Fri, 19 April 2024
Your Visitor Number :-   6983336
SuhisaverSuhisaver Suhisaver

ਅਜੋਕੇ ਦੌਰ ’ਚ ਭਗਤ ਸਿੰਘ ਦੇ ਵਿਚਾਰਾਂ ਦੀ ਸਾਰਥਿਕਤਾ -ਡਾ. ਮੇਹਰ ਮਾਣਕ

Posted on:- 23-03-2013

ਅੱਜ ਸ਼ਹੀਦ ਭਗਤ ਸਿੰਘ ਨੂੰ ਸਾਡੇ ਤੋਂ ਵਿਛੜਿਆਂ 82 ਸਾਲ ਹੋ ਚੁੱਕੇ ਹਨ। ਸ਼ਹੀਦ ਭਗਤ ਸਿੰਘ ਨੇ ਸਾਡੇ ਸਾਹਮਣੇ ਜੋ ਮੁੱਦੇ ਉਭਾਰੇ, ਉਹ ਅੱਜ ਕਿਧਰੇ ਗੁਆਚ ਗਏ ਜਾਪਦੇ ਹਨ। ਹਾਲਾਤ ਸਾਫ਼ ਅਤੇ ਨਿਖਰਨ ਦੀ ਥਾਂ ਧੁੰਦਲੇ ਹੁੰਦੇ ਜਾ ਰਹੇ ਹਨ। ਇਸ ਮਹਾਨ ਇਨਕਲਾਬੀ ਦੇ ਜੀਵਨ ਅਤੇ ਉਸ ਦੇ ਨਜ਼ਰੀਏ ਨੂੰ ਘੋਖਣ ਅਤੇ ਪਰਖਣ ਦੇ ਨਾਲ ਇਹ ਜਾਣਨ ਦੀ ਵੀ ਜ਼ਰੂਰਤ ਹੈ ਕਿ ਆਜ਼ਾਦੀ ਦਾ ਇਹ ਕ੍ਰਾਂਤੀਕਾਰੀ ਨਾਇਕ ਸੰਘਰਸ਼ ਦੇ ਕਿਹੜੇ-ਕਿਹੜੇ ਰੂਪ ਅਖ਼ਤਿਆਰ ਕਰਦਾ ਰਿਹਾ ਤੇ ਉਹ ਜਾਣ ਸਮੇਂ ਸਾਡੇ ਲਈ ਕੀ ਸੁਨੇਹਾ ਤੇ ਜ਼ਿੰਮੇਵਾਰੀ ਸੌਂਪ ਕੇ ਗਿਆ ਹੈ? ਭਗਤ ਸਿੰਘ ਨੂੰ 1919 ਵਿੱਚ ਜਲ੍ਹਿਆਂਵਾਲੇ ਬਾਗ ਦੀ ਘਟਨਾ ਨੇ ਅੰਦਰੋਂ ਹਿਲਾ ਕੇ ਰੱਖਣ ਦੇ ਨਾਲ ਇਹ ਸੋਚਣ ਲਈ ਮਜਬੂਰ ਕਰ ਦਿੱਤਾ ਸੀ ਕਿ ਕਿਵੇਂ ਅੰਗਰੇਜ਼ ਨਿਹੱਥੇ ਲੋਕਾਂ ਉੱਤੇ ਜ਼ੁਲਮ ਦੀ ਇੰਤਹਾ ਦੀਆਂ ਹੱਦਾਂ ਵੀ ਪਾਰ ਕਰ ਸਕਦੇ ਹਨ।
12 ਸਾਲਾਂ ਦੀ ਉਮਰ ’ਚ ਉਸ ਨੇ 1920 ਵਿੱਚ ਹੋਏ ਨਾ-ਮਿਲਵਰਤਨ ਅੰਦੋਲਨ ਵਿੱਚ ਹਿੱਸਾ ਲਿਆ ਸੀ ਪਰ ਗਾਂਧੀਵਾਦੀ ਰਾਜਨੀਤਕ ਕਲਾਬਾਜ਼ੀਆਂ ਉਸ ਨੂੰ ਬਹੁਤਾ ਪ੍ਰਭਾਵਿਤ ਨਹੀਂ ਕਰ ਸਕੀਆਂ ਸਨ। ਉਸ ਨੇ ਆਪਣੀ ਪੜ੍ਹਾਈ ਜਾਰੀ ਰੱਖਦਿਆਂ 1923 ਵਿੱਚ ਨੈਸ਼ਨਲ ਕਾਲਜ ਲਾਹੌਰ ਵਿੱਚ ਦਾਖ਼ਲਾ ਲੈ ਲਿਆ। ਉਸ ਨੇ ਪੰਜਾਬੀ ਭਾਸ਼ਾ ਅਤੇ ਲਿਪੀ ਦੇ ਸਿਰਲੇਖ ਹੇਠ ਇੱਕ ਲੇਖ ਲਿਖ ਕੇ ਪੰਜਾਬੀ-ਹਿੰਦੀ ਸਾਹਿਤ ਸੰਮੇਲਨ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ। ਇਸ ਲੇਖ ਰਾਹੀਂ ਉਸ ਨੇ ਪੰਜਾਬੀ ਸਾਹਿਤ ਤੇ ਪੰਜਾਬ ਨਾਲ ਜੁੜੇ ਮਸਲਿਆਂ ਨੂੰ ਛੂਹਣ ਦੀ ਕੋਸ਼ਿਸ਼ ਕੀਤੀ ਸੀ।



