣ ਲਈ ਇਸ ਪੁਰਸਕਾਰ ਨਾਲ ਨਿਵਾਜਿਆ ਗਿਆ ਹੈ।

ਦੋਵਾਂ ਸਖ਼ਸ਼ੀਅਤਾਂ ਨੂੰ ਇਹ ਪੁਰਸਕਾਰ ਸਾਂਤੀ ਦੇ ਖੇਤਰ ਵਿਚ ਸ਼ਾਨਦਾਰ ਭੂਮਿਕਾ ਨਿਭਾਉਣ ਲਈ ਦਿੱਤਾ ਗਿਆ ਹੈ। ਹਿੰਦ-ਪਾਕਿ ਦੀਆਂ ਇਨ੍ਹਾਂ ਦੋਵਾਂ ਸਖ਼ਸ਼ੀਅਤਾਂ ਨੂੰ ਇਹ ਪੁਰਸਕਾਰ ਉਦੋਂ ਦਿੱਤਾ ਗਿਆ ਹੈ, ਜਦੋਂ ਦੋਵਾਂ ਦੇਸ਼ਾਂ ਦੀ ਸਰਹੱਦ ਉਪੱਰ ਤਣਾਓ ਦਾ ਮਾਹੌਲ ਬਣਿਆ ਹੋਇਆ ਹੈ। ਹਰ-ਰੋਜ਼ ਦੀ ਦੁਵੱਲੀ ਫਾਇਰਿੰਗ ਨਾਲ ਸਰਹੱਦ ਨੇੜਲੇ ਇਲਾਕਿਆਂ ਦਾ ਜਨ ਜੀਵਨ ਤਾਂ ਅਸਤ-ਵਿਅਸਤ ਹੋ ਹੀ ਰਿਹਾ ਹੈ, ਨਾਲ ਹੀ ਦੋਵਾਂ ਮੁਲਕਾਂ ਦੇ ਅਵਾਮ ਦੇ ਮਨਾਂ ਉੱਪਰ ਵੀ ਸਰਹੱਦੀ ਤਣਾਓ ਨਾਕਾਰਾਤਮਿਕ ਢੰਗ ਨਾਲ ਅਸਰਅੰਦਾਜ਼ ਹੋ ਰਿਹਾ ਹੈ।



ਦੇਸ਼ ਦੀਆਂ ਅਜੋਕੀਆਂ ਪ੍ਰਸਥਿਤੀਆਂ ਦੇ ਮੱਦੇਨਜ਼ਰ ਹਿੰਦ-ਪਾਕਿ ਦੀਆਂ ਸਖ਼ਸ਼ੀਅਤਾਂ ਨੂੰ ਸਾਂਝੇ ਤੌਰ ’ਤੇ ਮਿਲਿਆ ਅਮਨ ਪੁਰਸਕਾਰ ਵਿਸ਼ੇਸ਼ ਮਹੱਤਵ ਗ੍ਰਹਿਣ ਕਰ ਗਿਆ ਹੈ। ਇਹ ਇਸ ਲੋੜ ਉਪਰ ਤਾਂ ਜ਼ੋਰ ਦਿੰਦਾ ਹੀ ਹੈ ਕਿ ਦੋਵਾਂ ਦੇਸ਼ਾਂ ਦੇ ਆਪਸੀ ਸਬੰਧ ਸ਼ਾਂਤਮਈ ਸਹਿਹੋਂਦ ਉਪਰ ਅਧਾਰਿਤ ਹੋਣੇ ਚਾਹੀਦੇ ਹਨ, ਨਾਲ ਹੀ ਇਹ ਪੁਰਸਕਾਰ ਦੋਵਾਂ ਮੁਲਕਾਂ ਦੇ ਪੂੰਜੀਵਾਦੀ ਸਿਆਸਤਦਾਨਾ ਅਤੇ ਆਮ ਲੋਕਾਂ ਦੇ ਆਚਰਣ ਵਿਚਕਾਰ ਇਕ ਸਪਸ਼ਟ ਨਿਖੇੜਾ ਵੀ ਕਰਦਾ ਹੈ। ਸਰਹੱਦ ਉੱਪਰ ਪੈਦਾ ਹੋਇਆ ਤਣਾਓ ਦੋਵਾਂ ਦੇਸ਼ਾਂ ਦੇ ਪੂੰਜੀਵਾਦੀ ਸਿਆਸਤਦਾਨਾਂ ਦਾ ਪੈਦਾ ਕੀਤਾ ਹੋਇਆ ਹੈ, ਜਦ ਕਿ ਦੋਵਾਂ ਦੇਸ਼ਾਂ ਲਈ ਸ਼ਾਂਤੀ ਪੁਰਸਕਾਰ ਦਾ ਮਾਣ ਸਮਾਜ ਸੇਵਾ ਲਈ ਸਮਰਪਿਤ ਭਾਵਨਾ ਨਾਲ ਕੰਮ ਕਰਨ ਵਾਲੇ ਲੋਕਾਂ ਨੇ ਖੱਟਿਆ ਹੈ।

