Tue, 16 April 2024
Your Visitor Number :-   6976463
SuhisaverSuhisaver Suhisaver

ਕਿਉਂਕਿ ਅੱਜ ਮੇਰਾ ਸਰਾਧ ਹੈ - ਰਮੇਸ਼ ਸੇਠੀ ਬਾਦਲ

Posted on:- 19-09-2014

suhisaver

ਮੈਨੂੰ ਮਰੇ ਨੂੰ ਕਈ ਸਾਲ ਹੋ ਗਏ ਹਨ ਤੇ ਇਸ ਲਈ ਹਰ ਸਾਲ ਦੀ ਤਰਾਂ ਅੱਜ ਵੀ ਮੇਰਾ ਸਰਾਧ ਕੀਤਾ ਜਾ ਰਿਹਾ ਹੈ। ਮਰਨ ਤੋਂ ਬਾਅਦ ਸਰਾਧ ਬਰਸੀ ਜ਼ਰੂਰ ਮਨਾਏ ਜਾਂਦੇ ਹਨ।ਇਹ ਸਾਡੀ ਰੀਤ ਹੈ। ਸਮਾਜ ਦਾ ਚਲਣ ਹੈ।ਜਿਉਂਦਿਆਂ ਨੂੰ ਕੋਈ ਰੋਟੀ ਪੁੱਛੇ ਨਾ ਪੁੱਛੇ, ਪਰ ਸਮਾਜ ਚ ਨੱਕ ਰੱਖਣ ਲਈ ਇਹ ਰਿਵਾਜ ਨਿਭਾਉਣੇ ਹੀ ਪੈਂਦੇ ਹਨ। ਤੇ ਓਦੋਂ ਤੋਂ ਲੈਕੇ ਅੱਜ ਤੱਕ ਇਹ ਦੋਨੇ ਕੰਮ ਮੇਰੇ ਮੁੰਡੇ ਨਹੀਂ ਸੱਚ ਮੇਰੀ ਨੇਕ ਔਲਾਦ ਬਾਖੂਬੀ ਨਾਲ ਨਿਭਾ ਰਹੀ ਹੈ।ਰੀਤੀ ਰਿਵਾਜਾਂ ਅਨੁਸਾਰ ਮਰਨ ਵੇਲੇ ਮੂੰਹ ਵਿੱਚ ਗੰਗਾ ਜਲ ਪਾਇਆ ਜਾਂਦਾ ਹੈ। ਤੇ ਅੰਤਿਮ ਸੰਸਕਾਰ ਵੇਲੇ ਨਵੇਂ ਕੱਪੜੇ ਤੇ ਮੂੰਹ ਵਿੱਚ ਦੇਸੀ ਘਿਉ ਵੀ ਪਾਇਆ ਜਾਂਦਾ ਹੈ ।

ਇਹ ਜੱਗ ਦੀ ਰੀਤ ਹੈ । ਚਾਹੇ ਦੇਸੀ ਘਿਉ ਤਾਂ ਮੈਂ ਜਿਉਂਦੇ ਜੀ ਵੀ ਬਹੁਤ ਖਾਧਾ ਹੈ ਕਿਉਂਕਿ ਮੇਰੀ ਪੈਨਸ਼ਨ ਅਉਂਦੀ ਸੀ ਤੇ ਘੱਟੋ ਘੱਟ ਮੇਰੀ ਪੈਨਸ਼ਨ ਖਰਚਣ ਦਾ ਮੈਨੂੰ ਹੱਕ ਮਿਲਿਆ ਹੋਇਆ ਸੀ ਤੇ ਅਸੀ ਦੋਨੇ ਜੀਅ ਪੈਨਸ਼ਨ ਦੇ ਪੈਸਿਆ ਦੀ ਰੋਟੀ ਖਾਂਦੇ ਸੀ ਦੇਸੀ ਘਿਉ ਨਾਲ। ਤੇ ਮੇਰੇ ਮਰੇ ਦੇ ਵੀ ਮੂੰਹ ਚ ਵੀ ਉਸ ਸਮੇਂ ਦੇਸੀ ਘਿਉ ਪਾਇਆ ਗਿਆ ਸੀ। ਤੇ ਅੱਜ ਵੀ ਜਾਇਕੇਦਾਰ ਪਕਵਾਨ ਬਣਾਏ ਜਾਣਗੇ। ਕਿਉਂਕਿ ਮੇਰਾ ਅੱਜ ਸਰਾਧ ਹੈ।

