Thu, 18 April 2024
Your Visitor Number :-   6982133
SuhisaverSuhisaver Suhisaver

ਦੁੱਗਲ ਜੀ ਤੇ ਮੈਂ -ਸੁਕੀਰਤ

Posted on:- 11-02-2012

suhisaver

ਪੰਜਾਬੀ ਵਿਚ ਆਧੁਨਿਕ ਕਹਾਣੀ ਲਿਖਣ ਵਾਲਿਆਂ ਦੀ ਮੁੱਢਲੀ ਪੀੜ੍ਹੀ ਦੇ ਸਭ ਤੋਂ ਅਖੀਰ ਵਿਚ ਜਾਣ ਵਾਲੇ ਇਸ ਵੱਡੇ ਲੇਖਕ ਨੂੰ ਯਾਦ ਕਰਦਿਆਂ ਉਸ ਨਾਲ ‘ਮੈਂ’ ਜੋੜਨਾ ਹਉਮੈ ਦੀ ਮੁਸ਼ਕ ਮਾਰਦਾ ਹੈ; ਇਸ ਗੱਲ ਦਾ ਅਹਿਸਾਸ ਮੈਨੂੰ ਹੈ।

ਪਰ ਇਸ ਸਮੇਂ ਉਨ੍ਹਾਂ ਨੂੰ ਚੇਤੇ ਕਰਦਿਆਂ ਮੇਰੇ ਅੰਦਰੋਂ ਸਭ ਕੁਝ ਆਪਣੇ ਨਾਲ ਜੁੜਿਆ ਹੀ ਉਮ੍ਹਲ ਰਿਹਾ ਹੈ, ਬਾਵਜੂਦ ਇਸ ਤੱਥ ਦੇ ਕਿ ਮੈਂ ਦੁੱਗਲ ਹੋਰਾਂ ਦਾ ਨਿਜੀ ਜਾਣੂੰ ਹੋਣ ਦਾ ਦਾਅਵਾ ਬਿਲਕੁਲ ਨਹੀਂ ਕਰ ਸਕਦਾ।

ਇਹ ਤਾਂ ਉਨ੍ਹਾਂ ਦਾ ਲੰਮਾ ਸਮਾਂ ਪ੍ਰਸੰਸਕ ਰਹੇ ਹੋਣ ਵਾਲੇ ‘ਫ਼ੈਨ’ ਵੱਲੋਂ ਉਨ੍ਹਾਂ ਨਾਲ ਜੁੜੀਆਂ ਕੁਝ ਕੁ ਗੱਲਾਂ, ਅਤੇ ਬਿਤਾਈਆਂ ਥੋੜ੍ਹੀਆਂ ਜਿਹੀਆਂ ਘੜੀਆਂ ਨੂੰ ਹੋਰਨਾ ਨਾਲ ਸਾਂਝਿਆਂ ਕਰ ਕੇ ਖੁਦ ਖੀਵੇ ਹੋਣ ਦਾ ਜਤਨ ਹੈ।

ਦੁੱਗਲ ਜੀ ਦਾ ਸਿਰਜਣਾ ਕਾਲ ਏਨਾ ਲੰਮਾ ਹੈ, ਜਿੰਨੀ ਔਸਤ ਮਨੁੱਖ ਦੀ ਸਮੁੱਚੀ ਉਮਰ ਹੁੰਦੀ ਹੈ। ਜਦੋਂ ਅੱਜ ਤੋਂ ਚਾਰ ਤੋਂ ਵੀ ਵਧ ਦਹਾਕੇ ਪਹਿਲਾਂ ਮੈਂ ਬਾਲਗ ਪੰਜਾਬੀ ਸਾਹਿਤ ਪੜ੍ਹਨ ਜੋਗਾ ਹੋਇਆ, ਦੁੱਗਲ ਜੀ ਆਪਣੀ ਸਿਰਜਣਾਤਮਕ ਸਿਖਰ ਉੱਤੇ ਸਨ। ਉਸ ਸਮੇਂ ਨਾਨਕ ਸਿੰਘ ਗੁਰਬਖਸ਼ ਸਿੰਘ ਤੋਂ ਲੈ ਕੇ ਸੇਖੋਂ ਅਤੇ ਸੁਜਾਨ ਸਿੰਘ, ਗਾਰਗੀ, ਧੀਰ, ਸਰਨਾ  ਅਤੇ ਅਮ੍ਰਿਤਾ ਪ੍ਰੀਤਮ - ਸਾਰੇ ਹੀ ਸਾਹਿਤਕ ਸ਼ਾਹਸਵਾਰ ਸਰਗਰਮ ਸਨ। ਨਵਤੇਜ ਸਿੰਘ, ਗੁਰਦਿਆਲ ਸਿੰਘ, ਦਲੀਪ ਕੌਰ ਟਿਵਾਣਾ, ਸੁਖਬੀਰ ਅਤੇ ਅਜੀਤ ਕੌਰ ਵੀ ਵੱਡੇ ਅਤੇ ਵਜਦੇ ਨਾਂਅ ਬਣ ਚੁੱਕੇ ਸਨ। ਪੰਜਾਬੀ ਕਹਾਣੀ ਦਾ ਸਹਿਤਕ ਆਕਾਸ਼ ਇਨ੍ਹਾਂ ਤਾਰਿਆਂ ਨਾਲ ਅੱਟਿਆ ਪਿਆ ਸੀ; ਪਰ ਮੇਰੇ ਲਈ ਸਭ ਤੋਂ ਚਮਕੀਲਾ, ਸਭ ਤੋਂ ਲੁਭਾਉਣਾ ਤਾਰਾ ਕਰਤਾਰ ਸਿੰਘ ਦੁੱਗਲ ਸਨ। ਜਿੰਨਾ ਰਸ ਮੈਨੂੰ ਉਨ੍ਹਾਂ ਦੀਆਂ ਕਹਾਣੀਆਂ ਵਿਚ ਲਭਦਾ ਸੀ, ਜਿੰਨਾਂ ਸੁਆਦਾਂ-ਮੱਲਿਆ ਮੈਂ ਉਨ੍ਹਾਂ ਦੀਆਂ ਰਚਨਾਵਾਂ ਪੜ੍ਹ ਕੇ ਮਹਿਸੂਸ ਕਰਦਾ ਸਾਂ, ਕਿਸੇ ਹੋਰ ਦੀਆਂ ਨਹੀਂ।


ਅੱਜ ਵੀ, ਆਪਣੇ ਚੇਤੇ ਨੂੰ ਰਤਾ ਵੀ ਝੰਜੋੜੇ ਬਿਨਾ ਮੈਂ ਉਨ੍ਹਾਂ ਦੇ ਕਹਾਣੀ ਸੰਗ੍ਰਿਹਾਂ ਦੇ ਨਾਂਅ ਫਟਾਫਟ ਕੇਰ ਸਕਦਾ ਹਾਂ: ਸਵੇਰ ਸਾਰ, ਪਿੱਪਲ ਪੱਤੀਆਂ, ਪਾਰੇ ਮੈਰੇ, ਕੁੜੀ ਕਹਾਣੀ ਕਰਦੀ ਗਈ…. ਇਸ ਗੱਲ ਦੇ ਬਾਵਜੂਦ ਕਿ ਪਿਛਲੇ ਦੋ ਦਹਾਕਿਆਂ ਤੋਂ ਮੈਂ ਉਨ੍ਹਾਂ ਦੀਆਂ ਕਲਾਸਕੀ ਕਹਾਣੀਆਂ ਨੂੰ ਮੁੜ ਕਦੇ ਨਹੀਂ ਪੜ੍ਹਿਆ, ਅਤੇ 90-ਵਿਆਂ ਵਿਚ ਛਪੀਆਂ ਉਨ੍ਹਾਂ ਦੀਆਂ ਛੇਕੜਲੀਆਂ ਕਹਾਣੀਆਂ ਤਾਂ ਮੈਨੂੰ ਕਦੇ ਪਸੰਦ ਹੀ ਨਾ ਆਈਆਂ। ਪਰ, ਮੈਂ ਰਤਾ ਅਗਾਂਹ ਪਹੁੰਚ ਗਿਆ ਹਾਂ। ਪਹਿਲਾਂ ਗੱਲ ਦੁੱਗਲ ਜੀ ਨਾਲ ਪਹਿਲੀ ਮਿਲਣੀ ਦੀ।

