Fri, 19 April 2024
Your Visitor Number :-   6983861
SuhisaverSuhisaver Suhisaver

ਹੰਝੂਆਂ ਦਾ ਹੜ੍ਹ - ਰਮੇਸ ਸੇਠੀ ਬਾਦਲ

Posted on:- 14-09-2014

suhisaver

“ਭਾਬੀ ਜੀ ਦੱਸੋ ਤਾਂ ਸਹੀ। ਕੀ ਮੈਂਥੋ ਕੋਈ ਗਲਤੀ ਹੋਗੀ। ਮੈਂ ਭਾਬੀ ਜੀ ਨੂੰ ਵਾਰ ਵਾਰ ਪੁੱਛਦੀ ਹਾਂ ਪਰ ਭਾਬੀ ਜੀ ਹਰ ਵਾਰ ਹੱਸ ਕੇ ਟਾਲ ਦਿੰਦੇ ਹਨ। ਪਰ ਛੋਟੀ ਭਾਬੀ ਵੱਲ ਦੇਖ ਕੇ ਹੋਰ ਹੀ ਤਰ੍ਹਾਂ ਦੀ ਹਾਸੀ ਹੱਸਦੇ ਹਨ। ਅਸੀਂ ਪਿਛਲੇ ਕਈ ਸਾਲਾਂ ਤੋਂ ਭਾਬੀ ਜੀ ਕੇ ਉਪਰਲੀ ਮੰਜ਼ਿਲ ਤੇ ਰਹਿੰਦੇ ਹਾਂ। ਹੇਠਲੇ ਹਿੱਸੇ ਚ ਵੱਡੇ ਭਾਬੀ ਜੀ ਦਾ ਪਰਵਾਰ, ਛੋਟੇ ਭਾਬੀ ਜੀ ਤੇ ਮਾਤਾ ਤੇ ਬਾਊ ਜੀ ਹੁੰਦੇ ਹਨ। ਬੱਚੇ ਚਾਰੇ ਹੀ ਬਾਹਰ ਹੋਸਟਲਾਂ ਚ ਪੜ੍ਹਦੇ ਹਨ। ਇਸੇ ਲਈ ਤਾਂ ਅਸੀ ਇੱਕ ਪਰਵਾਰ ਦੀ ਤਰਾਂ ਹੀ ਰਹਿੰਦੇ ਹਾਂ। ਇਹਨਾਂ ਦੇ ਰੱਬ ਦਾ ਦਿੱਤਾ ਸਭ ਕੁਝ ਹੈ। ਬਾਊ ਜੀ ਇੱਕ ਸੇਵਾਮੁਕਤ ਅਫਸਰ ਹਨ। ਵੱਡੇ ਭਾਈ ਸਾਬ ਬੈਂਕ ਵਿੱਚ ਲੱਗੇ ਹਨ ਤੇ ਛੋਟੇ ਭਾਈ ਸਾਬ ਦਾ ਚੰਗਾ ਕਾਰੋਬਾਰ ਹੈ। ਵੱਡੇ ਭਾਬੀ ਜੀ ਚਾਹੇ ਐਮ ਏ ਬੀ ਐਡ ਹਨ ਪਰ ਇਹਨਾਂ ਨੇ ਉਸਨੂੰ ਨੌਕਰੀ ਨਹੀਂ ਕਰਵਾਈ। ਪਰ ਛੋਟੇ ਭਾਬੀ ਜੀ ਵਿਆਹ ਤੋਂ ਪਹਿਲਾਂ ਦੇ ਹੀ ਬੀਮਾ ਕੰਪਨੀ ਚ ਲੱਗੇ ਹੋਏ ਸਨ। ਸੋ ਹਰ ਕੋਈ ਆਪਣੀ ਆਪਣੀ ਜਗ੍ਹਾ ਤੇ ਖੁਸ਼ ਹੈ।

