Tue, 16 April 2024
Your Visitor Number :-   6976272
SuhisaverSuhisaver Suhisaver

"ਬੱਲ! ਆਹ ਪੱਗ ਦੀ ਪੂਣੀ ਤਾਂ ਕਰਾਈਂ ਆ ਕੇ ਕੇਰਾਂ"... - ਕਰਨ ਬਰਾੜ ਹਰੀ ਕੇ ਕਲਾਂ

Posted on:- 20-04-2016

suhisaver

ਮਾਮਾ ਸਾਡਾ ਆਵਦੀ ਜਵਾਨੀ 'ਚ ਬਾਹਲ਼ਾ ਸ਼ੌਕੀਨ ਸੀ, ਪੜ੍ਹਿਆ ਲਿਖਿਆ ਚੰਗੀ ਨੌਕਰੀ ਲੱਗਿਆ ਸਾਹਿਤ ਦਾ ਰਸੱਈਆ। ਜਿਸ ਦੀਆਂ ਅਲਮਾਰੀਆਂ ਦੁਨੀਆ ਭਰ ਦੇ ਸਾਹਿਤ ਨਾਲ ਭਰੀਆਂ ਰਹਿੰਦੀਆਂ। ਪਤਾ ਨਹੀਂ ਇਸ ਇਨਸਾਨ ਨੇ ਕਿੰਨੇ ਕੁ ਲੋਕਾਂ ਨੂੰ ਸਾਹਿਤ ਅਤੇ ਜ਼ਿੰਦਗੀ ਨਾਲ ਜੋੜਿਆ। ਮੇਰੇ ਵਿਚ ਬਹੁਤ ਕੁਝ ਇਸ ਇਨਸਾਨ ਦਾ ਹੀ ਝਲਕਦਾ ਜੇ ਮੈਂ ਸਾਹਿਤ ਅਤੇ ਕਲਾ ਨੂੰ ਜਾਣਦਾ ਤਾਂ ਇਸੇ ਕਰਕੇ ਹੀ ਜਾਣਦਾ।

ਜਦੋਂ ਵੀ ਅਸੀਂ ਗਰਮੀਆਂ ਵਿਚ ਛੁੱਟੀਆਂ ਕੱਟਣ ਮਹੀਨਾ ਮਹੀਨਾ ਨਾਨਕੀ ਜਾਂਦੇ ਤਾਂ ਦੇਖਦੇ ਕਿ ਮਾਮੇ ਨੇ ਸਵੇਰੇ ਨਹਾ ਧੋ ਕੇ ਕੰਮ ਤੇ ਜਾਣ ਵੇਲੇ ਮਾਮੀ ਨੂੰ ਆਵਾਜ਼ ਮਾਰਨੀ "ਬੱਲ! ਆਹ ਪੱਗ ਦੀ ਪੂਣੀ ਤਾਂ ਕਰਾਈਂ ਆ ਕੇ ਕੇਰਾਂ....!

ਮਾਮੀ ਵੀ ਜਿਵੇਂ ਇਹੀ ਆਵਾਜ਼ ਉਡੀਕਦੀ ਸਾਰੇ ਕੰਮ ਛੱਡ ਪੱਗ ਦੀ ਪੂਣੀ ਕਰਵਾਉਣ ਲੱਗ ਜਾਂਦੀ। ਬਾਅਦ 'ਚ ਮਾਮੇ ਅੰਦਰ ਅਲਮਾਰੀ ਕੋਲ ਜਾਣਾ ਜਿਸ ਦੇ ਇੱਕ ਪਾਸੇ ਦਸਮ ਪਾਤਸ਼ਾਹ ਦੀ ਤਸਵੀਰ ਹੁੰਦੀ ਸੀ ਤੇ ਦੂਜੇ ਪਾਸੇ ਵੱਡਾ ਸ਼ੀਸ਼ਾ ਹੁੰਦਾ ਜਿੱਥੇ ਉਹ ਕੁਝ ਨਾ ਕੁਝ ਗੁਣ-ਗਣਾਉਂਦਾ ਚਿਣ ਚਿਣ ਕੇ ਬਾਹਲ਼ੀ ਸੋਹਣੀ ਪੇਚਾਂ ਵਾਲੀ ਪੱਗ ਬੰਨ੍ਹਦਾ ਜੋ ਉਸਦੇ ਫੱਬਦੀ ਵੀ ਬਾਹਲ਼ੀ ਸੀ।

