Thu, 25 April 2024
Your Visitor Number :-   6998897
SuhisaverSuhisaver Suhisaver

ਸੰਘਰਸ਼ਮਈ ਜੀਵਨ ਦੀ ਗਾਥਾ: ਕਾਮਰੇਡ ਬਲਦੇਵ ਸਿੰਘ ਫਤਿਹਪੁਰ ਕਲਾਂ

Posted on:- 15-08-2015

suhisaver

-ਸ਼ਿਵ ਕੁਮਾਰ ਬਾਵਾ

ਸਾਥੀ ਬਲਦੇਵ ਸਿੰਘ ਦਾ ਜਨਮ ਸਤੰਬਰ 1925 ਚੱਕ 275 ਡਗਾਣਾ ਸਰਹਾਲਾ ਕਲਾ ਪਾਕਿਸਤਾਨ ਬਾਰ ਇਲਾਕੇ ਵਿੱਚ ਜ਼ਿਲ੍ਹਾ ਲਾਇਲਪੁਰ ਵਿੱਚ ਮਾਤਾ ਗੰਗ ਕੌਰ (ਮਾਤਾ ਗੰਗੋ) ਪਿਤਾ ਨਰਾਇਣ ਸਿੰਘ ਦੇ ਗ੍ਰਹਿ ਵਿਖੇ ਕਿਸਾਨ ਪਰਿਵਾਰ ਵਿੱਚ ਹੋਇਆ।ਪ੍ਰਾਇਮਰੀ ਤੱਕ ਵਿਦਿਆ ਪ੍ਰਾਪਤ ਕੀਤੀ।ਅਜ਼ਾਦੀ ਤੋਂ ਬਾਅਦ ਬਚਦੇ-ਬਚਾਉਂਦੇ ਭਾਰਤ ਦੇ ਚੜ੍ਹਦੇ ਪੰਜਾਬ ਵਿੱਚ ਪਹੁੰਚੇ।ਗੜ੍ਹਸ਼ੰਕਰ ਤਹਿਸੀਲ ਦੇ ਪਿੰਡ ਨਾਜਰਪੁਰ ਵਿੱਚ ਜ਼ਮੀਨ ਅਲਾਟ ਹੋਈ।ਪਰ ਅਲਾਟਮੈਂਟ ਕੈਂਸਲ ਹੋ ਗਈ।ਫਿਰ ਫਤਿਹਪੁਰ ਕਲਾਂ ਜ਼ਮੀਨ ਅਲਾਟ ਹੋ ਗਈ ਅਤੇ ਇੱਥੇ ਹੀ ਵੱਸ ਗਏ। 1951 ਵਿੱਚ ਨਾਜਾਇਜ਼ ਫੌਜਦਾਰੀ ਕੇਸ ਵਿੱਚ ਕੈਦ ਹੋ ਗਏ।ਲੁਧਿਆਣਾ ਜੇਲ੍ਹ ਵਿੱਚ ਕਮਿਊਨਿਸਟ ਆਗੂ ਡਾਕਟਰ ਭਾਗ ਸਿੰਘ, ਰਾਮ ਸਿੰਘ ਦੱਤ, ਉਜਾਗਰ ਸਿੰਘ ਮਹਾਤਮਾ, ਜਥੇਦਾਰ ਬਤਨ ਸਿੰਘ ਚਾਹਲਪੁਰ, ਅਰਜਨ ਸਿੰਘ ਸੱਚ ਖੜੋਦੀ ਨਾਲ ਮੇਲ ਮਿਲਾਪ ਹੋ ਗਿਆ।

ਇੱਥੇ ਡਾਕਟਰ ਭਾਗ ਸਿੰਘ ਨੇ ਇੱਥੇ ਜੇਲ ਵਿੱਚ ਬੰਦ ਸਾਥੀਆਂ ਨੂੰ ਮਾਰਕਸੀ ਫਲਸਫਾ ਸੌਖੀ ਬੋਲੀ ਵਿੱਚ ਪੜ੍ਹਾਇਆ।ਵਣ ਮਾਨਸ ਤੋਂ ਮਨੁੱਖ ਬਣਨ ਦੀ ਭੂਮਿਕਾ ਆਦਿ ਦੀ ਪੜ੍ਹਾਈ ਕੀਤੀ ਅਤੇ ਜੇਲ੍ਹ ਤੋਂ ਸਾਥੀ ਬਲਦੇਵ ਸਿੰਘ ਪਰਪੱਕ ਕਮਿਊਨਿਸਟ ਬਣ ਕੇ ਰਿਹਾ ਹੋਏ।ਰਾਜਸੀ ਸੂਝ ਗ੍ਰਹਿਣ ਕਰਕੇ 1953 ਵਿੱਚ ਪਾਰਟੀ ਦੇ ਮੈਂਬਰ ਬਣੇ।ਪੌਣੀ ਸਦੀ ਅਡੋਲ, ਕਹਿਣੀ ਤੇ ਕਰਨੀ ਦੇ ਪੱਕੇ, ਸੱਚ ਮੂੰਹ ਤੇ ਕਹਿਣ ਵਾਲੇ, ਸੰਗਰਾਮੀ ਜੀਵਣ ਲੋਕਾਂ ਦੇ ਲੇਖੇ ਲਾ ਕੇ 5 ਅਗਸਤ 2015 ਨੂੰ ਸਾਨੂੰ ਸਦੀਵੀ ਵਿਛੋੜਾ ਦੇ ਗਏ।