ਜਿਸ ਤਰ੍ਹਾਂ ਦੇ ਬਿਆਨ ਅਸੀਂ ਪਿਛਲੇ ਕੁਝ ਮਹੀਨਿਆਂ ਤੋਂ ਦੇਸ਼ ਦੇ ਪੂੰਜੀਵਾਦੀ ਸਿਆਸਦਾਨਾਂ ਦੇ ਮੂੰਹੋਂ ਸੁਣ ਰਹੇ ਹਾਂ ਜੇਕਰ ਉਨ੍ਹਾਂ ਬਿਆਨਾਂ ਦੀ ਤੁਲਨਾ ਮਲਾਲਾ ਯੂਸਫਜਈ ਦੀ, ਨੋਬਲ ਪੁਰਸਕਾਰ ਮਿਲਣ ਉਪਰੰਤ ਦਿੱਤੀ ਪ੍ਰਤੀਕਿਰਆ ਨਾਲ ਕੀਤੀ ਜਾਵੇ ਤਾਂ ਪੂੰਜੀਵਾਦੀ ਸਿਆਸਤਦਾਨਾਂ ਅਤੇ ਆਮ ਲੋਕਾਂ ਦੇ ਆਚਰਣ ਵਿਚਲਾ ਅੰਤਰ ਆਪ-ਮੁਹਾਰਾ ਉੱਘੜ ਆਉਂਦਾ ਹੈ। ਮਲਾਲਾ ਨੇ ਨੋਬਲ ਪੁਰਸਕਾਰ ਮਿਲਣ ਉਪਰੰਤ ਕਿਹਾ ਕਿ ਦੋਵਾਂ ਦੇਸ਼ਾਂ ਨੂੰ ‘ਸ਼ਾਂਤੀ ’ ਲਈ ਕੰਮ ਕਰਨਾ ਚਾਹੀਦਾ ਹੈ। ਦੋਵਾਂ ਦੇਸ਼ਾਂ ਨੂੰ ਵਿਕਾਸ ਲਈ ਯਤਨ ਕਰਨੇ ਚਾਹੀਦੇ ਹਨ, ਦੋਵਾਂ ਦੇਸ਼ਾਂ ਨੂੰ ਸਿੱਖਿਆ’ ਦੇ ਖੇਤਰ ਵਿਚ ਕੰਮ ਕਰਨਾ ਚਾਹੀਦਾ ਹੈ। ਭਾਵ ਦੋਵਾਂ ਦੇਸ਼ਾਂ ਨੂੰ ਸਰਹੱਦੀ ਤਣਾਓ ਅਤੇ ਆਪਸੀ ਨਫ਼ਰਤ ਤੋਂ ਮੁਕਤ ਹੋਣਾ ਚਾਹੀਦਾ ਹੈ।