ਮੈਨੂੰ ਮੁੱਢਲੇ ਵਰਿਆਂ ਤੋਂ ਹੀ ਪੰਜਾਬੀ ਦੇ ਵੱਡੇ ਲੇਖਕਾਂ ਦੇ ਦਰਸ਼ਨ-ਦੀਦਾਰੇ ਕਰਨ ਦੇ ਮੌਕੇ ਮਿਲਦੇ ਰਹੇ, ਪਰ ਆਪਣੇ ਇਸ ਚਹੇਤੇ ਲੇਖਕ ਨੂੰ ਮੈਂ ਬਹੁਤ ਪੱਛੜ ਕੇ ਮਿਲ ਕੇ ਸਕਿਆ, ਉਹ ਵੀ ਪਰਦੇਸੀ ਧਰਤੀ ਉੱਤੇ। 1974 ਦਾ ਸਾਲ ਸੀ; ਮਾਸਕੋ ਵਿਚ ਮੇਰੀ ਪੜ੍ਹਾਈ ਦਾ ਦੂਜਾ ਵਰ੍ਹਾ।ਗੁਰਬਖਸ਼ ਸਿੰਘ ਫ਼ਰੈਂਕ ਉਨ੍ਹਾਂ ਦਿਨਾਂ ਵਿਚ ਪ੍ਰਗਤੀ ਪ੍ਰਕਾਸ਼ਨ, ਮਾਸਕੋ ਵਿਚ ਬਤੌਰ ਅਨੁਵਾਦਕ ਕੰਮ ਕਰਦੇ ਸਨ। ਉਨ੍ਹਾਂ, ਅਤੇ ਉਨ੍ਹਾਂ ਦੀ ਨਿੱਘ-ਦਿਲੀ ਪਤਨੀ ਹਰਦੇਵ ਦਾ ਘਰ ਮਾਸਕੋ ਵਿਚ ਮੇਰਾ ‘ਪੰਜਾਬੀ ਘਰ’ ਵੀ ਸੀ। ਫਰੈਂਕ ਭਰਾ ਜੀ ਦੁੱਗਲ ਹੋਰਾਂ ਉੱਤੇ ਪੀ.ਐਚਡੀ. ਵੀ ਕਰ ਰਹੇ ਸਨ, ਜਿਸ ਦੇ ਮੁਕੰਮਲ ਹੋਣ ਉਪਰੰਤ ਉਹ ਡਾ. ਫ਼ਰੈਂਕ ਬਣ ਗਏ। ਦੁੱਗਲ ਜੀ ਕਿਸੇ ਸਿਲਸਿਲੇ ਵਿਚ ਮਾਸਕੋ ਆਏ, ਅਤੇ ਫ਼ਰੈਂਕ-ਹਰਦੇਵ ਜੋੜੀ ਨੇ ਉਨ੍ਹਾਂ ਨੂੰ ਆਪਣੇ ਘਰ ਸੱਦਿਆ। ਮੈਂ ਵੀ ਉੱਥੇ ਮੌਜੂਦ ਸਾਂ।

ਲੰਮੇ ਤਾਂ ਉਹ ਸਨ ਹੀ, ਆਪਣੇ ਇਕਹਿਰੇ ਸਰੀਰ ਕਾਰਨ ਦੁੱਗਲ ਜੀ ਹੋਰ ਵੀ ਕੱਦਾਵਰ ਭਾਸਦੇ ਸਨ। ਉਨ੍ਹਾਂ ਨੇ ਵਿਲਾਇਤੀ ਤਰਜ਼ ਦਾ ਸਲੀਕੇਦਾਰ ਸੂਟ ਪਾਇਆ ਹੋਇਆ ਸੀ ਅਤੇ ਲੇਖਕ ਦੀ ਥਾਂ ਕਿਸੇ ‘ਉੱਚ-ਦੁਮਾਲੜੇ’ ਅਫ਼ਸਰ ਵਰਗੇ ਜਾਪਦੇ ਸਨ, ਜੋ ਉਸ ਸਮੇਂ ਉਹ ਸਨ ਵੀ। ਰੂਸ ਵਿਚ ਮਹਿਮਾਨਨਵਾਜ਼ੀ ਸਮੇਂ ਵੋਦਕਾ ਪੀਣ ਦਾ ਰਿਵਾਜ ਹੈ; ਪਰ ਮੇਰਾ ਚੇਤਾ ਕਹਿੰਦਾ ਹੈ ਕਿ ਉਨ੍ਹਾਂ ਨੇ ਪੀਣ ਤੋਂ ਨਾਂਹ ਕਰ ਦਿੱਤੀ ਸੀ। ਪਰ ਮੇਰਾ ਚੇਤਾ ਇਹ ਵੀ ਕਹਿੰਦਾ ਹੈ ਕਿ ਫ਼ਰੈਂਕ ਭਰਾ ਜੀ ਤੇ ਮੈਂ, ਦੋਹਾਂ ਨੇ ਆਪਣੀ ਗਲਾਸੀ ਨੂੰ ਮਹਿਮਾਨ ਦੇ ਇਹਤਰਾਮ ਵਿਚ ਤਜਿਆ ਕੋਈ ਨਹੀਂ ਸੀ। ਕੁਝ ਤਾਂ ਸ਼ਾਇਦ ਵੋਦਕਾ ਨੇ ਹਿੰਮਤ ਦਿਤੀ ਹੋਣੀ ਹੈ, ਤੇ ਕੁਝ ਅਲ੍ਹੜ ਉਮਰ ਦੇ ਨਿਸੰਗ ਉਮਾਹ ਨੇ, ਮੈਂ ਆਪਣੇ ਸੰਗਾਊ ਸੁਭਾਅ ਦੇ ਉਲਟ ਆਪਣੇ ਚਹੇਤੇ ਲੇਖਕ ਨਾਲ ਪਟਾਕ ਪਟਾਕ ਗੱਲਾਂ ਕਰਨ ਲਗ ਪਿਆ।

“ ਤੁਸੀ ਮੇਰੇ ਮਨਪਸੰਦ ਲੇਖਕ ਹੋ। ਮੈਂ ਤੁਹਾਡੀਆਂ ਸਾਰੀਆਂ ਕਹਾਣੀਆਂ ਪੜ੍ਹੀਆਂ ਹੋਈਆਂ ਹਨ । ਤੁਹਾਡੇ ਨਾਵਲ ਵੀ..”

