Sat, 20 April 2024
Your Visitor Number :-   6988218
SuhisaverSuhisaver Suhisaver

7 ਅਰਬ ਲੋਕਾਂ ਦੀ ਧਰਤੀ –ਅਰੁਣਦੀਪ

Posted on:- 15-03-2012

ਸਿਰਫ਼ ਅਸੀਂ ਜਾਂ ਤੁਸੀਂ ਹੀ ਧਰਤੀ ਦੇ ਵਾਰਸ ਨਹੀਂ ਹਾਂ। ਇਸ 'ਤੇ ਅਨੇਕਾਂ ਮੁਲਕਾਂ, ਕੌਮਾਂ, ਧਰਮਾਂ, ਜਾਤਾਂ, ਜਮਾਤਾਂ ਦਾ ਵਾਸਾ ਹੈ, ਇਹ ਵੀ ਓਨੇ ਹੀ ਇਸ ਧਰਤੀ ਦੇ ਵਾਰਸ ਹਨ, ਜਿੰਨੇ ਕੁ ਅਸੀਂ ਤੇ ਤੁਸੀਂ। ਹਾਲ ਹੀ 'ਚ ਇਹ ਧਰਤੀ 7 ਅਰਬ ਲੋਕਾਂ ਦੀ ਹੋ ਗਈ ਹੈ। ਤੇ ਇਹ ਗਿਣਤੀ ਲਗਾਤਾਰ ਵੱਧ ਰਹੀ ਹੈ ਤੇ ਬਹੁਤ ਤੇਜ਼ੀ ਨਾਲ ਵੱਧ ਰਹੀ ਹੈ। ਸੰਨ 1000 'ਚ ਦੁਨੀਆਂ ਦੀ ਜਨਸੰਖਿਆ ਲਗਪਗ 40 ਕਰੋਡ਼ ਸੀ। ਸੰਨ 1800 ਤੱਕ ਪਹੁੰਚਦੇ-ਪਹੁੰਚਦੇ ਇਹ ਵੱਧ ਕੇ ਇਕ ਅਰਬ ਹੋ ਗਈ। ਪਿਛਲੇ 50 ਸਾਲਾਂ 'ਚ ਸਾਡੀ ਧਰਤੀ ਦੀ ਆਬਾਦੀ ਦੁੱਗਣੀ ਹੋ ਗਈ ਹੈ ਤੇ ਅਗਲੀ ਸਦੀ ਤੱਕ ਅਪਡ਼ਦੇ-ਅਪਡ਼ਦੇ ਅਸੀਂ 10 ਅਰਬ ਪਾਰ ਕਰ ਜਾਵਾਂਗੇ। ਦੁਨੀਆਂ 'ਚ ਹਰ ਇਕ ਸੈਕਿੰਡ ਦਰਮਿਆਨ ਪੰਜ ਬੱਚਿਆਂ ਦਾ ਜਨਮ ਹੁੰਦਾ ਹੈ, ਜਦੋਂਕਿ ਦੋ ਵਿਅਕਤੀਆਂ ਦੀ ਮੌਤ ਹੁੰਦੀ ਹੈ।

  

ਹਾਲ ਹੀ 'ਚ ਸੰਯੁਕਤ ਰਾਸ਼ਟਰ ਜਨਸੰਖਿਆ ਫੰਡ (ਯੂ ਐੱਨ ਪੀ ਐੱਫ) ਨੇ ਦਾਅਵਾ ਕੀਤਾ ਕਿ ਦੁਨੀਆਂ ਦਾ 7 ਅਰਬਵਾਂ ਬੱਚਾ ਫਿਲੀਪੀਨਸ 'ਚ ਜੰਮਿਆ ਹੈ। ਪਰ ਬੱਚੇ ਦੇ ਜਨਮ ਦਾ ਨਿਸ਼ਚਿਤ ਸਮਾਂ ਨਹੀਂ ਦੱਸਿਆ ਗਿਆ। ਸੰਯੁਕਤ ਰਾਸ਼ਟਰ ਦੀ ਵੈੱਬਸਾਈਟ 'ਤੇ ਇਸਦੀ ਪੁਸ਼ਟੀ ਕੀਤੀ ਗਈ ਹੈ। ਹਾਲਾਂਕਿ ਇਸ ਤੋਂ ਪਹਿਲਾਂ ਯੂ ਐੱਨ ਪੀ ਐੱਫ ਨੇ ਦਾਅਵਾ ਕੀਤਾ ਸੀ ਕਿ ਭਾਰਤ ਦੇ ਉੱਤਰ ਪ੍ਰਦੇਸ਼ ਸੂਬੇ 'ਚ ਲਖਨਊ ਦੇ ਲਾਗੇ ਦੁਨੀਆਂ ਦਾ 7 ਅਰਬਵਾਂ ਬੱਚਾ ਪੈਦਾ ਹੋਵੇਗਾ। ਇਹ ਪੈਦਾ ਹੋਈ ਬੱਚੀ 7 ਅਰਬਵੀਂ ਬਣੀ। ਇਸ ਦਾ ਨਾਂ ਨਰਗਿਸ ਰੱਖਿਆ ਗਿਆ। ਪਰ ਇਹ ਸਾਰਾ ਕੁਝ ਵਿਵਾਦਾਂ 'ਚ ਉਲਝ ਕੇ ਰਹਿ ਗਿਆ। 31 ਅਕਤੂਬਰ, 2011 ਜਿਸ ਦਿਨ ਸੱਤ ਅਰਬਵਾਂ ਬੱਚਾ ਪੈਦਾ ਹੋਇਆ ਉਸ ਦਿਨ 3 ਲੱਖ 50 ਹਜ਼ਾਰ ਬੱਚਿਆਂ ਦਾ ਜਨਮ ਹੁੰਦਾ ਹੈ। ਇਸ 'ਚੋਂ 75 ਹਜ਼ਾਰ ਦੇ ਲਗਪਗ ਭਾਰਤ 'ਚ ਪੈਦਾ ਹੋਏ। ਚੀਨ 'ਚ ਇਸ ਦਿਨ 46 ਹਜ਼ਾਰ ਅਤੇ ਨਾਇਜੀਰੀਆ 'ਚ 17 ਹਜ਼ਾਰ ਬੱਚਿਆਂ ਨੇ ਜਨਮ ਲਿਆ।

