Fri, 19 April 2024
Your Visitor Number :-   6985069
SuhisaverSuhisaver Suhisaver

‘ਸਾਡਾ ਹੱਕ’ ਫ਼ਿਲਮ ਉੱਤੇ ਰੋਕ ਕਿੱਥੋਂ ਤੱਕ ਜਾਇਜ਼?- ਗੁਰਪ੍ਰੀਤ ਸਿੰਘ

Posted on:- 11-04-2013

suhisaver

ਸਿੱਖ ਅੱਤਵਾਦ ਬਾਰੇ ਵਿਵਾਦ-ਗ੍ਰਸਤ ਫਿ਼ਲਮ ‘ਸਾਡਾ ਹੱਕ’ ਉੱਪਰ ਭਾਰਤ ਵਿੱਚ ਲਾਈ ਗਈ ਪਾਬੰਦੀ ਪੂਰੀ ਤਰ੍ਹਾਂ ਗ਼ੈਰ-ਸਵਿੰਧਾਨਿਕ ਹੈ। ਇਹ ਫਿ਼ਲਮ ਪੰਜਾਬ ਵਿੱਚ ਧਰਮ ਅਧਾਰਤ ਸਿੱਖ-ਸਤਾਨ ਲੲ ਇੱਕ ਦਹਾਕਾ ਚੱਲੇ ਵੱਖਵਾਦੀ ਹਥਿਆਰਬੰਦ ਸੰਘਰਸ਼ ਉੱਤੇ ਅਧਾਰਤ ਹੈ।

ਦੁਨੀਆਂ ਦੀ ਸਭ ਤੋਂ ਵੱਡੀ ਲੋਕਤੰਤਰ ਹੋਣ ਦੇ ਬਾਵਜੂਦ, ਪੰਜਾਬ, ਹਰਿਆਣਾ, ਅਤੇ ਜੰਮੂ-ਕਸ਼ਮੀਰ ਦੀਆਂ ਸਰਕਾਰਾਂ ਨੇ ਇਸ ਫਿ਼ਲਮ ਉੱਪਰ ਪਾਬੰਦੀ ਲਾ ਦਿੱਤੀ ਹੈ ਜਿਹੜੀ ਕਿ ਅੱਤਵਾਦ ਦੌਰਾਨ ਪੁਲਸੀ ਜ਼ੁਲਮ ਅਤੇ ਸਟੇਟ ਜ਼ੁਲਮ ਨੂੰ ਨੰਗਾ ਕਰਦੀ ਹੈ।



ਇਹ ਪਾਬੰਦੀ ਮੂਲਵਾਦੀ ਹਿੰਦੂਆਂ ਦੇ ਉਹਨਾਂ ਰੋਸ ਮੁਜ਼ਾਹਰਿਆਂ ਤੋਂ ਮਗਰੋਂ ਆਇਦ ਹੋਈ ਹੈ ਜਿਨ੍ਹਾਂ `ਚ ਇਹ ਇਤਰਾਜ਼ ਉਠਾਇਆ ਗਿਆ ਸੀ ਕਿ ਇਹ ਫ਼ਿਲਮ ਸਿੱਖ ਅੱਤਵਾਦ ਨੂੰ ਵਡਿਆਉਂਦੀ ਹੈ। ਇਸ ਤੋਂ ਪਹਿਲਾਂ ਭਾਰਤ ਦੇ ਸੈਂਸਰ ਬੋਰਡ ਨੇ ਇਸ ਫ਼ਿਲਮ ਨੂੰ ਰੋਕਣ ਦੀ ਕੋਸਿ਼ਸ਼ ਕੀਤੀ ਸੀ।  ਮਜ਼ੇ ਦੀ ਗੱਲ ਇਹ ਹੈ ਕਿ ਪੰਜਾਬ `ਚ ਰਾਜ ਕਰ ਰਹੀ ਉਸੇ ਅਕਾਲੀ ਸਰਕਾਰ ਨੇ ਇਸ ਫ਼ਿਲਮ ਉੱਪਰ ਪਾਬੰਦੀ ਲਾਈ ਹੈ ਜਿਹੜੀ ਬੀਤੇ ਵਿੱਚ ਸਿੱਖ ਮੂਲਵਾਦ ਨੂੰ ਸਲਾਹੁੰਦੀ ਰਹੀ ਹੈ ਅਤੇ ਹੁਣ ਵੀ ਸਲਾਹ ਰਹੀ ਹੈ। ਪੰਜਾਬ ਦੇ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਨੇ ਕਿਹਾ ਹੈ ਕਿ ਉਹ ਪੰਜਾਬ ਵਿੱਚ ਅਮਨ ਨੂੰ ਆਂਚ ਨਹੀਂ ਆਉਣ ਦੇਵੇਗਾ।

ਅਸਲ ਵਿੱਚ ਇਹ ਫ਼ਿਲਮ ਅਸਿੱਧੇ ਤੌਰ `ਤੇ, 1995 `ਚ ਇੱਕ ਕਾਰ-ਬੰਬ ਰਾਹੀਂ ਕਤਲ ਕੀਤੇ ਗਏ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਾਤਲਾਂ ਨੂੰ ਵਡਿਆਉਂਦੀ ਹੈ। ਇਹ ਫ਼ਿਲਮ ਅਸਲੀ ਘਟਨਾਵਾਂ ਉੱਤੇ ਅਧਾਰਤ ਹੈ ਪਰ ਕਲਪਿਤ ਕਥਾ ਦਾ ਭੁਲੇਖਾ ਦੇਣ ਲਈ ਇਸ ਵਿਚਲੇ ਪਾਤਰਾਂ ਦੇ ਨਾਮ ਬਦਲੇ ਹੋਏ ਹਨ। ਇਹ ਫ਼ਿਲਮ ਇਹ ਖੁਲਾਸਾ ਕਰਦੀ ਹੈ ਕਿ ਇਨਾਮਾ ਦੇ ਪੈਸੇ ਨਾਲ ਜੇਬਾਂ ਭਰਨ ਲਈ ਅਤੇ ਤਰੱਕੀਆਂ ਹਾਸਲ ਕਰਨ ਲਈ ਪੁਲਸੀਆਂ ਨੇ ਕਿਵੇਂ ਤਸੀਹੇ ਦੇਣ, ਬਲਾਤਕਾਰ ਕਰਨ ਅਤੇ ਗੈਰ-ਕਾਨੂੰਨੀ ਕਤਲਾਂ ਦਾ ਰਸਤਾ ਅਖਤਿਆਰ ਕੀਤਾ।

ਪੰਜਾਬ ਵਿਚਲੇ ਉਸ ਕਾਲੇ ਦੌਰ `ਚ ਅਕਾਲੀ ਦਲ ਨੇ ਆਮ ਕਰ ਕੇ ਸਿੱਖ ਦਹਿਸ਼ਤਗਰਦਾਂ ਦਾ ਪੱਖ ਹੀ ਪੂਰਿਆ।

ਸੂਬੇ ਦੇ ਬਹੁਤੇ ਸਿੱਖਾਂ ਵਿੱਚ ਹਰਮਨ ਪਿਆਰੀ ਪਾਰਟੀ ਹੋਣ ਕਰ ਕੇ, ਅਕਾਲੀ ਲੀਡਰ ਮਾਰੇ ਗਏ ਅੱਤਵਾਦੀਆਂ ਦੇ ਸਸਕਾਰਾਂ ਉੱਪਰ ਜਾਂਦੇ ਅਤੇ ਪੁਲਸੀ ਜਬਰ ਦੇ ਖਿ਼ਲਾਫ਼ ਜਜ਼ਬਾਤੀ ਤਕਰੀਰਾਂ ਕਰਦੇ। ਇਥੋਂ ਤੀਕ ਕਿ ਬਾਦਲ ਖ਼ੁਦ ਹੀ ਅੱਤਵਾਦੀਆਂ ਦੇ ਅਜੰਡੇ ਦਾ ਹਮਾਇਤੀ ਸੀ। ਅੱਜ ਅਕਾਲੀ ਦਲ ਹਿੰਦੂ ਰਾਸ਼ਟਰਵਾਦੀ ਪਾਰਟੀ ਬੀ ਜੇ ਪੀ ਨਾਲ਼ ਸਾਂਝੀ ਸਰਕਾਰ ਚਲਾ ਰਿਹਾ ਹੈ। ਸੂਬੇ ਦੇ ਪੁਲਸ ਮੁਖੀ ਸੁਮੇਧ ਸੈਨੀ ਉੱਪਰ ਇਹ ਦੋਸ਼ ਹਨ ਕਿ ਅੱਤਵਾਦ ਦੇ ਖਿ਼ਲਾਫ਼ ਲੜੀ ਲੜਾਈ ਦੌਰਾਨ, ਉਸ ਨੇ ਮਨੁੱਖੀ ਹੱਕਾਂ ਦੀ ਘੋਰ ਉਲੰਘਣਾ ਕੀਤੀ। ਉਸ ਦੀਆਂ ਕਾਰਵਾਈਆਂ ਨੂੰ ਪਰਸਿੱਧ ਅਮਰੀਕਨ ਐਕਟਰ ਕਲਿੰਟ ਈਸਟਵੁੱਡ ਦੇ ‘ਗੰਦੇ ਹੈਰੀ’ ਕਿਰਦਾਰ ਨਾਲ ਤੁਲਨਾਇਆ ਜਾਂਦਾ ਹੈ।

