Tue, 23 April 2024
Your Visitor Number :-   6994540
SuhisaverSuhisaver Suhisaver

ਸਿੱਖ ਧਰਮ ਦੀ ਵਿਲੱਖਣਤਾ - ਡਾ. ਜਗਮੇਲ ਸਿੰਘ ਭਾਠੂਆਂ

Posted on:- 04-05-2014

suhisaver

ਮਨੁੱਖਾ ਜੀਵਨ ਵਿੱਚ ਧਰਮ ਅਹਿਮ ਭੂਮਿਕਾ ਨਿਭਾਉਂਦਾ ਹੈ। ਲਗਭਗ ਹਰੇਕ ਮਨੁੱਖੀ ਕਿਰਿਆ ਵਿੱਚ ਧਰਮ ਸੁਚੇਤ ਜਾਂ ਅਚੇਤ ਰੂਪ ਵਿੱਚ ਕਾਰਜਸ਼ੀਲ ਹੁੰਦਾ ਹੈ। ਅੰਗਰੇਜ਼ੀ ਵਿੱਚ ਇਸਦੇ ਲਈ ਰੀਲਿਜਨ ਸ਼ਬਦ ਵਰਤਿਆ ਜਾਂਦਾ ਹੈ। ਇਸਦਾ ਸਮਭਾਵੀ ਸੰਸਕ੍ਰਿਤ ਸ਼ਬਦ ਧਰਮ ‘ਧੀ੍ਰ’ ਅਤੇ ‘ਮਨ’ ਦੇ ਜੋੜ ਤੋਂ ਬਣਦਾ ਹੈ, ਜਿਸਦੇ ਅਰਥ ਹਨ ਕਰਤੱਵ, ਕਿਸੇ ਜਾਤੀ ਸੰਪਰਦਾਇ ਆਦਿ ਦੇ ਪ੍ਰਚੱਲਿਤ ਵਿਹਾਰ ਦਾ ਪਾਲਣ, ਕਾਨੂੰਨ ਜਾਂ ਪ੍ਰਥਾ ਜਾਂ ਭਲਾਈ ਦੇ ਕੰਮ ਨੇਕ ਕੰਮ ਆਦਿ। 
 

