Wed, 24 April 2024
Your Visitor Number :-   6995392
SuhisaverSuhisaver Suhisaver

ਸੂਲੀ ਦੀ ਛਾਲ ਵਾਲੇ ਲੰਗੋਟੀਏ ਯਾਰ -ਸਫ਼ਰ ਜੀਤ

Posted on:- 07-04-2012

suhisaver

ਛੋਟੇ ਹੁੰਦਿਆਂ ਕਈ ਬਾਜ਼ੀਗਰ ਸੂਲੀ ਦੀ ਛਾਲ ਲਾਉਂਦੇ ਦੇਖੇ ਹਨ। ਸੱਚੀਂ, ਕਿੰਨੀ ਔਖੀ ਹੁੰਦੀ ਹੈ ਸੂਲੀ ਦੀ ਛਾਲ। ਪਤਾ ਨ੍ਹੀਂ ਕੀ ਚੱਲਦਾ ਰਹਿੰਦਾ ਹੋਣਾ ਸੂਲੀ ਦੀ ਛਾਲ ਲਾਉਣ ਵਾਲੇ ਨੌਜਵਾਨ ਦੇ ਮਨ ਵਿੱਚ। ਉਹ ਰੱਬ ਨੂੰ ਧਿਆਉਂਦਾ ਹੋਵੇਗਾ ਜਾਂ ਕੁੱਝ ਹੋਰ ਪਤਾ ਨਹੀਂ ਕੀ ਕੁਝ ਸੋਚਦਾ ਹੋਵੇਗਾ ਉਹ। ਬਚਪਨ ਦੇ ਯਾਰਾਂ ਬੇਲੀਆਂ ਨਾਲ਼ ਖੜ ਕੇ ਸੂਲੀ ਦੀ ਛਾਲ ਦੇਖਣ ਦਾ ਤਾਂ ਨਜ਼ਾਰਾ ਹੀ ਕੁਝ ਹੋਰ ਹੁੰਦਾ ਸੀ। ਸਾਰੀ ਸੱਥ ਭਰ ਜਾਂਦੀ ਸੀ ਜਵਾਕਾਂ, ਨਿਆਣਿਆਂ-ਸਿਆਣਿਆਂ ਨਾਲ਼। ਪਿੰਡ ਦੀਆਂ ਬੁੜੀਆਂ, ਨੂੰਹਾਂ, ਜਵਾਨ ਧੀਆਂ ਨਾਲ਼ ਲੱਗਦੇ ਕੋਠਿਆਂ ’ਤੇ ਆ ਚੜਦੀਆਂ ਸਨ। ਮੇਰੇ ਹਾਣਦੀਆਂ ਕੁੜੀਆਂ ਸਾਡੇ ਵਿੱਚ ਖੜੀਆਂ ਸੂਲੀ ਦੀ ਛਾਲ ਵੇਖਦੀਆਂ ਸਨ। ਮੇਰੇ ਲੰਗੋਟੀਏ ਯਾਰ ਸਭ ਇੱਕਜੁੱਟ ਹੋ ਕੇ ਸੂਲੀ ਦੀ ਛਾਲ ਦੇਖਦੇ ਸੀ। ਪਤਾ ਨਹੀਂ ਸੂਲੀ ਦੀ ਛਾਲ ਲਾਉਣ ਵਾਲੇ ਦੇ ਮਨ ਵਿੱਚ ਕੀ ਚੱਲਦਾ ਹੋਵੇਗਾ ਪਰ ਸਾਡੇ ਮਨਾਂ ਵਿੱਚ ਕੁਝ ਨਹੀਂ ਚੱਲਦਾ ਸੀ, ਸਾਰਾ ਮਨ ਖ਼ਾਲੀ ਹੁੰਦਾ ਸੀ ਜਾਂ ਸ਼ਾਇਦ ਮਨ ਨਾਂ ਦੇ ਸ਼ਬਦ ਦਾ ਪਤਾ ਹੀ ਨਹੀਂ ਸੀ। ਸਾਡਾ ਸਾਰਾ ਧਿਆਨ ਸੂਲੀ ਦੀ ਛਾਲ ਲਾਉਣ ਵਾਲੇ ਵੱਲ ਖਿੱਚਿਆ ਹੁੰਦਾ ਸੀ। ਏਨੀ ਉੱਚੇ ਦੇਖਣ ਲਈ ਅੱਡੀਆਂ ਤਾਂ ਚੁੱਕਦੇ ਹੀ ਸੀ ਨਾਲ਼-ਨਾਲ਼ ਅੱਖਾਂ ਦੀਆਂ ਮਮਟੀਆਂ ਵੀ ਉੱਪਰ ਨੂੰ ਚੁੱਕ ਲੈਂਦੇ।