ਪੰਜਾਬ ਸਰਕਾਰ ਦਾ ਇੱਕ ਹੋਰ ਵਿਰੋਧੀ ਪੈਂਤੜਾ ਇਹ ਨਜ਼ਰ ਆਉਂਦਾ ਹੈ ਕਿ ਉਹ ਬੇਅੰਤ ਸਿੰਘ ਦੇ ਕਤਲ ਵਿੱਚ ਸ਼ਾਮਲ ਹੋਣ ਦੇ ਦੋਸ਼ ਤਹਿਤ ਮੌਤ ਦੀ ਸਜ਼ਾ ਦਾ ਸਾਹਮਣਾ ਕਰ ਰਹੇ ਬਲਵੰਤ ਸਿੰਘ ਰਾਜੋਆਣਾ ਲਈ ਰਹਿਮ ਦੀ ਅਪੀਲ ਦਾ ਫੈਸਲਾ ਲੈ ਚੁੱਕੀ ਹੈ। ਇਹ ਨਹਾਇਤ ਸ਼ਰਮਨਾਕ ਗੱਲ ਹੈ ਕਿ ਕਿਸੇ ਵਕਤ ਕੇਂਦਰ ਦੀ ਕਾਂਗਰਸ ਸਰਕਾਰ ਵੱਲੋਂ ਲਾਈ ਐਮਰਜੰਸੀ ਅਤੇ ਸੈਂਸਰਸਿ਼ਪ ਦੇ ਵਿਰੁੱਧ ਉੱਠਣ ਵਾਲੇ ਅਕਾਲੀ ਤੇ ਬੀ ਜੇ ਪੀ ਏਨੇ ਨੀਵੇਂ ਪੱਧਰ ਤੀਕ ਗਿਰ ਗਏ ਹਨ।

ਆਜ਼ਾਦ ਬੋਲਣ ਤੇ ਨਫ਼ਰਤੀ ਬੋਲਣ `ਚ ਅੰਤਰ ਹੁੰਦਾ ਹੈ, ਅਤੇ ਨਫ਼ਰਤ ਫੈਲਾਉਣ ਵਾਲੀਆਂ ਫਿਲਮਾਂ ਨੂੰ ਬੇਰੋਕ ਨਹੀਂ ਕੀਤਾ ਜਾਣਾ ਚਾਹੀਦਾ, ਲੇਕਿਨ ‘ਸਾਡਾ ਹੱਕ’ ਫਿ਼ਲਮ ਕਿਸੇ ਖਾਸ ਭਾਈਚਾਰੇ ਦੇ ਖਿ਼ਲਾਫ਼ ਨਫ਼ਰਤ ਫੈਲਾਉਂਦੀ ਨਜ਼ਰ ਨਹੀਂ ਆਉਂਦੀ। ਇਹ ਇੱਕ ਵੱਖਰਾ ਵਿਸ਼ਾ ਹੈ ਕਿ ਫਿ਼ਲਮ ਵਿੱਚ ਕਈ ਕਮਜ਼ੋਰੀਆਂ ਹਨ ਅਤੇ ਇਹ ਇੱਕ-ਪਾਸੜ ਪਰਚਾਰ ਦਾ ਨਮੂਨਾ ਹੈ, ਪਰ ਇਹ ਗੱਲਾਂ ਪਬੰਦੀ ਲਾਉਣ ਦਾ ਅਧਾਰ ਨਹੀਂ ਬਣਦੀਆਂ। ਇਹ ਹਕੀਕਤ ਹੈ ਕਿ ਇਹ ਫਿ਼ਲਮ ਅੱਧਾ ਸੱਚ ਹੀ ਦਰਸਾਉਂਦੀ ਹੈ ਕਿਉਂਕਿ ਇਹ ਅੱਤਵਾਦੀਆਂ ਵੱਲੋਂ ਕੀਤੇ ਗਏ ਜ਼ੁਲਮਾਂ ਬਾਰੇ ਪੂਰੀ ਤਰ੍ਹਾਂ ਖ਼ਾਮੋਸ਼  ਹੈ। ਇਹ ਬਹੁਤਾ ਕਰਕੇ ਵੱਖਵਾਦੀਆਂ ਦੇ ਹੱਕਾਂ ਬਾਰੇ ਹੈ  ਅਤੇ ਜਿਹੜੇ ਰਾਜਨੀਤਕਾਂ ਅਤੇ ਆਮ ਲੋਕਾਂ ਨੂੰ ਅੱਤਵਾਦੀਆਂ ਨੇ ਮਾਰਿਆ ਉਹਨਾਂ ਬਾਰੇ ਇਹ ਫਿ਼ਲਮ ਕੁਝ ਨਹੀਂ ਕਹਿੰਦੀ।

ਇਸ ਫਿ਼ਲਮ `ਚ ਕਿਰਦਾਰ ਨਿਭਾਉਣ ਵਾਲ਼ੇ ਮਨੁੱਖੀ ਹੱਕਾਂ ਦੇ ਕੁਝ ਪ੍ਰਮੁਖ ਸਰਗਰਮੀਕਾਰਾਂ ਨੇ ਇਹ ਕਿਹਾ ਹੈ ਕਿ ਇਹ ਫਿਲਮ ਕਲਾ ਦਾ ਨਮੂਨਾ ਹੋਣ ਦੀ ਥਾਂ ਪਰਚਾਰ ਪਰਾਪੇਗੰਡਾ ਹੀ ਹੈ। ਫਿਲਮ ਦੇ ਮੁੱਢ ਵਿੱਚ ਧੰਨਵਾਦ ਦਾ ਇੱਕ ਨੋਟ ਨਜ਼ਰੀਂ ਪੈਂਦਾ ਹੈ ਜਿਸ ਵਿੱਚ ਸਿੱਖ-ਸਤਾਨ ਦੀ ਵਕਾਲਤ ਕਰਨ ਵਾਲੇ ਇੱਕ ਮੀਡੀਆ ਗਰੁੱਪ ਦਾ ਧੰਨਵਾਦ ਕੀਤਾ ਗਿਆ ਹੈ। ਇਹ ਫਿ਼ਲਮ ਇਹ ਭੁਲੇਖਾ ਪਾਉਂਦੀ ਹੈ ਕਿ ਧਾਰਮਿਕ ਵੱਖਵਾਦੀ ਸ਼ਾਇਦ ਸਿਸਟਮ ਦੇ ਖਿਲਾਫ਼ ਸੰਘਰਸ਼ ਕਰ ਰਹੇ ਸਨ। ਅਸਲ ਵਿੱਚ ਇਹਨਾਂ ਵੱਖਵਾਦੀਆਂ ਨੇ ਉਹਨਾਂ ਖੱਬਪੱਖੀਆਂ ਨੂੰ ਕਤਲ ਕੀਤਾ ਜਿਹੜੇ ਸਿਸਟਮ ਦੇ ਅਤੇ ਧਾਰਮਿਕ ਜਨੂੰਨ ਦੇ ਖਿ਼ਲਾਫ਼ ਲੜ ਰਹੇ ਸਨ। ਵੱਖਵਾਦੀਆਂ ਹੱਥੋਂ ਕਤਲ ਹੋਣ ਵਾਲਿਆਂ ਵਿੱਚ ਨਾਮਵਰ ਸ਼ਾਇਰ ਪਾਸ਼ ਅਤੇ ਹੋਰ ਅਗਾਂਹਵਧੂ ਲੋਕ ਸ਼ਾਮਲ ਸਨ।

