Fri, 19 April 2024
Your Visitor Number :-   6985042
SuhisaverSuhisaver Suhisaver

ਨਾ ਫਿਰ ਬਾਦਲਾਂ ਨੇ ਨੂੰਹ ਨੂੰ ਲੈ ਹੀ ਦਿੱਤੀ "ਲਾਲ ਬੱਤੀ" ਵਾਲੀ ਕਾਰ - ਕਰਨ ਬਰਾੜ

Posted on:- 11-06-2014

suhisaver

ਤਾਇਆ ਚਿੜੀ ਲੱਠਾ ਅਤੇ ਖਰਾ ਬੰਦਾ, ਰੂਹੋਂ ਰੱਜਿਆ ਤੇ ਸਦਾ ਹੀ ਖ਼ੁਸ਼। ਪਰਦੇਸਾਂ ਦੇ ਰੁਝੇਵਿਆਂ ਵਿੱਚ ਜਦੋਂ ਮਨ ਉਦਾਸ ਹੋਵੇ ਤਾਂ ਤਾਏ ਚਿੜੀ ਨਾਲ ਗੱਲ ਕਰੋ ਰੂਹ ਟਹਿਕਣ ਲਾ ਦਿੰਦਾ। ਕਹਿੰਦਾ ਸ਼ੇਰਾ ਕਿਹੜੀ ਖੁੱਡ ਵਿੱਚ ਵੜਿਆ ਰਹਿੰਨਾ ਕਦੇ ਰੜਕਿਆ ਹੀ ਨੀਂ। ਕੰਮ ਢੂਏ `ਚ ਲੈਣੇ ਆ ਇਹ ਨੀ ਮੁੱਕਣੇ ਸਾਰੀ ਉਮਰ। ਫੇਰ ਤਾਂ ਮੈਂ ਆਹਨਾ ਜਿਵੇਂ ਕਮਾ ਕਮਾ ਕੇ ਸਰਾਂ ਆਲੇ ਕਾਕੇ ਨਾਲ ਕੁਰਸੀ ਡਹਿੰਦੀ ਹੋ ਜੂ ਤੇਰੀ।

ਇਥੇ ਵੀ ਤਾਂ ਛੋਹਰ ਛੱਕਰਾਂ ਨਾਲ ਸਾਰਾ ਮੁਲਖ ਵਿਹਲਾ ਕੰਧਾਂ ਨਾਲ ਵਜਦਾ ਫਿਰਦਾ ਪਰ ਪੱਟੂ ਫਿਰ ਵੀ ਪੈਂਟਾਂ ਬੁਰਸ਼ਟਾਂ ਦੀਆਂ ਕਰੀਜਾਂ ਐਂ ਰੱਖਦੇ ਨੇ ਖੜੀਆਂ। ਕਦੇ ਬੰਬੂਕਾਟ ਤੇ ਏਧਰ ਨੂੰ ਕਦੇ ਉਧਰ ਨੂੰ। ਜਿੱਧਰ ਦੀ ਲੰਘ ਜਾਣ ਫਿਰ ਦੋ ਦੋ ਘੰਟੇ ਗਲੀਆਂ ਚੋਂ ਅਤਰ ਫਲੇਲ ਦਾ ਮੁਸ਼ਕ ਆਉਣੋਂ ਨੀ ਹਟਦਾ। ਇੱਥੇ ਤਾਂ ਕੋਈ ਤਮ੍ਹਾ ਕਰਦਾ ਨੀ। ਦਿਨੇ ਛੋਹਰਾਂ ਛੱਕਰਾਂ ਦੀਆਂ ਅੱਖਾਂ ਖੜੀਆਂ ਹੁੰਦੀਆਂ ਤੇ ਸ਼ਾਮ ਨੂੰ ਵੱਡਿਆਂ ਦੀਆਂ ਲਾਲ ਹੁੰਦੀਆਂ।

ਮੁਲਖ ਆਏਂ ਫਿਰਦਾ ਜਿਵੇਂ ਧਰਮਰਾਜ ਦੀ ਜੰਨ ਆਏ ਹੋਈਏ। ਪਰ ਤੇਰੀ ਵਾਜ ਆਏਂ ਨਿਕਲੂ ਮਰੀ ਵੀ ਅਖੇ ਐਤਕੀਂ ਬੀਕ ਵਧੀਆ ਲੱਗ ਗਿਆ ਐਤਕੀਂ ਬੀਕ ਚੰਗਾ ਨੀ ਲੱਗਿਆ। ਸਾਲਾ ਬੀਕ ਨਾ ਹੋ ਗਿਆ ਠੋਲ੍ਹੂ ਪੋਸਤੀ ਦੀ ਦਾਲ ਹੋ ਗਈ ਬਈ ਕਦੇ ਵਾਧ ਘਾਟ `ਚ ਸੜ ਗਈ ਕਦੇ ਤੜਕਾ ਵਧੀਆ ਲੱਗੇ ਤੋਂ ਕਰਾਰੀ ਬਣ ਗਈ। ਪੁੱਤ ਮੇਰਿਆ ਵਜੂਦ ਚੋਂ ਭੌਰ ਉਡਾਰੀ ਮਾਰ ਜੂ ਪਰ ਇਹ ਧੰਦੇ ਨਹੀਂ ਮੁੱਕਣੇ।

