Thu, 18 April 2024
Your Visitor Number :-   6982362
SuhisaverSuhisaver Suhisaver

‘ਰੰਗਾਂ ਦੀ ਗਾਗਰ’ ਮੇਰੀ ਮਨਪਸੰਦ ਪੁਸਤਕ -ਅਵਤਾਰ ਸਿੰਘ ਬਿਲਿੰਗ

Posted on:- 06-02-2012

suhisaver

ਫਰਾਂਸਿਸ ਬੇਕਨ ਅਨੁਸਾਰ ਸਾਰੀਆਂ ਪੁਸਤਕਾਂ ਪੜ੍ਹਨਯੋਗ ਨਹੀਂ ਹੁੰਦੀਆਂ। ਕੁਝ ਦਾ ਸਿਰਫ ਸੁਆਦ ਦੇਖਣਾ ਹੁੰਦਾ ਹੈ ਪਰ ਕਈਆਂ ਨੂੰ ਚੰਗੀ ਤਰ੍ਹਾਂ ਚਿੱਥ ਕੇ ਹਜ਼ਮ ਕਰ ਜਾਣਾ ਜ਼ਰੂਰੀ ਹੈ। ਦੂਜੀ ਕਿਸਮ ਦੀ ਰਚਨਾ ਹੈ- ਡਾ. ਐਸ.ਐਸ. ਜੌਹਲ ਦੀ ਸਵੈ-ਜੀਵਨੀ- ‘ਰੰਗਾਂ ਦੀ ਗਾਗਰ’ ਜਿਸ ਨੂੰ ਕਈ ਸਾਲ ਪਹਿਲਾਂ ਪੰਜਾਬੀ ਸੱਥ ਲਾਂਬੜਾਂ-ਜਲੰਧਰ ਨੇ ਪ੍ਰਕਾਸ਼ਤ ਕੀਤਾ ਅਤੇ ਪੜ੍ਹਨ ਲਈ ਮੇਰੇ ਅਧਿਆਪਕ ਮਹਿੰਦਰ ਸਿੰਘ ਮਾਨੂੰਪੁਰੀ ਹੋਰਾਂ ਮੈਨੂੰ ਸਿਫਾਰਸ਼ ਕੀਤੀ। ਘਰ ਆਈ ਇਹ ਪੁਸਤਕ ਪਹਿਲਾਂ ਮੇਰੀ ਘਰਵਾਲੀ ਦੇ ਹੱਥ ਲੱਗ ਗਈ ਕਿਉਂਕਿ ਸਵੈ-ਜੀਵਨੀ ਪੜ੍ਹਨਾ ਉਸ ਦਾ ਪਹਿਲਾ ਸ਼ੌਕ ਹੈ। ਮੇਰੇ ਸਿਰਹਾਣੇ ਬੈਠ ਕੇ ਚੁੱਪ ਚਾਪ ਪੜ੍ਹਨ ਅਤੇ ਨਾਲੋ-ਨਾਲ ਇਸ ਦੇ ਗੁਣਗਾਣ ਕਰਦੇ ਰਹਿਣ ਕਰਕੇ ਮੈਂ ਵੀ ਇਹ ਕਿਤਾਬ ਛੋਹੇ ਬਗੈਰ ਨਾ ਰਹਿ ਸਕਿਆ। ਜਿਵੇਂ ਜਿਵੇਂ ਪੜ੍ਹਦਾ ਜਾਵਾਂ ਹਾੜ੍ਹ ਵਿਚ ਪਏ ਪਹਿਲੇ ਮੀਂਹ ਦੀ ਮਿੱਟੀ ਵਿੱਚੋਂ ਉੱਠੀ ਮਹਿਕ ਵਾਂਗ ਕੋਈ ਨਸ਼ਾ ਮਨ ਨੂੰ ਨਸ਼ਿਆਈ ਜਾਵੇ। ਇਹ ਪਿੰਡ ਦੇ ਤੱਪੜ ਮਾਰਕਾ ਸਕੂਲ ਵਿਚ ਪੜ੍ਹੇ ਇਕ ਸਾਧਾਰਨ ਕਿਸਾਨ-ਪੁੱਤਰ ਦੀ ਕਹਾਣੀ ਹੈ ਜਿਹੜਾ ਪੈਰ ਪੈਰ ਉੱਤੇ ਕਰੂਰ ਯਥਾਰਥ ਨੂੰ ਹੰਢਾਉਂਦਾ, ਪਲ ਪਲ ਬਣਦਾ-ਵਿਗਸਦਾ ਕਿਵੇਂ ਇਕ ਸਕੂਲ ਅਧਿਆਪਕ, ਉੱਚ ਪਾਏ ਦਾ ਯੂਨੀਵਰਸਿਟੀ ਅਧਿਆਪਕ, ਖੇਤੀ ਵਿਗਿਆਨੀ, ਸਫਲ ਵਾਈਸ ਚਾਂਸਲਰ ਅਤੇ ਰਾਸ਼ਟਰੀ, ਅੰਤਰਰਾਸ਼ਟਰੀ ਪੱਧਰ ਉੱਤੇ ਇਕ ਉੱਘੇ ਅਰਥ ਸ਼ਾਸਤਰੀ ਵਜੋਂ ਮਸ਼ਹੂਰ ਹੋਇਆ।

