Thu, 25 April 2024
Your Visitor Number :-   7001091
SuhisaverSuhisaver Suhisaver

ਭਾਰਤ ਵਿੱਚ ਫਿਰਕਾਪ੍ਰਸਤੀ - ਇਤਿਹਾਸ ਅਤੇ ਅਨੁਭਵ -ਅਸਗਰ ਅਲੀ ਇੰਜੀਨੀਅਰ

Posted on:- 07-03-2013

ਸੰਪਰਦਾਇਕਤਾ ਗੁੰਝਲਦਾਰ ਵਰਤਾਰਾ ਹੈ। ਇਸ ਨੂੰ ਕੇਵਲ ਸਮਕਾਲੀਨ ਸਮਾਜਿਕ ਅਤੇ ਰਾਜਨੀਤਿਕ ਪ੍ਰਸੰਗਾਂ ਵਿੱਚ ਹੀ ਨਹੀਂ ਸਮਝਿਆ ਜਾ ਸਕਦਾ। ਇਸ ਨੂੰ ਸਮੁੱਚੇ ਰੂਪ ਵਿੱਚ ਸਮਝਣ ਲਈ ਸਮਾਨ ਦ੍ਰਿਸ਼ੀਕੋਣ ਅਪਨਾਉਣ ਦੀ ਲੋੜ ਹੈ। ਟੁਕੜਿਆਂ ਦੇ ਰੂਪ ਵਿੱਚ ਇਸ ਨਹੀਂ ਸਮਝਿਆ ਜਾ ਸਕਦਾ। ਫਿਰਕੂ ਤਾਕਤਾਂ ਆਪਣੇ ਅੱਜ-ਕੱਲ੍ਹ ਦੇ ਕੰਮਾਂ ਨੂੰ ਜਾਇਜ਼ ਠਹਿਰਾਓਣ ਲਈ ਮੱਧ ਕਾਲ ਵਿੱਚ ਇਸ ਦੀਆਂ ਜੜ੍ਹਾਂ ਲੱਭਦੀਆਂ ਹਨ, ਜਿਵੇਂ ਬਾਬਰੀ ਮਸਜਿਦ ਤੇ ਇਸ ਆਧਾਰ 'ਤੇ ਦਾਵਾ ਕੀਤਾ ਗਿਆ ਕਿ ਵਿਦੇਸ਼ੀ ਹਮਲਾਵਰ ਬਾਬਰ ਨੇ ਉਸ ਸਥਾਨ ਤੇ ਸਥਿਤ ਰਾਮ ਜਨਮ-ਭੂਮੀ ਮੰਦਿਰ ਨੂੰ ਤੋੜ ਦਿੱਤਾ ਸੀ। ਫਿਰਕੂ ਤਾਕਤਾਂ ਇਹ ਵੀ ਮੰਨਦੀਆਂ ਹਨ ਕਿ ਮੁਸਲਮਾਨ ਸ਼ਾਸਨ, ਹਿੰਦੂਆਂ ਉੱਪਰ ਅੱਤਿਆਚਾਰ ਅਤੇ ਉਨ੍ਹਾਂ ਦੇ ਅਪਮਾਨ ਦਾ ਯੁੱਗ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਅੱਜ ਜਦੋਂ ਹਿੰਦੂਆਂ ਕੋਲ ਰਾਜਨੀਤਿਕ ਸੱਤਾ ਹੈ ਤਾਂ ਉਨ੍ਹਾਂ ਨੂੰ ਬਦਲਾ ਲੈਣਾ ਚਾਹੀਦਾ ਹੈ।
    
ਇਹ ਵੀ ਕਿਹਾ ਜਾਂਦਾ ਹੈ ਕਿ ਅਨੇਕ ਮੁਸਲਮਾਨ ਸ਼ਾਸਕਾਂ ਨੇ ਹਿੰਦੂਆਂ ਦੇ ਮੰਦਿਰ ਤੋੜ ਕੇ ਉਸ ਥਾਂ 'ਤੇ ਮਸਜਿਦਾਂ ਬਣਵਾਈਆਂ। ਜਿਹਨਾਂ ਨੇ ਵੀ ਸੁਲਤਾਨਾਂ ਤੇ ਮੁਗਲ ਸ਼ਾਸਕਾਂ ਖ਼ਿਲਾਫ ਵਿਦਰੋਹ ਕੀਤਾ, ਉਹ ਬਹਾਦਰ ਹਨ ਤੇ ਉਨ੍ਹਾਂ ਨੂੰ ਕੌਮੀ ਨਾਇਕ ਦਾ ਖ਼ਿਤਾਬ ਦਿੱਤਾ ਗਿਆ। ਇਸ ਤਰ੍ਹਾਂ ਰਾਣਾ ਸਾਂਗਾ, ਰਾਣਾ ਪ੍ਰਤਾਪ, ਸ਼ਿਵਾ ਜੀ ਤੇ ਉਨ੍ਹਾਂ ਵਰਗੇ ਹੋਰ ਵਿਅਕਤੀ ਇਸੇ ਸ਼੍ਰੇਣੀ ਵਿੱਚ ਹਨ। ਉਨ੍ਹਾਂ ਨੂੰ ਇੰਝ ਪੇਸ਼ ਨਹੀਂ ਕੀਤਾ ਗਿਆ ਕਿ ਉਹ ਆਪਣੀ ਰਾਜ ਸੱਤਾ ਲਈ ਲੜ ਰਹੇ ਸਨ, ਬਲਕਿ ਉਨ੍ਹਾਂ ਨੂੰ ਮੁਸਲਮਾਨ ਸ਼ਾਸਨ ਹੱਥੋਂ ਹਿੰਦੂਆਂ ਦੀ ਆਜ਼ਾਦੀ ਦੇ ਜੁਝਾਰੂਆਂ ਵਜੋਂ ਪੇਸ਼ ਕੀਤਾ ਗਿਆ ਹੈ।
    
ਇਹ ਇਤਿਹਾਸ ਦੇ ਪ੍ਰਤੀ ਸਿੱਧਾ ਜਿਹਾ ਦ੍ਰਿਸ਼ਟੀਕੋਣ ਹੈ। ਇਸ ਦ੍ਰਿਸ਼ਟੀਕੋਣ ਦੇ ਅਨੁਸਾਰ, ਸ਼ਾਸਕ ਧਰਮਾਂ ਦੇ ਆਧਾਰ 'ਤੇ ਵੰਡੇ ਹੋਏ ਸਨ, ਨਾ ਕਿ ਆਪਣੇ ਰਾਜਨੀਤਿਕ ਸੰਕਲਪਾਂ ਦੁਆਰਾ। ਇਹ ਮੰਨਿਆ ਜਾਂਦਾ ਹੈ ਕਿ ਸਾਰੇ ਮੁਸਲਿਮ ਸ਼ਾਸਕ ਸੁਭਾਅ ਤੋਂ ਦੁਰਾਚਾਰੀ ਸਨ ਤੇ ਉਨ੍ਹਾਂ ਦਾ ਧਰਮ ਉਨ੍ਹਾਂ ਨੂੰ ਕੱਟੜ, ਕਰੋਧੀ ਤੇ ਹਿੰਸਕ ਬਣਾਉਂਦਾ ਸੀ। ਇਸੇ ਤਰ੍ਹਾਂ ਸਾਰੇ ਹਿੰਦੂ ਸ਼ਾਸਕ ਸਹਿਣਸ਼ੀਲ ਤੇ ਦਿਆਲੂ ਸਨ ਤੇ ਉਹ ‘ਧਰਮ' ਤੋਂ ਸੇਧ ਲੈਂਦੇ ਸਨ। ਇਹ ਵੀ ਮੰਨਿਆ ਜਾਂਦਾ ਹੈ ਕਿ ਭਾਰਤ ਦੇ ਇਤਿਹਾਸ ਵਿੱਚ ‘ਹਿੰਦੂ ਕਾਲ' ਸੁਨਹਿਰੀ ਯੁੱਗ ਸੀ ਤੇ ਇਸ ਦਾ ਪਤਨ, ਮੁਸਲਮਾਨਾਂ ਦੁਆਰਾ ਸੱਤਾ ਪ੍ਰਾਪਤ ਕਰਨ ਤੋਂ ਬਾਅਦ ਸ਼ੁਰੂ ਹੋਇਆ।
    