ਸਿੱਖ ਮੂਲਵਾਦੀਆਂ ਲਈ ਇਹ ਜ਼ਰੂਰੀ ਹੈ ਕਿ ਸਵੈਪੜਚੋਲ ਕਰਨ। ਉਹ ਵੀ ਤਾਂ ਕਈ ਫਿਲਮਾਂ ਦਾ ਅਤੇ ਡਰਾਮਿਆਂ ਦਾ ਕਿਸੇ ਨਾ ਕਿਸੇ ਬਹਾਨੇ ਵਿਰੋਧ ਕਰਦੇ ਆ ਰਹੇ ਹਨ। ਇਸ ਵਿਰੋਧ ਨਾਲ਼ ਉਹ ਇਹ ਸਾਬਤ ਕਰ ਚੁੱਕੇ ਹਨ ਕਿ ਉਹ ਤਾਲਿਬਾਨ ਅਤੇ ਹਿੰਦੂ ਅੱਤਵਾਦੀਆ ਨਾਲੋਂ ਵੱਖਰੇ ਨਹੀਂ।

ਸਿੱਖ ਅੱਤਵਾਦੀਆਂ ਨੂੰ ਭਾਰਤ ਦੀ ਆਜ਼ਾਦੀ ਦੀ ਲਹਿਰ ਦੇ ਨਾਇਕਾਂ ਵਰਗੇ ਦਰਸਾਅ ਕੇ, ਇਹ ਫਿ਼ਲਮ ਭੰਬਲ਼ਭੂਸਾ ਪੈਦਾ ਕਰਦੀ ਹੈ। ਦੋਹਾਂ ਸੰਘਰਸ਼ਾਂ ਵਿੱਚ ਜ਼ਮੀਨ ਅਸਮਾਨ ਦਾ ਫ਼ਰਕ ਹੈ। ਜਿੱਥੇ ਸਿੱਖ ਖਾੜਕੂ  ਧਰਮ ਅਧਾਰਤ ਸਟੇਟ ਦੀ ਸਥਾਪਨਾ ਕਰਨ ਲਈ ਲੜੇ ਉਥੇ ਭਾਰਤ ਦੀ ਆਜ਼ਾਦੀ ਦੇ ਪਰਵਾਨੇ, ਹਰ ਵਿਅਕਤੀ ਲਈ ਸਮਾਜਕ ਬਰਾਬਰੀ ਦੀ ਤਲਾਸ਼ ਕਰ ਰਹੇ ਧਰਮਨਿਰਪੇਖ ਸੂਰਮੇ ਸਨ। ਫਿਰ ਵੀ ਹਰ ਇੱਕ, ਖਾਸ ਤੌਰ ਦੇ ਪੱਛਮੀ ਲੋਕ, ਅੰਗਰੇਜ਼ੀ ਸਬਟਾਈਟਲਾਂ ਵਾਲ਼ੀ ਇਸ ਫਿਲਮ ਨੂੰ ਜ਼ਰੂਰ ਦੇਖਣ ਤਾਂ ਕਿ ਮੇਨਸਟਰੀਮ ਮੀਡੀਆ ਰਪੋਟਾਂ ਵਿੱਚ ਹਿੰਸਾ ਲਈ ਜ਼ਿੰਮੇਵਾਰ ਠਹਿਰਾਏ ਗਏ ਅੱਤਵਾਦੀਆਂ ਦੀ ਮਾਨਸਿਕਤਾ ਸਮਝੀ ਜਾ ਸਕੇ। ਇਸ ਫਿਲਮ ਨੂੰ ਦੇਖ ਕੇ ਆਮ ਕੈਨੇਡੀਅਨ ਇਹ ਸਮਝਣ ਦੇ ਸਮਰੱਥ ਹੋ ਸਕਦਾ ਹੈ ਕਿ ਸਰਕਾਰੀ ਜਬਰ ਨੇ ਪੰਜਾਬ ਵਿਚਲੀ ਵੱਖਵਾਦੀ ਲਹਿਰ ਨੂੰ ਹਵਾ ਕਿਸ ਤਰ੍ਹਾਂ ਦਿੱਤੀ।

ਜੇ ਭਾਰਤ ਦੇ ਲੋਕ ਉਸ ਹਿੰਦੂ ਅੱਤਵਾਦੀ ਨੱਥੂ ਰਾਮ ਗੋਡਸੇ ਦਾ ਇਕਬਾਲੀਆ ਬਿਆਨ ਦੇਖਣ ਦੀ ਆਜ਼ਾਦੀ ਲੈ ਸਕਦੇ ਹਨ ਜਿਸ ਨੇ ਮਹਾਤਮਾ ਗਾਂਧੀ ਨੂੰ ਕਤਲ ਕੀਤਾ ਸੀ, ਤਾਂ ‘ਸਾਡਾ ਹੱਕ’ ਫਿਲਮ ਉੱਪਰ ਆਹ ਰਮਰੌਲ਼ਾ ਮਚਾਉਣ ਕਿੱਥੋਂ ਤੀਕਰ ਜਾਇਜ਼ ਹੈ? ਗੌਡਸੇ ਬਾਰੇ ਇੱਕ ਡਰਾਮਾ ਭਾਰਤ ਵਿੱਚ ਅਨੇਕਾਂ ਵਾਰੀ ਦਿਖਾਇਆ ਜਾ ਚੁੱਕਿਆ ਹੈ ਜਿੱਥੇ ਲੋਕਾਂ ਦੀਆਂ ਭੀੜਾਂ ਉਹ ਨੂੰ ਇੱਕ ਨਾਇਕ ਵਜੋਂ ਵਡਿਆਉਂਦੀਆਂ ਹਨ। ਕੀ ਇਸ ਤਰ੍ਹਾਂ ਹੋਣ ਨਾਲ ਗਾਂਧੀ ਛੋਟਾ ਹੋ ਗਿਆ ਹੈ? ਬਿਲਕੁਲ ਨਹੀਂ! ਇਸ ਲਈ ‘ਸਾਡਾ ਹੱਕ’ ਉੱਪਰ ਲੱਗੀ ਪਾਬੰਦੀ ਉੱਪਰ ਨਜ਼ਰਸਾਨੀ ਕਰਨੀ ਚਾਹੀਦੀ ਹੈ। ਕੈਨੇਡਾ ਅਤੇ ਅਮਰੀਕਾ ਦੇ ਲੋਕ ਇਹ ਫਿਲਮ ਇਹਨਾਂ ਮੁਲਕਾਂ ਦੇ ਸਿਨਮਿਆਂ ਵਿੱਚ ਦੇਖੀ ਜਾ ਰਹੇ ਹਨ। ਪਬੰਦੀ ਰਾਹੀਂ ਪੈਦਾ ਹੋਈ ਉਤਸੁਕਤਾ ਦਾ ਧੰਨਵਾਦ ਕਿ ਇਹਨਾਂ ਦੇਸ਼ਾਂ `ਚ ਇਹ ਫਿ਼ਲਮ ਵਹੀਰਾਂ ਨੂੰ ਖਿੱਚ ਰਹੀ ਹੈ।

ਬਿਨਾ ਸ਼ੱਕ ਇਸ ਪਬੰਦੀ ਨੇ ਇਹ ਸਿੱਧ ਕਰ ਦਿੱਤਾ ਹੈ ਕਿ ਕਿੰਝ ਪਬੰਦੀਆਂ ਬਹੁਤੀ ਵਾਰੀ ਪੁੱਠੀਆਂ ਪੈ ਜਾਂਦੀਆਂ ਹਨ।


ਲੇਖਕ ਨਾਮਵਰ ਪੱਤਰਕਾਰ, ਕਾਲਮਨਵੀਸ ਅਤ ਰੇਡੀਓ ਇੰਡੀਆ ਸਰੀ ਦੇ ਹੋਸਟ ਹਨ।

(ਪੰਜਾਬੀ ਅਨੁਵਾਦ: ਇਕਬਾਲ ਰਾਮੂਵਾਲੀਆ)

Comments

jogiader singh

lekh tan changa e pr Khadku veeran nun Atwadi Dehshtgard varge lafz change nahi lagge