ਰੌਚਕਤਾ ਪੱਖੋਂ ਇਹ ਖੰਡ ਮਿਸ਼ਰੀ ਦੀਆਂ ਡਲੀਆਂ ਹਨ ਜੋ ਹਰੇਕ ਬੰਦੇ, ਹਰੇਕ ਮਾਪੇ, ਹਰੇਕ ਅਧਿਆਪਕ, ਹਰੇਕ ਵਿਦਿਆਰਥੀ ਨੂੰ ਪੜ੍ਹਨੀ ਚਾਹੀਦੀ ਹੈ। ਲੇਖਕ ਵੱਲੋਂ ਬਚਪਨ ਅਤੇ ਜੁਆਨੀ ਵਿਚ ਹੰਢਾਈਆਂ ਬੇਸ਼ੁਮਾਰ ਔਕੜਾਂ ਹੀ ਇਸ ਕਥਾ ਨੂੰ ਦਿਲਚਸਪ ਤੇ ਰੰਗਦਾਰ ਬਣਾਉਂਦੀਆਂ ਨੇ ਜਦੋਂਕਿ ਅਗਲੇਰੇ ਜੀਵਨ ਸੰਘਰਸ਼ ਦੌਰਾਨ ਹਾਸਿਲ ਕੀਤੇ ਵਿਸ਼ਾਲ ਅਨੁਭਵ ਨੇ ਉਸ ਦੀ ਸ਼ਖਸੀਅਤ ਨੂੰ ਭਾਰੀ-ਗਾਉਰੀ, ਸਹਿਨਸ਼ੀਲ ਤੇ ਸੰਵੇਦਨਸ਼ੀਲ ਬਣਾਇਆ ਹੈ। ਅਨੇਕ ਪ੍ਰਾਪਤੀਆਂ ਅਤੇ ਵਿਦਿਆਰਥੀਆਂ-ਅਧਿਆਪਕਾਂ ਉਪਰ ਕੀਤੇ ਅਹਿਸਾਨਾਂ ਦੇ ਬਾਵਜੂਦ ਕਿਧਰੇ ਰੰਚਕ ਮਾਤਰ ਹੰਕਾਰ ਜਾਂ ਹੈਂਕੜ ਦਿਖਾਈ ਨਹੀਂ ਦਿੰਦੀ। ਖੁੱਲ੍ਹਦਿਲੀ ਤੇ ਸੁਹਿਰਦਤਾ ਲੇਖਕ ਨੂੰ ਵੱਡੇ ਜੇਰੇ ਵਾਲੇ ਮਾਪਿਆਂ ਪਾਸੋਂ ਵਿਰਸੇ ਵਿਚ ਮਿਲੀ ਹੈ। ਇਸ ਸਮਾਜ ਵਿਗਿਆਨੀ ਅਨੁਸਾਰ ਕਿਸੇ ਵੀ ਵਿਅਕਤੀ ਦੀ ਸ਼ਖਸੀਅਤ ਘੜਨ ਵਿਚ ਤਿੰਨ ਇਕਾਈਆਂ ਪ੍ਰਬਲ ਹੁੰਦੀਆਂ ਨੇ- ਮਾਂ ਪਿਓ ਅਤੇ ਘਰ ਦਾ ਮਾਹੌਲ, ਸਕੂਲ ਖਾਸ ਕਰਕੇ ਅਧਿਆਪਕਾਂ ਦਾ ਵਤੀਰਾ, ਤੀਸਰਾ ਆਲਾ ਦੁਆਲਾ ਤੇ ਦੋਸਤ ਮਿੱਤਰ। ਸਕੂਲੀ ਦਿਨਾਂ ਦੌਰਾਨ ਮਿਲੇ ਪੱਖ-ਪਾਤੀ ਮਾਸਟਰ ਅਜੀਤ ਸਿੰਘ ਨੇ ਲੇਖਕ ਨੂੰ ਢੀਠ ਅਪਰਾਧੀ ਬਣਾ ਦੇਣਾ ਸੀ ਜੇ ਸੁਭਾਗ ਵੱਸ ਮਜ਼ਹਬੋਂ ਪੱਕੇ ਮੁਸਲਮਾਨ ਪਰ ਹਰ ਬੱਚੇ ਨੂੰ ਆਪਣਾ ਬੱਚਾ ਜਾਣ ਕੇ ਪੜ੍ਹਾਉਣ ਵਾਲੇ ਮੁਨਸ਼ੀ ਸੂਫੀ ਮੁਹੰਮਦ ਦੀਨ ਨੇ ਉਨ੍ਹਾਂ ਦੀ ਜ਼ਿੰਦਗੀ ਵਿਚ ਉਸਾਰੂ ਪਰਿਵਰਤਨ ਨਾ ਲਿਆਂਦਾ ਹੁੰਦਾ।