ਹੁਣ ਜਵਾਨ ਹੋ ਗਿਆ ਹਾਂ ਪਿੰਡ ਵਿੱਚ ਸੂਲੀ ਦੀ ਛਾਲ ਤਾਂ ਦੂਰ ਰਹੀ, ਕੋਈ ਖੇਡਾਂ ਪਾਉਣ ਵਾਲਾ ਵੀ ਨਹੀਂ ਆਉਂਦਾ ਪਰ ‘ਸੂਲੀ ਦੀਆਂ ਛਾਲਾਂ’ ਤਾਂ ਮੇਰੇ ਪਿੰਡ ਦੀ ਸੱਥ ਵਿੱਚ ਅਜੇ ਵੀ ਲੱਗਦੀਆਂ ਨੇ।

ਹੁਣ ਮੇਰੇ ਹਾਣੀ ਵੀ ਜਵਾਨ ਹੋ ਗਏ ਨੇ, ਉਹ ਜਿੰਨੇ ਕੁ ਗੰਦੇ-ਭੱਦੇ ਬਚਪਨ ਵਿੱਚ ਰਹਿੰਦੇ ਸਨ ਹੁਣ ਓਨਾ ਹੀ ਸਜ-ਧਜ ਕੇ ਰਹਿੰਦੇ ਹਨ। ਹਰ ਵਾਰ ਪਿੰਡ ਜਾਂਦਾ ਹਾਂ ਤਾਂ ਘਰ ਬਾਅਦ ’ਚ ਪਹਿਲਾਂ ਸੱਥ ’ਚ ਖੜ ਕੇ ਹਾਜ਼ਰੀ ਲੁਆਉਂਦਾ ਹਾਂ, ਚਾਹ-ਪਾਣੀ ਪੀ ਕੇ ਫੇਰ ਸੱਥ ’ਚ ਜਾ ਬੈਠਦਾ ਹਾਂ। ਮੈਂ ਅਪਣੇ ਹਾਣੀਆਂ ਨੂੰ ਸੂਲੀ ਦੀ ਛਾਲ ਯਾਦ ਕਰਵਾਉਂਦਾ ਹਾਂ ਪਰ ਉਹਨਾਂ ਵਿੱਚੋਂ ਕਈਆਂ ਨੂੰ ਤਾਂ ਯਾਦ ਵੀ ਨਹੀਂ ਸੂਲੀ ਦੀ ਛਾਲ। ਜਿਹਨਾਂ ਨੂੰ ਯਾਦ ਹੈ ਉਹ ਗਾਲ੍ਹਾਂ ਕੱਢਦੇ ਹਨ ਕਿ ਕੀ ਬੱਚਿਆਂ ਵਾਲੀਆਂ ਗੱਲਾਂ ਕਰਦਾ ਏਂ। ਕੋਈ ਚੰਡੀਗੜ੍ਹ ਦੀ ਗੱਲ ਸੁਣਾ ਕਹਿੰਦੇ ਨੇ ਓਥੇ ਤਾਂ ਮੁੰਡਿਆਂ ਨੂੰ ਬੜਾ ਨਜ਼ਾਰਾ , ਕਿਉਂ ਰੰਧਾਵਿਆ ਡੂੰਘਾ ਏ ਤੂੰ ਦੱਸਦਾ ਨੀ. . .

ਕਿਸ ਤਰ੍ਹਾਂ ਦੀ ਲੱਗਦੀ ਏ ਮੇਰੇ ਪਿੰਡ ਦੀ ਸੱਥ ਵਿੱਚ ਹੁਣ ਸੂਲੀ ਦੀ ਛਾਲ਼...

