Wed, 24 April 2024
Your Visitor Number :-   6997093
SuhisaverSuhisaver Suhisaver

ਸੱਤਾ-ਪ੍ਰੀਵਰਤਨ ਦੀ ਘੁੰਮਣਘੇਰੀ ਤੇ ਲੋਕ -ਕੇ ਸੀ ਸ਼ਰਮਾ

Posted on:- 06-06-2013

ਇਹ ਗੱਲ ਆਮ ਕਹੀਜਾਂਦੀ ਹੈ ਕਿ ਰਾਜਨੀਤੀ ਵਿੱਚ ਸਾਲ ਕਦੇ ਵੀ 365 ਦਿਨਾਂ ਦਾ ਨਹੀਂ ਹੋਇਆ ਕਰਦਾ। ਇਸੇ ਕਾਰਨ ਸੱਤਾ ਦੀਆਂ ਦਾਅਵੇਦਾਰ ਧਿਰਾਂ ਦੇ ਕਰਤਾ-ਧਰਤਾ ਇੱਕ ਵਾਰ ਇਸ ਲਾੜੀ ਦਾ ਪੱਲਾ ਛੱਡ ਕੇ ਮਰਨ ਤੱਕ ਇਸ ਨੂੰ ਆਪਣੇ ਵਾਰਸਾਂ ਦੀ ਜੱਦੀ ਜਾਇਦਾਦ ਵਾਂਗ ਵਸੀਅਤ ਕਰਨ ਤੋਂ ਰਤਾ ਵੀ ਨਹੀਂ ਖੁੰਝਦੇ। ਨਿਘਾਰ ਦਾਂ ਇਥੋਂ ਤਾਈਂ ਆ ਚੁੱਕਾ ਹੈ ਕਿ ਇਹ ਮਹਾਂਪੁਰਸ਼ ਲੋਕਾਂ ਦੀ, ਲੋਕਾਂ ਰਾਹੀਂ ਅਤੇ ਲੋਕਾਂ ਲਈ ਪਾਲੀ-ਪੋਸੀ ਲਾਡਲੀ 'ਰਾਜ-ਸੱਤਾ' ਨੂੰ ਇੱਕ ਵਾਰ ਵਰ ਲੈਣ ਮਗਰੋਂ ਉਸ ਨੂੰ ਆਪਣੇ ਪੈਰ ਦੀ ਜੁੱਤੀ ਵਾਂਗ ਹੰਢਾਉਂਦੇ ਹਨ। ਇਸ ਧੰਦੇ ਵਿੱਚ ਦਾਜ-ਦਹੇਜ ਵਿੱਚ ਮਿਲੇ ਵੀ.ਆਈ.ਪੀ. ਦੇ ਰੁਤਬੇ, ਅਮੀਰੀ-ਵਜ਼ੀਰੀ ਦੇ ਚੋਜ਼, ਹਾਕਮੀ-ਨਸ਼ਾ, ਭ੍ਰਿਸ਼ਟ ਘੁਟਾਲਿਆਂ ਦੇ ਲਾਇਸੈਂਸ ਜਨਤਕ, ਜਾਇਾਦਾਂ ਅਤੇ ਕਾਰੋਬਾਰ ਹੜੱਪਣ ਦੇ ਅਧਿਕਾਰਾਂ ਦੀ ਚਕਾਚੌਂਧ ਵਿੱਚ ਇਸ ਦੇ ਅਸਲ ਮਾਲਕ ਤਾਂ ਮੂਲੋਂ ਹੀ ਰੁਲ-ਖ਼ੁਲ਼ ਜਾਂਦੇ ਹਨ। ਇਤਿਹਾਸਿਕ ਤੌਰ 'ਤੇ ਰਾਜਨੀਤੀ ਤਾਂ ਮਨੁੱਖੀ ਸਮਾਜ ਦੇ ਹਜ਼ਾਰਾਂ ਵਰ੍ਹੇ ਪੁਰਾਣੇ ਲੰਮੇਰੇ ਆਰਥਿਕ ਅਤੇ ਸਮਾਜਿਕ ਵਿਕਾਸ ਦੇ ਪ੍ਰਬੰਧਨ ਵਿੱਚੋਂ ਉਪਜੀ ਮਨੁੱਖਤਾਵਾਦੀ ਪਹੁੰਚ ਦਾ ਹੀ ਅਮਲੀ ਰੂਪ ਸੀ। ਇਸੇ ਪ੍ਰਕਿਰਿਆ ਵਿੱਚੋਂ ਉਭਰੇ ਧਰਮ, ਸੱਭਿਆਚਾਰ, ਕਾਨੂੰਨ ਅਤੇ ਸੰਸਕ੍ਰਿਤੀ ਮਨੁੱਖੀ ਜੀਵਨ ਨੂੰ ਖੁਸ਼ਹਾਲ, ਹੰਢਣਸਾਰ, ਸੁਖਾਵਾਂ ਅਤੇ ਸਿਧਰਾ-ਪੱਧਰਾ ਧਰਾਤਲ ਪ੍ਰਦਾਨ ਕਰਨ ਦਾ ਉਪਰਾਲਾ ਹੀ ਸਨ ਪ੍ਰੰਤੂ ਇਸ ਅਨੈਤਿਕ ਰਾਜਨੀਤੀ ਨਾਲ ਹੋਇਆ ਸਭ ਇਸ ਦੇ ਉਲਟ।