ਇਹ ਸਿਲਸਿਲਾ ਬਾਹਲ਼ੀ ਮੈਦ ਹਰ ਰੋਜ਼ ਬਿਨ ਨਾਗ਼ਾ ਇਵੇਂ ਹੀ ਚੱਲਦਾ। ਮਾਮੀ ਦੇ ਨਾਲ ਨਾਲ ਸਾਨੂੰ ਵੀ ਜਿਵੇਂ ਇਸੇ ਆਵਾਜ਼ ਦੀ ਉਡੀਕ ਰਹਿੰਦੀ ਕਿ "ਬੱਲ! ਆਹ ਪੱਗ ਦੀ ਪੂਣੀ ਤਾਂ ਕਰਾਈਂ ਆ ਕੇ ਕੇਰਾਂ....! ਪਰ ਇਸ ਖ਼ੂਬਸੂਰਤ ਸਮੇਂ ਦੇ ਨਾਲ ਨਾਲ ਰੱਬ ਦੀ ਐਸੀ ਕਰਨੀ ਕਿ ਮਾਮੀ ਨੂੰ ਸ਼ੂਗਰ ਦੀ ਐਸੀ ਭੈੜੀ ਬਿਮਾਰੀ ਚਿੰਬੜੀ ਕਿ ਉਹ ਘਟਦੀ ਘਟਦੀ ਅੱਧੀ ਰਹਿ ਗਈ ਤੇ ਬਿਮਾਰੀ ਵਧਦੀ ਵਧਦੀ ਮਾਰੂ ਹੱਦ ਤੱਕ ਵੱਧ ਗਈ। ਇਲਾਜ ਵੱਲੋਂ ਦਿੱਲੀ ਦੱਖਣ ਤੱਕ ਗਾਹ ਮਾਰੇ ਪਰ ਆਰਾਮ ਕਿਤੇ ਵੀ ਨਹੀਂ ਸੀ। ਸੌ ਪਰਹੇਜ਼ ਵੀ ਕੀਤੇ ਪਰ ਡੁੱਬਦੀ ਨੂੰ ਢੋਈ ਕਿਤੋਂ ਵੀ ਨਾ ਮਿਲੀ ਰੋਜ਼ ਟੀਕੇ ਲੱਗਦੇ। ਉਹ ਹੱਡੀਆਂ ਦੀ ਮੁੱਠ ਰਹਿ ਗਈ ਪਰ ਉਹ ਸਵੇਰੇ ਉਹੀ ਆਵਾਜ਼ ਉਡੀਕਦੀ ਰਹਿੰਦੀ ਤੇ ਮੰਜੇ ਤੇ ਬੈਠੀ ਪੱਗ ਦੀ ਪੂਣੀ ਕਰਾਉਂਦੀ ਰਹੀ।

ਮਾਮੀ ਨੇ ਕਦੇ ਕਦੇ ਹਾਸੇ ਹਾਸੇ ਵਿਚ ਕਹਿਣਾ......

"ਬੋਲਦਾ ਨੀ ਜੇ ਮੈਂ ਨਾ ਰਹੀ ਤਾਂ ਪੂਣੀ ਕਿਸਤੋਂ ਕਰਵਾਏਂਗਾ ਦਸ ਖ਼ਾਂ ਭਲਾਂ".....
ਅੱਗੋਂ ਮਾਮੇ ਨੇ ਗ਼ੁੱਸੇ ਹੋਣਾ... "ਏਦਾਂ ਵੀ ਬੋਲੀਦਾ, ਠੀਕ ਤਾਂ ਹੈਂ ਤੂੰ, ਤੈਨੂੰ ਕੀ ਹੋਇਆ ਕੋਈ ਨਾ ਰੱਬ ਭਲੀ ਕਰੂ ਨਾਲ਼ੇ ''ਬੱਲ'' ਤੇਰੇ ਤੋਂ ਬਿਨਾਂ ਪੂਣੀ ਵਾਲੀ ਪੱਗ ਬੰਨ੍ਹਣੀ ਵੀ ਕੀਹਨੇ ਆ"।

