Fri, 19 April 2024
Your Visitor Number :-   6984324
SuhisaverSuhisaver Suhisaver

ਪੰਜਾਬ ’ਚ ਨਕਲੀ ਬੌਧਿਕਤਾ ਦਾ ਵਧ ਰਿਹਾ ਰੁਝਾਨ -ਡਾ. ਸਵਰਾਜ ਸਿੰਘ

Posted on:- 10-06-2013

ਪਿਛਲੇ ਜਿਹੇ ਦਿੱਲੀ ਦੇ ਇੱਕ ਉੱਚੇਰੀ ਵਿੱਦਿਆ ਦੇ ਅਦਾਰੇ ਵਿੱਚ ਜਾਣ ਦਾ ਮੌਕਾ ਮਿਲਿਆ। ਇਹ ਅਦਾਰਾ ਮੇਰੇ ਕੁਝ ਲੈਕਚਰ ਕਰਵਾਉਣ ਵਿੱਚ ਦਿਲਚਸਪੀ ਰੱਖਦਾ ਹੈ। ਇਸ ਸਿਲਸਿਲੇ ਵਿੱਚ ਇਸ ਅਦਾਰੇ ਦੇ ਪ੍ਰਮੁੱਖ ਨਾਲ਼ ਮੇਰੀ ਮੀਟਿੰਗ ਰੱਖੀ ਗਈ ਸੀ। ਇਹ ਮੀਟਿੰਗ ਰੱਖਵਾਉਣ ਵਾਲ਼ੇ ਪੰਜਾਬ ਦੀ ਇੱਕ ਯੂਨੀਵਰਸਿਟੀ ਵਿੱਚੋਂ ਪੜ੍ਹੇ ਹਨ ਤੇ ਹੁਣ ਦਿੱਲੀ ਵਿੱਚ ਸੈਟਲ ਹੋ ਗਏ ਹਨ। ਮੈਨੂੰ ਕੁਝ ਹੈਰਾਨੀ ਵੀ ਹੋਈ ਕਿ ਆਪਣੇ ਅਦਾਰੇ ਦੇ ਮੁਖੀ ਨਾਲ਼ ਮੇਰੀ ਇਹ ਮੀਟਿੰਗ ਰਖਵਾਉਣ ਦੇ ਸਿਲਸਿਲੇ ਵਿੱਚ ਜਿੰਨੀਂ ਵਾਰੀ ਵੀ ਉਨ੍ਹਾਂ ਨੇ ਮੇਰੇ ਨਾਲ਼ ਗੱਲਬਾਤ ਕੀਤੀ, ਹਰ ਵਾਰੀ ਇਹੀ ਕਿਹਾ ਕਿ ਪੰਜਾਬ ਅਤੇ ਦਿੱਲੀ ਦੇ ਮਾਹੌਲ ਵਿੱਚ ਬਹੁਤ ਫ਼ਰਕ ਹੈ।

ਅਦਾਰੇ ਦੇ ਮੁਖੀ ਨਾਲ਼ ਲਗਬਗ ਦੋ ਘੰਟੇ ਹੋਈ ਗੱਲਬਾਤ ਦੌਰਾਨ ਉਨ੍ਹਾਂ ਨੇ ਜ਼ਿਆਦਾ ਸਮਾਂ ਪੰਜਾਬ ਵਿੱਚ ਡਿੱਗ ਰਹੇ ਬੌਧਿਕਤਾ ਦੇ ਪੱਧਰ ’ਤੇ ਨਿਰਾਸ਼ਾ ਅਤੇ ਚਿੰਤਾ ਜ਼ਾਹਿਰ ਕੀਤੀ। ਉਨ੍ਹਾਂ ਨੇ ਪੰਜਾਬ ਦੇ ਅਜੋਕੇ ਮਾਹੌਲ ਲਈ ਧੂਤਾਵਾਦ ਸ਼ਬਦ ਵਰਤਿਆ। ਸ਼ਾਇਦ ਉਨ੍ਹਾਂ ਦਾ ਇਹ ਸ਼ਬਦ ਪਿੱਛਲੇ ਕੁਝ ਸਾਲਾਂ ਤੋਂ ਮੇਰੇ ਵੱਲੋਂ ਪੰਜਾਬ ਦੇ ਮਾਹੌਲ ਲਈ ਵਰਤੇ ਗਏ ਸ਼ਬਦ ਉਜਡਵਾਦ ਨਾਲ਼ ਹੀ ਮੇਲ਼ ਖਾਂਦਾ ਹੈ।