ਅੱਜ ਘਰ ਵਿੱਚ ਖੀਰ ਪੂਰੀਆਂ ਹਲਵਾ ਤੇ ਚੰਗੀਆਂ ਸਬਜ਼ੀਆਂ ਬਣਾਈਆਂ ਜਾਣ ਗੀਆਂ। ਕਿਸੇ ਨਾਮੀ ਬਰਾਹਮਣ ਨੂੰ ਬੁਲਾਕੇ ਭੋਜਨ ਛਕਾਇਆ ਜਾਵੇ ਗਾ। ਤੇ ਉਸ ਨੂੰ ਚੰਗੀ ਦੱਖ਼ਣਾ ਵੀ ਦਿੱਤੀ ਜਾਵੇਗੀ। ਇਕੱਲੇ ਬਰਾਹਮਣ ਨੂੰ ਹੀ ਨਹੀਂ। ਹੋਰ ਵੀ ਬਹੁਤ ਨਜ਼ਦੀਕੀ ਰਿਸ਼ਤੇਦਾਰਾਂ ਦੇ ਭੋਜਣ ਦਾ ਵੀ ਪ੍ਰਬੰਧ ਹੋਵੇਗਾ। ਨਜ਼ਦੀਕੀ ਮਤਲਬ ਬਿਲਕੁਲ ਨਜ਼ਦੀਕੀ ਜਿਵੇ ਮੇਰੇ ਮੁੰਡਿਆਂ ਦੇ ਸਾਲੇ ਸਾਲੀਆਂ ਸਾਲੇਹਾਰਾਂ ਸਾਂਢੂ ਤੇ ਮੇਰੇ ਕੁੜਮ ਆਦਿ। ਹਾਂ ਹੁਣ ਤਾਂ ਹੋਰ ਵੀ ਨਜ਼ਦੀਕੀ ਤੇ ਨਵੇਂ ਰਿਸ਼ਤੇਦਾਰ ਵੀ ਹੋਣਗੇ ਬੱਚਿਆਂ ਦੇ ਸੋਹਰੇ ਧੀ ਜਵਾਈ ਤੇ ਬਹੁਤ ਕਰੀਬੀ ਦੋਸਤ ਮਿੱਤਰ
ਬਾਕੀ ਸਾਰਿਆਂ ਨੂੰ ਤੇ ਸੱਦਿਆ ਵੀ ਨਹੀਂ ਆ ਸਕਦਾ ਨਾ। ਨਾਲੇ ਅਜੇਹੇ ਮੋਕਿਆਂ ਤੇ ਤਾਂ ਬਹੁਤ ਹੀ ਕਰੀਬੀ ਰਿਸਤੇਦਾਰ ਹੀ ਬੁਲਾਏ ਜਾਂਦੇ ਹਨ।ਇਹੀ ਸੋਚ ਕੇ ਮੇਰੀਆਂ ਧੀਆਂ ਜਵਾਈ, ਭੈਣ ਭਣਵੀਏ, ਮੇਰੇ ਭਰਾਵਾਂ ਤੇ ਸ਼ਰੀਕੇ ਨੂੰ ਨਹੀਂ ਬੁਲਾਇਆ ਗਿਆ ਹੈ। ਉਹ ਤੇ ਮੇਰੇ ਰਿਸ਼ਤੇਦਾਰ ਹੋਏ ਨਾ ਉਹਨਾਂ ਦਾ ਤਾਂ ਮੇਰੇ ਨਾਲ ਹੀ ਸਬੰਧ ਸੀ ਜੋ ਮੇਰੇ ਮੁਕੱਣ ਨਾਲ ਹੀ ਉਹਨਾਂ ਦਾ ਸਬੰਧ ਮੁੱਕ ਗਿਆ। ਅੱਜ ਮੈਂ ਬਹੁਤ ਖੁਸ਼ ਹਾਂ ।ਕਿਉਂਕਿ ਅੱਜ ਮੇਰਾ ਸਰਾਧ ਹੈ।


