Fri, 19 April 2024
Your Visitor Number :-   6983321
SuhisaverSuhisaver Suhisaver

ਅਸੀ ਡਰ ਗਏ ਹਾਂ ਜਾਂ ਡਰਾ ਦਿਤੇ ਗਏ ਹਾਂ? -ਸੁਕੀਰਤ

Posted on:- 26-11-2017

ਪਿਛਲੇ ਪੰਜ ਦਿਨਾਂ ਤੋਂ ਮੈਂ ਅਖਬਾਰਾਂ ਵਿਚ ਇਕ ਖਬਰ ਲਭ ਰਿਹਾ ਹਾਂ, ਜੋ ਕਿਸੇ ਵੀ ਅਖਬਾਰ ਵਿਚ ਲਭ ਨਹੀਂ ਰਹੀ। ਮੈਂ ਉਨ੍ਹਾਂ ਲੋਕਾਂ ਵਿਚੋਂ ਹਾਂ ਜੋ ਰੋਜ਼ਾਨਾ ਇਕ ਦੋ ਨਹੀਂ ਅਠ-ਦਸ ਅਖਬਾਰ ਫਰੋਲਦੇ ਹਨ। ਪਰ ਇਹ ਖਬਰ ਕਿਸੇ ਨੇ ਨਹੀਂ ਚੁਕੀ, ਇਸ ਘਟਨਾ ਬਾਰੇ ਕਿਧਰੇ ਕੋਈ ਜ਼ਿਕਰ ਨਹੀਂ ਲਭਦਾ। ਜਿਵੇਂ ਸਾਰੀਆਂ ਅਖਬਾਰਾਂ ਨੂੰ ਸਪ ਸੁੰਘ ਗਿਆ ਹੋਵੇ।

ਇਹੋ ਅਖਬਾਰਾਂ, ਜੋ ਪਿਛਲੇ ਇਕ ਮਹੀਨੇ ਤੋਂ 'ਪਦਮਾਵਤੀ'ਨਾਂਅ ਦੀ ਅਣਦੇਖੀ ਫਿਲਮ ਦੇ ਪਾੜਛੇ ਲਾਹ ਲਾਹ ਸਫ਼ੇ ਭਰ ਰਹੀਆਂ ਹਨ, ਇਹੋ ਚੈਨਲ ਜੋ ਕਿਸੇ ਕਲ ਤਕ ਅਣਜਾਣੀ 'ਕਰਨੀ ਸੈਨਾ' ਦੇ ਨੁਮਾਇੰਦਿਆਂ ਨੂੰ ਰੋਜ਼ ਚੀਕ-ਚਿਹਾੜਾ ਪਾਉਣ ਦੀ ਸਟੇਜ ਮੁਹੱਈਆ ਕਰ ਰਹੇ ਹਨ; ਇਨ੍ਹਾਂ ਵਿਚੋਂ ਕਿਸੇ ਇਕ ਨੇ ਵੀ ਇਸ ਗਲ ਦਾ ਜ਼ਿਕਰ ਕਰਨਾ ਵੀ ਯੋਗ ਨਹੀਂ ਸਮਝਿਆ ਕਿ ਸੀ.ਬੀ.ਆਈ ਦੇ ਜਜ ਬ੍ਰਿਜਗੋਪਾਲ ਹਰੀਕਿਸ਼ਨ ਲੋਇਆ ਦੀ ,ਉਸਦੇ ਪਰਵਾਰਕ ਮੈਂਬਰਾਂ ਦੇ ਦਸਣ ਮੁਤਾਬਕ, ਸ਼ੱਕੀ ਹਾਲਾਤ ਵਿਚ ਮੌਤ ਹੋਈ ਸੀ ਅਤੇ ਇਸ ਮੌਤ ਦੀ ਤਹਿਕੀਕਾਤ ਹੋਣੀ ਚਾਹੀਦੀ ਹੈ। ਸਿਰਫ਼ ਏਨਾ ਹੀ ਨਹੀਂ, ਉਨ੍ਹਾਂ ਨੇ ਇਹ ਵੀ ਦਸਿਆ ਹੈ ਆਪਣੀ ਮੌਤ ਤੋਂ ਪਹਿਲਾਂ ਜਜ ਲੋਇਆ ਦੇ ਹਥ ਇਕੋ ਇਕ ਕੇਸ ਸੀ ਜਿਸਨੂੰ ਆਰੋਪੀ ਦੇ ਹਕ ਵਿਚ ਭੁਗਤਾਉਣ ਲਈ ਵੇਲੇ ਦੇ ਬੰਬਈ ਹਾਈ ਕੋਰਟ ਦੇ ਮੁਖ-ਨਿਆਂਧੀਸ਼ ਮੋਹਿਤ ਸ਼ਾਹ ਨੇ ਜਜ ਲੋਇਆ ਨੂੰ 100 ਕਰੋੜ ਦੁਆਉਣ ਦੀ ਪੇਸ਼ਕਸ਼ ਕੀਤੀ ਸੀ।