ਘੱਟਬੋਲੜੇ ਦੁੱਗਲ ਜੀ ਮੇਰੀਆਂ ਸ਼ੇਖੀਆਂ ਨੂੰ ਚੁਪਚਾਪ ਸੁਣਦੇ ਰਹੇ।

“ ਤੁਹਾਡੀ ਕਹਾਣੀ ਹੈ ਨਾ, ‘ਅੰਮੀ ਨੂੰ ਕੀ ਹੋ ਗਿਐ’ … ਮੈਨੂੰ ਬਹੁਤ ਪਸੰਦ ਹੈ । ਮੇਰੇ ਅੰਮੀ ਜੀ ਕੁਝ ਚਿਰ ਪਹਿਲਾਂ ਏਥੇ ਮਾਸਕੋ ਆਏ ਸਨ.. ਪਾਰਟੀ ਸਕੂਲ ਵਿਚ, ਛੇ ਮਹੀਨੇ ਦੀ ਪੜ੍ਹਾਈ ਲਈ। ਘਰ ਤੋਂ ਦੂਰ, ਜ਼ਿੰਮੇਵਾਰੀਆਂ ਤੋਂ ਸੁਰਖਰੂ ਮੇਰੇ ਅੰਮੀ ਜੀ ਮੈਨੂੰ ਮੁੜ ਜਵਾਨ ਹੋ ਗਏ ਲਗਣ ਲਗ ਪਏ ਸਨ। ਇਕ ਦਿਨ ਉਨ੍ਹਾਂ ਦੇ ਕਿਸੇ ਲਾਤੀਨੀ ਅਮਰੀਕੀ ਸਾਥੀ ਨੇ ਉਨ੍ਹਾਂ ਨੂੰ ਫੁੱਲ ਭੇਟ ਕੀਤੇ.. ਉਸ ਗੁਲਦਸਤੇ ਨੂੰ ਉਨ੍ਹਾਂ ਨੇ ਕਿੰਨੇ ਹੀ ਦਿਨ ਆਪਣੇ ਕਮਰੇ ਵਿਚ ਸਜਾਈ ਰਖਿਆ। ਉਨ੍ਹਾਂ ਫੁੱਲਾਂ ਦੀ, ਫੁੱਲਾਂ ਨੂੰ ਦੇਣ ਵਾਲੇ ਦੀਆਂ ਗੱਲਾਂ ਕਰਦੇ ਨਾ ਥੱਕਦੇ। ਜਦੋਂ ਉਸ ਆਦਮੀ ਦੀਆਂ ਗੱਲਾਂ ਕਰਦੇ ਤਾਂ ਉਨ੍ਹਾਂ ਦੀਆਂ ਅੱਖਾਂ ਵਿਚ ਕੋਈ ਵੱਖਰੀ ਹੀ ਲਿਸ਼ਕ ਹੁੰਦੀ।ਉਸ ਵੇਲੇ ਮੈਨੂੰ ਤੁਹਾਡੀ ਇਹ ਕਹਾਣੀ ਚੇਤੇ ਆਈ ਅਤੇ ਆਪਣੇ ਅੰਮੀ ਦੇ ਖੇੜੇ ਦਾ ਭੇਤ ਵੀ ਸਮਝ ਆਇਆ। ਬੜਾ ਲਾਡ ਆਇਆ ਮੈਨੂੰ ਆਪਣੇ ਅੰਮੀ ਜੀ ‘ਤੇ..”

ਮੈਂ, ਦੁੱਗਲ ਜੀ ਦਾ ‘ਫ਼ੈਨ’, ਸਾਰਾ ਕੁਝ ਉਨ੍ਹਾਂ ਨੂੰ ਉਨ੍ਹਾਂ ਦੀ ਸ਼ਬਦਾਵਲੀ ਵਿਚ ਹੀ ਬਿਆਨ ਕਰ ਰਿਹਾ ਸਾਂ । ਦੁੱਗਲ ਜੀ ਬਸ ਨਿੰਮ੍ਹਾ ਨਿੰਮ੍ਹਾ ਮੁਸਕਰਾਉਂਦੇ ਰਹੇ।
 
ਬੜੇ ਵਰ੍ਹੇ ਲੰਘ ਗਏ, ਦੁੱਗਲ ਜੀ ਨਾਲ ਮੁੜ ਕਦੇ ਮੁਲਾਕਾਤ ਨਾ ਹੋਈ। ਭਾਂਵੇਂ ਮੈਨੂੰ ਦੁੱਗਲ ਜੀ ਦੀਆਂ ਤਾਜ਼ਾ ਕਹਾਣੀਆਂ ਉਨ੍ਹਾਂ ਦੀਆਂ ਪਹਿਲੀਆਂ ਕਹਾਣੀਆਂ ਦੇ ਸਾਂਹਵੇਂ ਊਣੀਆਂ ਜਾਪਣ ਲਗ ਪਈਆਂ ਸਨ, ਮੈਨੂੰ ਇਸ ਗੱਲ ਦੀ ਪੜਚੋਲਕ ਸਮਝ ਆ ਗਈ ਸੀ ਪੰਜਾਬੀ ਸਾਹਿਤ ਨਾਲ ਆਪਣੀ ਉਣਸ ਲਗਣ ਦੇ ਮੁੱਢਲੇ ਵਰ੍ਹਿਆਂ ਵਿਚ ਉਹ ਮੇਰੇ ਚਹੇਤੇ ਲੇਖਕ ਕਿਉਂ ਰਹੇ ਸਨ। ਜੇ ਗੁਰਬਖਸ਼ ਸਿੰਘ ਨੂੰ ਛੱਡ ਦੇਈਏ ਤਾਂ ਕਰਤਾਰ ਸਿੰਘ ਦੁੱਗਲ ਪਹਿਲੇ ਲੇਖਕ ਸਨ ਜਿਨ੍ਹਾਂ ਨੇ ਸ਼ਹਿਰੀ ਮੱਧ-ਵਰਗ ਨੂੰ ਆਪਣੀਆਂ ਕਹਾਣੀਆਂ ਵਿਚ ਚਿਤਰਿਆ। ਉਂਜ ਵੀ, ਗੁਰਬਖਸ਼ ਸਿੰਘ ਸ਼ਹਿਰੀ ਮੱਧ-ਵਰਗ ਦੇ ਮਾਰਗ-ਦਰਸ਼ਕ ਵਧ ਅਤੇ ਚਿਤੇਰੇ ਘੱਟ ਸਨ। ਉਸ ਵਰਗ ਦੀ ਜ਼ਿੰਦਗੀ ਨੂੰ ਆਪਣੀਆਂ ਕਹਾਣੀਆਂ ਦਾ ਧੁਰਾ ਬਣਾਉਣ ਵਾਲੇ ਪਹਿਲੇ ਲੇਖਕ ਦੁੱਗਲ ਜੀ ਸਨ। ਉਸ ਸਮੇਂ ਲਿਖਿਆ ਜਾ ਰਿਹਾ ਤਕਰੀਬਨ ਸਾਰਾ ਹੀ ਸਾਹਿਤ ਪੇਂਡੂ ਅਣਹੋਇਆਂ ਤੋਂ ਲੈ ਕੇ ਸ਼ਹਿਰੀ ਨਿਮਨ ਵਰਗ ਦੀਆਂ ਦੁਸ਼ਵਾਰੀਆਂ ਦਾ ਚਿਤਰਣ ਸੀ। ਕਰਤਾਰ ਸਿੰਘ ਦੁੱਗਲ ਪਹਿਲੇ ਲੇਖਕ ਸਨ ਜੋ ਜਹਾਜ਼ ਵਰਗੀਆਂ ਕੋਠੀਆਂ, ਤ੍ਰੇਲ ਧੋਤੇ ਸਾਵੇ ਮਖਮਲੀ ਲਾਨਾਂ ਅਤੇ ਪਰਦੇ-ਕੱਜੀਆਂ ਬਾਰੀਆਂ ਵਾਲੇ ਵੱਡੇ ਗੋਲ ਕਮਰਿਆਂ ਦਾ ਵਰਨਣ ਆਪਣੀਆਂ ਕਹਾਣੀਆਂ ਵਿਚ ਲੈ ਕੇ ਆਏ। ਉਹ ਪਹਿਲੇ ਲੇਖਕ ਸਨ ਜਿਸ ਦੀਆਂ ਕਹਾਣੀਆਂ ਵਿਚ ਸਹਿਜ ਪ੍ਰੀਤ ਤੋਂ ਅਗਾਂਹ ਜਾ ਕੇ ਪੜ੍ਹੀ-ਲਿਖੀ ਸ਼ਹਿਰੀ ਔਰਤ ਦੀਆਂ ਸਰੀਰਕ ਅਤੇ ਰੂਮਾਨੀ ਕਾਮਨਾਵਾਂ ਪ੍ਰਗਟਾਵਾ ਸੀ। ਉਹ ਪਹਿਲੇ ਲੇਖਕ ਸਨ ਜਿਨ੍ਹਾਂ ਨੇ ਆਪਣੇ ਅਨੋਖੇ ਦੁੱਗਲੀ ਅੰਦਾਜ਼ ਵਿਚ ‘ਬੁਲ੍ਹੀਆਂ ਤੇ ਬੁਲ੍ਹੀਆਂ, ਹੋਠਾਂ ਤੇ ਹੋਠ’ ਵਰਗੀਆਂ ਸਪਸ਼ਟ ਬਿਆਨੀਆਂ ਨੂੰ ਆਪਣੇ ਕਥਾ-ਪਟਲ ਦਾ ਹਿੱਸਾ ਬਣਾਇਆ। ਰੱਜੇ-ਪੁੱਜੇ ਪਿਛੋਕੜ ਵਾਲੀ ਔਰਤ ਦੀ ਮਾਨਸਕਤਾ ਦੀ ਸਹਿਜ ਅਤੇ ਸੁਬਕ ਬਿਆਨੀ ਕਰਨ ਵਾਲੇ ਦੁੱਗਲ ਜੀ ਆਪਣੇ ਸਮਕਾਲੀਆਂ ਦੇ ਚੋਣਵੇਂ ਵਿਸ਼ਿਆਂ ਤੋਂ ਕਿਤੇ ਵੱਖਰੇ ਖੜੇ ਲਭਦੇ ਸਨ।

