Thu, 18 April 2024
Your Visitor Number :-   6980447
SuhisaverSuhisaver Suhisaver

ਅਮਰੀਕਾ ਅੰਦਰ ਦਨਦਨਾਉਂਦਾ ਨਸਲਵਾਦੀ ਮਾਰੂ ਦੈਂਤ -ਦਰਬਾਰਾ ਸਿੰਘ ਕਾਹਲੋਂ

Posted on:- 14-07-2015

suhisaver

ਵਿਸ਼ਵ ਮਹਾਂਸ਼ਕਤੀ ਕਹਾਉਂਦੇ ਅਮਰੀਕਾ ਦਾ ਕਿੱਡਾ ਵੱਡਾ ਚਿੰਤਾ ਜਨਕ ਦੁਖਾਂਤ ਹੈ ਕਿ ਨਸਲਵਾਦੀ ਹਿੰਸਾ ਲਗਾਤਾਰ ਬੇਲਗਾਮ ਇਸ ਦੇ ਸਮਾਜਿਕ, ਭਾਈਚਾਰਕ, ਆਰਥਿਕ, ਧਾਰਮਿਕ ਸੰਸਥਾਤਮਿਕ ਢਾਂਚੇ ਨੂੰ ਆਪਣੇ ਹਮਲਿਆਂ ਰਾਹੀਂ ਖੋਖਲਾ ਅਤੇ ਕਮਜ਼ੋਰ ਕਰ ਰਹੀ ਹੈ ਅਤੇ ਇਸ ਕੋਲਇਸ ਦੀ ਰੋਕਥਾਮ ਲਈ ਅਜੇ ਤੱਕ ਕੋਈ ਰਾਸ਼ਟਰੀ ਨੀਤੀ ਹੀ ਨਹੀਂ ਹੈ।

ਬੁੱਧਵਾਰ 17 ਜੂਨ 2015 ਨੂੰ 21 ਸਾਲਾਂ ਗੋਰਾ ਨਸਲਵਾਦੀ ਮਾਰੂ ਮਾਨਸਿਕਤਾ ਨਾਲ ਲਬਰੇਜ਼, ਡਾਇਲਨ ਰੂਫ ਦੱਖਣੀ ਕੈਰੋਲੀਨਾ ਸੂਬੇ ਦੇ ਸ਼ਹਿਰ ਚਾਰਲੈਸਟਨ ਦੇ ਕਰੀਬ ਸੰਨ 1816 ਵਿਚ ਉਸਾਰੇ ਇਤਿਹਾਸਕ ਈਮੈਨੂਅਲ ਅਫਰੀਕਨ ਮੈਥੋਡਿਸਟ ਐਪੀਸਕੋਪਲ ਚਰਚ ਵਿਚ ਆਪਣੀ ਗੰਨ ਨਾਲ ਦਾਖਲ ਹੁੰਦਾ ਹੈ। ਕਰੀਬ ਇਕ ਘੰਟਾ ਪ੍ਰਾਰਥਨਾ ਕਰਨ ਆਏ ਕਾਲੇ ਲੋਕਾਂ ਵਿਚ ਰਹਿੰਦਾ ਹੈ। ਬਾਈਬਲ ਦੇ ਪਵਿੱਤਰ ਉਪਦੇਸ਼ ਚੱਲ ਰਹੇ ਹੁੰਦੇ ਹਨ। ਇਹ ਉਹ ਘੜੀਆਂ ਪਲ ਸਨ, ਜਦੋਂ ਮੌਜੂਦ ਲੋਕ ਬਿਲਕੁਲ ਪ੍ਰਭੂ ਦੇ ਕਰੀਬ ਸਨ। ਐਨ ਉਸ ਸਮੇਂ ਨਸਲਵਾਦੀ ਮਾਰੂ ਮਾਨਸਿਕਤਾ ਵਾਲਾ ਗੋਰਾ ਨੌਜਵਾਨ ਰੂਫ ਆਪਣੀ ਗੰਨ ਦਾ ਫਾਇਰ ਬੇਕਿਰਕੀ ਨਾਲ ਖੋਲਦਾ ਹੈ ਅਤੇ ਪਲਕ ਝਪਕਦੇ ਹੀ 26 ਤੋਂ 87 ਸਾਲ ਦੀ ਉਮਰ ਦੇ 9 ਕਾਲੇ ਪ੍ਰਾਰਥਨਾ ਕਰਤਾਵਾਂ ਨੂੰ ਮੌਤ ਦੇ ਘਾਟ ਉਤਾਰ ਦਿੰਦਾ ਹੈ। ਅਜੇ 60 ਦਿਨ ਪਹਿਲਾਂ ਹੀ ਦੱਖਣੀ ਚਾਰਲੈਸਟਨ ਵਿਚ ਇਕ ਨਸਲਵਾਦੀ ਗੋਰੇ ਪੁਲਿਸ ਕਰਮਚਾਰੀ ਨੇ ਵਾਲਟਰ ਸਕਾਟ ਨਾਮਕ ਕਾਲੇ ਨੂੰ ਬਗੈਰ ਕਿਸੇ ਗੁਨਾਹ ਦੇ ਗੋਲੀਆਂ ਮਾਰ ਕੇ ਮੌਤ ਤੇ ਘਾਟ ਉਤਾਰ ਦਿੱਤਾ ਸੀ।