ਹੌਲੀ-ਹੌਲੀ ਉਸ ਦੀ ਚੇਤਨਤਾ ਦਾ ਇਹ ਪ੍ਰਵਾਹ 1926 ਵਿੱਚ ‘ਨੌਜਵਾਨ ਭਾਰਤ ਸਭਾ’ ਦੀ ਹੋਂਦ ਵਜੋਂ ਸਾਹਮਣੇ ਆਇਆ। ਉਸ ਨੇ ‘ਹਿੰਦੋਸਤਾਨ ਰਿਪਬਲਿਕਨ ਆਰਮੀ’ ਵਿੱਚ ਵੀ ਸ਼ਮੂਲੀਅਤ ਕੀਤੀ ਜਿਸ ਦੀ ਅਗਵਾਈ ਰਾਮ ਪ੍ਰਸਾਦ ਬਿਸਮਿਲ, ਚੰਦਰ ਸ਼ੇਖਰ ਆਜ਼ਾਦ ਅਤੇ ਅਸ਼ਫਾਕ ਉੱਲਾ ਖਾਨ ਕਰ ਰਹੇ ਸਨ। ਉਸ ਨੇ ਰਾਜਸੀ ਕਾਰਜ ਵੱਲ ਪੂਰੀ ਲਗਨ ਅਤੇ ਦ੍ਰਿੜਤਾ ਨਾਲ ਤਵੱਜੋਂ ਜਾਰੀ ਰੱਖੀ। ਨੌਜਵਾਨ ਭਾਰਤ ਸਭਾ ਦੇ ਮੈਨੀਫੈਸਟੋ ਵਿੱਚ ਇਹ ਗੱਲ ਸਪਸ਼ਟ ਲਿਖੀ ਗਈ ਸੀ ਕਿ ਅਖੌਤੀ ਲੀਡਰਸ਼ਿਪ ਲੋਕਾਂ ਦਾ ਵਿਸ਼ਵਾਸ ਗੁਆ ਚੁੱਕੀ ਹੈ ਅਤੇ ਉਸ ਕੋਲ ਕੋਈ ਠੋਸ ਪ੍ਰੋਗਰਾਮ ਨਹੀਂ ਹੈ। ਇਸ ਕਰਕੇ ਲੋਕਾਂ ਦਾ ਵਿਸ਼ਵਾਸ ਜਿੱਤਣ ਲਈ ਉਨ੍ਹਾਂ ਨੂੰ ਨਵਾਂ ਪ੍ਰੋਗਰਾਮ ਦੇਣ ਦੀ ਜ਼ਰੂਰਤ ਹੈ।

ਇਸ ਸੰਦਰਭ ਵਿੱਚ ਜਿੱਥੇ ਉਨ੍ਹਾਂ ਨੇ ਆਜ਼ਾਦੀ ਦੇ ਬੁਨਿਆਦੀ ਸਿਧਾਂਤਾਂ ਦੇ ਮਸਲੇ ਉਭਾਰੇ, ਉੱਥੇ ਸਰਬ ਸਾਂਝੇ ਭਾਈਚਾਰੇ ’ਤੇ ਅਧਾਰਿਤ ਸੋਚ ਦੇ ਨਾਲੋਂ ਨਾਲ ਹਰ ਕਿਸਮ ਦੀ ਕੱਟੜਤਾ, ਤੰਗ ਨਜ਼ਰ, ਫ਼ਿਰਕੂ ਤੇ ਜਨੂੰਨੀ ਸੋਚ ਨੂੰ ਕ੍ਰਾਂਤੀ ਦੇ ਰਸਤੇ ਵਿੱਚ ਵੱਡਾ ਰੋੜਾ ਗਰਦਾਨਿਆ। ਕਈ ਲੋਕਾਂ ਨੂੰ ਇਹ ਭੁਲੇਖਾ ਹੈ ਕਿ ਗਾਂਧੀ ਅਤੇ ਭਗਤ ਸਿੰਘ ਵਿਚਕਾਰ ਸਿਰਫ਼ ਹਿੰਸਾ ਤੇ ਅਹਿੰਸਾ ਦੇ ਮੁੱਦੇ ਉੱਤੇ ਮਤਭੇਦ ਸਨ ਜਦਕਿ ਸੱਚਾਈ ਇਸ ਤੋਂ ਕੋਹਾਂ ਦੂਰ ਹੈ। ਭਗਤ ਸਿੰਘ  ਨੇ ਸਪਸ਼ਟ ਕੀਤਾ ਸੀ ਕਿ ਕ੍ਰਾਂਤੀ ਲਈ ਹਥਿਆਰ/ਬੰਦੂਕ ਹੀ ਹੱਲ ਨਹੀਂ ਸਗੋਂ ਇਹ ਮਸਲਾ ਤਾਂ ਹਾਲਾਤ ਦੀ ਮੰਗ ਭਾਵ ਸੰਘਰਸ਼ ਤੇ ਦਾਅ-ਪੇਚ ਨਾਲ ਜੁੜਿਆ ਹੋਇਆ ਹੈ ਕਿਉਂਕਿ ਸੱਤਾ ਖ਼ੁਦ ਹੀ ਹਿੰਸਾ ਕਰਦੀ ਤੇ ਇਸ ਨੂੰ ਉਤਸ਼ਾਹਿਤ ਕਰਨ ਲਈ ਵੰਗਾਰਦੀ ਹੈ। ਭਗਤ ਸਿੰਘ ਨੇ ਲੋਕਾਂ ਸਾਹਮਣੇ ਹਥਿਆਰ ਰੱਖਣ ਦੀ ਥਾਂ ਇੱਕ ਨਿੱਗਰ ਸਿਧਾਂਤ ਅਤੇ ਪ੍ਰੋਗਰਾਮ ਰੱਖਣ ਦੀ ਪਹਿਲ ਕੀਤੀ।