ਦੂਸਰੇ ਪਾਸੇ ਮੁਗਲ ਫਿਰਕਾਪ੍ਰਸਤ ਮੰਨਦੇ ਸਨ ਕਿ ਮੁਗਲ ਕਾਲ ਭਾਰਤੀ ਇਤਿਹਾਸ ਦਾ ਸੁਨਹਿਰੀ ਯੁੱਗ ਹੈ, ਮੁਗਲਾਂ ਦੇ ਆਉਣ ਤੋਂ ਪਹਿਲਾਂ ਹਨੇਰਾ ਹੀ ਸੀ ਤੇ ਭਾਰਤੀ ਲੋਕ ਭੈੜੇ ਤੇ ਗੰਵਾਰ ਸਨ। ਮੁਸਲਮਾਨਾਂ ਨੇ ਉਨ੍ਹਾਂ ਨੂੰ ਸਿਆਣੇ  ਤੇ ਸੂਝਵਾਨ ਬਣਾਇਆ। ਇਸ ਸ਼੍ਰੇਣੀ ਦੇ ਮੁਸਲਮਾਨ ਇਤਿਹਾਸਕਾਰਾਂ ਨੇ ਕਾਫਿਰਾਂ ਨੂੰ ਨੀਚਾ ਦਿਖਾਉਣ ਲਈ ਮੁਗਲ ਸ਼ਾਸਕਾਂ ਨੂੰ ਖੂਬ ਗੌਰਵ ਪ੍ਰਦਾਨ ਕੀਤਾ।

ਇਤਿਹਾਸ ਵਿੱਚ ‘ਸੁਨਹਿਰੀ ਯੁੱਗ' ਦੀ ਧਾਰਨਾ ਹੀ ਗ਼ਲਤ ਹੈ। ਇਤਿਹਾਸ ਦਾ ਕੋਈ ਵੀ ਕਾਲ ਹਿੰਸਾ ਤੇ ਵਿਰੋਧਤਾਵਾਂ ਤੋਂ ਰਹਿਤ ਨਹੀਂ ਹੁੰਦਾ ਤੇ ਕੋਈ ਵੀ ਸ਼ਾਸਕ ਪੂਰੀ ਤਰ੍ਹਾਂ ਚੰਗਾ ਜਾਂ ਬੁਰਾ ਨਹੀਂ ਹੁੰਦਾ। ਇਸ ਦੇ ਨਾਲ ਹੀ ਇਹ ਵੀ ਸਮਝ ਲੈਣਾ ਚਾਹੀਦਾ ਹੈ ਕਿ ਕਿਸੇ ਇਤਿਹਾਸਕ ਸ਼ਾਸਕ ਦਾ ਵਤੀਰਾ, ਧਾਰਮਿਕ ਵਿਸ਼ਵਾਸਾਂ ਨਾਲ ਨਹੀਂ ਸਗੋਂ ਹੋਰ ਸਵਾਰਥਾਂ ਰਾਹੀਂ ਤਹਿ ਹੁੰਦਾ ਹੈ। ਇਥੋਂ ਤੱਕ ਕਿ ਮਹਿਮੂਦ ਗਜ਼ਨਵੀ ਅਤੇ ਔਰੰਗਜ਼ੇਬ ਵਰਗੇ ਸ਼ਾਸਕਾਂ ਨੂੰ ਵੀ ਮਹਿਜ਼ ਧਾਰਮਿਕ ਵਿਸ਼ਵਾਸਾਂ ਤੋਂ ਪ੍ਰੇਰਿਤ ਮੰਨਣਾ ਗ਼ਲਤ ਹੋਵੇਗਾ। ਲਗਭਗ ਸਾਰੇ ਸ਼ਾਸਕ, ਹਿੰਦੂ ਜਾਂ ਮੁਸਲਮਾਨ, ਚਾਹੇ ਕਿਸੇ ਵੀ ਧਰਮ ਨਾਲ ਸੰਬੰਧ ਰੱਖਦੇ ਹੋਣ, ਉਹ ਸਭ ਤੋਂ ਪਹਿਲਾਂ ਆਪਣੇ ਰਾਜਨੀਤਿਕ ਹਿੱਤਾਂ ਤੋਂ ਪ੍ਰੇਰਿਤ ਹੁੰਦੇ ਹਨ। ਉਨ੍ਹਾਂ ਦੇ ਧਾਰਮਿਕ ਵਿਸ਼ਵਾਸ ਜਾਂ ਤਾਂ ਕੋਈ ਮਹੱਤਵ ਨਹੀਂ ਰੱਖਦੇ ਜਾਂ ਫਿਰ ਛਿਪੇ ਰਹਿੰਦੇ ਹਨ। ਅਖ਼ੀਰ ਵਿੱਚ ਜੋ ਗੱਲਾਂ ਉਨ੍ਹਾਂ ਦੇ ਰਵੱਈਏ ਨੂੰ ਤਹਿ ਕਰਦੀਆਂ ਹਨ, ਉਹ ਰਾਜਨੀਤਿਕ ਹਿਤ ਹੀ ਹਨ।
    
ਸਚਾਈ ਇਹ ਹੈ ਕਿ ਆਮ ਤੌਰ 'ਤੇ ਇੱਕ ਸ਼ਾਸਕ ਨੇ ਦੂਜੇ ਧਰਮ ਦੇ ਸ਼ਾਸਕਾਂ ਨਾਲ ਗਠਜੋੜ ਕੀਤੇ ਬਿਨਾ ਸ਼ਾਸਨ ਨਹੀਂ ਕੀਤਾ, ਇਸ ਤੱਥ ਨੂੰ ਵੀ ਅਣਦੇਖਿਆ ਕੀਤਾ ਜਾਂਦਾ ਹੈ। ਮੁਗ਼ਲ ਸ਼ਾਸਕਾਂ ਦਾ ਰਾਜਪੂਤਾਂ ਜਾਂ ਮਰਾਠਿਆਂ ਨਾਲ ਗਠਜੋੜ ਰਿਹਾ ਤੇ ਹਿੰਦੂ ਬਾਗੀਆਂ ਨੇ ਮੁਗਲਾਂ ਜਾਂ ਦੂਜੇ ਰਾਜ ਘਰਾਣਿਆਂ ਨੂੰ ਪਠਾਣਾਂ ਜਾਂ ਹੋਰ ਮੁਸਲਮਾਨਾਂ ਨਾਲ ਮਿਲ ਕੇ ਚੁਣੌਤੀ ਦਿੱਤੀ। ਇਸ ਤੱਥ ਨੂੰ ਵੀ ਅੱਖੋਂ ਪਰੋਖੇ ਕੀਤਾ ਗਿਆ ਕਿ ਇੱਕ ਹੀ ਧਰਮ ਨਾਲ ਸੰਬੰਧਤ ਸ਼ਾਸਕ, ਇੱਕ ਦੂਜੇ ਨਾਲ ਉਸ ਤਰ੍ਹਾਂ ਲੜਦੇ ਸਨ ਜਿਵੇਂ ਕਿ ਵੱਖੋ-ਵੱਖਰੇ ਧਰਮਾਂ ਦੇ ਸ਼ਾਸਕ। ਬਾਬਰ ਤੇ ਇਬਰਾਹਿਮ ਲੋਧੀ ਵਿਚਕਾਰ ਅਤੇ ਸ਼ੇਰ ਸ਼ਾਹ ਸੂਰੀ ਤੇ ਹਮਾਯੂੰ ਵਿਤਕਾਰ ਯੁੱਧ ਹੋਇਆ।