ਸੰਘਣੀ ਬੁਣਤੀ ਵਾਲੀ ਇਸ ਪੁਸਤਕ ਦੇ ਤੇਰਾਂ ਖੰਡ-ਬਚਪਨ ਬਨਾਮ ਬਾਦਸ਼ਾਹੀ, ਬਟਵਾਰਾ ਹੋਇਆ ਤੇ ਜੁਆਨੀ ਆਈ, ਕਾਲਜ ਦੀ ਬਹਾਰ, ਕਾਲਜ ਤੋਂ ਬਾਅਦ, ਪਰਦੇਸਾਂ ਦੇ ਮਾਮਲੇ, ਸਮਾਜਵਾਦੀ ਦੇਸ਼ਾਂ ਬਾਰੇ, ਅੰਤਰਰਾਸ਼ਟਰੀ ਸੰਸਥਾਵਾਂ ਵਿਚ, ਮੈਂ ਵਾਈਸ ਚਾਂਸਲਰ ਬਣਿਆ, ਯੂਨੀਵਰਸਿਟੀ ਤੇ ਸਰਕਾਰ, ਸਰਕਾਰੀ ਨੌਕਰੀ ਵੀ ਕੀਤੀ, ਪ੍ਰਧਾਨ ਮੰਤਰੀ ਵੀ ਦੇਖੇ, ਫੇਰ ਕੀ ਹੋਇਆ, ਮੈਂ ਸੋਚਦਾ ਹਾਂ- ਅਤੇ 270 ਸਫੇ ਹਨ। ਹਰੇਕ ਕਾਂਡ ਭਾਵੇਂ ਵਾਰਤਕ ਵਿਚ ਲਿਖਿਆ ਹੈ ਪਰ ਕਿਧਰੇ ਅਕਾਊ ਵੇਰਵੇ ਨਹੀਂ। ਨਾ ਹੀ ਬੇਲੋੜੀ ਸਵੈ ਪ੍ਰਸੰਸਾ ਨਾ ਹੀ ਮਿੱਤਰਾਂ ਦੋਸਤਾਂ ਵੱਲੋਂ ਕੀਤੀ ਪ੍ਰਾਹੁਣਚਾਰੀ ਦਾ ਚਾਪਲੂਸੀ ਭਰਿਆ ਬਿਰਤਾਂਤ। ਸਗੋਂ ਆਪਣੀ ਸੰਤਾਨ ਅਤੇ ਆਪਣੀਆਂ ਕਮੀਆਂ-ਗਲਤੀਆਂ ਨੂੰ ਸਹਿਜ ਸੁਭਾਅ ਪ੍ਰਗਟਾਉਣ ਤੋਂ ਸੰਕੋਚ ਨਹੀਂ ਦਿਖਾਇਆ ਗਿਆ ਕਿਉਂਕਿ ਡਾ. ਜੌਹਲ ਅਨੁਸਾਰ ਆਪਣੀ ਗਲਤੀ ਨੂੰ ਤਾਕਤ ਵਿਚ ਹੁੰਦਿਆਂ ਵੀ ਮੰਨ ਲੈਣਾ ਇਕ ਪਰਪੱਕ ਸ਼ਖਸੀਅਤ ਅਤੇ ਦ੍ਰਿੜ੍ਹਤਾ ਦੀ ਨਿਸ਼ਾਨੀ ਹੈ, ਕਮਜ਼ੋਰੀ ਦੀ ਨਹੀਂ ਹਮੇਸ਼ਾ ਧਰਤੀ ਨਾਲ ਜੁੜੇ ਲੇਖਕ ਨੇ ਅੱਜ ਤੱਕ ਆਪਣਾ ਕੱਛਾ ਬੁਨੈਣ ਤਾਂ ਕਦੀ ਵੀ ਕਿਸੇ ਪਾਸੋਂ ਨਹੀਂ ਧੁਲਵਾਇਆ, ਆਪਣੀ ਜੁੱਤੀ ਕਦੇ ਕਿਸੇ ਤੋਂ ਪਾਲਸ਼ ਨਹੀਂ ਕਰਵਾਈ। ‘‘ਕਹਿੰਦੇ ਨੇ ਕਰਤੂਤ ਸ਼ਬਦਾਂ ਨਾਲੋਂ ਉੱਚੀ ਬੋਲਦੀ ਹੈ ਪਰ ਮੇਰੀਆਂ ਇਨ੍ਹਾਂ ਕਰਤੂਤਾਂ ਦੀ ਆਵਾਜ਼ ਸਾਡੇ ਘਰ ਵਿਚ ਕਿਸੇ ਬੱਚੇ ਦੇ ਕੰਨੀਂ ਨਹੀਂ ਪਈ। ਕੋਈ ਆਪਣੇ ਕੱਪੜੇ ਆਪ ਨਹੀਂ ਧੋਂਦਾ। ਆਪਣੀ ਜੁੱਤੀ ਆਪ ਪਾਲਸ਼ ਕਰਨ ਦਾ ਤਾਂ ਸਵਾਲ ਹੀ ਨਹੀਂ…’’