Dilbar

ਹੁਣ ਇਸ ਫਿਲਮ ਨੂੰ ਸਮੁੱਚਤਾ ਵਿਚ ਦੇਖਦਿਆਂ ਇਸ ਤੇ ਲਗਾਇਆ ਬੈਨ ਬੜਾ ਹਾਸੋਹੀਣਾ ਤੇ ਸਿਆਸੀ ਮੰਤਵਾਂ ਤੋਂ ਪ੍ਰੇਰਿਤ ਹੀ ਲਗਦਾ ਹੈ। ਅਸੂਲਨ ਦੇਖਿਆ ਜਾਵੇ ਤਾਂ ਜਿਸ ਫਿਲਮ ਨੂੰ ਹਿੰਦੋਸਤਾਨ ਦੀ ਕੇਂਦਰੀ ਸਰਕਾਰ ਵਲੋਂ ਸਥਾਪਤ ਰੈਗੂਲੇਟਰੀ ਸੰਸਥਾ ਕੇਂਦਰੀ ਫਿਲਮ ਸੈਂਸਰ ਬੋਰਡ ਵਲੋਂ ਪਾਸ ਕਰ ਦਿਤਾ ਗਿਆ ਹੈ , ਰਾਜ ਸਰਕਾਰ ਦਾ ਉਸ ਨੂੰ ਬੰਦ ਕਰਨ ਦਾ ਕੋਈ ਅਧਿਕਾਰ ਹੀ ਨਹੀਂ ।ਰਹੀ ਗਲ ਪੰਜਾਬ ਦੇ ਸ਼ਾਂਤਮਈ ਮਾਹੌਲ ਦੇ ਭੰਗ ਹੋਣ ਦੀ, ਤਾਂ ਉਸ ਦਾ ਪ੍ਰਗਟਾਵਾ ਉਦੋਂ ਹੋ ਜਾਂਦਾ ਹੈ ਜਦੋਂ ਸਿਰਸੇ ਵਾਲੇ ਸਾਧ ਦੇ ਕਾਂਢ ਵਾਪਰਦਾ ਹੈ ਤਾਂ ਪਤਾ ਲਗ ਜਾਂਦਾ ਹੈ ਕਿ ਸਹੀ ਅਰਥਾਂ ਵਿਚ ਪੰਜਾਬ ਵਾਸੀ ਮਾਨਸਿਕ ਤੌਰ ਤੇ ਕਿਨਾਂ ਕੁ ਸਹਿਜ ਸ਼ਾਂਤ ਹੈ ਤੇ ਇਥੋਂ ਦਾ ਮਾਹੌਲ ਕਿਨਾਂ ਕੁ ਸ਼ਾਂਤ ਹੈ।ਦਬੇ ਰੋਸ ਤੇ ਸੁਲਗਦੇ ਰੋਹ ਸਮੇਂ ਦੇ ਨਾਲ ਭਾਂਬੜ ਬਣ ਜਾਂਦੇ ਹਨ।ਜੇ ਇਸ ਫਿਲਮ ਨੂੰ ਲਾਲ, ਪੀਲੀਆਂ, ਭਗਵੀਆਂ, ਨੀਲੀਆਂ ਜਾਂ ਚਿਟੀਆਂ ਐਨਕਾਂ ਲਾਹ ਕੇ ਦੇਖਿਆ ਜਾਵੇ ਤਾਂ ਇਸ ਵਿਚ ਕੁਝ ਵੀ ਇਤਰਾਜ਼ ਯੋਗ ਨਹੀਂ । ਕਈ ਇਸ ਨੂੰ ਇਕ ਪਾਸੜ ਤੇ ਇਕ ਪੱਖੀ ਕਹਿ ਸਕਦੇ ਹਨ , ਪਰ ਉਹਨਾਂ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਇਹ ਸਿਰਫ ਇਕ ਫਿਲਮ ਹੀ ਹੈ, ਡਾਕੂਮੈਂਟਰੀ ਨਹੀਂ ਜਿਸ ਵਿਚ ਮਸਲੇ ਦੇ ਹਰ ਪਹਿਲੂ ਬਾਰੇ ਗਲ ਕੀਤੀ ਜਾਵੇ।ਸਿਰਫ ਇਕ ਫਿਲਮ ਵਾਂਗ ਤੇ ਫਿਲਮ ਦੇ ਮਾਪਦੰਢਾ ਅਨੁਸਾਰ ਦੇਖਿਆ ਜਾਵੇ ਤਾਂ ਇਹੋ ਜਿਹੀਆਂ ਸੈਂਕੜੇ ਫਿਲਮਾਂ ਬਣੀਆਂ ਹਨ , ਜਿਹਨਾਂ ਵਿਚ ਸਿਸਟਮ, ਪੁਲਿਸ ਤੇ ਡਾਢੇ ਜ਼ੋਰਾਵਰਾਂ ਦੇ ਜ਼ੁਲਮ ਦਾ ਸਤਾਇਆ ਹੋਇਆ ਨਾਇਕ ਸਥਾਪਤੀ ਦੇ ਵਿਰੁਧ ਹਥਿਆਰ ਚੁਕਦਾ ਹੈ। ਇਸ ਫਿਲਮ ਦੀ ਤਰਾਸਦੀ ਤੇ ਇਕੋ ਇਕ ਕਸੂਰ ਇਹੋ ਹੀ ਹੈ ਕਿ ਇਸ ਦਾ ਨਾਇਕ ਸਿੱਖ ਹੈ , ਧਰਤੀ ਪੰਜਾਬ ਹੈ ਤੇ ਸਮਾਂ ਤੇ ਸਥਿਤੀਆਂ ਉਸ ਦੌਰ ਦੀਆਂ ਹਨ ਜਿਹਨਾਂ ਬਾਰੇ ਕੋਈ ਵੀ ਇਮਾਨਦਾਰੀ ਤੇ ਦਿਆਨਤਦਾਰੀ ਨਾਲ ਗਲ ਨਹੀਂ ਕਰਨਾ ਚਾਹੁੰਦਾ , ਕਿਉਂਕਿ ਹਰ ਕੋਈ ਇਸ ਵਿਚ ਦੋਸ਼ੀ ਹੈ ਤੇ ਉਹਦੇ ਹੱਥ ਪੰਜਾਬ , ਪੰਜਾਬੀਅਤ, ਦੇ ਖੁਨ ਨਾਲ ਲਿਬੜੇ ਹਨ।

Harjit Bhatti

ਲੇਖ ਅੰਸ਼ਿਕ ਤੌਰ ਤੇ ਚੰਗਾ ਹੈ ਪਰ ਗੁਰਪ੍ਰੀਤ ਆਪਣੇ ਆਪ ਨੂ ਨਿਰਪਖ ਨਾ ਰਖ ਸਕਿਆ ਕਿਉਂਕੇ ਓਹ ਆਪ ਵੀ ਪੱਕਾ ਖ਼ਬੇਪਾਖੀ ਹੈ ਇਸਲਈ ਸਿਖਾਂ ਨਾਲ ਨਫਰਤ ਨਜ਼ਰ ਪੈਂਦੀ