ਸੰਯੁਕਤ ਰਾਸ਼ਟਰ ਨੇ ਦੁਨੀਆਂ ਦੀ ਆਬਾਦੀ 6 ਅਰਬ ਹੋਣ 'ਤੇ ਸਾਲ 1999 'ਚ ਪ੍ਰੋਗਰਾਮ ਆਯੋਜਿਤ ਕੀਤੇ ਸਨ। ਉਸ ਸਮੇਂ ਬੋਸਨੀਆ ਦੇ ਇਕ ਬੱਚੇ ਨੂੰ 6 ਅਰਬਵਾਂ ਬੱਚਾ ਮੰਨਿਆ ਗਿਆ ਸੀ। ਪਰ ਇਸ ਵਾਰ ਸੰਯੁਕਤ ਰਾਸ਼ਟਰ ਸੰਘ ਨੇ ਅਜਿਹਾ ਕੁਝ ਨਹੀਂ ਕੀਤਾ, ਜਿਸ ਨਾਲ ਇਹ ਪਤਾ ਲੱਗ ਸਕੇ ਕਿ ਇਹ ਧਰਤੀ 7 ਅਰਬ ਲੋਕਾਂ ਦੀ ਹੋ ਗਈ।

ਤੇਜ਼ੀ ਨਾਲ ਆਬਾਦੀ ਵੱਧਣ ਦੇ ਬਹੁਤ ਸਾਰੇ ਕਾਰਨ ਹਨ, ਅਸੀਂ ਇਨ੍ਹਾਂ ਦੇ ਵਿਸਤਾਰ 'ਚ ਨਹੀਂ ਜਾਣਾ ਚਾਹੁੰਦੇ। ਸੰਯੁਕਤ ਅਰਬ ਵੱਲੋਂ 2007 'ਚ ਇਹ ਅਨੁਮਾਨ ਲਾਇਆ ਗਿਆ ਕਿ 2055 'ਚ 10 ਅਰਬ ਦੇ ਨੇਡ਼ੇ-ਤੇਡ਼ੇ ਹੋ ਜਾਵੇਗੀ। ਇਹ ਵਾਧਾ ਸਿਖ਼ਰ ਹੋਵੇਗਾ ਅਤੇ 2100 ਈਸਵੀ ਤੱਕ ਹਾਲਾਤ ਅਜਿਹੇ ਹੀ ਰਹਿਣ ਦੀ ਸੰਭਾਵਨਾ ਹੈ। ਇਸ ਤੋਂ ਬਾਅਦ ਬਹੁਤ ਸਾਰੇ ਅਜਿਹੇ ਕਾਰਨ ਹੋਣਗੇ ਜਿਨ੍ਹਾਂ ਕਰਕੇ ਇਹ ਘੱਟਣੀ ਸ਼ੁਰੂ ਹੋ ਜਾਵੇਗੀ, ਇਸ ਦੀ ਸੰਭਾਵਨਾ 85 ਪ੍ਰਤੀਸ਼ਤ ਤੱਕ ਪ੍ਰਗਟਾਈ ਗਈ ਹੈ।