ਇਕ ਹੋਰ ਥਾਂ ਵੱਡੇ ਜਿਗਰੇ ਵਾਲੀ ਇਸ ਹਸਤੀ ਦਾ ਸਵੈ ਪ੍ਰਗਟਾਵਾ ਦੇਖੋ, ‘‘ਮੈਨੂੰ ਏਨਾ ਹੇਠਾਂ ਨਹੀਂ ਸੀ ਉਤਰਨਾ ਚਾਹੀਦਾ ਅਤੇ ਇਹ ਕੱਚਾ ਚਿੱਠਾ ਨਹੀਂ ਸੀ ਲਿਖਣਾ ਚਾਹੀਦਾ’’, ਇਹ ਸਵੈਮਾਣ ਅਤੇ ਗਲਤੀ ਸਵੀਕਾਰਨ ਦੀ ਸੁਝਾਊ ਸਿੱਖਿਆ ਉਨ੍ਹਾਂ ਆਪਣੇ ਮਿਡਲ ਸਕੂਲ ਦੇ ਅਧਿਆਪਕਾਂ ਪਾਸੋਂ ਗ੍ਰਹਿਣ ਕੀਤੀ ਸੀ।

-‘‘ਪ੍ਰਮਾਤਮਾ ਦੀ ਦਇਆ ਨਾਲ ਇਸ ਸਵੈਮਾਣ ਨੂੰ ਅੱਜ ਤੱਕ ਮੈਂ ਹੱਥੋਂ ਨਹੀਂ ਖੋਇਆ, ਚਾਹੇ ਕਈ ਵਾਰ ਮੈਨੂੰ ਕਾਫੀ ਨੁਕਸਾਨ ਵੀ ਝੱਲਣਾ ਪਿਆ। ਇਕ ਦੋ ਵਾਰ ਉੱਚ ਪਦਵੀ ਦੀਆਂ ਆਸਾਮੀਆਂ ਵੀ ਹੱਥੋਂ ਗੁਆਈਆਂ ਜੋ ਇਕ ਵਾਰ ਜਾ ਕੇ ਮੰਗਣ ਨਾਲ ਹੀ ਮਿਲ ਸਕਦੀਆਂ ਸਨ ਪਰ ਆਤਮਾ ਨੇ ਮੰਗਣ ਦੀ ਇਜਾਜ਼ਤ ਨਹੀਂ ਦਿੱਤੀ-’’
ਇਕ ਵਾਰ ਡਾ. ਜੌਹਲ ਨੂੰ ਬਤੌਰ ਵਾਈਸ ਚਾਂਸਲਰ ਗਲਤੀ ਕਾਰਨ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ- (ਗਲਤੀ) ਮੈਨੂੰ ਪੁੱਠੀ ਪੈ ਗਈ। ਮੈਂ ਚੁੱਪ ਕਰਕੇ ਸੁਣਦਾ ਰਿਹਾ। ਮੇਰੀ ਕਾਫੀ ਲਾਹ-ਪਾਹ ਹੋਈ।…’’