ਸਾਡੇ ਬੱਚੇ ਜ਼ਿਆਦਾਤਰ ਥੱਲੇ ਹੀ ਰਹਿੰਦੇ। ਕਦੇ ਭਾਈ ਸਾਬ ਖਿਡਾਉਂਦੇ ਤੇ ਕਦੇ ਵੱਡੇ ਬਾਊ ਜੀ। ਮਾਤਾ ਜੀ ਤਾਂ ਅਕਸਰ ਬੱਚਿਆਂ ਨੂੰ ਆਪਣੇ ਕੋਲੇ ਬੁਲਾ ਲੈਂਦੇ। ਘੰਟਿਆ ਬੱਧੀ ਇਹਨਾਂ ਨਾਲ ਹੀ ਹੱਸਦੇ ਰਹਿੰਦੇ ਹਨ। ਮਾਤਾ ਜੀ ਕੁਝ ਵੀ ਖਾਣ ਨਿੱਕੜੀ ਨੂੰ ਨਾਲ ਹੀ ਖਵਾਉਂਦੇ ਹਨ। ਇਹ ਵੀ ਐਡੀ ਢੀਠ ਹੈ ਅਖੇ ਮੈਂ ਮਾਤਾ ਨਾਲ ਹੀ ਖਾਊਂ। ਮੈਂ ਕਈ ਵਾਰੀ ਗੁੱਸੇ ਹੋ ਜਾਂਦੀ ਹਾਂ ਪਰ ਕੀ ਕਰਾਂ ਵੱਡੇ ਭਾਬੀ ਜੀ ਮੈਨੂੰ ਝਿੜਕ ਦਿੰਦੇ ਹਨ। ਤੇ ਇਸ ਨੂੰ ਵੀ ਚਮਚ ਪਕੜਾ ਦਿੰਦੇ ਹਨ। ਜੇ ਕਦੇ ਅਦਿੱਤਿਆ ਥੱਲੇ ਨਾ ਜਾਵੇ ਤਾਂ ਕੋਈ ਨਾ ਕੋਈ ਆਵਾਜ਼ ਮਾਰ ਦਿੰਦਾ ਹੈ। ਬੱਚੇ ਜੇ ਕਿਸੇ ਗੱਲ ਨੂੰ ਲੈ ਕੇ ਜਿੱਦ ਕਰਨ ਤਾਂ ਭਾਈ ਸਾਬ ਬੱਚਿਆਂ ਦਾ ਹੀ ਪੱਖ ਪੂਰਦੇ ਹਨ। ਤੇ ਬੱਚਿਆਂ ਦੀ ਜ਼ਿੱਦ ਝੱਟ ਪੂਰੀ ਕਰ ਦਿੰਦੇ ਹਨ। ਭਾਬੀ ਜੀ ਜੋ ਵੀ ਥੱਲੇ ਖਾਣ ਨੂੰ ਬਣਿਆ ਹੋਵੇ ਉਪਰ ਆਕੇ ਆਪ ਦੇ ਜਾਂਦੇ ਹਨ ਅਖੇ ਇਸ ਬਹਾਨੇ ਮੇਰੇ ਗੋਡੇ ਚਲਦੇ ਰਹਿਣਗੇ।

ਪਹਿਲੇ ਦਿਨ ਤੋਂ ਹੀ ਇਹ ਸਾਡੇ ਨਾਲ ਘੁੱਲ ਮਿਲ ਗਏ। ਮੇਰੇ ਪਤੀ ਦੇਵ ਨੂੰ ਵੀ ਇਹਨਾਂ ਦਾ ਬਹੁਤ ਸਹਾਰਾ ਸੀ। ਇਹ ਵੀ ਆਪਣੀ ,ਆਪਣੇ ਘਰ ਦੀ, ਕਾਰੋਬਾਰ ਦੀ, ਹਰ ਗੱਲ ਭਾਈ ਸਾਬ ਨਾਲ ਕਰ ਲੈਂਦੇ ਸੀ । ਭਾਈ ਸਾਬ ਵੀ ਹਮੇਸ਼ਾਂ ਇਹਨਾਂ ਨੂੰ ਆਪਣਾ ਛੋਟਾ ਭਰਾ ਹੀ ਸਮਝਦੇ। ਸਾਡੀ ਕਦੇ ਵੀ ਮਕਾਨ ਮਾਲਿਕ ਤੇ ਕਿਰਾਏਦਾਰਾ ਵਾਲੀ ਗੱਲ ਨਹੀਂ ਸੀ। ਸਾਡੇ ਦੋਹਾਂ ਘਰਾਂ ਦੇ ਰਿਸ਼ਤੇਦਾਰ ਵੀ ਇੱਕ ਦੂਜੇ ਨੂੰ ਜਾਣਦੇ ਸਨ। ਕਈ ਵਾਰੀ ਜਦੋਂ ਅਸੀ ਘਰ ਨਾ ਹੁੰਦੇ ਕਿਤੇ ਬਾਹਰ ਗਏ ਹੁੰਦੇ ਤੇ ਪਿੱਛੋਂ ਕੋਈ ਆਇਆ ਗਿਆ ਆ ਜਾਂਦਾ ਤਾਂ ਭਾਬੀ ਜੀ ਆਪੇ ਹੀ ਚਾਹ ਪਾਣੀ ਪਿਲਾ ਦਿੰਦੇ। ਜੇ ਮੈਂ ਕਦੇ ਪੇਕੇ ਵੀ ਚਾਰ ਦਿਨ ਚਲੀ ਜਾਂਦੀ ਤਾਂ ਮੈਨੂੰ ਇਹਨਾਂ ਦੇ ਰੋਟੀ ਟੁੱਕ ਦਾ ਭੋਰਾ ਫਿਕਰ ਨਹੀਂ ਸੀ ਹੁੰਦਾ।