ਤਾਏ ਨਾਲ ਗੱਲ ਹੱਟੀ ਭੱਠੀਆਂ, ਖੇਤ ਬੰਨਿਆਂ, ਰੇਹਾਂ ਸਪਰੇਹਾਂ, ਮਾਲ ਡੰਗਰ, ਵਿਆਹ ਮੰਗਣੇ, ਪਾਠ ਦੇ ਭੋਗਾਂ ਤੋਂ ਤੁਰਦੀ ਤੁਰਦੀ ਦੇਸ਼ ਵਿਚ ਪਈਆਂ ਵੋਟਾਂ ਤੇ ਆ ਕੇ ਰੁਕ ਗਈ ।

ਪੁੱਤ ਮੋਦੀ ਨੇ ਤਾਂ ਬੈਠਣਾ ਹੀ ਸੀ ਦੇਸ਼ ਦੀ ਕੁਰਸੀ ਤੇ ਹਵਾ ਹੀ ਬਾਹਲ਼ੀ ਸੀ। ਟੀ. ਬੀ. ਅਖ਼ਬਾਰ ਰੇਡੀਓ ਮੋਦੀ ਮੋਦੀ ਤਾਂ ਕਰੀ ਜਾਂਦੇ ਸੀ ਪਰ ਬੱਚੂ ਸਾਡੇ ਦੇਸ਼ ਨੇ ਨੀ ਵੜਨ ਦਿੱਤੇ ਆਪਣੇ ਏਰੀਏ `ਚ। ਇਥੇ ਤਾਂ ਐਤਕੀਂ ਮੁੰਡਿਆਂ ਖੁੰਡਿਆਂ ਦਾ ਵਾਹਵਾ ਜੋਰ ਸੀ ਆਮ ਊਮ ਆਲੇ ਲੈ ਗਏ ਵਾਹਵਾ ਵੋਟਾਂ। ਨਾਲੇ ਬਠਿੰਡਿਓਂ ਬਾਦਲਾਂ ਦੀ ਸ਼ਰੀਕਾਂ ਨੇ ਵਾਹਵਾ ਘੀਸੀ ਕਰਾਈ ਜਿੱਤ ਤਾਂ ਗਏ ਪਰ ਅਗਲਿਆਂ ਨੇ ਬੂਥ ਲਵਾ ਤੇ ਠੱਗੀ ਠੁੱਗੀ ਮਾਰ ਕੇ ਜਿੱਤੇ ਲਗਦੇ ਆ।

ਨਾ ਇੱਕ ਗੱਲ ਦੱਸ ਬੱਚੂ ਆ ਨਾਹਰੇ ਕਾ ਪਾਹੜਾ ਦੱਸਦਾ ਸੀ ਬਈ ਜਿਹਦੀਆਂ ਫ਼ੌਜੀ ਨੇ ਅੰਬਰਸਰੋਂ ਗੋਡੀਆਂ ਲਵਾਈਆਂ ਸੀ ਆਂਹਦੇ ਉਹਨੂੰ ਮੰਤਰੀ ਸ਼ੰਤਰੀ ਵੀ ਬਣਾ ਦਿੱਤਾ, ਆਏਂ ਹਰਿਆਂ ਨੂੰ ਕਿਵੇਂ ਬਣਾ ਦੇਣਗੇ ਮੰਤਰੀ ਜਦੋਂ ਅਗਲਾ ਹਾਰ ਹੀ ਗਿਆ ਇਹ ਤਾਂ ਧੱਕਾ ਹੈ ਯਾਰ ਸਰਕਾਰ ਦਾ।

ਨਹੀਂ ਤਾਇਆ ਉਤਲਿਆਂ ਕੋਲ ਇਹ ਪਾਵਰ ਆ ਉਹ ਕਰ ਸਕਦੇ ਆ ਏਵੇਂ।
ਨਾ ਐਂ ਕਿਵੇਂ ਬਣਾ ਲੈਣਗੇ ਨਾ ਫਿਰ ਵੋਟਾਂ ਡੋਕੇ ਲੈਣ ਨੂੰ ਪਵਾਈਆਂ ਸੀ ਆਪੇ ਹੀ ਬਣਾ ਲੈਂਦੇ, ਇਥੇ ਤਾਂ ਅੱਧਾ ਮੁਲਖ ਲੜਾ ਲੜਾ ਮਰਾਤਾ ਪਰ ਭਾਈ ਹੁਣ ਤਾਂ ਘਰ ਦਾ ਰਾਜ ਹੈ ਜੋ ਮਰਜ਼ੀ ਕਰੀ ਜਾਣ।

