Sat, 20 April 2024
Your Visitor Number :-   6986600
SuhisaverSuhisaver Suhisaver

ਕਦੋਂ ਸੁਲਝੇਗਾ ਡਾ. ਦਭੋਲਕਰ ਹੱਤਿਆ ਕਾਂਡ ? - ਹਰਜਿੰਦਰ ਸਿੰਘ ਗੁਲਪੁਰ

Posted on:- 25-07-2016

suhisaver

ਪ੍ਰਸਿੱਧ ਸਮਾਜਿਕ ਕਾਰਜ ਕਰਤਾ ਅਤੇ ਵਿਗਿਆਨਕ ਵਿਚਾਰਧਾਰਾ ਨੂੰ ਪਰਨਾਏ ਹੋਏ ਡਾਕਟਰ ਨਨੇਂਦਰ ਦਭੋਲਕਰ ਦਾ 20 ਅਗਸਤ, 2013 ਨੂੰ ਸਵੇਰੇ ਸੱਤ ਵਜੇ ਪੂਨੇ ਦੇ ਪੇਠ ਇਲਾਕੇ ਵਿੱਚ ਔਂਕਾਰੇਸ਼ਵਰ ਪੁਲ ਉੱਤੇ ਦੋ ਮੋਟਰ ਸਾਈਕਲ ਸਵਾਰਾਂ ਨੇ ਗੋਲੀ ਮਾਰ ਕੇ ਉਦੋਂ ਕਤਲ ਕਰ ਦਿੱਤਾ ਸੀ, ਜਦੋਂ ਉਹ ਸੈਰ ਕਰ ਰਹੇ ਸਨ। ਇਹ ਸਥਾਨ ਪੁਲਿਸ ਚੌੰਕੀ ਤੋਂ ਮਹਿਜ ਸੌ ਮੀਟਰ ਦੂਰ ਦੱਸਿਆ ਜਾਂਦਾ ਹੈ।

