Tue, 28 May 2024
Your Visitor Number :-   7068397
SuhisaverSuhisaver Suhisaver

ਰਣਦੀਪ ਮੱਦੋਕੇ: ਫ਼ੋਟੋਗ੍ਰਾਫਰ ਅਤੇ ਦਸਤਾਵੇਜ਼ੀ ਫਿਲਮਸਾਜ਼

Posted on:- 07-07-2016

suhisaver

ਮੁਲਾਕਾਤੀ:  ਅਮਰੀਕ ਨਮੋਲ

ਖਾਹਮਖਾਹ ਰਾਖੇ ਨੇ ਖੇਤਾਂ ਦੇ
ਜੋ ਕਰਦੇ ਨੇ ਖੁਦ ਤੋਂ ਹੀ ਰਾਖੀ ਕਿਸੇ ਦੇ ਖੇਤ ਦੀ
ਭਲਾ ਡਰਨਿਆਂ ਦੀ ਵੀ ਆਪਣੀ ਜ਼ਮੀਨ ਹੁੰਦੀ ਹੈ ? - ਰਣਦੀਪ ਮੱਦੋਕੇ


ਰਣਦੀਪ ਮੱਦੋਕੇ ਇੱਕ ਸਥਾਪਿਤ ਫ਼ੋਟੋਗ੍ਰਾਫਰ ਅਤੇ ਦਸਤਾਵੇਜ਼ੀ ਫਿਲਮਸਾਜ਼ ਹਨ। ਰਣਦੀਪ ਮੋਗੇ ਜ਼ਿਲ੍ਹੇ ਦੇ ਪਿੰਡ ਮੱਦੋਕੇ ਵਿੱਚ ਇੱਕ ਦਲਿਤ ਪਰਿਵਾਰ ਵਿੱਚ ਪੈਦਾ ਹੋਏ। ਉਹਨਾਂ  ਚੰਡੀਗੜ੍ਹ ਆਰਟ ਕਾਲਜ ਤੋਂ ਕਲਾ ਦੀ ਪੜਾਈ ਕੀਤੀ ਅਤੇ ਆਪਣੇ ਖੇਤਰ ਵਿਚ ਬਹੁਤ ਸਾਰੇ ਅਕਾਦਮਿਕ ਅਦਾਰਿਆਂ ਤੋਂ ਮਾਣ ਸਨਮਾਨ  ਪ੍ਰਾਪਤ ਕੀਤੇ । ਕਲਾ ਜਗਤ ਵਿੱਚ ਉਨ੍ਹਾਂ ਦਾ ਚੰਗਾ ਨਾਮ ਹੈ।ਕਲਾ ਦੇ ਖੇਤਰ ਵਿਚ  ਉਨ੍ਹਾਂ ਨੂੰ ਆਮ ਤੌਰ ਤੇ ਇੱਕ ਲੋਕ ਪੱਖੀ ਕਲਾਕਾਰ ਵਜੋਂ ਜਾਣਿਆ ਜਾਂਦਾ ਹੈ।

? ਬਚਪਨ ਦੀ ਜ਼ਿੰਦਗੀ ਅਤੇ ਪਿੰਡ ਬਾਰੇ ਦੱਸੋ?
- ਅਸੀਂ ਤਿੰਨ ਭਰਾ ਹਾਂ। ਜਿਨ੍ਹਾਂ ’ਚੋਂ ਦੋ ਭਰਾ ਪਿੰਡ ਵਿਚ ਹੀ  ਮਹਿਨਤ ਮਜ਼ਦੂਰੀ ਕਰਦੇ ਹਨ। ਬਚਪਨ ਤੋਂ ਲੈ ਕੇ ਅੱਧ ਜਵਾਨੀ ਤੱਕ  ਮੈਂ ਵੀ ਪਿੰਡ ਦੇ ਖੇਤਾਂ ਅਤੇ ਸ਼ਹਿਰ ਦੀਆਂ ਫੈਕਟਰੀਆਂ ਵਿੱਚ ਕੰਮ ਕੀਤਾ। ਦੂਜੇ ਭਰਾਵਾਂ ਤੋਂ ਅੱਠ ਦਸ ਸਾਲ ਛੋਟਾ ਹੋਣ ਕਰਕੇ ਉਨ੍ਹਾਂ ਦੀ ਇਹ ਇੱਛਾ ਸੀ ਕਿ ਮੈਂ ਪੜ੍ਹ ਲਿਖ ਕੇ ਕੋਈ ਚੰਗਾ ਕੰਮ ਕਰਾਂ  ਤੇ ਜੱਟਾਂ ਦੀ ਦਿਹਾੜੀ ਤੇ ਨਾ ਜਾਵਾਂ। ਪਰ ਘਰ ਦੇ ਹਾਲਾਤ ਸੁਖਾਵੇਂ ਨਾ ਹੋਣ ਕਰਕੇ ਬਾਰਵੀਂ ਪਾਸ ਕਰਨ ਤੋਂ ਬਾਅਦ ਹੀ ਮੈਨੂੰ ਮੋਗੇ ਸਰੋਂ ਦੀ ਤੇਲ ਫੈਕਟਰੀ ‘ਪੀ ਮਾਰਕਾ’ ਵਿੱਚ ਕੰਮ ਕਰਨਾ ਪਿਆ। ਇਸ ਤੋਂ ਬਿਨ੍ਹਾਂ ਖੇਤਾਂ ਵਿੱਚ ਨਰਮਾ ਗੁੱਡਣ ਅਤੇ ਕਣਕ ਦੀ ਵਾਢੀ ਆਦਿ ਦਾ ਕੰਮ ਵੀ ਕੀਤਾ। ਸਰੀਰਕ ਤੌਰ ਤੇ ਬਹੁਤਾ ਕਮਜ਼ੋਰ ਹੋਣ ਕਰਕੇ ਇਹ ਕੰਮ ਮੈਨੂੰ ਥਕਾ ਦਿੰਦਾ ਸੀ ਅਤੇ ਕਿਸੇ ਹੱਦ ਤੱਕ ਜਾਤ ਅਤੇ ਬੇਜ਼ਮੀਨ ਹੋਣ ਦੇ ਅਹਿਸਾਸ ਨੂੰ ਜਗਾਉਂਦਾ । ਖੇਤਾਂ ਵਿੱਚ ਦਿਹਾੜੀ ਕਰਨ ਨਾਲੋਂ ਫੈਕਟਰੀ ਵਿੱਚ ਕੰਮ ਕਰਨਾ ਮੈਨੂੰ ਜ਼ਿਆਦਾ ਚੰਗਾ ਲਗਦਾ ਸੀ।