ਕੇਵਲ ਇੰਨਾ ਹੀ ਨਹੀਂ, ਇੱਕ ਪੁੱਤਰ ਵੱਲੋਂ ਪਿਤਾ ਖ਼ਿਲਾਫ਼ ਲੜਾਈ ਦੇ ਉਦਾਹਰਨ ਵੀ ਮਿਲਦੇ ਹਨ, ਜਿਵੇਂ ਸਲੀਮ ਆਪਣੇ ਪਿਤਾ ਅਕਬਰ ਨਾਲ ਅਤੇ ਖੁਸਰੋ ਆਪਣੇ ਪਿਤਾ ਜਹਾਂਗੀਰ ਨਾਲ ਲੜਿਆ। ਔਰੰਗਜ਼ੇਬ ਆਪਣੇ ਪਿਤਾ ਨੂੰ ਕੈਦ ਕਰਕੇ ਅਤੇ ਭਰਾਵਾਂ ਦੀ ਹੱਤਿਆ ਕਰਕੇ ਸੱਤਾ 'ਤੇ ਕਾਬਜ਼ ਹੋਇਆ। ਇਸ ਤਰ੍ਹਾਂ ਸੱਤਾ ਖਾਤਰ ਸੰਘਰਸ਼ਾਂ ਦੌਰਾਨ ਧਰਮਾਂ ਤੋਂ ਹੱਟ ਕੇ ਵੀ ਗਠਜੋੜ ਬਣੇ। ਇਹ ਗੱਲ ਵੀ ਕਾਫ਼ੀ ਮਸ਼ਹੂਰ ਹੈ ਕਿ ਮਹਿਮੂਦ ਗਜ਼ਨਵੀ ਦੀ ਸੈਨਾ ਵਿੱਚ ਹਿੰਦੂ ਵੀ ਸਨ। ਇਸ ਦਾ ਇੱਕ ਸੈਨਾਪਤੀ ਤਿਲਕ ਨਾਂ ਦਾ ਇੱਕ ਬ੍ਰਾਹਮਣ ਸੀ। ਜਦੋਂ ਉਸ ਨੇ ਸੋਮ ਨਾਥ ਦੇ ਮੰਦਿਰ 'ਤੇ ਹਮਲਾ ਕੀਤਾ ਤਾਂ ਉਸ ਦੀ ਮੁਗ਼ਲ ਸੈਨਾ ਦੇ ਨਾਲ ਹਿੰਦੂ ਸੈਨਾ ਵੀ ਸੀ। ਜਦੋਂ ਬਾਬਰ ਨੇ ਇਬਰਾਹਿਮ ਲੋਧੀ 'ਤੇ ਹਮਲਾ ਕੀਤਾ ਤਾਂ ਰਾਣਾ ਸਾਂਗਾ ਬਾਬਰ ਦੇ ਨਾਲ ਸੀ ਅਤੇ ਜਦੋਂ ਅਕਬਰ, ਰਾਣਾ ਪ੍ਰਤਾਪ ਦੇ ਵਿਰੁੱਧ ਲੜਿਆ ਤਾਂ ਰਾਜਾ ਮਾਨ ਸਿੰਘ ਅਕਬਰ ਵੱਲ ਸੀ ਅਤੇ ਹਾਕਮ ਖਾਨ ਸੂਰ ਰਾਣਾ ਪ੍ਰਤਾਪ ਵੱਲ। ਇਹ ਹਾਕਮ ਖ਼ਾਨ ਸੂਰ ਹੀ ਸੀ ਜੋ ਹਲਦੀ ਘਾਟੀ ਦੀ ਰੱਖਿਆ ਕਰ ਰਿਹਾ ਸੀ। ਇਸੇ ਤਰ੍ਹਾਂ ਜੈ ਸਿੰਘ ਔਰੰਗਜ਼ੇਬ ਦੀ ਸੈਨਾ ਦਾ ਸੈਨਾਪਤੀ ਸੀ ਤੇ ਸ਼ਿਵਾਜੀ ਦੇ ਤੋਪਖਾਨੇ ਦਾ ਮੁਖੀਆ ਇੱਕ ਪਠਾਣ ਸੀ। ਦੋਨਾਂ ਵਰਗਾਂ ਦੇ ਫਿਰਕਾਪ੍ਰਸਤ ਲੋਕ, ਇਤਿਹਾਸ ਦੇ ਇਨ੍ਹਾਂ ਤੱਥਾਂ ਨੂੰ ਅੱਖੋਂ-ਪਰੋਖੇ ਕਰ ਦਿੰਦੇ ਹਨ।
    