ਸਾਰਿਆਂ ਨੂੰ ਯਾਦ ਹੋਵੇਗਾ ਕਿ ਉਸ ਸਮੇਂ ਉਪਰੋਥਲੀ ਕੁਝ ਨਾਮਵਰ ਹਸਤੀਆਂ ਦੇ ਕਤਲ ਕੀਤੇ ਗਏ ਸਨ, ਜਿਹਨਾਂ ਵਿੱਚ ਦਭੋਲਕਰ ਤੋਂ ਇਲਾਵਾ ਕਾ. ਪਾਨਸਾਰੇ ਅਤੇ ਸਾਬਕਾ ਵੀ ਸੀ ਪ੍ਰੋ.ਕਲਬੁਰਗੀ ਦੇ ਨਾਮ ਸ਼ਾਮਲ ਹਨ। ਹੁਣ ਤੱਕ ਫੁੱਲ ਪੱਥਰਾਂ ਨਾਲ ਟਕਰਾਉਂਦੇ ਵੀ ਰਹੇ ਹਨ ਅਤੇ ਪੱਥਰਾਂ ਦੀ ਤਾਬਿਆ ਵਿੱਚ ਪੱਤੀ ਪੱਤੀ ਹੋ ਕੇ ਵਿਛਦੇ ਅਤੇ ਖਿਲਰਦੇ ਵੀ ਰਹੇ ਹਨ।ਇਹ ਵਰਤਾਰਾ ਜਿੰਨੀ ਜਲਦੀ ਖਤਮ ਹੋਵੇ ਉਂਨਾ ਹੀ ਮਾਨਵਤਾ ਵਾਸਤੇ ਬੇਹਤਰ ਹੈ ਕਿਉ ਕਿ 'ਫੁੱਲਾਂ' ਅਤੇ 'ਪੱਥਰਾਂ' ਦੀ ਸਮਾਜ ਅੰਦਰ ਆਪੋ ਆਪਣੀ ਥਾਂ ਹੈ। ਇਸ ਨਾਮਵਰ ਚਿੰਤਕ ਦਾ ਕਤਲ ਹੋਏ ਨੂੰ ਲੱਗ ਭੱਗ 3 ਸਾਲ ਬੀਤਣ ਲੱਗੇ ਹਨ ਪਰ ਅਜੇ ਤੱਕ ਸੀ ਬੀ ਆਈ ਕਿਸੇ ਨਤੀਜੇ ਤੇ ਪਹੁੰਚਣ ਦੀ ਥਾਂ ਅੱਕੀਂ ਪਲਾਹੀਂ ਹੱਥ ਮਾਰ ਰਹੀ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਲੰਘੀ 11 ਜੂਨ ਨੂੰ ਛੁੱਟੀ ਦੇ ਬਾਵਯੂਦ ਡਾ. ਦਭੋਲਕਰ ਹੱਤਿਆਕਾਂਡ ਵਿੱਚ ਗਰਿਫਤਾਰ ਕੀਤੇ ਗਏ ਇੱਕ ਕਥਿਤ ਦੋਸ਼ੀ ਡਾ. ਵੀਨੇਂਦਰ ਸਿੰਘ ਤਾਵੜੇ ਨੂੰ ਭਾਰੀ ਪੁਲਿਸ ਫੋਰਸ ਦੀ ਨਿਗਰਾਨੀ ਹੇਠ ਪੂਨੇ ਦੀ ਸ਼ਿਵਜੀ ਨਗਰ ਅਦਾਲਤ ਵਿੱਚ ਸੈਸ਼ਨ ਜੱਜ ਐਨ ਐਨ ਸ਼ੇਖ ਸਾਹਮਣੇ ਪੇਸ਼ ਕੀਤਾ ਗਿਆ।ਇਸ ਸਮੇਂ ਅਨੇਕਾਂ ਪੱਤਰਕਾਰ ਵੀ ਹਾਜਰ ਸਨ।'ਸਨਾਤਨ ਸੰਸਥਾ' ਨਾਲ ਸਬੰਧ ਰੱਖਣ ਵਾਲੇ ਕਥਿਤ ਦੋਸ਼ੀ ਤਾਵੜੇ ਪੇਸ਼ੀ ਦੌਰਾਨ ਬੇਹੱਦ ਸਹਿਜ ਨਜ਼ਰ ਆ ਰਹੇ ਸਨ।ਸੀ ਬੀ ਆਈ ਅਨੁਸਾਰ ਦਭੋਲਕਰ ਦੀ ਹੱਤਿਆ ਕਰਨ ਦੀ ਸਾਜ਼ਿਸ਼ ਵਿੱਚ ਤਾਵੜੇ ਦੀ ਭੂਮਿਕ ਬਹੁਤ ਅਹਿਮ ਹੈ।