ਉਦੋਂ ਤਾਂ ਜਿਵੇਂ ਕਿਵੇਂ ਮਾਮੀ ਆਪਾ ਰੋਕ ਲੈਂਦੀ ਪਰ ਮਗਰੋਂ ਉਸਦੀਆਂ ਅੱਖਾਂ ਕਈ ਕਈ ਘੰਟੇ ਨਾ ਸੁੱਕਦੀਆਂ ਉੱਧਰ ਸਹਿ ਸੁਭਾਅ ਮੂੰਹੋਂ ਨਿਕਲੇ ਬਿਨਾਂ ਪੂਣੀ ਆਲੇ ਬੋਲ ਮਾਮੇ ਨੂੰ ਸਾਰਾ ਦਿਨ ਕੰਮ ਤੇ ਟਿਕਣ ਨਾ ਦਿੰਦੇ।

ਕਰਦੇ ਕਰਾਉਂਦਿਆਂ ਬਿਮਾਰੀ ਇਕਦਮ ਐਸੀ ਵਧੀ ਕਿ ਪਹਿਲਾਂ ਪੈਰ ਦਾ ਅੰਗੂਠਾ ਗਲ ਗਿਆ ਉਹ ਕੱਟਣਾ ਪਿਆ ਫਿਰ ਪੈਰ ਅਖੀਰ ਅੱਗੇ ਦੀ ਅੱਗੇ ਲੱਤ ਦੀ ਹੱਡੀ ਗੱਲ ਗਈ ਉਹ ਵੀ ਕੱਟਣੀ ਪਈ। ਮਾਮੀ ਦੀ ਹਾਲਤ ਬਦ ਤੋਂ ਬੱਤਰ ਹੁੰਦੀ ਗਈ। ਡਾਕਟਰ ਵੀ ਜਵਾਬ ਦੇ ਦਿੰਦੇ ਕਿ ਕਿਉਂ ਤੰਗ ਕਰਦੇ ਹੋ ਵਿਚਾਰੀ ਨੂੰ ਹਸਪਤਾਲ ਲਿਆ ਲਿਆ ਹੁਣ ਤਾਂ ਬੱਸ ਸੇਵਾ ਹੀ ਆ ਉਹ ਕਰ ਲਓ।

ਮੈਂ ਦੇਖਦਾ ਕਿ ਅਖੀਰਲੇ ਦਿਨੀਂ ਮਾਮੀ ਦਾ ਮੰਜਾ ਚੌਂਤਰੇ ਤੇ ਸੀ ਮਾਮਾ ਕੋਲ ਜੰਗਲੇ ਨਾਲ ਪੱਗ ਬੰਨ੍ਹ ਕੇ ਪੂਣੀ ਕਰਦਾ ਸੀ ਸਰੀਏ ਨਾਲੋਂ ਲੜ ਖੁੱਲ੍ਹ ਗਿਆ ਤੇ ਸਾਰੀ ਪੱਗ ਲਿੱਬੜ ਗਈ। ਕੋਲ ਪਈ ਮਾਮੀ ਦਾ ਸਰ੍ਹਾਣਾ ਹੰਝੂਆਂ ਨਾਲ ਗਿੱਲਾ ਸੀ। ਮਾਮਾ ਦੂਜੀ ਪੱਗ ਲਿਆਇਆ ਤਾਂ ਮਾਮੀ ਨੇ ਚੁੰਨੀ ਦੇ ਲੜ ਨਾਲ ਅੱਖਾਂ ਪੂੰਝਦਿਆਂ ਕਿਹਾ "ਬੋਲਦਾ ਨੀ ਵੇਖੀਂ ਰੋਕੀਂ ਨਾ ਮੇਰਾ ਜੀ ਕਰਦਾ, ਜੇ ਮੈਂ ਠੀਕ ਹੁੰਦੀ ਤਾਂ ਮੈਂ ਹੀ ਪੂਣੀ ਕਰਵਾਉਂਦੀ, ਮੇਰਾ ਆਖਾ ਨਾ ਮੋੜੀਂ, ਉਵੇਂ ਹੀ ਆਵਾਜ਼ ਮਾਰ"।

ਮਾਮੇ ਦਾ ਗੱਚ ਭਰ ਆਇਆ ਪਰ ਉਹ ਕਰਮਾਂ ਮਾਰੀ ਮਰਜਾਣੀ ਦਾ ਕਿਹਾ ਨਾ ਮੋੜਦਿਆਂ ਬਹੁਤ ਕੁੱਝ ਇਕੱਠਾ ਕਰ ਜਿਵੇਂ ਕਿਵੇਂ ਉਸ ਆਵਾਜ਼ ਮਾਰੀ "ਬੱਲ! ਆਹ ਪੱਗ ਦੀ ਪੂਣੀ ਤਾਂ"........ ਬਾਕੀ ਆਵਾਜ਼ ਉਸਦੇ ਸੰਘ ਵਿਚ ਫੁੱਲ ਗਈ।