ਇੱਕ ਹੋਰ ਦੇਖਣ ਵਾਲੀ ਗੱਲ ਇਹ ਹੈ ਕਿ ਫਿਰਕੂ ਇਤਿਹਾਸ ਰਚਨਾ ਅੰਤਰਮੁਖੀ ਦ੍ਰਿਸ਼ਟੀਕੋਣ ਨੂੰ ਲੈ ਕੇ ਚਲਦੀ ਹੈ। ਉਦਾਹਰਣ ਵਜੋਂ ਹਿੰਦੂ ਫਿਰਕਾਪ੍ਰਸਤ, ਕੁਝ ਮੁਗ਼ਲ ਸ਼ਾਸਕਾਂ ਦੁਆਰਾ ਮੰਦਿਰ ਤੋੜਨ ਦੀ ਉਦਾਹਰਣ ਦਿੰਦੇ ਹਨ ਪ੍ਰੰਤੂ ਹਿੰਦੂਆਂ ਅਤੇ ਬੋਧੀਆਂ ਨੇ ਇੱਕ-ਦੂਜੇ ਦੇ ਪੂਜਾ ਸਥਾਨ ਵੀ ਤੋੜੇ ਹਨ, ਇਸ ਗੱਲ ਬਾਰੇ ਚੁੱਪ ਹਨ। ਕਸ਼ਮੀਰ ਦੇ ਬੋਧੀ ਰਾਜਾ ਹਰਸ਼ ਨੇ ਹਿੰਦੂ ਮੰਦਿਰਾਂ ਨੂੰ ਯੋਜਨਾਬੱਧ ਤਰੀਕੇ ਨਾਲ ਤੋੜਿਆ ਅਤੇ ਮੂਰਤੀਆਂ ਨੂੰ ਗਲੀਆਂ ਵਿੱਚ ਘੜੀਸਿਆ। ਉਸਨੇ ਮੰਦਿਰਾਂ ਨੂੰ ਤੋੜਨ ਵਾਸਤੇ ਇੱਕ ਅਧਿਕਾਰੀ ਦੀ ਨਿਯੁਕਤੀ ਕੀਤੀ ਜਿਸ ਨੂੰ ‘ਦੇਵੋਤਪਦਨਾਇਕ' ਕਿਹਾ ਗਿਆ। ਇਸੇ ਤਰ੍ਹਾਂ ਬਹੁਤ ਸਾਰੇ ਹਿੰਦੂ ਸ਼ਾਸਕਾਂ ਨੇ ਬੋਧੀ ਮੰਦਿਰਾਂ ਨੂੰ ਨਸ਼ਟ ਕੀਤਾ। ਪਾਟਲੀਪੱਤਰ ਦੇ ਹਿੰਦੂ ਸ਼ਾਸਕ ਨੇ, ਜਿੱਥੇ ਮਹਾਤਮਾ ਬੁੱਧ ਨੂੰ ਗਿਆਨ ਪ੍ਰਾਪਤ ਹੋਇਆ ਸੀ, ਉਸ ਬੋਧੀ ਦਰਖ਼ਤ ਨੂੰ ਕਟਵਾ ਦਿੱਤਾ ਤੇ ਉਸ ਥਾਂ ਤੇ ਇੱਕ ਹਿੰਦੂ ਮੰਦਰ ਬਣਵਾ ਦਿੱਤਾ। ਇਸੇ ਤਰ੍ਹਾਂ ਹਿੰਦੂ ਰਾਜਿਆਂ ਨੇ ਜੈਨ ਮੰਦਿਰਾਂ ਨੂੰ ਵੀ ਨਸ਼ਟ ਕੀਤਾ। ਇਹ ਵੀ ਅਣਡਿੱਠ ਕੀਤਾ ਜਾਂਦਾ ਹੈ ਕਿ ਔਰੰਗਜ਼ੇਬ ਅਤੇ ਮਹਿਮੂਦ ਗਜ਼ਨਵੀ ਵਰਗੇ ਸ਼ਾਸਕਾਂ ਨੇ ਮਸਜਿਦਾਂ ਵੀ ਤੁੜਵਾਈਆਂ। ਮਹਿਮੂਦ ਗਜ਼ਨਵੀ ਨੇ ਸੋਮਨਾਧ 'ਤੇ ਹਮਲਾ ਕਰਨ ਤੋਂ ਪਹਿਲਾਂ ਲਾਹੌਰ ਦੇ ਹਿੰਦੂ ਰਾਜਿਆਂ ਨਾਲ ਮਿਲ ਕੇ ਮੁਲਤਾਨ ਵਿੱਚ ਕਈ ਮਸਜਿਦਾਂ ਨਸ਼ਟ ਕੀਤਾਆਂ, (ਕਿਉਂਕਿ ਇਹ ਮੁਸਲਮਾਨਾਂ ਦੇ ਇਸਮਾਇਲੀ ਫਿਰਕੇ ਨਾਲ ਸੰਬੰਧਤ ਸਨ)। ਔਰੰਗਜ਼ੇਬ ਨੇ ਜਦ ਗੋਲਕੁੰਡਾ ਦੇ ਆਦਿਲਸ਼ਾਹੀ ਸ਼ਾਸਕ 'ਤੇ ਹਮਲਾ ਕੀਤਾ ਤਾਂ ਉਸਨੇ ਵੀ ਇੱਕ ਮਸਜਿਦ ਤੁੜਵਾਈ। ਇਹ ਗੱਲ ਵੀ ਅਣਡਿੱਠ ਕੀਤੀ ਜਾਂਦੀ ਹੈ ਕਿ ਔਰੰਗਜ਼ੇਬ ਨੇ ਬਨਾਰਸ, ਉਜੈਨ ਆਦਿ ਮੰਦਿਰਾਂ ਨੂੰ ‘ਜਾਗੀਰਾਂ' ਦਿੱਤੀਆਂ ਸਨ।
    
ਇਸ ਕਿਸਮ ਦਾ ਇੱਕਤਰਫਾ ਤੇ ਫਿਰਕੂ ਦ੍ਰਿਸ਼ਟੀਕੋਣ ਇਤਿਹਾਸ ਨੂੰ ਨਾ ਕੇਵਲ ਤੋੜਦਾ-ਮਰੋੜਦਾ ਹੈ, ਬਲਕਿ ਧਾਰਮਿਕ ਭਾਵਨਾਵਾਂ ਨੂੰ ਵੀ ਉਕਸਾਉਂਦਾ ਹੈ। ਫਿਰਕਾਪ੍ਰਸਤ ਸਿਆਸਤਾਨ ਵੀ ਫਿਰਕੂ ਆਧਾਰ 'ਤੇ ਵੋਟਰਾਂ ਨੂੰ ਆਪਣੇ ਪਿੱਛੇ ਲਾਉਣ ਲਈ ਇਸ ਨੂੰ ਇੱਕ ਤਾਕਤਵਰ ਹਥਿਆਰ ਵੱਜੋਂ ਵਰਤਦੇ ਹਨ। ਇਹ ਗੱਲ ਜ਼ਰੂਰੀ ਹੈ ਕਿ ਇਤਿਹਾਸ ਨੂੰ ਵੀ ਦੂਜੇ ਸਮਾਜ-ਵਿਗਿਆਨਾਂ ਦੀ ਤਰ੍ਹਾਂ ਇੱਕ ਵਿਗਿਆਨ ਮੰਨਿਆ ਜਾਵੇ ਤੇ ਇਸਨੂੰ ਸਮਝਣ ਲਈ ਇੱਕ ਵਿਗਿਆਨਕ ਪ੍ਰਣੀਲੀ ਵਿਕਸਿਤ ਕੀਤੀ ਜਾਵੇ। ਇਸ ਨੂੰ ਧਾਰਮਿਕ, ਫਿਰਕੂ ਜਾਂ ਤੰਗ-ਦਿਲ ਨਜ਼ਰੀਏ ਤੋਂ ਉੱਪਰ ਉੱਠ ਕੇ ਸਮੁੱਚਤਾ ਵਿੱਚ ਸਮਝਿਆ ਜਾਵੇ। ਫਿਰਕਾਪ੍ਰਸਤ ਲੋਕਾਂ ਨੂੰ ਆਪਣੇ ਸਿਆਸੀ ਹਿੱਤਾਂ ਲਈ ਇਤਿਹਾਸ ਦੀ ਤੋੜ-ਮਰੋੜ ਦੀ ਖੁੱਲ੍ਹ ਨਹੀਂ ਹੋਣੀ ਚਾਹੀਦੀ।
    
ਇੱਥੇ ਇਸ ਗੱਲ 'ਤੇ ਵੀ ਰੌਸ਼ਨੀ ਪਾਉਣਾ ਮਹੱਤਵਪੂਰਨ ਹੈ ਕਿ ਫਿਰਕਾਪ੍ਰਸਤੀ ਆਧੁਨਿਕ ਵਰਤਾਰਾ ਹੈ, ਮੱਧ ਕਾਲੀਨ ਨਹੀਂ। ਸਾਰ ਰੂਪ ਵਜੋਂ ਇਹ ਅੰਗਰੇਜ਼ੀ ਕਾਲ ਦੀ ਪੈਦਾਵਾਰ ਹੈ। ਇਸ ਦੇ ਕਈ ਕਾਰਨ ਹਨ। ਅੰਗਰੇਜ਼ਾਂ ਨੇ ‘ਪਾੜੋ ਤੇ ਰਾਜ ਕਰੋ' ਦੀ ਨੀਤੀ ਅਪਣਾਈ ਅਤੇ ਹਿੰਦੂ-ਮੁਸਲਮਾਨਾਂ ਵਿੱਚ ਤਣਾਅ ਪੈਦਾ ਕੀਤਾ, ਜੋ ਇਸ ਪੱਧਰ 'ਤੇ ਪਹਿਲਾਂ ਕਦੇ ਵੀ ਨਹੀਂ ਸੀ ਹੋਇਆ। ਅਸਲ ਵਿੱਚ ਅਗਰੇਜ਼ 1857 ਦੀ ਬਗ਼ਾਵਤ (ਆਜ਼ਾਦੀ ਸੰਗਰਾਮ) ਦੌਰਾਨ ਹਿੰਦੂ-ਮੁਸਲਿਮ ਏਕਤਾ ਤੋਂ ਡਰੇ ਹੋਏ ਸਨ, ਜਦੋਂ ਕਿ ਹਿੰਦੂਆਂ ਅਤੇ ਮੁਸਲਮਾਨਾਂ ਨੇ ਬਹਾਦਰਸ਼ਾਹ ਜ਼ਫ਼ਰ ਨੂੰ ਆਪਣਾ ਨੇਤਾ ਐਲਾਨਿਆ ਸੀ।
    