ਇਸ ਦਿਨ ਚੱਲੀ ਅਦਾਲਤੀ ਕਾਰਵਾਈ ਦੌਰਾਨ ਸੀ ਬੀ ਆਈ ਵਲੋਂ ਪੇਸ਼ ਹੋਏ ਵਕੀਲ ਬੀ ਪੀ ਰਾਜੂ ਨੇ ਬਹਿਸ ਵਿੱਚ ਹਿੱਸਾ ਲੈਂਦਿਆਂ ਕਿਹਾ ਕਿ,' ਤਾਵੜੇ ਈਮੇਲ ਦੇ ਜਰੀਏ ਇਸ ਮਾਮਲੇ ਨਾਲ ਜੁੜੇ ਕੁਝ ਹੋਰ ਆਰੋਪੀਆਂ ਦੇ ਸੰਪਰਕ ਵਿੱਚ ਸਨ।ਤਿੰਨਾਂ ਤਰਕਵਾਦੀਆਂ, ਨਨੇਂਦਰ ਦਭੋਲਕਰ,ਗੋਬਿੰਦ ਪੰਸਾਰੇ ਅਤੇ ਐਮ ਐਮ ਕਲਬੁਰਗੀ ਦੀ ਹੱਤਿਆ ਲਈ ਜਿਸ ਕਾਲੇ ਰੰਗ ਦੇ ਹੀਰੋ ਹਾਂਡਾ ਮੋਟਰ ਸਾਈਕਲ ਦੀ ਵਰਤੋਂ ਕੀਤੀ ਗਈ ਉਹ ਤਾਵੜੇ ਦੇ ਮੋਟਰ ਸਾਈਕਲ ਵਰਗੀ ਹੈ'।ਉਸ ਨੇ ਬਹਿਸ ਦੌਰਾਨ ਇਹ ਵੀ ਕਿਹਾ ਕਿ,' ਕੋਹਲਾਪੁਰ ਵਿਖੇ ਗੋਬਿੰਦ ਪਾਨਸਾਰੇ ਦੀ ਹੱਤਿਆ ਉਸ ਘਰ ਦੇ ਸਾਹਮਣੇ ਹੋਈ ਜਿਸ ਘਰ ਵਿੱਚ ਤਾਵੜੇ ਰਹਿੰਦਾ ਸੀ।ਇਹਨਾਂ ਕਤਲਾਂ ਵਿੱਚ ਇੱਕੋ ਕਿਸਮ ਦੇ ਕਾਰਤੂਸ ਅਤੇ ਇੱਕੋ ਕਿਸਮ ਦੇ ਪਸਤੌਲ ਦਾ ਇਸਤੇਮਾਲ ਕੀਤਾ ਗਿਆ ਸੀ '।ਇਸ ਸਮੇਂ ਸੀ ਬੀ ਆਈ ਵਲੋਂ ਇਹ ਵੀ ਦੱਸਿਆ ਗਿਆ ਕਿ ਤਾਵੜੇ ਦੀਆਂ ਗਤੀਵਿਧੀਆਂ ਨੂੰ ਸਾਬਤ ਕਰਨ ਲਈ ਉਹਨਾਂ ਕੋਲ ਇੱਕ ਗਵਾਹ ਵੀ ਹੈ। ਇਹ ਦਲੀਲਾਂ ਸੁਣਨ ਉਪਰੰਤ ਅਦਾਲਤ ਨੇ ਤਾਵੜੇ ਨੂੰ 16 ਤਰੀਖ ਤੱਕ ਸੀ ਬੀਆਈ ਦੀ ਹਿਰਾਸਤ ਵਿੱਚ ਰੱਖਣ ਦਾ ਆਦੇਸ਼ ਦੇ ਦਿੱਤਾ। 16 ਜੂਨ ਨੂੰ ਸੀ ਬੀ ਆਈ ਨੇ ਡਾ।ਤਾਵੜੇ ਨੂੰ ਜੂਡੀਸ਼ਅਲ ਮੈਜੀਸਟਰੇਟ ਵੀ ਬੀ ਗੁਲਾਵੇ ਪਾਟਿਲ ਦੀ ਅਦਾਲਤ ਫਿੱਚ ਪੇਸ਼ ਕਰਕੇ 8 ਦਿਨ ਹੋਰ ਆਪਣੀ ਹਿਰਾਸਤ  ਵਿੱਚ ਰੱਖਣ ਦੀ ਮੰਗ ਕੀਤੀ। ਜਾਂਚ ਏਜੰਸੀ ਨੇ ਅਦਾਲਤ ਸਾਹਮਣੇ ਆਪਣਾ ਪੱਖ ਰੱਖਦਿਆਂ ਕਿਹਾ ਕਿ ਡਾ. ਦਭੋਲਕਰ ਦੀ ਹੱਤਿਆ ਤੋਂ 3 ਮਹੀਨੇ ਪਹਿਲਾਂ ਤਾਵੜੇ ਨੂੰ ਇੱਕ ਅਣਜਾਣ ਵਿਅਕਤੀ ਨੇ ਈਮੇਲ ਰਾਹੀਂ ਇੱਕ ਸੰਦੇਸ਼ ਵਿੱਚ ਕਿਹਾ ਸੀ ਕਿ ਉਹ ਡਾ. ਦਭੋਲਕਰ ਉੱਤੇ ਆਪਣਾ ਧਿਆਨ ਕੇੰਦਰਤ ਕਰੇ।