ਸਭ ਦੇ ਰੋਕਦਿਆਂ ਰੋਕਦਿਆਂ ਮਾਮੀ ਨੇ ਪਈ ਪਈ ਨੇ ਕਿਸੇ ਅਸੀਮ ਸ਼ਕਤੀ ਨਾਲ ਹੱਦਾਂ ਦੇ ਹੜ੍ਹ ਦਰਦਾਂ 'ਚ ਵਿੰਨ੍ਹੀਂ ਨੇ ਓਵੇਂ ਹੀ ਪੂਣੀ ਕਰਵਾਈ। ਨਾਲ਼ੇ ਆਪ ਰੋਈ ਨਾਲ਼ੇ ਸਾਰੇ ਟੱਬਰ ਨੂੰ ਰਵਾਇਆ।

ਉਸ ਦਿਨ ਜਿੰਦਗੀ 'ਚ ਪਹਿਲੀ ਵਾਰ ਮੈਂ ਮਾਮੇ ਨੂੰ ਰੋਂਦਿਆਂ ਵੇਖਿਆ ਜਿਵੇਂ ਉਸਦਾ ਅੰਦਰ ਪਾਟ ਗਿਆ ਹੋਵੇ। ਜਿਵੇਂ ਚਿਰਾਂ ਦਾ ਬੰਨ੍ਹਿਆ ਬੰਨ੍ਹ ਟੁੱਟ ਗਿਆ ਹੋਵੇ ਜਿਵੇਂ ਉਸ ਨੂੰ ਪਤਾ ਸੀ ਇਹ ਬੱਲ ਦੀ ਆਖ਼ਰੀ ਪੱਗ ਦੀ ਪੂਣੀ ਆ ਉਸਦੀਆਂ ਧਾਹਾਂ ਨਿੱਕਲ ਗਈਆਂ.....

"ਨਹੀਂ ਬੱਲ ਮੈਂ ਤੈਨੂੰ ਜਾਣ ਨੀ ਦੇਣਾ ਅਸੀਂ ਤੇਰਾ ਇਲਾਜ਼ ਕਰਾਵਾਂਗੇ ਵੇਖੀਂ ਤੂੰ ਠੀਕ ਹੋ ਜਾਣਾ, ਦੇਖੀਂ ਦਿਨਾਂ 'ਚ ਹੀ ਪ੍ਰਮਾਤਮਾ ਨੇ ਸਭ ਠੀਕ ਕਰ ਦੇਣਾ ਹੁਣ ਤਾਂ ਡਾਕਟਰ ਨਵੀਂ ਲੱਤ ਲਾ ਕੇ ਬੰਦੇ ਨੂੰ ਖੜਾ ਕਰ ਦਿੰਦੇ ਹੈ ਤੁਰਨ ਲਾ ਦਿੰਦੇ ਆ, ਵੇਖੀਂ "ਬੱਲ" ਤੂੰ ਠੀਕ ਹੋ ਜਾਣਾ ਫਿਰ ਆਪਾਂ ਤੇਰੇ ਤੋਂ ਹੀ ਪੂਣੀ ਕਰਵਾਉਣੀ ਆ ਫਿਰ ਜੰਗਲੇ ਦੇ ਸਰੀਏ ਨਾਲ ਬੰਨ੍ਹਣ ਦੀ ਲੋੜ ਹੀ ਨੀਂ ਪੈਣੀ ਨਾ ਹੀ ਪੱਗ ਲਿੱਬੜਨੀ ਆ, ਵੇਖੀਂ ਮੈ ਵਾਜ਼ ਮਾਰੂੰ ਬੱਲ ਪੱਗ ਦੀ ਪੂਣੀ ਤਾਂ ਕਰਾ ਦੇ ਕੇਰਾਂ"।