1957 ਵਿੱਚ ਡਾਕਟਰ ਭਾਗ ਸਿੰਘ ਮਖਸੂਸਪੁਰੀ ਦੀ ਐਮ.ਐਲ.ਏ. ਦੀ ਚੋਣ ਵਿੱਚ ਜਥੇਬੰਦ ਤੌਰ ਤੇ ਕੁੱਦ ਪਏ।ਡਾਕਟਰ ਭਾਗ ਸਿੰਘ ਗੜ੍ਹਸ਼ੰਕਰ ਤੋਂ ਐਮ.ਐਲ.ਏ. ਚੁਣੇ ਗਏ।ਮੈਂ ਤੇ ਕਾਮਰੇਡ ਬਲਦੇਵ ਸਿੰਘ, ਜਥੇਦਾਰ ਵਤਨ ਸਿੰਘ ਚਾਹਲਪੁਰ, ਬਾਬਾ ਗੁਰਦਿੱਤ ਸਿੰਘ, ਹਰਬਖਸ਼ ਸਿੰਘ ਪੱਖੋਵਾਲ, ਸੋਹਣ ਸਿੰਘ ਜੱਸੋਵਾਲ, ਸਦਾ ਰਾਮ ਬਾੜੀਆਂ ਆਦਿ ਟੀਮ ਦੇ ਤੌਰ ਕੰਮ ਕਰਦੇ ਆ ਰਹੇ ਸੀ।ਕਈ ਸਾਥੀ ਪਹਿਲਾਂ ਵਿਛੜ ਗਏ, ਹੁਣ ਕਾਮਰੇਡ ਬਲਦੇਵ ਸਿੰਘ ਸੂਹੇ ਝੰਡੇ ਦਾ ਸਿਪਾਹੀ ਵਿਛੋੜਾ ਦੇ ਗਿਆ, ਕਾਫਲੇ ਚੱਲਦੇ ਰਹਿਣਗੇ ਅਤੇ ਅਧੂਰੇ ਕਾਰਜ ਨੂੰ ਪੂਰਾ ਕਰਨ ਲਈ ਸਾਥੀ ਸੰਗਰਾਮ ਕਰਦੇ ਰਹਿਣਗੇ।

ਸਾਥੀ ਬਲਦੇਵ ਸਿੰਘ ਦੀ ਖੁਸ਼ਹੈਸੀਅਤੀ ਵਿਰੋਧੀ ਮੋਰਚੇ ਵਿੱਚ ਸਾਥੀਆਂ ਨੂੰ ਜਥੇਬੰਦ ਕਰਕੇ ਜਥੇ ਭੇਜਣ ਦੀ ਡਿਊਟੀ ਪਾਰਟੀ ਵਲੋਂ ਲਗਾਈ ਹੋਈ ਸੀ।ਉਹ ਡਿਊਟੀ ਉਨ੍ਹਾਂ ਬਾਖੂਬੀ ਨਿਭਾਈ ਅਤੇ ਅਖੀਰਲੇ ਜਥੇ ਵਿੱਚ ਬਾਬੂ ਗੁਰਬਖਸ਼ ਸਿੰਘ ਬੈਂਸ ਮਾਹਿਲਪੁਰ ਦੀ ਅਗਵਾਈ ਵਿੱਚ ਸਾਥੀ ਜੇਲ੍ਹ ਲਈ ਰਵਾਨਾ ਹੋਇਆ। ਪਰ ਸਰਕਾਰ ਨੇ 123 ਕਰੋੜ ਦਾ ਖੁਸ਼ਹੈਸੀਅਤੀ ਟੈਕਸ ਉਗਰਾਉਣਾ ਬੰਦ ਕਰਕੇ ਜੇਲ੍ਹਾਂ ਵਿੱਚ ਬੰਦ ਸਾਥੀਆਂ ਨੂੰ ਰਿਹਾ ਕਰ ਦਿੱਤਾ।ਕੈਰੋਂ ਦੀ ਸਰਕਾਰ ਖੁਸ਼ਹੈਸੀਅਤੀ ਟੈਕਸ ਦਾ ਇੱਕ ਪੈਸਾ ਵੀ ਵਸੂਲ ਨਾ ਕਰ ਸਕੀ ਅਤੇ ਕਿਸਾਨ ਜਿੱਤ ਗਏ।