ਕਿਸੇ ਵੀ ਦੇਸ ਦੇ ਮੀਡੀਆ ਲਈ ਇਹੋ ਜਿਹੀ ਖਬਰ ਨਿਹਾਇਤ ਮਹਤਵਪੂਰਨ ਹੈ, ਅਤੇ ਸਾਧਾਰਣ ਹਾਲਾਤ ਵਿਚ ਹਰ ਅਖਬਾਰ, ਹਰ ਟੀ ਵੀ ਚੈਨਲ ਨੇ ਇਹੋ ਜਿਹੇ ਸਨਸਨੀਖੇਜ਼ ਖੁਲਾਸੇ ਦੀ ਤਹਿਕੀਕਾਤ ਕਰਨ ਲਈ ਦਿਨ ਰਾਤ ਇਕ ਕਰ ਦੇਣਾ ਸੀ। ਪਰ ਸਾਡਾ ਦੇਸ ਬਿਲਕੁਲ 'ਅਸਾਧਾਰਣ' ਹਾਲਾਤ ਵਿਚੋਂ ਲੰਘ ਰਿਹਾ ਹੈ ਅਤੇ ਕੇਸ ਅਸਲੋਂ 'ਅਸਾਧਾਰਣ' ਆਰੋਪੀ  ਨਾਲ ਜੁੜਿਆ ਹੋਣ ਕਰਕੇ ਸਾਰਿਆਂ ਨੇ ਚੁਪੀ ਵਟ ਲਈ ਹੈ, ਆਪਣੇ ਬੁਲ੍ਹ ਸੀ ਲਏ ਹਨ।

ਵਿਸ਼ੇਸ਼ ਸੀ.ਬੀ. ਆਈ ਅਦਾਲਤ ਦਾ ਮਰਹੂਮ ਜਜ ਬ੍ਰਿਜਗੋਪਾਲ ਹਰੀਕਿਸ਼ਨ ਲੋਇਆ ਉਸ ਕੇਸ ਦੀ ਸੁਣਵਾਈ ਕਰ ਰਿਹਾ ਸੀ ਜਿਸਦਾ ਮੁਖ ਆਰੋਪੀ ਇਸ ਸਮੇਂ ਭਾਰਤ ਵਿਚ ਰਾਜ ਕਰ ਰਹੀ ਪਾਰਟੀ ਦਾ ਪਰਧਾਨ ਅਮਿਤ ਸ਼ਾਹ ਹੈ।

ਸਭ ਤੋਂ ਪਹਿਲੋਂ ਇਸ ਕੇਸ ਬਾਰੇ। ਇਹ ਮਾਮਲਾ ਨਵੰਬਰ 2005 ਵਿਚ ਗੁਜਰਾਤ ਪੁਲਸ ਰਾਹੀਂ ਮਾਰੇ ਗਏ ਸੋਹਰਾਬੂਦੀਨ ਦੀ ਕਥਿਤ ਤੌਰ ਤੇ 'ਝੂਠੇ ਮੁਕਾਬਲੇ' ਵਿਚ ਹਤਿਆ ਕੀਤੇ ਜਾਣ ਦਾ ਕੇਸ ਸੀ ਜਿਸ ਵਿਚ ਦਾਇਰ ਦੋਸ਼ਾਂ ਮੁਤਾਬਕ ਇਹ ਹਤਿਆ ਗੁਜਰਾਤ ਦੇ ਵੇਲੇ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਇਸ਼ਾਰਿਆਂ ਉਤੇ ਕੀਤੀ ਗਈ। ਇਸ ਕੇਸ ਵਿਚ ਲਗਾਤਾਰ ਹੋ ਰਹੀ ਸਿਆਸੀ ਦਖਲਅੰਦਾਜ਼ੀ ਨੂੰ ਦੇਖਦਿਆਂ ਸੁਪਰੀਮ ਕੋਰਟ ਨੇ ਇਸਨੂੰ ਸੀ.ਬੀ.ਆਈ ਦੀ ਵਿਸ਼ੇਸ਼ ਅਦਾਲਤ ਦੇ ਹਥ ਵਿਚ ਸੌਂਪ ਦਿਤਾ ਅਤੇ ਨਾਲ ਦੋ ਹਦਾਇਤਾਂ ਵੀ ਕੀਤੀਆਂ: 1) ਇਹ ਕੇਸ ਦੀ ਸੁਣਵਾਈ ਗੁਜਰਾਤ ਤੋਂ ਬਾਹਰ ( ਮੁੰਬਈ) ਵਿਚ ਹੋਵੇਗੀ 2) ਕੇਸ ਸ਼ੁਰੂ ਹੋਣ ਤੋਂ ਲੈ ਕੇ ਇਸਦੇ ਮੁਕਣ ਤੀਕ ਇਹ ਇਕੋ ਜਜ ਦੇ ਅਧੀਨ ਰਹੇਗਾ। ਇਸਦਾ ਜਜ ਸ੍ਰੀ ਉਤਪਤ ਨੂੰ ਥਾਪਿਆ ਗਿਆ।

ਪਰ ਲਗਾਤਾਰ ਪੈਂਦੀਆਂ ਅਤੇ ਮੁਲਤਵੀ ਹੁੰਦੀਆਂ ਤਰੀਕਾਂ ਦੇ ਬਾਵਜੂਦ ਅਮਿਤ ਸ਼ਾਹ ਇਕ ਵਾਰ ਵੀ ਅਦਾਲਤ ਸਾਹਮਣੇ ਪੇਸ਼ ਨਾ ਹੋਇਆ। ਅਮਿਤ ਸ਼ਾਹ ਦੇ ਇਸ ਵਰਤਾਰੇ ਨੂੰ ਦੇਖਦਿਆਂ ਜਜ ਉਤਪਤ ਨੇ 26 ਜੂਨ 2014 ਦੀ ਤਰੀਕ ਮਿਥ ਕੇ ਉਸਨੂੰ ਹਰ ਸੂਰਤ ਵਿਚ ਉਸ ਦਿਨ ਅਦਾਲਤ ਵਿਚ ਪੇਸ਼ ਹੋਣ ਦੇ ਹੁਕਮ ਜਾਰੀ ਕਰ ਦਿਤੇ। ਅਮਿਤ ਸ਼ਾਹ ਨੇ ਤਾਂ ਕੀ ਪੇਸ਼ ਹੋਣਾ ਸੀ, ਇਸ ਮਿਥੀ ਪੇਸ਼ੀ ਤੋਂ ਐਨ ਇਕ ਦਿਨ ਪਹਿਲਾਂ ਜਜ ਉਤਪਤ ਨੂੰ ਹੀ ਤਬਦੀਲ ਕਰਕੇ ਪੁਨੇ ਭੇਜ ਦਿਤਾ ਗਿਆ। ਇਹ ਸੁਪਰੀਮ ਕੋਰਟ ਦੇ ਨਿਰਦੇਸ਼ ਦੀ ਸਰਾਸਰ ਉਲੰਘਣਾ ਸੀ, ਪਰ ਉਦੋਂ ਤਕ ਕੇਂਦਰ ਵਿਚ ਨਰਿੰਦਰ ਮੋਦੀ ਦੀ ਅਗਵਾਈ ਹੇਠਲੀ ਭਾਜਪਾ ਸਰਕਾਰ ਆ ਚੁਕੀ ਸੀ।