ਮੇਰੇ ਵਰਗੇ ਨਿਰੋਲ ਸ਼ਹਿਰੀ ਅਨੁਭਵਾਂ ਵਾਲੇ, ਅਤੇ ਔਰਤ-ਜ਼ਾਤ ਦੇ ਆਰਥਕ ਅਤੇ ਸਰੀਰਕ ਹੱਕਾਂ ਦੇ ਝੰਡਾ-ਬਰਦਾਰ ਪਾਠਕ ਲਈ ਦੁੱਗਲ ਵਰਗੇ ਲੇਖਕ ਦਾ ਸ਼ੈਦਾਈ ਹੋਣਾ ਸੁਭਾਵਕ ਸੀ । 1999 ਵਿਚ, ਜਦੋਂ ਮੇਰੀ ਪਹਿਲੀ ਕਿਤਾਬ ਛਪੀ ਤਾਂ ਮੈਂ ਆਂਪਣੇ ਕੁਝ ਪਸੰਦੀਦਾ ਸਾਹਿਤਕਾਰਾਂ ਦੀ ਛੋਟੀ ਜਿਹੀ ਸੂਚੀ ਬਣਾਈ ਜਿਨ੍ਹਾਂ ਨੂੰ ਮੈਂ ਆਪਣੀ ਰਚਨਾ ਭੇਜਣਾ ਚਾਹੁੰਦਾ ਸਾਂ। ਜ਼ਾਹਰਾ, ਕਰਤਾਰ ਸਿੰਘ ਦੁੱਗਲ ਦਾ ਨਾਂਅ ਉਸ ਨਿੱਕੜੀ ਜਿਹੀ ਫ਼ਹਿਰਿਸਤ ਵਿਚ ਸ਼ਾਮਲ ਸੀ।

ਕੁਝ ਦਿਨਾਂ ਬਾਅਦ ਮੈਨੂੰ ਉਨ੍ਹਾਂ ਵੱਲੋਂ ਪੋਸਟ ਕਾਰਡ ਆਇਆ; ‘ਬੀਬੀ ਸੁਕੀਰਤ’ ਦੇ ਨਾਂਅ ‘ਤੇ। ਉਨ੍ਹਾਂ ਨੇ ਦੋ ਕੁ ਸਤਰਾਂ ਵਿਚ ਕਿਤਾਬ ਭੇਜਣ ਲਈ ਧਨਵਾਦ ਕਰਦਿਆਂ ਉਸਦੀ ਰਸਮੀ ਤਾਰੀਫ਼ ਕੀਤੀ ਹੋਈ ਸੀ। ਮੈਨੂੰ ਮਾਯੂਸੀ ਹੋਈ; ਉਨ੍ਹਾਂ ਨੇ ਕਿਤਾਬ ਦੇ ਚੰਦ ਸਫ਼ੇ ਵੀ ਨਹੀਂ ਸਨ ਪਲਟੇ। ਨਹੀਂ ਤਾਂ ਉਨ੍ਹਾਂ ਦਾ ਇਹ ਭੁਲੇਖਾ ਦੂਰ ਹੋ ਜਾਣ ਸੀ ਕਿ ਲੇਖਕ ਕੋਈ ਬੀਬੀ ਨਹੀਂ …। ਮੇਰੇ ਲਈ ਇਹ ਪਹਿਲਾ ਤੇ ਨਿਰਣਈ ਸਬਕ ਸੀ ਕਿ ਕਿਸੇ ਵੀ ਵੱਡੇ ਲੇਖਕ ਨੂੰ ਆਪਣੀ ਕਿਤਾਬ ਭੇਜ ਕੇ ਇਹ ਆਸ ਨਾ ਰੱਖੋ ਕਿ ਉਹ ਕਿਸੇ ਪੁੰਗਰਦੀ ਕਲਮ ਲਈ ਵਕਤ ਜ਼ਰੂਰ ਕੱਢੇਗਾ। ਤੁਹਾਡੇ ਲਈ ਆਪਣੀ ਪੁਸਤਕ ਮਾਣ  ਅਤੇ ਤੁਹਾਡੀ ਹੋਂਦ ਦਾ ਵੀ-  ਦਾ ਧੁਰਾ ਹੋ ਸਕਦੀ ਹੈ, ਪਰ ਵੱਡੇ ਅਤੇ ਮਸਰੂਫ਼ ਲੇਖਕਾਂ ਨੂੰ ਤਾਂ ਅਜਿਹੀਆਂ ਕਿਤਾਬਾਂ ਰੋਜ਼ ਪੁਜਦੀਆਂ, ਭੇਟਾ ਹੁੰਦੀਆਂ ਰਹਿੰਦੀਆਂ ਹਨ। ਉਹ ਕਿਸ ਕਿਸ ਦੀ ਰਚਨਾ ਪੜ੍ਹਨ ਲਈ ਵਕਤ ਕੱਢਣ!