ਮੈਂ ਸੱਥ ਦੇ ਇੱਕ ਕੋਨੇ ਵਿੱਚ ਬਹਿੰਦਾ ਹਾਂ, ਬਾਬਿਆਂ ਤੋਂ ਦੂਰ ਯਾਰਾਂ ਬੇਲੀਆਂ ਨਾਲ਼। ਉਹ ਕਹਿੰਦੇ ਹਨ ਕਿ ਤੂੰ ਨਾ ਦੱਸ ਚੰਡੀਗੜ੍ਹ ਦੀ, ਅਸੀਂ ਤੈਨੂੰ ਅਪਣੇ ਪਿੰਡ ਦੀ ਦੱਸਦੇ ਹਾਂ। ਇਹ ਕਹਿ ਕੇ ਉਹ ਮੈਨੂੰ ਇਕ ਪਲ਼ ਲਈ ਪਿੰਡੋਂ ਪਰਾਇਆ ਕਰ ਦਿੰਦੇ ਹਨ। ਉਹਨਾਂ ਦੀਆਂ ਨਜ਼ਰਾਂ ਪਿੰਡ ਦੀ ਕੱਲੀ-ਕੱਲੀ ਗਲੀ ਵਿੱਚ ਤੇ ਕੱਲੇ-ਕੱਲੇ ਘਰ ਵਿੱਚ ਵੜ ਜਾਂਦੀਆਂ ਹਨ। ਉਹ ਕਹਿੰਦੇ ਹਨ ਓਏ ਇਨ੍ਹਾਂ ਦੀ ਕੁੜੀ ਤਾਂ ਹੁਣ ਪਟਾਕਾ ਹੋ ਗਈ ਸਾਲਿਆ ਤੂੰ ਤਾਂ ਦੇਖੀ ਨ੍ਹੀਂ ਨਿਰੀ ਅੱਗ ਆ ਅੱਗ! ਫੇਰ ਉਹ ਨਾਲ਼ ਲੱਗਦੇ ਘਰ ਦੇ ਵਿਹੜੇ ਵਿੱਚ ਝਾਕਦੇ ਹਨ, ਓਏ ਕੰਜਰਾਂ ਅਪਣੇ ਨਾਲ਼ ਪੜਦੀ ਸੀ ਆਪਾਂ ਤਾਂ ਹੁਣ ਉਹਨਾਂ ਦੀ ਕੁੜੀ ਦੇ ਪੈਰ ਵਰਗੇ ਵੀ ਨਹੀਂ, ਓ ਤਾਂ ਹੁਣ ਕਾਲਜ ਪੜਨ ਲਾਤੀ ਪਤਾ ਓਦੋਂ ਲੱਗੂ ਜਦੋਂ ਚੰਨ ਚਾੜਤਾ, ਨਾਵਲ ਪੜਦੀ ਆ, ਕਾਲਜ ਫੰਕਸ਼ਨਾਂ ’ਤੇ ਨੱਚਦੀ ਆ, ਗ਼ਜ਼ਲਾਂ ਵੀ ਲਿਖਦੀ ਆ। ਨਾਲ਼ੇ ਰੇਅ ਪੰਜਾਮੀਆਂ ਪਾਉਂਦੀਆਂ। ਇਸ ਤਰ੍ਹਾਂ ਉਹਨਾਂ ਦੀਆਂ ਨਜ਼ਰਾਂ ਛਾਲਾਂ ਮਾਰਦੀਆਂ ਹਰੇਕ ਗਲ਼ੀ ਦੇ ਨਾਲ਼-ਨਾਲ਼ ਲੱਗਦੇ ਘਰੀਂ ਜਾ ਵੜਦੀਆਂ ਹਨ ਜਿਹਨਾਂ ਦੇ ਕੁੜੀ ਹੁੰਦੀ ਹੈ, ਉਹਨਾਂ ਦੀ ਕੁੜੀ ਦਾ ਜ਼ਿਕਰ ਕਰਦੇ ਹਨ, ਜਿਹਨਾਂ ਦੇ ਨੂੰਹ ਹੁੰਦੀ ਹੈ, ਨੂੰਹ ਦਾ ਤੇ ਜਿਹਨਾਂ ਦੇ ਘਰ ਕੁੱਝ ਵੀ ਨਾ ਹੁੰਦਾ ਉਹ ਖਾਲੀ ਘਰ ਦੇਖਕੇ ਜਾਂ ਏਥੇ ਤਾਂ ਕਾਂ ਪੈਂਦੇ ਨੇ, ਉੱਲੂ ਬੋਲਦੇ ਨੇ’ ਜਿਹਾ ਮਖੌਲ ਕਰਕੇ ਛਾਲ ਮਾਰ ਅਗਲੇ ਘਰ ਜਾ ਵੜਦੇ ਹਨ। ਹੁਣ ਉਹਨਾਂ ਦੀਆਂ ਘਰੋਂ-ਘਰੀਂ ਵੜਦੀਆਂ ਨਜ਼ਰਾਂ, ਮੇਰੇ ਨਾਲ਼ ਬੈਠੇ ਸਾਡੇ ਬਚਪਨ ਦੇ ਹਾਣੀ ਦੇ ਨਾਲ਼ ਲੱਗਦੇ ਘਰ ਆ ਵੜੀਆਂ, ਉਹ ਕਹਿੰਦੇ ਪਏ ਸਨ, ਬਾਈ ਆਹ ਘਰ ਆਲਿਆਂ ਦੀ ਕੁੜੀ ਜਿਹੜੀ ਅਪਣੇ ਨਾਲ਼ ਖੇਡਦੀ ਹੁੰਦੀ ਸੀ ਹੁਣ ਤਾਂ ਝਾਕਦੀ ਵੀ ਨਹੀਂ ਉਹ ਤਾਂ ਸੱਚੀਂ ਜੇ ਤੂੰ ਦੇਖ ਲਵੇਂ ਬੇਹੋਸ਼ ਹੋ ਜੇਂ। ਮੁੜਕੇ ਪਿੰਡ ਛੱਡ ਕੇ ਈ ਨਾ ਜਾਵੇਂ, ਇੱਕ ਕਹਿੰਦਾ ਏ ਸੱਚੀਂ ਯਾਰ ਜੀਵਨ ਈ ਸਫ਼ਲ ਹੋਜੇ ਜੇ ਇੱ ਕ ਵਾਰੀ...