ਉਸ ਨੇ ਕਾਰਲ ਮਾਰਕਸ, ਲੈਨਿਨ ਅਤੇ ਕਈ ਹੋਰ ਮਹਾਨ ਫਿਲਾਸਫਰਾਂ ਦੀ ਲਿਖਤਾਂ ਦਾ ਅਧਿਐਨ ਕੀਤਾ ਸੀ ਜਿਸ ਕਰਕੇ ਉਸ ਦੀਆਂ ਧਾਰਨਾਵਾਂ ਹੋਰ ਵੀ ਸਪਸ਼ਟ ਹੋਈਆਂ। ਆਜ਼ਾਦੀ ਦੇ ਸੰਕਲਪ ਬਾਰੇ ਨੌਜਵਾਨ ਭਾਰਤ ਸਭਾ ਦੇ ਮੈਨੀਫੈਸਟੋ ਵਿੱਚ ਸਪਸ਼ਟ ਲਿਖਿਆ ਹੈ ਕਿ ‘ਜਦੋਂ ਤਕ ਮਨੁੱਖ ਹੱਥੋਂ ਮਨੁੱਖ ਦੀ ਲੁੱਟ ਖ਼ਤਮ ਨਹੀਂ ਹੁੰਦੀ ਉਦੋਂ ਤਕ ਸੰਘਰਸ਼ ਜਾਰੀ ਰੱਖਣਾ ਪਵੇਗਾ ਨਹੀਂ ਤਾਂ ਆਜ਼ਾਦੀ ਦੇ ਅਰਥ ਅਧੂਰੇ ਤੇ ਬੌਣੇ ਹੋਣਗੇ।’ ਸਪਸ਼ਟ ਹੈ ਕਿ ਭਗਤ ਸਿੰਘ ਦੀ ਸੋਚ ਅਤੇ ਕਾਂਗਰਸ ਦੇ ਪ੍ਰੋਗਰਾਮ ਵਿੱਚ ਜ਼ਮੀਨ-ਅਸਮਾਨ ਦਾ ਫ਼ਰਕ ਸੀ ਪਰ ਭਗਤ ਸਿੰਘ ਨੇ ਮਾਰਕਸਵਾਦੀ ਸੋਚ ਦਾ ਧਾਰਨੀ ਹੋਣ ਦੇ ਬਾਵਜੂਦ ਕਦੇ ਵੀ ਕਮਿਊਨਿਸਟ ਪਾਰਟੀ ਦੀ ਮੈਂਬਰਸ਼ਿਪ ਨਹੀਂ ਸੀ ਲਈ, ਸਗੋਂ ਕਰਤਾਰ ਸਿੰਘ ਸਰਾਭਾ ਨਾਲ ਰਲ ਕੇ ਕਿਰਤੀ ਪਾਰਟੀ ਬਣਾਈ ਸੀ ਜਿਸ ਦਾ ਕਾਂਗਰਸ ਤੇ ਕਮਿਊਨਿਸਟ ਪਾਰਟੀ ਨਾਲ ਸਿਧਾਂਤਕ ਵਖਰੇਵਾਂ ਸੀ। ਗ਼ਦਰੀ ਯੋਧਿਆਂ ਅਤੇ ਕਿਰਤੀ ਪਾਰਟੀ ਨੇ ਸ਼ਹੀਦ ਭਗਤ ਸਿੰਘ ਨੂੰ  ਸਭ ਤੋਂ ਵੱਧ ਪ੍ਰਭਾਵਿਤ ਕੀਤਾ ਸੀ। ਕਰਤਾਰ ਸਿੰਘ ਸਰਾਭਾ ਤੋਂ ਉਹ ਬਹੁਤ ਪ੍ਰਭਾਵਿਤ ਸਨ। ਵਿਚਾਰਧਾਰਕ ਵਿਰੋਧਤਾ ਦੇ ਬਾਵਜੂਦ ਉਨ੍ਹਾਂ ਨੇ ਅਖੌਤੀ ਲੀਡਰਾਂ ਲਈ ਕਦੇ ਵੀ ਅਪਸ਼ਬਦ ਨਹੀਂ ਵਰਤੇ ਸਨ।