j.singh.1@kpnmail.nl

ਮੈਂ ਇਹ ਫਿਲਮ ਵੇਖੀ ਨਹੀਂ ਹੈ.ਅਖ਼ਬਾ੍ਰਾਂ ਵਿੱਚ ਇਸ ਦੇ ਬੈਨ ਹੋਣ ਬਾਰੇ ਚਲ ਰਹੈ ਰੋਸ ਮੁ਼ਜਾਹਰਿਆ ਦੀਆ ਰਿਪੋਰਟਾਂ ਤੋਂ ਹੀ ਮਾੜੀ ਮੋਹਟੀ ਜਾਣਕਾਰੀ ਹੈ. ਗੁਰਪਰੀਤ ਦੇ ਇਸ ਲੇਖ ਨੂੰ ਪੜ੍ਹ ਕੇ ਮੈਨੰੂ ਇਸ ਫਿਲਮ ਬਾਰੇ ਮੋਹਟੀ ਮੋਹਟੀ ਜਾਣਕਾਰੀ ਮਿਲੀ ਹੈ. ਇਸ ਵਿਸ਼ੇ ਤੇ ਪਹਿ਼ਲਾ ਵੀ ਤਿੰਨ ਫਿਲਮਾਂ ਬਣ ਚੁੱਕੀਆਂ ਹਨ. ਮਾਚਿਸ ਤਬਾਹੀ ਤੇ ਹਵਾਏ. ਹਵਾੲੈ ਕਿਸੇ ਹੱਦ ਤੱਕ ਸਤੁੰਲਤ ਫਿਲਮ ਸੀ ਜੋ ਕਿ ਅਖ਼ਾਬਾਰੀ ਖਬਰਾਂ ਤੇ ਅਧਾਰਤ ਸੀ. ਮਾਚਿਸ ਗੁਲਜਾਰ ਨੇ ਮੁੰਬਈ ਰਹਿ ਕੇ ਬਣਾਈ ਇਹ ਫਿਲਮ ਉਵੇਂ ਹਿ ਇੱਕ ਤਰਫਾ ਭਾਵੁਕ ਸੀ ਜਿਸ ਤਰਾਂ ਗੁਲਜਾਰ ਆਪ ਤੇ ਕਲਾਸੀਕਲ ਹੋਣ ਕਰਕੇ ਆਂਮ ਦਰਸ਼ਕ ਦੇ ਪੱਲੇ ਘੱਟ ਹੀ ਪੈਂਦੀ ਸੀ. ਪਰੰਤੂ ਮਸਲੇ ਤੇ ਉਂਗਲ ਜਰੂਰ ਧਰਦੀ ਸੀ. ਜਦੋ ਕੋਈ ਫਿਲਮ ਇਤਿਹਾਸਕ ਘਟਨਾਂਵਾਂ ਨੰੂ ਅਧਾਰ ਬਣਾ ਕੇ ਬਣਾਈ ਜਾਦੀ ਹੈ ਤਾਂ ਇਸ ਸੰਤਾਪ ਨੰੂ ਹੰਢਾਉਣ ਵਾਲੀ ਹਰੇਕ ਪੀੜਤ ਧਿਰ ਆਪਣਾਂ ਅਕਸ ਇਸ ਵਿਚੋ ਲੱਭਦੀ ਹੈ. ਕੀ ਇਸ ਫਿਲਮ ਵਿੱਚ ਉਹ ਸੱਭ ਕੁੱਸ਼ ਵਿਖਾਇਆਂ ਗਿਆ ਹੈ ਜੋ ਪੰਜਾਬ ਦਾ ਹਰ ਸਾਡੀ ਉਮਰ ਦਾ ਬਾਸ਼ਿਦਾ ਜਾਣਦਾ ਹੈ. ਖਾੜਕੂਆਂ ਵਲੌ ਆਪਣੇ ਸਿਆਸੀ ਵਿਰੋਧੀਆਂ ਦੇ ਕਤਲ ਜੋ ਉਹ ਕਰ ਕੇ ਅਖਬਾ੍ਰਾਂ ਵਿੱਚ ਜੁੰਮੇਵਾਰੀਆਂ ਲੈਂਦੇ ਸਨ ਵਿਖਾਇਆ ਗਿਆ ਹੈ. ਪੰਜਾਬ ਦੇ ਇਸ ਸੰਤਾਪ ਨੰੁ ਸਾਰੇ ਪੰਜਾਬ ਵਾਸੀਆਂ ਨੇ ਹੰਡਾਇਆ ਹੈ 25000 ਹਜ਼ਾਰ ਲੋਕ ਮਰੇ ਹਨ ਉਸ ਵਿੱਚ ਹਰ ਧਰਮ ਹਰ ਤਬਕੈ ਦੇ ਲੋਕ ਸਨ ਕੀ ਇਹ ਫਿਲਮ ਉਂਹਨਾਂ ਲੋਕਾਂ ਦੇ ਜ਼ਖਮਾ ਤੇ ਮੱਲਮ ਰੱਖਣ ਦਾ ਕਾਰਜ਼ ਕਰ ਸਕੀ ਹੈ ? ਜੇ ਹੈ ਤਾਂ ਜਰੂਰ ਇਸ ਫਿਲਮ ਨੰੁ ਜੀ ਅੲਿਆ ਕਹਿਣਾ ਚਾਹੀਦਾ ਹੈ. ਜੇ ਇਹ ਸਿ੍ਰਫ ਤੇ ਸਿ੍ਰਫ ਖਾੜਕੂਆਂ ਬਨਾਮ ਪੁਲਸ ਦੇ ਦਵਾਲੇ ਹੀ ਘੁੰਮਦੀ ਹੈ ਤਾਂ ਇਹ ਫਿਲਮ ਇੱਕ ਪਾਸੜ ਹੈ. ਹੁਣ ਏਨਾ ਹੀ ਬਾਕੀ ਫਿਲਮ ਵੇਖਣ ਬਾਦ ਹੀ ਕੁੱਸ਼ ਕਹਣ ਦੇ ਕਾਬਲ ਹੋ ਸਕਾਗੇ.