ਧਰਮ ਨੂੰ ਵੱਖ-ਵੱਖ ਖੇਤਰਾਂ ਦੇ ਵਿਦਵਾਨਾਂ ਨੇ ਆਪਣੀ ਆਪਣੀ ਦ੍ਰਿਸ਼ਟੀ ਤੋਂ ਸਮਝਣ ਦੀ ਕੋਸ਼ਿਸ਼ ਕੀਤੀ ਹੈ। ਜਿਤਨੇ ਵੀ ਪ੍ਰਾਚੀਨ ਗ੍ਰੰਥ ਰਚੇ ਗਏ ਹਨ, ਉਹ ਲਗਭਗ ਸਾਰੇ ਧਰਮ ਭਾਵਨਾ ਵਾਲੇ ਹਨ। ਮੁਰਦਿਆਂ ਨੂੰ ਦਫਨਾਉਣ ਉੱਪਰ ਖੋਜ ਕਰਨ ਵਾਲੇ ਪੁਰਾਤਤਵ ਵਿਗਿਆਨੀ ਅਤੇ ਮਾਨਵ ਵਿਗਿਆਨੀ ਇਸ ਸਿੱਟੇ ਤੇ ਪਹੁੰਚੇ ਹਨ ਕਿ ਅੱਜ ਤੋਂ ਲਗਭਗ ਡੇਢ ਲੱਖ ਸਾਲ ਪਹਿਲਾਂ ਵਸਣ ਵਾਲੇ ਸਾਡੇ ਪੂਰਵਜ ਵੀ ਕਿਸੇ ਨਾ ਕਿਸੇ ਰੂਪ ਵਿੱਚ ਪਰਾਭੌਤਿਕ ਸ਼ਕਤੀਆਂ ਦੀ ਪੂਜਾ ਕਰਦੇ ਸਨ। ਮੈਕਸਮੂਲਰ ਦੇ ਸ਼ਬਦਾਂ ਵਿੱਚ ਧਰਮ ਉਨਾ ਹੀ ਪੁਰਾਣਾ ਹੈ ਜਿਨਾ ਪੁਰਾਣਾ ਮਨੁੱਖ ।ਕਾਂਤ ਅਨੁਸਾਰ ਆਪਣੇ ਸਾਰੇ ਨੈਤਿਕ ਫਰਜਾਂ ਨੂੰ ਰੱਬੀ ਹੁਕਮ ਮੰਨਣਾ ਧਰਮ ਅਖਵਾਉਂਦਾ ਹੈ। ਫਿਸਤੇ ਅਨੁਸਾਰ, ਧਰਮ ਸਾਨੂੰ ਆਪਣੇ ਆਪ ਨਾਲ ਇਕ ਸੁਰ ਕਰਦਾ ਹੈ ਅਤੇ ਸਾਡੇ ਮਨ ਨੂੰ ਪੂਰਨ ਭਾਂਤ ਪਵਿੱਤਰ ਪਾਵਨ ਕਰਦਾ ਹੈ। ਇਕ ਹੋਰ ਪੱਛਮੀ ਵਿਦਵਾਨ ਸ਼ੈਲੀਮੇਕਰ ਨੇ ਉਪਰੋਕਤ ਵਿਦਵਾਨਾਂ ਤੋਂ ਹੋਰ ਅਗਾਂਹ ਜਾਂਦਿਆ ਕਿਹਾ ਹੈ ਕਿ ਧਰਮ ਇਸ ਗੱਲ ਦੀ ਚੇਤਨਤਾ ਹੈ ਕਿ ਅਸੀਂ ਕਿਸੇ ਐਸੀ ਸ਼ਕਤੀ ਤੇ ਪੂਰਨ ਭਾਂਤ ਅਧਾਰਿਤ ਹਾਂ ਜੋ ਸਾਨੂੰ ਹਰ ਤਰ੍ਹਾਂ ਨਿਰਧਾਰਤ ਕਰਦੀ ਹੈ ਪਰ ਅਸੀਂ ਉਸਨੂੰ ਨਿਰਧਾਰਤ ਨਹੀਂ ਕਰ ਸਕਦੇ। ਓਸ਼ੋ ਰਜਨੀਸ਼ ਅਨੁਸਾਰ, ਮਨੁੱਖੀ ਸਮਾਜ ਕੋਲ ਅੱਜ ਜੋ ਵੀ ਥੋੜੀ ਮੋਟੀ ਉੱਚਾ ਉਠਾਉਣ ਦੀ ਚੇਤਨਾ ਹੈ, ਉਹ ਸਿਰਫ ਧਰਮ ਕਾਰਣ ਹੈ।

ਧਰਮ ਨੂੰ ਮਿੱਥ, ਅੰਧਵਿਸ਼ਵਾਸ਼ ਅਤੇ ਫਿਲਾਸਫੀ ਦਾ ਮਿਲਿਆ ਜੁਲਿਆ ਰੂਪ ਵੀ ਮੰਨਿਆ ਜਾਂਦਾ ਹੈ ਅਤੇ ਇਹ ਅਨੇਕ ਅੰਤਰ ਵਿਰੋਧਾਂ ਨੂੰ ਨਾਲ ਲੈ ਕੇ ਚੱਲਣ ਵਾਲੀ ਉਹ ਜਟਿਲ ਅਤੇ ਰਹੱਸਮਈ ਭਾਵਨਾ ਹੈ, ਜਿਹੜੀ ਵਿਅਕਤੀ ਦੀ ਸ਼ਖਸੀਅਤ ਦਾ ਭਾਗ ਬਣਕੇ ਵੀ ਵਰਣਨਾਤੀਤ ਅਨੁਭਵ ਹੁੰਦੀ ਹੈ। ਧਰਮ ਦੇ ਫ਼ਲਸਫ਼ੇ ਨੂੰ, ਧਰਮ ਦੀ ਅੰਦਰੂਨੀ ਸ਼ਕਤੀ ਨੂੰ ਸਮਾਜ ਦਾ ਥੋੜਾ ਜਿਹੜਾ ਸੂਝਵਾਨ ਹਿੱਸਾ ਹੀ ਸਮਝਦਾ ਹੈ।

ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਦੇਵ ਜੀ ਨੇ ਆਪਣੀ ਸਭ ਤੋਂ ਪਹਿਲੀ ਰਚਨਾ ‘ਜਪੁ’ ਬਾਣੀ ਵਿੱਚ ‘ਧਰਮ’ ਸ਼ਬਦ ਨੂੰ ਨੇਕੀ, ਸ਼ੁਭ ਕਰਮ, ਕੁਦਰਤ ਦਾ ਕਾਨੂੰਨ (ਨਿਯਮ) ਕਰਤੱਵਯ ਅਤੇ ਮਿਥਿਹਾਸਕ ਧਰਮ ਰਾਜ ਦੇ ਅਰਥਾਂ ਵਿੱਚ ਵਰਤਿਆ ਹੈ। ਗੁਰੂ ਸਾਹਿਬਾਨ ਅਨੁਸਾਰ, ਧਰਮ ਦਾ ਅਰਥ ਸਮੁੱਚੀ ਮਾਨਵਤਾ ਨੂੰ ਆਪਣੇ ਨਾਲ ਜੋੜਨਾ ਹੈ। ਦਸਾਂ ਗੁਰੂ ਸਾਹਿਬਾਨਾਂ ਦੇ ਜੋਤ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਨੁਪਮ ਰੱਬੀ ਸੰਦੇਸ਼ ਵਿੱਚ ਧਰਮ ਕੇਵਲ ਇਕ ਹੀ ਮੰਨਿਆ ਗਿਆ ਹੈ “ਏਕੋ ਧਰਮ ਦ੍ਰਿੜੈ ਸਚੁ ਕੋਈ” ਇਹ ਸੱਚ ਦਾ ਧਰਮ ਹੈ ਸਤਿ ਧਰਮ। ਜਦੋਂ ਦੁਨੀਆਂ ਵਿੱਚੋਂ ਸੱਚ ਆਲੋਪ ਹੋ ਜਾਂਦਾ ਹੈ, ਤਾਂ “ਕਲਿ ਕਾਲਖਿ ਬੇਤਾਲ” ਦੀ ਅਵਸਥਾ ਵਾਪਰਦੀ ਹੈ। ਐਸੀ ਕੂੜਤਾ ਤੋਂ ਪਰਹੇਜ ਹੀ ਧਰਮ ਹੈ। ਸੱਚ ਨੂੰ ਆਚਰਣ ਵਿੱਚ ਸਿਰੰਜਨ ਦੇਣਾ ਹੀ ਧਰਮ ਹੈ।