ਹੁਣ ਜਜ ਉਤਪਤ ਦੀ ਥਾਂ ਬ੍ਰਿਜਗੋਪਾਲ ਹਰੀਕਿਸ਼ਨ ਲੋਇਆ ਨੂੰ ਜਜ ਥਾਪਿਆ ਗਿਆ। ਪਰ ਅਮਿਤ ਸ਼ਾਹ ਇਸ ਨਵੇਂ ਜਜ ਅਗੇ ਵੀ ਪੇਸ਼ ਨਾ ਹੋਇਆ । 31 ਅਕਤੂਬਰ ਨੂੰ ਜਜ ਲੋਇਆ ਨੇ ਅਮਿਤ ਸ਼ਾਹ ਦੇ ਲਗਾਤਾਰ ਗੈਰ-ਹਾਜ਼ਰ ਰਹਿਣ ਉਤੇ ਸਖਤ ਇਤਰਾਜ਼ ਉਠਾਉਂਦੇ ਹੋਏ ਮੁਕੱਦਮੇ ਦੀ ਸੁਣਵਾਈ ਦੀ ਅਗਲੀ ਤਰੀਕ 15 ਦਸੰਬਰ ਮਿਥੀ । ਏਸੇ ਦੌਰਾਨ, ਦੀਵਾਲੀ ਦੇ ਦਿਨਾਂ ਵਿਚ, ਜਜ ਲੋਇਆ ਨੇ ਆਪਣੇ ਪਿਤਾ ਹਰੀਕਿਸ਼ਨ ਅਤੇ ਭੈਣ ਅਨੁਰਾਧਾ ਬਿਆਨੀ ਨੂੰ ਦਸਿਆ ਕਿ ਮੁੰਬਈ ਹਾਈ ਕੋਰਟ ਦੇ ਚੀਫ਼ ਜਸਟਿਸ ਨੇ ਉਸਨੂੰ 100 ਕਰੋੜ ਅਤੇ ਸ਼ਹਿਰ ਵਿਚ ਇਕ ਫਲੈਟ ਦੀ ਦੁਆਉਣ ਦੀ ਪੇਸ਼ਕਸ਼ ਕੀਤੀ ਹੈ, ਬਸ਼ਰਤੇ ਉਹ ਅਮਿਤ ਸ਼ਾਹ ਦੇ ਹਕ ਵਿਚ ਫੈਸਲਾ ਦੇ ਕੇ ਉਸਨੂੰ ਬਰੀ ਕਰ ਦੇਵੇ। ਲੋਇਆ ਨੇ ਕਿਹਾ ਕੇ ਉਹ ਪਿੰਡ ਆ ਕੇ ਵਾਹੀ ਕਰਨ ਨੂੰ ਤਿਆਰ ਹੈ, ਪਰ ਇਹੋ ਜਿਹਾ ਜ਼ਮੀਰ-ਮਾਰੂ ਕੰਮ ਨਹੀਂ ਉਸ ਕੋਲੋਂ ਨਹੀਂ ਹੋ ਸਕਣਾ।

ਨਵੰਬਰ ਦੇ ਅੰਤ ਵਿਚ ਜਜ ਲੋਇਆ ਨੂੰ ਦੋ ਹੋਰ ਜਜਾਂ ਨੇ ਨਾਗਪੁਰ ਕਿਸੇ ਵਿਆਹ ਤੇ ਨਾਲ ਚਲਣ ਦਾ ਸਦਾ ਦਿਤਾ। ਲੋਇਆ ਅਨਮਨਾ ਜਿਹਾ ਸੀ ਪਰ ਉਨ੍ਹਾਂ ਦੇ ਇਸਰਾਰ ਕਰਨ ਉਤੇ ਜਾਣਾ ਮੰਨ ਗਿਆ। 30 ਨਵੰਬਰ 2014 ਦੀ ਰਾਤ, ਵਿਆਹ ਭੁਗਤਾ ਕੇ, ਰਾਤ ਦੇ 11 ਵਜੇ ਉਸਨੇ ਤਕਰੀਬਨ 40 ਮਿਨਟ ਆਪਣੀ ਪਤਨੀ ਸ਼ਰਮਿਲਾ ਨਾਲ ਮੋਬਾਈਲ ਉਤੇ ਗਲਬਾਤ ਕੀਤੀ। ਉਸਨੇ ਇਹ ਵੀ ਦਸਿਆ ਕਿ ਉਹ ਸਾਰੇ ਨਾਗਪੁਰ ਦੇ ਇਕ ਸਰਕਾਰੀ ਮਹਿਮਾਨ-ਘਰ ਰਵੀ ਭਵਨ ਵਿਚ ਠਹਿਰੇ ਹੋਏ ਹਨ। ਇਹ ਉਸਦੀ ਆਪਣੇ ਘਰਦਿਆਂ ਨਾਲ ਆਖਰੀ ਗਲਬਾਤ ਸੀ।

