Sat, 20 April 2024
Your Visitor Number :-   6986744
SuhisaverSuhisaver Suhisaver

ਰੱਖੜੀ ਵਾਲੇ ਦਿਨ - ਰਵੇਲ ਸਿੰਘ ਇਟਲੀ

Posted on:- 13-09-2015

suhisaver

ਰੱਖੜੀ ਵਾਲੇ ਦਿਨ ਮੈਂ ਬੇਬੇ ਦੇ ਖਹਿੜੇ ਪੈ ਗਿਆ। ਬੇਬੇ ਮੈਂ ਵੀ ਰੱਖੜੀ ਬਨ੍ਹਣੀ ਹੈ।  ਬਾਪੂ ਫੌਜ ਵਿੱਚ ਨੌਕਰੀ ਕਰਦਾ ਸੀ। ਤਨਖਾਹ ਨਾ ਆਉਣ ਕਾਰਨ ਘਰ ਵਿਚ ਤੰਗੀ ਸੀ । ਇਹ ਤਾਂ ਬੇਬੇ ਹੀ ਜਾਣਦੀ ਸੀ, ਪਰ ਮੈਂ ਅੱਧਾ ਕੁ ਦਿਨ ਖਹਿੜੇ ਪਿਆ ਰਿਹਾ ਕਿ ਬੇਬੇ ਮੈਂ ਅੱਜ ਰੱਖੜੀ ਬਨ੍ਹਣੀ ਹੈ, ਮੈਨੂੰ ਰੱਖੜੀ ਲਈ ਹੱਟੀਓਂ ਪਸ਼ਮ ਲਿਆ ਕੇ ਦਿਓ । ਉਨ੍ਹਾਂ ਸਮਿਆਂ ਵਿੱਚ ਪਸ਼ਮ ਦੇ ਰੰਗ ਬਰੰਗੇ ਧਾਗਿਆਂ ਨਾਲ ਰੱਖੜੀਆਂ ਆਮ ਤੌਰ ਤੇ ਘਰਾਂ ਵਿੱਚ ਆਪ ਹੀ ਬਣਾ ਲਈਆਂ ਜਾਂਦੀਆ ਸਨ । ਬੇਬੇ ਮੈਨੂੰ ਲਾਰੇ ਲਾਉਣ ਲਾਉਣ ਲਈ ਬਥੇਰਾ ਕਹੇ ਕਿ ਪੁੱਤ ਰੱਖੜੀ ਤਾਂ ਭਰਾਵਾਂ ਦੇ ਗੁੱਟ ’ਤੇ ਭੈਣਾਂ ਹੀ ਬੰਨ੍ਹਦੀਆਂ ਹਨ, ਤੇਰੀ ਕਿਹੜੀ ਭੈਣ ਹੈ, ਜਿਨ੍ਹੇ ਤੈਨੂੰ ਰੱਖੜੀ ਬਨ੍ਹਣੀ ਹੈ। ਪਰ ਮੈਂ ਨਾ ਮੰਨਾਂ ਤੇ ਕਹਾਂ ਤਾਂ ਕੀ ਹੋਇਆ ਮੈਨੂੰ ਪਸ਼ਮ ਲਿਆ ਕੇ ਰੱਖੜੀ ਬਨਾ ਦਿਓ ਲਿਆ ਦੇ ਮੈਂ ਆਪ ਹੀ ਅੱਪਨੇ ਗੁੱਟ ਤੇ ਬਨ੍ਹ ਲਊਂਗਾ ,ਪਰ ਘਰ ਵਿੱਚ ਰੱਖੜੀ ਬਣਾਉਣ ਲਈ ਪਸ਼ਮ ਦਾ ਧਾਗਾ ਖਰੀਦਣ ਲਈ ਪੈਸੇ ਨਹੀਂ ਸਨ ।