ਲੱਖਾਂ ਵਰ੍ਹੇ ਪਹਿਲਾਂ ਜਦੋਂ ਜੰਗਲੀ ਮਨੁੱਖ ਵੀ ਜਾਨਵਰਾਂ ਵਾਂਗ ਗਿਰੋਹਾਂ-ਸਮੂਹਾਂ ਵਿੱਚ ਵਿਚਰਦਾ ਸੀ, ਉਦੋਂ ਉਸਨੂੰ ਜਿਊਂਦੇ ਰਹਿਣ ਲਈ ਜੰਗਲੀ ਜੀਵਾਂ ਦੇ ਸ਼ਿਕਾਰ, ਬਨਸਪਤੀ, ਪਲ-ਫਸਲਾਂ ਆਦਿ ਤੋਂ ਇਲਾਵਾ ਜਾਨ ਬਚਾਉਣ ਦੇ ਸਾਧਨ ਵੀ ਜੁਟਾਣੇ ਪੈਂਦੇ ਸਨ। ਜਿਸ ਦਿਨ ਤੋਂ ਉਸਨੇ ਇਹ ਸਾਧਨ ਪ੍ਰਾਪਤ ਕਰਨ ਲਈ ਆਪਣੀ ਦਿਮਾਗੀ ਸ਼ਕਤੀ ਦਾ ਪ੍ਰਯੋਗ ਕਰਨਾ ਆਰੰਭ ਕੀਤਾ, ਉਸੇ ਦਿਨ ਉਸਨੂੰ ਉਤਪਾਦਕ ਦੀ ਉਪਾਧੀ ਵੀ ਮਿਲ ਗਈ ਸੀ। ਅਸਲ ਵਿੱਚ ਇਸੇ ਗੁਣ ਕਾਰਨ ਉਹ ਜੰਗਲੀ ਜੀਵ ਤੋਂ ਮਨੁੱਖੀ ਜਾਮੇ ਵਿੱਚ ਆ ਗਿਆ। ਇਸੇ ਰਾਹ ਦਾ ਪਾਂਧੀ ਜੰਗਲੀ ਮਨੁੱਖ ਹੌਲੇ ਹੌਲੇ ਗਿਰੋਹਾਂ, ਕਬੀਲਿਆਂ, ਗਣਾਂ ਅਤੇ ਗਣਰਾਜਾਂ ਰਾਹੀਂ ਸਮਾਜਿਕ-ਵਿਕਾਸ ਦੇ ਰਾਹੇ ਪਿਆ ਮਗਰੋਂ ਆਪਣੀ 'ਕੁੱਲੀ-ਗੁੱਲੀ-ਜੁੱਲੀ' ਪ੍ਰਾਪਤੀ ਦੇ ਉਤਪਾਦਨ ਨੂੰ ਲੋੜ ਅਨੁਸਾਰ ਹਰ ਇੱਕ ਨੂੰ ਵੰਡਣ ਦੀ ਜ਼ਿੰਮੇਵਾਰੀ ਚੁੱਕਣ ਵਾਲੇ ਸਰਵ-ਸਾਂਝੇ ਵੱਡੇ-ਵੱਡੇਰੇ ਨੂੰ ਮਿਲੇ 'ਮਾਲਕੀ ਦੇ ਅਧਿਕਾਰ' ਨੇ ਅਗਲੇ ਰਾਜਨੀਤਿਕ ਪੜ੍ਹਾਵਾਂ ਨੂੰ ਅੱਗੇ ਤੋਂ ਅੱਗੇ ਵਧਾਉਣ ਦਾ ਕੰਮ ਕੀਤਾ।

ਮਨੁੱਖੀ ਸਮਾਜ ਦੇ ਵਿਕਾਸ ਦੀ ਇਸੇ ਪ੍ਰਕਿਰਿਆ ਵਿੱਚੋਂ 'ਗਣ ਰਾਜ' ਦੀਆਂ ਦਾਸ-ਦਾਸੀਆਂ ਅਤੇ ਮਾਲਕ, ਰਜਵਾੜਾਸ਼ਾਹੀ ਦੇ ਰਾਜੇ-ਮਹਾਰਾਜੇ ਅਤੇ ਪਰਜਾ ਜਾਂ ਫੇਰ ਆਧੁਨਿਕ ਸਾਮਰਾਜਵਾਦ ਅਤੇ ਪੂੰਜੀਵਾਦੀ ਲੋਕਤੰਤਰ ਵਿਚਲੇ ਧਨਾਢ ਅਤੇ ਕਿਰਤੀਆਂ ਜਿਹੀਆਂ ਸਮਾਜਿਕ ਪਰਤਾਂ ਵਿਕਸਿਤ ਹੁੰਦੀਆਂ ਆ ਰਹੀਆਂ ਹਨ। ਇਸ ਤਰ੍ਹਾਂ ਸੱਤਾਧਾਰੀ ਮਾਲਕ ਧਿਰਾਂ ਧੁਰ ਤੋਂ ਲੈ ਕੇ ਹੁਣ ਤੱਕ ਉਤਪਾਦਨ ਕਰਨ ਵਾਲੇ ਕਿਰਤੀਆਂ ਦੀ ਮਿਹਨਤ ਸ਼ਕਤੀ ਦੀ ਪੂੰਜੀ ਨੂੰ ਆਪਣੇ ਰਾਜਨੀਤਿਕ ਠਾਠ-ਬਾਠ ਰਾਹੀਂ ਲੁੱਟਦੀਆਂ ਹੀ ਤੁਰੀਆਂ ਆ ਰਹੀਆਂ ਹਨ। ਸਾਡਾ ਲੋਕਤੰਤਰ ਵੀ ਇਸੇ ਸਮਾਜਿਕ ਵੰਡ ਵਾਲੇ ਢਾਂਚੇ ਵਿੱਚ ਢਲਿਆ ਹੋਣ ਕਾਰਨ ਵਿੰਗ-ਵਲ ਪਾ ਕੇ ਆਪਣਾ ਇਹੋ 'ਰਾਜ-ਧਰਮ' ਨਿਭਾ ਰਿਹਾ ਹੈ।
ਦੂਜੇ ਬੰਨੇ ਉਪਰੋਕਤ ਸ਼ੋਸ਼ਕ-ਸ਼ਾਸਕਾਂ ਕੋਲੋਂ ਮੁਕਤੀ ਦਿਵਾਉਣ ਲਈ ਕਿਰਤੀ ਪੱਖੀ ਚਿਤਕਾਂ, ਗੁਰੂਆਂ, ਨਾਇਕਾਂ, ਸ਼ਹੀਦਾਂ, ਗ਼ਦਰੀਆਂ, ਇਨਕਲਾਬੀਆਂ ਅਤੇ ਫਾਂਸੀਆਂ ਦੇ ਰੱਸੇ ਹੱਸਦੇ ਹੱਸਦੇ ਗਲਾਂ ਵਿੱਚ ਪਾਉਣ ਵਾਲੇ ਨੌਜਵਾਨਾਂ ਨੇ ਆਪਣੀਆਂ ਜਾਨਾਂ ਵੀ ਹੂਲੀਆਂ ਹਨ।