ਅੰਗਰੇਜ਼ਾਂ ਨੇ ਇਤਿਹਾਸ ਲਿਖਣ ਲਈ ਇਲੀਅਟ ਅਤੇ ਡਾਊਸਨ ਦੀਆਂ ਸੇਵਾਵਾਂ ਹਾਂਸਲ ਕੀਤੀਆਂ ਤੇ ਉਨ੍ਹਾਂ ਨੇ ਫਾਰਸੀ ਵਿੱਚੋਂ ਚੋਣਵੇਂ ਸਰੋਤਾਂ ਦਾ ਅਨੁਵਾਦ ਕਰਕੇ ਅਜਿਹੀ ਸਮੱਗਰੀ ਮਹੱਈਆ ਕਰਵਾਈ, ਜਿਹੜੀ ਇਹ ਸਿੱਧ ਕਰਦੀ ਸੀ ਕਿ ਹਿੰਦੂਆਂ ਅਤੇ ਮੁਸਲਮਾਨਾਂ ਵਿੱਚ ਸਦੀਵੀ ਲੜਾਈ ਹੈ। ਇਨ੍ਹਾਂ ਦੋ ਅੰਗਰੇਜ਼ ਇਤਿਹਾਸਕਾਰਾਂ ਨੇ ਮੁਢਲੀ ਇਤਿਹਾਸ ਰਚਨਾ ਨੂੰ ਕਾਫ਼ੀ ਪ੍ਰਭਾਵਿਤ ਕੀਤਾ। ਅੰਗਰੇਜ਼ਾਂ ਦੁਆਰਾ ਇਤਿਹਾਸ ਦੀ ਵੰਡ ‘ਹਿੰਦੂ, ਮੁਸਲਿਮ ਅਤੇ ਅੰਗਰੇਜ਼ੀ' ਦੇ ਰੂਪ ਵਿੱਚ ਕੀਤੀ ਗਈ। ਕਾਲ-ਵੰਡ ਇੱਕ ਸ਼ੈਤਾਨੀ ਚਾਲ ਸੀ। ਅਜਿਹੀ ਕਾਲ-ਵੰਡ ਅਨੁਸਾਰ ਪਹਿਲਾਂ ਦੇ ਯੁੱਗਾਂ ਦੀ ਪਛਾਣ ਧਰਮਾਂ ਰਾਹੀਂ ਕੀਤੀ ਗਈ, ਜਦੋਂ ਕਿ ਆਪਣੇ ਕਾਲ ਦੀ ਪਛਾਣ ਉਨ੍ਹਾਂ ਨੇ ਰਾਸ਼ਟਰੀਅਤਾ ਦੇ ਆਧਾਰ 'ਤੇ ਕੀਤੀ।
    
ਫਿਰਕਾਪ੍ਰਸਤੀ ਦੀ ਉਤਪਤੀ ਦੀ ਕਾਰਨ, ਰਾਜਨੀਤਿਕ ਤੇ ਆਰਥਿਕ ਵਿਵਸਥਾ ਵਿੱਚ ਬਹੁਪੱਖੀ ਬਦਲਾਅ ਵੀ ਹੈ। ਬਸਤੀਵਾਦੀ ਰਾਜਨੀਤੀ ਤੇ ਅਰਥ-ਵਿਵਸਥਾ ਨੇ ਜਗੀਰੂ ਰਾਜਨੀਤੀ ਤੇ ਅਰਥ-ਵਿਵਸਥਾ ਦੀ ਥਾਂ ਲਈ। ਜਗੀਰੂ ਅਰਥ-ਵਿਵਸਥਾ ਅਤੇ ਰਾਜਨੀਤੀ ਦੋਨੋਂ ਮੁਕਾਬਲੇ-ਅਧਾਰਤ ਨਹੀਂ ਸਨ। ਜਗੀਰਦਾਰੀ ਦੌਰ ਵਿੱਚ ਸੱਤਾ ਤਲਵਾਰ ਦੇ ਬਲ 'ਤੇ ਹਾਂਸਲ ਕੀਤੀ ਜਾਂਦੀ ਸੀ, ਜਦੋਂ ਕਿ ਆਧੁਨਿਕ ਜਮਹੂਰੀ ਪ੍ਰਬੰਧ ਵਿੱਚ ਸੱਤਾ ਮੁਕਾਬਲਾ ਮਤ-ਪੇਟੀ ਵਿੱਚੋਂ ਪ੍ਰਾਪਤ ਕੀਤੀ ਜਾਂਦੀ ਹੈ। ਇਸੇ ਤਰ੍ਹਾਂ ਜਗੀਰਦਾਰੀ ਅਰਥ-ਵਿਵਸਥਾ ਮੁਕਾਬਲਾ ਅਧਾਰਿਤ ਨਹੀਂ ਸੀ ਕਿਉਂਕਿ ਉਤਪਾਦਨ ਮੁੱਖ ਰੂਪ ਵਿੱਚ ਸਥਾਨਕ ਵਰਤੋਂ ਲਈ ਹੁੰਦਾ ਸੀ, ਆਧੁਨਿਕ ਪੂੰਜੀਵਾਦੀ ਅਰਥ-ਵਿਵਸਥਾ ਵਾਂਗ ਵਿਆਪਕ ਮੰਡੀ ਲਈ ਨਹੀਂ। ਬਸਤੀਵਾਦੀ ਰਾਜਨੀਤੀ ਤੇ ਅਰਥ-ਵਿਵਸਥਾ ਮੁਕਾਬਲਾ ਅਧਾਰਿਤ ਸਨ। ਅੰਸ਼ਕ ਰੂਪ ਵਿੱਚ ਇਸ ਮੁਕਾਬਲਾ-ਅਧਾਰਤ ਰਾਜਨੀਤੀ ਤੇ ਅਰਥ-ਵਿਵਸਥਾ ਨੇ ਫਿਰਕੂ ਵਰਤਾਰੇ ਨੂੰ ਜਨਮ ਦਿੱਤਾ।
    