ਮੇਰੇ ਨਾਲ਼ ਬੈਠੇ ਹਾਣੀ ਦੇ ਨਾਲ਼ ਲੱਗਦੇ ਘਰ ਦੀ ਕੁੜੀ ਦਾ ਜ਼ਿਕਰ ਹੋ ਰਿਹਾ ਸੀ ਜੋ ਉਸਦੀ ਭੈਣ ਦੀ ਸਹੇਲੀ ਸੀ। ਮੈਂ ਤਾਂ ਡਰ ਹੀ ਗਿਆ ਸੀ ਨਾਲ਼ ਹੀ ਮੈਂ ਅਪਣੇ ਨਾਲ਼ ਬੈਠੇ ਹਾਣੀ ਦੇ ਮੱਥੇ ’ਤੇ ਆਇਆ ਪਸੀਨਾ ਦੇਖਿਆ, ਕੁਝ ਸਮਾਂ ਪਹਿਲਾਂ ਉਹ ਵੀ ਅਪਣੀਆਂ ਨਜ਼ਰਾਂ ਹਰੇਕ ਘਰ ਦੁੜਾਉਂਦਾ ਸੀ ਤੇ ਯਾਦ ਕਰਵਾਉਂਦਾ ਸੀ ਕਿ ਆਹ ਘਰ ਤਾਂ ਰਹਿ ਹੀ ਗਿਆ ਪਰ ਜਦੋਂ ਹੁਣ ਉਹਨਾਂ ਦੀਆਂ ਭੱਦੀਆਂ ਨਜ਼ਰਾਂ ਛਾਲਾਂ ਮਾਰਦੀਆਂ ਮਾਰਦੀਆਂ ਉਸਦੇ ਅਪਣੇ ਘਰ ਦੇ ਨਾਲ਼ ਵਾਲੇ ਘਰ ਆ ਵੜੀਆਂ ਸਨ ਤਾਂ ਉਹ ਚੁੱਪ ਸੀ। ਉਹ ਸਾਡੀ ਮੰਡਲੀ ਦਾ ਯਾਰ ਸੀ ਇਸ ਕਰਕੇ ਉਹਨਾਂ ਦੀਆਂ ਨਜ਼ਰਾਂ ਉਸਦਾ ਘਰ ਛੱਡ ਕੇ ਲੰਮੀ ਛਾਲ ਮਾਰਕੇ ਅਗਲੇ ਘਰ ਜਾ ਵੜੀਆਂ ਜਦੋਂ ਕਿ ਉਸਦੇ ਘਰ ਵੀ ਇੱਕ ਮੁਟਿਆਰ ਜਵਾਨ ਭੈਣ ਸੀ ਜਿਸਦਾ ਵੀ ਜ਼ਿਕਰ ਹੋ ਸਕਦਾ ਸੀ। ਉਹ ਹਰੇਕ ਗਲੀ ਵੜਦੇ ਤੇ ਉਹਨਾਂ ਦੀਆਂ ਨਜ਼ਰਾਂ ਹਰੇਕ ਘਰ ਦੀਆਂ ਕੰਧਾਂ ਟੱਪ ਕੇ ਜਾ ਪਾੜ ਕੇ ਹਰ ਘਰ ਦਾ ਮੁਆਇਨਾ ਕਰਦੀਆਂ ਇੱਥੋਂ ਤੱਕ ਕਿ ਉਹ ਖੱਲਾਂ ਖੂੰਜਿਆਂ ਕਮਰਿਆਂ ਵਿੱਚ ਵੀ ਝਾਕਦੀਆਂ, ਸਭ ਫਰੋਲ ਆਉਂਦੀਆਂ। ਅਸੀਂ ਛੇ ਜਣੇ ਬੈਠੇ ਸਾਂ। ਜਦੋਂ ਉਹਨਾਂ ਦੀਆਂ ਨਜ਼ਰਾਂ ਸਾਡੀ ਗਲੀ ਵੜੀਆਂ ਤਾਂ ਉਹ ਮੇਰਾ ਘਰ ਛੱਡ ਗਏ। ਸ਼ਾਇਦ ਮੇਰਾ ਘਰ ਖਾਲੀ ਸੀ ਪਰ ਨਹੀਂ ਮੈਂ ਤਾਂ ਉਹਨਾਂ ਦਾ ਯਾਰ ਸੀ। ਹਰ ਵਾਰੀ ਜਦੋਂ ਸਾਡੇ ਛੇਆਂ ਵਿੱਚੋਂ ਕਿਸੇ ਦਾ ਵੀ ਘਰ ਰਸਤੇ ਵਿੱਚ ਆਉਂਦਾ ਤਾਂ ਉਹ ਝੱਟ ਛਾਲ ਮਾਰ ਜਾਂਦੇ। ਛਾਲ ਮਾਰਦੇ ਸਮੇਂ ਮੈਂ ਉਹਨਾਂ ਨੂੰ ਪੂਰੀ ਗਹੁ ਨਾਲ਼ ਦੇਖਦਾ ਤੇ ਸ਼ਾਇਦ ਉਹਨਾਂ ਨੇ ਵੀ ਮੇਰੇ ਮੱਥੇ ’ਤੇ ਕੁਝ ਸਵਾਲੀਆ ਚਿੰਨ ਜਿਹਾ ਮਹਿਸੂਸ ਕੀਤਾ ਸੀ। ਇਸ ਤਰਾਂ ਉਹ ਅਪਣੇ ਘਰ ਵੀ ਛੱਡ ਗਏ ਤੇ ਬਾਕੀ ਅਜਿਹਾ ਕੋਈ ਘਰ ਨੀ ਬਚਿਆ ਜਿਹੜੇ ਘਰ ਉਹਨਾਂ ਦੀਆਂ ਨਜ਼ਰਾਂ ਛਾਲਾਂ ਮਾਰਦੀਆਂ ਨਾ ਗਈਆਂ ਹੋਣ।