ਮਾਮਾ ਰੋਂਦਾ ਆਪਣੇ ਆਪ ਤੇ ਮਾਮੀ ਨੂੰ ਧਰਵਾਸੇ ਦਿਲਾਸੇ ਝੂਠੀਆਂ ਤਸੱਲੀਆਂ ਦੇ ਮਨ ਸਮਝਾ ਰਿਹਾ ਸੀ। ਪਤਾ ਉਸਨੂੰ ਵੀ ਸੀ ਤੇ ਮਾਮੀ ਨੂੰ ਵੀ ਕਿ ਉਹ ਦਿਨ ਕਦੇ ਨਹੀਂ ਆਉਣੇ। 'ਤੇ ਰੱਬ ਦਾ ਭਾਣਾ ਕਿ ਉਹ ਦਿਨ ਮੁੜ ਕੇ ਕਦੇ ਆਏ ਵੀ ਨਾ। ਅਖੀਰ ਸਭ ਦੇ ਰੋਂਦਿਆਂ ਕਰਲਾਉਂਦਿਆਂ ਅਰਦਾਸਾਂ ਕਰਦਿਆਂ ਦਿਨਾਂ ਵਿਚ ਹੀ ਮਾਮੀ ਸਭ ਦੇ ਹੱਥਾਂ ਵਿਚੋਂ ਉੱਡਦੀ ਉੱਡਦੀ ਅਖੀਰ ਉੱਥੇ ਉਡਾਰੀ ਮਾਰ ਹੀ ਗਈ ਜਿੱਥੋਂ ਕੋਈ ਨਹੀਂ ਮੁੜਦਾ। ਨਾਨਕਿਆਂ ਦੇ ਘਰ ਅੰਤਾਂ ਦੀ ਉਦਾਸੀ ਛਾਹ ਗਈ। ਜਿੱਥੇ ਸਭ ਦੀਆਂ ਰੋ ਰੋ ਕੇ ਅੱਖਾਂ ਸੁੱਜੀਆਂ ਤੇ ਮਨ ਉਦਾਸ ਸੀ ਉੱਥੇ ਉਸੇ ਦਿਨ ਤੋਂ ਮਾਮਾ ਅੱਧਾ ਰਹਿ ਗਿਆ ਉਸਤੋਂ ਬਾਅਦ ਉਸਦਾ ਦੱਗਦਾ ਲਿਸ਼ਕਦਾ ਚਿਹਰਾ ਸਦਾ ਲਈ ਮੁਰਝਾ ਗਿਆ। ਉਸ ਦਿਨ ਤੋਂ ਬਾਅਦ ਕਿਸੇ ਨੇ ਵੀ ਉਸਦੇ ਰੀਝਾਂ ਲਾ ਲਾ ਕੇ ਚਿਣ ਚਿਣ ਕੇ ਬੰਨ੍ਹੀ ਪੇਚਾਂ ਵਾਲੀ ਪੱਗ ਕਦੇ ਨਹੀਂ ਵੇਖੀ।

ਭਾਵੇਂ ਸਮਾਂ ਬਹੁਤ ਵੱਡੇ ਵੱਡੇ ਜ਼ਖਮ ਭਰ ਦਿੰਦਾ ਪਰ ਮੈਨੂੰ ਪਤਾ ਕਿ ਮਾਮਾ ਭਾਵੇਂ ਕਿਸੇ ਨੂੰ ਦੱਸੇ ਭਾਵੇਂ ਨਾ ਪਰ ਘਰਦਿਆਂ ਤੋਂ ਸੁਣਦੇ ਹਾਂ ਕਿ ਮਾਮੀ ਦੇ ਆਖ਼ਰੀ ਬੋਲ ਸੀ ਕਿ "ਬੋਲਦਾ ਨੀ ਤੇਰੀ ਪੱਗ ਦੀ ਪੂਣੀ ਕੌਣ ਕਰਾਊ" ਜੋ ਉਹ ਵਿੱਚੇ ਵਿੱਚ ਅੰਦਰੇ ਅੰਦਰੀਂ ਲਈ ਫਿਰਦਾ। ਪਤਾ ਹੈ ਕਿ ਹਰ ਰੋਜ਼ ਮਾਮੀ ਨੂੰ ਚੇਤੇ ਕਰਦਾ ਹੋਊ। ਐਡੇ ਗੂੜ੍ਹੇ ਰਿਸ਼ਤਿਆਂ ਨੂੰ ਭਾਵੇਂ ਕੋਈ ਕਿਵੇਂ ਭੁੱਲ ਸਕਦਾ, ਜਦੋਂ ਵੀ ਸ਼ੀਸ਼ੇ ਮੂਹਰੇ ਖੜਦਾ ਹੋਊ ਕਿਵੇਂ ਨਾ ਚੇਤੇ ਆਉਂਦੀ ਹੋਊ।