Surjit Singh

Babushahi.com te lagga eh lekh vee Sadda Haq vaare kujh keh reha jara gaur naal saare pado :- 'ਸਾਡਾ ਹੱਕ' ਦੇਖਦਿਆਂ by Jarnail Singh Artist, Surrey, Canada. ਜਰਨੈਲ ਸਿੰਘ ਆਰਟਿਸਟ, ਸਰੀ, ਕੈਨੇਡਾ. Email:jarnailarts@gmail.com - ਪਿਛਲੇ ਕਾਫੀ ਅਰਸੇ ਤੋਂ ਮੀਡੀਆ ਤੇ ਇੰਟਰਨੈਟ ਉਪਰ ਸੋਸ਼ਲ ਮੀਡੀਆ ਵਿਚ ਫਿਲਮ 'ਸਾਡਾ ਹੱਕ' ਬਾਰੇ ਚਰਚਾ ਗਰਮ ਸੀ। ਅਖੀਰ ਪਿ ਛਲੇ ਦਿਨੀਂ ਕੈਨੇਡੀਅਨ ਸਿੱਖ ਅਲਾਇੰਸ ਵਲੋਂ ਫਿਲਮ ਦਾ ਪਰੀਮਿਅਮ ਸ਼ੋ ਦੇਖਣ ਦਾ ਸੱਦਾ ਪੱਤਰ ਦਿੰਦੀ ਈਮੇਲ ਆਈ।ਸਰੀ ਵਿਚ ਸਟਰਾਬੇਰੀ ਹਿਲ ਸਿਨੇਪਲੈਕਸ ਵਿਚ 6.30 ਵਜੇ ਦਾ ਸ਼ੋਅ ਦੇਖਣ ਪਹੁੰਚੇ ਤਾਂ ਪ੍ਰਬੰਧਕਾਂ ਨੇ ਕਿਹਾ ਕਿ ਭਾਅ ਜੀ ਅੰਦਰ ਚਲ ਕੇ ਬੈਠੋ ਫਿਰ ਸੀਟਾਂ ਭਰ ਜਾਣੀਆਂ ਹਨ।ਸ਼ੁਰੂ ਵਿਚ ਪ੍ਰਬੰਧਕ ਬੀਬੀ ਨੇ ਸੰਖੇਪ ਵਿਚ ਫਿਲਮ ਬਾਰੇ ਤੇ ਕੈਨੇਡੀਅਨ ਸਿੱਖ ਅਲਾਇੰਸ ਬਾਰੇ ਜਾਣਕਾਰੀ ਦਿਤੀ।ਫਿਲਮ ਦਿਖਾਉਣ ਤੋਂ ਪਹਿਲਾਂ ਸਿਨਮੇ ਦੀ ਪ੍ਰੋਮੋਸ਼ਨਲ ਕਲਿਪ ਸ਼ੁਰੂ ਕਰਦਿਆਂ ਕਰਦਿਆਂ 5-6 ਵਾਰੀ ਰੁਕੀ। ਅੱਧਾ ਘੰਟਾ ਇਵੇਂ ਨਿਕਲ ਗਿਆ।ਹਾਲ ਵਿਚ ਚੁੰਝ ਚਰਚਾ ਸ਼ੁਰੂ ਹੋ ਗਈ।ਲਓ ਲੈ ਲਓ ਅਪਣੇ ਹੱਕ! ਇਹ ਤਾਂ ਲੜ ਕੇ ਲੈਣੇ ਪੈਂਦੇ ਹਨ! ਇਹ ਸਾਰੀ ਆਈ. ਐਸ ਆਈ ਦੀ ਸ਼ਰਾਰਤ ਹੈ! ਇੰਡੀਅਨ ਕੌਂਸਲੇਟ ਦੇ ਹੱਥ ਬੜੇ ਲੰਮੇ ਹਨ! ਨਾ ਜੀ ਇਹ ਸਾਰੀ ਕਾਰਵਾਈ ਤਾਂ ਵਿਦੇਸ਼ੀ ਹੱਥ ਦੀ ਹੈ!ਉਹ ਨਹੀਂ ਬਾਈ, ਇਹ ਸਾਰਾ ਕੁਝ ਸੀ. ਆਈ . ਏ. ਕਰਵਾ ਰਹੀ ਹੈ। ਗਲ ਕੀ ਜਿਨੇ ਮੂੰਹ ਉਨੀਆਂ ਗੱਲਾਂ । ਕੋਈ ਕਹਿੰਦਾ ਅਗੇ ਤਾਂ ਐਨੀ ਵਾਰੀ ਆਈਦਾ ਉਦੋਂ ਤਾਂ ਕਦੇ ਨੀ ਇਓ ਹੋਇਆ। ਲੋਕ ਗਲਾਂ ਨਾਲ ਮਨ ਪਰਚਾਵਾ ਕਰ ਰਹੇ ਸਨ। ਇਨੇ ਚਿਰ ਨੂੰ ਪ੍ਰਬੰਧਕਾਂ ਫਿਰ ਆ ਕੇ ਦਸਿਆ ਕਿ ਕੋਈ ਤਕਨੀਕੀ ਨੁਕਸ ਪੈ ਗਿਆ ਹੈ ਸਿਨੇ ਪਲੈਕਸ ਵਾਲੇ ਫਿਕਸ ਕਰ ਰਹੇ ਹਨ, ਉਨਾਂ ਚਿਰ ਬਾਹਰ ਚਾਹ ਤੇ ਪਕੌੜਿਆਂ ਦਾ ਪ੍ਰਬੰਧ ਹੈ ਉਹ ਛਕੋ। ਫੇਰ ਚਰਚਾ ਸ਼ੁਰੂ ਹੋ ਗਈ ਕਿ ਪੰਜਾਬੀਆਂ ਨੂੰ ਤਾਂ ਚਾਹ ਪਕੌੜੇ ਖਵਾ ਕੇ ਜਦੋਂ ਮਰਜੀ ਖੁਸ਼ ਕਰ ਲਵੋ। ਖੈਰ ਇਕ ਘੰਟੇ ਦੀ ਦੇਰੀ ਨਾਲ ਦੂਸਰੇ ਸਿਨਮੇ ਵਿਚ ਫਿਲਮ ਸ਼ੁਰੂ ਹੋਈ। ਪਹਿਲੇ ਹੀ ਸੀਨ ਤੋਂ ਫਿਲਮ ਦਰਸ਼ਕ ਨੂੰ ਬੰਨ ਲੈਂਦੀ ਹੈ। ਮੁਖ ਤੌਰ ਤੇ ਜੇ ਕਹਾਣੀ ਦੱਸੀਏ ਤਾਂ ਇਹ ਹੈ ਕਿ ਕਿਵੇਂ ਪੰਜਾਬ ਵਿਚ ਪੁਲਸ ਦੀਆਂ ਕਾਰਵਾਈਆਂ ਤੇ ਤਸ਼ਦਦ,ਦਾ ਸਤਿਆ ਇਕ ਸਾਧਾਰਨ ਬੇਕਸੂਰ ਪੇਂਡੂ ਨੌਜਵਾਨ ਹਥਿਆਰ ਚਕ ਲੈਂਦਾ ਹੈ ।ਤੇ ਅਖੀਰ ਫਿਲਮ ਦੇ ਅੰਤ ਵਿਚ ਉਹ ਮੰਨਦਾ ਹੈ ਕਿ ਭਾਵੇਂ ਉਸਦਾ ਇਹ ਰਾਹ ਤੇ ਇਸ ਵਿਚ ਸ਼ਾਮਲ ਹੋਏ ਨੌਜਵਾਨ ਅਪਣੇ ਯਤਨ ਵਿਚ ਕਾਮਯਾਬ ਨਹੀਂ ਹੋਏ ਪਰ ਨਾਲ ਹੀ ਉਹ ਆਸ ਪ੍ਰਗਟ ਕਰਦਾ ਹੈ ਕਿ ਅਪਣੇ ਹੱਕਾਂ ਨੂੰ ਹਾਸਲ ਕਰਨ ਲਈ ਲਹਿਰ ਵਾਂਗ ਲੋਕ ਉਠਣਗੇ ਤੇ ਕਾਮਯਾਬ ਹੋਣਗੇ।ਇਹ ਸਾਰੀ ਕਹਾਣੀ ਕੈਨੇਡਾ ਤੋਂ ਪੀ. ਐਚ. ਡੀ. ਲਈ ਖੋਜ ਕਰਨ ਪੰਜਾਬ ਗਈ ਵਿਦਿਆਰਥਣ ਰਾਹੀਂ ਬਿਆਨ ਹੁੰਦੀ ਹੈ। ਭਾਵੇਂ ਅਰੰਭ ਵਿਚ ਰਵਾਇਤ ਵਾਂਗ ਫਿਲਮ ਨੂੰ ਗਲਪ ਦਸਿਆ ਗਿਆ ਹੈ ਤੇ ਇਸਦੇ ਪਾਤਰਾਂ ਦਾ ਕਿਸੇ ਜਿਉਂਦੇ ਮਰੇ ਵਿਅਕਤੀ ਨਾਲ ਸੰਬੰਧ ਨਾ ਹੋਣ ਬਾਰੇ ਲਿਖਿਆ ਹੈ ਪਰ ਸਾਰੇ ਪਾਤਰ ਜਾਣੇ ਪਹਿਚਾਣੇ ਤੇ ਘਟਨਾਵਾਂ ਸਾਡੇ ਆਲੇ ਦੁਆਲੇ ਵਾਪਰਦੇ ਵਰਤਾਰੇ ਦਾ ਪਰਛਾਵਾਂ ਜਾਪਦੇ ਹਨ। ਫਿਲਮ ਵਿਚ ਜਗਾਹ ਜਗਾਹ ਪੰਜਾਬ ਨੂੰ ਦਰਪੇਸ਼ ਸਿਆਸੀ ਮਸਲਿਆਂ ਨੂੰ ਡਾਇਲਾਗ ਰਾਹੀਂ ਛੋਹਿਆ ਗਿਆ ਹੈ।