ਉਨ੍ਹਾਂ ਕਿਹਾ ਕਿ ਅਸੀਂ ਤੁਹਾਨੂੰ ਚੌਖੀ ਗਿਣਤੀ ਵਿੱਚ ਅਜਿਹੇ ਸਰੋਤੇ ਪ੍ਰਦਾਨ ਕਰਾਂਗੇ, ਜਿਨ੍ਹਾਂ ਵਿੱਚ ਬਹੁਤ ਸਾਰੇ ਉੱਚ ਪੱਧਰ ਦੇ ਬੁੱਧੀਜੀਵੀ ਵੀ ਸ਼ਾਮਲ ਹੋਣਗੇ ਅਤੇ ਬਾਕੀਆਂ ਵਿੱਚ ਡੂੰਘੀ ਬੌਧਿਕ ਦਿਲਚਸਪੀ ਹੋਵੇਗੀ। ਇਸ ਲਈ ਇਹ ਅਰਥ ਭਰਪੂਰ ਅਤੇ ਉਸਾਰੂ ਚਰਚਾ ਹੋਵੇਗੀ। ਉਨ੍ਹਾਂ ਕਹਾ ਕਿ ਮੈਨੂੰ ਹੈਰਾਨੀ ਵੀ ਹੁੰਦੀ ਹੈ ਅਤੇ ਦੁੱਖ ਵੀ ਹੁੰਦਾ ਹੈ ਕਿ ਜਦੋਂ ਅਸੀਂ ਪੰਜਾਬ ਵਿੱਚੋਂ ਕਿਸੇ ਪ੍ਰੋਫ਼ੈਸਰ ਨੂੰ ਬੁਲਾਉਂਦੇ ਹਾਂ ਤਾਂ ਉਹ ਆਪਣੇ ਹੱਕ ਵਿੱਚ ਘੱਟ, ਪਰ ਦੂਜੇ ਪ੍ਰੋਫ਼ੈਸਰਾਂ ਦੇ ਵਿਰੋਧ ਵਿੱਚ ਜ਼ਿਆਦਾ ਦੱਸਦਾ ਹੈ। ਮੇਰਾ ਤਜ਼ਰਬਾ ਵੀ ਇਹੀ ਰਿਹਾ ਹੈ ਕਿ ਪੰਜਾਬ ਵਿੱਚ ਦੂਜਿਆਂ ਦੀ ਨਿੰਦਿਆ, ਚੁਗਲੀ ਦਾ ਮਾਹੌਲ ਪੰਜਾਬ ਦੇ ਉੱਚ-ਵਿੱਦਿਅਕ ਅਤੇ ਸਾਹਿਤਕ ਅਦਾਰਿਆਂ ਵਿੱਚ ਭਰਪੂਰ ਹੈ।


