Fri, 19 April 2024
Your Visitor Number :-   6985497
SuhisaverSuhisaver Suhisaver

ਐਗਨੀਜ਼ ਸਮੈਡਲੀ : ਗ਼ਦਰੀ ਵੀਰਾਂਗਣ - ਮਨਦੀਪ

Posted on:- 30-09-2013

suhisaver

ਮੁਲਕ ਨੂੰ ਅੰਗਰੇਜ਼ੀ ਰਾਜ ਦੇ ਜੂਲੇ ਤੋਂ ਮੁਕਤ ਕਰਵਾਉਣ ਦੇ ਸੰਗਰਾਮ ਵਿਚ ਗ਼ਦਰ ਪਾਰਟੀ ਤੇ ਗ਼ਦਰੀ ਸੂਰਬੀਰਾਂ ਦੀ ਸ਼ਾਨਾਮੱਤੀ ਭੂਮਿਕਾ ਰਹੀ ਹੈ।ਗ਼ਦਰੀ ਸੂਰਬੀਰਾਂ ਦੀ ਲੰਮੀ ਸੂਚੀ ਵਿੱਚ ਗ਼ਦਰੀ ਗੁਲਾਬ ਕੌਰ ਤੇ ਮੈਡਮ ਕਾਮਾ ਤੋਂ ਇਲਾਵਾ ਇਕ ਹੋਰ ਨਾਂ- ਐਗਨੀਜ਼ ਸਮੈਡਲੀ ਵੀ ਗ਼ਦਰੀ ਵੀਰਾਗਣਾਂ ਦੀ ਕਤਾਰ ਵਿੱਚ ਆਉਂਦਾ ਹੈ।ਅਮਰੀਕਾ ਦੀ ਜੰਮਪਾਲ ਐਗਨੀਜ਼ ਸਮੈਡਲੀ ਹਿੰਦ ਦੇ ਗ਼ਦਰੀਆਂ ਤੇ ਚੀਨ ਦੇ ਇਨਕਲਾਬੀਆਂ ਦੀ ਭੈਣ ਸੀ।ਉਸਦਾ ਜਨਮ 23 ਫਰਵਰੀ, 1892 ਨੂੰ ਓਜ਼ਗੁੱਡ, ਮਾਸੂਰੀ ਵਿਖੇ ਹੋਇਆ।

ਸਮੈਡਲੀ ਦੇ ਪਿਤਾ ਕੋਲਾ ਕੰਪਨੀ ‘ਚ ਕੰਮ ਕਰਦੇ ਹੋਣ ਕਰਕੇ ਬਚਪਨ ਤੋਂ ਹੀ ਉਹ ਕੋਲਾ ਮਜ਼ਦੂਰਾਂ ਦੀਆਂ ਹੜਤਾਲਾਂ ਨੂੰ ਅੱਖੀਂ ਵੇਖਦੀ ਆ ਰਹੀ ਸੀ।ਮਜ਼ਦੂਰ ਜਮਾਤ ਦੀ ਮੁਸ਼ੱਕਤ ਭਰੀ ਜ਼ਿੰਦਗੀ ਦੀ ਇਸ ਹਕੀਕੀ ਤਸਵੀਰ ਨੇ ਉਸਦੇ ਬਾਲ ਮਨ ਉਪਰ ਗਹਿਰਾ ਪ੍ਰਭਾਵ ਪਾਇਆ।ਸਤਾਰਾਂ ਵਰ੍ਹਿਆਂ ਦੀ ਉਮਰੇ ਸਮੈਡਲੀ ਪੱਛੜੇ ਪੇਂਡੂ ਖਿਤਿਆਂ ਅੰਦਰ ਸਕੂਲ ਅਧਿਆਪਕਾ ਵਜੋਂ ਕੰਮ ਕਰਨ ਲੱਗੀ।1910 ‘ਚ ਸਮੈਡਲੀ ਦੀ ਮਾਂ ਦਾ ਦੇਹਾਂਤ ਹੋ ਗਿਆ ਤੇ ਉਹ ਆਪਣੀ ਆਂਟੀ ਕੋਲ ਰਹਿ ਕੇ ਵੱਖ-ਵੱਖ ਸਕੂਲਾਂ ਵਿਚ ਪੜਾਉਂਦੀ ਰਹੀ।