ਅਮਰੀਕਾ ਦੇ ਕਾਲੇ ਪ੍ਰਧਾਨ ਬਾਰਾਕ ਓਬਾਮਾ ਦੇ ਪਹਿਲੇ ਅਤੇ ਇਸ ਦੂਸਰੇ ਪ੍ਰਧਾਨਗੀ ਕਾਰਜਕਾਲ ਵਿਚ ਐਸੇ ਮਾਰੂ ਨਸਲਘਾਤੀ ਹਮਲੇ ਜਾਰੀ ਹਨ। ਇਸ ਤੋਂ ਪਤਾ ਚਲਦਾ ਹੈ ਕਿ ਇਸ ਦੇਸ਼ ਅੰਦਰ ਨਸਲਵਾਦੀ ਸ਼ਕਤੀਆਂ, ਨਫਰਤ, ਹਿੰਸਾ, ਸਮਾਜਿਕ ਵੰਡ ਅਤੇ ਮਿਸ਼ਨ ਕਿੰਨੇ ਤਾਕਤਵਰ ਹਨ। ਆਪਣੇ ਮਿਸ਼ਨ ਨੂੰ ਅੰਜ਼ਾਮ ਦੇਣ ਲਈ ਉਨ੍ਹਾਂ ਨੂੰ ਰੱਬ ਅਤੇ ਉਸ ਦੇ ਘਰ ਦਾ ਵੀ ਜ਼ਰਾ ਖੌਫ ਨਹੀਂ। ਉਹ ਐਸੇ ਹਮਲੇ ਨਸਲਘਾਤੀ ਤਹਿਤ ਯੋਜਨਬੱਧ ਢੰਗ ਨਾਲ ਅੰਜ਼ਾਮ ਦਿੰਦੇ ਹਨ।

ਨਸਲਘਾਤ ਅਤੇ ਚਰਚਾਂ ਤੇ ਹਮਲੇ ਅਮਰੀਕੀ ਹਿੰਸਕ ਅਤੇ ਮਨੋਰੋਗੀ ਸਮਾਜ ਵਿਚ ਨਵੇਂ ਨਹੀਂ ਹਨ। ਜੂਨ 1958 ਵਿਚ ਬੇਥਲ ਬਾਪਟਿਸਨ ਚਰਚ, ਬਰਸਿੰਘਮ (ਅਲਬਾਮਾ) ਵਿਚ ਡਾਇਨਾਮਾਈਟ ਬੰਬ ਨਾਲ ਗੋਰੇ ਨਸਲਘਾਤੀ ਨੇ ਹਮਲਾ ਕੀਤਾ। ਉਸ ਨੂੰ ਸਜ਼ਾ ਲਈ ਕਾਲੇ ਸਮਾਜ ਨੂੰ ਕਰੀਬ ਦੋ ਦਹਾਕੇ ਕਾਨੂੰਨੀ ਲੜਾਈ ਲੜਨੀ ਪਈ। ਸੰਨ 1963 ਵਿਚ ਬਾਪਟਿਸਟ ਚਰਚ ਅਲਬਾਮਾ ਵਿਚ ਚਾਰ ਲੜਕੀਆਂ ਨੂੰ ਇਕ ਬੰਬ ਹਮਲੇ ਵਿਚ ਮਾਰ ਦਿੱਤਾ ਗਿਆ। ਸੰਨ 1964 ਵਿਚ ਕਾਲੇ ਲੋਕਾਂ ਦੇ ਚਰਚਾਂ ਨੂੰ ਮਿਸਮਿਸ ਸਿੱਪੀ ਵਿਚ ਨਿਸ਼ਾਨਾ ਬਣਾਇਆ ਗਿਆ।