ਦੁਨੀਆਂ ਦੇ ਦਸ ਜ਼ਿਆਦਾ ਆਬਾਦੀ ਵਾਲੇ ਦੇਸ਼

ਚੀਨ ਦੀ ਜਨਸੰਖਿਆ 1 ਅਰਬ 33 ਕਰੋਡ਼, 72 ਲੱਖ 4 ਹਜ਼ਾਰ 852 ਹੈ, ਜਿਹਡ਼ੀ ਕਿ ਦੁਨੀਆਂ ਦੀ ਕੁਲ ਜਨਸੰਖਿਆ ਦਾ 19.24 ਪ੍ਰਤੀਸ਼ਤ ਬਣਦੀ ਹੈ। ਭਾਰਤ ਦੀ ਜਨਸੰਖਿਆ 1 ਅਰਬ 21 ਕਰੋਡ਼, 1 ਲੱਖ 93 ਹਜ਼ਾਰ 422 ਹੈ ਅਤੇ ਇਹ ਦੁਨੀਆਂ ਦੀ ਕੁਲ ਜਨਸੰਖਿਆ ਦਾ 17.38 ਪ੍ਰਤੀਸ਼ਤ ਬਣਦੀ ਹੈ। ਅਮਰੀਕਾ ਦੀ ਜਨਸੰਖਿਆ  31 ਕਰੋਡ਼ 22 ਲੱਖ, 66 ਹਜ਼ਾਰ ਹੈ ਅਤੇ ਇਹ ਵਿਸ਼ਵ ਦੀ ਕੁਲ ਜਨਸੰਖਿਆ ਦਾ 4.48 ਪ੍ਰਤੀਸ਼ਤ ਹੈ। ਇੰਡੋਨੇਸ਼ੀਆ ਦੀ ਜਨਸੰਖਿਆ 23 ਕਰੋਡ਼ 75 ਲੱਖ, 56 ਹਜ਼ਾਰ 363 ਹੈ, ਜਿਸਦਾ ਅਨੁਪਾਤ ਦੁਨੀਆਂ ਦੀ ਕੁਲ ਜਨਸੰਖਿਆ ਦਾ 3.41 ਪ੍ਰਤੀਸ਼ਤ ਬਣਦਾ ਹੈ। ਬ੍ਰਾਜ਼ੀਲ ਦੀ 19 ਕਰੋਡ਼ 7 ਲੱਖ, 32 ਹਜ਼ਾਰ ਜਨਸੰਖਿਆ ਹੈ। ਪਾਕਿਸਤਾਨ ਦੀ ਜਨਸੰਖਿਆ 17 ਕਰੋਡ਼ 72 ਲੱਖ, 99 ਹਜ਼ਾਰ ਹੈ, ਜਿਸਦਾ ਅਨੁਪਾਤ ਦੁਨੀਆਂ ਦੀ ਕੁਲ ਜਨਸੰਖਿਆ ਦਾ 2.55 ਪ੍ਰਤੀਸ਼ਤ ਨਿਕਲਦਾ ਹੈ। ਨਾਇਜੀਰੀਆ ਦੀ ਜਨਸੰਖਿਆ 15 ਕਰੋਡ਼ 84 ਲੱਖ, 23 ਹਜ਼ਾਰ ਹੈ। ਬੰਗਲਾਦੇਸ਼ ਦੀ ਜਨਸੰਖਿਆ 15 ਕਰੋਡ਼ 13 ਲੱਖ, 8 ਹਜ਼ਾਰ ਹੈ। ਰੂਸ 'ਚ 14 ਕਰੋਡ਼ 29 ਲੱਖ, 14 ਹਜ਼ਾਰ 136  ਲੋਕ ਵਸਦੇ ਹਨ ਅਤੇ ਇਹ ਕੁਲ ਦੁਨੀਆਂ ਦੀ ਜਨਸੰਖਿਆ ਦੇ 2.05 ਪ੍ਰਤੀਸ਼ਤ ਹਨ। ਜਪਾਨ 'ਚ ਜਨਸੰਖਿਆ 12 ਕਰੋਡ਼ 79 ਲੱਖ, 50 ਹਜ਼ਾਰ ਹੈ ਅਤੇ ਇਹ ਦੁਨੀਆਂ ਦੀ ਕੁਲ ਜਨਸੰਖਿਆ ਦਾ 1.84 ਪ੍ਰਤੀਸ਼ਤ ਬਣਦਾ ਹੈ।