? ਕੋਈ ਪਿੰਡ ਨਾਲ ਜੁੜੀਆਂ ਖੂਬਸੂਰਤ ਯਾਦਾਂ ?
-ਬਚਪਨ ਤੋਂ ਲੈਕੇ ਡੇਢ ਦਹਾਕਾ ਮੈਂ ਪਿੰਡ ਵਿਚ ਰਿਹਾਂ , ਕੁਝ ਬਚਪਨ ਦੀ ਮਿਠੀਆਂ ਯਾਦਾਂ ਮਾਂ ਅਤੇ ਭੋਲੇਭਾਲੇ ਬਚਪਨ ਦੇ ਦੇ ਦੋਸਤਾਂ ਬਾਰੇ ਹਨ ਪਰ ਓਹ ਸਭ ਕੁਝ ਹੁਣ ਰੇਤ ਵਾਂਗ ਕਿਰ ਚੁੱਕਾ ਹੈ , ਹੁਣ ਮੈਂ ਪਿੰਡ ਤੇ ਕਿਸੇ ਤਰ੍ਹਾਂ ਦੀ ਗਹਿਰ ਗੰਭੀਰ ਦਾਵੇਦਾਰੀ ਨਹੀਂ ਕਰਦਾ ਮੈਨੂੰ ਪਿੰਡ ਭਿਆਨਕ ਥਾਂ ਲਗਦੀ ਹੈ ਜਿਸਦੀ ਹੋਂਦ ਹੀ ਨਾਬਰਾਬਰੀ ਦਾ ਜਿਓੰਦਾ ਜਾਗਦਾ ਸਬੂਤ ਹੈ ਪਿੰਡ ਅਤੇ ਵੇਹੜਾ ! ਸ਼ਹਿਰਾਂ ਅਤੇ ਵਿਦੇਸ਼ਾਂ ਵਿਚੋਂ ਪਿੰਡਾਂ ਪ੍ਰਤੀ ਓਹੀ ਓਧ੍ਰੇਵਾਂ ਜਾਹਰ ਕਰ ਸਕਦੇ ਨੇ ਜਿਨ੍ਹਾਂ ਦੇ ਕਿੱਲੇ ( ਜ਼ਮੀਨਾਂ ) ਅਤੇ ਸਮਾਜਿਕ ਚੌਧਰ ਹੈ  ਮੇਰੇ ਵਰਗਾ ਸ਼ਹਿਰ ਜੋ ਮਰਜੀ ਬਣਿਆ ਫਿਰੇ ਪਿੰਡ ਵਾਲੇ ਜਾਂਦੇ ਹੀ ਓਕਾਤ ਦਿਖਾ ਦਿੰਦੇ ਨੇ , ਓਥੇ ਹਰ ਇੱਕ ਦੀ ਜੱਦੀ ਪੁਸ਼ਤੀ ਪਹਿਚਾਨ ਹੁੰਦੀ ਹੈ ਪਿੰਡ ਜੋ ਤੁਹਾਨੂੰ ਮੰਨ ਚੁੱਕਿਆ ਹੁੰਦਾ ਹੈ ਓਸ ਤੋਂ ਹੋਰ ਜ਼ਿਆਦਾ ਕੁਝ ਨਹੀ ਮੰਨਣਾ ਚਾਹੁੰਦਾ।