ਭਾਵੇਂ ਤਾਵੜੇ ਨੇ ਇਸ ਈਮੇਲ ਦਾ ਕੋਈ ਜਵਾਬ ਨਹੀਂ ਦਿੱਤਾ ਲੇਕਿਨ ਸੀ ਬੀ ਆਈ ਨੂੰ ਸ਼ੱਕ ਹੈ ਕਿ ਉਸ ਨੇ ਈਮੇਲ ਦੇ ਜਰੀਏ ਆਏ ਦਿਸ਼ਾ ਨਿਰਦੇਸ਼ ਨੂੰ ਅਮਲੀ ਜਾਮਾ ਪਹਿਨਾਉਦਿਆਂ ਹੱਤਿਆ ਦੀ ਸਾਜਿਸ਼ ਰਚੀ। ਸੀ ਬੀ ਆਈ ਦੇ ਵਕੀਲ ਨੇ ਅਦਾਲਤ ਨੂੰ ਇਹ ਵੀ ਦੱਸਿਆ ਕਿ ਤਾਵੜੇ ਜਾਂਚ ਵਿੱਚ ਸਹਿਯੋਗ ਨਹੀਂ ਦੇ ਰਿਹਾ।ਉਹ ਉਲਟੀ ਅਤੇ ਸਿਰਦਰਦ ਦੀ ਬਹਾਨੇਬਾਜੀ ਕਰਕੇ ਸੀ ਬੀ ਆਈ ਨੂੰ ਅਕਸਰ ਟਾਲ ਮਟੋਲ ਕਰਦਾ ਹੈ ਜਦੋਂ ਕਿ ਉਹਨਾਂ ਵਲੋਂ ਕਰਵਾਈ ਗਈ ਮੈਡੀਕਲ ਜਾਂਚ ਅਨੁਸਾਰ ਉਹ ਪੂਰੀ ਤਰ੍ਹਾਂ ਤੰਦਰੁਸਤ ਹੈ।ਸੀ ਬੀ ਆਈ ਨੇ ਅਦਾਲਤ ਨੂੰ ਦੱਸਿਆ ਕਿ ਕੋਹਲਾਪੁਰ ਨਿਵਾਸੀ ਇੱਕ ਗਵਾਹ ਨੇ ਤਾਵੜੇ ਅਤੇ ਆਕੋਲਕਰ ਦੀ ਇਸ ਮਾਮਲੇ ਵਿੱਚ ਪਹਿਚਾਣ ਕੀਤੀ ਹੈ।ਸੀ ਬੀ ਆਈ ਦਾ ਇਹ ਵੀ ਦਾਅਵਾ ਹੈ ਕਿ ਹੱਤਿਆ ਨੂੰ ਅੰਜਾਮ ਦੇਣ ਲਈ ਇਸਤੇਮਾਲ ਕੀਤੇ ਗਏ ਹਥਿਆਰ ਅਤੇ ਗੋਲੀਆਂ ਦਾ ਇੰਤਜਾਮ ਤਾਵੜੇ ਨੇ ਕੀਤਾ ਸੀ।ਵਰਤੀਆਂ ਗਈਆਂ ਗੋਲੀਆਂ ਬੈਲਗਾਮ ਤੋਂ ਲਿਆਂਦੀਆਂ ਗਈਆਂ ਸਨ।ਸੀ ਬੀ ਆਈ ਨੇ ਅਦਾਲਤ ਨੂੰ ਇੱਥੋੰ ਤੱਕ ਦੱਸਿਆ ਕਿ  ਤਾਵੜੇ ਨੇ ਸਾਲ 2009 ਵਿੱਚ ਸਾਂਗਲੀ ਅਤੇ ਗੋਆ ਵਿਖੇ ਸਨਾਤਨ ਸੰਸਥਾ ਦੁਆਰਾ ਲਗਾਏ ਗਏ ਹਥਿਆਰ ਸਿਖਲਾਈ ਕੈਂਪਪ ਵਿੱਚ ਸਿਖਲਾਈ ਵੀ ਲਈ ਸੀ।ਇਸਤੋਂ ਇਲਾਵਾ ਸੀਬੀਆਈ ਨੇ ਆਪਣੀ ਦਲੀਲ ਵਿੱਚ ਇਹ ਵੀ ਕਿਹਾ ਕਿ ਤਾਵੜੇ ਅਤੇ ਆਕੋਲਕਰ ਦੇ ਦਰਮਿਆਨ ਈ ਮੇਲ ਦੇ ਮਾਧਿਅਮ ਰਾਹੀਂ ਹੋਏ ਕਈ ਸੰਵਾਦਾਂ ਵਿੱਚੋਂ ਦੋ ਸੰਵਾਦ ਅਜਿਹੇ ਹਨ ਜਿਹਨਾਂ ਵਿੱਚ ਉਹਨਾਂ ਨੇ ਦਭੋਲਕਰ ਵਾਰੇ ਚਰਚਾ ਕੀਤੀ ਹੈ।ਇਹਨਾਂ ਵਿੱਚ ਹਥਿਆਰਾਂ ਦੀ ਫੈਕਟਰੀ ਸਥਾਪਤ ਕਰਨ ਦੇ ਨਾਲ ਨਾਲ ਹਿੰਦੂਆਂ ਦੇ ਖਿਲਾਫ ਕੰਮ ਕਰਨ ਵਾਲੇ ਸੰਗਠਨਾਂ ਦਾ ਮੁਕਾਬਲਾ ਕਰਨ ਵਾਸਤੇ 15000 ਲੋਕਾਂ ਦੀ ਇੱਕ ਸੈਨਾ ਬਣਾਉਣ ਦਾ ਵੀ ਜ਼ਿਕਰ ਹੈ।