1961 ਵਿੱਚ ਸ਼ਹਿਰੀ ਅਜਾਦੀਆਂ ਦੀ ਬਹਾਲੀ ਲਈ ਮੋਰਚੇ ਵਿੱਚ ਸਾਥੀ ਬੇਅੰਤ ਸਿੰਘ ਬੀਹੜਾਂ, ਬਾਬਾ ਗੁਰਦਿੱਤ ਸਿੰਘ, ਕਾਮਰੇਡ ਰੁਲੀਆ ਰਾਮ ਅਧਿਆਲ ਨਾਲ ਗ੍ਰਿਫਤਾਰ ਕਰਕੇ ਸਾਥੀ ਬਲਦੇਵ ਸਿੰਘ ਨੂੰ ਵੀ ਨਾਭੇ ਜੇਲ੍ਹ ਭੇਜਿਆ ਗਿਆ। 1972 ਵਿੱਚ ਅਸੰਬਲੀ ਚੋਣਾਂ ਜਿਸ ਵਿੱਚ ਹਿੰਦ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਵਲੋਂ ਮੈਨੂੰ ਪਾਰਟੀ ਨੇ ਉਮੀਦਵਾਰ ਬਣਾਇਆ ਸੀ।ਇਸ ਚੋਣ ਵਿੱਚ ਸਾਥੀ ਮੁੱਖ ਦਫਤਰ ਚੋਣ ਇੰਚਾਰਜ ਵਲੋਂ ਸੇਵਾ ਨਿਭਾਈ ਅਤੇ ਚੋਣ ਨੂੰ ਪੂਰੀ ਯੋਜਨਾਬੰਦ ਕਰਨ ਦਾ ਕੰਮ ਕੀਤਾ। 1973 ਵਿੱਚ ਮਹਿੰਗਾਈ ਵਿਰੁੱਧ ਲੱਗੇ ਮੋਰਚੇ ਵਿੱਚ ਬਾਬੂ ਗੁਰਬਖਸ਼ ਸਿੰਘ ਦੀ ਅਗਵਾਈ ਵਿੱਚ ਨਾਭਾ ਜੇਲ੍ਹ ਵਿੱਚ ਗਏ।

ਅਬਾਦਕਾਰਾਂ ਦੇ ਘੋਲ ਵਿੱਚ ਮੁਜਾਰਿਆਂ ਦੇ ਹੱਕ ਦਿਵਾਉਣ ਲਈ ਸਿਰ ਤੇ ਕੱਫਨ ਬੰਨ ਕੇ “ਕਿਸਾਨ ਸਭਾ ਲਲਕਾਰਦੀ, ਜਮੀਨ ਕਾਸ਼ਤਕਾਰ ਦੀ” ਬਲਾਚੌਰ ਮੰਡ ਵਿੱਚ ਬੰਤਾ ਸਿੰਘ ਦੇ ਗੁੰਡਿਆਂ ਵਿਰੁੱਧ ਲਹੂਵੀਟਵੀਂ ਲੜਾਈ ਲੜੀ ਤੇ ਮੁਜਾਰਿਆਂ ਨੂੰ ਜ਼ਮੀਨ ਦਾ ਮਾਲਕ ਬਣਾਇਆ।
    
ਏ.ਬੀ.ਸੀ. ਪੇਪਰ ਮਿੱਲ ਸੈਲਾ ਖੁਰਦ, ਡੀ.ਸੀ.ਐਮ. ਅੰਸਰੋਂ ਦੇ ਵਰਕਰਾਂ ਦੇ ਘੋਲ ਵਿੱਚ ਵਧ ਚੜ ਕੇ ਹਿੱਸਾ ਪਾਇਆ, ਕਾਮਰੇਡ ਵਤਨ ਸਿੰਘ ਰਾਣੇਵਾਲ ਟੱਪਰੀਆਂ, ਨੰਬਰਦਾਰ ਕਾਬਲ ਸਿੰਘ ਗੜ੍ਹਸ਼ੰਕਰ ਨਾਲ ਮਿਲ ਕੇ ਵਰਕਰਾਂ ਲਈ ਅਨਾਜ ਤੇ ਜਮਾਨਤਾਂ ਦਾ ਪ੍ਰਬੰਧ ਕੀਤਾ।