? ਆਪਣੀ ਅਕਾਦਮਿਕ ਸਿੱਖਿਆ ਅਤੇ ਕਲਾ ਦੀ ਚੇਟਕ ਜਾਂ ਸ਼ੌਂਕ ਬਾਰੇ ਦੱਸੋ?
-ਮੈਂ ਪ੍ਰਾਇਮਰੀ ਪਿੰਡ ਤੋਂ  ਅਤੇ  ਦਸਵੀਂ ਪਿੰਡ ‘ਤਖਾਣ ਵੱਧ’ ਤੋਂ ਕੀਤੀ।  ਬਾਰ੍ਹਵੀਂ ਪੜਨ ਲਈ ਮੈਂ ਢੁਡੀਕੇ ਗਿਆ। ਪੜ੍ਹਾਈ ਵਿੱਚ ਮੈਂ ਔਸਤਨ ਵਿਦਿਆਰਥੀ ਹੀ ਸੀ। ਪੈਸਿਆਂ ਦੀ ਦਿੱਕਤ ਕਾਰਨ ਅੱਗੇ ਪੜ੍ਹਾਈ ਜਾਰੀ ਰੱਖਣਾ ਮੁਸ਼ਕਿਲ ਹੋ ਰਿਹਾ ਸੀ। ਹਾਲਾਤ ਇੰਨੇ ਮਾੜੇ ਸਨ ਕਿ ਮੇਰੀ ਗਿਆਰਵੀਂ ਜਮਾਤ ਦੀ ਫੀਸ ਦੇ 30 ਰੁਪਏ ਵੀ ਕਿਸੇ ਦੋਸਤ ਨੇ ਭਰੇ ਸਨ। 50% ਨੰਬਰਾਂ ਨਾਲ ਮੈਂ ਬਾਰਵੀਂ ਪਾਸ ਕੀਤੀ। ਆਰਟ੍ਸ ਦਾ ਵਿਦਿਆਰਥੀ ਹੋਣ ਕਰਕੇ  ਇਤਿਹਾਸ ਅਤੇ ਪੰਜਾਬੀ ਇਲੈਕਟਿਵ ਚੰਗੇ ਲਗਦੇ ਸਨ, ਪਰ ਮੈਨੂੰ ਹਿਸਾਬ, ਅਰਥ ਸ਼ਾਸ਼ਤਰ , ਵਿਗਿਆਨ ਅਤੇ ਅੰਗ੍ਰੇਜ਼ੀ ਵਿਚ ਦਿਲਚਸਪੀ ਨਹੀਂ ਸੀ ਕਿਓਂਕਿ ਮੇਰੀ ਇਹਨਾਂ ਵਿਸ਼ਿਆਂ ਤੇ ਮੁਢਲੀ ਪਕੜ ਹੀ ਕਮਜੋਰ ਸੀ । ਮੈਨੂੰ ਲਗਦਾ ਸੀ ਕਿ ਮੈਂ ਆਰਟ ਜ਼ਿਆਦਾ ਵਧੀਆ ਕਰ ਸਕਦਾ ਹਾਂ  ਇਸ ਲਈ ਮੈਂ ਆਰਟ ਦੀ ਹੀ ਪੜ੍ਹਾਈ ਕਰਾਂਗਾ। ਮਨ ਵਿੱਚ ਹੋਰ ਪੜ੍ਹਨ ਦੀ ਇੱਛਾ ਬਹੁਤ ਸੀ ਪਰ ਘਰ ਵਿੱਚ ਮਾਂ ਬਹੁਤ ਬੀਮਾਰ ਹੋ ਗਈ ’ਤੇ ਹਸਪਤਾਲਾਂ ਦੇ ਗੇੜਿਆਂ ਕਰਕੇ ਘਰ ਦੀ ਹਾਲਤ ਹੋਰ ਖਰਾਬ ਹੁੰਦੀ ਗਈ । ਮੈਨੂੰ ਨਹੀਂ ਲਗਦਾ ਸੀ ਕਿ ਮੈਂ ਪੜ੍ਹਾਈ ਅੱਗੇ ਜਾਰੀ ਰੱਖ ਪਾਵਾਂਗਾ। ਅਸੀਂ 7-8 ਏਕੜ ਠੇਕੇ ’ਤੇ ਲੈ ਕੇ ਖੇਤੀ ਵੀ ਕਰਦੇ ਸੀ, ਪਰ ਇਸ ਨਾਲ ਘਰ ਦੇ ਦਾਣੇ ਫੱਕੇ ਦਾ ਕੰਮ ਹੀ ਮੁਸ਼ਕਿਲ ਨਾਲ ਚਲਦਾ ਸੀ। ਘਰਦਿਆਂ ਨੇ ਮੈਨੂੰ ਅੱਗੇ ਪੜ੍ਹਨ ਤੋਂ ਮਨ੍ਹਾਂ ਕਰ ਦਿੱਤਾ ਅਤੇ ਅੱਗੇ ਮੈਨੂੰ ਪਿੰਡ ਜਾਂ ਸ਼ਹਿਰ ਕੋਈ ਕੰਮ ਕਰਨ ਲਈ ਕਹਿਣ ਲੱਗੇ ਇਸਦੀ ਜ਼ਰੂਰਤ ਵੀ ਸੀ । ਇਸ ਤਰ੍ਹਾਂ ਮੈਂ ਪਿੰਡ ਵਿੱਚ ਪੇਂਟਰ ਦਾ ਕੰਮ ਸ਼ੁਰੂ ਕੀਤਾ। ਹੱਥ ਵਿੱਚ ਬੁਰਸ਼ ਆਉਣ ਤੇ ਜ਼ਿੰਦਗੀ ਦੇ ਰੰਗ ਨਹੀਂ ਰੰਗੇ ਜਾ ਰਹੇ ਸੀ ਕਿਉਂਕਿ ਇਸ ਕੰਮ ਵਿੱਚ ਪੈਸੇ ਨਹੀਂ ਬਣ ਰਹੇ ਸਨ ਅਤੇ ਦੂਜੇ ਪਾਸੇ ਖੇਤ ਦੀ ਦਿਹਾੜੀ ਦਾ ਕੰਮ ਕੋਈ ਰਚਨਾਤਮਕ ਤੇ ਸੌਖਾਲਾ ਨਹੀਂ ਸੀ। ਬਚਪਨ ਤੋਂ ਮੈਂ ਡਰਾਇੰਗ ਤਾਂ ਕਰ ਹੀ ਰਿਹਾ ਸੀ ਪਰ ਅਠਵੀੰ ਜਮਾਤ ਤੋਂ ਪੇਂਟਿੰਗ ਕਰਨੀ ਸ਼ੁਰੂ ਕੀਤੀ ਸੀ। ਜਿਸ ਵਿੱਚ ਜ਼ਿਆਦਾਤਰ ਸਿੱਖ ਰੂਪਕ ( imagery ) ਹੀ ਪੇਂਟ ਕਰਨ ਦੀ ਕੋਸ਼ਿਸ਼ ਕੀਤੀ ਕਿਓਂਕਿ ਬਚਪਨ ਵਿਚ ਕੋਈ ਵੀ ਬੱਚਾ ਆਪਣੇ ਚੌਗਿਰਦੇ ਵਿਚ ਫੈਲਿਆ ਜਾਂ ਸਮਾਜ ਵੱਲੋਂ ਥੋਪਿਆ ਵਿਰਸਤੀ ਤਾਣਾਬਾਣਾ ਹੀ ਸਮਝਣ ਦੀ ਕੋਸ਼ਿਸ਼ ਕਰਦਾ ਹੈ । ਅਜੇ ਮੇਰੇ ਆਪਣੇ ਵਿਚਾਰ ਬਹੁਤੇ ਵਿਕਸਿਤ ਨਹੀਂ ਹੋਏ ਸਨ। 12ਵੀਂ ਦੀ ਪੜ੍ਹਾਈ ਦੌਰਾਨ ਮੈਂ ਖੱਬੇ ਪੱਖੀ ਵਿਚਾਰਧਾਰਾ ਨਾਲ ਜੁੜ ਗਿਆ ਸੀ ਤਦ ਮੈਂ ਪੰਜਾਬ ਖੇਤ ਮਜ਼ਦੂਰ ਯੂਨੀਅਨ ਨਾਲ ਕੰਮ ਕਰਨਾ ਸੁਰੂ ਕਰ ਦਿੱਤਾ ਸੀ। ਇਸ ਸਮੇਂ ਹੀ ਮੈਂ ਇਨਕਲਾਬੀ ਸਾਹਿਤ ਪੜਨਾ ਸ਼ੁਰੂ ਕੀਤਾ। ਫ਼ਿਰ ਮੈਂ ਲਗਭਗ 5 ਸਾਲ ਕੁਲਵਕਤੀ ਵਾਂਗ ਕੰਮ ਕੀਤਾ ਤੇ ਮੇਰੀ ਸਮਾਜ ਬਾਰੇ ਸਮਝ  ਬਣਨੀ  ਸੁਰੂ ਹੋਈ। ਏਸ ਦੁਰਾਨ ਮੈਂ ਕਾਫ਼ੀ ਰਾਜਨੀਤਿਕ ਕਾਰਟੂਨ ਬਣਾਏ। ਇਸ ਤਰ੍ਹਾਂ ਕਲਾ ਦੇ ਮਾਧਿਅਮ ਨਾਲ ਆਪਣੀ ਗੱਲ ਕਹਿਣਾ ਮੇਰਾ ਸ਼ੌਂਕ ਬਣਿਆ।  