ਮੇਰੀਆਂ ਨਜ਼ਰਾਂ ਸਾਹਵੇਂ ਉਹ ਬਚਪਨ ਤੇ ਸੂਲੀ ਦੀ ਛਾਲ ਵਾਲੇ ਓਸ ਨਜ਼ਾਰੇ ਦਾ ਦ੍ਰਿਸ਼ ਤੇ ਉਸ ਨੂੰ ਦੇਖ ਰਹੇ ਸਾਰੇ ਪਾਤਰ ਸੁਰਜੀਤ ਹੋ ਗਏ ਸਨ। ਜਿਹਨਾਂ ਵਿੱਚੋਂ ਹੁਣ ਕੁਝ ਮਰ ਗਏ ਸਨ ਤੇ ਕੁਝ ਜਵਾਨ ਹੋ ਚੁੱਕੇ ਸਨ। ਉਹ ਕੁੜੀਆਂ ਜੋ ਮੇਰੇ ਹਾਣਦੀਆਂ ਸਨ ਜਿਹਨਾਂ ਦਾ ਮਨ ਉਸ ਵੇਲੇ ਖਾਲੀ ਸੀ ਹੁਣ ਪਤਾ ਨਹੀਂ ਕਿੰਨਾ ਕੁ ਭਰਿਆ ਪਿਆ ਸੀ। ਇੱਕ ਇਹ ਮੇਰੇ ਲੰਗੋਟੀਏ ਯਾਰ ਜਿਨ੍ਹਾਂ ਤੋਂ ਅਪਣੀ ਕੱਛ ਦਾ ਇੱਕ ਚੜਿਆ ਹੋਇਆ ਪਾਚਾ ਵੀ ਕਦੇ ਸਿੱਧਾ ਨਹੀਂ ਸੀ ਹੁੰਦਾ ਤੇ ਲਿਬੜੇ ਮੂੰਹ ਨੱਕ, ਬਿਨਾਂ ਨਹਾਤੇ-ਧੋਤੇ ਤੇ ਸੂਲੀ ਦੀ ਛਾਲ ਲਾਉਣ ਲਈ ਤਿਆਰ ਬਰ ਤਿਆਰ ਉਹ ਨੌਜਵਾਨ ਜੋ ਮੈਨੂੰ ਅੱਜ ਵੀ ਪਤਾ ਨਹੀਂ ਕਿ ਛਾਲ ਲਾਉਣ ਤੋਂ ਪਹਿਲਾਂ ਅਪਣੇ ਮਨ ਵਿੱਚ ਕੀ ਧਿਆਉਂਦੇ ਹੋਣਗੇ। ਸਭ ਕੁਝ ਮੈਂ ਹੁਣ ਵੀ ਅਪਣੀਆਂ ਅੱਖਾਂ ਸਾਹਵੇਂ ਵਾਪਰਦਾ ਮਹਿਸੂਸ ਕਰ ਰਿਹਾ ਸੀ।  ਹੁਣ ਇਹਨਾਂ ਦੀਆਂ ਗੱਲਾਂ ਸੁਣ ਕੇ ਉਹ ਸੂਲੀ ਦੀ ਛਾਲ ਵਾਲਾ ਦ੍ਰਿਸ਼ ਤਾਂ ਉਹੀ ਸੀ ਪਰ ਉਸਨੂੰ ਦੇਖਦੇ ਮੇਰੇ ਬਚਪਨ ਵਾਲੇ ਸਾਰੇ ਪਾਤਰਾਂ ਦੇ ਅਕਸ ਓਸੇ ਥਾਂ ਤੇ ਜਵਾਨ ਹੋਏ ਇਕੱਠੇ ਦਿਸ ਰਹੇ ਸਨ। ਹੁਣ ਉਹਨਾਂ ਕੁੜੀਆਂ ਦੇ ਬਚਪਨ ਨਾਲ਼ ਸੱਥ ਵਿੱਚ ਉਹਨਾਂ ਦੀ ਜਵਾਨੀ ਦਾ ਅਕਸ ਖੜਾ ਸੀ ਤੇ ਨਾਲ਼ ਹੀ ਲਿੱਬੜੇ ਤਿੱਬੜੇ ਮੇਰੇ ਲੰਗੋਟੀਏ ਯਾਰਾਂ ਦੀ ਜਵਾਨੀ ਦਾ ਅਕਸ।  ਫ਼ਰਕ ਕੀ ਸੀ ਬਚਪਨ ਵਾਲੇ ਅਕਸਾਂ ਦੇ ਮਨ ਖਾਲੀ ਸਨ ਜਿਹਨਾਂ ਦਾ ਸਿਰਫ਼ ਸੂਲੀ ਦੀ ਛਾਲ ਵੱਲ ਧਿਆਨ ਸੀ। ਨਾਲ਼ ਹੀ ਸੁਰਜੀਤ ਹੋਏ ਜਵਾਨੀ ਵਾਲੇ ਅਕਸਾਂ ਦੇ ਮਨ ਭਰੇ ਪਏ ਸਨ, ਕੂੜੇ ਕਰਕਟ ਨਾਲ਼ ਤੇ ਕੁੱਝ ਚੰਗੇਰੇ ਨਾਲ਼। ਮੈਂ ਇੱਕੋ ਸਮੇਂ ਉਹਨਾਂ ਦੀਆਂ ਜ਼ਿੰਦਗੀਆਂ ਦੇ ਦੋਵਾਂ ਅਕਸਾਂ ਨੂੰ ਇੱਕੋ ਵੇਲੇ ਵਿਚਰਦੇ ਦੇਖ ਰਿਹਾ ਸਾਂ। ਬਚਪਨ ਵਾਲੇ ਅਕਸ ਸੂਲੀ ਦੀ ਛਾਲ ਦੇਖ ਰਹੇ ਸਨ ਤੇ ਜਵਾਨੀ ਵਾਲੇ ਅਕਸਾਂ ਦਾ ਸੂਲੀ ਦੀ ਛਾਲ ਵੱਲ ਕੋਈ ਧਿਆਨ ਨਹੀਂ ਸੀ। ਉਹਨਾਂ ਦੀਆਂ ਨਜ਼ਰਾਂ ਏਧਰ ਓਧਰ ਭਟਕ ਰਹੀਆਂ ਸਨ। ਉਹਨਾਂ ਵਿੱਚ ਮੈਂ ਕਿੱਥੇ ਸੀ। ਮੇਰਾ ਬਚਪਨ ਦਾ ਅਕਸ ਤਾਂ ਉਹਨਾਂ ਵਿੱਚ ਖੜਾ ਸੂਲੀ ਦੀ ਛਾਲ ਅੱਡੀਆਂ ਚੁੱਕ ਚੁੱਕ ਵੇਖ ਰਿਹਾ ਸੀ ਤੇ ਜਵਾਨੀ ਵਾਲਾ ਅਕਸ ਅੱਜ ਇਸ ਸੱਥ ਦੇ ਇੱਕ ਕੋਨੇ ਵਿੱਚ ਬੈਠਾ ਉਹਨਾਂ ਦੇ ਜਵਾਨੀ ਦੇ ਅਕਸਾਂ ਨੂੰ ਵਿਚਰਦਿਆਂ ਦੇਖ ਰਿਹਾ ਸੀ। ਬਚਪਨ ਵਾਲੇ ਅਕਸ ਬਾਜ਼ੀ ਖ਼ਤਮ ਹੋਣ ਤੋਂ ਬਾਅਦ ਘਰੋਂ ਆਟੇ ਦੀ ਬਾਟੀ ਭਰੀਂ ਬਾਜ਼ੀ ਪਾਉਣ ਵਾਲਿਆਂ ਨੂੰ ਦੇਣ ਲਈ ਆਉਂਦੇ ਦਖਾਈ ਦੇ ਰਹੇ ਸਨ ਤੇ ਜਵਾਨੀ ਵਾਲੇ ਅਕਸ  ਵਿੱਛੜ ਰਹੇ ਮੇਲੇ ‘ਚੋਂ ਬਿਨਾਂ ਕੁੱਝ ਦਿੱਤੇ ਨਜ਼ਰਾਂ ਦੇ ਹੇਰਫੇਰ ਨਾਲ਼ ਵਿਦਾ ਹੁੰਦੇ ਦਿਖਾਈ ਦੇ ਰਹੇ ਸੀ। ਕਿੰਨਾਂ ਫ਼ਰਕ ਸੀ ਬਚਪਨ ਵਾਲੇ ਤੇ ਜਵਾਨੀ ਵਾਲੇ ਅਕਸਾਂ ਵਿੱਚ। ਬਚਪਨ ਵਾਲੇ ਅਕਸ ਕਿੰਨੇ ਫੁਰਤੀ ਵਾਲੇ ਸਨ ਜੋ ਘਰੋਂ ਆਟਾ ਲੈ ਕੇ ਝੱਟ ਮੁੜੇ ਆ ਰਹੇ ਸੀ ਤੇ ਜਵਾਨੀ ਵਾਲੇ ਅਕਸ ਅਜੇ ਮਸਾਂ ਘਰਾਂ ਨੂੰ ਜਾ ਰਹੇ ਸੀ। ਮੈਂ ਇਹਨਾਂ ਅਕਸਾਂ ਦੀ ਚਾਲ ਤੇ ਪੈੜਾਂ ਨਾਪਣ ਨੂੰ ਲੋਚਦਾ ਹਾਂ ਪਰ  ਮੇਰਾ ਬਚਪਨ ਦਾ ਅਕਸ ਬਾਜੀ ਖ਼ਤਮ ਹੋਣ ਤੋਂ ਬਾਅਦ ਘਰ ਆਟਾ ਲੈਣ ਗਿਆ ਹੀ ਨਹੀਂ ਮੁੜ ਕੇ ਆਇਆ ਸੀ। ਸ਼ਾਇਦ ਹਰ ਵਾਰ ਦੀ ਤਰਾਂ ਮਾਂ ਲੋਕਾਂ ਦੇ ਵਾਰ ਪਾਣੀ ਭਰਦੀ ਫਿਰ ਰਹੀ ਸੀ ਘਰ ਨੂੰ ਜਿੰਦਾ ਕੁੰਡਾ ਮਾਰ ਕੇ ਤੇ ਬਾਪੂ ਸੂਰਜ ਚੜਨ ਤੋਂ ਪਹਿਲਾਂ ਦਾ ਗਿਆ ਤੇ ਸੂਰਜ ਦੇ ਛਿਪਣ ਤੱਕ ਖੇਤ ਮਿੱਟੀ ਨਾਲ਼ ਮਿੱਟੀ ਹੋ ਰਿਹਾ ਸੀ ਘਰ ਵਿੱਚ ਚੁੱਪ ਤੋਂ ਇਲਾਵਾ ਹੋਰ ਕੋਈ ਵੀ ਨਹੀਂ ਸੀ।