ਗੱਲ ਇਹ ਨਹੀਂ ਕਿ ਮੇਰੀਆਂ ਭੈਣਾਂ ਧੀਆਂ ਮੈਨੂੰ ਭੁਲ ਗਈਆਂ ਹੋਣ।ਉਹ ਤਾਂ ਮੈਨੂੰ ਹਮੇਸਾ ਯਾਦ ਰੱਖਦੀਆਂ ਹਨ। ਹਰ ਦੁੱਖ ਤੇ ਅਤੇ ਸੁੱਖ ਤੇ। ਭੈਣਾਂ ਨੂੰ ਵੀ ਤਾਂ ਮੈਂ ਧੀਆਂ ਵਾੰਗੂ ਪਾਲਿਆ ਹੈ ਤੇ ਧੀਆਂ ਨੂੰ ਭੈਣਾਂ ਤਰ੍ਹਾਂ ਪੜਾਇਆ ਲਿਖਾਇਆ ਤੇ ਵਿਆਹਿਆ ਹੈ।ਮੈਨੂੰ ਤੇ ਯਾਦ ਨਹੀਂ ਕਿ ਕਦੋਂ ਮੇਰੀ ਭੈਣ ਦਾ ਵਿਆਹ ਸੀ ਤੇ ਕਦੋਂ ਧੀ ਦਾ ।ਹਾਂ ਇੰਨਾ ਕੁ ਯਾਦ ਹੈ ਕਿ ਹਰ ਤਿੰਨ ਕੁ ਸਾਲ ਬਾਦ ਇੱਕ ਡੋਲੀ ਜ਼ਰੂਰ ਟੋਰ ਦਿੰਦਾ ਸੀ ਮੈਂ। ਮੈਂ ਕਦੇ ਧੀ ਤੇ ਭੈਣ ਵਿੱਚ ਕਦੇ ਫਰਕ ਨਹੀਂ ਸਮਝਿਆ। ਤੇ ਉਹ ਕਿਵੇ ਫਰਕ ਸਮਝਣ ਗੀਆਂ। ਉਹ ਘਰੇ ਬੈਠੀਆਂ ਹੀ ਮੈਂਨੂੰ ਯਾਦ ਕਰਦੀਆਂ ਹੋਣਗੀਆਂ। ਬਹੁਤ ਰੋਦੀਆਂ ਹੋਣਗੀਆਂ। ਕਿਉਂਕਿ ਅੱਜ ਮੇਰਾ ਸਰਾਧ ਹੈ।