ਭਰਪੂਰ ਜੀਵਨ ਦੀਆਂ ਇਹ ਝਲਕਾਂ ਪੜ੍ਹਦਿਆਂ ਪਾਠਕ ਦੇ ਮਨ ਵਿਚ ਏਨੀ ਨੇੜਤਾ ਪੈਦਾ ਹੋ ਜਾਂਦੀ ਹੈ ਕਿ ਇਸ ਆਤਮ ਕਥਾ ਵਿਚਲੀ ਸ਼ਖਸੀਅਤ ਨੂੰ ਮਿਲਣ ਨੂੰ ਜੀਅ ਕਰਦਾ ਹੈ। ਦੋ ਸ਼ਬਦ ਵਜੋਂ ਪੁਸਤਕ ਦੇ ਮੁੱਢ ਵਿਚ ਡਾ. ਨਿਰਮਲ ਸਿੰਘ ਲਾਂਬੜਾਂ ਨੇ ਸਹੀ ਲਿਖਿਆ ਹੈ- ਬਾਰ ਵਿਚ ਜਨਮਿਆ, ਮਾਝੇ ਵਿਚ ਪੜ੍ਹਿਆ, ਮਾਲਵੇ ਵਿਚ ਵੱਸਿਆ, ਦੁਆਬੇ ਦੀ ਪਿਛੋਕੜ ਵਾਲਾ ਜੌਹਲ ਵਲੈਤ ਅਮਰੀਕਾ, ਇਰਾਨ, ਲਿਬਨਾਨ, ਚੀਨ ਮਚੀਨ ਦੀਆਂ ਬਾਤਾਂ ਸੁਣਾਉਂਦਾ ਕੋਈ ਉਪਦੇਸ਼ਕ, ਪ੍ਰਚਾਰਕ ਜਾਂ ਤੁਹਾਥੋਂ ਦੂਰ ਖੜ੍ਹਾ ਗੁਣੀ ਗਿਆਨੀ ਨਹੀਂ ਸਗੋਂ ਆਪਣੇ ਪਿੰਡ ਦਾ, ਆਪਣੇ ਵਿੱਚੋਂ ਹੀ ਇਕ ਲੱਗਦਾ ਹੈ… ਸਿਆਸਤਾਂ, ਮਜ਼ਹਬਾਂ, ਨਸਲਾਂ, ਜਾਤਾਂ, ਗੋਤਾਂ ਦੇ ਬਖੇੜਿਆਂ ਝਮੇਲਿਆਂ ਤੋਂ ਕੋਹਾਂ ਦੂਰ… ਉੱਚੀ ਪੜ੍ਹਾਈ, ਉੱਚੀਆਂ ਅਹੁਦੇਦਾਰੀਆਂ, ਰੁਤਬੇ ਸ਼ੋਹਰਤਾਂ ਤੋਂ ਨਿਰਲੇਪ ਨੇਕੀ ਦੀ ਮੂਰਤ ਡਾ. ਸਰਦਾਰਾ ਸਿੰਘ ਜੌਹਲ ਸਾਡਾ ਸਮੂਹ ਪੰਜਾਬੀਆਂ ਦਾ ਸਰਦਾਰ ਹੈ।’’

ਲੇਖਕ ਆਪਣੇ ਜੀਵਨ ਨੂੰ ਸਰਲ ਤੇ ਸੁਝਾਊ ਸ਼ਬਦਾਂ ਵਿਚ ਬਿਆਨਦਾ ਹੀ ਨਹੀਂ ਸਗੋਂ ਸੁੱਤੇ ਸਿੱਧ ਸ਼ਬਦਾਂ ਨਾਲ ਤਸਵੀਰਾਂ ਵਾਹ ਦਿੰਦਾ ਹੈ। ਅਨਭੋਲ ਬਚਪਨ ਦੀ ਤਸਵੀਰ ਦੇਖੋ- ‘‘ਪਹਿਲੀ ਦੂਜੀ ਵਿਚ ਕੱਛੇ ਤੋਂ ਬਗੈਰ ਹੀ ਸਕੂਲ ਜਾਈਦਾ ਸੀ। ਲੰਬੇ ਲੰਬੇ ਝੱਗਿਆਂ ਵਿਚ ਪਤਾ ਹੀ ਨਹੀਂ ਸੀ ਲੱਗਦਾ। ਪਿੰਡਾਂ ਵਿਚ ਮੀਂਹ ਨਾ ਪੈਂਦਾ ਤਾਂ ਲੋਕ ਯੱਗ ਕਰਦੇ। ਪਿੰਡ ਦੀਆਂ ਜ਼ਨਾਨੀਆਂ ਸਾਡੀਆਂ ਚਾਚੀਆਂ-ਤਾਈਆਂ-ਦਾਦੀਆਂ ਚੌਲ ਵੰਡਦੀਆਂ। ਇਕ ਵਾਰ ਅਸੀਂ ਚੌਲ ਲੈਣ ਗਏ। ਲੰਬੇ ਝੱਗੇ ਦੀ ਝੋਲੀ ਅੱਗੇ ਕੀਤੀ ਤਾਂ ਦਬਕੇ ਪਏ-ਭੱਜ ਜਾਓ ਏਥੋਂ। ਫੇਰ ਗਏ ਤਾਂ ਫੇਰ ਦਬਕੇ ਪਏ। ਜਦ ਤੀਜੀ ਵਾਰ ਗਏ, ਚੌਲ ਤਾਂ ਝੋਲੀ ਵਿਚ ਪਾ ਦਿੱਤੇ ਪਰ ਨਾਲ ਹੀ ਕੰਨ ਵੀ ਖਿੱਚੇ ਗਏ  ਖਸਮਾਂ ਖਾਣਿਓਂ, ਘੋੜਿਆਂ ਜਿੱਡੇ ਹੋ ਗਏ ਹੋ…।’ ਏਹ ਆਲਮ ਸੀ ਸਾਡੇ ਬਚਪਨ ਦੀ ਬਾਦਸ਼ਾਹੀ ਦਾ।’’