ਆਖਿਰ ਦਿੱਲੀ ਅਤੇ ਪੰਜਾਬ (ਜਾਂ ਪੰਜਾਬ ਅਤੇ ਬਾਕੀ ਭਾਰਤ) ਦੇ ਬੌਧਿਕ ਮਾਹੌਲ ਵਿੱਚ ਇੰਨਾ ਫਰਕ ਕਿਉਂ ਹੈ? ਮੈਨੂੰ ਲੱਗਦਾ ਹੈ ਕਿ ਪੰਜਾਬ ਵਿੱਚ ਨਕਲੀ ਬੌਧਿਕਤਾ (ਸੂਡੋ ਇਨਟਲੈਕਚੂਅਲਿਜ਼ਮ) ਭਾਰੂ ਰੁਝਾਨ ਬਣ ਚੁੱਕਾ ਹੈ। ਅੰਜ ਪੰਜਾਬ ਵਿੱਚ ਸੁਹਿਰਦ, ਸੰਜੀਦਾ ਅਤੇ ਸਮਰਪਿਤ ਬੁੱਧੀਜੀਵੀ ਬਹੁਤ ਘਟ ਗਏ ਹਨ ਅਤੇ ਲਗਾਤਾਰ ਘਟੀ ਜਾ ਰਹੇ ਹਨ। ਉਨ੍ਹਾਂ ਦੀ ਥਾਂ ਨਵੇਂ ਅਖੌਤੀ ਬੁੱਧੀਜੀਵੀ ਲੈ ਰਹੇ ਹਨ। ਉਨ੍ਹਾਂ ਦੀ ਰੁਚੀ ਆਪਣਾ ਆਪਣਾ ਬੌਧਿਕ ਪੱਧਰ ਉੱਚਾ ਚੁੱਕਣ ਦੀ ਬਜਾਏ ਪਬਲਿਕ ਰੀਲੇਸ਼ਨਰਜ਼ (ਲੋਕ ਸੰਪਰਕ), ਰਾਜਨੀਤਿਕ ਗੱਠਜੋੜ ਅਤੇ ਅਖ਼ਬਾਰਾਂ ਵਿੱਚ ਖ਼ਬਰਾਂ ਲਾਉਣ (ਨਿੳੂਜ਼ ਕਵਰੇਜ਼) ਵਰਗੇ ਖੇਤਰਾਂ ਵਿੱਚ ਮੁਹਾਰਤ ਹਾਸਲ ਕਰਨ ਵਿੱਚ ਜ਼ਿਆਦਾ ਤੇ ਸਾਹਿਤਕ ਖੇਤਰਾਂ ਵਿੱਚ ਨਾਮ ਕਮਾਉਣ ਲਈ ਅਤੇ ਸਰਕਾਰੀ ਤੇ ਗ਼ੈਰ-ਸਰਕਾਰੀ ਸਨਮਾਨ ਹਾਸਲ ਕਰਨ ਲਈ ਬੌਧਿਕ ਪੱਧਰ ਨਾਲੋਂ ਇਨ੍ਹਾਂ ਖੇਤਰਾਂ ਵਿੱਚ ਮੁਹਾਰਤ ਹਾਸਲ ਕਰਨਾ ਜ਼ਿਆਦਾ ਜ਼ਰੂਰੀ ਹੈ।