ਚਰਚਾ ਦੇ ਵਿਹੜਿਆਂ ਅਤੇ ਹਾਲਾਂ ਵਿਚ ਕਾਲਿਆਂ ਨੂੰ ਨਿਸ਼ਾਨਾ ਬਣਾਉਣਾ ਲਗਾਤਾਰ ਜਾਰੀ ਰਿਹਾ। ਜੁਲਾਈ 1993 ਵਿਚ ਐਫਬੀਆਈ ਨੇ ਲਾਸਏਂਜਲਸ ਚਰਚ ਵਿਚ ਮਸ਼ੀਨ ਗੰਨਾ ਨਾਲ ਕੀਤੇ ਜਾਣ ਵਾਲੇ ਹਮਲਿਆਂ ਨੂੰ ਬੇਨਕਾਬ ਕੀਤਾ। ਸੰਨ 1995 ਵਿਚ ਅਲਬਾਮਾ ਵਿਖੇ ਚਰਚ ਅਤੇ 1996 ਵਿਚ ਟੇਨੈਸੀ ਅੰਦਰ ਨੌਕਸਵਿਲੇ ਸ਼ਹਿਰ ਦੇ ਅੰਦਰੂਨੀ ਚਰਚ ਨੂੰ ਨਿਸ਼ਾਨਾ ਬਣਾਇਆ ਗਿਆ। ਹਮਲਿਆਂ ਦੀ ਲਗਾਤਾਰਤਾ ਨੂੰ ਰੋਕਣ ਲਈ ਪ੍ਰਧਾਨ ਕਲਿੰਟਨ ਨੇ ਸੰਨ 1996 ਵਿਚ ਇਕ ਟਾਸਕ ਫੋਰਸ ਜ਼ਰੂਰ ਗਠਨ ਕੀਤੀ, ਪਰ ਰਾਸ਼ਟਰੀ, ਸੂਬਾਈ ਅਤੇ ਸਥਾਨਕ ਪੱਧਰ ’ਤੇ ਕਾਲੇ ਅਫਰੀਕਨ-ਅਮਰੀਕਨ ਲੋਕਾਂ ਪ੍ਰਤੀ ਨਸਲਵਾਦੀ ਨਫ਼ਰਤ, ਨਸਲਘਾਤੀ ਹਮਲੇ ਅਤੇ ਗੋਰੇ ਨਸਲਵਾਦੀ ਸੰਗਠਨਾਂ ਦੇ ਹੱਲ ਲਈ ਕੋਈ ਨੀਤੀਗਤ ਕਦਮ ਨਹੀਂ ਪੁੱਟੇ। ਸਿਰਫ ਦੱਖਣੀ ਕੈਰੋਲੀਨਾ ਸੂਬੇ ਵਿਚ ਇਕ ਸਰਵੇ ਅਨੁਸਾਰ ਸੰਨ 1877 ਤੋਂ 1950 ਤੱਕ 164 ਕਾਲੇ ਅਫਰੀਕਨ-ਅਮਰੀਕਨ ਮਾਰ ਦਿੱਤੇ ਗਏ।