ਪੰਜਾਬ ਦੇ ਉਸ ਸਮੇਂ ਦੇ ਦੌਰ ਦੇ ਝੂਠੇ ਮੁਕਾਬਲੇ, ਮਨੁਖੀ ਅਧਿਕਾਰ ਕਾਰਕੁੰਨ ਦਾ ਉਚ ਪੁਲੀਸ ਅਧਿਕਾਰੀ ਵਲੋਂ ਕਤਲ, ਰਾਜਸੀ ਲੀਡਰਾਂ ਦਾ ਕਤਲ, ਇਸ ਸਾਰੇ ਕੁਝ ਨੂੰ ਫਿਲਮ ਅਪਣੇ ਕਲੇਵੇ ਵਿਚ ਲੈਂਦੀ ਹੈ। ਫਿਲਮ ਦੇਖਣ ਦੌਰਾਨ ਇਕ ਦ੍ਰਿਸ਼ ਵਿਚ ਜਦੋਂ ਕੁਝ ਕੈਦੀ, ਜਿਹਨਾਂ ਵਿਚ ਇਕ 70 ਸਾਲਾ ਬਜ਼ੁਰਗ ਵੀ ਸ਼ਾਮਲ ਹਨ ਦਾ ਪੁਲੀਸ ਮੁਕਾਬਲਾ ਬਣਾਉਂਦੇ ਹਨ ਤਾਂ ਮੈਂ ਨਾਲ ਬੈਠੇ ਸੱਜਣ ਨੂੰ ਟਿਪਣੀ ਕੀਤੀ, ਯਾਰ ਇਹ ਦਿਨੇ ਹੀ ਮੁਕਾਬਲਾ ਬਣਾਈ ਜਾਂਦੇ ਹਨ, ਤਾਂ ਉਹ ਬੋਲਿਆਂ ੳਦੋਂ ਤਾਂ ਇਵੇਂ ਹੀ ਕਰਦੇ ਸੀ ਸਾਲੇ! ਇਸ ਤੋਂ ਪ੍ਰਗਟ ਹੁੰਦਾ ਹੈ ਕਿ ਦਰਸ਼ਕਾਂ ਨੂੰ ਲਗਦਾ ਸੀ ਕਿ ਇਹ ਸਾਰਾ ਕੁਝ ਉਹਨਾਂ ਦੇ ਆਲੇ ਦੁਆਲੇ ਵਾਪਰਿਆ ਹੈ ਤੇ ਉਹਨਾਂ ਨੇ ਹੰਡਾਇਆ ਹੈ।ਫਿਲਮ ਬਿਆਨ ਕਰਦੀ ਹੈ ਕਿ ਜਦੋਂ ਲਹਿਰਾਂ ਚਲਦੀਆਂ ਹਨ ਤਾਂ ਕਿਵੇਂ ਉਹਨਾਂ ਨੂੰ ਖਤਮ ਕਰਨ ਲਈ ਸਰਕਾਰ ਇਹਨਾਂ ਵਿਚ ਘੁਸਪੈਠ ਕਰਦੀ ਹੈ।ਇਹ ਸਾਰਾ ਵਰਤਾਰਾ ਅਸੀਂ ਪੰਜਾਬ ਦੀਆਂ ਪਹਿਲਾਂ ਚਲ ਚੁਕੀਆਂ ਲਹਿਰਾਂ ਵੇਲੇ ਦੇਖ ਤੇ ਸੁਣ ਚੁਕੇ ਹਾਂ।ਪੁਲੀਸ ਦੇ ਉਚ ਅਧਿਕਾਰੀ ਵੀ 300 ਤੋਂ ਵਧ ਪੁਲੀਸ ਕੈਟਾਂ ਬਾਰੇ ਮੰਨ ਚੁਕੇ ਹਨ ਜੋ ਖਾੜਕੂ ਸਫਾਂ ਵਿਚ ਜਾ ਕੇ ਦਹਿਸ਼ਤੀ ਕਾਰਵਾਈਆਂ ਕਰਦੇ ਸਨ।ਸਰਾਪੇ ਦੌਰ ਤੋਂ 25 ਸਾਲ ਬਾਦ ਪੁਲੀਸ ਕੈਟਾਂ ਤੇ ਆਲਮ ਸੈਨਾ , ਕਾਲੇ ਕੱਛਿਆਂ ਵਾਲਿਆਂ ਬਾਰੇ ਮੀਡੀਆ ਵਿਚ ਇੰਕਸ਼ਾਫ ਹੋ ਚੁਕੇ ਹਨ।ਫਿਲਮ ਵਿਚ ਪੁਲਸ ਤਸ਼ੱਦਦ ਤੇ ਬਲਾਤਕਾਰ ਦੇ ਦ੍ਰਿਸ਼ ਬੜੀ ਸੰਜੀਦਗੀ ਨਾਲ ਫਿਲਮਾਏ ਗਏ ਹਨ।ਫਿਲਮ ਵਿਚ ਜਿਥੇ ਪੁਲੀਸ ਦਾ ਜ਼ੁਲਮੀ ਤੇ ਅਤਿਆਚਾਰੀ ਕਿਰਦਾਰ ਪੇਸ਼ ਕੀਤਾ ਹੈ ਦੂਜੇ ਪਾਸੇ ਇਸ ਵਿਚ ਸ਼ਾਮਲ ਜਾਗਦੀ ਜ਼ਮੀਰ ਤੇ ਇਨਸਾਨੀ ਕਦਰਾਂ ਕੀਮਤਾਂ ਰੱਖਣ ਵਾਲੇ ਪੁਲੀਸ ਕਰਮੀਆਂ ਦੇ ਕਿਰਦਾਰ ਵੀ ਪੇਸ਼ ਕੀਤੇ ਹਨ।ਫਿਲਮ ਵਿਚ ਹਿੰਦੂਤਵੀ ਅਨਸਰਾਂ ਦੀ ਫਿਰਕੂ ਸੋਚ ਦਾ ਮੁਜ਼ਾਹਰਾ ਉਸ ਸਮੇਂ ਹੁੰਦਾ ਹੈ ਜਦੋਂ ਕਰਤਾਰ ਸਿੰਘ ਦੀ ਪੇਸ਼ੀ ਸਮੇਂ ਦਰਸ਼ਕਾਂ ਵਿਚ ਸ਼ਾਮਲ ਸਥਾਨਕ ਸ਼ਿਵ ਸੈਨਿਕ ਨੂੰ ਉਸਦਾ ਸਾਥੀ ਕਹਿੰਦਾ ਹੈ ਬਸ ਇਕ ਵਾਰੀ ਪੱਗ ਲਾਹ ਦੇ ਉਸਦੀ , ਫਿਰ ਅਸੀਂ ਸਾਂਭ ਲਾਂਗੇ ਤੇ ਨਾਲ ਸਕਿਉਰਟੀ ਵੀ ਦਵਾ ਦਊਂ। ਫਿਲਮ ਦੇ ਨਿਰਮਾਤਾ ਕੁਲਜਿੰਦਰ ਸਿਧੂ ਵਲੋਂ ਹੀ ਫਿਲਮ ਦੇ ਮੁਖ ਕਿਰਦਾਰ ਕਰਤਾਰ ਸਿੰਘ ਬਾਜ਼ ਦਾ ਰੋਲ ਬਾਖੂਬੀ ਨਿਭਾਇਆ ਗਿਆ ਹੈ । ਕਿਤੇ ਵੀ ਲਗਦਾ ਹੀ ਨਹੀਂ ਕਿ ਇਹ ਇਸਦਾ ਪਹਿਲਾ ਫਿਲਮ ਰੋਲ ਹੈ। ਬਿਲਕੁਲ ਹੀ ਕੈਮਰਾ ਕਾਂਨਸ਼ੰਸ ਨਹੀਂ । ਇਨਾਂ ਖੁੱਭ ਕੇ ਕਰਤਾਰ ਸਿੰਘ ਦੇ ਪਾਤਰ ਨੂੰ ਨਿਭਾਇਆ ਹੈ ਕਿ ਹੈਰਾਨੀ ਹੁੰਦੀ ਹੈ। ਨਿਸਚੇ ਹੀ ਪੰਜਾਬੀ ਸਿਨੇਮਾ ਨੂੰ ਇਕ ਵਧੀਆ ਹੀਰੋ ਮਿਲਿਆ ਹੈ। ਇਸ ਤੋਂ ਪਹਿਲਾਂ ਨਵੇਂ ਪੰਜਾਬੀ ਹੀਰੋਆਂ ਵਿਚੋਂ ਕੋਈ ਵੀ ਇਨੀ ਸਹਿਜਤਾ ਨਾਲ ਕੈਮਰੇ ਦਾ ਸਾਹਮਣਾ ਕਰਨ ਦੇ ਸਮਰੱਥ ਨਹੀਂ ਸਨ।ਬਾਕੀ ਕਲਾਕਾਰਾਂ ਨੇ ਵੀ ਅਪਣੇ ਅਪਣੇ ਕਿਰਦਾਰ ਵਧੀਆ ਨਿਭਾਏ ਹਨ।ਮਨਦੀਪ ਬੈਨੀਪਾਲ ਦਾ ਨਿਰਦੇਸ਼ਨ ਵੀ ਵਧੀਆ ਹੈ।ਫਿਲਮ ਦੇ ਲੇਖਕ ਕੁਲਜਿੰਦਰ ਸਿੱਧੂ ਹਨ ਤੇ ਡਾਇਲਾਗ ਵੀ ਉਸਦੇ ਲਿਖੇ ਹਨ। ਡਾਇਲਾਗ ਲੇਖਣ ਵਿਚ ਸ਼ਿਵਚਰਨ ਜੱਗੀ ਕੁੱਸੇ ਦੇ ਠੇਠ ਮੁਹਾਵਰੇ ਦਾ ਯੋਗਦਾਨ ਇਹਨਾਂ ਨੂੰ ਹੋਰ ਵੀ ਰੋਚਕ ਬਣਾਉਂਦਾ ਹੈ।