ਸਾਲ ਕੁ ਹੋਰ ਲੰਘ ਗਿਆ। ਮੇਰੀ ਇਕ ਪਾਕਿਸਤਾਨੀ ਦੋਸਤ ਆ ਰਹੀ ਸੀ ਜਿਸਨੂੰ ਲੈਣ ਮੈਂ ਦਿੱਲੀ ਦੇ ਹਵਾਈ ਅੱਡੇ ਤੇ ਗਿਆ। ਬਾਅਦ ਦੁਪਹਿਰ ਦਾ ਸਮਾਂ ਸੀ ਅਤੇ ਉਸ ਵੇਲੇ ਬਹੁਤ ਘੱਟ ਅੰਤਰਰਾਸ਼ਟਰੀ ਉਡਾਨਾਂ ਦੀ ਆਮਦ ਹੋਣ ਕਾਰਨ ਅੱਡੇ ਦਾ ਇੰਤਜ਼ਾਰ-ਹਾਲ ਭਾਂਅ ਭਾਂਅ ਕਰ ਰਿਹਾ ਸੀ। ਮੈਨੂੰ ਦੂਰੋਂ ਹੀ ਦੁੱਗਲ ਜੀ ਬੈਠੇ ਦਿਸ ਪਏ; ਨਾਲ ਕੋਈ ਨਫ਼ੀਸ ਸਾੜ੍ਹੀ ਪਹਿਨੀ, ਹੁਸੀਨ ਬਜ਼ੁਰਗ ਔਰਤ ਬੈਠੀ ਹੋਈ ਸੀ। ਰਤਾ ਕੁ ਜੱਕੋ-ਤੱਕੇ ਮਗਰੋਂ, ਕਿ ਉਨ੍ਹਾਂ ਨੂੰ ਫਤਿਹ ਬੁਲਾਵਾਂ ਕਿ ਨਾ ( ਉਹ ਕਿਹੜਾ ਮੈਨੂੰ ਜਾਣਦੇ ਸਨ) ਮੈਂ ਹਿੰਮਤ ਕਰਕੇ ਉਨ੍ਹਾਂ ਕੋਲ ਚਲੇ ਗਿਆ।

‘ ਸਤ ਸ੍ਰੀ ਅਕਾਲ, ਦੁੱਗਲ ਜੀ!”, ਮੈਂ ਕੋਲ ਪਹੁੰਚ ਕੇ ਕਿਹਾ।

ਕਿਸੇ ਪਛਾਣ ਨੂੰ ਭਾਂਪਣ ਦੀ ਕੋਸ਼ਿਸ਼ ਕਰਦੀਆਂ ਉਨ੍ਹਾਂ ਦੀਆਂ ਅੱਖਾਂ ਨੂੰ ਦੇਖਕੇ ਮੈਂ ਕਿਹਾ, ‘ਤੁਸੀ ਮੈਨੂੰ ਨਹੀਂ ਜਾਣਦੇ। ਮੇਰਾ ਨਾਂਅ ਸੁਕੀਰਤ ਹੈ। ਪਰ ਅਸੀ ਬਹੁਤ ਸਾਲ ਪਹਿਲਾਂ ਡਾ. ਫ਼ਰੈਂਕ ਦੇ ਘਰ ਦੇ ਘਰ ਮਾਸਕੋ ਮਿਲੇ ਸਾਂ’।

ਆਪਣੀ ਮਾਸਕੋ ਫੇਰੀ ਉਨ੍ਹਾਂ ਨੂੰ ਚੇਤੇ ਸੀ, ਪਰ ਮੈਂ ਕਿੱਥੋਂ ਹੋ ਸਕਦਾ ਸਾਂ। ਤਿੰਨ ਦਹਾਕੇ ਪਹਿਲਾਂ, ਕਿਸੇ ਵੱਡੇ ਲੇਖਕ ਨੂੰ ਕੋਈ ਅਲੂੰਆਂ ਜਿਹਾ ਮੁੰਡਾ ਮਿਲਿਆ ਹੋਵੇ, ਜਿਸਨੇ  ਡੁਲ੍ਹ- ਡੁਲ੍ਹ ਪੈਂਦੇ ਪ੍ਰਸੰਸਕ ਪਾਠਕ ਦੇ ਤੌਰ  ਤੇ ਉਸ ਨਾਲ ਚਾਰ ਗੱਲਾਂ ਕੀਤੀਆਂ ਹੋਣ, ਉਹ ਯਾਦ ਰਹਿ ਵੀ ਕਿਵੇਂ ਸਕਦਾ ਹੈ। ਸ਼ੈਦਾਈਆਂ ਨੂੰ ਆਪਣੇ ਇਸ਼ਟ ਨਾਲ ਮਿਲਣੀਆਂ ਚੇਤੇ ਰਹਿੰਦੀਆਂ ਹਨ, ਇਸ਼ਟ ਨੂੰ ਤਾਂ ਨਿਤ-ਦਿਨ ਉਸਦੇ ਨਵੇਂ ਤੋਂ ਨਵੇਂ ਸ਼ੈਦਾਈ ਆਣ ਘੇਰਦੇ ਰਹਿੰਦੇ ਹਨ।

ਦੁੱਗਲ ਜੀ ਨੇ ਆਪਣੇ ਕੋਲ ਬੈਠੀ ਔਰਤ ਨਾਲ ਤੁਆਰਫ਼ ਕਰਾਇਆ, ਜੋ ਉਨ੍ਹਾਂ ਦੀ ਪਤਨੀ ਆਇਸ਼ਾ ਸੀ। ਦੋ ਕੁ ਉਹੋ ਜਿਹੀਆਂ ਰਸਮੀ ਗੱਲਾਂ ਕੀਤੀਆਂ ਜੋ ਅਜਿਹੇ ਮੌਕੇ ਕੀਤੀਆਂ ਜਾ ਸਕਦੀਆਂ ਸਨ: ‘ਕਿਸਨੂੰ ਲੈਣ ਆਏ ਹੋ? ਤੁਹਾਡੀ  ਮਹਿਮਾਨ ਕਿੱਥੋਂ ਆ ਰਹੀ ਹੈ? ਤੁਸੀ ਆਪ ਕੀ ਕਰਦੇ ਹੋ?’

ਮੈਂ ਇਹ ਤਾਂ ਦਸ ਦਿੱਤਾ ਕਿ ਮੈਂ ਪੰਜਾਬੀ ਵਿਚ ਲਿਖਦਾ ਹਾਂ, ਪਰ ਉਨ੍ਹਾਂ ਦੇ ਚਿਹਰੇ ਤੇ ਕਿਸੇ ਵੀ ਚੇਤੇ ਦੇ ਨਕਸ਼ ਉਭਰਦੇ ਨਾ ਦੇਖ ਕੇ ਇਹ ਗੱਲ ਗੋਲ ਕਰ ਗਿਆ ਕਿ ਅਜੇ ਸਾਲ ਕੁ ਪਹਿਲਾਂ ਉਨ੍ਹਾਂ ਨੂੰ ਕਿਤਾਬ ਭੇਜਣ ਵਾਲੀ ‘ਬੀਬੀ’ ਸੁਕੀਰਤ ਮੈਂ ਹਾਂ। ਉਨ੍ਹਾਂ ਦੇ ਮਹਿਮਾਨ ਵੀ ਪਾਕਿਸਤਾਨ ਤੋਂ ਆ ਰਹੇ ਓਸੇ ਜਹਾਜ਼ ਵਿਚ ਆਉਣੇ ਸਨ ਜਿਸ ਰਾਹੀਂ ਮੇਰੀ ਦੋਸਤ ਆ ਰਹੀ ਸੀ ; ਇਕੱਠੇ ਬੈਠ ਕੇ ਉਡੀਕਦਿਆਂ ਕੁਝ ਇਹੋ ਜਿਹੀਆਂ ਗੱਲਾਂ ਬਾਤਾਂ ਕੀਤੀਆਂ ਜੋ ਪਾਠਕ ਆਪਣੇ ਚਹੇਤੇ ਅਤੇ ਬਜ਼ੁਰਗ ਲੇਖਕ ਨਾਲ ਕਰ ਸਕਦਾ ਹੈ। ਗੱਲਾਂ ਮੈਂ ਕਰ ਰਿਹਾ ਸਾਂ, ਦੁੱਗਲ ਜੀ ਬਸ ਨਿੰਮ੍ਹਾ ਨਿੰਮ੍ਹਾ ਮੁਸਕਰਾਉਂਦੇ ਹੋਏ ਮੇਰੇ ਸਵਾਲਾਂ ਦੇ ਇਕ ਸਤਰੇ ਜਵਾਬ ਦੇਂਦੇ ਰਹੇ। ਤੇ ਫੇਰ ਜਹਾਜ਼ ਆਣ ਉਤਰਿਆ…