ਸਿੱਖ ਧਰਮ ਖਸਮ ਕੀ ਬਾਣੀ ਦੇ ਪ੍ਰਕਾਸ਼ ਵਿੱਚੋਂ ਉਪਜਿਆ ਸ਼ਬਦ ਮੂਲਕ ਧਰਮ ਹੈ। ਇਸ ਇਲਹਾਮੀ ਸੰਦੇਸ਼ ਅਨੁਸਾਰ, ਧਰਮ ਦਾ ਧੁਰ ਅੰਦਰਲਾ ਅਰਥ ਪ੍ਰੇਮ, ਦੂਜਿਆਂ ਦੀ ਹੋਂਦ ਤੇ ਸੱਚ ਨੂੰ ਸਵੀਕਾਰਨਾ, ਅਤੇ ਦੂਜਿਆਂ ਦਾ ਹੱਕ ਨਾ ਮਾਰਨਾ ਹੈ। ਪਾਰਬ੍ਰਹਮ ਦੇ ਹਜੂਰ ਜੋ ਅਨੁਭਵ ਜਾਂ ਸੱਚ ਦਾ ਪ੍ਰਕਾਸ਼ ਗੁਰੂ ਸਾਹਿਬਾਨ ਨੂੰ ਹੋਇਆ, ਉਸੇ ਨੂੰ ਹੀ ਸ਼ਬਦ ਗੁਰੂ ਦੇ ਰੂਪ ਵਿੱਚ ਸਥਾਪਿਤ ਕੀਤਾ ਗਿਆ ਹੈ। ਸ਼ਬਦ ਗੁਰੂ ਵਿੱਚੋਂ ਉਤਪੰਨ ਇਸ ਨਵੀਂ ਵਿਚਾਰਧਾਰਾ ਅਨੁਸਾਰ, ਕੋਈ ਧਰਮ ਉਦੋਂ ਹੀ ਪ੍ਰਮਾਣਕ ਧਰਮ ਬਣਦਾ ਹੈ, ਜਦੋਂ ਉਸਦੇ ਸਰੋਕਾਰ ਸਰਵ -ਸਮੂਹਾਂ ਨਾਲ ਜੁੜਦੇ ਹਨ ਅਤੇ ਉਹ ਹਰ ਯੁੱਗ ਦੇ ਮਨੁੱਖ ਲਈ ਆਨੰਦ ਅਤੇ ਗਿਆਨ ਦੇ ਰਾਹ ਉਜੱਲੇ ਕਰਦਾ ਹੈ। ਗੁਰਬਾਣੀ ਵਿੱਚੋਂ ਉਭਰਦਾ ਰੱਬ, ਸਮੁੱਚੀ ਕਾਇਨਾਤ ਦਾ ਰਖਣਹਾਰ ਹੈ ਅਤੇ ਸਭ ਦੇਸ਼ਾਂ, ਨਸਲਾਂ, ਕੌਮਾਂ ਦੇ ਲੋਕਾਂ ਲਈ ਮਿਹਰਵਾਨ ਹੈ। ਗੁਰਮਤ ਅਨੁਸਾਰ, ਸਮੁੱਚਾ ਵਿਸ਼ਵ ਇੱਕ ਪਰਿਵਾਰ ਹੈ, “ਏਕ ਪਿਤਾ ਏਕਸ ਕੇ ਹਮ ਬਾਰਿਕ” ਮਹਾਂਵਾਕ ਅਨੁਸਾਰ ਦੇਸ਼ਾਂ, ਕੌਮਾਂ, ਨਸਲਾਂ ਦੇ ਖੂਨ ਵਹਾਉ ਝਮੇਲੇ, ਉਦੋਂ ਤੱਕ ਹੀ ਹਨ ਜਦੋਂ ਤੱਕ ਮਨੁੱਖ ਵਹਿਮਾਂ-ਭਰਮਾਂ ਤੇ ਅੰਧਵਿਸ਼ਵਾਸ਼ ਦਾ ਸ਼ਿਕਾਰ ਹੈ। ਧੁਰ ਕੀ ਬਾਣੀ ਵਿਚਲੇ ਇਸ ਅਨੁਪਮ ਸੰਦੇਸ਼ ਅਨੁਸਾਰ, ਧਰਮ ਦਾ ਮੁੱਖ ਉਦੇਸ਼ ਮਨੁੱਖੀ ਆਤਮਾ ਦਾ ਪਰਮਾਤਮਾ ਨਾਲ ਮਿਲਾਪ ਹੈ ਅਤੇ ਮਨੁੱਖ ਧਰਮ ਦਾ ਕੇਂਦਰੀ ਸਰੋਕਾਰ ਹੈ। ਸਮੁੱਚਾ ਜਗਤ ਪਦਾਰਥ (ਮਾਦਾ), ਅਣਦਿਸਦੀਆਂ ਸ਼ੂਖਮ ਸ਼ਕਤੀਆਂ ਆਦਿ ਸਭ ਉਸ ਸਰਬਸ਼ਕਤੀਮਾਨ ਕਾਦਰ ਦੀ ਕੁਦਰਤ ਹੈ ਅਤੇ ਗੁਰਬਾਣੀ ਕਾਦਰ ਦੀ ਕੁਦਰਤ ਨਾਲ ਸਿੱਧੀ ਗੱਲਬਾਤ ਹੈ।

ਗੁਰਮਤ ਅਨੁਸਾਰ ‘ਧਰਮ’ ਉਹ ਪ੍ਰਭ ਸਤਾ ਜਾਂ ਨਿਯਮ ਹੈ ਜੋ ਕੁਲ ਦਿਸਦੀ ਤੇ ਅਣਦਿਸਦੀ ਕਾਇਨਾਤ ਨੂੰ ਧਾਰ ਰਿਹਾ ਹੈ ਅਤੇ ਸੂਤ ਵਿਚ ਰੱਖਕੇ ਚਲਾ ਵੀ ਰਿਹਾ ਹੈ।