ਪੰਜਾਬ ਦੇ ਅੱਤਵਾਦ ਦੇ ਕਾਲੇ ਦੌਰ ਵਿੱਚ ਦੇਸ਼ ਦੀ ਏਕਤਾ-ਅਖੰਡਤਾ ਦੀ ਰਾਖੀ ਲਈ- ਹਿੰਦੂ-ਸਿੱਖ ਏਕਤਾ ਲਈ, ਭਾਈਚਾਰਕ ਸਾਂਝ ਲਈ ਪਾਰਟੀ ਵਲੋਂ ਚਲਾਈਆਂ ਗਈਆਂ ਸਾਰੀਆਂ ਮੁਹਿੰਮਾ ਵਿੱਚ ਸ਼ਾਮਿਲ ਹੋਏ ਅਤੇ ਬਾ-ਦਲੀਲ ਬਹਿਸਾਂ ਕਰਕੇ ਲੋਕਾਂ ਨੂੰ ਭਾਈਚਾਰਕ ਏਕਤਾ ਬਣਾਈ ਰੱਖਣ ਲਈ ਕੰਮ ਕੀਤਾ।
1986 ਵਿੱਚ ਪਾਰਟੀ ਦਫਤਰ ਗੜ੍ਹਸ਼ੰਕਰ ਬਣਾਉਣ ਵਿੱਚ ਵੀ ਸਾਥੀ ਦਾ ਗਿਣਨਯੋਗ ਰੋਲ ਸੀ।ਕਾਮਰੇਡ ਹਰਕਿਸ਼ਨ ਸਿੰਘ ਸੁਰਜੀਤ ਜੀ ਵੀ ਆਪ ਤੇ ਬਹੁਤ ਭਰੋਸਾ ਕਰਦੇ ਸੀ।ਜਦੋਂ ਕਦੇ ਵੀ ਕਾਮਰੇਡ ਸੁਰਜੀਤ ਜੀ ਚੋਣਾ ਵੇਲੇ ਜਾਂ ਪਾਰਟੀ ਕਾਨਫਰੰਸਾਂ ਵੇਲੇ ਆਉਂਦੇ ਤਾਂ ਵੀ ਕਮਰੇਡ ਬਲਦੇਵ ਸਿੰਘ ਫਤਿਹਪੁਰ ਮੁੱਖ ਪ੍ਰਬੰਧਕ ਤੌਰ ਤੇ ਸਾਰਾ ਪ੍ਰਬੰਧ ਕਰਦੇ।ਕਾਮਰੇਡ ਸੁਰਜੀਤ ਜੀ ਵੀ ਉਚੇਚੇ ਤੌਰ ਤੇ ਕਾਮਰੇਡ ਬਲਦੇਵ ਸਿੰਘ ਨੂੰ ਬੁਲਾਉਂਦੇ।

1988 ਦੇ ਹੜ੍ਹਪੀੜਤਾ ਦੇ ਮੁਆਵਜ਼ੇ ਲਈ ਚੱਲੇ ਘੋਲ ਵਿੱਚ 1989, 1991 ਵਿੱਚ ਬੜੈਲ ਜੇਲ੍ਹ ਯਾਤਰਾ ਕੀਤੀ।ਪਾਰਟੀ ਵਲੋਂ ਲੜੀਆਂ ਜਾਂਦੀਆ ਵਿਧਾਨ ਸਭਾ ਤੇ ਲੋਕ ਸਭਾ ਚੋਣਾਂ ਵਿੱਚ ਵੀ ਪੂਰੀ ਸਰਗਰਮੀ ਨਾਲ ਹਿੱਸਾ ਪਾਉਂਦੇ ਰਹੇ ਅਤੇ ਪਲ਼ੈਨਿੰਗ ਬੋਰਡ ਦੀ ਚੋਣ ਵੇਲੇ ਸਾਰਾ ਪ੍ਰਬੰਧ ਕਾਮਰੇਡ ਬਲਦੇਵ ਸਿੰਘ ਦਾ ਹੀ ਸੀ।
ਕਾਮਰੇਡ ਬਲਦੇਵ ਸਿੰਘ ਹਿੰਦ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਦਾ ਤਹਿਸੀਲ ਕਮੇਟੀ ਮੈਂਬਰ ਅਤੇ ਪੰਜਾਬ ਕਿਸਾਨ ਸਭਾ ਦਾ ਤਹਿਸੀਲ ਤੇ ਜ਼ਿਲ੍ਹੇ ਦਾ ਆਗੂ ਸੀ।ਜਦੋਂ ਕਿੱਧਰੇ ਵੀ ਜਨਤਕ ਤੇ ਜਮਾਤੀ ਜਥੇਬੰਦੀਆਂ ਦੀ ਚੋਣ ਹੁੰਦੀ ਸੀ ਤਾਂ ਆਪ ਪਹਿਲਾਂ ਹੀ ਕਹਿ ਦਿੰਦਾ ਸੀ ਕਿ ਇਨ੍ਹਾਂ ਥਾਂਵਾ ਤੇ ਨੌਜਵਾਨਾਂ ਨੂੰ ਪਾਓ, ਮੈਨੂੰ ਅਹੁਦਾ ਨਹੀਂ ਚਾਹੀਦਾ, ਉਂਝ ਹੀ ਕੰਮ ਕਰੀ ਜਾਣਾ ਹੈ।ਕਾਮਰੇਡ ਬਲਦੇਵ ਸਿੰਘ ਮਿਸਾਲੀ ਕਾਮਰੇਡ ਸੀ।