ਇਸ ਦੌਰਾਨ ਸ਼ੋਸ਼ਲਿਸਟ ਵਿਚਾਰ ਰੱਖਣ ਵਾਲੀਆਂ ਕੁਝ ਔਰਤਾਂ ਸਮੈਡਲੀ ਦੀਆਂ ਦੋਸਤ ਬਣੀਆਂ ਜਿਨ੍ਹਾ ਦੀ ਸੰਗਤ ਨੇ ਸਮੈਡਲੀ ਨੂੰ ਸ਼ੋਸ਼ਲਿਸਟ ਵਿਚਾਰਾਂ ਦੀ ਜਾਗ ਲਾਈ।ਇਨ੍ਹਾਂ ਦੋਸਤਾਂ ਨਾਲ ਮਿਲ ਕੇ ਸਮੈਡਲੀ ਸਾਨਫ਼ਰਾਸਿਸਕੋ ਚਲੀ ਜਾਂਦੀ ਹੈ ਤੇ ਉਥੇ 1912 ‘ਚ ਐਰਨੈਸਟੋ ਨਾਂ ਦੇ ਨੌਜਵਾਨ ਨਾਲ ਵਿਅਹ ਕਰਵਾ ਲੈਂਦੀ ਹੈ।ਛੇ ਸਾਲ ਦੇ ਵਿਆਹੁਤਾ ਜੀਵਨ ਤੋਂ ਬਾਅਦ ਸਮੈਡਲੀ ਐਰਨੈਸਟੋ ਨਾਲੋਂ ਤਲਾਕ ਲੈ ਕੇ ਨਿਊਯਾਰਕ ਸ਼ਹਿਰ ਰਹਿਣ ਲੱਗਦੀ ਹੈ।

ਪਹਿਲੇ ਵਿਸ਼ਵ ਯੁੱਧ ਸਮੇਂ ਸਮੈਡਲੀ ਦੀ ਅਮਰੀਕਾ ਅੰਦਰ ਲਾਲਾ ਲਾਜਪਤ ਰਾਏ, ਐਮ ਐਨ ਰਾਏ, ਸ਼ਲੇਂਦਰ ਘੋਸ਼, ਵਰਿੰਦਰਨਾਥ ਚਟੋਪਾਧਿਆਇ, ਤਲਵਾਰ ਸਿੰਘ ,ਰਣਜੀਤ ਸਿੰਘ, ਭਗਵਾਨ ਸਿੰਘ, ਬਾਬੂ ਤਾਰਕਨਾਥ ਦਾਸ ਅਤੇ ਹੋਰ ਬੰਗਾਲੀ ਇਨਕਲਾਬੀਆਂ ਨਾਲ ਨੇੜਤਾ ਰਹੀ ਅਤੇ ਅਮਰੀਕਾ ਅੰਦਰ ਭਾਰਤ ਦੀ ਅਜ਼ਾਦੀ ਲਈ ਲੜ ਰਹੇ ਸੰਗਰਾਮੀਆਂ ਨੂੰ ਉਸਨੇ ਪੂਰਾ ਸਹਿਯੋਗ ਦਿੱਤਾ।ਇਸ ਸਹਿਯੋਗ ਲਈ ਉਸਨੇ ਆਪਣੇ-ਆਪ ਨੂੰ ਅਨੇਕਾਂ ਖਤਰਿਆਂ ‘ਚ ਪਾਇਆ।ਉਸਦਾ ਭਾਰਤੀ ਇਨਕਲਾਬੀਆਂ ਨਾਲ ਸਰਗਰਮ ਤਾਲਮੇਲ ਸੀ।