ਕਾਲਜ ਸਮੇਂ ਦਾ ਇਕ ਹੋਰ ਸ਼ਬਦ ਚਿੱਤਰ। ‘‘ਜਦ ਮੈਂ ਪਿੰਨੀਆਂ ਦਾ ਪੀਪਾ ਲੈ ਕੇ ਹੋਸਟਲ ਆਇਆ ਤਾਂ ਜੰਗਲੀ ਬਾਂਦਰਾਂ ਦੇ ਝੁੰਡ ਵਾਂਗਰ ਸਾਰੇ ਹੀ ਮੁੰਡੇ ਪੀਪੇ ਨੂੰ ਟੁੱਟ ਕੇ ਪੈ ਗਏ।’’

ਸਰਕਾਰੀ ਨੌਕਰੀ ਸਮੇਂ ਬਦਲੀ ਕਰਾਉਣ ਲਈ ਉਸ ਸਮੇਂ ਦੇ ਖੇਤੀਬਾੜੀ ਮੰਤਰੀ ਗਿਆਨੀ ਕਰਤਾਰ ਸਿੰਘ, ਜੋ ਸਿੱਖ ਪੰਥ ਦਾ ਦਿਮਾਗ ਸਮਝੇ ਜਾਂਦੇ ਸਨ, ਦੀ ਕੋਠੀ ਵਿਖੇ ਗਏ ਡਾ. ਜੌਹਲ ਹੋਰਾਂ ਸਰਲ ਚਿੱਤ ਤੇ ਸਾਦ-ਮੁਰਾਦੇ ਗਿਆਨੀ ਜੀ ਦੀ ਕਛਹਿਰਾ ਪਹਿਨੀਂ, ਮੋਢੇ ’ਤੋਂ ਮੂਹਰੇ ਲੰਬੇ ਨੇਫੇ ਨਾਲੇ ਵਾਲਾ ਪਜਾਮਾ ਲਟਕਾਈ, ਗਾਰਡ ਤੋਂ ਸਲਾਮੀ ਲੈਂਦਿਆਂ ਦੀ ਜੋ ਤਸਵੀਰ ਖਿੱਚੀ ਹੈ, ਉਹ ਅੱਜ ਦੇ ਸੰਦਰਭ ਵਿਚ ਕੰਮ ਦੀ ਥਾਂ ਦਿਖਾਵੇ ਦੇ ਬੋਲਬਾਲੇ ’ਤੇ ਤੁਲਨਾਤਮਕ ਵਿਅੰਗ ਵੀ ਹੈ।
ਅਸੀਂ ਲੁਤਫ ’ਤੇ ਵੰਨ-ਸੁਵੰਨੇ ਰੰਗਾਂ ਦੀ ਫੁਹਾਰ ਛਿੜਕਦੀ ਇਸ ਰਚਨਾ ਨੂੰ ਆਪ ਪੜ੍ਹਿਆਂ ਹੀ ਲਿਆ ਜਾ ਸਕਦਾ ਹੈ ਪਰ ਥਾਂ-ਪੁਰ-ਥਾਂ ਝਲਕਦੀ ਸਿਆਣਪ ਦੀਆਂ ਅਟੱਲ ਸੱਚਾਈਆਂ ਨੁਮਾ ਕੁਝ ਸਤਰਾਂ ਇੱਥੇ ਹਾਜ਼ਰ ਹਨ: ਭੈੜੀਆਂ ਕਰਤੂਤਾਂ ਕਰਨ ਵਾਲਿਆਂ ਦੇ ਚਿਹਰੇ ਵੀ ਕੁਰੱਖਤ ਹੋ ਜਾਂਦੇ ਹਨ। …ਬੱਚੇ ਦਾ ਸਵੈਮਾਣ ਵੀ ਛੋਟੀ ਉਮਰ ਵਿਚ ਪੁੰਗਰਦਾ ਅਤੇ ਪ੍ਰਬਲ ਹੁੰਦਾ ਹੈ।… ਮਜ਼ਹਬੀ ਰੰਗਤ ਵਾਲੇ ਸਕੂਲਾਂ ਵਿਚ, ਚਾਹੇ ਉਹ ਕਿਸੇ ਵੀ ਮਜ਼ਹਬ ਦੇ ਹੋਣ, ਬੱਚਿਆਂ ਵਿਚ ਮਾਨਸਿਕ ਸੰਕੀਰਣਤਾ ਪੈਦਾ ਹੁੰਦੀ ਹੈ।… ਇਸ ਪਗੜੀ ਨੇ ਮੈਨੂੰ ਬੜੀਆਂ ਇੱਜ਼ਤਾਂ ਤੇ ਮਾਣ ਬਖਸ਼ੇ… ਭਾਵੇਂ ਕਿੰਨੀ ਵੀ ਤੇ ਕਿੱਡੀ ਵੀ ਮਾਲੀ ਸਮਰੱਥਾ ਹੋਵੇ, ਆਦਮੀ ਨੂੰ ਆਮ ਲੋਕਾਂ ਤੋਂ ਵੱਖਰਾ ਹੋ ਕੇ ਬਹੁਤਾ ਵਿਖਾਵਾ ਨਹੀਂ ਕਰਨਾ ਚਾਹੀਦਾ।… ਗਊ ਦੇ ਦੁੱਧ ਦੀ ਚਰਬੀ ਦੇ ਦਾਣੇ ਛੋਟੇ ਤੇ ਇਨਸਾਨੀ ਦੁੱਧ ਦੇ ਨੇੜੇ ਹੁੰਦੇ ਹਨ ਪਰ ਪੰਜਾਬੀਆਂ ਨੂੰ ਦੁੱਧ ਚੁੰਘਾਉਣ ਵਾਲੀ ਮਾਂ ਤਾਂ ਦਰਅਸਲ ਮੱਝ ਹੀ ਹੈ। ਇਸ ਬੁੱਧਹੀਣ ਜਾਨਵਰ ਦਾ ਦੁੱਧ ਪੀ ਕੇ ਅਸੀਂ ਸਡੌਲ ਤੇ ਬਹਾਦਰ ਤਾਂ ਬਣ ਗਏ ਪਰ ਨੀਤੀ, ਸੂਖਮਤਾ ਅਤੇ ਬੁੱਧੀ ਅਧਾਰਿਤ ਵਿਉਹਾਰ ਵਿਚ ਮਾਰ ਖਾ ਗਏ।… ਪੰਜਾਬ ਪੁਲੀਸ ਜਿੰਨੀ ਘਟੀਆ ਤੇ ਗਿਰੀ ਹੋਈ ਪੁਲੀਸ ਸ਼ਾਇਦ ਹੀ ਕਿਤੇ ਹੋਵੇ। ਇਹ ਛਿੱਤਰ ਅਤੇ ਡੰਡੇ ਦੀ ਸੇਵਾ ਤੋਂ ਬਿਨਾਂ ਜਨਤਾ ਦੀ ਕੋਈ ਹੋਰ ਸੇਵਾ ਨਹੀਂ ਕਰਦੇ।… ਲੀਡਰ ਜਾਂ ਨੇਤਾ, ਜਨਤਾ ਦਾ ਸੋਸ਼ਣ ਕਰਨ ਵਾਲਾ ਇਕ ਸੁਆਰਥੀ ਬੁੱਧੀਜੀਵੀ ਹੈ।… ਹੰਝੂ ਦਿਲ ਦੀ ਜ਼ੁਬਾਨ ਹੈ।… ਸਮਾਜਵਾਦ ਇਕ ਬਹੁਤ ਅੱਛਾ ਸਿਧਾਂਤ ਹੈ।…