ਅੰਗਰੇਜ਼ਾਂ ਨੇ ਬਹੁਤ ਜ਼ਿਆਦਾ ਕਠੋਰ ਲੋਕਤੰਤਰ ਪ੍ਰਣਾਲੀ ਲਾਗੂ ਕੀਤੀ, ਜਿਸ ਨੇ ਦੋ ਪ੍ਰਮੁੱਖ ਫਿਰਕਿਆਂ ‘ਹਿੰਦੂ ਅਤੇ ਮੁਸਲਮਾਨਾਂ' ਦੇ ਕੁਲੀਨ ਵਰਗਾਂ ਵਿੱਚ ਮੁਕਾਬਲੇ ਦੀ ਭਾਵਨਾ ਪੈਦਾ ਕੀਤੀ। ਇਸ ਤਰ੍ਹਾਂ 19ਵੀਂ ਸਦੀ ਦੇ 70ਵਿਆਂ ਦੇ ਸ਼ੁਰੂ ਵਿੱਚ ਜਦੋਂ ਅੰਗਰੇਜ਼ਾਂ ਨੇ ਸਥਾਨਕ ਸਵਰਾਜ ਬਿਲ ਪੇਸ਼ ਕੀਤਾ ਤਾਂ 19ਵੀਂ ਸਦੀ ਦੇ ਮੁਸਲਮਾਨਾਂ ਦੀ ਆਧੁਨਿਕ ਆਵਾਜ਼ ਸਈਦ ਨੇ ਇਹ ਕਹਿ ਕੇ ਇਸ ਦਾ ਵਿਰੋਧ ਕੀਤਾ ਕਿ ਲੋਕਤੰਤਰ ਭਾਰਤ ਦੇ ਅਨੁਕੂਲ ਨਹੀਂ ਹੈ ਅਤੇ ਇਹ ਭਾਰਤ ਦੇ ਦੋ ਪ੍ਰਮੁੱਖ ਫਿਰਕਿਆਂ ਵਿੱਚ ਮੁਕਾਬਲੇ ਨੂੰ ਜਨਮ ਦੇਵੇਗਾ। ਲੋਕਤੰਤਰਿਕ ਕੋਸ਼ਿਸ਼ਾਂ ਨੂੰ ਲਾਗੂ ਕਰਨ ਨਾਲ ਸੱਤਾ ਦੀ ਵੰਡ ਨੂੰ ਲੈ ਕੇ ਹਿੰਦੂਆਂ ਅਤੇ ਮੁਸਲਮਾਨਾਂ ਵਿੱਚ ਤਿੱਖਾ ਵਿਰੋਧ ਪੈਦਾ ਹੋਇਆ। ਮੁਸਲਿਮ ਉੱਚ ਵਰਗ ਨੇ ਕੁਝ ਨਿਸ਼ਚਿਤ ਹਿੱਸੇ ਦੀ ਮੰਗ ਕੀਤੀ, ਜਿਸਦਾ ਹਿੰਦੂ ਕੁਲੀਨ ਵਰਗ ਨੇ ਵਿਰੋਧ ਕੀਤਾ ਤੇ ਇਹ ਸਵਾਲ ਦੇਸ਼ ਦੀ ਵੰਡ ਤੱਕ ਨਾ ਸੁਲਝਾਇਆ ਜਾ ਸਕਿਆ। ਇਸ ਤਰ੍ਹ ਦੋਵਾਂ ਸੰਪਰਦਾਵਾਂ ਦੇ ਉੱਚ ਵਰਗਾਂ ਵਿੱਚ ਰਾਜਨੀਤਿਕ ਮੁਕਾਬਲਾ ਵਧ ਗਿਆ ਤੇ ਇਸ ਨੇ ਵੀ ਫਿਰਕਾਪ੍ਰਸਤੀ ਨੂੰ ਹਵਾ ਦਿੱਤੀ। ਇਸੇ ਤਰ੍ਹਾਂ ਅੰਗਰੇਜ਼ੀ ਸ਼ਾਸਨ ਵਿੱਚ ਨੌਕਰੀ ਪ੍ਰਾਪਤ ਕਰਨ ਦੀ ਹੋੜ ਨੇ ਵੀ ਮਜ਼ਹਬੀ ਭਾਵਨਾਵਾਂ ਨੂੰ ਹੋਰ ਅੱਗੇ ਵਧਾਇਆ। ਅੰਗਰੇਜ਼ੀ ਸ਼ਾਸਕਾਂ ਨੇ ਪ੍ਰਸ਼ਾਸਨ ਦੇ ਉੱਚੇ ਪੱਧਰਾਂ 'ਤੇ ਅੰਗਰੇਜ਼ੀ ਭਾਸ਼ਾ ਲਾਗੂ ਕਰਕੇ ਅਤੇ ਜਿਲ੍ਹਾ ਪੱਧਰ 'ਤੇ ਫਾਰਸੀ ਲਿਪੀ ਵਿੱਚ ਲਿਖੀ ਗਈ ਉਰਦੂ ਜਾਂ ਦੇਵਨਾਗਰੀ ਲਿਪੀ ਵਿੱਚ ਹਿੰਦੀ ਨੂੰ ਲਾਗੂ ਕਰਕੇ ਫਾਰਸੀ ਨੂੰ ਹਟਾਇਆ। ਉੱਤਰ ਪ੍ਰਦੇਸ਼ ਦੇ ਗਵਰਨਰ ਦੇ ਸੂਚਨਾ ਪੱਤਰ ਨੇ ਜਿਲ੍ਹਾ ਪੱਧਰ ਦੀ ਸਰਕਾਰੀ ਨੌਕਰੀ ਦੇ ਚਾਹਵਾਨਾਂ ਲਈ ਦੇਵਨਾਗਰੀ ਲਿਪੀ ਵਿੱਚ ਹਿੰਦੀ ਅਤੇ ਫਾਰਸੀ ਲਿਪੀ ਵਿੱਚ ਉਰਦੂ ਭਾਸ਼ਾ ਦਾ ਗਿਆਨ ਲਾਜ਼ਮੀ ਕਰ ਦਿੱਤਾ। ਇਸ ਨੇ ਹਿੰਦੂਆਂ ਤੇ ਮੁਸਲਮਾਨਾਂ ਵਿੱਚ ਖਿੱਚੋਤਾਣ ਪੈਦਾ ਕੀਤੀ। ਹਿੰਦੂਆਂ ਨੇ ਕਿਹਾ ਕੇ ਦੇਵਨਾਗਰੀ ਲਿਪੀ ਵਿੱਚ ਲਿਖੀ ਹੋਈ ਹਿੰਦੀ, ਪ੍ਰਸ਼ਾਸਨ ਦੀ ਭਾਸ਼ਾ ਹੋਣੀ ਚਾਹੀਦੀ ਹੈ ਤਾਂ ਮੁਸਲਮਾਨਾਂ ਦਾ ਕਹਿਣਾ ਸੀ ਕਿ ਫਾਰਸੀ ਲਿਪੀ ਵਿੱਚ ਲਿਖੀ ਹੋਈ ਉਰਦੂ ਭਾਸ਼ਾ ਇਹ ਸਥਾਨ ਲਵੇ। ਇਸ ਤਰ੍ਹਾਂ ਨੌਕਰੀ ਪ੍ਰਾਪਤ ਕਰਨ ਦੇ ਮਾਧਿਅਮ ਦੇ ਰੂਪ ਵਿੱਚ ਭਾਸ਼ਾ ਨੇ ਹਿੰਦੂ ਅਤੇ ਮੁਸਲਿਮ ਉੱਚ ਵਰਗ ਵਿੱਚ ਵਖਰੇਵਾਂ ਪੈਦਾ ਕੀਤਾ।
    