ਨਿਰਮਾਤਾ ਕੁਲਜਿੰਦਰ ਸਿਧੂ ਤੇ ਦਿਨੇਸ਼ ਸੂਦ ਵਲੋਂ ਬਣਾਈ ਇਹ ਫਿਲਮ ਨਿਸਚੇ ਹੀ ਪੰਜਾਬੀ ਫਿਲਮਾਂ ਦੇ ਖੇਤਰ ਵਿਚ ਇਕ ਨਵਾਂ ਰਾਹ ਖੋਲੇਗੀ।ਫਿਲਮ ਦੀ ਪ੍ਰੋਡਕਸ਼ਨ ਦਾ ਸਾਰਾ ਰੰਗ ਢੰਗ ਚੰਗੀਆਂ ਹਿੰਦੀ ਫਿਲਮਾਂ ਵਰਗਾ ਹੈ। ਫੋਟੋਗਰਾਫੀ ਬਹੁਤ ਵਧੀਆ ਹੈ।ਕਰਤਾਰ ਸਿੰਘ ਬਾਜ਼ ਦਾ ਪੁਲਿਸ ਵਲੋਂ ਪਿੱਛਾ ਕਰਨ ਦਾ ਦ੍ਰਿਸ਼ ਬਾਕਮਾਲ ਫਿਲਮਾਇਆ ਗਿਆ ਹੈ। ਜੇਲ ਵਿਚ ਦੂਜੇ ਕੈਦੀਆਂ ਨਾਲ ਕਰਤਾਰ ਸਿੰਘ ਤੇ ਸਾਥੀਆਂ ਦੀ ਲੜਾਈ ਦਾ ਦ੍ਰਿਸ਼ ਵੀ ਬਹੁਤ ਵਧੀਆ ਤਰੀਕੇ ਨਾਲ ਫਿਲਮਾਇਆ ਗਿਆ ਹੈ।ਕਿਤੇ ਕਿਤੇ ਕੁਝ ਸੀਨ ਬੇਲੋੜੇ ਲੰਮੇ ਸਨ ਜਿਹਨਾਂ ਦੀ ਕਾਂਟ ਛਾਂਟ ਕੀਤੀ ਜਾ ਸਕਦੀ ਸੀ, ਜੋ ਨਿਸਚੇ ਫਿਲਮ ਨੂੰ ਹੋਰ ਵਧੀਆ ਬਣਾਉਂਦੇ। ਹੁਣ ਇਸ ਫਿਲਮ ਨੂੰ ਸਮੁੱਚਤਾ ਵਿਚ ਦੇਖਦਿਆਂ ਇਸ ਤੇ ਲਗਾਇਆ ਬੈਨ ਬੜਾ ਹਾਸੋਹੀਣਾ ਤੇ ਸਿਆਸੀ ਮੰਤਵਾਂ ਤੋਂ ਪ੍ਰੇਰਿਤ ਹੀ ਲਗਦਾ ਹੈ। ਅਸੂਲਨ ਦੇਖਿਆ ਜਾਵੇ ਤਾਂ ਜਿਸ ਫਿਲਮ ਨੂੰ ਹਿੰਦੋਸਤਾਨ ਦੀ ਕੇਂਦਰੀ ਸਰਕਾਰ ਵਲੋਂ ਸਥਾਪਤ ਰੈਗੂਲੇਟਰੀ ਸੰਸਥਾ ਕੇਂਦਰੀ ਫਿਲਮ ਸੈਂਸਰ ਬੋਰਡ ਵਲੋਂ ਪਾਸ ਕਰ ਦਿਤਾ ਗਿਆ ਹੈ , ਰਾਜ ਸਰਕਾਰ ਦਾ ਉਸ ਨੂੰ ਬੰਦ ਕਰਨ ਦਾ ਕੋਈ ਅਧਿਕਾਰ ਹੀ ਨਹੀਂ ।ਰਹੀ ਗਲ ਪੰਜਾਬ ਦੇ ਸ਼ਾਂਤਮਈ ਮਾਹੌਲ ਦੇ ਭੰਗ ਹੋਣ ਦੀ, ਤਾਂ ਉਸ ਦਾ ਪ੍ਰਗਟਾਵਾ ਉਦੋਂ ਹੋ ਜਾਂਦਾ ਹੈ ਜਦੋਂ ਸਿਰਸੇ ਵਾਲੇ ਸਾਧ ਦੇ ਕਾਂਢ ਵਾਪਰਦਾ ਹੈ ਤਾਂ ਪਤਾ ਲਗ ਜਾਂਦਾ ਹੈ ਕਿ ਸਹੀ ਅਰਥਾਂ ਵਿਚ ਪੰਜਾਬ ਵਾਸੀ ਮਾਨਸਿਕ ਤੌਰ ਤੇ ਕਿਨਾਂ ਕੁ ਸਹਿਜ ਸ਼ਾਂਤ ਹੈ ਤੇ ਇਥੋਂ ਦਾ ਮਾਹੌਲ ਕਿਨਾਂ ਕੁ ਸ਼ਾਂਤ ਹੈ।ਦਬੇ ਰੋਸ ਤੇ ਸੁਲਗਦੇ ਰੋਹ ਸਮੇਂ ਦੇ ਨਾਲ ਭਾਂਬੜ ਬਣ ਜਾਂਦੇ ਹਨ।ਜੇ ਇਸ ਫਿਲਮ ਨੂੰ ਲਾਲ, ਪੀਲੀਆਂ, ਭਗਵੀਆਂ, ਨੀਲੀਆਂ ਜਾਂ ਚਿਟੀਆਂ ਐਨਕਾਂ ਲਾਹ ਕੇ ਦੇਖਿਆ ਜਾਵੇ ਤਾਂ ਇਸ ਵਿਚ ਕੁਝ ਵੀ ਇਤਰਾਜ਼ ਯੋਗ ਨਹੀਂ । ਕਈ ਇਸ ਨੂੰ ਇਕ ਪਾਸੜ ਤੇ ਇਕ ਪੱਖੀ ਕਹਿ ਸਕਦੇ ਹਨ , ਪਰ ਉਹਨਾਂ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਇਹ ਸਿਰਫ ਇਕ ਫਿਲਮ ਹੀ ਹੈ, ਡਾਕੂਮੈਂਟਰੀ ਨਹੀਂ ਜਿਸ ਵਿਚ ਮਸਲੇ ਦੇ ਹਰ ਪਹਿਲੂ ਬਾਰੇ ਗਲ ਕੀਤੀ ਜਾਵੇ।ਸਿਰਫ ਇਕ ਫਿਲਮ ਵਾਂਗ ਤੇ ਫਿਲਮ ਦੇ ਮਾਪਦੰਢਾ ਅਨੁਸਾਰ ਦੇਖਿਆ ਜਾਵੇ ਤਾਂ ਇਹੋ ਜਿਹੀਆਂ ਸੈਂਕੜੇ ਫਿਲਮਾਂ ਬਣੀਆਂ ਹਨ , ਜਿਹਨਾਂ ਵਿਚ ਸਿਸਟਮ, ਪੁਲਿਸ ਤੇ ਡਾਢੇ ਜ਼ੋਰਾਵਰਾਂ ਦੇ ਜ਼ੁਲਮ ਦਾ ਸਤਾਇਆ ਹੋਇਆ ਨਾਇਕ ਸਥਾਪਤੀ ਦੇ ਵਿਰੁਧ ਹਥਿਆਰ ਚੁਕਦਾ ਹੈ। ਇਸ ਫਿਲਮ ਦੀ ਤਰਾਸਦੀ ਤੇ ਇਕੋ ਇਕ ਕਸੂਰ ਇਹੋ ਹੀ ਹੈ ਕਿ ਇਸ ਦਾ ਨਾਇਕ ਸਿੱਖ ਹੈ, ਧਰਤੀ ਪੰਜਾਬ ਹੈ ਤੇ ਸਮਾਂ ਤੇ ਸਥਿਤੀਆਂ ਉਸ ਦੌਰ ਦੀਆਂ ਹਨ ਜਿਹਨਾਂ ਬਾਰੇ ਕੋਈ ਵੀ ਇਮਾਨਦਾਰੀ ਤੇ ਦਿਆਨਤਦਾਰੀ ਨਾਲ ਗਲ ਨਹੀਂ ਕਰਨਾ ਚਾਹੁੰਦਾ, ਕਿਉਂਕਿ ਹਰ ਕੋਈ ਇਸ ਵਿਚ ਦੋਸ਼ੀ ਹੈ ਤੇ ਉਹਦੇ ਹੱਥ ਪੰਜਾਬ, ਪੰਜਾਬੀਅਤ, ਦੇ ਖੂਨ ਨਾਲ ਲਿਬੜੇ ਹਨ।

Security Code (required)



Can't read the image? click here to refresh.

Name (required)

Leave a comment... (required)





ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