ਖੇਤੀ ਵਿਗਿਆਨੀ ਵਜੋਂ ਫਸਲਾਂ ਦੀ ਵੰਨ-ਸੁਵੰਨਤਾ ਬਾਰੇ ਉਨ੍ਹਾਂ ਦੀ ਚੇਅਰਮੈਨਸ਼ਿਪ ਹੇਠ ਗਠਿਤ ‘ਜੌਹਲ ਕਮੇਟੀ’ ਦੀਆਂ ਤਜਵੀਜ਼ਾਂ ਵੱਲ ਜੇ ਗੌਰ ਕੀਤਾ ਗਿਆ ਹੁੰਦਾ ਤਾਂ ਅੱਜ ਪੰਜਾਬ ਦੀ ਕਿਸਾਨੀ ਦੀ ਹਾਲਤ ਬਿਹਤਰ ਹੁੰਦੀ। ਉਨ੍ਹਾਂ ਵੱਲੋਂ ਸੁਝਾਇਆ ਨੁਸਖਾ ਅਜੇ ਵੀ ਕਾਰਗਰ ਸਿੱਧ ਹੋ ਸਕਦਾ ਹੈ। ਡਾ. ਜੌਹਲ ਦੇ ਸ਼ਬਦਾਂ ਵਿਚ: ‘‘ਪੰਜਾਬ ਵਿਚ ਸਨਅਤਾਂ ਅਤੇ ਫੈਕਟਰੀਆਂ ਆਦਿ ਨੂੰ ਇਸ ਤਰ੍ਹਾਂ ਵਿਕਸਤ ਕਰਨ ਦੀ ਲੋੜ ਹੈ ਕਿ ਲੋਕ ਪਿੰਡਾਂ ਵਿੱਚੋਂ ਪੰਜ ਦਸ ਕਿਲੋਮੀਟਰ ’ਤੇ ਸਾਈਕਲਾਂ, ਸਕੂਟਰਾਂ, ਬੱਸਾਂ ਆਦਿ ’ਤੇ ਰੋਜ਼ਾਨਾ ਜਾ ਕੇ ਕੰਮ ਕਰਨ ਅਤੇ ਆਪਣੇ ਛੋਟੇ ਫਾਰਮਾਂ ਉੱਤੇ ਹੀ ਰਹਿਣ। ਘਰ ਦੀਆਂ ਔਰਤਾਂ, ਬੱਚੇ, ਬੁੱਢੇ ਅਤੇ ਨੌਜਵਾਨ ਆਪਣੇ ਵਿਹਲੇ ਵਕਤ ਵਿਚ ਫਾਰਮਾਂ ’ਤੇ ਕੰਮ ਕਰਨ ਅਤੇ ਆਮਦਨ ਦਾ ਵੱਡਾ ਹਿੱਸਾ ਇਨ੍ਹਾਂ ਘਰਾਣਿਆਂ ਦਾ ਖੇਤੀ ਤੋਂ ਬਾਹਰੋਂ ਆਵੇ। ਇਸ ਤਰ੍ਹਾਂ ਬਾਹਰ ਤੋਂ ਅੱਛੇ ਵਿਚਾਰ ਅਤੇ ਸਰਮਾਇਆ ਇਨ੍ਹਾਂ ਫਾਰਮਾਂ ’ਤੇ ਖੇਤੀ ਸੈਕਟਰ ਵੱਲ ਆਵੇਗਾ ਜਿਸ ਨਾਲ ਖੇਤੀ ਆਧੁਨਿਕ ਅਤੇ ਉੱਨਤ ਹੋ ਜਾਏਗੀ। ਕੋਈ ਵੀ ਕਿਸਾਨ ਘਰਾਣਾ ਗਰੀਬ ਨਹੀਂ ਰਹੇਗਾ।’’