ਜਨਸੰਖਿਆ 'ਚ ਤੇਜ਼ੀ ਨਾਲ ਵਾਧਾ ਸਮੱਸਿਆ ਬਣਿਆ ਹੋਇਆ ਹੈ। ਹਾਲਾਂਕਿ ਬਹੁਤ ਸਾਰੇ ਲੋਕ ਇਸ ਮਤ ਨਾਲ ਸਹਿਮਤ ਨਹੀਂ ਹਨ। ਕਿਹਾ ਜਾ ਰਿਹਾ ਹੈ ਕਿ ਜਿਸ ਤੇਜ਼ੀ ਨਾਲ ਜਨਸੰਖਿਆ ਵੱਧ ਰਹੀ ਹੈ, ਉਸੇ ਤੇਜ਼ੀ ਨਾਲ ਧਰਤੀ 'ਤੇ ਵਸੀਲਿਆਂ ਦੀ ਕਮੀ ਹੁੰਦੀ ਜਾ ਰਹੀ ਹੈ। ਵਿਕਾਸਸ਼ੀਲ ਦੇਸ਼ਾਂ 'ਚ ਜਨਸੰਖਿਆ ਵਧਣ ਦੀ ਦਰ ਜ਼ਿਆਦਾ ਹੈ। ਹਾਲਾਂਕਿ ਵਿਸ਼ਵ ਦੇ ਦਸ ਸਭ ਤੋਂ ਜ਼ਿਆਦਾ ਜਨਸੰਖਿਆ ਵਾਲੇ ਦੇਸ਼ਾਂ 'ਚ ਅਮਰੀਕਾ ਤੇ ਜਪਾਨ ਵੀ ਸ਼ਾਮਲ ਹੈ, ਪਰ ਇਨ੍ਹਾਂ ਦੇਸ਼ਾਂ ਲਈ ਜਨਸੰਖਿਆ ਸਮੱਸਿਆ ਨਹੀਂ ਹੈ, ਜਦੋਂਕਿ ਭਾਰਤ ਵਰਗੇ ਮੁਲਕ ਲਈ ਵਸੋਂ  ਨੂੰ ਕਾਬੂ 'ਚ ਰੱਖਣਾ ਚੁਣੌਤੀ ਬਣਿਆ ਹੋਇਆ ਹੈ। ਚੀਨ ਵਰਗਾ ਦੇਸ਼ ਜਨਸੰਖਿਆ ਕਾਬੂ ਹੇਠ ਰੱਖਣ ਲਈ ਲੰਬੇ ਅਰਸੇ ਤੋਂ ਉਪਰਾਲੇ ਵੀ ਕਰ ਰਿਹਾ ਹੈ। ਇਸ ਸਮੇਂ ਵਿਸ਼ਵ ਦੀ ਅੱਧੀ ਜਨਸੰਖਿਆ ਦੇ ਬਰਾਬਰ ਵਸੋਂ ਭਾਰਤ ਤੇ ਚੀਨ 'ਚ ਹੀ ਨਿਵਾਸ ਕਰ ਰਹੀ ਹੈ। ਜਨਸੰਖਿਆ ਦੇ ਹਿਸਾਬ ਨਾਲ ਗੱਲ ਕਰੋ ਤਾਂ ਚੀਨ ਸਭ ਤੋਂ ਅੱਗੇ ਹੈ। ਵੈਟੀਕਨ ਸਿਟੀ ਸਭ ਤੋਂ ਛੋਟਾ ਦੇਸ਼ ਮੰਨਿਆ ਜਾਂਦਾ ਸੀ, ਜਿਸਦੀ ਜਨਸੰਖਿਆ ਸਿਰਫ 500 ਹੈ, ਪਰ ਇਸ ਸੂਚੀ 'ਚ ਹੁਣ ਪਿਟਕੇਰਨ ਆਈਲੈਂਡ ਹੋਰ ਜੁਡ਼ ਗਿਆ ਹੈ, ਜਿੱਥੋਂ ਦੀ ਅਬਾਦੀ ਸਿਰਫ 50 ਲੋਕਾਂ ਦੀ ਹੈ।