? ਤਸਵੀਰਸਾਜ਼ੀ  ਦਾ ਰਾਹ ਕਦੋਂ ਤੇ ਕਿਵੇਂ ਚੁਣਿਆ?
-  ਕਲਾ ਬਹੁਤ ਮੁਹੀਨ ਚੀਜ਼ ਹੁੰਦੀ ਹੈ ਤੇ ਮੇਰੀ ਇਸ ਚ ਦਿਲਚਸਪੀ ਬਚਪਨ ਤੋਂ  ਸੀ। ਲੋਕਾਂ ਦੀ ਲੜਾਈ ਨਾਲ ਮੈਂ ਸਹਿਮਤ ਸੀ ਪਰ ਹੁਣ ਰਾਜਨੀਤਿਕ ਨਹੀਂ ਬਲਕਿ ਕਲਾਕਾਰ ਦੇ ਤੌਰ ਤੇ ਇਸ ਲੜਾਈ ’ਚ ਕੰਮ ਕਰਨਾ ਚਾਹੁੰਦਾ ਸੀ। ਇਸ ਲਈ ਮੈਂ ਜਥੇਬੰਦੀ ਦਾ ਕੰਮ ਛੱਡ ਦਿੱਤਾ। ਸਿੱਖਿਆ ਦੇ 8 ਸਾਲ ਦੇ ਖਿਲਾਆ  ਤੋਂ ਬਾਅਦ 2003 ’ਚ ਚੰਡੀਗੜ੍ਹ ਕਾਲਜ ਆਫ਼ ਆਰਟ ’ਚ ਦਾਖਲਾ ਲਿਆ ਤੇ 2007 ਤੱਕ ਫਾਇਨ ਆਰਟਸ ਦੀ ਬੈਚੁਲਰ ਡਿਗਰੀ ਪ੍ਰਾਪਤ ਕੀਤੀ। ਤਦ ਮੇਰੀ ਉਮਰ 30 ਸਾਲ ਦੀ ਸੀ। ਮੈਨੂੰ ਅਖ਼ਬਾਰਾਂ ਦੀਆਂ feature ਫੋਟੋਆਂ ਚੰਗੀਆਂ ਲਗਦੀਆਂ ਸਨ। ਮੈਂ ਵੀ ਇਸ ’ਚ ਹੱਥ ਅਜਮਾਉਣਾ ਸ਼ੁਰੂ ਕੀਤਾ। ਉਦੋਂ ਕੈਮਰਾ ਮੇਰੀ ਪਹੁੰਚ ਚੋਂ ਬਾਹਰ ਸੀ ਪਰ ਕਿਸੇ ਦੋਸਤ ਦੇ ਘਰ ਕਬਾੜ ,ਚ ਮੈਨੂੰ ਇੱਕ ਪੁਰਾਣਾ ਰੂਸੀ ਕੈਮਰਾ ਮਿਲਿਆ ਜਿਸਨੂੰ ਮੈਂ ਸੰਵਾਰ ਲਿਆ ਤੇ ਮੇਰਾ ਕੰਮ ਚੱਲਣ ਲੱਗਾ।

ਫ਼ਿਰ ਬਹੁਤ ਸਾਰੀ ਜ਼ਿੰਦਗੀ ਦੀ ਜੱਦੋ-ਜਹਿਦ ਤੋਂ ਬਾਅਦ ਮੈਨੂੰ ਵਿਜ਼ੁਅਲ ਦੀ ਸਮਝ ਆਉਣ ਲੱਗੀ। ਇਸ ਤਰ੍ਹਾਂ ਮੇਰਾ ਫੋਟੋਗ੍ਰਾਫੀ ਦਾ ਕੰਮ ਪਹਿਚਾਣਿਆ ਜਾਣ ਲੱਗਾ। ਮੇਰਾ ਵਿਜ਼ਨ ਕਾਫ਼ੀ ਚੰਗਾ ਸੀ। ਫ਼ੋਟੋਗ੍ਰਾਫ਼ੀ ਮੇਰਾ ਸ਼ੌਕ ਨਹੀਂ ਜਰੂਰਤ ਬਣ ਚੁਕਿਆ ਸੀ। ਆਪਣੀ ਗੱਲ ਨੂੰ  ਕਲਾਤਮਕ ਤਰੀਕੇ ਨਾਲ ਕਹਿਣ ਵਿੱਚ ਫ਼ੋਟੋਗ੍ਰਾਫ਼ੀ ਮੇਰੀ  ਮੱਦਦ ਕਰਦੀ ਹੈ। ਇਸ ਰਾਹੀਂ ਕਾਲਪਨਾ ਤੇ ਯਥਾਰਥ ਦੋਹਾਂ ਨੂੰ ਇੱਕੋ ਸਮੇਂ ਸਮਾਂਬੱਧ ਕੀਤਾ ਜਾ ਸਕਦਾ ਸੀ  ।

? ਤੁਹਾਡੀਆਂ ਪ੍ਰਾਪਤੀਆਂ ਬਾਰੇ ਕੁਝ ਦੱਸੋ?
- 2006 ’ਚ ਮੈਨੂੰ ਪੰਜਾਬ ਲਲਿਤ ਕਲਾ ਅਕੈਡਮੀ ਅਵਾਰਡ ਮਿਲਿਆ। ਦੋ ਵਾਰ ਚੰਡੀਗੜ੍ਹ ਸਟੇਟ ਲਲਿਤ ਕਲਾ ਅਕੈਡਮੀ ਅਵਾਰਡ 2012, 2013 ’ਚ ਮਿਲੇ। ਸੋਹਣ ਕਾਦਰੀ ਫੈਲੋਸ਼ਿਪ ਮਿਲੀ। ਨੈਸ਼ਨਲ ਫਾਇਨ ਆਰਟਸ ਐਂਡ ਕ੍ਰਾਫਟ ਸੋਸਾਇਟੀ ਤੋਂ ਅਵਾਰਡ ਮਿਲਿਆ। ਆਲ ਇੰਡੀਆ ਫਾਇਨ ਆਰਟਸ ਸੋਸਾਇਟੀ ਅਵਾਰਡ, ਨੈਸ਼ਨਲ ਫੈਲੋਸ਼ਿਪ ਮਨਿਸਟਰੀ ਓਫ ਕਲਚਰ ਅਫੇਅਰਸ ਅਤੇ ਹੋਰ ਕਾਫੀ ਕੁਝ   ਹੈ ਇਸ ਲਿਸਟ ਵਿਚ । ਪਰ ਮੇਰੀ ਵੱਡੀ ਪ੍ਰਾਪਤੀ ਮੇਰੇ ਕੰਮ ਨੂੰ ਲੋਕਾਂ ਦੁਆਰਾ ਪਹਿਚਾਣਿਆ ਜਾਣਾ ਹੈ।