ਵਿਸ਼ਵ ਮਹਾਂਸ਼ਕਤੀ ਅਮਰੀਕਾ ਇਸ ਦੇ ਸਭਿਆ ਕਹਾਉਂਦੇ ਸਮਾਜ, ਤਾਕਤਵਰ ਲੋਕਤੰਤਰ ਦੇ ਮੱਥੇ ’ਤੇ ਕੀ ਇਹ ਬਦਨੁੰਮਾਂ ਦਾਗ ਨਹੀਂ ਕਿ ਇਸ ਅੰਦਰ ਲਗਾਤਾਰ ਰੱਬ ਦੇ ਘਰ ਚਰਚ ਨੂੰ ਨਸਲਘਾਤੀ ਹਿੰਸਾ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ। ਕਾਲੇ ਅਫਰੀਕਨ-ਅਮਰੀਕਨ ਲੋਕਾਂ ਦੀਆਂ ਧਾਰਮਿਕ ਅਜ਼ਾਦੀਆਂ ਦਾ ਘਾਣ ਕੀਤਾ ਜਾ ਰਿਹਾ ਹੈ। ਚਰਚ ਹਮੇਸ਼ਾ ਮਨੁੱਖੀ ਅਜ਼ਾਦੀ, ਅਹਿੰਸਾ, ਪ੍ਰੇਮ, ਮਾਨਵ ਸੇਵਾ, ਸੰਜਮ ਅਤੇ ਵਿਕਾਸ ਦੇ ਮੁਜੱਸਮੇਂ ਵਜੋਂ ਜਾਣਿਆ ਜਾਂਦਾ ਹੈ। ਇਸ ਮੁਕਦੱਸ-ਗਾਹ ਨੂੰ ਨਸਲਘਾਤੀ ਹਮਲਿਆਂ ਦਾ ਸ਼ਿਕਾਰ ਬਣਾਉਣਾ ਬੀਮਾਰ ਮਾਨਸਿਕਤਾ ਵਾਲੀਆਂ ਸਭਿਆ ਕੌਮਾਂ ਦਾ ਮੁਰਖਾਨਾ ਅਣਮਨੁੱਖੀ ਕਾਰਜ ਮੰਨਿਆ ਜਾਂਦਾ ਹੈ। ਅਜੋਕੇ ਸੱਭਯ 21ਵੀਂ ਸਦੀ ਦੇ ਦੌਰ ਵਿਚ ਅਮਰੀਕਾ ਅੱਜ ਕਿਥੇ ਖੜ੍ਹਾ ਹੈ? ਇਸ ਤੋਂ ਵੱਡਾ ਹੋਰ ਕੀ ਸਬੂਤ ਹੋ ਸਕਦਾ ਹੈ। ਐਸੀ ਅਮਰੀਕਾ ਕੌਮ ਨੂੰ ਕੀ ਦੂਸਰੇ ਦੇਸ਼ਾਂ ਨੂੰ ਮਨੁੱਖੀ ਆਜ਼ਾਦੀਆਂ ਦੀਆਂ ਉਲੰਘਣਾਵਾਂ ਦੇ ਦੋਸ਼ੀ ਠਹਿਰਾਉਣਾ, ਉਨ੍ਹਾਂ ਵਿਰੁੱਧ ਆਰਥਿਕ ਅਤੇ ਫੌਜੀ ਪਾਬੰਦੀਆਂ ਲਗਾਉਣਾ ਸ਼ੋਭਦਾ ਨਹੀਂ।