ਕਾਮਰੇਡ ਬਲਦੇਵ ਸਿੰਘ ਦੇ ਵੱਡੇ ਪੁੱਤਰ ਇੰਦਰਜੀਤ ਸਿੰਘ ਦੀ ਕਾਫੀ ਸਮਾਂ ਪਹਿਲਾਂ ਕੈਂਸਰ ਦੀ ਨਾਮੁਰਾਦ ਬਿਮਾਰੀ ਕਰਕੇ ਮੌਤ ਹੋ ਗਈ ਅਤੇ ਪਤਨੀ ਗੁਰਮੇਜ ਕੌਰ ਵੀ 5 ਸਾਲ ਪਹਿਲਾਂ ਸਵਰਗ ਸੁਧਾਰ ਗਏ।ਕਾਮਰੇਡ ਬਲਦੇਵ ਸਿੰਘ ਆਪਣੇ ਪਿੱਛੇ ਪਾਰਟੀ ਦਾ ਪਰਿਵਾਰ ਅਤੇ ਛੋਟਾ ਪੁੱਤਰ ਸਰਬਜੀਤ ਸਿੰਘ, ਨੂੰਹਾਂ ਜਸਵਿੰਦਰ ਕੌਰ, ਜਸਵੀਰ ਕੌਰ ਨੇ ਕਾਮਰੇਡ ਬਲਦੇਵ ਸਿੰਘ ਦੀ ਬਿਮਾਰੀ ਵੇਲੇ ਸੇਵਾ ਕੀਤੀ।ਦੋਵੇਂ ਲੜਕੀਆਂ ਪਰਮਜੀਤ ਕੌਰ ਤੇ ਸੁਰਿੰਦਰ ਕੌਰ ਤੇ ਜਵਾਈ ਜਗਤਾਰ ਸਿੰਘ ਵਿਦੇਸ਼ਾਂ ਵਿੱਚ ਹੈ।ਬਾਕੀ ਪਰਿਵਾਰ ਵੀ ਵਿਦੇਸ਼ਾਂ ਵਿੱਚ ਸੈਟਲ ਹੈ।ਅੱਜ 16 ਅਗਸਤ ਦਿਨ ਐਤਵਾਰ ਗੜ੍ਹਸ਼ੰਕਰ ਤੋਂ ਬੰਗਾ ਰੋਡ ਦੇ ਸਥਿੱਤ ਪਿੰਡ ਫਤਿਹਪੁਰ ਕਲਾਂ ਵਿਖੇ ਸ਼ਰਧਾਂਜਲੀ ਸਮਾਗਮ ਹੋ ਰਿਹਾ ਹੈ।ਜਿਸ ਵਿੱਚ ਪਾਰਟੀ ਦੇ ਸਾਥੀ ਅਤੇ ਹੋਰ ਮਿੱਤਰ ਸੱਜਣ, ਰਿਸ਼ਤੇਦਾਰ, ਸਿਆਸੀ ਆਗੂ ਸ਼ਰਧਾਂਜਲੀ ਭੇਂਟ ਕਰਨਗੇ।ਪਾਰਟੀ ਦੇ ਸਾਥੀ ਕਾਮਰੇਡ ਦੇ ਅਧੂਰੇ ਕਾਰਜ ਨੂੰ ਪੂਰਾ ਕਰਨ ਦਾ ਪ੍ਰਣ ਲੈਣਗੇ।

Comments

Security Code (required)



Can't read the image? click here to refresh.

Name (required)

Leave a comment... (required)





ਨਿਬੰਧ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