ਤਹਿਲਕਾ ਦੀ ਰਿਪੋਰਟ ਅਨੁਸਾਰ ਡਾ. ਨਨੇਂਦਰ ਦਭੋਲਕਰ ਦੀ ਹੱਤਿਆ ਦੇ ਅਗਲੇ ਦਿਨ ਸਨਾਤਨ ਸੰਸਥਾ ਕੇ ਮੁੱਖ ਪੱਤਰ 'ਸਨਾਤਨ ਪਰਭਾਤ' ਵਿੱਚ ਲਿਖਿਆ ਗਿਆ ਕਿ,' ਗੀਤਾ ਵਿੱਚ ਲਿਖਾ ਹੈ-ਜੋ ਜੈਸੇ ਕਰਮ ਕਰੇਗਾ ਵੈਸਾ ਹੀ ਫਲ ਭੋਗੇਗਾ, ਇਸ ਲਈ ਡਾ. ਦਭੋਲਕਰ ਨੂੰ ਇਸ ਤਰ੍ਹਾਂ ਦੀ ਮੌਤ ਮਿਲੀ ਹੈ।ਉਹ ਕਿਸਮਤ ਵਾਲੇ ਹਨ ਕਿ ਕਿਸੀ ਬੀਮਾਰੀ ਕਾਰਨ ਬਿਸਤਰ ਪਰ ਨਹੀਂ ਮਰ ਗਏ'।