ਇਕ ਦਫ਼ਾ ਸਮੈਡਲੀ ਕੋਲੋਂ ਹਿੰਦੁਸਤਾਨੀ ਗ਼ਦਰੀਆਂ ਦੇ ਕੁਝ ਗੁਪਤ ਕਾਗਜਾਤ (ਜਿਸਨੂੰ ਬਰਤਾਨਵੀ ਤੇ ਅਮਰੀਕੀ ਪੁਲਿਸ ‘ਕਾਲੀ ਕਾਪੀ’ ਕਹਿੰਦੀ ਸੀ) ਫੜੇ ਜਾਣ ’ਤੇ ਉਸਦੀ ਹੋਈ ਗ੍ਰਿਫਤਾਰੀ, ਪੁੱਛ-ਪੜਤਾਲ ਤੇ ਜ਼ਬਰਦਸਤੀ ਦੇ ਬਾਵਜੂਦ ਸਮੈਡਲੀ ਨੇ ਗ਼ਦਰੀਆਂ ਦਾ ਇਕ ਵੀ ਭੇਦ ਮੂੰਹੋਂ ਨਹੀਂ ਕੱਢਿਆ।ਇਸ ਘਟਨਾ ਦਾ ਜਿਕਰ 1929 ‘ਚ ਲਿਖੇ ਉਸਦੇ ਆਤਮਕਥਾ ਨੁਮਾ ਨਾਵਲ “ਧਰਤੀ ਦੀ ਜਾਈ” ’ਚ ਵੀ ਮਿਲਦਾ ਹੈ।ਸਮੈਡਲੀ ਨੇ ਗ਼ਦਰੀਆਂ ਨੂੰ ਉਨ੍ਹਾਂ ਦੇ ਗੁਪਤ ਕਾਗਜ਼ ਸੰਭਾਲ ਕੇ ਰੱਖਣ ਸਬੰਧੀ ਉਸ ਉਪਰ ਭਰੋਸਾ ਰੱਖਣ ਬਾਬਤ ਲਿਖਿਆ ਕਿ “ਮੇਰੇ ਲਈ ਹਿੰਦੋਸਤਾਨੀ ਮੇਰੇ ਫ਼ਰਜ਼ ਤੇ ਜ਼ਿੰਮੇਵਾਰੀ ਦਾ ਚਿੰਨ੍ਹ ਬਣ ਗਏ ਸਨ।ਉਨ੍ਹਾਂ ਨੇ ਮੇਰੇ ਪਿਤਾ, ਮੇਰਾ ਭਰਾ, ਜੋ ਮਰ ਚੁੱਕਾ ਹੈ, ਦੀ ਥਾਂ ਲਈ ਸੀ, ਅਜਿਹੇ ਭਰਾ ਦੀ, ਜਿਸਦੀ ਹੋਣੀ ਹਾਲੇ ਅਨਿਸ਼ਚਿਤ ਸੀ।” ਜੇਲ੍ਹ ਅੰਦਰਲੇ ਕਸ਼ਟਾਂ ਤੋਂ ਇਲਾਵਾ ਸਾਮਰਾਜ ਪੱਖੀ ਮੀਡੀਆ ਨੇ ਉਸਦੇ ਵਿਰੁੱਧ ਵੱਡੀ ਪੱਧਰ ਤੇ ਕੂੜ-ਪ੍ਰਚਾਰ ਕੀਤਾ, ਉਸਨੂੰ ‘ਭਾਰਤੀ ਅਰਾਜਕਤਾਵਾਦੀ’ ਤੇ ‘ਜਰਮਨ ਜਾਸੂਸ’ ਕਿਹਾ ਗਿਆ।ਆਪਣੀ ਰਿਹਾਈ ਤੋਂ ਬਾਅਦ ਉਸਨੇ ਲਿਖਿਆ ਕਿ “ਭਾਰਤ ਲਈ ਕੰਮ ਮੇਰੀ ਜ਼ਿੰਦਗੀ ਦਾ ਪਹਿਲਾ ਅਸੂਲੀ ਤੇ ਖੁਦ ਚੁਣਿਆ ਕੰਮ ਸੀ, ਜਿਸ ਲਈ ਮੈਂ ਦੁੱਖ ਝੱਲਿਆ।…ਇਸ ਨਾਲ ਮੈਨੂੰ ਆਤਮ ਸਨਮਾਣ ਤੇ ਅਣਖ ਦਾ ਅਜਿਹਾ ਅਹਿਸਾਸ ਮਿਲਿਆ, ਜੋ ਮੈਨੂੰ ਕਦੇ ਹੋਰ ਕਿਧਰੋਂ ਨਹੀਂ ਸੀ ਹੋਇਆ।” 1929 ਤੋਂ ਬਾਅਦ ਸਮੈਡਲੀ ਜਰਮਨ ਚਲੀ ਗਈ ਤੇ ਉੱਥੇ ਕਈ ਸਾਲ ਖੱਬੇਪੱਖੀ ਕ੍ਰਾਂਤੀਕਾਰੀਆਂ ਨਾਲ ਮਿਲ ਕੇ ਕੰਮ ਕਰਦੀ ਰਹੀ।

ਸਰਕਾਰ ਵਿਰੋਧੀ ਪ੍ਰਚਾਰ-ਪ੍ਰਾਪੇਗੰਡਾ ਤੇ ਹੋਰ ਗਤੀਵਿਧੀਆਂ ਕਰਨ ਕਾਰਨ ਵੱਖ-ਵੱਖ ਮੁਲਕਾਂ ਅੰਦਰ ਗ਼ਦਰੀ ਇਨਕਲਾਬੀ ਦੇਸ਼ਭਗਤਾਂ ਨੂੰ ਗ੍ਰਿਫਤਾਰ ਕੀਤਾ ਜਾਣ ਲੱਗਾ।ਗ੍ਰਿਫਤਾਰੀ ਦੀ ਇਸੇ ਮੁਹਿੰਮ ਤਹਿਤ ਅਮਰੀਕੀ ਸਰਕਾਰ ਨੇ ਦੋ ਦਰਜਨ ਦੇ ਲਗਭਗ ਗ਼ਦਰੀਆਂ ਨੂੰ ਗ੍ਰਿਫਤਾਰ ਕਰਕੇ ਹਿੰਦੁਸਤਾਨ ਅੰਦਰ ਬਰਤਾਨਵੀ ਹਾਕਮਾਂ ਦੇ ਸਪੁਰਦ ਕਰਨ ਦੀ ਵਿਊਂਤ ਬਣਾਈ।ਇਸ ਸਪੁਰਦਗੀ ਦਾ ਆਰਥ ਸੀ ਜੇਲ੍ਹਾਂ ਤੇ ਫਾਂਸੀਆਂ।ਹਿੰਦੋਸਤਾਨੀ ਦੇਸ਼-ਭਗਤਾਂ ਦੇ ਦੇਸ਼ ਨਿਕਾਲੇ ਵਿਰੁੱਧ ਸਮੈਡਲੀ ਨੇ ‘ਭਾਰਤ ਦੀ ਸੁਤੰਤਰਤਾ ਦੇ ਦੋਸਤ’ ਨਾਂ ਦੀ ਸੰਸਥਾ ਬਣਾ ਕੇ ਅਮਰੀਕੀ ਬੁੱਧੀਜੀਵੀਆਂ ਤੇ ਹੋਰ ਅਗਾਂਹਵਧੂ ਹਿੱਸਿਆਂ ਨੂੰ ਇਸ ਸੰਸਥਾ ਦੁਆਲੇ ਲਾਮਬੰਦ ਕਰਨ ‘ਚ ਸਫਲਤਾ ਹਾਸਲ ਕੀਤੀ।