ਸ਼ੁਰੂ ਤੋਂ ਹੀ ਮੈਂ ਕਿਰਾਇਆ ਵੱਡੇ ਭਾਬੀ ਜੀ ਨੂੰ ਫੜਾ ਦਿੰਦੀ ਸੀ ਤੇ ਭਾਬੀ ਜੀ ਅੱਗੇ ਮਾਤਾ ਜੀ ਨੂੰ। ਇਸ ਗੱਲ ਦਾ ਮੈਨੂੰ ਪਤਾ ਸੀ ਕਿ ਕਿਰਾਇਆ ਮਾਤਾ ਜੀ ਕੋਲੇ ਹੀ ਪਹੁੰਚਦਾ ਹੈ। ਤੇ ਮਾਤਾ ਜੀ ਹੀ ਆਪਣੀ ਮਰਜ਼ੀ ਨਾਲ ਵਰਤਦੇ ਸਨ। ਧੀਆਂ ਨੂੰ ਦੇਣਾ ਲੈਣਾ ਕੋਈ ਤਿੱਥ ਤਿਉਹਾਰ ਪੁੰਨ ਦਾਨ ਸਭ ਮਾਤਾ ਜੀ ਆਪਣੇ ਪੈਸਿਆਂ ਤੋਂ ਹੀ ਕਰਦੇ ਸਨ। ਇਹ ਉਹਨਾਂ ਦੇ ਘਰ ਦਾ ਮਸਲਾ ਸੀ ।ਇਸ ਤਰ੍ਹਾਂ ਮਾਤਾ ਜੀ ਨੂੰ ਕਿਸੇ ਕੋਲੋ ਪੈਸੇ ਨਹੀਂ ਸਨ ਮੰਗਣੇ ਪੈਂਦੇ।ਅਸੀ ਸ਼ੁਰੂ ਤੋਂ ਹੀ ਬਸ ਚਾਰ ਹਜ਼ਾਰ ਹੀ ਦਿੰਦੇ ਸੀ। ਕਿਰਾਇਆ ਵਧਾਉਣ ਲਈ ਇੱਕ ਦੋ ਵਾਰ ਮੇਰੇ ਪਤੀ ਦੇਵ ਨੇ ਆਖਿਆ ਵੀ ਪਰ ਭਾਬੀ ਜੀ ਨੇ ਮਨ੍ਹਾਂ ਕਰ ਦਿੱਤਾ। ਪਰ ਮੈਂ ਪਿਛਲੇ ਕੁਝ ਦਿਨਾਂ ਤੋਂ ਨੋਟ ਕਰ ਰਹੀ ਸੀ ਕਿ ਭਾਬੀ ਜੀ ਚੁੱਪ ਜਿਹੇ ਹਨ ਪਤਾ ਨਹੀਂ ਕਿਉਂ।