ਭਾਰਤ ਹੋਵੇ ਭਾਵੇਂ ਪਾਕਿਸਤਾਨ ਦੋਵਾਂ ਦੇਸ਼ਾਂ ਦੇ ਲੋਕ ਨਾ ਕੇਵਲ ਆਪਣੀ ਸਭਿਆਚਾਰਕ ਸਾਂਝ ਨੂੰ ਸਿੱਦਤ ਨਾਲ ਮਹਿਸੂਸ ਕਰਨ ਵਾਲੇ ਲੋਕ ਹਨ, ਸਗੋਂ ਅਮਨ ਅਤੇ ਖੁਸ਼ਹਾਲੀ ਦਾ ਜੀਵਨ ਜਿਉਣ ਨੂੰ ਵੀ ਤਰਜੀਹ ਦਿੰਦੇ ਹਨ। ਇਹ ਦੋਵੇਂ ਦੇਸ਼ਾਂ ਦੇ ਹਾਕਮ ਹੀ ਹਨ, ਜਿਹੜੇ ਦੇਸ਼ ਦੀਆਂ ਸਰਹੱਦਾਂ ਉੱਪਰ ਤਣਾਓ ਵਾਲਾ ਮਾਹੌਲ ਪੈਦਾ ਕਰਦੇ ਹਨ। ਕਈ ਵਾਰ ਤਾਂ ਅਜਿਹਾ ਪ੍ਰਤੀਤ ਵੀ ਹੁੰਦਾ ਹੈ, ਜਿਵੇਂ ਇਹ ਮਾਹੌਲ ਫਰਜ਼ੀ ਹੋਵੇ। ਕਿਸੇ ਸਾਜ਼ਿਸ਼ ਅਧੀਨ ਰਲ-ਮਿਲ ਕੇ ਆਪਸੀ ਸਮਝਦਾਰੀ ਰਾਹੀਂ ਦੋਵਾਂ ਦੇਸ਼ਾਂ ਦੇ ਹਾਕਮਾਂ ਨੇ ਕਿਸੇ ਖਾਸ ਮਨੋਰਥ ਦੀ ਪੂਰਤੀ ਲਈ ਉੁਸਾਰਿਆ ਹੋਵੇ। ਉਸ ਸਮੇਂ, ਜਦੋਂ ਦੋਵਾਂ ਦੇਸ਼ਾਂ ਦੇ ਹਾਕਮ ਆਪਸ ਵਿਚ ਤੋਹਫਿਆਂ ਦਾ ਵਟਾਂਦਰਾ ਕਰਦੇ ਹਨ ਅਤੇ ਇਕ ਦੂਜੇ ਪ੍ਰਤੀ ਸਨੇਹ ਦੀਆਂ ਭਾਵਨਾਵਾਂ ਦਾ ਪ੍ਰਗਟਾਵਾ ਕਰਦੇ ਹਨ, ਅਜਿਹਾ ਮਹਿਸੂਸ ਹੁੰਦਾ ਹੈ ਕਿ ਦੋਵਾਂ ਦੇਸ਼ਾ ਦੇ ਆਪਸੀ ਰਿਸ਼ਤਿਆਂ ਦੇ ਸਬੰਧ ਵਿਚ ਜੋ ਕੁਝ ਵੀ ਵਾਪਰਦਾ ਹੈ, ਇਨ੍ਹਾਂ ਦੋਵਾਂ ਦੀ ਮਰਜ਼ੀ ਉੱਪਰ ਹੀ ਨਿਰਭਰ ਕਰਦਾ ਹੈ। ਇਸ ਲਈ ਇਸ ਸਮੇਂ ਦੇਸ਼ ਦੀਆਂ ਸਰਹੱਦਾਂ ਉੱਪਰ ਜੋ ਕੁੱਝ ਵੀ ਵਾਪਰ ਰਿਹਾ ਹੈ। ਉਸ ਵਿਚੋਂ ਦੇਸ਼ ਦੇ ਹਾਕਮਾਂ ਦੀ ਮਰਜ਼ੀ ਨੂੰ ਹਰਗਿਜ਼ ਖਾਰਜ਼ ਨਹੀਂ ਕੀਤਾ ਜਾ ਸਕਦਾ।