ਪਹਿਲੀ ਦਸੰਬਰ 2014 ਨੂੰ ਤੜਕੇ 5 ਵਜੇ ਜਜ ਲੋਇਆ ਦੇ ਪਰਵਾਰ ਨੂੰ ਫੋਨ ਆਉਣੇ ਸ਼ੁਰੂ ਹੋਏ ਕਿ ਬੀਤੀ ਰਾਤ ਉਸਨੂੰ ਦਿਲ ਦਾ ਦੌਰਾ ਪਿਆ ਸੀ ਅਤੇ ਦੋ ਹਸਪਤਾਲਾਂ ਵਿਚ ਲਿਜਾਣ ਦੇ ਬਾਵਜੂਦ ਉਸਨੂੰ ਬਚਾਇਆ ਨਾ ਜਾ ਸਕਿਆ ਅਤੇ ਉਸਦੀ ਮੌਤ ਹੋ ਗਈ ਹੈ। ਪਰਵਾਰ ਨੂੰ ਇਹ ਵੀ ਦਸਿਆ ਗਿਆ ਕਿ ਲਾਸ਼ ਨੂੰ ਉਨ੍ਹਾਂ ਦੇ ਜੱਦੀ ਪਿੰਡ ਗਾਟੇਗਾਓਂ ਪੁਚਾਉਣ ਦੇ ਇੰਤਜ਼ਾਮ ਕਰ ਦਿਤੇ ਗਏ ਹਨ ਅਤੇ ਸਾਰੇ ਓਥੇ ਹੀ ਪਹੁੰਚਣ। ਫੋਨ ਕਰਨ ਵਾਲਾ ਬੰਦਾ ਲਾਤੂਰ ਦਾ ਆਰ. ਐਸ. ਐਸ. ਵਰਕਰ ਈਸ਼ਵਰ ਬਹੇਤੀ ਸੀ। ਉਸ ਸਮੇਂ ਪਰਵਾਰ ਦੇ ਮੈਂਬਰ ( ਮ੍ਰਿਤਕ ਦੀ ਪਤਨੀ ਅਤੇ ਪੁਤਰ, ਭੈਣਾਂ, ਪਿਤਾ) ਵੱਖੋ-ਵਖ ਥਾਂਈਂ ਖਿੰਡਰੇ ਹੋਏ ਸਨ ਅਤੇ ਸਾਰਿਆਂ ਨੇ ਗਾਟੇਗਾਓਂ ਪਹੁੰਚਣ ਦੇ ਇੰਤਜ਼ਾਮ ਕਰਨੇ ਸ਼ੁਰੂ ਕਰ ਦਿਤੇ। ਸੋਗ ਅਤੇ ਹਰਫ਼ਲ ਦੀ ਉਸ ਘੜੀ ਕਿਸੇ ਨੇ ਨਾ ਸੋਚਿਆ ਕਿ ਮ੍ਰਿਤਕ ਨੂੰ ਉਸਦੇ ਜਦੀ ਪਿੰਡ ਹੀ ਭੇਜਣ ਦਾ ਫੈਸਲਾ ਕਰਨ ਵਾਲਾ ਕੌਣ ਸੀ ਜਾਂ ਇਸ ਈਸ਼ਵਰ ਬਹੇਤੀ ਨੂੰ ਇਹ ਜ਼ਿੰਮੇਵਾਰੀ ਕਿਸ ਨੇ ਸੌਂਪੀ ਕਿ ਨਾਗਪੁਰ ਹੋਈ ਮੌਤ ਦੀ ਸੂਚਨਾ ਅਤੇ ਇੰਤਜ਼ਾਮਾਂ ਬਾਰੇ ਜਾਣਕਾਰੀ ਪਰਵਾਰ ਨੂੰ ਉਹੋ ਮੁਹਈਆ ਕਰੇ।