ਇਸ ਸਭ ਕੁਝ ਦੇ ਬਾਵਜੂਦ ਇਸ ਵਰਗ ਦੇ ਅਧਿਕਾਰਾਂ ਦੀ ਬਹਾਲੀ ਲਈ ਲੜੇ ਗਏ ਘੋਲਾਂ ਵਿੱਚ ਅੰਤ ਨੂੰ ਫ਼ੌਜਾਂ ਜਿੱਤ ਕੇ ਹਾਰਦੀਆਂ ਵੀ ਰਹੀਆਂ ਅਤੇ ਰਾਜਸੀ ਸੱਤਾ ਮੁੜ ਮੁੜ ਇਨ੍ਹਾਂ ਬਹੁਰੂਪੀਏ ਲੁਟੇਰਿਆਂ ਦੀ ਝੋਲੀ ਵਿੱਚ ਹੀ ਪੈਂਦੀ ਰਹੀ। ਸਾਡੇ ਆਪਣੇ ਭਾਰਤੀ ਉਪ-ਮਹਾਂਦੀਪ ਵਿੱਚ ਵੀ ਪਿਛਲੇ ਪੰਜ ਹਜ਼ਾਰ ਸਾਲਾਂ ਦੇ ਇਤਿਹਾਸਕ ਤੱਥ ਵੀ ਵਰਤਾਰੇ ਦੇ ਪ੍ਰਮਾਣਤ ਉਦਾਹਰਨ ਹਨ। ਦੇਸੀ-ਵਿਦੇਸ਼ੀ ਸ਼ਾਸਕਾਂ ਅਤੇ ਹਮਲਾਵਰਾਂ ਜਿਵੇਂ ਯੂਨਾਨੀ ਸਿਕੰਦਰ, ਮੱਧ-ਏਸ਼ੀਆਈ ਸ਼ੱਕ-ਹੂਮ, ਖਿਲਜੀ, ਗਜ਼ਨਵੀ, ਗੌਰੀ, ਤੈਮੂਰ, ਪਠਾਣ,ਮੁਗਲ ਅਤੇ ਯੂਰਪੀਅਨ ਲੋਕਾਂ ਨੇ ਇਥੋਂ ਦੇ ਕਿਰਤੀਆਂ ਨੂੰ ਲੁੱਟ-ਖਸੁੱਟ ਕੇ ਵਕਤ 'ਚ ਹੀ ਪਾਈ ਰੱਖਿਆ। ਇਨ੍ਹਾਂ ਲੋਟੂਆਂ ਦੇ ਦਮਨਕਾਰੀ ਅੱਤਿਆਚਾਰਾਂ ਕਾਰਨ ਇਥੋਂ ਦੀ ਲੋਕਾਈ ਉਜਾੜਿਆਂ, ਨਸਲਕੁਸ਼ੀਆਂ ਅਤੇ ਲੁੱਟਾਂ-ਖੋਹਾਂ ਕਾਰਨ ਬੇਘਰੇ ਬਣ ਕੇ ਬੀਆਬਾਨ ਜੰਗਲਾਂ, ਰੇਹੀਆਂ ਅਤੇ ਰੇਗਿਸਤਾਨਾਂ ਵਿੱਚ ਭੁੱਖੇ-ਨੰਗੇ ਅਤੇ ਮਾਰੇ-ਮਾਰੇ ਫਿਰਦੀ ਰਹੀ। ਦੂਜੇ ਬੰਨੇ ਸ਼ਾਸਕ ਇਨ੍ਹਾਂ ਨੂੰ ਗੁਲਾਮ ਜਾਂ ਪਸ਼ੂਆਂ ਵਾਂਗ ਬੰਧਕ ਬਣਾ ਕੇ ਇਨ੍ਹਾਂ ਦੀ ਕਿਰਤ ਅਤੇ ਉਤਪਾਦਨ ਲੁੱਟਦੇ ਰਹੇ।

ਇਥੇ ਹੀ ਬੱਸ ਨਹੀਂ ਸਗੋਂ ਸਾਡੇ ਆਪਣੇ ਦੇਸ਼ ਦੇ ਰਾਜੇ-ਮਹਾਰਾਜੇ ਵੀ ਇਸੇ ਵਿਰਤੀ ਦੇ ਹੋਣ ਕਾਰਨ ਕਿਰਤੀ ਲੋਕਾਂ ਨਾਲ ਹਮੇਸ਼ਾ ਧ੍ਰੋਹ ਹੀ ਕਮਾਉਂਦੇ ਰਹੇ। ਇਨ੍ਹਾਂ ਨੇ ਹਮੇਸ਼ਾ ਆਪਣੀ ਗੁਆਚੀ ਹੋਈ ਰਾਜ-ਸੱਤਾ ਨੂੰ ਵੀ ਹੱਥਿਆਉਣ ਖ਼ਾਤਰ ਜਾਤਾਂ, ਧਰਮਾਂ ਅਤੇ ਕੌਮਾਂ ਦੇ ਵੱਖਰੇਵਿਆਂ ਨੂੰ ਆਧਾਰ ਬਣਾ ਕੇ ਆਮ ਲੋਕਾਂ ਦੀ ਸ਼ਰੀਰਕ ਅਤੇ ਮਾਨਸਿਕ ਸ਼ਕਤੀ ਦਾ ਭਰਪੂਰ ਸ਼ੋਸ਼ਣ ਕੀਤਾ ਹੈ। ਉਹ ਆਪਣੀ ਪਰਜਾ ਨੂੰ ਜਾਤੀਵਾਦੀ ਵੰਡ ਅਤੇ ਧਰਮ ਦੇ ਵੱਖਰੇਵਿਆਂ ਦੇ ਭਰਮਜਾਲ ਵਿੱਚ ਫਸਾ ਕੇ ਆਪ ਰਾਜ ਸੱਤਾ ਦਾ ਪੂਰਣ ਸੁੱਖ ਮਾਣਦੇ ਰਹੇ। ਇਸੇ ਕਾਰਨ ਸਾਡੇ ਰਾਜੇ-ਮਹਾਰਾਜੇ ਸੱਤਾ ਹੱਥਿਆਉਣ ਦੀ ਮੁਕਾਬਲੇਬਾਜ਼ੀ ਵਿੱਚ ਨਿੱਜੀ ਯੁੱਧਾਂ ਨੂੰ ਧਾਰਮਿਕ ਰੰਗਤ ਦੇ ਕੇ ਪਰਜਾ ਨੂੰ ਆਪਸ ਵਿੱਚ ਲੜਾਉਣ ਦੀ ਖੇਡ ਵੀ ਖੇਡਦੇ ਰਹੇ। ਸ਼ਾਸਕ ਭਾਵੇਂ ਆਪਣੇ ਸਨ ਜਾਂ ਵਿਦੇਸ਼ੀ, ਕਿਰਤੀ ਵਰਗ ਲਈ ਤਾਂ ਸਾਰੇ ਇੱਕੋ ਥੈਲੀ ਦੇ ਚੱਟੇ-ਵੱਟੇ ਸਿੱਧ ਹੁੰਦੇ ਰਹੇ। ਇਸ ਲਈ ਅਜੋਕੇ ਸੱਤਾਧਾਰੀ ਰਾਜਸੀ ਪਾਰਟੀਆਂ ਵੱਲੋਂ ਕਿਰਤੀ ਵਰਗੀ ਦੀ ਕੀਤੀ ਜਾ ਰਹੀ ਆਰਥਿਕ, ਸਮਾਜਿਕ, ਰਾਜਨੀਤਿਕ ਅਤੇ ਸੱਭਿਆਚਾਰਕ ਲੁੱਟ-ਖਸੁੱਟ ਨੂੰ ਅਨੈਤਿਕ ਰਾਜਨੀਤੀ ਦੀ ਖੇਡ ਗਰਦਾਨਣਾ ਬਣਦਾ ਹੈ। ਪਹਿਲਾਂ ਵੇਸ਼ੀ ਲੁੱਟਦੇ ਰਹੇ ਅਤੇ ਹੁਣ ਸਾਡੇ ਆਪਣੇ ਅਤੇ ਆਪ ਬਣਾਏ ਸ਼ਾਸਕ ਦੇਸ ਨੂੰ ਆਪਣੀ ਜਾਗੀਰ ਬਣਾ ਕੇ ਉਸੇ ਤਰ੍ਹਾਂ ਨਿੱਜੀ ਪਰਿਵਾਰਾਂ, ਪੁੱਤਾਂ-ਧੀਆਂ, ਨੂੰਹਾਂ-ਜਵਾਈਆਂ ਨੂੰ ਸੌਂਪ ਰਹੇ ਹਨ।