ਹੋਇਆ ਇਸ ਤਰ੍ਹਾਂ ਕਿ ਪਹਿਲਾਂ ਮੈਂ ਪੇਕੇ ਚਲੀ ਗਈ ਤੇ ਤਿੰਨ ਚਾਰ ਤਰੀਕ ਨੂੰ ਵਾਪਿਸ ਆਈ ਤੇ ਫਿਰ ਭਾਬੀ ਜੀ ਸਿਰਸੇ ਚਲੇ ਗਏ ਸੇਵਾ ਤੇ । ਉਹਨਾਂ ਨੇ ਪੰਦਰਾਂ ਤਰੀਕ ਤੋਂ ਬਾਅਦ ਹੀ ਆਉਣਾ ਸੀ। ਇਹ ਮੈਨੂੰ ਰੋਜ਼ ਪੁੱਛਦੇ ਕਿ ਕਿਰਾਇਆ ਦਿੱਤਾ ਕਿ ਨਹੀਂ। ਕਿਉਂਕਿ ਸਾਡਾ ਅਸੂਲ ਹੀ ਸੀ ਕਿ ਕਿਰਾਇਆ ਹਰ ਮਹੀਨੇ ਐਡਵਾਂਸ ਹੀ ਦੇ ਦਿੱਤਾ ਜਾਵੇ ਉਹ ਵੀ ਬਸ ਦੋ ਜਾਂ ਤਿੰਨ ਤਰੀਕ ਨੂੰ। ਇਸ ਬਾਰ ਗਿਆਰਾਂ ਤਰੀਕ ਹੋ ਗਈ ਤੇ ਸਾਨੂੰ ਤਾਂ ਸ਼ਰਮ ਜਿਹੀ ਆਉਣ ਲੱਗ ਪਈ। ਚਾਹੇ ਪੈਸੇ ਤਾਂ ਪਹਿਲੀ ਤਰੀਕ ਦੇ ਹੀ ਮੇਰੇ ਕੋਲ ਪਏ ਸਨ। ਬਸ ਭਾਬੀ ਜੀ ਨਾਲ ਮੇਲ ਹੀ ਨਹੀਂ ਹੋਇਆ। ਬਾਰਾਂ ਤਰੀਕ ਨੂੰ ਸਵੇਰੇ ਹੀ ਮੈਂ ਪੈਸੇ ਮਾਤਾ ਜੀ ਨੂੰ ਦੇ ਦਿੱਤੇ ਕਿਉਂਕਿ ਮੈਨੂੰ ਪਤਾ ਹੀ ਸੀ ਕਿ ਪੈਸੇ ਮਾਤਾ ਜੀ ਕੋਲ ਹੀ ਜਾਣੇ ਹਨ। ਪੈਸੇ ਦੇ ਕਿ ਮੈਂ ਫਾਰਿਗ ਹੋ ਗਈ ਤੇ ਜਦੋਂ ਭਾਬੀ ਜੀ ਆਏ ਤਾਂ ਮੈਂ ਗੱਲਾਂ ਗੱਲਾਂ ਚ ਭਾਬੀ ਜੀ ਨੂੰ ਦੱਸ ਦਿੱਤਾ। ਮੈਂ ਨੋਟ ਕੀਤਾ ਕਿ ਭਾਬੀ ਜੀ ਦਾ ਰੰਗ ਉਸੇ ਵੇਲੇ ਫਿੱਕਾ ਪੈ ਗਿਆ। ਮੈਂ ਵੀ ਗਲਤ ਨਹੀਂ ਸੀ ।ਇਹ ਗੱਲ ਵਿੱਚ ਭੋਰਾ ਵੀ ਛੱਕ ਨਹੀਂ ਸੀ ਕਿ ਪੈਸੇ ਗਲਤ ਹੱਥਾਂ ਵਿੱਚ ਚਲੇ ਗਏ ਹੋਣ। ਕਿਉਂਕਿ ਇਹ ਤਾਂ ਗੱਲ ਚੋੜੀ ਚਿੱਟੀ ਸੀ ਕਿ ਕਿਰਾਇਆ ਮਾਤਾ ਜੀ ਕੋਲ ਹੀ ਜਾਂਦਾ ਹੈ।