ਮਾਮੀ ਸਾਡੀ ਮੋਹ ਖੋਰੀ ਤੇ ਸਚਿਆਰੀ ਵੀ ਬਾਹਲ਼ੀ ਸੀ ਸਭ ਨੂੰ ਪਿਆਰ ਕਰਨ ਵਾਲੀ। ਨਾਨਕੇ ਰੋਟੀ ਖਾਂਦਿਆਂ ਸਾਗ 'ਚ ਮੱਖਣੀ ਨਾ ਮੁੱਕਣ ਦਿੰਦੀ ਹਰ ਰੋਜ਼ ਕੁਝ ਨਾ ਕੁਝ ਬਣਾ ਕੇ ਰੱਖਦੀ। ਭਾਵੇਂ ਨਾਨਕਿਆਂ ਵੱਲੋਂ ਹੱਦੋਂ ਵੱਧ ਪਿਆਰ ਸਤਿਕਾਰ ਮਿਲਦਾ, ਸਾਰੇ ਜਾਨ ਤੋਂ ਵੱਧ ਕੇ ਚਾਹੁੰਦੇ ਆ ਪਰ ਮਾਮੀ ਦੀ ਘਾਟ ਹਮੇਸ਼ਾ ਰੜਕਦੀ ਰਹਿੰਦੀ ਆ ਉਸਦੇ ਬਿਨਾਂ ਸਾਰਾ ਘਰ ਹੀ ਸੁੰਨਾ ਤੇ ਉਦਾਸ ਹੈ ਜੋ ਜਾਣੀ ਘਰ ਦੀ ਸਾਰੀ ਰੌਣਕ ਹੀ ਨਾਲ ਲੈ ਗਈ।

ਇਸ ਵਾਰੀ ਜਦੋਂ ਪੰਜਾਬ ਗਿਆ ਤਾਂ ਕਿਸੇ ਨੂੰ ਦੱਸੇ ਬਿਨਾਂ ਚੋਰੀ ਚੋਰੀ ਨਾਨਕਿਆਂ ਦੇ ਪੁਰਾਣੇ ਘਰੇ ਘੰਟਿਆਂ ਬੱਧੀ ਪੁਰਾਣੀਆਂ ਯਾਦਾਂ ਨਿਹਾਰਦਾ ਨਿਹਾਰਦਾ ਫਿਰ ਉਨ੍ਹਾਂ ਖ਼ੂਬਸੂਰਤ ਸਮਿਆਂ ਵਿਚ ਪਹੁੰਚ ਗਿਆ ਜਿਵੇਂ ਮਾਮਾ ਨਹਾ ਧੋ ਕੇ ਮਾਮੀ ਨੂੰ ਆਵਾਜ਼ ਮਾਰ ਰਿਹਾ ਹੋਵੇ।

ਬੱਲ! ਆਹ ਪੱਗ ਦੀ ਪੂਣੀ ਤਾਂ ਕਰਾਈਂ ਆ ਕੇ ਕੇਰਾਂ.....!

ਅੱਜ ਫਿਰ ਮਾਮੀ ਦੀ ਕਰਾਈ ਆਖ਼ਰੀ ਪੂਣੀ ਤੇ ਮਾਮੇ ਦੇ ਮੂੰਹੋਂ ਸਹਿ ਸੁਭਾਅ ਨਿਕਲੇ ਬੋਲ ਚੇਤੇ ਕਰਕੇ ਅੱਖਾਂ ਭਰੀ ਬੈਠਾਂ ਕਿ.... "ਨਾਲ਼ੇ ਬੱਲ ਤੇਰੇ ਤੋਂ ਬਿਨਾਂ ਪੂਣੀ ਆਲੀ ਪੱਗ ਬੰਨ੍ਹਣੀ ਕੀਹਨੇ ਆ"।

ਹੁਣ ਤਾਂ ਅੱਖਾਂ ਪਾਟਣ ਲੱਗ ਗਈਆਂ ਬੱਸ ਹੋਰ ਨੀ ਲਿਖਿਆ ਜਾਂਦਾ।

ਸੰਪਰਕ: 0061 430 850 045

Comments

parkash malhar

very..very imotional and heart touch karan wali story h mr. karan.......... Is anmol tohfe layi thank you thank you karan........ plz aisa metter hor v pathkan nu hor v deo.. 094668-18545

Security Code (required)



Can't read the image? click here to refresh.

Name (required)

Leave a comment... (required)





ਨਿਬੰਧ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