ਇਸ ਤਰ੍ਹਾਂ ਅਜੋਕੀ ਅਨੈਤਿਕ ਅਤੇ ਮਨੁੱਖਤਾ ਵਿਰੋਧੀ ਮੌਕਾਪ੍ਰਸਤ ਰਾਜਨੀਤੀ ਦੇ ਲਚਦਿਆਂ ਕਿਰਤੀ ਵਰਗ ਅਤੇ ਸੂਝਵਾਨ ਬੁੱਧੀਜੀਵੀ ਵੀ, ਲੋਕਤੰਤਰੀ ਘਿਨਾਉਣੇ ਦੌਰ ਦੀ ਅਸਹਿ ਮਾਰ ਝੱਲਣ ਕਾਰਨ ਹੈਰਾਨ ਅਤੇ ਪ੍ਰੇਸ਼ਾਨ ਹਨ। ਆਮ ਆਦਮੀ ਰਾਜਨੀਤਿਕਾਂ, ਅਰਥਸ਼ਾਸਤਰੀਆਂ, ਧਾਰਮਿਕ ਆਗੂਆਂ ਅਤੇ ਬੌਧਿਕ ਚਿੰਤਕਾਂ ਨੂੰ ਵਾਰ ਵਾਰ ਇੋ ਸਵਾਲ ਪੁੱਛਦਾ ਹੈ ਕਿ ਉਨ੍ਹਾਂ ਦੀ ਬਾਂਹ ਫੜ੍ਹਨ ਵਾਲੇ ਕੌਣ ਅਤੇ ਕਿੱਥੇ ਹਨ? ਇਸ ਦੇ ਉੱਤਰ ਵਿੱਚ ਇਹ ਸਾਰੇ ਉਨ੍ਹਾਂ ਨੂੰ ਭਰਮਾਊ ਅਤੇ ਡੰਗ ਟਪਾਊ ਨੁਸਖਿਆਂ ਰਾਹੀਂ ਵਰਚਾਉਂਦੇ ਹੀ ਆ ਰਹੇ ਹਨ। ਉਹ ਵਿਚਾਰੇ ਆਪਣੀ ਡਾਵਾਂਡੋਲ ਮਾਨਸਿਕਤਾ ਦਾ ਸ਼ਿਕਾਰ ਬਣੇ ਸੱਤਾਧਾਰੀ ਧਿਰਾਂ ਦੀ ਅੰਨ੍ਹੀਂ ਲੁੱਟ, ਸਰੀਰਕ ਅਤੇ ਮਾਨਸਿਕ ਜਬਰ ਦੀ ਘਿਨਾਉਣੀ ਮਾਰ ਝੱਲ ਰਹੇ ਹਨ। ਦੂਜੇ ਬੰਨ੍ਹੇ ਉਸ ਦੇ ਅਖੌਤੀ ਹਿਤੈਸ਼ੀ ਰਾਜਨੀਤਿਕ ਆਗੂ ਅਤੇ ਸਮਰੱਥ ਸੱਤਾਧਾਰੀ ਨੇਤਾ, ਅਧਿਕਾਰੀ ਅਤੇ ਕਾਲੇ ਧਨ ਦੇ ਮਾਲਕ ਸਭ ਅੱਛਾ ਹੋਣ ਦੇ ਸਬਜ਼ਬਾਗ਼ ਦਿਖਾ ਕੇ 'ਨੀਰੋ ਬਣੀ ਚੈਨ ਦੀ ਬੰਸਰੀ' ਵਜਾ ਰਹੇ ਹਨ।