ਅਮਰੀਕਾ ਦੀ ਧਰਤੀ ਤੇ ਉੱਠੀ ਇਸ ਵਿਸ਼ਾਲ ਲਹਿਰ ਨੇ ਜਲਦ ਹੀ ਅਮਰੀਕਨ ਕਿਰਤ ਸੰਘ, ਹਿੰਦੁਸਤਾਨੀ ਦੇਸ਼-ਭਗਤਾਂ, ਅਨੇਕਾਂ ਟਰੇਡ ਤੇ ਸੋਸ਼ਲਿਸਟ ਯੂਨੀਅਨਾਂ ਅਤੇ ਹੋਰ ਵੱਖ-ਵੱਖ ਜਮਹੂਰੀ ਜੱਥੇਬੰਦੀਆਂ ਦਾ ਸਮਰਥਨ ਹਾਸਲ ਕਰ ਲਿਆ ਜਿਸਦੇ ਸਿੱਟੇ ਵਜੋਂ ਅਮਰੀਕਨ ਸਰਕਾਰ ਨੂੰ ਹਿੰਦੀ ਦੇਸ਼-ਭਗਤਾਂ ਨੂੰ ਸਿਆਸੀ ਪਨਾਹ ਦੇਣ ਲਈ ਮਜ਼ਬੂਰ ਹੋਣਾ ਪਿਆ।ਉਸਨੇ ਨਿਊਯਾਰਕ ਤੋਂ ਅਨੇਕਾਂ ਪ੍ਰਵਾਸੀ ਭਾਰਤੀ ਕਾਮਿਆਂ ਤੇ ਦੇਸ਼-ਭਗਤਾਂ ਦੇ ਮੁਕੱਦਮੇ ਲੜੇ।ਉਸਦਾ ਹਿੰਦੁਸਤਾਨੀ ਦੇਸ਼ਭਗਤਾਂ ਨਾਲ ਲਗਾਤਾਰ ਪੱਤਰ-ਵਿਹਾਰ ਹੁੰਦਾ ਰਹਿੰਦਾ ਸੀ।ਉਸਦੇ ਹਿੰਦੁਸਤਾਨੀ ਦੇਸ਼-ਭਗਤਾਂ ਨਾਲ ਨਜਦੀਕੀ ਸਬੰਧਾਂ ਤੇ ਸਰਕਾਰ ਵਿਰੋਧੀ ਗਤੀਵਿਧੀਆਂ ਕਾਰਨ ਅਮਰੀਕੀ ਤੇ ਬਰਤਾਨਵੀ ਖੁਫ਼ੀਆ ਪੁਲਿਸ ਉਸ ਉਪਰ ਲਗਾਤਾਰ ਨਜਰਸਾਨੀ ਰੱਖ ਰਹੀ ਸੀ।1918 ਵਿਚ ਸਮੈਡਲੀ ਤੇ ਸਤਿੰਦਰ ਨਾਥ ਘੋਸ਼ ਨੂੰ ਇਕ ਸਾਜਿਸ਼ੀ ਕਾਨੂੰਨ ਤਹਿਤ ਨਿਊਯਾਰਕ ਤੋਂ ਗ੍ਰਿਫ਼ੳਮਪ;ਤਾਰ ਕਰ ਲਿਆ ਗਿਆ, ਉਹਨਾਂ ਉਪਰ ਦੋਸ਼ ਸੀ ਕਿ ਉਹ ਬਰਤਾਨਵੀ ਹਕੂਮਤ ਖਿਲਾਫ਼ੳਮਪ; ਬਗਾਵਤ ਕਰਵਾਉਣ ਦੀ ਵਿਉਂਤ ‘ਚ ਹਨ।