ਦੂਜੇ ਪਾਸੇ ਤਾਵੜੇ ਦੇ ਵਕੀਲ ਸੰਜੀਵ ਪੁਨਾਲੇਕਰ ਦਾ ਕਹਿਣਾ ਹੈ ਕਿ ਤਾਵੜੇ ਅਤੇ ਆਕੋਲਕਰ ਦੇ ਦਰਮਿਆਨ ਹੋਇਆ ਈਮੇਲ ਆਦਾਨ ਪਰਦਾਨ 2009 ਦਾ ਹੈ,ਜਦੋਂ ਕਿ ਡਾ. ਦਭੋਲਕਰ ਦੀ ਹੱਤਿਆ 2013 ਦੌਰਾਨ ਹੋਈ ਹੈ।ਸਿਰਫ ਸ਼ੱਕ ਦੇ ਅਧਾਰ ਤੇ ਇਸ ਮਾਮਲੇ ਵਿੱਚ ਕਿਸੇ ਨੂੰ ਦੋਸ਼ੀ ਠਹਿਰਾਉਣਾ ਸਹੀ ਨਹੀਂ ਹੈ।ਦੋਵਾਂ ਪਾਸਿਆਂ ਦੀਆਂ ਦਲੀਲਾਂ ਸੁਨਣ ਉਪਰੰਤ ਅਦਾਲਤ ਨੇ ਤਾਵੜੇ ਨੂੰ 20 ਜੂਨ ਤੱਕ ਸੀਬੀਆਈ ਹਿਰਾਸਤ ਵਿੱਚ ਭੇਜ ਦਿੱਤਾ ਸੀ। 20 ਜੂਨ ਨੂੰ ਅਦਾਲਤ ਨੇ ਤਾਵੜੇ ਨੂੰ 14 ਦਿਨ ਦੀ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ।ਵਰਣਯੋਗ ਹੈ ਕਿ ਅਦਾਲਤ  ਨੇ ਗੋਬਿੰਦ ਪਾਨਸਰੇ ਹੱਤਿਆਕਾਂਡ ਦੇ ਕੇਸ ਵਿੱਚ ਵੀ ਤਾਵੜੇ ਨੂੰ ਹਿਰਾਸਤ ਵਿੱਚ ਲੈਣ ਦੇ ਆਦੇਸ਼ ਦਿੱਤੇ ਹਨ।ਇਸ ਮਾਮਲੇ ਨਾਲ ਸਬੰਧਤ ਦਸਤਾਵੇਜ ਪੜਤਾਲਣ ਤੋਂ ਬਾਅਦ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਕਰਨਾਟਕ ਸੀ ਆਈ ਡੀ ਵੀ 30-8-15 ਨੂੰ ਕਰਨਾਟਕ ਦੇ ਧਾਰਵਾੜ ਵਿਖੇ ਹੋਈ ਐਮ ਐਮ ਕੁਲਵਰਗੀ ਦੀ ਹੱਤਿਆ ਦੇ ਕੇਸ ਵਿੱਚ ਤਾਵੜੇ ਨੂੰ ਟਰਾਂਜਿਟ ਰੀਮਾਂਡ ਤੇ ਲੈਣ ਦੀ ਫਿਰਾਕ ਵਿੱਚ ਹੈ। ਹੋਰ ਤਾਂ ਹੋਰ ਸੇਵਾ ਮੁਕਤ ਸਬ ਇੰਸਪੈਕਟਰ ਮਨੋਹਰ ਕਦਮ ਵੀ ਸਾਲ 2012-13 ਦੌਰਾਨ ਦਭੋਲਕਰ ਹੱਤਿਆ ਕਾਂਡ ਦੇ ਆਰੋਪੀ ਤਾਵੜੇ ਨਾਲ ਲਗਾਤਾਰ ਸੰਪਰਕ ਵਿੱਚ ਸਨ। ਸੀਬੀਆਈ ਨੂੰ ਸ਼ੱਕ ਹੈ ਕਿ ਮਨੋਹਰ ਕਦਮ ਨੇ ਦਭੋਲਕਰ ਦੇ ਹੱਤਿਆਰਿਆਂ ਨੂੰ ਹਥਿਆਰ ਚਲਾਉਣ ਦੀ ਟਰੇਨਿੰਗ ਦੇਣ ਤੋਂ ਇਲਾਵਾ ਉਹਨਾਂ ਨੂੰ ਹਥਿਆਰਾਂ ਦੀ ਸਪਲਾਈ ਵੀ ਕੀਤੀ ਸੀ।ਹੈਰਾਨੀ ਦੀ ਗੱਲ ਹੈ ਕਿ ਕਦਮ ਵਲੋਂ ਸੰਨ 2009 ਵਿੱਚ ਸਾਰੰਗ ਆਕੋਲਕਰ ਅਤੇ ਰੁਦਰ ਪਾਟਿਲ ਨੂੰ ਹਥਿਆਰਾਂ ਦੀ ਸਿਖਲਾਈ ਦੇਣ ਦੇ ਬਾਵਯੂਦ ਸੀਬੀਆਈ ਨੇ ਉਸ ਨੂੰ ਬਕਾਇਦਾ ਤੌਰ ਤੇ ਸ਼ਾਮਲ ਤਫਤੀਸ਼ ਨਹੀਂ ਕੀਤਾ।