ਸਾਡੇ ਆਪਣੇ ਸੰਵਿਧਾਨਿਕ ਢਾਂਚੇ ਅਨੁਸਾਰ ਸੱਤਾ ਦੇ ਛੇਟੋ ਤੋਂ ਛੋਟੇ ਅਦਾਰੇ ਤੋਂ ਲੈ ਕੇ ਦੇਸ ਦੇ ਵੱਡੇ ਤੋਂ ਵੱਡੇ ਅਹੁਦੇ ਲਈ ਵੋਟ-ਬੈਂਕ ਦੀ ਇੱਕ-ਇੱਕ ਵੋਟ ਬਹੁਤ ਹੀ ਮਹੱਤਵਪੂਰਨ ਹੁੰਦੀ ਹੈ। ਜਿੱਤ ਪ੍ਰਾਪਤ ਕਰਨ ਲਈ ਹਰ ਇੱਕ ਉਮੀਦਵਾਰ ਨੂੰ ਬਹੁ-ਗਿਣਤੀ ਵੋਟਰਾਂ ਦੀ ਲੋੜ ਹੋਣ ਕਾਰਨ ਉਹ ਆਪਣੀਆਂ ਥੋਥੀਆਂ ਰਾਜਨੀਤਿਕ ਸੇਵਾਵਾਂ, ਝੂਠੇ ਚੋਣ ਮਨੋਰਥ ਪੱਤਰਾਂ, ਇਸ਼ਤਿਹਾਰ ਬਾਜ਼ੀਆਂ ਅਤੇ ਮੀਡੀਆ ਦੀ ਖਰੀ-ਵੇਚ, ਜਲਸੇ-ਜਲੂਸਾਂ, ਨਸ਼ਿਆਂ ਦੇ ਭਰਪੂਰ ਦਰਿਆਵਾਂ ਅਤੇ ਤੋਹਫ਼ਿਆਂ ਦੀਆਂ ਛਹਿਬਰਾਂ ਲਾਉਣ ਲਈ ਕਾਲੇਧਨ ਭੰਡਾਰਾਂ ਦੇ ਬੂਹੇ ਵੀ ਖੋਲ੍ਹ੍ਹ ਦਿੰਦੇ ਹਨ। ਆਪਣੀ ਉਮੀਦਵਾਰੀ ਨੂੰ ਜਾਇਜ਼ ਠਹਿਰਾਉਣ ਲਈ ਝੂਠੇ ਹਲਫ਼ਨਾਮੇ, ਜਾਇਦਾਦੀ ਵੇਰਵੇ, ਧਨ ਦੇ ਕੱਚੇ ਚਿੱਠੇ, ਨੇਕ ਚਲਨੀ ਦੀਆਂ ਫ਼ਰਜ਼ੀ ਰਿਪੋਰਟਾਂ ਆਦਿ ਦਾਖ਼ਲ ਰਵਾਉਣ ਤੋ ਇਲਾਵਾ ਇਹ ਲੋਕਾਂ ਪ੍ਰਤੀ ਪ੍ਰਤੀਬੱਧਤਾ ਦੀ ਸੌਂਹਾਂ ਵੀ ਖਾਂਦੇ ਰਹਿੰਦੇ ਹਨ। ਚੋਣਾਂ ਦੇ ਨਤੀਜੇ ਆਉਣ ਉਪਰੰਤ ਇਹ ਸਾਰੇ ਬਾਹੂਬਲ, ਧਨਬਲ ਅਤੇ ਧੌਂਸਵਾਦ ਵਿੱਚ ਗਲਤਾਨ ਹੋ ਕੇ ਆਮ ਲੋਕਾਂ ਨੂੰ ਲੁੱਟਣ ਅਤੇ ਕੁੱਟਣ ਦੀ ਦੌੜ ਵਿੱਚ ਰੁੱਝ ਜਾਂਦੇ ਹਨ।

ਪਿਛਲੇ ਦੋ ਦਹਾਕਿਆਂ ਤੋਂ ਸੰਸਾਰੀਕਰਨ ਦੇ ਪੱਜ ਹੋ ਰਹੇ ਆਰਥਿਕ ਵਿਕਾਸ ਦੇ ਬਹਾਨੇ ਕੌਮੀ ਜਾਇਦਾਦਾਂ, ਖਣਿਜਾਂ, ਪ੍ਰਾਕ੍ਰਿਤਿਕ ਭੰਡਾਰਾਂ, ਪਾਣੀਆਂ, ਵਿਗਿਆਨਕ-ਤਕਨੀਕਾਂ, ਬੌਧਿਕ ਅਤੇ ਰਹਿਣ-ਸਹਿਣ ਦੇ ਵਸੀਲਿਆਂ ਨੂੰ ਕਾਲੇ ਧਨ ਦੀਆਂ ਖੇਪਾਂ ਦੇ ਸਹਾਰੇ ਬੁਰੀ ਤਰ੍ਹਾਂ ਹਥਿਆਇਆ ਜਾ ਰਿਹਾ ਹੈ। ਹਰ ਪੱਧਰ ਦੇ ਰਾਜਸੀ ਆਗੂ, ਪੂੰਜੀਪਤੀ ਘਰਾਣੇ ਅਤੇ ਕਾਲੇ-ਧਨ ਦੇ ਮਾਲਕ ਰਲ-ਹਰਲ ਕਰਦੇ ਫਿਰਦੇ ਹਨ। ਉਦਯੋਗਾਂ, ਵਿੱਅਿਕ ਅਦਾਰਿਆਂ, ਰੀਅਲ-ਅਸਟੇਟਾਂ ਅਤੇ ਰੇਤ ਦੀ ਮਾਇਨਿੰਗ ਜਿਹੇ ਕਾਲੇ ਧੰਦਿਆਂ ਰਾਹੀਂ ਜਨਤਕ ਅਦਾਰਿਆਂ ਦੀਆਂ ਜਾਇਦਾਦਾਂ ਹੜੱਪੀਆਂ ਜਾ ਰਹੀਆਂ ਹਨ। ਕਾਲੇਧਨ ਦੇ ਨਿਰੰਤਰ ਇਸ ਵਹਿਣ ਨੇ ਇਨ੍ਹਾਂ ਨੂੰ ਹਰ ਪ੍ਰਕਾਰ ਦੀ ਐਸ਼, ਸੁੱਖ-ਆਰਾਮ, ਅਸਮਾਨ ਛੂੰਹਦੀਆਂ ਇਮਾਰਤਾਂ ਅਤੇ ਵੱਡੇ-ਵੱਡੇ ਮੌਲਾਂ ਦੇ ਮਾਲਕ ਬਨਣ ਦੀਆਂ ਗਾਰੰਟੀਆਂ ਵੀ ਦੇ ਰੱਖੀਆਂ ਹਨ। ਸਵਾ ਸੌ ਕਰੋੜ ਭਾਰਤੀ ਵੱਸੋਂ ਵਿੱਚੋਂ ਇਨ੍ਹਾਂ 20 ਪ੍ਰਤੀਸ਼ਤ ਲੁਟੇਰਿਆਂ ਨੇ 80 ਫੀਸਦੀ ਕਿਰਤੀ, ਮੱਧ ਵਰਗੀ ਅਤੇ ਨਿਮਨ ਵਰਗੀ ਲੋਕ ਲਈ ਇਸ ਜ਼ਿੰਦਗੀ ਨੂੰ ਸ਼ਰਾਪ ਬਣਾ ਕੇ ਰੱਖਿਆ ਹੈ। ਉਨ ਨੂੰ ਤਾਂ ਲੱਗਦਾ ਹੈ ਕਿ 'ਨਾ ਨੌ ਮਣ ਤੇਲ ਹੋਵੇਗਾ ਅਤੇ ਨਾ ਹੀ ਰਾਧਾ ਨੱਚ ਸਕੇਗੀ'।

ਇਸੇ ਦੁੱਖਾਂਤ ਕਾਰਨ ਦੇਸ਼ ਦਾ ਪ੍ਰਬੰਧਨ ਵੀ ਰਿਸ਼ਵਤ-ਖੋਰੀ, ਭਾਈ-ਭਤੀਜਾਵਾਦ, ਰਾਜਨੀਤਿਕ ਧੌਂਸਵਾਦ ਅਤੇ ਅਫ਼ਸਰਸ਼ਾਹੀ ਦੀ ਆਪਾਧਾਪੀ ਦਾ ਸ਼ਿਕਾਰ ਹੋ ਚੁੱਕਾ ਹੈ। ਹਰ ਪਾਸੇ ਅਰਾਜਕਤਾ ਪੱਸਰੀ ਹੋਈ ਹੈ। 'ਦੁੱਧ ਦੀ ਰਾਖੀ ਬਿੱਲੀਆਂ' ਦੇ ਹੋਣ ਕਾਰਨ ਮਾਸੂਮ ਬੱਚੀਆਂ ਦੇ ਬਲਾਤਕਾਰ, ਫਿਰੌਤੀਆਂ, ਫਾਹਿਆਂ, ਜਬਰੀ ਅਗਨਦਾਹਾਂ, ਕਤਲਾਂ, ਡਾਕਿਆਂ ਅਤੇ ਲੁੱਟਾਂ-ਖੋਹਾਂ ਦੀਆਂ ਖ਼ਬਰਾਂ ਪੜ੍ਹਦਿਆਂ, ਸੁਣਦਿਆਂ ਅਤੇ ਦੇਖਦਿਆਂ ਲੋਕ ਅੱਕ-ਥੱਕ ਚੁੱਕੇ ਹਨ। ਆਪਣੇ ਰਾਜਸੀ ਮਹਾਂਪ੍ਰਭਆਂ ਦੀ ਸ਼ਹਿ ਅਤੇ ਧੌਂਸ ਦੇ ਸਹਾਰੇ ਅਪਰਾਧੀ ਜਗਤ ਵਾਲੇ ਦਨਦਨਾਂਦੇ ਫਿਰਦੇ ਹਨ। ਜਿਵੇਂ ਸੱਭਿਆਚਾਰ, ਧਰਮ, ਸਮਾਜਿਕ ਨੈਤਿਕਤਾ ਅਤੇ ਚਾਲ-ਚੱਲਣ ਉਪਰਲੇ ਲੋਕਾਂ ਦੀਆਂ ਸਮਾਜਿਕ ਤੈਹਾਂ ਵਿੱਚੋਂ ਰਿਸ-ਰਿਸ ਕੇ ਹੇਠਲੇ ਲੋਕਾਂ ਤਾਈਂ ਪਹੁੰਚਦਾ ਹੈ, ਉਸੇ ਤਰ੍ਹਾਂ ਸਾਰੀਆਂ ਬੁਰਾਈਆਂ ਵੀ ਭ੍ਰਿਸ਼ਟ ਰਾਜਸੀ ਧਿਰਾਂ ਦੀ ਬਦੌਲਤ ਸਮਾਜ ਦੀਆਂ ਸਾਰੀਆਂ ਹੇਠਲੀਆਂ ਤਹਿਆਂ ਨੂੰ ਪ੍ਰਭਾਵਤ ਕਰ ਰਹੀਆਂ ਹਨ।ਸਾਡੀਆਂ ਸਾਰੀਆਂ ਸੰਸਥਾਵਾਂ, ਕੇਂਦਰਾਂ, ਰਹਿਣ-ਸਹਿਣ, ਲੈਣ-ਦੇਣ ਆਦਿ ਸਾਰੇ ਵਰਤਾਰਿਆਂ ਨੂੰ ਅਰਾਜਕਤਾ ਅਤੇ ਆਪਾਧਾਪੀ ਨੇ ਸਾਰੇ ਪ੍ਰਬੰਧਨ ਨੂੰ ਬੁਰੀ ਤਰ੍ਹਾਂ ਗ੍ਰਸ ਲਿਆ ਹੈ। ਵਿੱਦਿਅਕ ਸੰਸਥਾਵਾਂ ਅਤੇ ਹਰ ਪ੍ਰਕਾਰ ਦੇ ਪ੍ਰਬੰਧਕੀ ਢਾਂਚੇ ਮਨੁੱਖੀ ਜੀਵਨ ਨੂੰ ਵਿਕਾਸ-ਮੁਖੀ ਬਨਾਉਣ ਦੀ ਥਣ ਵਿਨਾਸ਼ ਦੀਆਂ ਘਾਟੀਆਂ ਵੱਲ ਧੱਕ ਰਹੇ ਹਨ।
ਉਸ ਫਸਲ ਦਾ ਉਜਾੜੇ ਤੋਂ ਬਿਨਾਂ ਹੋਰ ਕੀ ਬਣ ਸਕਦਾ ਹੈ ਜਿਸਦੀ 'ਵਾੜ ਹੀ ਉਸ ਚਰ ਰਹੀ' ਹੋਵੇ। ਸਮਾਜਿਕ ਵਿਕਾਸ ਲਈ ਨਿਆਂ, ਬਰਾਬਰਤਾ ਅਤੇ ਭਾਈਚਾਰਾ ਸਭ ਤੋਂ ਵੱਡੇ ਅਤੇ ਲੋੜੀਂਦੇ ਤੱਤ ਹੁੰਦੇ ਹਨ ਪ੍ਰੰਤੂ ਸਾਡੇ ਧਰਮਾਂ, ਕਾਨੂੰਨਾਂ ਦੇ ਅਮਲਾਂ, ਸੱਭਿਆਚਾਰਾਂ, ਇਲਾਜਾਂ, ਰੋਜ਼ਗਾਰ ਅਤੇ ਵਿੱਦਿਆਕ ਸੁਵਿਧਾਵਾਂ ਵਿੱਚ ਆਜ਼ਾਦੀ ਦੇ ਛੇ ਦਹਾਕਿਆਂ ਮਗਰੋਂ ਵੀ ਏਸ ਖੇਤਰ ਵਿੱਚ ਪੂਣ ਵੀ ਨਹੀਂ ਕੱੀ ਜਾਪ ਰਹੀ। ਕਾਲੇਧਨ ਦੇ ਮਾਲਕਾਂ ਨੇ ਕੁੱਲੀ-ਗੁੱਲੀ-ਜੁੱਲੀ ਦੀਆਂ ਲੋੜੀਂਦੀਆਂ ਚੀਜ਼ਾਂ ਦੇ ਭਾਅ ਇੰਨੇ ਅਸਮਾਨੀ ਚੜ੍ਹਾ ਦਿੱਤੇ ਹਨ ਕਿ ਆਮ ਆਦਮੀ ਸ਼ੁੱਧ ਅਤੇ ਸਹੀ ਭੋਜਨ , ਰਹਿਣ- ਸਹਿਣ,ਵਿੱਦਿਆ ਅਤੇ ਇਲਾਜ ਬਾਰੇ ਸੋਚ ਵੀ ਨਹੀਂ ਸਕਦਾ।