ਇਹ ਵੀ ਨਹੀਂ ਸੀ ਕਿ ਪਰਿਵਾਰ ਦੀ ਕੋਈ ਗੱਲ ਮੈਥੋਂ ਲੁਕੀ ਹੋਈ ਸੀ । ਮਾਤਾ ਜੀ ਵੀ ਮੇਰੇ ਨਾਲ ਸਾਰੀਆਂ ਗੱਲਾਂ ਕਰ ਲੈਂਦੇ ਸੀ। ਵੱਡੇ ਤੇ ਛੋਟੇ ਭਾਬੀ ਜੀ ਮੇਰੇ ਨਾਲ ਪੂਰੀ ਤਰ੍ਹਾਂ ਖੁੱਲੇ ਸਨ। ਮੈਂ ਵੀ ਘਰ ਦੇ ਸਾਰੇ ਝੋਰੇ ਝੋਖੇ ਤੰਗੀਆਂ ਤੁਰਸ਼ੀਆਂ ਬਾਰੇ ਸਾਰੀਆਂ ਗੱਲਾਂ ਕਰਕੇ ਮਨ ਹੌਲਾ ਕਰ ਲੈਂਦੀ ਸੀ। ਦੋ ਕੁੜੀਆਂ ਤੇ ਦੋ ਮੁੰਡੇ ਛੇ ਜੀਆਂ ਦਾ ਸਾਡਾ ਪਰਿਵਾਰ ਤੇ ਪ੍ਰਾਈਵੇਟ ਨੋਕਰੀ । ਗੁਜਾਰਾ ਹੋ ਹੀ ਜਾਂਦਾ ਸੀ। ਪਰ ਕਿਰਸ ਤਾਂ ਕਰਨੀ ਹੀ ਪੈਂਦੀ ਸੀ। ਬਾਕੀ ਮੋਬਾਇਲਾਂ, ਗੈਸ ਸਿਲੰਡਰਾਂ ਦੇ ਖਰਚੇ ਬਿਜਲੀ ਪਾਣੀ ਦੇ ਬਿੱਲ ਤੇ ਆਹ ਚਾਰ ਚਾਰ ਬੱਚਿਆਂ ਦੇ ਪੜਾਈ ਦੇ ਖਰਚੇ ਤੇ ਉੱਤੋ ਆਪਣਾ ਮਕਾਨ ਵੀ ਨਾ ਹੋਵੇ। ਟੈਂਸਨ ਦਾ ਰਹਿੰਦੀ ਹੀ ਸੀ ਤੇ ਉਤੋਂ ਭਾਬੀ ਆਲੀ ਗੱਲ। ਹਾਂ ਇਸ ਘਰ ਚ ਰਹਿੰਦਿਆਂ ਮੈਨੂੰ ਕੋਈ ਹੋਰ ਫਿਕਰ ਨਹੀਂ ਸੀ। ਪੂਰਾ ਪਰਿਵਾਰ ਜੋ ਮਿਲਿਆ ਸੀ ਮੈਨੂੰ।


“ਤੂੰ ਬਹੁਤਾ ਫਿਕਰ ਨਾ ਕਰਿਆ ਕਰ। ਤੇਰੀ ਮਾਂ ਨੂੰ ਨਾ ਦੱਸਿਆ ਕਰ , ਵਿਚਾਰੀ ਦਿਲ ਨੂੰ ਲਾ ਲੈਂਦੀ ਹੈ। ਧੀਆਂ ਦੇ ਦੁੱਖ ਝੱਲੇ ਨਹੀਂ ਜਾਂਦੇ ਮਾਂਵਾਂ ਤੋਂ "। ਮਾਤਾ ਜੀ ਅਕਸਰ ਮੈਨੂੰ ਸਮਝਾਉਂਦੇ। “ਤੂੰ ਮੇਰੇ ਨਾਲ ਕਰ ਲਿਆ ਕਰ ਮਨ ਹੋਲਾ । ਮੈਂ ਵੀ ਤੇ ਤੇਰੀ ਮਾਂ ਸਮਾਨ ਹੀ ਹਾਂ। " ਮਾਤਾ ਜੀ ਦੀਆਂ ਇਹਨਾਂ ਗੱਲਾਂ ਨਾਲ ਮੈਨੂੰ ਹੋਸਲਾ ਮਿਲਦਾ। ਭਾਬੀ ਜੀ ਵੀ ਆਨੀ ਬਹਾਨੀ ਮੇਰੀ ਸਹਾਇਤਾ ਕਰਦੇ। ਕਈ ਅਜੇਹੀਆਂ ਚੀਜਾਂ ਜੋ ਮੇਰੇ ਕੰਮ ਆ ਸਕਦੀਆਂ ਹੁੰਦੀਆਂ ਮੈਨੂੰ ਬਹਾਨੇ ਜਿਹੇ ਨਾਲ ਦੇ ਦਿੰਦੇ ਪਰ ਉਹ ਦਿੰਦੇ ਇਸ ਤਰਾਂ ਕਿ ਮੇਰੇ ਵਕਾਰ ਨੂੰ ਠੇਸ ਨਾ ਪਹੁੰਚੇ। ਜਦੋਂ ਮਾਤਾ ਦੀ ਧੀ ਰੱਖੜੀ ਤੇ ਆਉਂਦੀ ਤਾਂ ਉਹ ਅਦਿੱਤਿਆ ਦੇ ਰੱਖੜੀ ਜ਼ਰੂਰ ਬੰਨਦੇ ਨਾਲੇ ਕੋਈ ਨਾ ਕੋਈ ਗਿਫਟ ਵੀ ਦਿੰਦੇ ਹਰ ਸਾਲ।