ਜਜ ਲੋਇਆ ਦੀ ਦੇਹ ਨੂੰ ਰਾਤ 11.30 ਵਜੇ ਐਂਬੂਲੈਂਸ ਡਰਾਈਵਰ ਗਾਟੇਗਾਓਂ ਪੁਚਾਉਣ ਆਇਆ, ਉਸਦੇ ਨਾਲ ਹੋਰ ਕੋਈ ਵੀ ਨਹੀਂ ਸੀ। ਉਸ ਸਮੇਂ ਪਹਿਲਾ ਸ਼ਕ ਉਸਦੀ ਭੈਣ ਅਨੁਰਾਧਾ ਬਿਯਾਨੀ ਨੂੰ ਹੋਇਆ ਜੋ ਪੇਸ਼ੇ ਤੋਂ ਖੁਦ ਡਾਕਟਰ ਹੈ। ਪਰਵਾਰ ਨੂੰ ਦਸਿਆ ਗਿਆ ਸੀ ਕਿ ਸਵੇਰੇ ਲਾਸ਼ ਦਾ ਪੋਸਟ-ਮਾਰਟਮ ਕਰਾ ਕੇ ਭੇਜਿਆ ਗਿਆ ਹੈ ਜਿਸਤੋਂ ਸਿਧ ਹੋਇਆ ਹੈ ਕਿ ਮੌਤ ਦਾ ਕਾਰਨ ਦਿਲ ਫਿਹਲੀ ਸੀ। ਪਰ ਅਨੁਰਾਧਾ ਨੇ ਆਪਣੇ ਭਰਾ ਦੇ ਕੱਪੜਿਆਂ ਉਤੇ ਖੂਨ ਦੇ ਨਿਸ਼ਾਨ ਦੇਖੇ। ਬਤੌਰ ਡਾਕਟਰ ਉਹ ਇਸ ਤੱਥ ਨਾਲ ਵਾਕਫ ਸੀ ਮ੍ਰਿਤਕ ਦੇਹ ਦੀ ਚੀਰ-ਫਾੜ ਸਮੇਂ ਖੂਨ ਨਹੀਂ ਨਿਕਲਦਾ ਕਿਉਂਕਿ ਉਸ ਸਮੇਂ ਦਿਲ ਅਤੇ ਫੇਫੜੇ ਖੂਨ ਨੂੰ ਪੰਪ ਕਰਨਾ ਬੰਦ ਕਰ ਚੁਕੇ ਹੁੰਦੇ ਹਨ। ਫੇਰ ਇਹ ਖੂਨ ਕਿਥੋਂ ਆਇਆ? ਉਸਨੇ ਆਪਣਾ ਤੌਖਲਾ ਜ਼ਾਹਰ ਕੀਤਾ ਵੀ ਪਰ ਉਸਨੂੰ ਸਲਾਹ ਦਿਤੀ ਗਈ ਕਿ ਉਹ ਇਸ ਨਾਜ਼ੁਕ ਸਮੇਂ ਸਸਕਾਰ ਹੋ ਲੈਣ ਦੇਵੇ ਅਤੇ ਮਾਮਲੇ ਨੂੰ ਹੋਰ ਨਾ ਉਲਝਾਏ। ਦੂਜੇ ਪਾਸੇ, ਜਦੋਂ ਬ੍ਰਿਜ ਲੋਇਆ ਦੀ ਪਤਨੀ ਅਤੇ ਪੁਤਰ ਅਨੁਜ ਕੁਝ ਹੋਰ ਜਜਾਂ ਦੇ ਨਾਲ  ਮੁੰਬਈ ਤੋਂ ਗਾਟੇਗਾਓਂ ਆ ਰਹੇ ਸਨ ਤਾਂ ਰਾਹ ਵਿਚ ਇਕ ਜਜ ਲਗਾਤਾਰ ਇਹ ਸਲਾਹ ਦੇਂਦਾ ਰਿਹਾ ਕਿ ਅਨੁਜ ਆਪਣੇ ਪਿਤਾ ਦੀ ਮੌਤ ਬਾਰੇ ਕਿਸੇ ਨਾਲ ਕੋਈ ਗਲ ਨਾ ਕਰੇ। ਇਸ ਕਾਰਨ ਅਨੁਜ ਦੇ ਮਨ ਅੰਦਰ ਕੁਝ ਭੈਅ ਜਿਹਾ ਵੀ ਪੈਦਾ ਹੋ ਗਿਆ।

ਸਸਕਾਰ ਹੋ ਗਿਆ, ਪਰਵਾਰ ਨੇ ਸ਼ੱਕੀ ਹਾਲਤਾਂ ਵਿਚ ਹੋਈ ਜਾਪਦੀ ਮੌਤ ਦੀ ਪੜਤਾਲ ਲਈ ਦਰਖਾਸਤ ਦਿਤੀ , ਪਰ ਉਨ੍ਹਾਂ ਦੀ ਕਿਸੇ ਨਾ ਸੁਣੀ। ਦੂਜੇ ਪਾਸੇ ਬ੍ਰਿਜ ਲੋਇਆ ਦੀ ਥਾਂ ਅਮਿਤ ਸ਼ਾਹ ਵਾਲਾ ਕੇਸ ਫਟਾਫਟ ਨਵੇਂ ਜਜ ਗੋਸਾਵੀ ਨੂੰ ਸੌਪ ਦਿਤਾ ਗਿਆ। ਉਸਨੇ 15 ਦਸੰਬਰ ਨੂੰ ਸੁਣਵਾਈ ਸ਼ੁਰੂ ਕੀਤੀ, ਤਿੰਨ ਦਿਨ ਅਮਿਤ ਸ਼ਾਹ ਦੇ ਬਚਾਅ ਵਕੀਲਾਂ ਨੇ ਉਸਦੇ ਹਕ ਵਿਚ ਪੈਰਵੀ ਕੀਤੀ, ਪਰ ਸੀ.ਬੀ.ਆਈ. ਦੇ ਵਕੀਲ ਨੇ 15 ਮਿਨਟ ਵਿਚ ਹੀ ਆਪਣੀ ਗਲ ਸਮੇਟ ਦਿਤੀ ਅਤੇ ਕੋਈ ਜਿਰਾਹ ਨਾ ਕੀਤੀ। 17 ਦਿਸੰਬਰ ਨੂੰ ਨਵੇਂ ਜਜ ਨੇ ਮੁਕਦਮਾ ਸਮੇਟ ਦਿਤਾ ਅਤੇ ਆਪਣਾ ਫੈਸਲਾ ਰਾਖਵਾਂ ਰਖ ਲਿਆ। 30 ਦਸੰਬਰ ਨੂੰ, ਜਜ ਲੋਇਆ ਦੀ ਮੌਤ ਦੇ ਮਹੀਨੇ ਦੇ ਅੰਦਰ ਅੰਦਰ ਨਵੇਂ ਜਜ ਗੋਸਾਵੀ ਨੇ ਆਪਣਾ ਫੈਸਲਾ ਵੀ ਸੁਣਾ ਦਿਤਾ। ਉਸਨੇ ਕਿਹਾ ਕਿ ਉਹ ਬਚਾਅ ਵਕੀਲਾਂ ਦੀ ਇਸ ਦਲੀਲ ਤੋਂ ਕਾਇਲ ਹੈ ਕਿ ਅਮਿਤ ਸ਼ਾਹ ਦੇ ਵਿਰੁਧ ਸੀ.ਬੀ.ਆਈ. ਨੇ ਨਿਰੋਲ ਸਿਆਸੀ ਮੰਤਵਾਂ ਕਾਰਨ ਮੁਕਦਮਾ ਦਾਇਰ ਕੀਤਾ ਸੀ, ਅਤੇ ਉਸਨੂੰ ਬਰੀ ਕਰ ਦਿਤਾ। ਸੀ.ਬੀ.ਆਈ. ਨੇ ਇਸ ਫੈਸਲੇ ਵਿਰੁਧ ਅਪੀਲ ਕਰਨ ਵਲ ਮੂੰਹ ਹੀ ਨਾ ਕੀਤਾ ਅਤੇ ਮਾਮਲਾ ਉਥੇ ਹੀ ਖਤਮ ਹੋ ਗਿਆ। ਓਸੇ ਦਿਨ ਮਹੇਂਦਰ ਧੋਨੀ ਨੇ ਟੈਸਟ ਕ੍ਰਿਕਟ ਤੋਂ ਰਿਟਾਇਰ ਹੋਣ ਦਾ ਐਲਾਨ ਕੀਤਾ ਸੀ, ਸੋ ਉਸ ਸਮੇਂ ਸਾਡੀ ਕ੍ਰਿਕੇਟ ਪ੍ਰੇਮੀ ਕੌਮ ਦੇ ਸਾਰੇ ਚੈਨਲ ਅਤੇ ਸਾਰੀਆਂ ਅਖਬਾਰੀ ਸੁਰਖੀਆਂ ਇਸ ਧਮਾਕੇਦਾਰ ਖਬਰ ਨੇ ਮੱਲੇ ਹੋਏ ਸਨ; ਅਮਿਤ ਸ਼ਾਹ ਦੇ  ਬਾਇਜ਼ਤ ਬਰੀ ਹੋ ਜਾਣ ਵਲ ਕਿਸੇ ਦਾ ਬਹੁਤਾ ਧਿਆਨ ਹੀ ਨਾ ਗਿਆ।