ਸਿਧਾਂਤਕ ਵਿਰਾਸਤ ਦੇ ਮਾਲਕ ਭਗਤ ਸਿੰਘ ਨੂੰ ਆਪਣੀ ਹੋਣੀ ਬਾਰੇ  ਪਤਾ ਸੀ। ਅੰਗਰੇਜ਼ਾਂ ਨੇ ਉਸ ਦੀ ਜਾਨ ਬਚਾਉਣ ਦੇ ਲਾਰੇ ਲਾ ਕੇ ਉਸ ਨੂੰ ਝੂਠੇ ਕੇਸਾਂ ਵਿੱਚ ਵਾਅਦਾ ਮੁਆਫ਼ ਗਵਾਹ ਬਣਨ ਲਈ ਮਨਾਉਣ ਦੀਆਂ ਅਸਫ਼ਲ ਕੋਸ਼ਿਸ਼ਾਂ ਕੀਤੀਆਂ। ਅੰਗਰੇਜ਼ੀ ਸਾਮਰਾਜ ਨੇ ਕਦੇ ਚੰਗੀ ਜ਼ਿੰਦਗੀ ਜਿਉਣ ਦੇ ਸੁਪਨਮਈ ਲਾਰੇ, ਕਦੇ ਮੌਤ ਦੇ ਭਿਅੰਕਰ ਮੰਜਰਾਂ ਬਾਰੇ ਜੰਜਾਲ ਬੁਣੇ ਪਰ ਉਹ ਅਡੋਲ ਰਿਹਾ। ਭਗਤ ਸਿੰਘ ਅਤੇ ਉਸ ਦੇ ਸਾਥੀਆਂ ਦਾ ਅਸੈਂਬਲੀ ਵਿੱਚ ਬੰਬ ਸੁੱਟਣ ਸਮੇਂ ਨਾਲ ਪੈਫਲੈਂਟ ਸੁੱਟ ਕੇ ਸ਼ਾਸਕ ਲੋਕਾਂ ਲਈ ਸੁਨੇਹਾ ਦੇਣਾ ਸਪਸ਼ਟ ਕਰਦਾ ਹੈ ਕਿ ਉਹ ਅੰਗਰੇਜ਼ ਸ਼ਾਸਕਾਂ ਨੂੰ ਇਹ ਦੱਸ ਦੇਣਾ ਚਾਹੁੰਦੇ ਸਨ ਕਿ ਮਸਲਾ ਮਰਨ ਮਾਰਨ ਦਾ ਨਹੀਂ ਸਗੋਂ ਮਸਲਾ ਆਜ਼ਾਦੀ ਦੀ ਵਿਚਾਰਧਾਰਕ ਅਤੇ ਸਿਧਾਂਤਕ ਸਪਸ਼ਟਤਾ ਨਾਲ ਜੁੜਿਆ ਹੋਇਆ ਹੈ ਪਰ ਮਹਾਤਮਾ ਗਾਂਧੀ ਨੇ ਅਸੈਂਬਲੀ ਵਿੱਚ ਬੰਬ ਸੁੱਟਣ ਦੀ ਘਟਨਾ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਸੀ ਕਿਉਂਕਿ ਗਾਂਧੀ ਜੀ ਦੀ ਆਜ਼ਾਦੀ ਦੀ ਧਾਰਨਾ ਸੱਤਾ ਦੇ ਬੁਨਿਆਦੀ ਚਰਿੱਤਰ ਨੂੰ ਬਦਲਣ ਦੀ ਥਾਂ ਸੱਤਾ ਦਾ ਤਬਾਦਲਾ ਕਰਨ ਵੱਲ ਰੁਚਿਤ ਸੀ।