ਪਿਛਲੇ 65 ਸਾਲਾਂ ਤੋਂ ਇਸੇ ਪ੍ਰਕਾਰ ਦੀ ਭ੍ਰਿਸ਼ਟ ਅਤੇ ਅਨੈਤਿਕ ਰਾਜਨੀਤੀ ਕਾਰਨ ਹੀ ਸੱਤਾਧਾਰੀ ਰਾਜਸੀ ਨੇਤਾ ਭਾਰਤੀ ਸਮਾਜਵਾਦੀ ਲੋਕਰਾਜ ਦੀ ਥਾਂ ਪੂੰਜੀਵਾਦੀ ਲੋਕਤੰਤਰ ਦੇ ਪੱਜ ਪਰਿਵਾਰਵਾਦ ਲਾਗੂ ਕਰਨ, ਕਾਲੇ ਧਨ ਦੀਆਂ ਖੇਪਾਂ ਜੋੜਨ ਅਤੇ ਕਾਨਨੂੰਨੀ ਮਘੋਰਿਆਂ ਦੀ ਦੁਰਵਰਤੋਂ ਕਰਨ ਵਾਲੇ ਰਾਜਨੇਤਾ ਬਣੇ ਫਿਰਦੇ ਹਨ। ਸਾਡੀ ਕਾਰਜਕਾਰਨੀ, ਪੁਲਸ ਅਤੇ ਸੁਰੱਖਿਆ, ਪੜਤਾਲੀਆ ਵਿਭਾਗ ਅਤੇ ਆਮਦਨ ਕਰ ਵਿਭਾਗੀ ਸੰਸਥਾਵਾਂ ਵੀ ਇਨ੍ਹਾਂ ਦਾ ਹੀ ਪਾਣੀ ਭਰਦੀਆਂ ਹਨ। ਲੋਕਤੰਤਰ ਦਾ ਅਸਲ ਮਾਲਕ ਆਮ ਆਦਮੀ ਤਾਂ ਇਨ੍ਹਾਂ ਦੀ ਖਾਧੀ-ਪੀਤੀ ਰੋਟੀ ਬਣ ਚੁੱਕਿਆ ਹੈ। ਦੁਨੀਆਂ ਦੇ ਵਿਕਸਿਤ ਸਾਮਰਾਜੀ ਦੇਸ਼ਾਂ ਵੱਲੋਂ ਛੇੜੀ ਹੋਈ ਨਵ-ਬਸਤੀਵਾਦੀ ਸੰਸਾਰੀਕਰਨ, ਉਦਾਰੀਕਰਨ ਅਤੇ ਨਿੱਜੀਕਰਨ ਦੀ ਨੀਤੀਆਂ ਲਾਗੂ ਕਰਨ ਦੀ ਖੇਡ ਵਿੱਚ ਸਾਡੇ ਦੇ ਦਾ ਪੂੰਜੀਵਾਦੀ-ਜਗੀਰੂ-ਸੱਤਾਧਾਰੀ ਵਰਗ ਇਨ੍ਹਾਂ ਦੀਆਂ ਮੂਹਰਲੀਆਂ ਕਤਾਰਾਂ ਵਿੱਚ ਖੇਡ ਰਿਹਾ ਹੈ। ਸ਼ਹਿਰੀਕਰਨ, ਮੰਡੀਕਰਨ, ਆਰਥਿਕ ਅਤੇ ਉਦਯੋਗਕ ਜ਼ੋਨਾਂ ਦੀ ਉਸਾਰੀ ਦੇ ਬਾਨੇ ਢਾਂਚਾਗਤ ਵਿਕਾਸ ਦੀ ਮਾਰ ਹੇਠ ਖੇਤੀ 'ਤੇ ਨਿਰਭਰ ਰਹਿਣ ਵਾਲੀ 70 ਪ੍ਰਤੀਸ਼ਤ ਕਿਸਾਨੀ ਦੀ ਭੂਮੀ 'ਤੇ ਕਬਜ਼ਾ ਕੀਤਾ ਜਾ ਰਿਹਾ ਹੈ। ਇਸੇ ਪ੍ਰਕਿਰਿਆ ਰਾਹੀਂ ਉਨ੍ਹਾਂ ਨੂੰ ਬੇਰੁਜ਼ਗਾਰਾਂ ਦੀ ਫ਼ੌਜ ਦੇ ਸਿਪਾਹੀ ਬਣਾ ਕੇ ਨਸ਼ਿਆਂ, ਤਸਕਰੀਆਂ, ਅਪਰਾਧਾਂ ਅਤੇ ਹਵਾਲ-ਕਾਂਡਾਂ ਦੀ ਭੱਠੀਆਂ ਦਾ ਬਾਲਣ ਵੀ ਬਣਾਇਆ ਜਾ ਰਿਹਾ ਹੈ।