ਘੰਟਾ ਹੋ ਚੱਲਿਆ ਸੀ, ਇੱਕ ਹਾਣੀ ਸਾਡੇ ਵਿੱਚੋਂ ਉੱਠ ਤੁਰਿਆ ਤੇ ਮੇਰਾ ਧਿਆਨ ਟੁੱਟ ਗਿਆ ਤੇ ਸੂਲੀ ਦੀ ਛਾਲ ਵਾਲੇ ਅਕਸਾਂ ਦਾ ਦ੍ਰਿਸ਼ ਧੁੰਦਲਾ ਪੈ ਗਿਆ।

ਮੈਂ ਸੋਚਿਆ ਕਿ ਹੁਣ ਇਹ ਸ਼ਾਇਦ ਤਾਸ਼ ਦੀ ਬਾਜ਼ੀ ਹੀ ਲਾ ਲੈਣ। ਕਿਉਂਕਿ ਇੱਕ ਦੇ ਤੁਰ ਜਾਣ ਨਾਲ਼ ਗੱਲ ਦੀ ਲੜੀ ਟੁੱਟ ਚੱਲੀ ਸੀ। ਜਦੋਂ ਮੇਰਾ ਹਾਣੀ ਸੱਥ ‘ਚੋਂ ਬਾਹਰ ਹੋ ਗਿਆ ਤਾਂ ਇੱਕ ਨੇ ਹੌਲੀ ਕੁ ਜਿਹੇ ਮੈਨੂੰ ਕਿਹਾ ਓਏ ਰੰਧਾਵਿਆ ਤੈਨੂੰ ਨੀ ਪਤਾ ਇਹਨਾਂ ਦੀ ਕੁੜੀ ਤਾਂ ਆਪ ਵਿਗੜ ਰਹੀ ਏ, ਉਹਨੂੰ ਤਾਂ ਬਾਹਰ ਦਾ ਮੁੰਡਾ ਪਿੰਡ ਛੱਡਣ ਵੀ ਆਉਂਦਾ,ਸਾਰੇ ਪਿੰਡ ‘ਚ ਤਾਂ ਚਰਚਾ ਚੱਲ ਰਹੀ ਏ, ਸਾਡੇ ਘਣੀ ਤਾਂ ਦੇਖਦੀ ਵੀ ਨੀ, ਭਲਾ ਪਿੰਡ ਦੇ ਮੁੰਡੇ ਮਰਗੇ ਕਿ ਸਾਡੇ ਕੋੜ ਚੱਲਿਆ। ਇੱਕ ਘਰ ਦਾ ਯੋਗੀ ਯੋਗ ਨਾ ਬਾਹਰ ਦਾ ਯੋਗੀ ਸਿੱਧ‘ ਦੀ ਕਹਾਵਤ ਦੱਸ ਕੇ ਠਹਾਕਾ ਮਾਰ ਕੇ ਹੱਸਣ ਲੱਗਿਆ। ਮੈਂ ਹੈਰਾਨ ਰਹਿ ਗਿਆ ਸਾਂ ਉਹਨਾਂ ਦੀਆਂ ਨਜ਼ਰਾਂ ਛਾਲਾਂ ਮਾਰਦੀਆਂ ਸਾਰਾ ਪਿੰਡ ਗਾਹ ਕੇ ਹੁਣ ਪਿੰਡ ਦੇ ਪਰਲੇ ਪਾਸੇ ਸਨ ਤੇ ਇੱਕਦਮ ਹੀ ਏਨੀ ਵੱਡੀ ਤੇ ਏਨੀ ਲੰਮੀ ਛਾਲ ਮਾਰ ਕੇ ਉਹ ਅਪਣੇ ਹੀ ਹਾਣੀ ਦੇ ਘਰ ਆ ਵੜੀਆਂ। ਜਿਸ ਘਰ ਤੋਂ ਉਹਨਾਂ ਅਪਣੇ ਹਾਣੀ ਦੇ ਘਰ ਤੱਕ ਛਾਲ ਮਾਰੀ ਸੀ, ਉਹਨਾਂ ਘਰਾਂ ਦਾ ਆਪਸ ਵਿੱਚ ਫਾਸਲਾ ਕਿਲੋਮੀਟਰ ਦਾ ਸੀ ਤੇ ਰਾਹ ਵਿੱਚ ਚਾਰ ਪੰਜ ਗਲੀਆਂ ਸਨ ਤੇ ਉੱਚੇ-ਨੀਵੇਂ ਮਕਾਨ ਵੀ। ਸੱਚਮੁੱਚ ਇਹ ਛਾਲ ਸੂਲੀ ਦੀ ਛਾਲ ਨਾਲੋਂ ਵੀ ਵੱਡੀ ਛਾਲ ਸੀ।