? ਫ਼ੋਟੋਗ੍ਰਾਫੀ ਤੋਂ ਦਸਤਾਵੇਜ਼ੀ ਫ਼ਿਲਮਾਂ ਵੱਲ ਰੁੱਖ ਕਿਵੇਂ ਹੋਇਆ?
- ਇੱਕ ਵਾਰੀ ਦੀ ਗੱਲ ਆ, ਦਿੱਲੀ ਤੋਂ  ਮੇਰੇ ਕੁਝ ਸਥਾਪਿਤ  ਫਿਲਮਸਾਜ਼ ਦੋਸਤ ਮੇਰੇ ਕੋਲ ਚੰਡੀਗੜ੍ਹ ਆਏ ਉਨ੍ਹਾਂ ਨੂੰ ਮੈਂ  ਆਪਣੀ ਕੁਝ ਵੀਡੀਓਗ੍ਰਾਫੀ ਦੇਖਾਈ ਜੋ ਮੈਂ ਅਕਸਰ ਤਸਵੀਰਾਂ ਲੈਂਦੇ ਵਕਤ ਕਰ ਲਿਆ ਕਰਦਾ ਸੀ ਪਰ ਕਿਸੇ ਫਿਲਮ ਦਾ ਮੇਰਾ ਕੋਈ ਭਵਿੱਖੀ ਪਲਾਨ ਨਹੀਂ ਸੀ , ਪਰ ਓਹ  ਇਹ ਫ਼ੁਟੇਜ ਦੇਖਕੇ ਕਾਫੀ ਹੈਰਾਨ ਹੋਏ ਤੇ ਮੈਨੂੰ ਕਹਿਣ ਲੱਗੇ ਯਾਰ ! ਇਹ ਤਾਂ ਇਕ ਖੂਬਸੂਰਤ ਫਿਲਮ ਹੈ ਤੂੰ ਫਿਲਮ ਬਣਾ , ਤਾਂ ਮੈਂ ਕਿਹਾ ਕੀ ਮੈਂ ਤਾਂ ਕਦੇ ਫਿਲਮ ਬਾਰੇ ਸੋਚਿਆ ਨਹੀਂ ਓਹ ਕਹਿਣ ਲੱਗੇ ਤੈਨੂੰ ਪਤਾ ਨਹੀਂ ਤੂੰ ਕੀ ਕਰ ਰਖਿਆ ਹੈ ਸਾਡੀ ਕੀ ਮੱਦਦ ਚਾਹੀਦੀ ਹੈ ਦੱਸ ਪਰ ਤੂੰ ਫਿਲਮ ਬਣਾ ਤੂੰ ਬਹੁਤ ਚੰਗਾ ਕਰ ਸਕਦਾ ਹੈਂ , ਤੇਰਾ ਵਿਜ਼ੁਅਲ ਬਹੁਤ ਪਾਵਰਫੁੱਲ ਹੈ , ਜੋਕਿ ਅਕਸਰ ਪੰਜਾਬ ਦੇ ਸਥਾਪਿਤ ਲੋਕ ਕਿਸੇ ਨਵੇਂ ਬੰਦੇ ਨੂੰ ਨਹੀਂ ਕਹਿੰਦੇ ਤੇ ਛੇਤੀ  ਕੀਤੇ ਕਿਸੇ ਉਭਰਦੇ ਦੇ ਕੰਮ ਨੂੰ ਨੱਕ ਥੱਲੇ ਨਹੀਂ ਲਿਆਉਂਦੇ ।ਇਸ ਤਰ੍ਹਾਂ ਮੇਰਾ ਫਿਲਮ ਵੱਲ ਰੁੱਖ ਮੁੜਿਆ।

? ਆਪਣੀਆਂ ਫ਼ਿਲਮਾ ਬਾਰੇ ਦੱਸੋ?
-ਫਿਲਮ ਕਲਾ ਇੱਕ ਮਹਿੰਗਾ ਮਾਧਿਅਮ ਹੈ ਤੇ ਮਸਲਾ ਪੈਸੇ ’ਤੇ ਹੀ ਆ ਰੁਕਦਾ ਹੈ, ਬਹੁਤ ਚੰਗੀਆਂ(ਲੋਕ ਪੱਖੀ) ਫਿਲਮਾਂ ਬਣਾਉਣ ਲਈ ਬਹੁਤ ਸਾਰੇ ਪੈਸੇ ਦੀ ਜ਼ਰੂਰਤ ਹੁੰਦੀ ਹੀ ਹੈ। ਇਹ ਪੈਸਾ ਕੋਈ ਉਦਯੋਗਪਤੀ ਨਹੀਂ ਦਿੰਦਾ, ਇਹ ਕੁਝ ਲੋਕ-ਪੱਖੀ ਸੰਸਥਾਵਾਂ ਤੋਂ ਹੀ ਮਿਲ ਸਕਦਾ ਹੈ। ਮੈਂ,ਮੇਰੀ ਪਹਿਲੀ ਫਿਲਮ ‘landless’(ਬੇਜ਼ਮੀਨੇ) ਦਾ ਕੰਮ ਅੱਜ ਤੋਂ ਸਾਢ਼ੇ ਤਿੰਨ ਸਾਲ ਪਹਿਲਾਂ ਸ਼ੁਰੂ ਕੀਤਾ ਸੀ,ਜਿਸ ਲਈ  ਦਿੱਲੀ ਤੋਂ ਇੱਕ ਲੋਕ ਪੱਖੀ ਸੰਸਥਾ  ਨੇ ਫ਼ੰਡ ਦਿੱਤਾ।ਗਦਰ ਮੂਵਮੇੰਟ ਸਾਡੀ ਵਿਰਾਸਤ ਹੈ।ਦੋ ਸਾਲ ਪਹਿਲਾਂ ਮੈਨੂੰ ਇਸ ਤੇ ਵੀ ਫਿਲਮ ਬਣਾਉਣ ਦਾ ਮਾਣ ਮਿਲਿਆ। ਫਿਲਮ ਦੇ ਇੱਕ ਹਿੱਸੇ ਤੇ ਕੰਮ ਕੀਤਾ ਜੋ ਆਰਥਿਕ ਘਾਟਾਂ  ਕਰਕੇ ਪੂਰਾ ਨਹੀਂ ਹੋ ਸਕਿਆ। ਇਸ ਫਿਲਮ ਦੀ ਸ਼ੂਟਿੰਗ ਲਈ ਅੰਡੇਮਾਨ,ਕਲਕੱਤਾ ਤੇ ਹੋਰ ਕਈ ਥਾਵਾਂ ਤੇ ਘੁਮਿਆ।ਮੈਂ ਜਿਨਾਂ ਬੇਹਤਰੀਨ ਕੰਮ ਕਰਨਾ ਚਾਹੁੰਦਾ ਸੀ ਬਹੁਤ ਸਾਰੇ ਸਾਧਨਾਂ,ਸਮਾਂ ਤੇ ਫ਼ੰਡ ਦੀ ਘਾਟ ਕਾਰਨ ਨਹੀਂ ਕਰ ਪਾਇਆ ਕਿਓਂਕਿ ਇਸ ਲਈ ਪੈਸੇ ਦਾ ਦਾ ਪ੍ਰਬੰਧ ਨਿੱਜੀ ਘੇਰੇ ਦੇ ਵਦੇਸ਼ੀ ਦੋਸਤਾਂ ਨੇ ਹੀ ਕੀਤਾ ਸੀ ਤੇ ਸਭਨੇ ਕਾਫੀ ਮੱਦਦ ਕੀਤੀ ਪਰ ਇਹ ਪ੍ਰੋਜੇਕਟ ਜ਼ਿਆਦਾ ਵੱਡਾ ਸੀ ਇਸ ਨੂੰ ਇਨੇ ਵਿਤੀ ਸਾਧਨਾਂ ਨਾਲ ਸਿਰੇ ਨਾ ਚੜਾਇਆ ਜਾ ਸਕਿਆ ।ਫਿਰ ਅਚਾਨਕ ਬਾਹਰ ਸਾਊਥ  ਅਫ੍ਰੀਕਾ ਜਾ ਕੇ ਫ਼ੋਟੋਗ੍ਰਾਫ਼ੀ ਦੀ ਅਗਾਉਂ  ਪੜਾਈ ਕਰਨ ਦਾ ਮੌਕਾ ਮਿਲਿਆ।ਮੈਂ ਸੋਚਿਆ  ਪੜਾਈ ਖ਼ਤਮ ਕਰਕੇ ਇਹ ਕੰਮ ਹੋਰ ਬੇਹਤਰ ਕਰ ਪਾਵਾਂਗਾ।ਕਿਓਂਕਿ ਮੇਰੇ ਕੁਝ  ਦੂਰ ਦੇ ਦੋਸਤਾਂ ਰਾਹੀਂ ਮੇਰਾ ਸੰਪਰਕ ੧੯੯੦ ਸੁਰੂਆਤੀ ਸਮੇਂ ‘ਚ ਅਫ੍ਰੀਕੀ ਸਮਾਜ ਵਿਚ ਵਾਪਰ ਰਹੇ ਰੰਗਭੇਦ (apartheid)  ਦੇ ਵਿਆਪਕ ਵਰਤਾਰੇ ਦੀ ਤਸਵੀਰਸਾਜੀ ਕਰਨ ਵਾਲੇ ਬੈੰਗ ਬੈੰਗ ਕਲੱਬ ਦੇ ਮੈਬਰਾਂ ਨਾਲ ਸੀ , ਜਿੰਨਾ ਵਿਚੋਂ ਕੇਵਿਨ ਕਾਰਟਰ  ਕਿਸੇ ਨੂੰ ਭੁੱਲਿਆ ਨਹੀਂ ਹੋਵੇਗਾ ਭੁੱਖ ਦੀ ਤਸਵੀਰਸਾਜੀ ਬਲੀ ਚੜਿਆ   , ਮੈਂ ਇਹਨਾਂ ਲੋਕਾਂ ਤੋਂ ਸਿਖਣਾ ਚਾਹੁੰਦਾ ਸੀ ਜੋ ਤਸਵੀਰਸਜੀ ਦੇ ਜਝਾਰੂ ਇਤਿਹਾਸ ਦਾ ਅਹਿਮ ਹਿੱਸਾ ਹਨ  ਪਰ  ਮੇਰੀ ਸੇਹਤ ਖ਼ਰਾਬ ਹੋਣ ਕਾਰਨ ਮੈਂ ਸਾਉਥ ਅਫ੍ਰੀਕਾ ਨਹੀਂ ਜਾ ਸਕਿਆ ਜਿਸਦਾ ਮੈਂਨੂੰ  ਹਮੇਸ਼ਾ ਅਫ੍ਸ਼ੋਸ਼ ਰਹੇਗਾ।  landless’(ਬੇਜ਼ਮੀਨੇ) ਪ੍ਰੋਜੈਕਟ ਵੀ ਵਿੱਚੇ ਰੁਕਿਆ ਹੋਇਆ ਸੀ ਹੁਣ ਮੇਰੇ ਕੋਲ ਬਹੁਤ ਥੋੜਾ ਕੁਝ ਬਚਿਆ ਹੋਇਆ ਸੀ ਤੇ ਮੈਂ ਕੰਮ ਨੂੰ ਪੂਰਾ ਕਰਨ ਬਾਰੇ ਸੋਚਿਆ  । ਚਲੋ ਜੋ ਵੀ ਹੈ ਹੁਣ ਜਲਦੀ ਹੀ  ਫਿਲਮ landless’(ਬੇਜ਼ਮੀਨੇ) ਪੇਸ਼ ਕਰਾਂਗਾ।