ਆਖ਼ਰ ਕੌਮੀ ਅਤੇ ਕੌਮਾਂਤਰੀ ਕਾਰਨਾਂ ਸਦਕਾ ਅੰਗਰੇਜ਼ੀ ਸ਼ਾਸਕਾਂ ਨੂੰ ਭਾਰਤੀ  ਸ਼ਾਸਕਾਂ ਦੇ ਹੱਥ ਸੱਤਾ ਦੀ ਵਾਗਡੋਰ 1947 ਨੂੰ ਸੌਂਪਣੀ ਪਈ। 65 ਸਾਲਾਂ ਦੀ ਆਜ਼ਾਦੀ ਵਿੱਚ ਸਾਡੇ ਸ਼ਾਸਕਾਂ ਨੇ ਜਿਹੜਾ ਭਾਰਤ ਸਿਰਜਿਆ ਹੈ, ਅੱਜ ਉਸ ਦੀ ਚਰਚਾ ਸ਼ਹੀਦ ਭਗਤ ਸਿੰਘ ਦੇ ਜੀਵਨ ਅਤੇ ਆਦਰਸ਼ ਦੇ ਸੰਦਰਭ ਵਿੱਚ ਕਰਨੀ ਲਾਜ਼ਮੀ ਬਣ ਹੈ ਕਿਉਂਕਿ ਸਮੱਸਿਆਵਾਂ ਹੱਲ ਹੋਣ ਦੀ ਥਾਂ ਹੋਰ ਵੀ ਕਰੂਰ ਰੂਪ ’ਚ ਸਾਡੇ ਸਾਹਮਣੇ ਖੜ੍ਹੀਆਂ ਹਨ। ਆਜ਼ਾਦੀ ਦਾ ਮਸਲਾ ਭੁੱਖਮਰੀ ਅਤੇ ਗ਼ਰੀਬੀ ਤੋਂ ਵੱਖਰਾ ਕਰਕੇ ਨਹੀਂ ਵੇਖਿਆ ਜਾ ਸਕਦਾ। ਦੁਨੀਆਂ ਵਿੱਚ ਗ਼ਰੀਬਾਂ ਦੀ ਇੱਕ-ਤਿਹਾਈ ਵਸੋਂ ਅੱਜ ਆਜ਼ਾਦ ਭਾਰਤ ਵਿੱਚ ਵਸਦੀ ਹੈ।  ਦੁਨੀਆਂ ਵਿੱਚ ਰਹਿ ਰਹੇ ਬੱਚਿਆਂ ’ਚੋਂ ਹਰ ਤੀਜਾ ਭਾਰਤੀ ਬੱਚਾ ਸਹੀ ਖੁਰਾਕ ਤੋਂ ਵਾਂਝਾ ਹੈ ਤੇ ਭਾਰਤ ਵਿੱਚ ਪੰਜ ਸਾਲ ਤੋਂ ਘੱਟ ਉਮਰ ਵਾਲੇ ਬੱਚਿਆਂ ’ਚੋਂ 42 ਫ਼ੀਸਦੀ ਬੱਚਿਆਂ ਦਾ ਔਸਤਨ ਵਜਨ ਘੱਟ ਹੈ।
ਗੈਰ-ਜਥੇਬੰਦਕ ਖੇਤਰ ਵਿੱਚ 77 ਫ਼ੀਸਦੀ ਕਾਮੇ 20 ਰੁਪਏ ਪ੍ਰਤੀ ਦਿਨ ਤੋਂ ਘੱਟ ਕਮਾ ਕੇ ਵਕਤ ਕੱਟ ਰਹੇ ਹਨ। ਸਰਕਾਰੀ ਅੰਕੜਿਆਂ ਮੁਤਾਬਕ 1997 ਤੋਂ 2007 ਤਕ ਦੋ ਲੱਖ ਤੋਂ ਵੱਧ ਲੋਕ ਖ਼ੁਦਕੁਸ਼ੀ ਕਰ ਚੁੱਕੇ ਹਨ। ਪੰਜਾਬ ਵਰਗੇ ਮੋਹਰੀ ਅਖੌਤੀ ਖ਼ੁਸ਼ਹਾਲ ਰਾਜ ਵਿੱਚ ਵੀ ਹਜ਼ਾਰਾਂ ਕਿਸਾਨ ਖ਼ੁਦਕੁਸ਼ੀ ਕਰ ਚੁੱਕੇ ਹਨ। ਇਹ ਤਾਂ ਪਿੰਡਾਂ ਵਿੱਚ ਵਸਦੇ ਇੱਕ ‘ਭਾਰਤ’ ਦੀ ਮੋਟੀ ਜਿਹੀ ਤਸਵੀਰ ਹੈ, ਸ਼ਹਿਰੀ ਖੇਤਰ ਦੀ ਹਾਲਤ ਸਬੰਧੀ ਖੋਜ ਕਰਨ ਦੀ ਅਥਾਹ ਜ਼ਰੂਰਤ ਹੈ ਜਿੱਥੇ ਅਪਰਾਧ ਆਪਣੀਆਂ ਸਾਰੀਆਂ ਹੱਦਾਂ ਪਾਰ ਕਰ ਚੁੱਕੇ ਹਨ। ਆਰਥਿਕਤਾ ਵਿੱਚ ਆਏ ਨਿਘਾਰ ਨੇ ਮਨੁੱਖ ਨੂੰ ਆਪਣੇ-ਆਪ ਤੋਂ ਹੀ ਤੋੜ ਕੇ ਰੱਖ ਦਿੱਤਾ ਹੈ। ਨਸ਼ੇ, ਲੁੱਟਮਾਰ ਅਤੇ ਬਲਾਤਕਾਰ ਦੀਆਂ ਘਟਨਾਵਾਂ ਦਿਨ-ਬ-ਦਿਨ ਵਧ ਰਹੀਆਂ ਹਨ ਜਦੋਂਕਿ ਦੂਜੇ ਪਾਸੇ ਤਸਵੀਰ ਦਾ ਪੱਖ ਇੱਕ ਇਹ ਵੀ ਹੈ ਕਿ ਇੱਥੇ ਖਰਬਾਂਪਤੀਆਂ ਦੀ ਵੀ ਘਾਟ ਨਹੀਂ ਹੈ। ਭਾਰਤ ਵਿੱਚ ਨਾਬਰਾਬਰਤਾ ਅੱਖੋਂ-ਪਰੋਖੇ ਕਰਨ ਵਾਲਾ ਮਸਲਾ ਨਹੀਂ ਹੈ ਕਿਉਂਕਿ ਇੱਕ ਪਾਸੇ ਜਿੱਥੇ ਅਤਿ ਦੀ ਅਮੀਰੀ ਹੈ, ਉੱਥੇ ਦੂਜੇ ਪਾਸੇ ਬਹੁਤ ਜ਼ਿਆਦਾ ਗ਼ਰੀਬੀ ਹੈ। ਸਾਡੇ ਸ਼ਹੀਦਾਂ ਦਾ ਸੁਪਨਾ ਅਜਿਹੀ ਆਜ਼ਾਦੀ ਨਹੀਂ ਸੀ। ਸਿਰਫ਼ ਪੈਸਿਆਂ ਦੀ ਹੀ ਵੰਡ ਨਹੀਂ ਸਗੋਂ ਜ਼ਮੀਨਾਂ ਉੱਤੇ ਮਾਲਕੀ ਦੇ ਅੰਕੜੇ ਵੀ ਅਜਿਹੀ ਹੀ ਤਸਵੀਰ ਪੇਸ਼ ਕਰਦੇ ਹਨ। ਭਾਰਤ ਵਿੱਚ 80 ਫ਼ੀਸਦੀ ਲੋਕਾਂ ਕੋਲ ਸਿਰਫ਼ 20 ਫ਼ੀਸਦੀ ਜ਼ਮੀਨ ਤੇ ਛੋਟੀ ਮਾਲਕੀ ਹੈ। ਛੋਟੇ ਕਿਸਾਨਾਂ ਨੂੰ ਖੇਤੀ ਤੋਂ ਬਾਹਰ ਕੀਤਾ ਜਾ ਰਿਹਾ ਹੈ। ਉਪਜਾਊ ਜ਼ਮੀਨਾਂ ਵਿੱਚ ਫ਼ਸਲਾਂ ਦੀ ਥਾਂ ਇੱਟਾਂ, ਪੱਥਰ, ਰੇਤਾ ਅਤੇ ਬਜਰੀ ਝੋਂਕਿਆ ਜਾ ਰਿਹਾ ਹੈ। ਇਹ ਵਿਕਾਸ ਕਿਸ ਲਈ, ਕਿਨ੍ਹਾਂ ਲਈ ਅਤੇ ਕਿਨ੍ਹਾਂ ਦੀ ਬਦੌਲਤ ਕੀਤਾ ਜਾ ਰਿਹਾ ਹੈ? ਅੱਜ ਬਹੁਤ ਵੱਡੀ ਵਸੋਂ ਦਾ ਹਿੱਸਾ ਬਿਨਾਂ ਛੱਤ ਅਸਮਾਨ ਹੇਠ ਸੌਂਦਾ ਹੈ। 65 ਸਾਲਾਂ ਦੀ ਆਜ਼ਾਦੀ ਦੀ ਵਿਰਾਸਤ ਵਿੱਚ ਭਾਰਤ ਭੁੱਖਮਰੀ, ਕੰਗਾਲੀ ਅਤੇ ਬੇਰੁਜ਼ਗਾਰੀ ਦੀਆਂ ਸਿਖ਼ਰਾਂ ਛੋਹ ਰਿਹਾ ਹੈ।