ਮੇਰੇ ਬੱਚੇ ਬਹੁਤ ਚੰਗੇ ਹਨ। ਮੇਰੀ ਅੰਤਿਮ ਅਰਦਾਸਤੇ ਭੋਗ ਵੇਲੇ ਵੀ ਇਹਨਾਂ ਨੇ ਬਹੁਤ ਚੰਗਾ ਇੰਤਜਾਮ ਕੀਤਾ ਸੀ।ਬਹੁਤ ਹੀ ਇਕੱਠ ਸੀ। ਹੁਣ ਜਦੋ ਕੁੜਮਾਂਚਾਰੀ ਤੇ ਸ਼ਰੀਕਾ ਇਕੱਠਾ ਹੋਵੇ ਤਾਂ ਸਭ ਕੁਝ ਵਧੀਆ ਹੀ ਕਰਨਾ ਪੈਦਾ ਹੈ। ਨਾਲੇ ਮੈਂ ਤਾਂ ਇਸਦਾ ਵੀ ਇੰਤਜਾਮ ਵੀ ਪਹਿਲਾਂ ਹੀ ਕਰਕੇ ਹੀ ਗਿਆ ਸੀ। ਬੈਕਾਂ ਚ ਪਈ ਮੇਰੀ ਜਮਾਂ ਪੂੰਜੀ ਨਾਲ ਹੀ ਸਾਰਾ ਸਰ ਗਿਆ। ਤੇ ਮੇਰੇ ਬੱਚਿਆਂ ਦੀ ਸਰੀਕੇ ਕਬੀਲੇ ਚ ਬਹੁਤ ਬੱਲੇ ਬੱਲੇ ਹੋਈ। ਮਾਲ ਮਾਲਿਕਾਂ ਦਾ ਮਸ਼ਹੂਰੀ ਕੰਪਨੀ ਦੀ।ਪਰ ਜੇ ਇਹ ਨਾ ਖਰਚਦੇ ਤਾਂ ਇਹ ਮਾਲ ਵੀ ਮਾਲਿਕਾਂ ਦਾ ਹੀ ਹੋ ਜਾਣਾ ਸੀ।ਹੁਣ ਵੀ ਇਹ ਖਰਚ ਦੀ ਕੋਈ ਪਰਵਾਹ ਨਹੀਂ ਕਰਦੇ ਭਾਂਵੇ ਬਰਸੀ ਹੋਵੇ ਭਾਂਵੇਂ ਸਰਾਧ। ਕਿਉਂਕਿ ਆਪਸੀ ਹਿੱਸੇ ਪੱਤੀ ਦਾ ਕੋਈ ਝੰਝਟ ਨਹੀਂ ਹੰਦਾ। ਖਰਚਾ ਤਾਂ ਸਰਕਾਰ ਦਿੰਦੀ ਹੈ ਮਹੀਨੇ ਦੇ ਮਹੀਨੇ ਮੇਰੀ ਘਰਵਾਲੀ ਨੂੰ।ਸਾਰੇ ਮੇਰੇ ਬੱਚਿਆਂ ਦੇ ਗੁਣ ਗਾਉਣਗੇ। ਉਹਨਾਂ ਦੀਆਂ ਵਡਿਆਈਆਂ ਕਰਨਗੇ । ਅੱਜ ਰਿਸ਼ਤੇਦਾਰ ਵੀ ਖੁਸ਼ ਹੋਣਗੇ ਤੇ ਉਹ ਵੀ। ਕਿਉਂਕਿ ਅੱਜ ਮੇਰਾ ਸਰਾਧ ਹੈ।