? ਆਪਣੀ ਫਿਲਮ  'landless’(ਬੇਜ਼ਮੀਨੇ) ਬਾਰੇ ਦੱਸੋ।
- ਇਹ ਫਿਲਮ ਪੰਜਾਬ ਦੇ ਦਲਿਤ ਖੇਤ ਮਜਦੂਰਾਂ  ਦੀ ਕਹਾਣੀ ਹੈ।ਪੰਜਾਬ ਚ ਦਲਿਤਾਂ ਦੇ ੩੩% ਪੰਚਾਇਤੀ ਜ਼ਮੀਨ ਦੇ ਹਿੱਸੇ ਦੀ ਲੜਾਈ ਤੇ ਓਹਨਾਂ ਦੇ ਸਾਂਝੀ ਖੇਤੀ ਦੇ ਸੁਪਨੇ ਦਾ ਸੰਘਰਸ਼ ਨੂੰ ਬਿਆਨ ਕਰਦੀ ਹੈ।ਦਲਿਤ ਹੋਣਾ ਤੇ ਬੇਜ਼ਮੀਨੇ ਹੋਣਾਂ ਬਹੁਤ ਭਿਅੰਕਰ ਹੈ।ਮੈਂ ਸਮਝਣਾ ਚਾਹੁੰਦਾ ਹਾਂ ਕਿ ਦਲਿਤ ਹੋਣ ਕਰਕੇ ਓਹ ਬੇਜ਼ਮੀਨੇ ਹਨ ਜਾਂ  ਓਹ ਬੇਜ਼ਮੀਨੇ ਹਨ ਇਸ ਲਈ ਓਹ  ਦਲਿਤ ਹਨ।ਫਿਲਮ, ਪਿੰਡਾਂ ਵਿਚਲੇ ਨਾਮਨਿਹਾਦ ਭਾਈਚਾਰੇ  ਦੇ  ਵਿਰੋਧਾਭਾਸ ਨੂੰ ਖੋਜਣ ਦਾ ਹੀ  ਕੰਮ ਹੈ।