ਅੱਜ ਸੰਸਦ ਮੈਂਬਰਾਂ ਜਾਂ ਅਸੈਂਬਲੀਆਂ ਵਿੱਚ ਚੁਣੇ ਹੋਏ ਨੁਮਾਇੰਦਿਆਂ ਖ਼ਿਲਾਫ਼ ਸੱਚ ਦਾ ਚਿੱਠਾ ਖੋਲ੍ਹਣ ਵਾਲਾ ‘ਦੇਸ਼ ਧਰੋਹੀ’ ਬਣ ਜਾਂਦਾ ਹੈ ਕਿਉਂਕਿ ਅਜੋਕੀ ਰਾਜਸੀ ਲੀਡਰਸ਼ਿਪ ਵਿੱਚ ਬਹੁ-ਗਿਣਤੀ ਉਨ੍ਹਾਂ ਦੀ ਹੈ ਜਿਨ੍ਹਾਂ ਨੇ ਕੋਈ ਨਾ ਕੋਈ ‘ਵਿਸ਼ੇਸ਼ ਕਾਰਨਾਮਾ’ ਕਰ ਕੇ ਆਪਣਾ ਨਾਮ ਤੇ ‘ਰਾਜਸੀ ਟਿਕਟ ਪ੍ਰਾਪਤੀ ਦਾ ਸਨਮਾਨ’ ਖੱਟਿਆ ਹੈ। ਇਸ  ਜਮਹੂਰੀ ਨਿਜ਼ਾਮ ਵਿੱਚ ਇੱਕ ਵਿਸ਼ੇਸ਼ ਕੁਨਬਾਪਰਵਰੀ ਤਬਕਾ ਪੈਦਾ ਹੋ ਚੁੱਕਿਆ ਹੈ ਜਿਸ ਦੇ ਹੱਥਾਂ ਵਿੱਚ ਭਾਰਤ ’ਚ ਵਸਦੇ ਕਰੋੜਾਂ ਸਧਾਰਨ ਲੋਕਾਂ ਦੀ ਵਾਗਡੋਰ ਹੈ। ਸਿਆਸੀ ਲੀਡਰਸ਼ਿਪ ਦੇ ਸਿਰਫ਼ ਬੰਦਿਆਂ ਅਤੇ ਝੰਡਿਆਂ ਵਿੱਚ ਫ਼ਰਕ ਹੈ ਪਰ ਡੰਡਿਆਂ ਤੇ ਏਜੰਡਿਆਂ ਵਿੱਚ ਨਹੀਂ। ਮੱਧ ਵਰਗ ਜੋ ਭਾਰਤੀ ਸਮਾਜ ਦਾ ਇੱਕ ਵੱਡਾ ਵਰਗ ਹੈ, ਵੋਟਿੰਗ ਪ੍ਰਣਾਲੀ ਤੋਂ ਦੂਰੀ ਬਣਾ ਕੇ ਚੱਲ ਰਿਹਾ ਹੈ। ਮੌਜੂਦਾ ਨਿਜ਼ਾਮ ਵਿੱਚ ਉਪਰ ਤੋਂ ਲੈ ਕੇ ਹੇਠਾਂ ਤਕ ਭ੍ਰਿਸ਼ਟਾਚਾਰ ਅਤੇ ਘੁਟਾਲਿਆਂ ਦੀ ਭਰਮਾਰ ਹੈ। ਜੇਕਰ ਇਹ ਸਾਰਾ ਧਨ ਭਾਰਤੀ ਲੋਕਾਂ ਦੀ ਭਲਾਈ ਲਈ ਲਾ ਦਿੱਤਾ ਜਾਵੇ ਤਾਂ ਦੇਸ਼ ਅੰਦਰ ਗ਼ਰੀਬੀ, ਭੁੱਖਮਰੀ, ਕੰਗਾਲੀ, ਬੇਰੁਜ਼ਗਾਰੀ ਤੇ ਗੰਭੀਰ ਬੀਮਾਰੀਆਂ ਦਾ ਨਾਮੋ-ਨਿਸ਼ਾਨ ਮਿਟ ਜਾਵੇਗਾ ਪਰ ਇਹ ਹੋਣਾ ਸੰਭਵ ਨਹੀਂ ਹੈ ਕਿਉਂਕਿ ਨੇਤਾ ਤੇ ਅਫ਼ਸਰ ਇਸ ਅਸਾਵੇਂ ਸਮਾਜ ਵਿਚਲੇ ਪਾੜੇ ਨੂੰ ਹਰ ਕੀਮਤ ’ਤੇ ਬਰਕਰਾਰ ਰੱਖਣਾ ਚਾਹੁੰਦੇ ਹਨ। ਇਸ ਸੰਦਰਭ ਵਿੱਚ ਅੱਜ ਵੀ ਭਗਤ ਸਿੰਘ ਦੀਆਂ ਲਿਖਤਾਂ ਦੀ ਸਾਰਥਿਕਤਾ ਬਣੀ ਹੋਈ ਹੈ। ਉਹ ਹਰ ਤਰ੍ਹਾਂ ਦੇ ਦੰਭ-ਪਖੰਡ ਅਤੇ ਭੁਲੇਖਿਆਂ ਤੋਂ ਪਰਦਾ ਚੁੱਕਦਾ ਹੈ। ਸਾਡੀ ਬਦਕਿਸਮਤੀ ਇਹ ਹੈ ਕਿ ਅੱਜ ਲੋਕਾਂ ਦੀਆਂ ਕਾਰਾਂ ਦੇ ਪਿੱਛੇ ਭਗਤ ਸਿੰਘ ਦੇ ਸਿਰ ’ਤੇ ਜਾਂ ਤਾਂ ਪੀਲੀ ਪੱਗ ਬੰਨ੍ਹਾਈ ਹੁੰਦੀ ਹੈ ਜਾਂ ਹੱਥ ’ਚ ਪਿਸਤੌਲ ਫੜਾਇਆ ਹੁੰਦਾ ਹੈ। ਭਗਤ ਸਿੰਘ ਦੇ ਅਜਿਹੇ ਵਿਗਾੜੇ ਹੋਏ ਅਕਸ ਪਿੱਛੇ ਇੱਕ ਨਹੀਂ, ਸਗੋਂ ਬਹੁਤ ਸਾਰੇ ਕਾਰਨ ਹਨ ਜਿਨ੍ਹਾਂ ਵਿੱਚ ਕਿਸੇ ਵੀ ਸਰਕਾਰ ਵੱਲੋਂ ਉਸ ਦੀਆਂ ਮੂਲ ਲਿਖਤਾਂ ਨੂੰ ਸਕੂਲਾਂ ਜਾਂ ਕਾਲਜਾਂ ਵਿੱਚ ਪੜ੍ਹਾਉਣ ਤੋਂ ਟਾਲਾ ਵੱਟਣਾ ਵੀ ਸ਼ਾਮਲ ਹੈ। ਅਜਿਹੀ ਸਥਿਤੀ ਦਾ ਰਾਜ ਕਰਨ ਵਾਲੀਆਂ ਸਿਆਸੀ ਧਿਰਾਂ ਅਤੇ ਫ਼ਿਲਮਾਂ ਨੇ ਖ਼ੂਬ ਲਾਹਾ ਖੱਟਿਆ ਹੈ। ਅੱਜ ਜਦੋਂ ਭਾਰਤ ਅਤੇ ਖ਼ਾਸ ਕਰਕੇ ਪੰਜਾਬ, ਇਤਿਹਾਸ ਦੇ ਕੌੜੇ ਸੱਚ ਨੂੰ ਅੱਖਾਂ ਖੋਲ੍ਹ ਕੇ ਪੜ੍ਹਨ ਦੀ ਥਾਂ ਮਿਥਿਹਾਸ ਦੇ ਅੰਨ੍ਹੇ ਸਮੁੰਦਰ ਵਿੱਚ ਡੁਬਕੀਆਂ ਮਾਰ ਰਿਹਾ ਹੈ ਤਾਂ ਅਜਿਹੀ ਸਥਿਤੀ ਵਿੱਚ ਭਗਤ ਸਿਘ ਦੇ ਮੂਲ ਸਰੂਪ ਤੇ ਸਿਧਾਂਤ ’ਤੇ ਹਮਲਾ ਹੋਣਾ ਸੁਭਾਵਿਕ ਹੈ। ਸਾਨੂੰ ਇਸ ਸਬੰਧੀ ਸੁਚੇਤ ਹੋਣ ਦੀ ਜ਼ਰੂਰਤ ਹੈ।