ਇਸ ਹੱਤਿਆ ਨੂੰ ਹੋਏ 3 ਸਾਲ ਹੋ ਗਏ ਹਨ ਪਰ ਇਸ ਸਬੰਧ ਵਿੱਚ ਸੀਬੀਆਈ ਵਲੋਂ ਇਹ ਪਹਿਲੀ ਗਰਿਫਤਾਰੀ ਹੈ।ਜਨਵਰੀ,2014 ਵਿੱਚ ਮਹਾਂਰਾਸ਼ਟਰ ਏ ਟੀ ਐਸ ਨੇ ਮਨੀਸ਼  ਨਗੌਰੀ ਅਤੇ ਵਿਕਾਸ ਖੰਡੇਲਵਾਲ ਨਾਂ ਦੇ ਦੋ ਹਥਿਆਰ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਸੀ।ਉਸ ਵਕਤ ਪੂਨੇ ਦੇ ਤੱਤਕਾਲੀਨ ਵਧੀਕ ਪੁਲਿਸ ਕਮਿਸ਼ਨਰ (ਅਪਰਾਧ) ਸ਼ਾਹ ਜੀ ਸਾਲੁੰਕੇ ਨੇ ਇਹਨਾਂ ਦੋਹਾਂ ਦੀ ਗਰਿਫਤਾਰੀ ਸਬੰਧੀ ਕਿਹਾ ਸੀ ਕਿ ਬੈਲਿਸਟਿਕ ਰੀਪੋਰਟ ਦੇ ਅਨੁਸਾਰ ਡਾ।ਨਨੇਂਦਰ ਦਭੋਲਕਰ ਉੱਤੇ ਚਲਾਈ ਗਈ ਗੋਲੀ ਉਪਰੋਕਤ ਵਿਅਕਤੀਆਂ ਤੋਂ ਬਰਾਮਦ ਕੀਤੇ 7।55 ਬੋਰ ਦੇ ਪਸਤੌਲ ਤੋਂ ਚਲਾਈ ਗਈ ਹੈ।ਇਹਨਾਂ ਦੋ ਗਰਿਫਤਾਰੀਆਂ ਨੂੰ ਲੈ ਕੇ ਵਿਵਾਦ ਉਦੋਂ ਪੈਦਾ ਹੋਇਆ ਜਦੋਂ ਇਕ ਪੇਸ਼ੀ ਦੇ ਦੌਰਾਨ ਅਦਾਲਤ ਸਾਹਮਣੇ ਨਗੌਰੀ ਨੇ ਤੱਤਕਾਲੀਨ ਏਟੀਐਸ ਪਰਮੁੱਖ ਰਕੇਸ਼ ਮਾਰਿਆ ਤੇ ਆਰੋਪ ਲਗਾਇਆ ਕਿ ਉਸਨੇ ਨਗੌਰੀ ਨੂੰ ਦਭੋਲਕਰ ਹੱਤਿਆ ਦਾ ਜੁਰਮ ਕਬੂਲ ਕਰਨ ਬਦਲੇ 25 ਲੱਖ ਰੁਪਏ ਦੀ ਪੇਸ਼ਕਸ਼ ਕੀਤੀ ਸੀ।ਡਾ।ਦਭੋਲਕਰ ਹੱਤਿਆ ਕਾਂਡ ਦੀ ਜਾਂਚ ਪਹਿਲਾਂ ਪੁਲਸ ਕਰ ਰਹੀ ਸੀ ਪਰੰਤੂ ਪੁਲਸ ਵਲੋਂ ਵਰਤੀ ਜਾ ਰਹੀ ਢਿੱਲ ਦੇ ਕਾਰਨ ਇੱਕ ਪੱਤਰ ਕਾਰ ਕੇਤਨ ਤਿਰੋਡਕਰ ਵਲੋਂ ਬੰਬੇ ਹਾਈ ਕੋਰਟ ਵਿੱਚ ਇੱਕ ਜਨਹਿੱਤ ਦਰਖਾਸਤ ਦਾਖਲ ਕੀਤੀ ਗਈ ਸੀ।ਉਸ ਦਾ ਨੋਟਿਸ ਲੈਂਦਿਆਂ ਹਾਈਕੋਰਟ ਨੇ ਇਸ ਅਤਿ ਸੰਵੇਦਨ ਸ਼ੀਲ ਮਾਮਲੇ ਦੀ ਜਾਂਚ ਦਾ ਕੰਮ ਮਈ, 2014 ਦੌਰਾਨ ਸੀਬੀਆਈ ਨੂੰ ਸੌੰਪ ਦਿੱਤਾ। ਸੀਬੀਆਈ ਦੇ ਵੀ ਜਾਂਚ ਪੜਤਾਲ ਸਬੰਧੀ ਗੈਰ ਗੰਭੀਰ ਰੁੱਖ ਦੇ ਮੱਦੇ ਨਜ਼ਰ ਦਭੋਲਕਰ ਪਰਿਵਾਰ ਅਦਾਲਤ ਦੇ ਸਨਮੁੱਖ ਉਂਗਲ ਉਠਾ ਚੁੱਕਾ ਹੈ।ਡਾ।ਦਭੋਲਕਰ ਦੀ ਬੇਟੀ ਮੁਕਤਾ ਦਭੋਲਕਰ ਨੇ ਹਾਈ ਕੋਰਟ ਵਿੱਚ ਦਰਖਾਸਤ ਦੇ ਕੇ ਸਪਸ਼ਟ ਕੀਤਾ ਹੈ ਕਿ ਸੀਬੀਆਈ ਮਾਮਲੇ ਦੀ ਜਾਂਚ ਕਰਨ ਦੇ ਖਿਲਾਫ ਸੀ, ਲੇਕਿਨ ਬੰਬੇ ਹਾਈਕੋਰਟ ਦੇ ਆਦੇਸ਼ ਕਾਰਨ ਉਸ ਨੂੰ ਇਹ ਜਾਂਚ ਕਰਨੀ ਪੈ ਰਹੀ ਹੈ।ਬੰਬੇ ਹਾਈ ਕੋਰਟ ਵੀ, ਸੀਬੀਆਈ ਦੀ ਸੁਸਤ ਰਫਤਾਰ ਜਾਂਚ ਵਾਸਤੇ ਇਸੇ ਸਾਲ ਮਈ ਵਿੱਚ ਝਾੜ ਝੰਬ ਕਰ ਚੁੱਕੀ ਹੈ।