ਰਿਹਾਈ ਤੋਂ ਬਾਅਦ ਸਮੈਡਲੀ ਭਾਰਤ ਦੀ ਯਾਤਰਾ ਕਰਨੀ ਚਾਹੁੰਦੀ ਸੀ ਪਰ ਬਰਤਾਨਵੀ ਸਰਕਾਰ ਦੁਆਰਾ ਉਸਦੇ ਭਾਰਤ ਆਉਣ ‘ਚ ਅਨੇਕਾਂ ਅੜਚਣਾ ਖੜੀਆਂ ਕੀਤੀਆਂ ਗਈਆਂ ਜਿਸ ਕਾਰਨ ਉਹ ਭਾਰਤ ਨਹੀਂ ਆ ਸਕੀ।ਪਰੰਤੂ ਉਸਨੇ ‘ਕਿਰਤੀ’ ਅਖਬਾਰ ਰਾਹੀਂ ਆਪਣੇ-ਆਪ ਨੂੰ ਭਾਰਤ ਅੰਦਰਲੀਆਂ ਉਥਲ-ਪੁਥਲ ਦੀਆਂ ਸਥਿਤੀਆਂ ਨਾਲ ਜੋੜੀ ਰੱਖਿਆ।ਸਮੈਡਲੀ ‘ਕਿਰਤੀ’ ਵਿਚ ਲਗਾਤਾਰ ਆਪਣੇ ਲੇਖ ਅਤੇ ਪੁਸਤਕ ਰਵਿਊ ਭੇਜਦੀ ਰਹੀ।ਉਸ ਸਮੇਂ ਉਹ ਚੀਨ ਅੰਦਰ ਇਨਕਲਾਬ ਦੀਆਂ ਫੁੱਟ ਰਹੀਆਂ ਤਰੰਗਾਂ ਦਾ ਅਨੁਭਵ ਤੇ ਤਜਰਬਾ ਹਾਸਲ ਕਰਨ ਲਈ ਚੀਨ ਵਿੱਚ ਰਹਿ ਰਹੀ ਸੀ।ਉਹ ਚੀਨ ਦੇ ਇਨਕਲਾਬ ਦੀ ਹਮਾਇਤੀ ਸੀ।ਚੀਨ ਵਿਚ ਉਹ ‘ਫ਼ਰੈਂਫਰਟ ਜ਼ਾਇਟੁੰਗ’ ਤੇ ‘ਮਾਨਚੈਸਟਰ ਗਾਰਡੀਅਨ’ ਪੇਪਰਾਂ ਦੀ ਸਹਾਇਕ ਵਜੋਂ ਕੰਮ ਕਰਦੀ ਰਹੀ।ਦੂਜੇ ਸਾਂਝੇ ਮੋਰਚੇ ਦੌਰਾਨ ਉਸਨੇ ਜਰਮਨ ਵਿਰੋਧੀ ਰਿਪੋਰਟਿੰਗ ਦਾ ਕੰਮ ਕੀਤਾ।

ਚੀਨ ਅੰਦਰ ਉਹ ਲੋਕ ਸੈਨਾ ਵਿਚ ਭਰਤੀ ਹੋ ਕੇ ਸਿੱਧੇ ਜੰਗ ਦੇ ਮੈਦਾਨ ‘ਚ ਵੀ ਕੰਮ ਕਰਦੀ ਰਹੀ।1930 ਵਿਚ ਉਸਨੇ ਚੀਨ ਦੀ ਕਮਿਊਨਿਸਟ ਪਾਰਟੀ ਕੋਲ ਪਾਰਟੀ ਮੈਂਬਰਸ਼ਿੱਪ ਹਾਸਲ ਕਰਨ ਦਾ ਪ੍ਰਸਤਾਵ ਰੱਖਿਆ ਪਰ ਪਾਰਟੀ ਨੇ ਕੁਝ ਕਾਰਨਾਂ ਕਰਕੇ ਉਸਦੇ ਇਸ ਪ੍ਰਸਤਾਵ ਨੂੰ ਨਾ-ਮਨਜ਼ੂਰ ਕਰ ਦਿੱਤਾ।ਮੈਂਬਰਸ਼ਿੱਪ ਨਾ ਮਿਲਨ ਤੇ ਵੀ ਸਮੈਡਲੀ ਨੇ ਇਨਕਲਾਬ ਦੌਰਾਨ ਦਵਾਈਆਂ ਵੰਡਣ ਤੇ ਲਿਖਤ-ਪੜਤ ਦਾ ਕੰਮ ਜਾਰੀ ਰੱਖਿਆ।