? ਜਾਤਪਾਤ ਵਿਵਸਥਾ 'ਤੇ ਤੁਹਾਡੀ ਕੀ ਸਮਝ ਹੈ?
ਜਵਾਬ:ਇਤਿਹਾਸ ਤੋਂ ਹੀ ਜਾਤੀ  ਵਿਵਸਥਾ ਸ਼ੁਦਰਾਂ ਨੂੰ ਜ਼ਮੀਨ ਤੇ ਓਹਨਾਂ ਦੀ ਮਾਲਕੀ ਦਾ ਅਧਿਕਾਰ ਨਹੀਂ ਦਿੰਦੀ। ਜੋ ਅੱਜ ਵੀ ਓਵੇਂ ਹੀ ਬਰਕਰਾਰ ਹੈ।ਭਾਰਤ ਦਾ ਭਾਵੇਂ ਕੋਈ ਵੀ ਹੁਕਮਰਾਨ ਰਿਹਾ ਹੋਵੇ ਚਾਹੇ ਮੁਗਲ ਚਾਹੇ ਬ੍ਰਿਟਸ਼। ਇਹਨਾਂ ਨੇ ਵੀ ਭਾਰਤੀ ਜਾਤ ਵਿਵਸਥਾ ਨੂੰ ਤੋੜਨ ਲਈ ਕੁਝ ਨਹੀਂ ਕੀਤਾ।ਪੰਜਾਬ ਦੇ ਸਿੱਖ ਇਤਿਹਾਸ ਵਿੱਚ ਬੰਦਾ ਸਿੰਘ ਬਹਾਦਰ ਨੇ ਜ਼ਮੀਨਾਂ ਵੰਡਣ ਦਾ ਚੰਗਾ ਕੰਮ ਕੀਤਾ  ਸੀ ਪਰ ਰਣਜੀਤ ਸਿੰਘ ਨੇ ਮੁੜ ਤੋਂ ਜਾਗੀਰਦਾਰੀ ਨੂੰ ਸਥਾਪਿਤ  ਕੀਤਾ ।ਰਣਜੀਤ ਸਿੰਘ ਦੇ ਸਿੱਖ ਰਾਜ ਚ ਵੀ ਦਲਿਤ ਬੇਜ਼ਮੀਨੇ ਹੀ ਰਹੇ। ੧੯੪੭ ਤੋਂ ਬਾਅਦ ਦੇ ਭਾਰਤ ਚ ਸੁਤੰਤਰਤਾ,ਅਧਿਕਾਰ,ਬਰਾਬਰੀ, ਕਾਨੂੰਨ ਦੀ ਗੱਲ ਹੋਈ ਪਰ ਅਸਲ ਚ ਦਲਿਤ ਅੱਜ ਵੀ ਬੇਜ਼ਮੀਨੇ ਤੇ ਨਰਕ ਭਰੀ ਹਾਲਤਾਂ ਚ ਰਹ ਰਹੇ ਹਨ। ਪੰਜਾਬ ਚ ਦਲਿਤਾਂ ਦੇ ਹਾਲਾਤਾਂ ਬਾਰੇ ਸਭ ਜਾਣਦੇ ਹਨ ਪਰ ਫਿਲਮਾਂ ਗਾਣਿਆਂ ਚ ਜੱਟ ਹੀ ਬੋਲਦਾ ਹੈ।ਪੰਜਾਬ ਦੀ ਹਾਕਮ ਜਮਾਤ ਦੀ ਇਹ ਜਾਤ ਦੇ ਲੋਕ ਭਾਵੇਂ ਕਰਜ਼ੇ ਹੇਠ ਹਨ,ਖੁਕੁਸੀਆਂ ਕਰ ਰਹੇ ਹਨ ਪਰ ਸਭਿਆਚਾਰ ਵਿੱਚ ਬੋਲਦੇ ਜੱਟ ਦੇ ਹੌਮੇ ਦੀ ਤੂਤੀ ਦਲਿਤਾਂ ਤੇ ਜਾਗੀਰੂ  ਦਾਬਾ, ਸਮਾਜਿਕ ਗੈਰ-ਬਰਾਬਰੀ ਦੀਆਂ ਕਦਰਾਂ ਨੂੰ ਮਜਬੂਤ ਕਰਦੀ ਹੈ। ਸਾਂਝੀ ਜ਼ਮੀਨ ਲਈ ਸਾਂਝੀ  ਖੇਤੀ ਦਾ ਸੰਘਰਸ਼ ਖੇਤ  ਦਲਿਤ ਮਜਦੂਰਾਂ ਲਈ ਇੱਕ ਆਸ ਦੀ ਨਵੀਂ ਕਿਰਨ ਹੈ।ਮੇਰੀ ਸਮਝ ਹੈ ਜਦ ਤੱਕ ਪੈਦਾਵਰ ਦੇ ਸਾਧਨਾਂ ਦੀ ਬਰਾਬਰ ਵੰਡ ਨਹੀਂ ਹੁੰਦੀ ਜਾਤ ਖ਼ਤਮ ਨਹੀਂ ਹੋ ਸਕਦੀ। ਪਰ ਜਾਤ ਦੇ ਵਰਤਾਰੇ ਨੂੰ ਸਮਝੇ ਬਿਨਾਂ ਕੋਈ ਬਦਲਾਆ ਨਹੀਂ ਹੋ ਸਕਦਾ ਜੋ ਇਸਨੂੰ ਸਮਝੇ ਬਿਨਾ ਕਿਸੇ ਬਦਲਾ ਬਾਰੇ ਸੋਚ ਰਹੇ ਨੇ ਮੈਂ ਓਹਨਾਂ ਨੂੰ ਇਮਾਨਦਾਰ ਨਹੀਂ ਮੰਨਦਾ ਹਾਂ।

? ਕੋਈ ਪਿੰਡ ਨਾਲ ਜੁੜੀਆਂ ਖੂਬਸੂਰਤ ਯਾਦਾਂ ।
-ਬਚਪਨ ਤੋਂ ਲੈਕੇ ਡੇਢ ਦਹਾਕਾ ਮੈਂ ਪਿੰਡ ਵਿਚ ਰਿਹਾਂ , ਕੁਝ ਬਚਪਨ ਦੀ ਮਿਠੀਆਂ ਯਾਦਾਂ ਮਾਂ ਅਤੇ ਭੋਲੇਭਾਲੇ ਬਚਪਨ ਦੇ ਦੇ ਦੋਸਤਾਂ ਬਾਰੇ ਹਨ ਪਰ ਓਹ ਸਭ ਕੁਝ ਹੁਣ ਰੇਤ  ਵਾਂਗ ਕਿਰ ਚੁੱਕਾ ਹੈ , ਹੁਣ ਮੈਂ ਪਿੰਡ ਤੇ ਕਿਸੇ ਤਰ੍ਹਾਂ ਦੀ ਗਹਿਰ ਗੰਭੀਰ ਦਾਵੇਦਾਰੀ ਨਹੀਂ ਕਰਦਾ ਮੈਂਨੂੰ ਪਿੰਡ ਭਿਆਨਕ ਥਾਂ ਲਗਦੀ ਹੈ ਜਿਸਦੀ ਹੋਂਦ ਹੀ ਨਾਬਰਾਬਰੀ ਦਾ ਜਿਉਂਦਾ ਜਾਗਦਾ ਸਬੂਤ ਹੈ ਪਿੰਡ ਅਤੇ ਵੇਹੜਾ ! ਸਹਿਰਾਂ ਅਤੇ ਵਿਦੇਸ਼ਾਂ ਵਿਚੋਂ ਪਿੰਡਾਂ ਪ੍ਰਤੀ ਓਹੀ ਓਧ੍ਰੇਵਾਂ ਜਾਹਰ ਕਰ ਸਕਦੇ ਨੇ ਜਿਨਾ ਦੇ ਕਿੱਲੇ ( ਜ਼ਮੀਨਾਂ ) ਅਤੇ ਸਮਾਜਿਕ ਚੌਧਰ ਹੈ  ਮੇਰੇ ਵਰਗਾ ਸ਼ਹਿਰ ਜੋ ਮਰਜ਼ੀ ਬਣਿਆ ਫਿਰੇ ਪਿੰਡ ਵਾਲੇ ਜਾਂਦੇ ਹੀ ਓਕਾਤ ਦਿਖਾ ਦਿੰਦੇ ਨੇ , ਓਥੇ ਹਰ ਇੱਕ ਦੀ ਜੱਦੀ ਪੁਸ਼ਤੀ ਪਹਿਚਾਨ ਹੁੰਦੀ ਹੈ ਪਿੰਡ ਜੋ ਤੁਹਾਨੂੰ ਮੰਨ ਚੁੱਕਿਆ ਹੁੰਦਾ ਹੈ ਓਸ ਤੋਂ ਹੋਰ ਜ਼ਿਆਦਾ ਕੁਝ ਨਹੀ ਮੰਨਣਾ ਚਾਹੁੰਦਾ।