ਇਹ ਵੀ ਧਿਆਨ ਰੱਖਣਾ ਚਾਹੀਦਾ ਹੈ ਕਿ ਫਿਰਕਾਪ੍ਰਸਤੀ, ਧਾਰਮਿਕ ਵਰਤਾਰਾ ਜਾਂ ਰਵੱਈਆ ਨਹੀਂ ਹੈ ਬਲਕਿ ਇਹ ਇੱਕ ਧਰਮ ਨੂੰ ਮੰਨਣ ਵਾਲੇ ਸਮੂਹ ਦੇ ਹਿੱਤਾਂ ਨਾਲ ਜੁੜੀ ਹੋਈ ਹੈ। ਇਸ ਵਿੱਚ ਕੋਈ ਧਾਰਮਿਕ ਮੱਤਾਂ ਦੇ ਸਵਾਲ 'ਤੇ ਵਿਰੋਧ ਨਹੀਂ ਹੁੰਦਾ ਬਲਕਿ ਸੰਸਾਰਿਕ ਹਿੱਤਾਂ ਦਾ ਆਪਸੀ ਵਿਰੋਧ ਜੁੜਿਆ ਹੁੰਦਾ ਹੈ। ਅਕਸਰ ਉੱਚ-ਵਰਗ, ਧਰਮ ਨੂੰ ਕੇਵਲ ਆਸਥਾ ਜਾਂ ਵਿਸ਼ਵਾਸ਼ ਲਈ ਨਹੀਂ ਬਲਕਿ ਆਪਣੀ ਸਥਾਪਤੀ ਦੀ ਜਾਇਜ਼ਤਾ ਵਜੋਂ ਲੈਂਦਾ ਹੈ। 19ਵੀਂ ਸਦੀ ਤੋਂ ਹੀ ਫਿਰਕਾਪ੍ਰਸਤੀ ਦੀ ਉਤਪਤੀ, ਪੜ੍ਹੇ-ਲਿਖੇ ਮੱਧ-ਵਰਗ ਦੇ ਹਿੱਤਾਂ  ਦੇ ਆਪਸੀ ਵਿਰੋਧ ਤੋਂ ਪੈਦਾ ਹੋਈ ਹੈ ਨਾ ਕਿ ਸਰ ਸਈਅਦ ਅਹਿਮਦ ਖ਼ਾਨ ਨੇ ਉੱਚ ਵਰਗ ਦੇ ਮੁਸਲਿਮ ਲੋਕਾਂ ਦੀ ਅਗਵਾਈ ਕੀਤੀ ਤੇ ਆਮ ਮੁਸਲਮਾਨ ਲੋਕਾਂ ਦੇ ਹਿੱਤਾਂ ਤੋਂ ਪਰ੍ਹੇ ਰਹੇ। ਇਹ ਮੌਲਾਨਾ ਕਾਸਿਮ ਅਹਿਮਦ ਗੰਗੋਹੀ, ਰਸੀਦ ਅਮਿਦ ਨਨਤੋਵੀ ਤੇ ਕਈ ਹੋਰ ਰੂੜ੍ਹੀਵਾਦੀ ਉਲੇਮਾ ਸਨ ਜੋ ਕਿ ਮੁਸਲਮਾਨ ਜਨਤਾ ਦੇ ਸੰਪਰਕ ਵਿੱਚ ਸਨ ਤੇ ਉਹਨਾਂ ਦੇ ਹਿੱਤਾਂ ਦੀ ਅਗਵਾਈ ਕਰਦੇ ਸਨ। ਉਨ੍ਹਾਂ ਰਰੂੜ੍ਹੀਵਾਦੀ ‘ਉਲੇਮਾਂ' ਨੇ ਪੂਰੀ ਤਰ੍ਹਾਂ ਨਾਲ, ਬਿਨਾ ਕਿਸੇ ਸਮਝੋਤੇ ਦੇ ਅੰਗਰੇਜ਼ੀ ਰਾਜ ਦਾ ਵਿਰੋਧ ਕੀਤਾ ਕਿਉਂਕਿ ਇੰਗਲੈਂਡ ਵਿੱਚ ਪੈਦਾ ਕੀਤੀਆਂ ਗਈਆਂ ਵਸਤੂਆਂ ਨੇ ਇੱਥੋਂ ਦੇ ਆਮ ਮੁਸਲਮਾਨਾਂ ਨੂੰ ਦਫ਼ਨ ਕਰ ਦਿੱਤਾ ਸੀ ਤੇ ‘ਉਲੇਮਾ' ਨੂੰ ਉਹਨਾਂ ਸ਼ਕਤੀਆਂ ਤੋਂ ਵਾਂਝੇ ਕਰ ਦਿੱਤਾ ਸੀ ਜੋ ਮੁਸਲਮਿ ਸ਼ਾਸਕਾਂ ਨੇ ਉਨ੍ਹਾਂ ਨੂੰ ਸ਼ਰੀਅਤ ਅਦਾਲਤ ਵਜੋਂ ਦਿੱਤੀਆਂ ਸਨ।
    
1885 ਵਿੱਚ ਜਦੋਂ ਭਾਰਤੀ ਰਾਸ਼ਟਰੀ ਕਾਂਗਰਸ ਬਣੀ ਤਾਂ ਸਰ ਸਈਦ ਅਹਿਮਦ ਖ਼ਾਨ ਨੇ ਮੁਸਲਮਾਨਾਂ ਨੂੰ ਇਸ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਜਦੋਂ ਕਿ ਕਾਸਿਮ ਅਹਿਮਦ ਨਨੋਤਵੀ ਦੀ ਅਗਵਾਈ ਵਿੱਚ ਰੂੜ੍ਹੀਵਾਦੀ ਉਲੇਮਾਂ ਨੇ ਇਸ ਵਿੱਚ ਸ਼ਾਮਲ ਹੋਣ ਦੀ ਸਲਾਹ ਦਿੱਤੀ ਅਤੇ ਹਿੰਦੂ ਭਰਾਵਾਂ ਦੇ ਨਾਲ ਮਿਲ ਕੇ ਅੰਗਰੇਜ਼ੀ ਸ਼ਾਸਨ ਖ਼ਿਲਾਫ ਲੜਨ ਲਈ ਪ੍ਰੇਰਿਤ ਕੀਤਾ। ਇੰਨਾ ਹੀ ਨਹੀਂ ਬਲਕਿ ਮੌਲਾਨਾ ਨਨੋਤਵੀ ਨੇ ਇਸ ਵਿਸ਼ੇ ਵਿੱਚ ਵੱਖ-ਵੱਖ ਉਲੇਮਾਂ ਤੋਂ ਲਗਭਗ 100 ਫ਼ਤਵੇ ਇਕੱਠੇ ਕੀਤੇ ਅਤੇ ‘ਨੁਸਰਤ-ਅਲ-ਅਹਿਰਾਰ' (ਅੰਗਰੇਜ਼ੀ ਰਾਜ ਤੋਂ ਮੁਕਤੀ ਵਾਸਤੇ ਲੜਨ ਵਾਲਿਆਂ ਲਈ) ਨਾਮਕ ਪੁਸਤਕ ਛਪਵਾਈ। ਇਹ ਫ਼ਤਵੇ ਕਹਿੰਦੇ ਸਨ ਕਿ ਅੰਗਰੇਜ਼ੀ ਰਾਜ ਦੇ ਵਿਰੁੱਧ ਜਹਾਦ ਛੇੜ ਦੇਣਾ ਚਾਹੀਦਾ ਹੈ। ਸਰ ਸਈਅਦ ਅਹਿਮਦ ਵਰਗੇ ਆਧੁਨਿਕ ਅਤੇ ਮੌਲਾਨਾ ਨਨੋਤਵੀ ਵਰਗੇ ਰੂੜ੍ਹੀਵਾਦੀ ਦਾ ਆਪਸੀ ਵਿਰੋਧੀ ਰਵੱਈਆ ਇਹ ਦਰਸਾਉਂਦਾ ਹੈ ਕਿ ਫਿਰਕਾਪ੍ਰਸਤੀ ਵਿੱਚ ਧਾਰਮਿਕ ਵਿਰੋਧਤਾ ਨਹੀਂ ਬਲਕਿ ਹਿਤਾਂ ਦੀ ਵਿਰੋਧਤਾ ਹੁੰਦੀ ਹੈ। ਰੂੜ੍ਹੀਵਾਦੀ ਉਲੇਮਾ ਆਪਣੇ ਹਿਤਾਂ ਦੇ ਲਈ ਅੰਗਰੇਜ਼ੀ ਰਾਜ ਦੇ ਵਿਰੁੱਧ ਹਿੰਦੂਆਂ ਨਾਲ ਭਾਈਚਾਰਾ ਕਾਇਮ ਕਰ ਰਹੇ ਸਨ, ਜਦੋਂ ਕਿ ਦੂਜੇ ਪਾਸੇ ਹਿੰਦੂ ਅਤੇ ਮੁਸਲਿਮ ਉੱਚ ਵਰਗ ਆਪਣੇ ਹਿਤਾਂ ਦੇ ਲਈ ਆਪਸ ਵਿੱਚ ਲੜ ਰਿਹਾ ਸੀ ਤੇ ਸਥਿਤੀ ਦਾ ਮਜ਼ਹਬੀਕਰਨ ਕਰ ਰਿਹਾ ਸੀ।
    