ਨਾ ਫਿਰ ਫ਼ੌਜੀ ਕਿਥੇ ਜਾਊ ਵਲੈਤੀਆ।

ਉਹ ਵੀ ਤਾਇਆ ਉੱਥੇ ਹੀ ਜਾਊ ਦਿੱਲੀ।

ਚੱਲ ਫੇਰ ਤਾਂ ਚਲੋ ਚੰਗਾ ਕਰਾੜ ਝੇਫ ਤਾਂ ਮੰਨੂ ਫ਼ੌਜੀ ਤੋਂ ਬਾਈ ਆਹ ਬੈਠਾ ਜੀਹਨੇ ਡੋਕੇ ਦਿੱਤੇ ਸੀ ਅੰਬਰਸਰੋਂ। ਮੈ ਆਹਨਾ ਅਹੁਦੇ ਜਿੰਨੇ ਮਰਜ਼ੀ ਦੇਈ ਜਾਣ ਪਰ ਅੱਖ ਤਾਂ ਨੀ ਚੱਕ ਸਕਦਾ ਫ਼ੌਜੀ ਮੂਹਰੇ। ਅਗਲਾ ਉੱਠ ਕੇ ਕਹਿ ਦੇ ਤੂੰ ਕੀ ਬੋਲਦਾ ਸੇਠਾ ਮੇਰੇ ਮੂਹਰੇ ਕੱਲ੍ਹ ਤਾਂ ਘੜੇ ਤੋਂ ਕੌਲਾ ਚੱਕਿਆ ਤੇਰਾ ਫਿਰ ਰਹੂ ਕੀ "ਸਾਲੀ ਬੇਸ਼ਰਮ ਕੌਮ"।...ਨਾਲ਼ੇ ਦੱਸਦੇ ਆ ਬਈ ਬਾਦਲਾਂ ਨੇ ਸਭ ਨੂੰ ਗੁੱਠੇ ਲਾ ਕੇ ਆਵਦੀ ਨੂੰਹ ਨੂੰ ਵੀ ਲੈ ਤੀ "ਲਾਲ ਬੱਤੀ" ਵਾਲੀ ਕਾਰ ਉਹਨੂੰ ਅਖੇ ਖਾਣ ਪੀਣ ਵਾਲਾ ਮਹਿਕਮਾ ਦਿੱਤਾ ਮੈਂ ਆਖਾਂ ਲੈ ਸੁੱਖ ਨਾਲ ਹੁਣ ਤਾਂ ਸਾਰੇ ਮੁਲਖ ਨੂੰ ਪਤਾ ਬਈ ਬਾਦਲ ਕੇ ਖਾਣ ਪੀਣ ਨੂੰ ਵਾਹਵਾ ਮਾਹਰ ਐ। ਲੈ ਹੋਰ ਇੰਨਾ ਕੁਝ ਲੋਕਾਂ ਦਾ ਖਾ ਪੀ ਕੇ ਹੀ ਬਣਾਇਆ ਹੋਰ ਇਹਨਾਂ ਦੇ ਕਿਹੜਾ ਜਹਾਜ਼ ਚਲਦੇ ਸੀ ਪਹਿਲਾਂ। ਸੇਠਾਂ ਨੇ ਵੀ ਮਹਿਕਮਾ ਬਾਦਲਾਂ ਨੂੰ ਵੇਖ ਕੇ ਦਿੱਤਾ ਬਈ ਇਹਨਾਂ ਤੋਂ ਵੱਧ ਹੋਰ ਕੌਣ ਖਾ ਸਕਦਾ ਮੁਲਖ ਨੂੰ। ਇਹ ਤਾਂ ਵਿਚਾਰੇ ਰੇਤਾ ਖਾ ਗਏ, ਪਾਣੀ ਖਾ ਗਏ, ਬੱਸਾਂ ਖਾ ਗਏ, ਜ਼ਮੀਨਾਂ ਖਾ ਗਏ, ਕਾਰਖ਼ਾਨੇ ਖਾ ਗਏ ਹੁਣ ਤਾਂ ਸੁੱਖ ਨਾਲ ਮਹਿਕਮਾ ਹੀ ਖਾਣ ਪੀਣ ਆਲਾ ਮਿਲ ਗਿਆ।

ਚੱਲ ਚੰਗਾ ਮੱਲਾ ਦੁਪਹਿਰਾ ਢਲ ਗਿਆ, ਲੱਗੀਏ ਕਿਸੇ ਕੰਮ ਧੰਦੇ ਵਿਹਲੇ ਟੈਮ ਮਾਰਾਂਗੇ ਜੱਕੜ।

ਸੰਪਰਕ: +61 430850045

Comments

Security Code (required)



Can't read the image? click here to refresh.

Name (required)

Leave a comment... (required)





ਨਿਬੰਧ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