ਪੰਜ ਸਾਲ ਹੋਰ ਲੰਘ ਗਏ। ਨਵਾਂ ਜ਼ਮਾਨਾ ਦੇ ਸਾਲਾਨਾ ਸਾਹਿਤਕ ਕਲੰਡਰ ਲਈ ਦੁੱਗਲ ਜੀ ਦੀ ਚੋਣ ਹੋਈ। ਨਾਲ ਹੀ ਉਨ੍ਹਾਂ ਦੀ ਮੁਲਾਕਾਤ ਛਪਣੀ ਸੀ, ਜਿਸ ਵਾਸਤੇ ਸਮਾਂ ਮੰਗਣ ਲਈ ਮੈਂ ਉਨ੍ਹਾਂ ਨੂੰ ਫੋਨ ਕੀਤਾ।

‘ ਮੈਂ ਜਲੰਧਰ ਤੋਂ ਸੁਕੀਰਤ ਬੋਲ ਰਿਹਾ ਹਾਂ, ਦੁੱਗਲ ਜੀ। ਸਤ ਸ੍ਰੀ ਅਕਾਲ!’

‘ ਸਤ ਸ੍ਰੀ ਅਕਾਲ! ਦੱਸੋ…’

ਮੇਰਾ ਨਾਂਅ ਕੋਈ ਤੇਜਿੰਦਰ ਜਾਂ ਸੁਰਿੰਦਰ ਤਾਂ ਹੈ ਨਹੀਂ। ਮੈਨੂੰ ਵਹਿਮ ਸੀ ਕਿ ਮੇਰਾ ਨਾਂਅ ਸੁਣ ਕੇ ਉਨ੍ਹਾਂ ਦੇ ਚੇਤੇ ਵਿਚ ਹੁਣ ਸ਼ਾਇਦ ਕੋਈ ਪਛਾਣ ਉਭਰ ਹੀ ਆਵੇ, ਪਰ ਉਨ੍ਹਾਂ ਦੇ ਹੁੰਗਾਰੇ ਵਿਚ ਅਜਿਹਾ ਕੁਝ ਵੀ ਨਹੀਂ ਸੀ।

‘ ਮੈਂ ‘ਨਵਾਂ ਜ਼ਮਾਨਾ’ ਤੋਂ ਬੋਲ ਰਿਹਾ ਹਾਂ, ਜਲੰਧਰੋਂ। ਪਰਚੇ ਵਿਚ ਤੁਹਾਡੀ ਮੁਲਾਕਾਤ ਛਾਪਣੀ ਹੈ, ਸਮਾਂ ਤੈਅ ਕਰਨ ਲਈ ਫੋਨ ਕਰ ਰਿਹਾ ਹਾਂ। ਤੁਹਾਨੂੰ ਸ਼ਾਇਦ ਯਾਦ ਹੋਵੇ ਅਸੀ ਕੁਝ ਸਾਲ ਪਹਿਲਾਂ ਹਵਾਈ ਅੱਡੇ ਉੱਤੇ ਮਿਲੇ ਸਾਂ.. ਜਦੋਂ ਤੁਸੀ ਪਾਕਿਸਤਾਨ ਤੋਂ ਆ ਰਹੇ ਕੁਝ ਮਿੱਤਰਾਂ ਨੂੰ ਲੈਣ ਆਏ ਹੋਏ ਸੌ..’

‘ਹਾਂ, ਹਾਂ। ਯਾਦ ਹੈ, ਹਰਕੀਰਤ ਜੀ.. ਤੁਸੀ ਦਿੱਲੀ ਕਦੋਂ ਆਉਣਾ ਚਾਹੁੰਦੇ ਹੋ। ਮੈਂ ਹੁਣ ਬਾਹਰ ਘੱਟ ਹੀ ਜਾਂਦਾ ਹਾਂ’।

ਮੈਂ ਤਾਰੀਕ ਤੈਅ ਕੀਤੀ, ਪਰ ਇਹ ਦੱਸਣੋਂ ਗੁਰੇਜ਼ ਕਰ ਗਿਆ ਕਿ ਮੇਰਾ ਨਾਂਅ ਹਰਕੀਰਤ ਨਹੀਂ।


ਮੁਲਕਾਤ ਹੋਈ, ਦੁੱਗਲ ਜੀ ਦੇ ਹੌਜ਼ ਖਾਸ ਵਾਲੇ ਘਰ ਉਨ੍ਹਾਂ ਦੇ ਕਿਤਾਬਾਂ ਨਾਲ ਅੱਟੇ ਹੋਏ ਸੌਣ-ਕਮਰੇ ਵਿਚ। ਉਸ ਸਮੇਂ ਉਹ 88 ਵਰ੍ਹਿਆਂ ਤੋਂ ਵਧ ਉਮਰ ਦੇ ਸਨ, ਪਰ ਪੂਰੀ ਤਰ੍ਹਾਂ ਚੇਤੰਨ। ਪੂਰੀ ਤਰ੍ਹਾਂ ਫਬੇ ਵੀ ਹੋਏ; ਸੁਹਣੀ ਬੱਝੀ ਦਸਤਾਰ, ਵਧੀਆ ਪ੍ਰੈਸ ਕੀਤਾ ਕੁਰਤਾ-ਚੂੜੀਦਾਰ, ਵਾਸਕਟ ਦੀ ਥਾਂ ਢਿੱਲਾ ਜਿਹਾ ਅੱਧੀਆਂ ਬਾਹਵਾਂ ਵਾਲਾ ਸੁਐਟਰ। ਠੰਡ ਅਜੇ ਏਨੀ ਨਹੀਂ ਸੀ ਉਤਰੀ, ਪਰ ਬਜ਼ੁਰਗ ਹੋ ਚੁੱਕੇ ਸਰੀਰ ਦਾ ਤਕਾਜ਼ਾ ਸੀ ਸ਼ਾਇਦ।