ਆਖਰ ਮੇਰੀ ਜਿ਼ੱਦ ਵੇਖ ਕੇ ਬੇਬੇ ਮੈਨੂੰ ਕਹਿਣ ਲੱਗੀ ਜਾ ਵਰਿਆਮੇ ਦੀ ਹੱਟੀ ਤੋਂ ਪਸ਼ਮ ਲੈ ਆ। ਮੈਂ ਉਸਦੀ ਰੱਖੜੀ ਬਣਾ ਕੇ ਤੇਰੇ ਹੱਥ ਤੇ ਆਪ ਬਨ੍ਹ ਦਿਆਂਗੀ । ਮੈਂ ਮੰਨ ਗਿਆ ਤੇ ਵਰਿਆਮੇ ਦੀ ਹੱਟੀ ਤੋਂ ਰੱਖੜੀ ਲਈ ਪਸ਼ਮ ਦਾ ਧਾਗਾ ਲੈਣ ਲਈ ਚਲਾ ਗਿਆ। ਮੈਨੂੰ ਇਹ ਵੀ ਪਤਾ ਨਹੀਂ ਸੀ ਕਿ ਪੈਸੇ ਤੋਂ ਬਿਨਾਂ ਰੱਖੜੀ ਦੀ ਪਸ਼ਮ ਦਾ ਧਾਗਾ ਹੱਟੀ ਤੋਂ ਨਹੀਂ ਮਿਲਦਾ ਹੈ ।

ਭਾਰਤ ਤੋਂ ਪਹਿਲੇ ਸਾਂਝੇ ਪੰਜਾਬ ਵਾਲਾ ਸਾਡਾ ਪਿੰਡ ਬਹੁਤ ਵੱਡਾ ਸੀ ਤੇ ਵਰਿਆਮੇ ਦੀ ਹੱਟੀ ਦੂਰ ਪਿੰਡ ਦੇ ਬਾਹਰ ਵਾਰ ਮੇਰੇ ਸਕੂਲ ਦੇ ਰਾਹ ਵਿੱਚ ਆਉਂਦੀ ਸੀ। ਮੈਂ ਹੱਟੀ ਕਾਹਲੀ ਕਾਹਲੀ ਅੱਗੇ ਦੁਕਾਨ ਤੇ ਗਾਹਕਾਂ ਦੀ ਵਾਹਵਾ ਭੀੜ ਸੀ । ਬੜੀ ਮੁਸ਼ਕਲ ਨਾਲ ਮੇਰੀ ਵਾਰੀ ਆਈ ਮੈਂ ਹੱਟੀ ਵਾਲੇ ਨੂੰ ਕਿਹਾ ਮੈਨੂੰ ਰੱਖੜੀ ਵਾਲੀ ਪਸ਼ਮ ਦੇ। ਹੱਟੀ ਵਾਲਾ ਬੋਲਿਆ ਪੈਸੇ ਕੱਢ।ਮੇਰੇ ਕੋਲ ਪੈਸੇ ਨਹੀਂ ਸਨ।ਕਹਿਣ ਲੱਗਾ ਜਾ ਘਰ ਜਾ ਕੇ ਛੇਤੀ ਪੈਸੇ ਲੈ ਕੇ ਆ ਨਹੀਂ ਤਾਂ ਰੱਖੜੀਆਂ ਦੀ ਪਸ਼ਮ ਖਤਮ ਹੋ ਜਾਣੀ ਹੈ । ਮੈਂ ਛੇਤੀ ਛੇਤੀ ਘਰ ਨੂੰ ਮੁੜਿਆ। ਸ਼ਾਮਾਂ ਪੈ ਚੁੱਕੀਆਂ ਸਨ। ਬੇਬੇ ਕਹਿਣ ਲੱਗੀ ਲੈ ਆਇਆਂ ਏਂ ਪਸ਼ਮ। ਮੈਂ ਉਦਾਸ ਜਿਹੇ ਮਨ ਨਾਲ ਬੇਬੇ ਦੇ ਮੂੰਹ ਵੱਲ ਝਾਕਦੇ ਕਿਹਾ ਨਹੀਂ, ਵਰਿਆਮਾ ਭਾਊ ਕਹਿੰਦਾ ਏ ਜਾਹ ਘਰ ਜਾ ਤੇ ਪੈਸੇ ਲਿਆ ਪਸਮ਼ ਤਾਂ ਮਿਲੇਗੀ। ਮੇਰੀ ਇਹ ਮਾਸੂਮੀਅਤ ਤੇ ਆਪਣੀ ਮਜਬੂਰੀ ਵੇਖ ਕੇ ਬੇਬੇ ਦੀਆਂ ਅੱਖਾਂ ਵਿੱਚ ਗਲੇਡੂ ਭਰ ਆਏ, ਪਰ ਉਸ ਨੇ ਮੇਰੇ ਕੋਲੋਂ ਆਪਣਾ ਭੁਆਂ ਕੇ ਮੈਨੂੰ ਪਿਆਰ ਨਾਲ ਗੋਦੀ ਵਿੱਚ ਲੈ ਲਿਆ ।