ਵੱਧਦੀ ਜਨਸੰਖਿਆ ਤੇ ਭਾਰਤ
 
15ਵੀਂ ਮਰਦਮਸ਼ੁਮਾਰੀ ਮੁਤਾਬਕ ਪਤਾ ਲੱਗਦਾ ਹੈ ਕਿ ਭਾਰਤ ਦੀ ਜਨਸੰਖਿਆ 121 ਕਰੋਡ਼ ਹੋ ਗਈ ਹੈ। ਪਿਛਲੇ ਇਕ ਦਹਾਕੇ ਵਿਚ ਭਾਰਤ ਦੀ ਜਨਸੰਖਿਆ ਵਿਚ 18 ਕਰੋਡ਼ ਤੋਂ ਜ਼ਿਆਦਾ ਦਾ ਵਾਧਾ ਹੋਇਆ ਹੈ। ਇਸ ਮਾਮਲੇ 'ਚ ਭਾਰਤ ਦੁਨੀਆਂ ਦਾ ਦੂਜੇ ਨੰਬਰ ਦਾ ਮੁਲਕ ਬਣ ਗਿਆ ਹੈ। 2025 'ਚ ਭਾਰਤ ਇਸ ਮਾਮਲੇ 'ਚ ਪਹਿਲੇ ਨੰਬਰ 'ਤੇ ਹੋਵੇਗਾ ਅਤੇ ਅਸੀਂ ਚੀਨ ਨੂੰ ਪਛਾਡ਼ ਦੇਵਾਂਗੇ ਕਿਉਂਕਿ ਸਾਡੇ ਇੱਥੇ ਹਰ ਮਿੰਟ 'ਚ 51 ਬੱਚੇ ਪੈਦਾ ਹੁੰਦੇ ਹਨ। ਸਿਰਫ ਉੱਤਰ ਪ੍ਰਦੇਸ਼ 'ਚ ਇਕ ਮਿੰਟ 'ਚ 11 ਬੱਚੇ ਪੈਦਾ ਹੁੰਦੇ ਹਨ। ਸਾਡੇ ਸੂਬੇ ਉਤਰ ਪ੍ਰਦੇਸ਼ ਅਤੇ ਮਹਾਰਾਸ਼ਟਰ ਦੀ ਜਨਸੰਖਿਆ ਅਮਰੀਕਾ ਨਾਲੋਂ ਜ਼ਿਆਦਾ ਹੈ। ਲਿੰਗ ਅਨੁਪਾਤ ਵਿਚ ਹਾਲੇ ਬਹੁਤਾ ਸੁਧਾਰ ਨਹੀਂ ਹੋਇਆ। ਪੂਰੇ ਹਿੰਦੁਸਤਾਨ ਵਿਚ 1000 ਮਰਦਾਂ ਪਿੱਛੇ 940 ਔਰਤਾਂ ਹਨ। ਸਾਲ 1981-91 ਵਿਚ ਆਬਾਦੀ ਵਿਚ 23.83 ਫੀਸਦੀ ਵਾਧਾ ਹੋਇਆ, 1991-2001 ਤੱਕ 21.64 ਰਹਿ ਗਈ ਹੈ। ਪਰ ਇਸ ਦਰ ਨਾਲ ਵੀ ਸਾਡੀ ਆਬਾਦੀ ਬਹੁਤ ਵਧੀ ਹੈ। ਭਾਰਤ ਦੀ ਜਨਸੰਖਿਆ 'ਚ ਹਰ ਸਾਲ 1 ਕਰੋਡ਼ 80 ਲੱਖ ਦਾ ਵਾਧਾ ਹੋ ਜਾਂਦਾ ਹੈ। ਇਹ ਵੱਧ ਰਹੀ ਜਨਸੰਖਿਆ ਸਾਡੇ ਦੇਸ਼ ਦੀ ਤਰੱਕੀ 'ਚ ਵਿਘਨ ਪਾਉਂਦੀ ਹੈ। ਗੱਲ ਇੱਥੇ ਹੀ ਖਤਮ ਨਹੀਂ ਹੁੰਦੀ ਸਾਲ 2010 ਤੋਂ 2015 ਦੇ ਵਿਚਕਾਰ ਜਨਸੰਖਿਆ ਸਭ ਤੋਂ ਤੇਜ਼ੀ ਨਾਲ ਵਧੇਗੀ। ਅਨੁਮਾਨ ਲਾਇਆ ਜਾ ਰਿਹਾ ਹੈ ਕਿ ਇਨ੍ਹਾਂ ਪੰਜਾਂ ਸਾਲਾਂ 'ਚ ਭਾਰਤ 13 ਕਰੋਡ਼ 50 ਲੱਖ ਜਨਸੰਖਿਆ ਹੋਰ ਵੱਧ ਜਾਵੇਗੀ। ਦੂਜੇ ਪਾਸੇ ਚੀਨ 'ਚ ਇਨ੍ਹਾਂ ਪੰਜਾਂ ਸਾਲਾਂ ਦੌਰਾਨ ਸਿਰਫ ਅੱਠ ਕਰੋਡ਼ ਜਨਸੰਖਿਆ ਵਧਣ ਦਾ ਅਨੁਮਾਨ ਹੈ। ਜਾਗਰੂਕਤਾ ਦੀ ਘਾਟ ਕਰਨ ਇਹ ਕਾਬੂ ਹੇਠ ਨਹੀਂ ਆ ਰਹੀ। ਇਸ ਨੂੰ ਕਾਬੂ ਕਰਨ ਲਈ ਸਰਕਾਰਾਂ ਦੇ ਪੱਧਰ 'ਤੇ ਵੀ ਯਤਨ ਹੋ ਰਹੇ ਹਨ ਪਰ ਇਹ ਓਨੇ ਗੰਭੀਰ ਨਹੀਂ ਹਨ।