ਇਨ੍ਹਾਂ ਖੇਤਰਾਂ ਵਿੱਚ ਮੁਹਾਰਤ ਤੋਂ ਇਲਾਵਾ ਇੱਕ ਹੋਰ ਵੱਡਾ ਖੇਤਰ ਵੀ ਹੈ, ਉਹ ਹੈ ਮਨੋਰੰਜਨ। ਵਿੱਦਿਆ ਬਾਲਨ ਦੀ ਮਸ਼ਹੂਰ ਫਿਲਮ ‘ਡਰਟੀ ਪਿਕਚਰ’ ਵਿੱਚ ਇਹ ਮਸ਼ਹੂਰ ਡਾਇਲਾਗ ‘ਐਂਟਰਟੇਨਮੈਂਟ, ਐਂਟਰਟੇਨਮੈਂਟ, ਐਂਟਰਟੇਨਮੈਂਟ’ ਅਰਥਾਤ ਮਨੋਰੰਜਨ, ਮਨੋਰੰਜਨ, ਮਨੋਰੰਜਨ ਅੱਜ ਪੰਜਾਬ ਵਿੱਚ ਭਾਰੂ ਰੁਝਾਨ ਬਣ ਚੁੱਕਾ ਹੈ। ਪੰਜਾਬੀਆਂ ਦੀ ਸਭ ਤੋਂ ਵੱਡੀ ਪਹਿਲ ਮਨੋਰੰਜਨ ਹੈ। ਅੱਜ ਪੰਜਾਬੀਆਂ ਨੇ ਗੁਰੂ ਦੇ ਦੱਸੇ ਤਿੰਨ ਸਿਧਾਂਤਾਂ ਕਿਰਤ ਕਰੋ, ਨਾਮ ਜਪੋ ਅਤੇ ਵੰਡ ਛਕੋ ਦੀ ਥਾਂ ਨਵੇਂ ਤਿੰਨ ਸਿਧਾਂਤ ਅਪਣਾ ਲਏ ਲੱਗਦੇ ਹਨ, ਜਿਸ ਤਰ੍ਹਾਂ ਮਰਜ਼ੀ ਪੈਸਾ ਕਮਾਓ, ਖਾਓ-ਪੀਓ ਅਤੇ ਐਸ਼ ਕਰੋ, ਇਨ੍ਹਾਂ ਨਵੇਂ ਸਿਧਾਂਤਾਂ ਤਹਿਤ ਮਨੋਰੰਜਨ ਜੀਵਨ ਦਾ ਕੇਂਦਰੀ ਧੁਰਾ ਬਣ ਚੁੱਕਾ ਹੈ।

ਅੱਜ ਪੰਜਾਬ ਦੇ ਬਹੁਤ ਸਾਰੇ ਉੱਚ ਵਿੱਦਿਅਕ ਅਦਾਰੇ ਬਹੁਤ ਸ਼ਿੱਦਤ ਨਾਲ਼ ਮਨੋਰੰਜਨ ਨੂੰ ਜੀਵਨ ਦੀ ਸਭ ਤੋਂ ਵੱਡੀ ਪਹਿਲ ਬਣਾਉਣ ਦੇ ਸਿਧਾਂਤ ’ਤੇ ਪਹਿਰਾ ਦੇ ਰਹੇ ਹਨ। ਤੁਲਨਾਤਮਿਕ ਤੌਰ ’ਤੇ ਵਿਦਿਆਰਥੀਆਂ ਅਤੇ ਸਟਾਫ਼ ਦੀ ਸ਼ਮੂਲੀਅਤ ਅਤੇ ਰੁਚੀ ਵਿਦਿਅਕ ਅਤੇ ਅਕਾਦਮਿਕ ਪ੍ਰੋਗਰਾਮਾਂ ਵਿੱਚ ਕਈ ਗੁਣਾਂ ਜ਼ਿਆਦਾ ਹੈ, ਜਿੱਥੇ ਚੰਗੇ ਪੱਧਰ ਦੇ ਬੌਧਿਕ ਅਦਾਨ-ਪ੍ਰਦਾਨ ਲਈ ਸਰੋਤੇ ਲੱਭਣੇ ਇੱਕ ਵੱਡੀ ਚੁਣੌਤੀ ਬਣ ਚੁੱਕਾ ਹੈ, ਉੱਥੇ ਗਾਇਕ ਅਤੇ ਨਚਾਰਾਂ ਦੇ ਅਖਾੜਿਆਂ ਲਈ ਇਨ੍ਹਾਂ ਉੱਚੇਰੀ ਵਿੱਦਿਆ ਦੇ ਕੇਂਦਰਾਂ ਵਿੱਚ ਵਿਦਿਆਰਥੀਆਂ ਅਤੇ ਸਟਾਫ਼ ਮੈਂਬਰਾਂ ਦੀਆਂ ਹੇੜਾਂ ਲੱਗ ਜਾਂਦੀਆਂ ਹਨ।