? ਤੱਤ ਅਤੇ ਰੂਪ ਨੂੰ ਲੈਕੇ ਹੁੰਦੀ ਬਹਿਸ ਬਾਰੇ ਕੀ ਕਹੋਂਗੇ ।
-ਮੇਰੇ ਖਿਆਲ ‘ਚ ਓਹ ਕਲਾ ਬੇਹਤਰ ਹੈ ਜੋ ਰੂਪ ਤੇ ਤੱਤ ਦੋਹਾਂ ਪੱਖਾਂ ਦਾ ਬਰਾਬਰ ਸੰਤੁਲਨ ਬਣਾਵੇ , ਤੱਤ –ਤੱਤ ਦਾ ਰੌਲਾ ਪਾਉਣ ਵਾਲੇ ਅਸਲ ਵਿਚ ਆਪਣੀ ਸਿਰਜਨਾਤਮਿਕ ਸਮਰਥਾ ਦੀ ਸੀਮਤਾਈ ਨੂੰ ਇਸ ਤੱਤਵਾਦੀ ਰੌਲੇ ਦੇ ਲਬਾਦੇ ਹੇਠ ਲੁਕਾਉਣਾ ਚਾਹੁੰਦੇ ਨੇ , ਰੂਪ ਹੀ ਤਾਂ ਹੈ ਸੋਹਜ ਹੀ ਤਾਂ ਹੈ ਜੋ ਮਨੁੱਖ ਨੂੰ  ਕੋਮਲ ਜਜ਼ਬਿਆਂ ਨਾਲ ਭਰਦਾ ਹੈ ਅਤੇ ਓਸਨੂੰ ਹਰ ਬੁਰਾਈ ਪਰੇਸ਼ਾਨ ਕਰਦੀ ਹੈ।

? ਤੁਸੀਂ ਵਿਆਹ ਬਾਰੇ ਕੀ ਸੋਚਿਆ?    
-ਭਾਰਤੀ ਸਮਾਜ ਵਿਚ ਰਹਿਣ ਲਈ ਵਿਆਹ ਇੱਕ ਜ਼ਰੂਰੀ ਰਿਵਾਜ ਹੈ। ਮੈਂ ਭਾਰਤੀ ਸਮਾਜ ਦੇ ਬਹੁਤੇ ਰਿਵਾਜਾ ਨੂੰ ਨਹੀਂ ਮੰਨਿਆ ਤੇ ਇਸ ਕਰਕੇ ਇਹਨੂੰ ਵੀ ਨਹੀਂ ਮੰਨਦਾ। ਮੇਰੇ ਲਈ ਵਿਆਹ ਬਹੁਤਾ ਅਹਿਮ ਸਵਾਲ ਨਹੀਂ। ਮੇਰੀ ਸਮਝ ਮੁਤਾਬਕ ਇਕੱਲੇ ਰਹਿਣਾ ,ਬੱਚੇ ਪੈਦਾ ਨਾ ਕਰਨਾ ਵੀ ਅੱਡ ਰਿਵਾਜ਼ ਹੈ ਮੈਂ ਨਹੀਂ ਮੰਨਦਾ ਕੀ ਜੋ ਕੁਝ ਸਾਰੀ ਭੀੜ ਕਰਦੀ ਹੈ ਓਹ ਲਾਜ਼ਮੀ ਸਿਆਣਪ ਹੈ ।   

? ਜ਼ਿੰਦਗੀ ਦਾ ਖੂਬਸੂਰਤ ਸਮਾਂ ?
- ਹੱਸ ਕੇ ... ਜ਼ਿੰਦਗੀ ਹੀ ਖੂਬਸੂਰਤ ਹੈ। ਮਾੜੀ ਤੋਂ ਮਾੜੀ ਹਾਲਤ ’ਚ ਵੀ ਚੰਗੀ ਤੋਂ ਚੰਗੀ ਸੰਭਾਵਨਾ ਪਈ ਹੁੰਦੀ ਹੈ। ਤੁਸੀਂ ਮਾੜੇ ਸਮੇਂ ’ਚ ਵੀ ਖੂਬਸੂਰਤ ਸੁਪਨਾ ਲੈ ਰਹੇ ਹੁੰਦੇ ਹੋ। ਮੈਂ ਆਰਥਿਕ ਪੱਖੋਂ ਅੱਜ ਵੀ ਬਹੁਤ ਮੱਲਾਂ ਨਹੀਂ ਮਾਰੀਆਂ , ਪਰ ਮਾਣ, ਸਨਮਾਨ ਅਤੇ ਇੱਕ ਮੁਕਾਮ ਅੱਜ ਹੈ। ਇਹ ਮੁਕਾਮ ਵੀ ਬਹੁਤ ਹੀ ਮਾੜੇ ਸਮੇਂ ਵਿੱਚ ਲਏ ਗਏ ਖੂਬਸੂਰਤ ਸੁਪਨੇ ਦਾ ਹੀ ਨਤੀਜਾ ਹੈ, ਨਹੀਂ ਤਾਂ ਸ਼ਾਇਦ ਅੱਜ ਪਿੰਡ ਵਿਚ ਹੀ ਰਵਾਇਤੀ ਜਿਹੀ ਜ਼ਿੰਦਗੀ ਜੀ ਰਹੇ ਹੁੰਦੇ ।

Comments

Security Code (required)Can't read the image? click here to refresh.

Name (required)

Leave a comment... (required)

ਸ਼ਖ਼ਸਨਾਮਾ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