ਪ੍ਰਧਾਨ ਓਬਾਮਾ ਦੀ ਚੋਣ : ਹਕੀਕਤ ਤਾਂ ਇਹ ਹੈ ਕਿ ਨਸਲਪ੍ਰਸਤ ਵੰਡਵਾਦ ਨੇ ਅਮਰੀਕੀ ਸਮਾਜ ਨੂੰ ਵੱਡਾ ਨੁਕਸਾਨ ਪਹੰੁਚਾਇਆ ਅਤੇ ਇਹ ਨਸਲ ਪ੍ਰਸਤੀ, ਵੰਡਵਾਦ ਅਤੇ ਹਿੰਸਕ ਅਤੇ ਸੰਸਥਾਗਤ ਨੁਕਸਾਨ ਬਾਦਸਤੂਰ ਜਾਰੀ ਹੈ। ਭਾਰਤ ਅੰਦਰ ਮਨੂੰਵਾਦੀ ਵੰਡ ਅਨੁਸਾਰ ਸਮਾਜ ਦੀ ਵੰਡ, ਜਬਰ, ਜਾਤੀਵਾਦ ਵੰਡ, ਹਿੰਸਾ ਅਤੇ ਜਬਰ, ਇਥੋਂ ਤੱਕ ਕਿ ਖਾਲਸਾ ਪੰਥ ਅਧਾਰਤ ਸਿੱਖ ਸਮਾਜ ਅੰਦਰ ਜਾਤੀਵਾਦੀ ਵੰਡ ਤੋਂ ਅਮਰੀਕੀ ਸਮਾਜ ਦੀ ਰੰਗ ਭੇਦ, ਇਲਾਕਾਈ ਵੰਡ ਕੋਈ ਵੱਖਰੀ ਨਹੀਂ। ਹਿੰਦੂ ਸਮਾਜ ਅੰਦਰ ਦਲਿਤਾਂ ਦੇ ਵੱਖਰੇ ਮੰਦਰ, ਸਿੱਖ ਸਮਾਜ ਅੰਦਰ ਦਲਿਤ ਅਤੇ ਜਾਤੀਵਾਦੀ ਵੱਖਰੇ ਗੁਰਦੁਆਰੇ, ਅਮਰੀਕੀ ਸਮਾਜ ਅੰਦਰ ਕਾਲੇ ਅਫਰੀਕਨ-ਅਮਰੀਕਨਾਂ, ਹਿਸਪੈਨਕਾਂ ਦੇ ਵੱਖਰੇ ਚਰਚਾਂ ਵਾਗੂੰ ਹੀ ਉਸਾਰੇ ਮਿਲਦੇ ਹਨ।
ਪ੍ਰਧਾਨ ਓਬਾਮਾ ਜੋ ਕਾਲੇ ਅਮਰੀਕਨ-ਅਫਰੀਕਨ ਸਮਾਜ ਨਾਲ ਤੁਅਲੱਕ ਰੱਖਦੇ ਹਨ, ਦੀ ਸੰਨ 2008 ਅਤੇ ਫਿਰ ਸੰਨ 2012 ਵਿਚ ਪ੍ਰਧਾਨਗੀ ਪਦ ਲਈ ਚੋਣ ਅਮਰੀਕੀ ਸਮਾਜ ਅੰਦਰ ਵੱਡੇ ਕਾਲੇ ਗੋਰੇ-ਹਿਸਪੈਨਿਕ ਸਮਾਜ ਅੰਦਰ ਭਾਈਚਾਰਕ ਸਾਂਝ ਅਤੇ ਇਕਜੁੱਟਤਾ ਦਾ ਸਬੂਤ ਮੰਨੀ ਜਾਂਦੀ ਸੀ। ਅਮਰੀਕਾ ਅੰਦਰ ਕਰੀਬ 14.2 ਪ੍ਰਤੀਸ਼ਤ ਲੋਕ ਕਾਲੇ ਹਨ, ਪਰ ਸੰਨ 2012 ਦੀਆਂ ਪ੍ਰਧਾਨਗੀ ਪਦ ਦੀਆਂ ਚੋਣਾਂ ਵਿਚ ਕਾਲੇ ਲੋਕਾਂ ਨੇ ਔਸਤ ਵਜੋਂ ਗੋਰਿਆਂ ਨਾਲੋਂ ਵੱਧ ਵੋਟਾਂ ਪਾਈਆਂ। ਵਾਈਟ ਹਾਊਸ ਵਿਚ ਕਾਲੀ ਫਸਟ ਔਰਤ ਅਤੇ ਦੇਸ਼ ਦੇ ਕਾਲੇ ਮੂਲ ਦੇ ਅਟਾਰਨੀ ਜਨਰਲ, ਪ੍ਰਸ਼ਾਸਨ, ਬਿਜ਼ਨਸ, ਵਿਦੇਸ਼ ਮਹਿਕਮੇ ਵਿਚ ਕਾਲੇ ਲੋਕਾਂ ਦੀ ਮੌਜੂਦਗੀ ਨਾਲ ਇੰਝ ਲੱਗਣ ਲੱਗਾ, ਜਿਵੇਂ ‘ਨਸਲਵਾਦੀ ਕਾਲ’ ਦੇ ਬਾਅਦ ਦਾ ਸਮਾਂ ਪਰਤ ਆਇਆ ਹੈ। ਲੇਕਿਨ ਇਹ ਮਹਿਜ਼ ਛਲਾਵਾ ਹੀ ਸਿੱਧ ਹੋਇਆ।