ਇਸ ਦੇ ਬਾਅਦ ਪਹਿਲੀ ਵਾਰ ਇਸ ਮਾਮਲੇ ਵਿੱਚ ਕਿਸੇ ਦੀ ਗਰਿਫਤਾਰੀ ਹੋਈ ਹੈ।ਇਸ ਹੱਤਿਆ ਦੀ ਗੁੱਥੀ ਸੁਲਝਾਉਣ ਲਈ ਮਹਿਜ 4 ਮੈਂਬਰੀ ਟੀਮ ਦਾ ਗਠਨ ਕੀਤਾ ਗਿਆ ਹੈ ਜੋ ਕਿ ਨਾ ਕਾਫੀ ਹੈ।ਦੱਸਣਯੋਗ ਹੈ ਕਿ ਡਾ. ਦਭੋਲਕਰ ਮਹਾਂਰਾਸ਼ਟਰ ਅੰਧਸ਼ਰਧਾ ਨਿਰਮੂਲਨ ਸੰਮਤੀ ਦੇ ਸੰਸਥਾਪਕ ਸਨ।ਭਾਵੇਂ ਉਹਨਾਂ ਨੂੰ ਲੰਬੇ ਸਮੇਂ ਤੋਂ ਧਮਕੀਆਂ ਮਿਲ ਰਹੀਆਂ ਸਨ ਪਰ ਅੰਧ ਸ਼ਰਧਾ ਦੇ ਖਿਲਾਫ ਵਿਧਾਨ ਸਭਾ ਵਿੱਚ ਬਿੱਲ ਪੇਸ਼ ਕਰਵਾਉਣ 'ਚ ਉਹਨਾਂ ਦੀ ਭੂਮਿਕਾ ਕਾਰਨ ਧਮਕੀਆਂ ਦਾ ਇਹ ਸਿਲਸਿਲਾ ਜਿਆਦਾ ਵਧ ਗਿਆ ਸੀ।ਕੱਟੜਵਾਦੀ ਹਿੰਦੂਤਵੀ ਸ਼ਕਤੀਆਂ ਨੇ ਇਸ ਬਿੱਲ ਦਾ ਇਹ ਕਹਿ ਕੇ ਵਿਰੋਧ ਕੀਤਾ ਸੀ ਕਿ ਇਹ ਬਿੱਲ ਹਿੰਦੂ ਸੰਸਕਰਿਤੀ ਅਤੇ ਰੀਤੀ ਰਿਵਾਜਾਂ ਦਾ ਵਿਰੋਧ ਕਰਦਾ ਹੈ।ਹਾਲਾਂ ਕਿ ਉਹਨਾਂ ਦੀ ਹੱਤਿਆ ਤੋਂ ਕੁਝ ਦਿਨ ਬਾਅਦ ਤੱਤਕਾਲੀਨ ਮਹਾਂ ਰਾਸ਼ਟਰ ਸਰਕਾਰ ਨੇ ਇਹ ਬਿੱਲ ਪਾਸ ਕਰ ਦਿੱਤਾ ਸੀ।ਜਾਣਕਾਰੀ ਅਨੁਸਾਰ ਦਭੋਲਕਰ ,ਪਾਨਸਾਰੇ ਅਤੇ ਕਲਬੁਰਗੀ ਦੀ ਹੱਤਿਆ ਲਈ ਵਰਤੀਆਂ ਗਈਆਂ ਗੋਲੀਆਂ ਪੂਣਾ ਸਥਿਤ ਖੜਕੀ ਅਸਲਾ ਫੈਕਟਰੀ ਵਿੱਚ ਬਣੀਆਂ ਹੋਈਆਂ ਹਨ।ਸਭ ਗੋਲੀਆਂ ਤੇ 'ਕੇ ਐਫ' ਲਿਖਿਆ ਹੋਇਆ ਹੈ ਜਿਸ ਦਾ ਮਤਲਬ ਹੈ ਖੜਕੀ ਫੈਕਟਰੀ।ਇਹਨਾਂ ਤਿੰਨਾਂ ਮਾਮਲਿਆਂ ਵਿੱਚ ਇਸਤੇਮਾਲ ਕੀਤੀਆਂ ਗੋਲੀਆਂ ਦੀ ਬੈਲਸਟਿਕ ਰੀਪੋਰਟ ਤਿਆਰ ਕਰਨ ਦੀ ਜੁੰਮੇਵਾਰੀ ਸਕਾਟਲੈਂਡ ਯਾਰਡ ਪੁਲਿਸ ਨੂੰ ਦਿੱਤੀ ਗਈ ਹੈ।ਇਸ ਤੋਂ ਇਲਾਵਾ ਇਹਨਾਂ ਤਿੰਨਾਂ ਹੱਤਿਆਵਾਂ ਦੇ ਮਾਮਲੇ ਵਿੱਚ 'ਸਨਾਤਮ ਸੰਸਥਾ' ਨਾਮ ਦਾ ਸੰਗਠਨ ਸਵਾਲਾਂ ਦੇ ਘੇਰੇ ਵਿੱਚ ਹੈ ਜਿਸ ਦੇ ਲੰਬੇ ਚੌੜੇ ਤਾਣੇ ਬਾਣੇ ਦਾ ਅਧਾਰ ਗੈਰ ਵਿਗਿਆਨਕ ਹੈ।

ਸੰਪਰਕ: 0061 470605255

Comments

raj

gud ji

Security Code (required)



Can't read the image? click here to refresh.

Name (required)

Leave a comment... (required)





ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