ਮੈਨੂੰ ਬਹੁਤ ਚਿੰਤਾ ਲੱਗੀ ਹੋਈ ਸੀ ਵੱਡੀ ਭਾਬੀ ਦੀ ਗੱਲ ਨੂੰ ਲੈ ਕੇ। ਪਤਾ ਨਹੀਂ ਇਹ ਮੇਰਾ ਵਹਿਮ ਸੀ ਜਾਂ ਸੱਚੀ ਕੋਈ ਗੱਲ ਸੀ । ਪਰ ਭਾਬੀ ਜੀ ਹਰ ਬਾਰ ਹੱਸ ਕੇ ਟਾਲ ਦਿੰਦੇ। ਮੈਂ ਇਹਨਾ ਨਾਲ ਵੀ ਗੱਲ ਕੀਤੀ ਪਰ ਇਹਨਾਂ ਨੇ ਕੋਈ ਖਾਸ਼ ਤਵੱਜੋ ਨਹੀਂ ਦਿੱਤੀ। ਆਖਿਰ ਮੈਂ ਛੋਟੀ ਭਾਬੀ ਨੂੰ ਪੁੱਛਿਆ। ਚਾਹੇ ਉਹ ਮੇਰੇ ਨਾਲ ਐਨੇ ਖੁਲ੍ਹੇ ਨਹੀਂ ਸਨ। ਪਰ ਮੈਂ ਵੀ ਮਜਬੂਰ ਸੀ। ਉਹਨਾਂ ਨੇ ਵੀ ਗੱਲ ਕਿਸੇ ਬੰਨੇ ਨਾ ਲਾਈ। ਜਦੋਂ ਅਗਲਾ “ਕੋਈ ਗੱਲ" ਨਹੀਂ ਆਖ ਦੇਵੇ ਤਾਂ ਬੰਦਾ ਦੁਹਰਾ ਕੇ ਕੀ ਪੁੱਛੇ। ਉਹਨਾਂ ਦੀਆਂ ਅੱਖਾਂ ਬੋਲਦੀਆਂ ਸਨ। ਤੇ ਮੈਂ ਗੱਲ ਪਕੜਦੀ ਸੀ। ਮੈਨੂੰ ਰਾਤ ਨੂੰ ਨੀਂਦ ਨਾ ਆਉਂਦੀ ਤੇ ਭੈੜੇ ਭੈੜੇ ਖਿਆਲ ਆਉਂਦੇ।ਮੈਨੂੰ ਲੱਗਦਾ ਕਿਤੇ ਇਹ ਮਕਾਨ ਖਾਲੀ ਕਰਨ ਦਾ ਹੀ ਨਾ ਕਹਿ ਦੇਣ।