ਹਕੀਕਤ : ਹਕੀਕਤ ਵਿਚ ਲੱਖਾਂ ਕਾਲੇ ਲੋਕ ਰਾਸ਼ਟਰੀ ਮੁੱਖ ਧਾਰਾ ਤੋਂ ਕੋਹਾਂ ਦੂਰ ਹਨ। ਕਾਲੇ ਲੋਕਾਂ ਨਾਲ ਜੇਲ੍ਹਾਂ ਭਰੀਆਂ ਪਈਆਂ ਹਨ, ਜਿਵੇਂ ਉਹ ਸਾਰੇ ਹੀ ਅਪਰਾਧੀ ਕਿਸਮ ਦੇ ਲੋਕ ਹੋਣ, ਉਨ੍ਹਾਂ ਦੇ ਭਾਈਚਾਰੇ ਵਿਚ ਲਗਾਤਾਰ ਗੁਰਬੱਤ ਪਸਰ ਰਹੀ ਹੈ। ਪਬਲਿਕ ਸਕੂਲਾਂ ਵਿਚ ਰੰਗ ਭੇਦ ਕਰਕੇ ਵਖਰੇਵਾਂ ਮੌਜੂਦ ਸੀ, ਬੇਰੁਜ਼ਗਾਰੀ ਪਸਰ ਰਹੀ ਹੈ ਅਤੇ ਰਿਹਾਇਸ਼ੀ ਬਸਤੀਆਂ ਵੱਖ ਉਭਰ ਰਹੀਆਂ ਹਨ। ਆਮਦਨ ਪਖੋਂ ਨਾਬਰਾਬਰੀ ਵਧਦੀ ਜਾ ਰਹੀ ਹੈ। ਬਾਲਟੀਮੋਰ, ਮੇਰੀਲੈਂਡ, ਫਰਗੂਸਨ, ਮਿਸੌਰੀ, ਕਾਲਿਆਂ ਵਿਰੁੱਧ ਪੁਲਿਸ ਹਿੰਸਾ ਮੈਕਿਨੀ (ਟੈਕਸਾਸ) ਅਤੇ ਹੁਣ ਦੱਖਣੀ ਕੈਰੋਲੀਨਾ ਅੰਦਰ ਚਾਰਲੈਸਟਨ ਵਿਚ ਵਾਕਿਆ ਹਿੰਸਾ ਇਹੋ ਦਰਸਾਉਂਦੀ ਹੈ ਕਿ ਅਮਰੀਕਾ ਸਮਾਜ ਵਿਚ ਨਸਲਵਾਦ ਯੋਜਨਾਬੱਧ ਧੜੱਲੇ ਨਾਲ ਜਾਰੀ ਹੈ।

ਸੰਨ 1963 ਵਿਚ ਮਰਹੂਮ ਪ੍ਰਧਾਨ ਜੋਹੋਨ ਐਫ ਕੈਨੇਡੀ ਨੇ ਸ਼ਹਿਰੀ ਆਜ਼ਾਦੀਆਂ ਨੂੰ ‘ਨੈਤਿਕ ਮੁੱਦੇ’ ਵਜੋਂ ਉਭਾਰਨਾ ਸ਼ੁਰੂ ਕੀਤਾ ਸੀ। ਉਨ੍ਹਾਂ ਇਸ ਸੰਦਰਭ ਵਿਚ ਕੌਮ ਨੂੰ ਸੰਬੋਧਨ ਵਿਚ ਕਿਹਾ ਸੀ, ‘ਜੋ (ਇਸ ਸਬੰਧੀ) ਕੁਝ ਨਹੀਂ ਕਰਦਾ, ਸ਼ਰਮ ਅਤੇ ਹਿਸਾ ਨੂੰ ਨਿਉਦਾ ਦਿੰਦੇ ਹਨ। ਜੋ ਦਲੇਰੀ ਨਾਲ ਕੰਮ ਕਰਦੇ ਹਨ। ਅਧਿਕਾਰਾਂ ਅਤੇ ਹਕੀਕਤ ਨੂੰ ਮਾਨਤਾ ਪ੍ਰਦਾਨ ਕਰਦੇ ਹਨ।’