ਸਗਲ ਸਮਗ੍ਰੀ ਤੁਮਰੈ ਸੁਤ੍ਰਿ ਧਾਰੀ॥
ਤੁਮਤੇ ਹੋਇ ਸੁ ਆਗਿਆ ਕਾਰੀ॥


ਸਿੱਖ ਧਰਮ ਵਿਚ ਸੱਚ ਦੀ ਖੋਜ ਵਾਲੀ ਇਹ ਵਿਲੱਖਣ ਜੁਗਤ ਮਨੁੱਖ ਨੂੰ ਇਕੋ ਸਮੇਂ ਰੂਹਾਨੀਅਤ ਦੀਆਂ ਸਿਖਰੀ ਮੰਜਿਲਾਂ ਤੇ ਜਾਣ ਲਈ ਵੀ ਪ੍ਰੇਰਦੀ ਹੈ ਅਤੇ ਚੰਗੀ ਜ਼ਿੰਦਗੀ ਤੇ ਨਰੋਏ ਸਮਾਜ ਦੀ ਸਿਰਜਨਾ ਲਈ ਵੀ ਮਨੁੱਖ ਅੰਦਰ ਸਮਾਜ ਪ੍ਰਤੀ ਜ਼ਿੰਮੇਵਾਰੀ ਦੀ ਭਾਵਨਾ ਨੂੰ ਜਗਾਉਂਦੀ ਹੈ। ਸਿੱਖ ਧਰਮ ਵਿਚਲੀ ਅਧਿਆਤਮਿਕਤਾ ਅਤੇ ਸਮਾਜਿਕਤਾ ਇਸ ਰੂਪ ਵਿਚ ਸਾਹਮਣੇ ਆਉਂਦੀ ਹੈ ਕਿ “ਇਹ ਲੋਕ ਸੁਖੀਏ ਪਰਲੋਕ ਸੁਹੇਲੇ" ਵਿਚਲੇ ਦੋਵੇਂ ਸੰਕਲਪਾਂ ਦੀ ਸੰਪੂਰਨਤਾ ਲਈ ‘ਸ਼ਬਦ ਗੁਰੂ` ਦੇ ਲੜ ਲੱਗ ‘ਗੁਰਮੁਖ` ਦੀ ਸ਼੍ਰੇਸ਼ਠ ਪਦਵੀਂ ਹਾਸਿਲ ਕਰਨ ਲਈ ਯਤਨਸ਼ੀਲ ਰਹਿਣਾ ਹੈ ਅਤੇ ਗੁਰੂ ਦੀ ਸਿਖਿਆ ਹਿਰਦੇ ਧਾਰਣ ਕਰਕੇ, ਗੁਰੂ ਦਾ ਸਿੱਖ (ਸ਼ਿਸ਼) ਬਣਕੇ ਗੁਰੂ ਨਾਲ ਹੀ ਇਕ ਰੂਪ, ਅਭੇਦ ਹੋ ਜਾਣਾ ਹੈ। ‘ਸਿੱਖੀ ਸਿੱਖਿਆ ਗੁਰ ਵਿਚਾਰ` ਉਪਰ ਅਧਾਰਿਤ ਅਜਿਹੀ ਜੀਵਨ ਜਾਂਚ ਨੂੰ ਅਪਣਾਉਣ ਲਈ ਦ੍ਰਿੜ ਸੰਕਲਪ ਦਾ ਧਾਰਣੀ ਅਤੇ ਭੈਅ-ਮੁਕਤ ਹੋਣਾ ਜ਼ਰੂਰੀ ਦੱਸਿਆ ਹੈ। ਜਿਸ ਸਿੱਖੀ ਨੂੰ ਭਾਈ ਗੁਰਦਾਸ ਜੀ ਨੇ ਵਾਲ ਤੋਂ ਬਰੀਕ ਤੇ ਖੰਡੇ ਦੀ ਧਾਰ ਤੋਂ ਤਿੱਖੀ ਦੱਸਿਆ ਹੈ ਉਸੇ ਸਿੱਖੀ ਮਾਰਗ ਦੇ ਮੁਸ਼ਕਲ ਪੈਂਡੇ ਬਾਰੇ ਗੁਰੂ ਨਾਨਕ ਦੇਵ ਜੀ ਆਖਦੇ ਹਨ।
 
ਜਉ ਤਉ ਪ੍ਰੇਮ ਖੇਲਣ ਕਾ ਚਾਉ। ਸਿਰ ਧਰਿ ਤਲੀ ਗਲੀ ਮੇਰੀ ਆਉ।
ਇਤੁ ਮਾਰਿਗ ਪੈਰੁ ਧਰੀਜੈ। ਸਿਰ ਦੀਜੈ ਕਾਣਿ ਨਾ ਕੀਜੈ॥