ਭਾਰਤ 'ਚ ਮੁੰਬਈ ਸਭ ਤੋਂ ਵੱਧ ਜਨਸੰਖਿਆ ਵਾਲਾ ਸ਼ਹਿਰ

ਭਾਰਤ ਦੀ ਵਪਾਰਕ ਰਾਜਧਾਨੀ ਮੁੰਬਈ 1.84 ਕਰੋਡ਼ ਲੋਕਾਂ ਨਾਲ ਦੇਸ਼ ਦਾ ਸਭ ਤੋਂ ਵੱਧ ਜਨਸੰਖਿਆ ਵਾਲਾ ਸ਼ਹਿਰ ਬਣ ਗਿਆ ਹੈ। 1.63 ਕਰੋਡ਼ ਜਨਸੰਖਿਆ ਨਾਲ ਦਿੱਲੀ ਦੂਜੇ ਨੰਬਰ 'ਤੇ ਹੈ ਅਤੇ 1.41 ਕਰੋਡ਼ ਦੀ ਜਨਸੰਖਿਆ ਨਾਲ ਕੋਲਕਾਤਾ ਸੂਚੀ 'ਚ ਤੀਜੇ ਨੰਬਰ 'ਤੇ ਆਉਂਦਾ ਹੈ। ਵੈਸੇ ਨੈਸ਼ਨਲ ਕੈਪੀਟਲ ਰੀਜਨ (ਐੱਨਸੀਆਰ) ਦੀ ਅਬਾਦੀ 2.17 ਕਰੋਡ਼ ਬਣਦੀ ਹੈ। ਐੱਨਸੀਆਰ 'ਚ ਦਿੱਲੀ ਦੇ ਇਲਾਵਾ ਗੁਡ਼ਗਾਂਓ, ਫਰੀਦਾਬਾਦ, ਨੋਇਡਾ ਤੇ ਗਾਜ਼ੀਆਬਾਦ ਸ਼ਾਮਲ ਹਨ। ਦੂਜੇ ਨੰਬਰ 'ਤੇ ਮੁੰਬਈ ਮੈਟ੍ਰੋਪਾਲੀਟਨ ਖ਼ੇਤਰ ਹੈ, ਜਿਸਦੀ ਜਨਸੰਖਿਆ 2.07 ਕਰੋਡ਼ ਹੈ।

ਜਨਸੰਖਿਆ ਦੇ ਮਾਮਲੇ 'ਚ ਦੇਸ਼ 'ਚ ਚੌਥੇ ਨੰਬਰ 'ਤੇ ਸ਼ਹਿਰ ਚੈਨੰਈ 89.1 ਲੱਖ, ਬੰਗਲੋਰ 84 ਲੱਖ ਨਾਲ ਪੰਜਵੇਂ ਨੰਬਰ 'ਤੇ ਅਤੇ ਹੈਦਰਾਬਾਦ 77.4 ਲੱਖ ਦੀ ਜਨਸੰਖਿਆ ਨਾਲ 6ਵੀਂ ਥਾਂ 'ਤੇ ਹੈ। ਅਹਿਮਦਾਬਾਦ 63.5 ਲੱਖ ਨਾਲ ਸੱਤਵੇਂ, ਪੂਨਾ 50.4 ਲੱਖ ਨਾਲ ਅੱਠਵੇਂ, ਸੂਰਤ 45 ਲੱਖ ਨਾਲ ਨੌਵੇਂ ਅਤੇ ਜੈਪੁਰ 30.7 ਲੱਖ ਦੇ ਨਾਲ ਦਸਵੇਂ ਨੰਬਰ 'ਤੇ ਹੈ।

ਟੋਕੀਓ ਦੁਨੀਆਂ ਦਾ ਸਭ ਤੋਂ ਵੱਧ ਜਨਸੰਖਿਆ ਵਾਲਾ ਸ਼ਹਿਰ

ਜਪਾਨ ਦੀ ਰਾਜਧਾਨੀ ਟੋਕੀਓ ਦੁਨੀਆਂ ਦਾ ਸਭ ਤੋਂ ਵੱਧ ਜਨਸੰਖਿਆ ਵਾਲਾ ਸ਼ਹਿਰ ਹੈ। ਇਸ ਸ਼ਹਿਰ ਦੀ ਜਨਸੰਖਿਆ 3 ਕਰੋਡ਼ 24 ਲੱਖ, 50 ਹਜ਼ਾਰ ਹੈ। ਇਸ ਤੋਂ ਬਾਅਦ ਨੰਬਰ ਆਉਂਦਾ ਹੈ ਦੱਖਣੀ ਕੋਰੀਆ ਦੇ ਸ਼ਹਿਰ ਸਿਓਲ ਦਾ, ਜਿਸਦੀ ਜਨਸੰਖਿਆ 2 ਕਰੋਡ਼ 5 ਲੱਖ, 50 ਹਜ਼ਾਰ ਹੈ। 2 ਕਰੋਡ਼ 4 ਲੱਖ, 50 ਹਜ਼ਾਰ ਜਨਸੰਖਿਆ ਨਾਲ ਮੈਕਸੀਕੋ ਦਾ ਮੈਕਸੀਕੋ ਸਿਟੀ ਤੀਜੇ ਨੰਬਰ 'ਤੇ ਅਤੇ 1 ਕਰੋਡ਼ 97 ਲੱਖ, 50 ਹਜ਼ਾਰ ਨਾਲ ਅਮਰੀਕਾ ਦਾ ਸ਼ਹਿਰ ਨਿਊਯਾਰਕ ਚੌਥੇ ਨੰਬਰ 'ਤੇ ਆਉਂਦਾ ਹੈ। ਭਾਰਤ ਦਾ ਮੁੰਬਈ ਸ਼ਹਿਰ ਦੁਨੀਆਂ ਦਾ 5 ਵੱਡਾ ਸ਼ਹਿਰ ਹੈ। ਮੁੰਬਈ 'ਚ 1.84 ਕਰੋਡ਼ ਲੋਕ ਵਾਸ ਕਰਦੇ ਹਨ। ਇੰਡੋਨੇਸ਼ੀਆ ਦਾ ਜਕਾਰਤਾ ਛੇਵੇਂ, ਬਰਾਜ਼ੀਲ ਦਾ ਸਾਓ ਪਾਓਲੋ ਸੱਤਵੇਂ, ਭਾਰਤ ਦਾ ਦਿੱਲੀ ਅੱਠਵੇਂ, ਜਪਾਨ ਦਾ ਓਸਾਕਾ ਨੌਵੇਂ ਅਤੇ ਚੀਨ ਦਾ ਸ਼ੰਘਾਈ ਸ਼ਹਿਰ ਦਸਵੇਂ ਨੰਬਰ 'ਤੇ ਹੈ।