ਸੱਚਮੁੱਚ ਇਹ ਪੁਸਤਕ ਇਸ ਬਹੁਪੱਖੀ ਸ਼ਖਸੀਅਤ ਦੇ ਵਿਸ਼ਾਲ ਤਜਰਬੇ ਅਤੇ ਗਿਆਨ ਵਿੱਚੋਂ ਡੁੱਲ੍ਹ-ਡੁੱਲ੍ਹ ਪੈਂਦੀ ਅਮਲੀ ਸਿਆਣਪ ਦਾ ਅਮੁੱਲ ਖਜ਼ਾਨਾ ਹੈ।

ਸੰਪਰਕ: 92175-82015

Comments

Raj Bhatti

wah ji wah bahut wadhiya

jeet s parminder

nyc hai ji

ਗੁਰਨੈਬ ਮਘਾਣੀਆ

ਬਹੁਤ ਖੂਬ ਜੀ ...ਜਰੂਰ ਪੜਾਗੇ ਜੀ

Mukhtiar Singh Khanna

Kamal karti Mitra Kitab loabhan dI Dil khush ho gia hai Mubark Biling te Shiv Inder ne

ਨਿਰੰਜਣ ਬੋਹਾ

ਕਿਤਾਬ ਪੜ੍ਹਣ ਦੀ ਕੋਸ਼ਿਸ਼ ਿਵਚ ਹਾਂ

ਏ-ਰੁਹੂਪਿੰਦਰ ਰੂਪ ਸਿੰਘ ਸੰਧੂ

ਜਿੰਦਗੀ ਵਿਚ ਚੰਗੇਰਾ ਜੀਵਨ ਜਿਉਣ ਲਈ ਇਹ ਕਿਤਾਬ ਜਰੂਰ ਪੜ੍ਹੋ

Harjit Kaur

biling ji neeho jehi smeekhea kiti e..k vakai padan nu dil karda e

dhanwant bath

bahot vadiya veer g jarur padage...

jugtar singh

ਵੀਰੇ ਸਿਵਇੰਦਰ ਸਮਾਂ ਲੱਗਿਆ ਤਾਂ ਜਰੂਰ ਪੜਾਂ ਗਾ........ ਗਰੀਬੜੇ ਨੂੰ ਯਾਦ ਕਰਨ ਲਈ ਸ਼ੁਕਰੀਆ ਜੀ

Security Code (required)



Can't read the image? click here to refresh.

Name (required)

Leave a comment... (required)





ਸਾਹਿਤ ਸਰੋਦ ਤੇ ਸੰਵੇਦਨਾ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