ਮੈਂ ਕਦੇ ਸੋਚਿਆ ਵੀ ਨਹੀਂ ਸੀ ਕਿ ਮੇਰੇ ਲੰਗੋਟੀਏ ਯਾਰ ਵੱਡੇ ਹੋ ਕੇ ਸੂਲੀ ਦੀ ਛਾਲ ਤੋਂ ਵੀ ਵੱਡੀ ਛਾਲ ਲਾਉਣ ਦੀ ਮੁਹਾਰਤ ਹਾਸਲ ਕਰ ਲੈਣਗੇ। ਤੇ ਸੂਲੀ ਦੀ ਛਾਲ ਲਾਉਣ ਤੋਂ ਪਹਿਲਾਂ ਇਹਨਾਂ ਦੇ ਮਨਾਂ ਵਿੱਚ ਕੀ ਚੱਲਦਾ ਹੈ, ਇਸਦਾ ਜਵਾਬ ਮੈਨੂੰ ਮਿਲ ਹੀ ਗਿਆ ਸੀ।
                                                            
    
ਸੰਪਰਕ: 85578 27870

Comments

Raanjh

I am speechless.....

jassi sangha

very nicely written

maninder

sohna likhia ..

Hartmut

I was seilrusoy at DefCon 5 until I saw this post.

Security Code (required)



Can't read the image? click here to refresh.

Name (required)

Leave a comment... (required)





ਨਿਬੰਧ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