ਇਸ ਕਸੌਟੀ ਤੇ ਖਰਾ ਉਤਰਨ ਵਾਲਾ ਗੁਰੂ ਦਾ ਪਿਆਰਾ ਸਿੱਖ “ਹਰਿ ਕੋ ਨਾਮ ਜਪ ਨਿਰਮਲ ਕਰਮ” ਦੇ ਇਲਾਹੀ ਸੰਦੇਸ਼ ਨੂੰ ਆਪਣਾ ਜੀਵਨ ਆਦਰਸ਼ ਬਣਾਉਂਦਾ ਹੈ। ਹੱਸਦਾ ਖੇਡਦਾ ਗ੍ਰਹਿਸਤ ਮਾਣਦਿਆਂ ਉਹ, “ਹਰਿ ਕੋ ਨਾਮ ਜਪ” ਰਾਹੀਂ ਪਰਲੋਕ ਸੁਹੇਲਾ ਬਣਾਉਂਦਾ ਹੈ, ਅਤੇ “ਨਿਰਮਲ ਕਰਮ” ਕਰਕੇ ਸਿਹਤਮੰਦ ਸਮਾਜ ਦੀ ਸਿਰਜਨਾ ਕਰਦਾ ਹੈ। “ਲੋਕ ਸੁਖੀਏ ਤੇ ਪਰਲੋਕ ਸੁਹੇਲੇ” ਦੇ ਉਪਰੋਕਤ ਦੋਹਾਂ ਖੇਤਰਾਂ ਦੀ ਪਰਪੱਕਤਾ ਵਿੱਚੋਂ ਸੰਪੂਰਨ ਮਨੁੱਖ ਦੇ ਵਜੂਦ ਦੀ ਸਿਰਜਣਾ ਸਾਹਮਣੇ ਆਉਂਦੀ ਹੈ। ਇਹ ਸੰਪੂਰਨਤਾ ਹੀ ਮਾਨਵ ਜੀਵਨ ਦਾ ਉਦੇਸ਼ ਹੈ ਅਤੇ ਧਰਮ ਇਸਦਾ ਸਾਧਨ। ਗੁਰਬਾਣੀ ਵਿਚਲਾ ਅਜਿਹਾ ਆਦਰਸ਼ਕ ਮਨੁੱਖ ਹੀ ਸ਼ਾਂਤੀ ਤੇ ਪ੍ਰੇਮ ਭਾਵਨਾ ਨਾਲ ਵਿਸ਼ਵ ਨੂੰ ਏਕਤਾ, ਸਹਿਨਸ਼ੀਲਤਾ ਅਤੇ ਅਖੰਡਤਾ ਦੀ ਲੜੀ ਵਿੱਚ ਬੰਨ ਕੇ, ਇੱਕ ਨਵੇਂ ਸਮਾਜ ਦੇ ਆਰੰਭ ਜਾਂ ਸੁਨਹਿਰੀ ਯੁੱਗ ਦਾ ਆਰੰਭ ਕਰ ਸਕਦਾ ਹੈ। ਵਿਸ਼ਵ ਦੇ ਸਮੂਹ ਧਰਮਾਂ ਅੰਦਰ ਸਿੱਖ ਧਰਮ ਦੀ ਇਹ ਵਿਲੱਖਣਤਾ ਹੈ ਕਿ ਇਹ ਸਮੁੱਚੇ ਵਿਸ਼ਵ ਦੇ ਮੂਲ ਵਿੱਚ ਇੱਕ ਦਿੱਬ ਸ਼ਕਤੀ ਦੀ ਹੋਂਦ ਨੂੰ ਸਵੀਕਾਰਦਾ ਹੈ ਅਤੇ ਉਸ ਦਿਬਤਾ ਨੂੰ ਪਛਾਨਣ ਦੀ ਪ੍ਰੇਰਨਾ ਦੇਂਦਾ ਹੈ। ਸਿੱਖ ਫਲਸਫਾ ਧਰਮਾਂ ਦੇ ਭੇਦ ਭਾਵ, ਬਾਹਰੀ ਭੇਖਾਂ ਨੂੰ ਰੱਦ ਕਰਦਿਆਂ ਮਨੁੱਖ ਨੂੰ ਮਨੁੱਖ ਦੇ ਤੌਰ ਤੇ ਸਵੀਕਾਰਦਾ ਹੈ।

ਸੰਪਰਕ:  +91 98713 12541

Comments

Security Code (required)



Can't read the image? click here to refresh.

Name (required)

Leave a comment... (required)





ਨਿਬੰਧ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