...ਤੇ ਦਿੱਲੀ ਹੋਵੇਗਾ ਸਭ ਤੋਂ ਵੱਧ ਜਨਸੰਖਿਆ ਵਾਲਾ ਸ਼ਹਿਰ

ਜਨਸੰਖਿਆ ਦੇ ਹਿਸਾਬ ਨਾਲ ਦੁਨੀਆਂ ਦੇ ਸਭ ਤੋਂ ਤੇਜ਼ੀ ਨਾਲ ਵੱਧ ਰਹੇ ਸ਼ਹਿਰਾਂ 'ਚੋਂ ਦਿੱਲੀ ਦੀ ਰਫ਼ਤਾਰ ਸਭ ਤੋਂ ਤੇਜ਼ ਹੈ। ਜੇ ਇਹੀ ਹਾਲਾਤ ਰਹੇ ਤਾਂ ਅਗਲੇ 15 ਸਾਲਾਂ 'ਚ ਸਾਡੇ ਦੇਸ਼ ਦੀ ਰਾਜਧਾਨੀ ਦਿੱਲੀ ਪੂਰੀ ਦੁਨੀਆਂ 'ਚ ਸਭ ਤੋਂ ਜ਼ਿਆਦਾ ਜਨਸੰਖਿਆ ਵਾਲਾ ਸ਼ਹਿਰ ਬਣ ਜਾਵੇਗੀ। ਟਾਈਮ ਮੈਗਜ਼ੀਨ ਨੇ ਭਵਿੱਖ ਦੇ ਜਿਨ੍ਹਾਂ ਸਭ ਤੋਂ ਵੱਧ ਜਨਸੰਖਿਆ ਵਾਲੇ ਸ਼ਹਿਰਾਂ ਦੀ ਸੂਚੀ ਜਾਰੀ ਕੀਤੀ ਹੈ ਉਨ੍ਹਾਂ 'ਚ ਦਿੱਲੀ ਸਮੇਤ ਭਾਰਤ ਦੇ ਤਿੰਨ ਮਹਾਨਗਰਾਂ ਨੂੰ ਸ਼ਾਮਲ ਕੀਤਾ ਗਿਆ ਹੈ। 6 ਕਰੋਡ਼ 41 ਲੱਖ ਦੀ ਜਨਸੰਖਿਆ ਨਾਲ ਦਿੱਲੀ ਪਹਿਲੇ ਨੰਬਰ 'ਤੇ ਹੈ। ਇਸ ਲਡ਼ੀ 'ਚ ਮੁੰਬਈ ਚੌਥੇ ਤੇ ਕੋਲਕਾਤਾ ਸੱਤਵੇਂ ਨੰਬਰ 'ਤੇ ਹੈ।