ਦੋ-ਤਿੰਨ ਘੰਟੇ ਬੜੇ ਆਰਾਮ ਨਾਲ ਗੱਲਾਂ ਹੋਈਆਂ, ਜੋ 25 ਦਸੰਬਰ 2005 ਦੇ ਐਤਵਾਰਤਾ ਵਿਚ ਛਪੀ ਮੁਲਾਕਾਤ ਵਿਚ ਦਰਜ ਹਨ। ਜੋ ਨਹੀਂ ਦਰਜ ਉਹ ਇਹ ਹੈ ਕਿ ਮੈਂ ਦੁੱਗਲ ਸਾਹਬ ਨੂੰ ਇਹ ਦੱਸਣੋਂ ਨਾ ਰਹਿ ਸਕਿਆ ਕਿ ਮੈਂ ਬਚਪਨ ਤੋਂ ਉਨ੍ਹਾਂ ਦਾ ਕਿੰਨਾ ਵੱਡਾ ਪ੍ਰਸੰਸਕ ਰਿਹਾ ਹਾਂ। ਮੈਂ ਬੇਝਿਜਕ ਕਹਿ ਸਕਦਾ ਹਾਂ ਕਿ ਮੇਰੇ ਸ਼ਬਦ-ਭੰਡਾਰ ਅਤੇ ਸ਼ਬਦ-ਚੋਣ ਉੱਤੇ ਉਨ੍ਹਾਂ ਦੀਆਂ ਰਚਨਾਵਾਂ ਤੋਂ ਗ੍ਰਹਿਣ ਕੀਤੇ ਪਰਭਾਵਾਂ ਦਾ ਸਪਸ਼ਟ ਪੋਖਾ ਹੈ। ਮੇਰਾ ਦਾਦਕਾ ਪਿਛੋਕੜ ਪੋਠੋਹਾਰੀ ਹੋਣ ਦੇ ਬਾਵਜੂਦ ਸਾਡੇ ਘਰ ਵਿਚ ਪੋਠੋਹਾਰੀ ਨਹੀਂ ਵਰਤੀ ਜਾਂਦੀ, ਪਰ ਉਸ ਮਿੱਠੀ ਜ਼ਬਾਨ ਨੂੰ ਮੈਂ ਦੁੱਗਲ ਜੀ ਦੀਆਂ ਰਚਨਾਵਾਂ ਰਾਹੀਂ ਹੀ ਸਿੱਖਿਆ-ਵਰਤਿਆ ਹੈ।

ਨੇੜਤਾ ਅਤੇ ਨਿੱਘ ਦੀਆਂ ਉਨ੍ਹਾਂ ਘੜੀਆਂ ਵਿਚ ਮੈਂ ਦੁੱਗਲ ਜੀ ਨੂੰ ਇਹ ਦੱਸਣੋਂ ਵੀ ਨਾ ਰਹਿ ਸਕਿਆ ਕਿ ਕਦੇ ਉਨ੍ਹਾਂ ਨੇ ਮੈਨੂੰ ‘ਬੀਬੀ ਸੁਕੀਰਤ’ ਲਿਖ ਕੇ ਇਕ ਪੋਸਟ-ਕਾਰਡ ਭੇਜਿਆ ਸੀ ਜੋ ਅਜੇ ਵੀ ਮੇਰੇ ਕੋਲ ਸਾਂਭਿਆ ਪਿਆ ਹੈ।

ਜਵਾਬ ਵਿਚ ਦੁੱਗਲ ਜੀ ਨਿੰਮ੍ਹਾ ਜਿਹਾ ਮੁਸਕਰਾਏ। ਪੋਸਟਕਾਰਡ ਤਾਂ ਉਨ੍ਹਾਂ ਨੂੰ ਕੀ ਚੇਤੇ ਹੋਣਾ ਸੀ, ਪਰ ਬੀਬੀ ਤੋਂ ਬੀਬਾ ਬਣ ਕੇ ਸਾਹਮਣੇ ਬੈਠੇ ਆਪਣੇ ਪ੍ਰਸੰਸਕ ਦੀ ਭਰਵੀਂ ਸਲਾਹੁਤਾ ਤੋਂ ਉਹ ਜ਼ਰੂਰ ਮਖਮੂਰ ਹੋ ਰਹੇ ਸਨ।

ਪਰ ਦੁੱਗਲ ਜੀ ਦਾ ਇਹ ਪ੍ਰਸੰਸਕ, ਆਪਣਾ ਇਕ ਸਵਾਲ ਗੋਲ ਹੀ ਕਰ ਗਿਆ ਜਿਸਨੂੰ ਪੁੱਛਣ ਦੀ ਉਹ ਮਨ ਵਿਚ ਧਾਰ ਕੇ ਗਿਆ ਸੀ। ਉਹੀ ਦੁੱਗਲ ਜੋ ਨਿੱਕੀ ਕਹਾਣੀ ਦੇ ਕਰਾਫ਼ਟ ਦਾ ਮਾਹਰ ਹੁੰਦਾ ਸੀ, ਆਪਣੀਆਂ ਛੇਕੜਲੀਆਂ ਕਹਾਣੀਆਂ ਵਿਚ ਏਨਾ ਨੌਸਿਖੀਆ ਕਿਉਂ ਜਾਪਦਾ ਸੀ। ਮੇਰਾ ਚਹੇਤਾ ਲੇਖਕ ਜੋ ਕਿਸੇ ਸਮੇਂ ਨਿੱਕੀ ਜਿਹੀ ਗੱਲ ਉੱਤੇ ਵੱਡੇ ਮਹੱਤਵ ਦੀ ਕਹਾਣੀ ਉਸਾਰ ਲੈਂਦਾ ਸੀ, ਪਿੱਛੋਂ ਜਾ ਕੇ ਵੱਡੀਆਂ ਘਟਨਾਵਾਂ ਬਾਰੇ ਵੀ ਅਣਗੌਲੀਆਂ ਜਿਹੀਆਂ ਕਹਾਣੀਆਂ ਲ਼ਿਖਣ ਦੀ ਪੱਧਰ ਤਕ ਕਿਵੇਂ ਪਹੁੰਚ ਗਿਆ। ਇਹ ਸਵਾਲ ਮੇਰੇ ਕੋਲੋਂ ਕੀਤਾ ਹੀ ਨਾ ਗਿਆ। ਸ਼ਾਇਦ ਮੇਰੇ ਅੰਦਰਲਾ ‘ਫੈਨ’ ਆਪਣੇ ਇਸ਼ਟ ਨੂੰ ਉਮਰ ਦੇ ਇਸ ਪੜਾਅ ਉੱਤੇ ਬੇਆਰਾਮ ਨਹੀਂ ਸੀ ਕਰਨਾ ਚਾਹੁੰਦਾ, ਤੇ ਜਾਂ ਸ਼ਾਇਦ ਮੈਨੂੰ ਇਹ ਜਾਪਿਆ ਕਿ ਕਿਸੇ ਵੀ ਸਿਰਜਕ ਦੀਆਂ ਸਿਖਰਲੀਆਂ ਅਤੇ ਯਾਦ ਰਖਣ ਯੋਗ ਰਚਨਾਵਾਂ ਬਾਰੇ ਹੀ ਗੱਲ ਕਰਨੀ ਚਾਹੀਦੀ ਹੈ, ਜੋ ਮਹੱਤਵਪੂਰਨ ਨਹੀਂ ਉਸਨੂੰ ਸਮਾਂ ਆਪਣੇ ਆਪ ਮੇਟ ਦੇਂਦਾ ਹੈ।

ਪਰ ਉਸ ਮੁਲਾਕਾਤ ਬਾਰੇ ਇਕ ਆਖਰੀ ਅਤੇ ਅਜਿਹੀ ਗੱਲ ਜੋ ਕਿਸੇ ਨੂੰ ਵੀ ਨਹੀਂ ਪਤਾ।

ਮੈਂ ਮੁਲਾਕਾਤਾਂ ਟੇਪਬੱਧ ਕਰਦਾ ਹਾਂ ਅਤੇ ਕਿਸੇ ਕਿਸਮ ਦੇ ਲਿਖਤੀ ਸਵਾਲ ਨਾ ਪਹਿਲਾਂ ਭੇਜਦਾ ਹਾਂ, ਨਾ ਨਾਲ ਲੈ ਕੇ ਜਾਂਦਾ ਹਾਂ। ਨਿਰੋਲ ਸਹਿਜ ਗੱਲਬਾਤ, ਜਿਸ ਦੌਰਾਨ ਸਵਾਲਾਂ ਦੇ ਜਵਾਬ ਮਿਲਦਿਆਂ ਨਾਲੋ ਨਾਲ ਨਵੇਂ ਸਵਾਲ ਜੁੜਦੇ ਜਾਂਦੇ ਹਨ। ਬਾਅਦ ਵਿਚ ਮੈਂ ਟੇਪ ਤੋਂ ਉਤਾਰਾ ਕਰਦੇ ਸਮੇਂ, ਕਿਸੇ ਅਚਾਨਕ ਆਏ ਦੁਹਰਾਅ ਨੂੰ ਭਾਂਵੇਂ ਕੱਟ ਦਿਆਂ, ਲੇਖਕ ਦੇ ਸ਼ਬਦਾਂ ਨੂੰ, ਉਨ੍ਹਾਂ ਦੀ ਤਰਤੀਬ ਨੂੰ ਕਦੇ ਨਹੀਂ ਬਦਲਦਾ। ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਪਾਠਕ ਨੂੰ ਲੇਖਕ ਦੀ ਆਵਾਜ਼ ਸੁਣੇ, ਮੇਰੀ ਨਹੀਂ।