ਕੋਲ ਬੈਠੀ ਦਾਦੀ ਇਹ ਸਭ ਕੁਝ ਵੇਖ ਰਹੀ ਸੀ, ਉਹ ਆਮ ਤੌਰ ਤੇ ਘਰ ਵਿੱਚ ਉੱਨ ਦੇ ਤੇ ਕੁਝ ਵਾਧੂ ਘਾਟੂ ਮੋਟੇ ਸੂਤ ਦੇ ਨਵੇਂ ਪਰਾਣੇ ਧਾਗਿਆਂ ਦੇ ਟੋਟੇ ਸੰਭਾਲ ਛੱਡਦੀ ਸੀ । ਦਾਦੀ ਬੇਬੇ ਨੂੰ ਉਹ ਧਾਗਿਆਂ ਦੇ ਟੋਟੇ ਬੇਬੇ ਦੇ ਹੱਥ ਵਿੱਚ ਚੁੱਪ ਚੁਪੀਤੇ ਫੜਾ ਕੇ ਕਹਿਣ ਲੱਗੀ ਚੱਲ ਨਹੀਂ ਤਾਂ ਨਾ ਸਹੀ ਤੂੰ ਦਫਾ ਕਰ ਵਰਿਆਮੇ ਨੂੰ ਨਹੀਂ ਦਿੰਦਾ ਤਾਂ ਨਾ ਦੇਵੇ ਤੇਰੀ ਬੇਬੇ ਆਪੇ ਰੱਖੜੀ ਘਰੇ ਹੀ ਬਣਾ ਦਿੰਦੀ ਹੈ । ਬੇਬੇ ਨੇ ਉਨ੍ਹਾਂ ਧਾਗਿਆਂ ਚੋਂ ਕੁਝ ਰੰਗ ਬਰੰਗੇ ਧਾਗੇ ਚੁਣ ਕੇ ਬੜੇ ਪਿਆਰ ਨਾਲ ਸੱਚੇ ਤੇ ਸੁੱਚੇ ਮੋਹ ਦੀਆਂ ਕੁਝ ਫੁੱਲਾਂ ਵਰਗੀਆਂ ਗੰਢਾਂ ਦੇ ਕੇ ਰੱਖੜੀ ਵਰਗਾ ਧਾਗਾ ਬਨਾ ਕੇ ਮੇਰੇ ਗੁੱਟ ਤੇ ਬਨ੍ਹ ਦਿੱਤਾ ।