ਲੇਕਿਨ ਇਸ ਨਸਲਘਾਤ, ਨਸਲੀ ਭੇਦ-ਭਾਵ, ਨਾਬਰਾਬਰੀ, ਬੇਇਨਸਾਫੀ ਨੂੰ ਰਾਜਨੀਤਕ ਇੱਛਾ ਸ਼ਕਤੀ ਨਾਲ ਰੋਕਣ ਦੀ ਲੋੜ ਹੈ। ਆਪਣੇ ਪੁੱਤ-ਪੋਤਰਿਆਂ ਤੇ ਕਾਰਜ ਛੱਡਣਾ ਕਾਇਰਤਾ ਅਤੇ ਕਮਜ਼ੋਰੀ ਹੈ। ਇਸ ਲਈ ਤੁਰੰਤ ਵਾਈਟ ਹਾਊਸ ਵਿਖੇ ਇੱਕ ਉਚ ਪੱਧਰੀ ਕਾਨਫਰੰਸ ਆਯੋਜਤ ਕੀਤੀ ਜਾਣੀ ਚਾਹੀਦੀ ਹੈ। ਇਸ ਵਿੱਚ ਪ੍ਰਧਾਨ, 50 ਰਾਜਾਂ ਦੇ ਗਵਰਨਰ, ਫੈਡਰਲ ਅਤੇ ਸੂਬਾਈ ਵਿਧਾਨਕਾਰ ਸਮੇਤ ਕਾਲੇ ਪ੍ਰਤੀਨਿਧਾਂ ਦੇ ਸ਼ਾਮਲ ਹੋਣ। ਨਸਲਵਾਦੀ ਨਫਰਤ, ਨਸਲਘਾਤ, ਆਰਥਿਕ-ਰਾਜਨਿਤਕ ਬੇਇਨਸਾਫੀ, ਸ਼ਹਿਰੀ ਨਾਬਰਾਬਰੀ ਦੂਰ ਕਰਨ ਲਈ ਠੋਸ ਰਾਸ਼ਟਰੀ ਨੀਤੀ ਬਣਾਉਣ ਅਤੇ ਇਯ ਤੇ ਸਖਤੀ ਨਾਲ ਕਾਨੂੰਨ ਨਾਫਜ ਕਰਨ ਵਾਲੀ ਮਸ਼ੀਨਰੀ ਰਾਹੀਂ ਅਮਲ ਕਰਨ। ਮਾਈਕਲ ਬਰਾਊਨ, ਐਰਿਕ ਗਾਰਨਰ, ਤਾਮੀਰ ਰਾਈਸ, ਵਾਲਟਰ ਸਕਾਟ, ਚਾਰਲੈਸਟਨ ਪ੍ਰਾਰਥਨ ਕਾਰੀਆਂ ਆਦਿ ਸਮੇਤ ਅਨੇਕ ਕੁਰਬਾਨੀਆਂ ਦਿਤੀਆਂ ਜਾ ਚੁੱਕੀਆਂ ਹਨ। ਅਮਰੀਕੀ ਕੌਮ ਨੂੰ ਇਹ ਨਸਲਘਾਤੀ ਦਸਤੂਰ ਖ਼ਤਮ ਕਰਨਾ ਅਤਿ ਜ਼ਰੂਰੀ ਹੈ। ਇਹ ਅਮਰੀਕੀ ਲੋਕਤੰਤਰੀ, ਆਰਥਿਕ, ਕਾਰੋਬਾਰੀ, ਜਨਤਕ, ਵਿਦੇਸ਼, ਸੁਰੱਖਿਆ ਸੰਸਥਾਵਾਂ ਅਤੇ ਨੀਤੀਆਂ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਰਿਹਾ ਹੈ। ਇਸ ਦੇ ਛੁਟਕਾਰੇ ਬਗੈਰ ਅਮਰੀਕਾ ਦੀ ਤਰੱਕੀ ਅਤੇ ਵਿਕਾਸ ਰੁਕਣਾ ਸ਼ੁਰੂ ਹੋ ਜਾਵੇਗਾ। ਉਹ ਦਿਨ ਦੂਰ ਨਹੀਂ ਜਦੋਂ ਅਮਰੀਕਾ ਵਿਸ਼ਵ ਮਹਾਂਸ਼ਕਤੀ ਵਜੋਂ ਪਤਨ ਦਾ ਸ਼ਿਕਾਰ ਹੋ ਜਾਵੇਗਾ।

Comments

Security Code (required)



Can't read the image? click here to refresh.

Name (required)

Leave a comment... (required)





ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