ਚਲੋ ਧੀਆਂ ਭੈਣਾ ਨਹੀਂ ਆਈਆਂ ਤਾਂ ਕੋਈ ਗੱਲ ਨਹੀਂ। ਸਭ ਨੂੰ ਘਰੋ ਘਰੀ ਕੰਮ ਹੰਦਾ ਹੈ। ਕਿਉਂ ਕਿਸੇ ਨੂੰ ਤਕਲੀਫ ਦੇਣੀ ਹੈ। ਨਾਲੇ ਜਦੋ ਕੁੜਮ ਕਬੀਲਾ ਤੇ ਖਾਸ਼ ਰਿਸ਼ਤੇਦਾਰ ਆਏ ਹੋਣ ਤਾਂ ਉਹਨਾਂ ਨੂੰ ਬਹੁਤਾ ਸੰਭਾਲਿਆ ਵੀ ਨਹੀਂ ਜਾਂਦਾ। ਫਿਰ ਇਹ ਮਿੰਟਾਂ ਚ ਬਿਨਾਂ ਗੱਲ ਤੋ ਹੀ ਰੁੱਸ ਜਾਂਦੀਆਂ ਹਨ। ਅਖੇ ਸਾਡਾ ਵੀ ਘਰ ਚ ਹੱਕ ਹੈ। ਇਹਨਾਂ ਨੂੰ ਇਹ ਨਹੀਂ ਪਤਾ ਕਿ ਹੱਕ ਤਾਂ ਘਰ ਦੀ ਮਾਲਕਿਣ ਕੋਲੋ ਵੀ ਖੋਹੇ ਜਾ ਚੁਕੇ ਹਨ। ਬਾਕੀ ਜਵਾਈਆਂ ਤੇ ਫੁਫੜਾਂ ਦਾ ਤਾਂ ਕੰਮ ਹੀ ਰੁਸਣਾ ਹੈ। ਉਹ ਤਾਂ ਬਹਾਨਾ ਹੀ ਭਾਲਦੇ ਹਨ ਰੁਸਣ ਦਾ।ਭਾਂਵੇ ਕੋਈ ਵਿਆਹ ਹੋਵੇ ਭਾਵੇਂ ਕੋਈ ਮਰਨਾ। ਕੋਈ ਗੱਲ ਨਹੀਂ ਜੇ ਨਹੀਂ ਬੁਲਾਇਆ ਤਾਂ। ਪਰ ਮੈਂ ਬਹੁਤ ਖੁਸ਼ ਹਾਂ। ਕਿਉਂਕਿ ਮੇਰਾ ਅੱਜ ਸਰਾਧ ਹੈ।

ਵੈਸੇ ਅੱਜ ਮੇਰੀ ਫੋਟੋ ਦੇ ਵੀ ਨਵਾਂ ਹਾਰ ਪਾਇਆ ਗਿਆ ਹੈ ਸਵੇਰੇ ਸਵੇਰੇ। ਹਰ ਆਉਣ ਵਾਲੇ ਣਾ ਹੱਸਕੇ ਸਵਾਗਤ ਕੀਤਾ ਜਾ ਰਿਹਾ ਹੈ। ਤੇ ਮਹਿਮਾਨ ਵੀ ਮੇਰੇ ਬੱਚਿਆ ਦੇ ਤੇ ਬਣੇ ਜਾਇਕੇਦਾਰ ਖਾਣੇ ਦੇ ਗੁਣ ਗਾ ਰਹੇ ਹਨ। ਮੇਰੀ ਹਮਸਫਰ ਦੀਆਂ ਅੱਖਾਂ ਗਿੱਲ੍ਹੀਆਂ ਹਨ। ਪਰ ਬਾਹਰੋ ਸਾਂਤ ਚਿੱਤ ਹੋਣ ਦਾ ਵਿਖਾਵਾ ਕਰ ਰਹੀ ਹੈ।ਮੈਂ ਘਰ ਦੇ ਹਰ ਕੋਨੇ ਚ ਨਿਗ੍ਹਾ ਮਾਰੀ ਪਰ ਮੇਰਾ ਜ਼ਿਕਰ ਕਿਤੇ ਵੀ ਨਹੀਂ।ਮੇਰਾ ਕੋਈ ਨਾਮ ਵੀ ਨਹੀਂ ਲੈ ਰਿਹਾ ਫਿਰ ਵੀ ਮੈਂ ਬਹੁਤ ਖੁਸ਼ ਹਾਂ ਕਿਉਂਕਿ ਅੱਜ ਮੇਰਾ ਸਰਾਧ ਹੈ।

ਸੰਪਰਕ: +91 98766 27233

Comments

Security Code (required)



Can't read the image? click here to refresh.

Name (required)

Leave a comment... (required)





ਨਿਬੰਧ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