ਰੱਖੜੀ ਬਨ੍ਹ ਕੇ ਮੈਂ ਬੜਾ ਖੁਸ਼ ਹੋਇਆ। ਤ੍ਰਿਕਾਲਾਂ ਦੀ ਲਾਲੀ ਦੇ ਖਤਮ ਹੋਣ ਤੱਕ ਰੰਗ ਬਰੰਗੇ ਰੰਗਾਂ ਵਿੱਚ ਦਾਦੀ ਮਾਂ ਤੇ ਬੇਬੇ ਦੀਆਂ ਮੋਹ ਭਿੱਜੀਆਂ ਕੁਝ ਤੰਦਾਂ ਜੋ ਬੇਬੇ ਨੇ ਬੜੇ ਚਾਅ ਨਾਲ ਮੇਰੇ ਗੁੱਟ ਤੇ ਬਨ੍ਹ ਦਿੱਤੀਆਂ ਨੂੰ ਬਾਰ ਬਾਰ ਆਪਣਾ ਗੁੱਟ ਘੁਮਾ ਘੁਮਾ ਕੇ ਬੜੇ ਚਾਅ ਨਾਲ ਨੀਝ ਕਲਾ ਕੇ ਵੇਖਦਾ ਸਾਂ । ਦਾਦੀ ਕਹਿੰਦੀ ਚੱਲ ਸੌਂ ਜਾ ਹੁਣ ਮੇਰਾ ਬੀਬਾ ਪੁੱਤ ਸਵੇਰੇ ਵੇਖ ਲਵੀਂ ,ਪਰ ਮੈਂ ਕਿਹਾ ਦਾਦੀ ਰੱਖੜੀ ਤਾਂ ਅੱਜ ਦਾ ਦਿਨ ਹੀ ਹੈ ,ਕੱਲ ਨੂੰ ਵੇਖਣ ਦੀ ਕੀ ਲੋੜ ਹੈ ਇਸ ਨੂੰ । ਏਦਾਂ ਹੀ ਰੱਖੜੀ ਨੂੰ ਹਨੇਰੇ ਵਿੱਚ ਵੀ ਵੇਖਦੇ ਹੀ ਪਤਾ ਨਹੀਂ ਮੈਨੂੰ ਕਦੋਂ ਨੀਂਦ ਆ ਗਈ ।

ਸਵੇਰੇ ਦੂਜੇ ਦਿਨ ਡਾਕੀਆ ਆਇਆ ਤੇ ਮਨੀ ਆਰਡਰ ਵਾਲੇ ਫਾਰਮ ਤੇ ਮਾਂ ਦਾ ਅੰਗੂਠਾ ਲੁਆ ਕੇ ਬਾਪੂ ਦੇ ਭੇਜੇ ਹੋਏ ਪੈਸੇ ਦੇ ਕੇ ਚਲਾ ਗਿਆ । ਮਾਂ ਹੱਟੀ ਗਈ ਤੇ ਸੇਰ ਲੱਡੂ ਲਿਆ ਕੇ ਕਹਿਣ ਲੱਗੀ ਲੈ ਪੁੱਤ ਰੱਖੜੀ ਤਾਂ ਤੈਨੂੰ ਮੈਂ ਕੱਲ ਬਨ੍ਹ ਹੀ ਦਿੱਤੀ ਸੀ । ਅੱਜ ਮੂੰਹ ਮਿੱਠਾ ਵੀ ਕਰ ਲੈ। ਹੁਣ ਮੈਂ ਹੀ ਤੇਰੀ ਮਾਂ ਵੀ ਹਾਂ ਤੇ ਭੈਣ ਵੀ। ਰੱਬ ਕਰੇ ਤੇਰੀ ਵੀ ਕੋਈ ਭੈਣ ਹੋਵੇ ਤੇ ਤੇਰੇ ਗੁੱਟ ਤੇ ਰੱਖੜੀ ਬਨ੍ਹ ਕੇ ਤੇਰੇ ਭੈਣ ਭਰਾ ਦੇ ਮੋਹ ਭਰੇ ਰਿਸ਼ਤੇ ਦੀ ਘਾਟ ਪੂਰੀ ਕਰੇ ।

ਅੱਜ ਮਾਂ ਨਹੀਂ, ਬਾਪੂ ਵੀ ਨਹੀਂ, ਦਾਦੀ ਨੂੰ ਤਾਂ ਇਸ ਸੰਸਾਰ ਤੋਂ ਤੁਰ ਗਈ ਨੂੰ ਢੇਰ ਸਾਰਾ ਸਮਾਂ ਹੋ ਚੁਕਾ ਹੈ। ਅੱਜ ਵਧੀਆ ਤੋਂ ਵਧੀਆ ਤੇ ਅਨੇਕਾਂ ਰੰਗਾਂ ਦੀਆਂ ਕੀਮਤੀ ਰੱਖੜੀਆਂ ਭੈਣ ਭਰਾ ਦੇ ਮੋਹ ਦਰਸਾਉਂਦੀਆਂ ਭੈਣਾਂ ਨੂੰ ਭਰਾਵਾਂ ਦੇ ਹੱਥਾਂ ਨੂੰ ਬੰਨ੍ਹਦੀਆਂ ਜਦ ਵੇਖਦਾ ਹਾਂ ਤਾਂ ਬੀਤੇ ਸਮੇਂ ਦੇ ਦਾਦੀ ਮਾਂ ਦੇ ਸੱਚੇ ਸੁੱਚੇ ਪਿਆਰ ਬੰਧਣ ਦੇ ਉਹ ਕੁਝ ਰੰਗ ਬਿਰੰਗੇ ਧਾਗਿਆਂ ਦੀਆਂ ਕੁਝ ਸਾਦ ਮੁਰਾਦੀਆਂ ਤੰਦਾਂ ਵਾਲੀ ਅਤੇ ਤੰਗੀਆਂ ,ਮਜਬੂਰੀਆਂ ਦੇ ਦਿਨ ਵੀ ਯਾਦ ਆਏ ਬਿਨਾਂ ਨਹੀਂ ਰਹਿੰਦੇ ।