‘ਧਰਮ-ਨਿਰਪੱਖਤਾ' ਅਤੇ ‘ਰਾਸ਼ਟਰਵਾਦ' ਵਰਗੀ ਆਧੁਨਿਕ ਸ਼ਬਦਾਵਲੀ ਨੇ ਸਾਧਾਰਨ ਭਾਰਤੀ ਜਨਤਾ ਨੂੰ ਭਰਮਾਇਆ ਨਹੀਂ। ਇਹ ਸ਼ਬਦਾਵਲੀ ਕੇਵਲ ਉੱਚ ਪੜ੍ਹੇ-ਲਿਖੇ ਵਰਗ ਤੱਕ ਸੀਮਤ ਸੀ। ਆਮ ਸਾਧਾਰਵਨ ਜਨਤਾ ਲਈ ਇਸ ਦੇ ਪ੍ਰਤੀ ਕੋਈ ਉਤਸ਼ਾਹ ਨਹੀਂ ਸੀ। ਇਸ ਲਈ ਉਲੇਮਾ ਅਤੇ ਤਿਲਕ ਵਰਗੇ ਵਿਅਕਤੀਆਂ ਨੇ ਭਾਰਤੀ ਜਨਤਾ ਨੂੰ ਅੰਗਰੇਜ਼ੀ ਰਾਜ ਵਿਰੋਧੀ ਸੰਘਰਸ਼ ਵਿੱਚ ਸ਼ਾਮਲ ਕਰਨ ਲਈ ਧਰਮ ਦਾ ਸਹਾਰਾ ਲਿਆ। ਇਸਨੇ 19ਵੀਂ ਸਦੀ ਦੀ ਉਦਾਰਵਾਦੀ ਰਾਜਨੀਤੀ ਵਿੱਚ ਧਰਮ ਨੂੰ ਸ਼ਾਮਿਲ ਕੀਤਾ, ਸ਼ਾਇਦ ਇਸ ਤੋਂ ਇਲਾਵਾ ਕੋਈ ੋਰ ਰਾਹ ਵੀ ਨਹੀਂ ਸੀ। ਅਸਲ ਵਿੱਚ ਇਹ ਸਮੇਂ ਦੀ ਮੰਗ ਸੀ। ਪ੍ਰੰਤੂ ਇਹ ਧਿਆਨ ਰੱਖਣਾ ਵੀ ਮਹੱਤਵਪੂਰਨ ਹੈ ਕਿ ਸੁਤੰਤਰਤਾ ਅੰਦੋਲਨ ਨਾਲ ਧਰਮ ਨੂੰ ਜੋੜਨ ਦੀ ਯੋਜਨਾ ਨੇ ਸਾਡੀ ਰਾਜਨੀਤੀ ਦਾ ਓਨਾ ਮਜ਼ਹਬੀਕਰਨ ਨਹੀਂ ਕੀਤਾ ਜਿੰਨਾ ਕਿ ਦੋ ਫਿਰਕਿਆਂ ਦੇ ਉੱਚ ਵਰਗ ਦੇ ਹਿਤਾਂ ਨੇ। ਇਹ ਅਜੀਬ ਅੰਤਰ ਵਿਰੋਧ ਹੈ ਕਿ ਸਿੱਖਿਅਤ ਉੱਚ ਵਰਗ ਜਿਸਨੇ ਧਰਮ ਨੂੰ ਰਾਜਨੀਤੀ ਨਾਲ ਮਿਲਾਉਣ ਦਾ ਵਿਰੋਧ ਕੀਤਾ, ਉਹ ਸਾਡੀ ਰਾਜਨੀਤੀ ਦੇ ਮਜ਼ਹਬੀਕਰਨ ਲਈ ਜ਼ਿੰਮੇਵਾਰ ਹਨ।

Comments

Sunil Kumar

Bilkul Sach Hai Ji

ਹਰਵਿੰਦਰ ਧਾਲੀਵਾਲ

ਲਗਭਗ ਸਾਰੇ ਸ਼ਾਸਕ, ਹਿੰਦੂ ਜਾਂ ਮੁਸਲਮਾਨ, ਚਾਹੇ ਕਿਸੇ ਵੀ ਧਰਮ ਨਾਲ ਸੰਬੰਧ ਰੱਖਦੇ ਹੋਣ, ਉਹ ਸਭ ਤੋਂ ਪਹਿਲਾਂ ਆਪਣੇ ਰਾਜਨੀਤਿਕ ਹਿੱਤਾਂ ਤੋਂ ਪ੍ਰੇਰਿਤ ਹੁੰਦੇ ਹਨ। ਉਨ੍ਹਾਂ ਦੇ ਧਾਰਮਿਕ ਵਿਸ਼ਵਾਸ ਜਾਂ ਤਾਂ ਕੋਈ ਮਹੱਤਵ ਨਹੀਂ ਰੱਖਦੇ ਜਾਂ ਫਿਰ ਛਿਪੇ ਰਹਿੰਦੇ ਹਨ। ਅਖ਼ੀਰ ਵਿੱਚ ਜੋ ਗੱਲਾਂ ਉਨ੍ਹਾਂ ਦੇ ਰਵੱਈਏ ਨੂੰ ਤਹਿ ਕਰਦੀਆਂ ਹਨ, ਉਹ ਰਾਜਨੀਤਿਕ ਹਿਤ ਹੀ ਹਨ।..ਬਹੁਤ ਵਧੀਆ ਲੇਖ ਹੈ ..ਸਚਾਈ ਦੇ ਨੇੜੇ ਹੈ !

Dr.jiwanjot kaur

Well analysed and well documented with factsbyle

j.singh.1@kpnmail.nl

firkaparati dia jada nu hath paunda bhut hi dalil yukt leekh hai bhut deer bad ania vadhia te satulnat leekh padan nu milia hai.is leekh nu sapashat kardi ik bhut hi ghata film gadar hai. kamal di tulna kiti hai asgar ali ne.

Security Code (required)



Can't read the image? click here to refresh.

Name (required)

Leave a comment... (required)





ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