ਪੈਸੇ ਲੈ ਕੇ ਬੁੱਧੀਜੀਵੀ ਦਾ ਠੱਪਾ ਲਾਉਣਾ ਅੱਜ ਪੰਜਾਬ ਵਿੱਚ ਇੱਕ ਆਮ ਜਿਹੀ ਗੱਲ ਬਣ ਚੁੱਕੀ ਹੈ। ਇਹ ਪ੍ਰਕਿਰਿਆ ਭਾਵੇਂ ਵਿਦੇਸ਼ੀ ਪੈਸੇ ਨੇ ਸ਼ੁਰੂ ਕੀਤੀ ਸੀ, ਪਰ ਹੁਣ ਇੰਨੀਂ ਪ੍ਰਚੱਲਿਤ ਹੋ ਚੁੱਕੀ ਹੈ ਕਿ ਇਸ ਨੇ ਲਗਭਗ ਸਾਰੇ ਪੰਜਾਬੀਆਂ ਨੂੰ ਆਪਣੇ ਘੇਰੇ ਵਿੱਚ ਲਪੇਟ ਲਿਆ ਹੈ। ਕਿਸੇ ਸਾਹਿਤਕ ਰਚਨਾ ਦੇ ਮਕਬੂਲ ਹੋਣ ਲਈ ਉਸ ਦੇ ਸਾਹਿਤਕ ਅਤੇ ਬੌਧਿਕ ਪੱਧਰ ਨਾਲ਼ੋਂ ਉਸ ਦੀ ਕਿਸ ਢੰਗ ਨਾਲ਼ ਮਸ਼ਹੂਰੀ (ਪਬਲੀਸਿਟੀ) ਕੀਤੀ ਜਾਂਦੀ ਹੈ, ਜ਼ਿਆਦਾ ਜ਼ਰੂਰੀ ਹੈ। ਸਨਮਾਨ ਲੈਣ ਅਤੇ ਦਿਵਾਉਣ, ਆਪਣੀਆਂ ਅਤੇ ਦੂਜਿਆਂ ਦੀਆਂ ਲਿਖਤਾਂ ਨੂੰ ਪ੍ਰੋਤਸਾਹਿਤ ਅਤੇ ਮਕਬੂਲ ਕਰਨ ਵਿੱਚ ਮੁਹਾਰਤ ਹਾਸਲ ਕਰ ਚੁੱਕੇ ਮਾਹਿਰਾਂ ਦੀਆਂ ਸੇਵਾਵਾਂ ਉੱਪਲੱਬਧ ਹਨ। ਸਾਧਾਰਨ ਰਚਨਾ ਨੂੰ ਵੀ ਮਹਾਨ ਅਤੇ ਮਹੱਤਵਪੂਰਨ ਰਚਨਾ ਵੱਜੋਂ ਪੇਸ਼ ਕੀਤਾ ਜਾ ਸਕਦਾ ਹੈ ਅਤੇ ਜੋ ਇਹ ਸੇਵਾਵਾਂ ਹਾਸਲ ਨਹੀਂ ਕਰਨਗੇ, ਉਨ੍ਹਾਂ ਦੀਆਂ ਉੱਚ ਪੱਧਰ ਦੀਆਂ ਰਚਨਾਵਾਂ ਨੂੰ ਵੀ ਅਣਗੌਲ਼ੇ ਹੋਣ ਦਾ ਡਰ ਬਣਿਆ ਰਹੇਗਾ।