ਦੁਨੀਆਂ ਅੱਗੇ ਚੁਣੌਤੀਆਂ ਅਤੇ ਉੱਠ ਰਹੇ ਸਵਾਲ

ਸਟੇਟ ਆਫ ਵਰਲਡ ਪਾਪੂਲੇਸ਼ਨ ਰਿਪੋਰਟ 2011 'ਚ ਦੁਨੀਆਂ ਦੇ ਸਾਹਮਣੇ ਖਡ਼ੀਆਂ ਜਨਸੰਖਿਆ ਸੰਬੰਧੀ ਚੁਣੌਤੀਆਂ ਦਾ ਜ਼ਿਕਰ ਕੀਤਾ ਗਿਆ ਹੈ। ਨਾਲ ਹੀ ਇਹ ਵੀ ਕਿਹਾ ਗਿਆ ਹੈ ਕਿ ''ਅਸੀਂ ਬਹੁਤ ਜ਼ਿਆਦਾ ਹੋ ਗਏ ਹਾਂ, ਕੁਝ ਕਰਨ ਦਾ ਸਮਾਂ ਆ ਗਿਆ ਹੈ।'' ਰਿਪੋਰਟ ਦੇ ਸੰਪਾਦਕ ਰਿਚਰਡ ਕੋਲੋਜ ਮੁਤਾਬਕ 88.4 ਕਰੋਡ਼ ਲੋਕਾਂ ਯਾਨੀ ਕਿ ਦੁਨੀਆਂ ਦੇ ਹਰ ਅੱਠਵੇਂ ਵਿਅਕਤੀ ਕੋਲ ਪੀਣ ਲਈ ਸਾਫ ਪਾਣੀ ਨਹੀਂ ਹੈ। ਹਰ ਸਾਲ 35.75 ਲੱਖ ਲੋਕ ਖਰਾਬ ਪਾਣੀ ਦੀ ਵਜ੍ਹਾ ਨਾਲ ਹੋਣ ਵਾਲੀ ਬੀਮਾਰੀਆਂ ਨਾਲ ਮਰ ਜਾਂਦੇ ਹਨ। ਦੁਨੀਆਂ 'ਚ ਹਾਲੇ ਵੀ 250 ਕਰੋਡ਼ ਸਾਫ-ਸਫਾਈ ਨਾਲ ਨਹੀਂ ਰਹਿ ਪਾ ਰਹੇ। 120 ਕਰੋਡ਼ ਲੋਕਾਂ ਦੇ ਕੋਲ ਟਾਇਲਟਾਂ ਨਹੀਂ ਹਨ।

ਵਿਕਾਸਸ਼ੀਲ ਦੇਸ਼ਾਂ 'ਚ 86.2 ਕਰੋਡ਼ ਨੌਜਵਾਨ ਹਾਲੇ ਵੀ ਪਡ਼- ਲਿਖ ਨਹੀਂ ਸਕਦੇ। 11.5 ਕਰੋਡ਼ ਬੱਚੇ ਪ੍ਰਾਇਮਰੀ ਸਕੂਲਾਂ 'ਚ ਨਹੀਂ ਜਾ ਪਾ ਰਹੇ। ਇਹ ਜਨਸੰਖਿਆ ਵਾਧੇ ਨਾਲ ਚੁਣੌਤੀਆਂ ਦੀ ਇਕ ਛੋਟੀ ਜਿਹੀ ਲਿਸਟ ਹੈ। ਸਮੱਸਿਆਵਾਂ ਹੋਰ ਵੀ ਬਹੁਤ ਹਨ। 700 ਕਰੋਡ਼ ਜਨਸੰਖਿਆ ਹੋਣ ਦਾ ਮਤਲਬ ਹੈ ਕੋਈ। ਇਹ ਏਨੀ ਵੱਡੀ ਗਿਣਤੀ ਹੈ ਕਿ ਜੇ ਕੋਈ ਬੋਲ ਕੇ ਗਿਣਨ ਲੱਗੇ ਤਾਂ ਉਸਨੂੰ 200 ਸਾਲ ਲੱਗ ਜਾਣਗੇ। 7 ਅਰਬ ਕਦਮਾਂ ਨਾਲ 150 ਵਾਰ ਧਰਤੀ ਦੀ ਪਰਿਕਰਮਾ ਕੀਤੀ ਜਾ ਸਕਦੀ ਹੈ।

ਪਿਛਲੇ ਦੋ ਸੌ ਸਾਲਾਂ 'ਤੋਂ ਜਨਸੰਖਿਆ 'ਚ ਤੇਜ਼ੀ ਨਾਲ ਵਾਧਾ ਹੋਇਆ ਹੈ। ਸੰਯੁਕਤ ਰਾਸ਼ਟਰ ਸੰਘ ਦੇ ਅੰਦਾਜ਼ੇ ਮੁਤਾਬਕ ਇਸ ਨਵੇਂ ਰਿਕਾਰਡ ਦੇ ਬਣਨ ਨਾਲ ਚਿੰਤਾਵਾਂ ਜ਼ਿਆਦਾ ਪੈਦਾ ਹੋ ਰਹੀਆਂ ਹਨ। ਧਰਤੀ 'ਤੇ ਮੌਜੂਦ ਕੁਦਰਤੀ ਸਾਧਨਾਂ ਦੀ ਉਪਲਬਧਤਾ ਦੇ ਨਾਲ-ਨਾਲ ਗਰੀਬੀ ਦੀ ਵੱਧਦੀ ਦਰ ਵੀ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ। ਅੱਜ ਸਭ ਤੋਂ ਵੱਡਾ ਸਵਾਲ ਇਹ ਕਿ ਧਰਤੀ ਆਖਿਰਕਾਰ ਕਿੰਨੇ ਹੋਰ ਦਿਨਾਂ ਤੱਕ ਲਗਾਤਾਰ ਵੱਧ ਰਹੀ ਜਨਸੰਖਿਆ ਦਾ ਭਾਰ ਸਹਿ ਸਕੇਗੀ।

Comments

Security Code (required)



Can't read the image? click here to refresh.

Name (required)

Leave a comment... (required)





ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