ਪਰ 48 ਸਾਲਾਂ ਦੇ ਸਿਹਤਮੰਦ ਜਜ ਲੋਇਆ, ਜਿਸਨੂੰ ਸ਼ੂਗਰ ਜਾਂ ਬਲਡ ਪ੍ਰੈਸ਼ਰ ਵਰਗੀ ਵੀ ਕੋਈ ਬੀਮਾਰੀ ਨਹੀਂ ਸੀ, ਦੀ ਅਚਾਨਕ ਮੌਤ ਉਸਦੇ ਪਰਵਾਰ ਦੇ ਮਨ ਵਿਚ ਕਈ ਸਵਾਲ ਖੜੇ ਕਰਦੀ ਸੀ। ਜਿਹੜੇ ਜਜ ਖੁਦ ਇਸਰਾਰ ਕਰਕੇ ਉਸਨੂੰ ਇਸ ਵਿਆਹ ਉਤੇ ਨਾਗਪੁਰ ਲੈ ਕੇ ਗਏ ਸਨ, ਉਹ ਮ੍ਰਿਤਕ ਦੀ ਦੇਹ ਦੇ ਨਾਲ ਕਿਉਂ ਨਾ ਆਏ? ( ਸਗੋਂ ਉਹ ਪੂਰੇ 80 ਦਿਨ ਲੰਘਾ ਕੇ ਹੀ ਪਰਵਾਰ ਕੋਲ ਅਫ਼ਸੋਸ ਕਰਨ ਆਏ)। ਪੋਸਟ-ਮਾਰਟਮ ਕਰਾਉਣ ਲਈ ਪਰਵਾਰ ਦੇ ਕਿਸੇ ਮੈਂਬਰ ਕੋਲੋਂ ਮਨਜ਼ੂਰੀ ਕਿਉਂ ਨਾ ਮੰਗੀ ਗਈ, ਜਦਕਿ ਪੋਸਟ-ਮਾਰਟਮ ਦੀ ਰਿਪੋਰਟ ਦੇ ਹਰ ਸਫ਼ੇ ਉਤੇ ਕਿਸੇ ਨੇ ਮ੍ਰਿਤਕ ਦਾ 'ਚਚੇਰਾ ਭਾਈ' ਲਿਖ ਕੇ ਦਸਤਖਤ ਕੀਤੇ ਹੋਏ ਹਨ। ( ਨਾਗਪੁਰ ਵਿਚ ਲੋਇਆ ਦਾ ਕੋਈ 'ਚਚੇਰਾ ਭਾਈ' ਨਹੀਂ ਰਹਿੰਦਾ)। ਪੋਸਟ-ਮਾਰਟਮ ਰਿਪੋਰਟ ਵਿਚ ਮੌਤ ਦਾ ਸਮਾਂ ਸਵੇਰ ਦੇ ਸਵਾ ਛੇ ਵਜੇ ਦਰਜ ਹੈ ਜਦਕਿ ਪਰਵਾਰ ਨੂੰ ਸਵੇਰੇ ਪੰਜ ਹੀ ਫੋਨ ਆ ਗਿਆ ਸੀ ਕਿ ਬੀਤੀ ਰਾਤ ਜਜ ਲੋਇਆ ਚਲ ਵਸੇ ਹਨ। ਮ੍ਰਿਤਕ ਦੀ ਦੇਹ ਨੂੰ ਗਾਟੇਗਾਓਂ ਭੇਜਣ ਦਾ ਫੈਸਲਾ ਜਾਂ ਇਸ ਬਾਰੇ ਇੰਤਜ਼ਾਮ ਕਰਨ ਵਾਲਾ ਈਸ਼ਵਰ ਬਹੇਤੀ ਕੌਣ ਹੈ ਅਤੇ ਉਸਨੂੰ ਲਾਤੂਰ ਬੈਠੇ ਨੂੰ ਨਾਗਪੁਰ ਤੋਂ ਕੌਣ ਨਿਰਦੇਸ਼ ਦੇ ਰਿਹਾ ਸੀ? ਅਤੇ ਮ੍ਰਿਤਕ ਦੇ ਕਪੜਿਆਂ ਉਤੇ ਖੂਨ ਦੇ ਨਿਸ਼ਾਨ... ਸਵਾਲ ਅਣਗਿਣਤ ਹਨ ਤੇ ਹੈਣ ਵੀ ਇਹੋ ਜਿਹੇ ਕਿ ਕਿਸੇ ਕਾਲਪਨਿਕ ਜਾਸੂਸੀ ਨਾਵਲ ਦਾ ਪਲਾਟ ਸਿਰਜ ਸਕਦੇ ਹਨ।
ਜਦੋਂ ਪਰਵਾਰ ਨੂੰ ਕੋਈ ਸੁਣਵਾਈ ਨਾ ਹੁੰਦੀ ਦਿਸੀ, ਕਿਸੇ ਨੇ ਅਗਲੇਰੀ ਤਫ਼ਤੀਸ਼ ਕਰਾਉਣ ਦੀ ਉਨ੍ਹਾਂ ਦੀ ਦਰਖਾਸਤ ਵਲ ਕੰਨ ਨਾ ਧਰੇ ਤਾਂ ਉਨ੍ਹਾਂ ਨੇ ਪਤਰਕਾਰ ਨਿਰੰਜਨ ਟਾਕਲੇ ਨਾਲ ਸੰਪਰਕ ਕੀਤਾ। ਟਾਕਲੇ ਨੇ ਪਰਵਾਰਕ ਮੈਂਬਰਾਂ (ਬ੍ਰਿਜ ਲੋਇਆ ਦੇ ਪਿਤਾ, ਭੈਣਾਂ ਅਤੇ ਭਣੇਵੀਂ ) ਨਾਲ ਕਈ ਮੁਲਾਕਾਤਾਂ ਕਰਕੇ ਉਨ੍ਹਾਂ ਦਿਨਾਂ ਦੀਆਂ ਘਟਨਾਵਾਂ ਬਾਰੇ ਸਾਰੀ ਜਾਣਕਾਰੀ ਇਕਤਰ ਅਤੇ ਸੂਤਰਬੱਧ ਕੀਤੀ। ਨਾਗਪੁਰ ਦੇ ਹਸਪਤਾਲਾਂ - ਜਿਥੇ ਲੋਇਆ ਨੂੰ ਪਹਿਲੋਂ ਖੜਿਆ ਗਿਆ, ਅਤੇ ਮਗਰੋਂ ਉਸਦਾ ਪੋਸਟ ਮਾਰਟਮ ਕੀਤਾ ਗਿਆ- ਵਿਚ ਜਾ ਕੇ ਕਈ ਅਹਿਮ ਸੁਰਾਗ ਲਭੇ। ਨਾਗਪੁਰ ਸਦਰ ਦੇ ਪੁਲਸ ਕਰਮਚਾਰੀਆਂ ਨੂੰ ਮਿਲਿਆ। ਉਸਨੇ ਚੀਫ਼-ਜਸਟਿਸ ਮੋਹਿਤ ਸ਼ਾਹ, ਈਸ਼ਵਰ ਬਹੇਤੀ ਤੇ ਖੁਦ ਅਮਿਤ ਸ਼ਾਹ ਤਕ ਨਾਲ ਸੰਪਰਕ ਕੀਤਾ ਤਾਂ ਜੋ ਪਰਵਾਰ ਦੇ ਇਨ੍ਹਾਂ ਕਥਨਾਂ ਜਾਂ ਸੰਸਿਆਂ ਬਾਰੇ ਉਹ ਵੀ ਆਪਣਾ ਪੱਖ ਪੇਸ਼ ਕਰ ਸਕਣ। ਇਨ੍ਹਾਂ ਵਿਚੋਂ ਕਿਸੇ ਵੱਲੋਂ ਅਜੇ ਤੀਕ ਕੋਈ ਜਵਾਬ ਨਹੀਂ ਆਇਆ। ਜਜ ਲੋਇਆ ਦੀ ਪਤਨੀ ਅਤੇ ਪੁਤਰ ਨੇ ਵੀ ਉਸ ਨਾਲ ਇਸ ਕੇਸ ਬਾਰੇ ਕੋਈ ਗਲ ਕਰਨ ਤੋਂ ਇਨਕਾਰ ਕਰ ਦਿਤਾ ਕਿਉਂਕਿ ਉਹ ਅਜੇ ਤਕ ਡਰੇ ਹੋਏ ਹਨ।