ਪੰਜਾਬ ਵਿੱਚ ਸਾਹਿਤਿਕ ਸਭਾਵਾਂ, ਲੇਖਕ ਸਭਾਵਾਂ ਅਤੇ ਸੱਥਾਂ ਤਾਂ ਖੁੰਭਾਂ ਵਾਂਗ ਵੱਧ ਰਹੀਆਂ ਹਨ, ਪਰ ਪੰਜਾਬ ਦਾ ਸਾਹਿਤਕ ਅਤੇ ਬੌਧਿਕ ਪੱਧਰ ਬਾਕੀ ਭਾਰਤ ਦੀ ਤੁਲਨਾ ਵਿੱਚ ਲਗਾਤਾਰ ਡਿੱਗ ਰਿਹਾ ਜਾਪਦਾ ਹੈ। ਕਈ ਸੁਹਿਰਦ, ਸਮਰਪਿਤ ਅਤੇ ਸੰਜੀਦਾ ਬੁੱਧੀਜੀਵੀ ਅਤੇ ਚਿੰਤਕ ਇਸ ਮਾਹੌਲ ਤੋਂ ਬਹੁਤ ਨਿਰਾਸ਼ ਹਨ, ਪਰ ਕੁਝ ਆਪ ਹੀ ਇਸ ਮਾਹੌਲ ਦੀ ਲਪੇਟ ਵਿੱਚ ਆ ਕੇ ਬੌਧਿਕਤਾ (ਇਨਟਲੈਕਚੂਨਅਲਿਜ਼ਮ) ਤੋਂ ਨਕਲੀ ਬੌਧਿਕਤਾ (ਸੂਡੋ ਇਨਟਲੈਕਚੂਨਅਲਿਜ਼ਮ) ਵਿੱਚ ਪ੍ਰਵੇਸ਼ ਕਰ ਗਏ ਹਨ। ਕੁਝ ਸਮਾਂ ਪਹਿਲਾਂ ਦਿੱਲੀ ਵਿੱਚ ਹੋ ਰਹੀ ਇੱਕ ਕੌਮਾਂਤਰੀ ਪੰਜਾਬੀ ਕਾਨਫਰੰਸ ਵਿੱਚ ਪੰਜਾਬ ਦੀ ਇੱਕ ਯੂਨੀਵਰਸਿਟੀ ਨਾਲ਼ ਸਬੰਧਤ ਵਿਦਵਾਨ, ਜਿਨ੍ਹਾਂ ਦੇ ਬੌਧਿਕ ਪੱਧਰ ਦੀ ਪੰਜਾਬ ਵਿੱਚ ਧਾਕ ਜੰਮੀਂ ਹੋਈ ਹੈ, ਨੇ ਜਦੋਂ ਆਪਣਾ ਪਰਚਾ ਪੜ੍ਹਿਆ ਤਾਂ ਦਿੱਲੀ ਦੀਆਂ ਯੂਨੀਵਰਸਿਟੀਆਂ ਨਾਲ਼ ਸੰਬੰਧਤ ਵਿਦਵਾਨਾਂ ਨੇ ਜਦੋਂ ਤਿੱਖੇ ਸਵਾਲ ਕੀਤੇ ਤਾਂ ਉਹ ਆਪਣੇ ਪਰਚੇ ਵਿੱਚ ਦਿੱਤੇ ਗਏ ਸਿਧਾਂਤਾਂ ਦਾ ਬਚਾਅ ਕਰਨ ਵਿੱਚ ਪੂਰੀ ਤਰ੍ਹਾਂ ਅਸਮਰੱਥ ਨਜ਼ਰ ਆਇਆ।

ਮੋਬਾ 98153-08460

Comments

varinder diwana

gal thee a videsi praise be nawen khalstani budhi jiviya nu janam dit, baki culture did duhaie v jayada chinta da visa chinta kadra- jimata du karo.....

Hazara Singh Toronto

Punjab has become a desert of intllectualism, religious intolerance and lack of desire to learn or create something different have choked the growth of intllecutalism. Gathring pile of wealth , power and fame are the items on prioritty list. ise karke hun gul ithe aanh puji hai: "Chalde dekh Trale, Sher Punjabian De"

Security Code (required)



Can't read the image? click here to refresh.

Name (required)

Leave a comment... (required)





ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