ਸਾਮਰਾਜੀ ਤਾਕਤਾਂ ਹਮੇਸ਼ਾ ਹੀ ਕਾਨੂੰਨ ਦੇ ਨਾਂ ਹੇਠ ਆਪਣੀ ਲੁੱਟ ਅਤੇ ਜਬਰ ਨੂੰ ਵਾਜਬ ਠਹਿਰਾਉਣ ਦੀ ਕੋਸ਼ਿਸ਼ ਕਰਦੀਆਂ ਆਈਆਂ ਹਨ। ਸਾਂਡਰਸ ਦੇ ਕਤਲ ਕੇਸ, ਜਿਸ ਤਰੀਕੇ ਨਾਲ ਟਰਾਇਲ ਚੱਲਿਆ, ਉਹ ਜੱਗ-ਜਾਹਰ ਹੈ। ਉਸ ਨੇ ਅਖੌਤੀ ਜਮਹੂਰੀ ਨਿਜ਼ਾਮਾਂ ਦੇ ਅਸੂਲਾਂ ਦੀਆਂ ਕਰਤੂਤਾਂ ਦੇ ਕਾਲੇ ਕਾਰਨਾਮੇ ਨੰਗੇ ਕਰ ਕੇ ਰੱਖ ਦਿੱਤੇ ਸਨ। ਸ਼ਹੀਦ ਭਗਤ ਸਿੰਘ ਅਤੇ ਉਸ ਦੇ ਸਾਥੀ ਜਿਸ ਕਾਰਜ ਲਈ ਲੜੇ, ਉਹ ਸਪਸ਼ਟ ਤੌਰ ’ਤੇ ਅਜੇ ਵੀ ਅਧੂਰਾ ਹੈ। ਹੁਣ ਇਹ ਵੇਖਣਾ ਹੈ ਕਿ ਅਜੋਕੀ ਪੀੜ੍ਹੀ ਸ਼ਹੀਦ ਭਗਤ ਸਿੰਘ ਪ੍ਰਤੀ ਆਪਣੀ ਜ਼ਿੰਮੇਵਾਰੀ ਨੂੰ ਕਿਵੇਂ, ਕਦੋਂ ਅਤੇ ਕਿਸ ਰੂਪ ਵਿੱਚ ਨਿਭਾਉਂਦੀ ਹੈ?
    

ਸੰਪਰਕ: 98151-36137

Comments

Security Code (required)



Can't read the image? click here to refresh.

Name (required)

Leave a comment... (required)





ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