ਸਮੈਡਲੀ ਨੇ ਸੰਸਾਰ ਇਨਕਲਾਬ ਦਾ ਪ੍ਰਚਾਰ-ਪ੍ਰਾਪੇਗੰਡਾ ਕਰਨ ਲਈ ‘ਕਮਿਟਰਨ’ ਨੂੰ ਵੀ ਸਹਿਯੋਗ ਦਿੱਤਾ।ਉਹ ਔਰਤ ਹੱਕਾਂ ਲਈ ਲਗਾਤਾਰ ਜੂਝਦੀ ਰਹੀ।ਸਮੈਡਲੀ ਨੇ ਚੀਨ ਦੇ ਇਨਕਲਾਬ ਸਬੰਧੀ ਛੇ ਪੁਸਤਕਾਂ ਦੀ ਰਚਨਾ ਕੀਤੀ।ਉਸਦੀ ਸ਼ਖ਼ਸੀਅਤ ਭਾਰਤੀ-ਚੀਨੀ ਦੇਸ਼ਭਗਤਾਂ ਦੀ ਦੋਸਤ, ਅਮਰੀਕੀ ਪੱਤਰਕਾਰ ਤੇ ਇਕ ਉੱਘੀ ਲੇਖਿਕਾ ਵਜੋਂ ਸਥਾਪਿਤ ਹੈ।ਉਮਰ ਦੇ ਆਖਰੀ ਪਲ ਸਮੈਡਲੀ ਨੇ ਵਾਸ਼ਿੰਗਟਨ ਨੂੰ ਆਪਣਾ ਰੈਣ-ਬਸੇਰਾ ਬਣਾਇਆ।1947 ਤੱਕ ਉਸ ਉਪਰ ਵੱਖ-ਵੱਖ ਮੁਲਕਾਂ ਦੀ ਜਾਸੂਸੀ ਕਰਨ ਦੇ ਦੋਸ਼ ਵੀ ਲੱਗੇ।

6 ਮਈ 1950 ਵਿੱਚ ਭਾਰਤੀ ਗ਼ਦਰੀ ਦੇਸ਼ਭਗਤਾਂ ਦੀ ਦੋਸਤ ਸਦਾ ਲਈ ਵਿਛੜ ਗਈ ਅਤੇ ਉਸਦੀ ਅੰਤਿਮ ਇੱਛਾ ਕਿ “ਉਸਦੀ ਰਾਖ ਹਮੇਸ਼ਾ ਲਈ ਵਿਛੜ ਚੁੱਕੇ ਚੀਨ ਦੇ ਇਨਕਲਾਬੀਆਂ ਦੇ ਕੋਲ ਰੱਖੀ ਜਾਵੇ” ਉਸਦੀ ਇੱਛਾ ਦੇ ਮੁਤਾਬਕ ਉਹ ਚੀਨ ਅੰਦਰ ਪੀਕਿੰਗ ਦੇ ਕਬਰਸਿਤਾਨ ਵਿੱਚ ਮਹਿਫ਼ੂਜ਼ ਹੈ, ਜਿਸ ਉਪਰ ਉਕਰਿਆ ਹੋਇਆ ਹੈ- ਐਗਨੀਜ਼ ਸਮੈਡਲੀ, ਚੀਨ ਦੀ ਦੋਸਤ।

ਗ਼ਦਰ ਪਾਰਟੀ ਦੀਆਂ ਮਹਾਨ ਵੀਰਾਂਗਣਾ ; ਅੱਜ ਘਰਾਂ ਦੀ ਚਾਰਦੀਵਾਰੀ ਅੰਦਰ ਕੈਦ ਕੱਟਣ, ਪਿਤਾਪੁਰਖੀ ਪਿਛਾਂਹਖਿਚੂ ਸੰਸਕਾਰਾਂ ਦਾ ਭਾਰ ਢੋਣ, ਲੱਚਰ ਤੇ ਲੋਟੂ ਸੱਭਿਆਚਾਰ ਦਾ ਸ਼ਿਕਾਰ ਹੋਣ ਅਤੇ ਆਪਣੀ ਮਿਹਨਤ ਸ਼ਕਤੀ ਦੀ ਸਸਤੀ ਲੁੱਟ ਕਰਵਾਉਣ ਦੇ ਪ੍ਰਬੰਧ ਦੀ ਗੁਲਾਮੀ ਹੇਠ ਜੀਅ ਰਹੀਆਂ ਸੰਸਾਰ ਅਬਾਦੀ ਦਾ ਅੱਧ ਬਣਦੀਆਂ ਔਰਤਾਂ ਨੂੰ ਆਪਣੀ ਮੁਕਤੀ ਵਾਸਤੇ ਅੱਗੇ ਆਉਣ ਲਈ ਵੰਗਾਰ ਰਹੀਆਂ ਹਨ।

ਸੰਪਰਕ: +91 98764 42052

Comments

Gustavo

A simple and inneglilett point, well made. Thanks!

Security Code (required)



Can't read the image? click here to refresh.

Name (required)

Leave a comment... (required)





ਨਿਬੰਧ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