ਦੁੱਗਲ ਜੀ ਨਾਲ ਗੱਲਬਾਤ ਕਰਦਿਆਂ ਮੇਰੇ ਕੋਲ ਜੇਬੀ ਰਿਕਾਰਡਰ ਸੀ, ਜਿਸਦੀ ਟੇਪ ਦਾ ਪਾਸਾ ਹਰ 15 ਮਿਨਟ ਬਾਅਦ ਬਦਲਣਾ ਪੈਂਦਾ ਸੀ। ਜਦੋਂ ਕੁਝ ਦਿਨਾਂ ਮਗਰੋਂ ਮੈਂ ਟੇਪਾਂ ਦਾ ਉਤਾਰਾ ਕਰਨ ਬੈਠਾ ਤਾਂ ਪਤਾ ਲੱਗਾ ਕਿ ਇਕ ਵੇਲੇ ਟੇਪ ਬਦਲਦਿਆਂ ਰਿਕਾਡਿੰਗ ਵਾਲਾ ਬਟਨ ਦੱਬਣੋਂ ਰਹਿ ਗਿਆ ਸੀ  ਅਤੇ ਪੰਦਰਾਂ ਮਿਨਟ ਦੀ ਗੱਲਬਾਤ ਹੀ ਟੇਪ ਨਹੀਂ ਹੋਈ। ਮੇਰੇ ਕੋਲ ਇਸਤੋਂ ਸਿਵਾ ਹੋਰ ਕੋਈ ਚਾਰਾ ਨਹੀਂ ਸੀ, ਕਿ ਅਗਲੇ ਪਿਛਲੇ ਸਵਾਲਾਂ ਨੂੰ ਜੋੜ ਕੇ, ਅਤੇ ਆਂਪਣੇ ਚੇਤੇ ਨੂੰ ਝੰਜੋੜ ਕੇ ਕੜੀ ਨੂੰ ਜੋੜ ਦਿਆਂ। ਏਥੇ ਮੈਨੂੰ ਦੁੱਗਲ ਜੀ ਦਾ ਸ਼ਾਗਿਰਦ-ਪ੍ਰਸੰਸਕ ਹੋਣਾ ਬਹੁਤ ਸਹਾਈ ਹੋਇਆ। ਮੈਂ ਪਹਿਲੋਂ ਸਾਰੇ ਹਿੱਸੇ ਨੂੰ ਆਂਪਣੇ ਸ਼ਬਦਾਂ ਵਿਚ ਲਿਖਿਆ ਅਤੇ ਫਿਰ ਉਸ ਨੂੰ ਇਸ ਨਜ਼ਰ ਨਾਲ ਸੰਵਾਰਿਆ-ਢਾਲਿਆ ਕਿ ਸ਼ਬਦ-ਚੋਣ ਦੁੱਗਲ ਜੀ ਦੀ ਜਾਪੇ।

ਪਾਠਕਾਂ ਨੂੰ ਤਾਂ ਪੜ੍ਹਤ ਵਿਚ ਕਿਤੇ ਵੀ ਕੋਈ ਝੋਲ ਮਹਿਸੂਸ ਨਾ ਹੋਇਆ, ਪਰ ਮੈਨੂੰ ਆਪਣੀ ਅਸਲੀ ਕਾਮਯਾਬੀ ਦਾ ਅਹਿਸਾਸ ਉਦੋਂ ਹੋਇਆ ਜਦੋਂ ਮੁਲਾਕਾਤ ਦੇ ਛਪ ਜਾਣ ਪਿੱਛੋਂ ਦੁੱਗਲ ਜੀ ਵੱਲੋਂ ਫ਼ੋਨ ਆਇਆ ਅਤੇ ਉਨ੍ਹਾਂ ਆਪਣੀ ਤਸੱਲੀ ਦਾ ਪ੍ਰਗਟਾਵਾ ਕੀਤਾ।

ਉਸ ਸਮੇਂ ਮੈਂ ਦੁੱਗਲ ਜੀ ਨੂੰ ਦਸਣੋਂ ਸੰਗ ਗਿਆ ਕਿ  ਪੰਜਾਬੀ ਬੋਲੀ ਦੇ ਇਕ ਵੱਡੇ ਭੰਡਾਰ ਤਕ ਪਹੁੰਚ ਕਰਾਉਣ ਲਈ ਹਮੇਸ਼ਾ ਉਨ੍ਹਾਂ ਦੇ ਦੇਣਦਾਰ, ਉਨ੍ਹਾਂ ਦੇ ਪੈਰੋਕਾਰ, ਇਕ ਕਿਸਮ ਨਾਲ ਉਨ੍ਹਾਂ ਦੇ ਸ਼ਾਗਿਰਦ ਨੇ ਉਨ੍ਹਾਂ ਨੂੰ ਦੱਸੇ ਬਿਨਾ ਮੁਲਾਕਾਤ ਦੇ ਇਕ ਹਿੱਸੇ ਨੂੰ ਉਨ੍ਹਾਂ ਦੀ ਹੀ ਬੋਲੀ ਵਿਚ ਢਾਲਣ ਦੀ ਸਫਲ ਕੋਸ਼ਿਸ਼ ਕਰ ਲਈ ਸੀ।

ਤੇ ਜੇ ਮੈਂ ਦਸ ਵੀ ਦਿੱਤਾ ਹੁੰਦਾ, ਘੱਟਬੋਲ਼ੜੇ ਦੁੱਗਲ ਜੀ ਨੇ ਜਵਾਬ ਵਿਚ ਬਸ ਨਿੰਮ੍ਹਾ ਜਿਹਾ ਮੁਸਕਰਾ ਹੀ ਛੱਡਣਾ ਸੀ।

Comments

ASHRAF SUHAIL

ver good

jasvir manguwal

very good article

Gagandeep singh

"ik handicaped ladke ne ik handicaped ladki nu sadi lai parpoj kita handicaped ladki ne ladke nu bhura bhala kaih ke sadi to inkar kar dita ladke di sadi ik bilkul thik thak ladki nal hi gai, ladki di ajj tak sadi nahi hoi kyan ki ladki ik... sadi suda amritdhari 45 year de ladke de piche lagi hoi c, ladki ne handicaped ladke nal sadi karan di vajei amitdhari di Rakhel banna pasand kita. Amirtdhari & handicaped ladki is tarain dain hundein ne???????????

dhanwant bath

jine houme ajj kal lakhika wich ha utne hor kise wich v nahi...

Dera

I was drawn by the hoetnsy of what you write

sunny

gud

Security Code (required)



Can't read the image? click here to refresh.

Name (required)

Leave a comment... (required)





ਨਿਬੰਧ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