ਇਨ੍ਹਾਂ ਸਾਰੇ ਤੱਥਾਂ ਦੇ ਆਧਾਰ ਉਤੇ, ਕਈ ਅਹਿਮ ਸਵਾਲ ਖੜੇ ਕਰਦਾ ਨਿਰੰਜਨ ਟਾਕਲੇ ਦਾ ਲੰਮਾ ਲੇਖ 20 ਨਵੰਬਰ ਨੂੰ ਅੰਗਰੇਜ਼ੀ ਦੇ ਮਸ਼ਹੂਰ ਪੱਤਰ 'ਦੀ ਕੈਰੇਵੈਨ' ਨੇ ਨਸ਼ਰ ਕੀਤਾ। ਕਿਸੇ ਵੀ ਹੋਰ ਸਮੇਂ ਅਤੇ ਸਥਾਨ ਵਿਚ ਏਨੇ ਸਾਰੇ ਤੱਥ ਉਜਾਗਰ ਕਰਦਾ ਇਹੋ ਜਿਹਾ ਲੇਖ ਸਾਰੇ ਚੈਨਲਾਂ ਅਤੇ ਅਖਬਾਰਾਂ ਵਲੋਂ ਫੌਰਨ ਵਿਚਾਰਿਆ ਜਾਣਾ ਚਾਹੀਦਾ ਸੀ। ਅਖਬਾਰੀ ਸੁਰਖੀਆਂ ਵਿਚ ਤਰਥੱਲੀ ਮਚਣੀ ਚਾਹੀਦੀ ਸੀ। ਪਰ ਨਹੀਂ, ਏਥੇ ਤਾਂ ਸੰਪੂਰਨ ਸੰਨਾਟਾ ਛਾਇਆ ਹੋਇਆ ਹੈ : ਤਕਰੀਬਨ ਇਕ ਹਫ਼ਤਾ ਲੰਘ ਜਾਣ ਦੇ ਬਾਵਜੂਦ ਕਿਸੇ ਚੈਨਲ ਨੇ ( ਸਿਵਾਏ ਐਨ.ਡੀ.ਟੀ.ਵੀ. ਵਾਲੇ ਰਵੀਸ਼ ਕੁਮਾਰ ਦੇ) ਇਸ ਬਾਰੇ ਚੂੰ ਵੀ ਨਹੀਂ ਕੀਤੀ, ਕਿਸੇ ਅਖਬਾਰ ਨੇ ( ਸਿਵਾਏ ਵੈਬ ਉਤੇ ਪੜ੍ਹੀਆਂ ਜਾਣ ਵਾਲੀਆਂ ਅਖਬਾਰਾਂ ਦੇ ) ਇਸ ਖੁਲਾਸੇ ਨੂੰ ਸੁਰਖੀਆਂ/ਸੰਪਾਦਕੀਆਂ ਦੀ ਵਿਚ ਤਾਂ ਥਾਂ ਕੀ ਦੇਣੀ ਸੀ, ਕਿਸੇ ਆਖਰੀ ਸਫ਼ੇ ਉਤੇ ਵੀ ਥਾਂ ਨਹੀਂ ਦਿਤੀ।