ਹਿੰਦ ਪਾਕਿ ਸਰਹੱਦ ਉਪੱਰ ਤਣਾਓ ਅਕਸਰ ਚੋਣਾਂ ਦੇ ਦਿਨਾਂ ਵਿਚ ਜੋਰ ਫੜਦਾ ਹੈ। ਇਸ ਤਣਾਓ ਦੀ ਜ਼ੋਰਦਾਰ ਚਰਚਾ ਫਿਰ ਚੋਣ ਮੁਹਾਜ ਉਪੱਰ ਹੰੁਦੀ ਹੈ। ਤਣਾਓ ਨੂੰ ਲੈ ਲੋਕਾਂ ਦਾ ਧਿਆਨ ਅਸਲ ਮੁੱਦਿਆਂ ਤੋਂ ਲਾਂਭੇ ਕਰਨ ਦਾ ਯਤਨ ਵੀ ਕੀਤਾ ਜਾਂਦਾ ਹੈ। ਲੋਕਾਂ ਦੇ ਬੁਨਿਆਦੀ ਮਾਮਲੇ ਉਨ੍ਹਾਂ ਮਸਲਿਆਂ ਨਾਲੋਂ ਢੇਰ ਵੱਖਰੇ ਹਨ, ਜਿਨ੍ਹਾਂ ਦੀ ਚਰਚਾ ਪੂੰਜੀਵਾਦੀ ਸਿਆਸੀ ਪਾਰਟੀਆਂ ਚੋਣ-ਮੁਹਿੰਮ ਦੌਰਾਨ ਕਰਦੀਆਂ ਹਨ, ਇਹ ਪਾਰਟੀਆਂ ਆਮ ਕਰਕੇ ਜ਼ਜ਼ਬਾਤੀ ਮਾਮਲਿਆਂ ਨੂੰ ਉਛਾਲਦੀਆਂ ਹਨ। ਜਜ਼ਬਾਤੀ ਮਾਮਲਿਆਂ ਵਿਚ ਹਿੰਦ-ਪਾਕਿ ਸਰਹੱਦੀ ਤਣਾਓ ਦਾ ਮਾਮਲਾ ਖਾਸ ਸਥਾਨ ਰੱਖਦਾ ਹੈ। ਜਦੋਂ ਇਸ ਨਾਲ ਕਸ਼ਮੀਰ ਦਾ ਮਾਮਲਾ ਵੀ ਜੋੜ ਦਿੱਤਾ ਜਾਂਦਾ ਹੈ ਤਾਂ ਫਿਰ ਹੋਰ ਵੀ ਸੰਵੇਦਨਸ਼ੀਲ ਹੋ ਜਾਂਦਾ ਹੈ । ਇਸੇ ਲਈ ਚੋਣਾਂ ਦੇ ਦਿਨਾਂ ਵਿਚ ਸਰਹੱਦੀ ਤਣਾਓ ਦੀ ਰਾਜਨੀਤੀ ਇਕ ਰਵਾਇਤ ਹੀ ਬਣ ਗਈ ਹੈ। ਜੇਕਰ ਸਰਹੱਦੀ ਤਣਾਓ ਆਪ-ਮੁਹਾਰਾ ਹੀ ਪੈਦਾ ਹੋ ਜਾਵੇ ਤਾਂ ਵਾਹ ਭਲੀ, ਨਹੀਂ ਤਾਂ ਫਰਜ਼ੀ ਤਣਾਓ ਪੈਦਾ ਕਰਨ ਤੋਂ ਵੀ ਗੁਰੇਜ਼ ਨਹੀਂ ਕੀਤਾ ਜਾਂਦਾ। ਬਿਲਕੁਲ ਉਸੇ ਤਰ੍ਹਾਂ, ਜਿਸ ਤਰ੍ਹਾਂ ਯੂਪੀ-ਬਿਹਾਰ ਦੀਆਂ ਜ਼ਿਮਨੀ ਚੋਣਾ ਵਿਚ ‘ਲਵ-ਜਿਹਾਦ’ ਦਾ ਮਾਮਲਾ ਖੜ੍ਹਾ ਕੀਤਾ ਗਿਆ ਸੀ।

ਦੇਸ਼ ਦੀ ਜਨਤਾ ਨੇ ਪਿਛਲੀਆਂ ਲੋਕ ਸਭਾ ਚੋਣਾਂ ਤੋਂ ਬਹੁਤ ਵੱਡਾ ਸਬਕ ਸਿੱਖਿਆ ਹੈ। ਨਿਰਸੰਦੇਹ, ਹਿੰਦ-ਪਾਕਿ ਸਰਹੱਦੀ ਤਣਾਓ ਦੀ ਹੋਛੀ ਰਾਜਨੀਤੀ ਕਰਨ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ। ਲੋਕਾਂ ਨੂੰ ਇਸੇ ਮਾਮਲੇ ਵਿਚ ਗੁੰਮਰਾਹ ਕੀਤਾ ਜਾ ਰਿਹਾ ਹੈ, ਪਰ ਲੋਕ ਇਸ ਕੁਚਾਲ ਵੱਲ ਵਧੇਰੇ ਧਿਆਨ ਨਹੀਂ ਦੇ ਰਹੇ। ਦੇਸ਼ ਦੇ ਜਾਗਰੂਕ ਲੋਕ ਫਿਰਕੂ ਟੋਲਿਆਂ ਦੀਆਂ ਭਰਾ-ਮਾਰੂ ਗੱਲਾਂ ਦੀ ਥਾਂ ਯਕੀਨਨ ਹੀ ਮਲਾਲਾ ਯੂਸਫਜਈ ਦੀਆਂ ਉਨ੍ਹਾਂ ਗੱਲਾਂ ਵੱਲ ਧਿਆਨ ਦੇਣਗੇ, ਜਿਨ੍ਹਾਂ ਦਾ ਸਬੰਧ ਦੋਵਾਂ ਦੇਸ਼ਾਂ ਦੇ ਅਮਨ ਵਿਕਾਸ ਅਤੇ ਸਿੱਖਿਆ ਨਾਲ ਹੈ।
 

Comments

Security Code (required)



Can't read the image? click here to refresh.

Name (required)

Leave a comment... (required)





ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