ਨਾਲ ਸਮੇਂ ਦੇ ਬਦਲ ਗਿਆ ਹੈ , ਖਾਣਾ ,ਪੀਣਾ ,ਬਾਣਾ ,
ਬੜੀ ਵਾਰ ਪਰ ਯਾਦ ਹੈ ਆਉਂਦਾ ਬੀਤਿਆ ਸਮਾਂ ਪੁਰਾਣਾ ।
ਸਾਦ ਮੁਰਾਦੇ ,ਸਿੱਧੇ ਸਾਦੇ , ਪਿੰਡਾਂ ਦੇ ਸਨ ਲੋਕ ,
ਜਾਤ ਪਾਤ ਦੇ ਭੇਤ ਭਾਵ ਬਿਨਾਂ ਰਲ ਮਿਲ ਸਮਾਂ ਲੰਘਾਣਾ ।
ਮਾਂ ਜਾਏ ਸਨ ਵਾਂਗ ਗਵਾਂਢੀ , ਨਾ ਕੋਈ ਵੈਰ ਵਿਰੋਧ ,
ਦੁੱਖ ਸੁੱਖ ਸਮੇਂ ਇਕੱਠੇ ਹੋਣਾ ਸੱਭਣਾਂ ਦੇ ਕੰਮ ਆਣਾ ।
ਪਿੰਡ ਦੀਆਂ ਸੱਥਾਂ ਦੇ ਵਿੱਚ ਬਹਿਣਾ ਕਰਨੇ ਹਾਸੇ ਠੱਠੇ ,
ਨਾ ਕੋਈ ਚੁਗਲੀ ਨਾ ਨਿੰਦਿਆ ਕਰਨੀ ਹੱਸਣਾ ਅਤੇ ਹਸਾਣਾ ।
ਮਾਂ ਮਰ ਜਾਂਵਾਂ,ਮਾਂ ਹੀ ਕਹਿੰਦੀ ਪੁੱਤ ਨੂੰ ਆਪਣਾ ਆਪ ਭੁਲਾ ਕੇ,
ਮਾਂ ਦੀ ਗੋਦੀ ਦਾ ਨਿੱਘ ਵੱਖਰਾ , ਔਖਾ ਹੈ ਭੁੱਲ ਜਾਣਾ ।
ਪਿਆਰ ਤੇ ਮੋਹ ਦੀਆਂ ਤੰਦਾਂ ਸ਼ਾਲਾ , ਰਹਿਣ ਪੀਡੀਆਂ ਗੰਢਾਂ ,
ਰਹੇ ਜੁੱਗੋ ਜੁੱਗ , ਕਦੇ ਨਾ ਟੁੱਟੇ ,ਬੁਣਿਆ ਤਾਣਾ ਬਾਣਾ ।
ਬਣੇ ਰਹਿਣ ਸੱਭ ਰਿਸ਼ਤੇ ਸਾਂਝਾਂ , ਮੌਲੇ ਪਿਆਰ ਮੁਹੱਬਤ ,
ਜੀਵੇ ਸੱਭਿਆਚਾਰ ਪੰਜਾਬੀ , ਹੱਸਣਾ ਨੱਚਣਾ ਗਾਣਾ ।

Comments

Security Code (required)



Can't read the image? click here to refresh.

Name (required)

Leave a comment... (required)





ਨਿਬੰਧ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