ਇਹ ਕਿਹੋ ਜਿਹਾ ਦੌਰ ਹੈ, ਇਹ ਕਿਹੋ ਜਿਹਾ ਨਿਜ਼ਾਮ ਹੈ? ਮਹੀਨਿਆਂ ਬੱਧੀ ਚੈਨਲ ਅਤੇ ਅਖਬਾਰਾਂ ਕਿਸੇ ਮਿਥਹਾਸਕ ਰਾਣੀ ਦੀ 'ਬੇਪਤੀ' ਬਾਰੇ ਬਹਿਸਾਂ ਕਰ ਸਕਦੇ ਹਨ, ਕਿਸੇ ਨੌਜਵਾਨ ਸਿਆਸੀ ਆਗੂ ਦੀ ਅਖਾਉਤੀ 'ਸੈਕਸ ਸੀਡੀ' ਦਾ ਮਸਲਾ ਉਛਾਲ ਸਕਦੇ ਹਨ, ਕਿਸੇ ਸ਼ਹਿਰ ਵਿਚ ਗਊਆਂ ਦੀ ਤਸਕਰੀ ਦੇ ਹੌਲਨਾਕ ਤੱਥ ਪੇਸ਼ ਕਰ ਸਕਦੇ ਹਨ, ਯੂਨੀਵਰਸਟੀਆਂ ਵਿਚ ਜਾ ਜਾ ਕੇ 'ਦੇਸ਼ਧਰੋਹੀਆਂ' ਦੇ ਟੋਲੇ ਲਭ ਸਕਦੇ ਹਨ। ਅਤੇ ਇਹੋ ਜਿਹੇ ਮਸਲਿਆਂ ਉਤੇ ਇਕ ਨਹੀਂ , ਕਈ ਕਈ ਰਾਜਾਂ ਦੇ ਮੁਖ ਮੰਤਰੀ ਬਿਆਨ ਦਾਗ ਸਕਦੇ ਹਨ। ਪਰ ਇਕ ਸੀ.ਬੀ.ਆਈ. ਜਜ ਦੀ ਸ਼ੱਕੀ ਹਾਲਾਤ ਵਿਚ ਹੋਈ ਮੌਤ ਬਾਰੇ ਕੋਈ ਮੂੰਹ ਵੀ ਖੋਲ੍ਹਣ ਲਈ ਤਿਆਰ ਨਹੀਂ।

ਸਵਾਲ ਇਹ ਨਹੀਂ ਕਿ ਅਸੀ ਡਰ ਗਏ ਹਾਂ ਜਾਂ ਡਰਾ ਦਿਤੇ ਗਏ ਹਾਂ। ਤੱਥ ਇਹ ਹੈ ਕਿ ਅਸੀ ਨਪੁੰਸਕ ਕੌਮ ਬਣਦੇ ਜਾ ਰਹੇ ਹਾਂ।

Comments

Security Code (required)



Can't read the image? click here to refresh.

Name (required)

Leave a comment... (required)





ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