ਗੱਲ ਇੱਥੇ ਹੀ ਨਹੀਂ ਮੁੱਕਦੀ ਸਗੋਂ ਅਗਾਂਹ ਹੀ ਅਗਾਂਹ ਵੱਧਦੀ ਜਾ ਰਹੀ ਹੈ। ਜਿਨ੍ਹਾਂ ਸਾਮਰਾਜੀਆਂ ਤੋਂ ਦੇਸ਼ ਦੀ ਸੱਤਾ, ਅਰਥਚਾਰਾ, ਸਮਾਜਿਕ ਵਿਕਾਸ ਅਤੇ ਸੱਭਿਆਚਾਰਕ ਗੁਲਾਮੀ ਤੋਂ ਆਜ਼ਾਦੀ ਦਵਾਉਣ ਖ਼ਾਤਰ 1857 ਦੇ ਪਹਿਲੇ ਆਜ਼ਾਦੀ ਸੰਗਰਾਮ ਤੋਂ ਲੈ ਕੇ 1947 ਤੱਕ ਦੇ ਨੌਂ ਦਹਾਕਿਆਂ ਦੇ ਲਹੂ-ਵੀਟਵੇਂ ਸੰਘਰਸ਼ਾਂ ਦੌਰਾਨ ਸਾਡੇ ਆਜ਼ਾਦੀ ਸੰਗਰਾਮੀਆਂ ਨੇ ਬਲੀਦਾਨਾਂ ਦੀ ਅਲਖ ਜਗਾਈ ਗਈ ਸੀ ਅੱਜ ਸਾਡੇ ਵਰਤਮਾਨ ਬਹੁਰੂਪੀਏ ਸ਼ਾਸਕ ਉਨ੍ਹਾਂ ਦੇ ਹੀ ਕਦਰਦਾਨ ਬਣਕੇ ਆਪਣਾ ਸਭ ਕੁਝ ਦਾਅ 'ਤੇ ਲਾਈ ਬੈਠੇ ਹਨ। ਭਿੰਨ ਭਿੰਨ ਰਾਜਨੀਤਿਕ ਪਾਰਟੀਆਂ ਉਨ੍ਹਾਂ ਦੇ ਇਸ਼ਾਰਿਆਂ 'ਤੇ ਹੀ 'ਵਿਕਸਿਤ ਭਾਰਤ', 'ਉਦੈ-ਭਾਰਤ' ਜਾਂ 'ਚਮਕੀਲੇ-ਭਾਰਤ' ਬਨਾਉਣ ਦੇ ਲੁਭਾਉਣੇ ਨਾਰਿਆਂ ਰਾਹੀਂ ਅਸਲ ਵਿੱਚ ਭਾਰਤ ਨੂੰ ਮੁੜ ਉਨ੍ਹਾਂ ਦੀ ਮੰਡੀ ਬਨਾਉਣ ਦੀਆਂ ਚਾਲਾਂ ਨੂੰ ਸਫ਼ਲ ਬਨਾਉਣ ਵਿੱਚ ਵੱਡਮੁੱਲਾ ਹਿੱਸਾ ਪਾ ਰਹੀਆਂ ਹਨ। ਧਰਮ, ਜਾਤੀਵਾਦ, ਫਿਰਕੂ ਅਤੇ ਖੇਤਰੀਵਾਦ ਤੇ ਆਧਾਰਤ ਰਾਜਨੀਤੀ ਕਰਕੇ ਦੇਸ਼ ਵਿੱਚ ਅਮਨ-ਕਾਨੂੰਨ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ।

ਆਜ਼ਾਦ ਭਾਰਤ ਵਿੱਚ ਵੀ ਅੰਗਰੇਜ਼ਾਂ ਵਾਂਗ ਹੀ ਲੋਕਾਂ ਨੂੰ 'ਪਾੜੋ ਅਤੇ ਰਾਜ ਕਰੋ' ਦੀ ਕੁਲਹਿਣੀ ਨੀਤੀਆਂ ਹੀ ਇਨ੍ਹਾਂ ਧਿਰਾਂ ਦਾ ਅੱਚੁਕ ਹਥਿਆਰ ਹਨ। ਕਦੇ ਧਰਮ ਅਤੇ ਰਾਜਨੀਤੀ ਨੂੰ ਚਿੱਤ-ਪੁੱਛ ਕਰਕੇ ਅਤੇ ਕਦੇ ਵਿਕਾਊ ਰਾਜਨੀਤਿਕ ਆਗੂਆਂ ਨੂੰ ਦਲ ਬਦਲੀਆਂ ਕਰਵਾਉਣ ਖ਼ਾਤਰ ਵਜ਼ੀਰੀਆਂ, ਚੇਅਰਮੈਨੀਆਂ ਅਤੇ ਠੇਕੇਦਾਰੀਆਂ ਦੇ ਭਰਮ-ਜਾਲ ਵਿੱਚ ਫਸਾ ਕੇ ਸੱਤਾ ਨੂੰ ਹਥਿਆ ਲਿਆ ਜਾਂਦਾ ਹੈ। ਸਾਰੀਆਂ ਛੋਟੀਆਂ-ਵੱਡੀਆਂ, ਫਿਰਕੂ, ਜਾਤੀਵਾਦੀ, ਖੇਤਰੀ ਅਤੇ ਦੂਜੀਆਂ ਧੜੇਬੰਧਕ ਰਾਜਨੀਤਕ ਪਾਰਟੀਆਂ ਬਣਾ ਕੇ ਚੋਣਾਂ ਜਿੱਤਣ ਮਗਰੋਂ ਕੌਮੀ ਵੱਡੀਆਂ ਪਾਰਟੀਆਂ ਦੀ ਸੌਦੇਬਾਜ਼ੀ ਰਾਹੀਂ ਆਪਣਾ ਮੁੱਲ ਵਸੂਲ ਕਰ ਲੈਂਦੀਆਂ ਹਨ। ਕਿਰਤੀ ਵਰਗ ਦੀਆਂ ਪ੍ਰਤੀਨਿੱਧ ਅਖਵਾਉਣ ਵਾਲੀਆਂ ਹਰ ਪ੍ਰਕਾਰ ਦੀਆਂ ਖੱਬੀਆਂ ਧਿਰਾਂ, ਜਨਤਕ ਜੱਥੇਬੰਦੀਆਂ ਅਤੇ ਟ੍ਰੇਡ ਯੂਨੀਅਨਾਂ ਵੀ ਸੰਘਰਸ਼ ਦੇ ਬੁਨਿਆਦੀ ਵਿਗਿਆਨਕ ਸਿਧਾਂਤ ''ਏਕੇ ਅਤੇ ਸੰਘਰਸ਼'' ਤੋਂ ਭਟਕ ਗਈਆਂ ਹਨ, ਸਿੱਟੇ ਵਜੋਂ ਪਿਛਲੇ 65 ਸਾਲਾਂ ਤੋਂ ਇਹੋ ਪੂੰਜੀਵਾਦੀ-ਜਗੀਰੂ-ਬੁਨਿਆਦਪ੍ਰਸਤ ਭ੍ਰਿਸ਼ਟ ਅਤੇ ਅਨੈਤਿਕ ਰਾਜਨੀਤਕ ਧਿਰਾਂ ਲਗਾਤਾਰ ਜਿੱਤ ਦੇ ਝੰਡੇ ਗੱਡਦੀਆਂ ਆ ਰਹੀਆਂ ਹਨ। ਲੋਕ ਬੇਚਾਰੇ ਸੱਤਾ-ਪਰਿਵਰਤਨ ਦੀ ਘੁੰਮਣਘੇਰੀ ਵਿੱਚ ਫਸੇ ਨਿਘਾਰ ਵੱਲ ਜਾ ਰਹੇ ਹਨ।

ਸੰਪਰਕ:  94647-40957

Comments

Security Code (required)



Can't read the image? click here to refresh.

Name (required)

Leave a comment... (required)





ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