ਆਖਿਰ ਇੱਕ ਦਿਨ ਮੈਂ ਰੋ ਪਈ ਛੋਟੀ ਭਾਬੀ ਜੀ ਕੋਲ। ਤੇ ਮੈਂ ਅਦਿੱਤਿਆ ਦੀ ਸੋਂਹ ਪਾ ਦਿੱਤੀ । ਤੇ ਭਾਬੀ ਜੀ ਨੇ ਮੇਰੇ ਮੂੰਹ ਤੇ ਹੱਥ ਰੱਖ ਦਿੱਤਾ। ਭਾਬੀ ਜੀ ਦੀਆਂ ਅੱਖਾਂ ਚੋ ਹੰਝੂ ਪਰਲ ਪਰਲ ਡਿੱਗਣ ਲੱਗੇ। “ਖਬਰਦਾਰ ਜੇ ਅੱਗੇ ਤੋਂ ਅਦਿੱਤਿਆ ਦੀ ਸੌਂਹ ਪਾਈ ਤਾਂ। " ਉਹ ਤਾਂ ਅਦਿੱਤਿਆ ਨੂੰ ਆਪਣਾ ਬੇਟਾ ਹੀ ਆਖਦੇ ਸਨ। ਕਿਉਂਕਿ ਉਸ ਦੇ ਦੋ ਧੀਆਂ ਹੀ ਸਨ। “ਸੁਮਨ ਮੈਂ ਮਜਬੂਰ ਹਾਂ ਮੈਂ ਇਸ ਬਾਰੇ ਕੁਝ ਨਹੀਂ ਬੋਲ ਸਕਦੀ। ਮੈਨੂੰ ਵੱਡੇ ਭਾਬੀ ਜੀ ਨੇ ਕਸਮ ਦਿੱਤੀ ਹੈ। " ਤੇ ਨਾਲ ਹੀ ਉਸ ਨੇ ਵੱਡੇ ਭਾਬੀ ਜੀ ਨੂੰ ਆਵਾਜ਼ ਮਾਰ ਦਿੱਤੀ। ਤੇ ਸਾਰੀ ਗੱਲ ਉਸ ਨੂੰ ਦੱਸੀ ।


ਹੁਣ ਵੱਡੇ ਭਾਬੀ ਜੀ ਮੈਨੂੰ ਸਾਰੀ ਗੱਲ ਦੱਸ ਸਕਦੇ ਸੀ। ਪਰ ਉਹਨਾਂ ਦਾ ਹੋਸਲਾ ਨਹੀਂ ਸੀ ਪੈ ਰਿਹਾ। ਮੇਰੇ ਦਿਲ ਨੂੰ ਹੋਲ ਜਿਹੇ ਪੈ ਰਹੇ ਸੀ। “ਗੱਲ ਦਰਅਸਲ ਇਹ ਹੈ ਕਿ ---।" ਭਾਬੀ ਤੋਂ ਗੱਲ ਨਾ ਹੋਈ। ਤੇ ਉਸ ਦਾ ਗਲਾ ਭਰ ਆਇਆ। ਹੁਣ ਛੋਟੇ ਭਾਬੀ ਜੀ ਨੇ ਗੱਲ ਸੁਰੂ ਕੀਤੀ। “ਜਦੋਂ ਤੁਹਾਨੂੰ ਆਇਆ ਨੂੰ ਦੂਜਾ ਸਾਲ ਹੋ ਗਿਆ ਤਾਂ ਮਾਤਾ ਜੀ ਕਹਿੰਦੇ ਕਿ ਕਿਰਾਇਆ ਇੱਕ ਹਜ਼ਾਰ ਰੁਪਿਆ ਵਧਾ ਦਿਉ। ਇਹ ਅਸੂਲ ਹੈ। ਹੁਣ ਮਾਤਾ ਜੀ ਦਾ ਕਿਹਾ ਅਸੀ ਉਲਟਾ ਨਹੀਂ ਸਕਦੇ ਸੀ। ਤੇ ਅਸੀ ਦੋਹਾਂ ਨੇ ਆਪਸ ਚ ਰਾਇ ਕਰਕੇ ਵਧਿਆ ਕਿਰਾਇਆ ਪੱਲਿਉ ਪਾਕੇ ਮਾਤਾ ਜੀ ਨੂੰ ਦੇ ਦਿੰਦੇ ਸੀ। ਅਸੀ ਚਹੁੰਦੀਆਂ ਤਾਂ ਮਾਤਾ ਜੀ ਨੂੰ ਕਿਰਾਇਆ ਵਧਾਉਣ ਤੋ਼ ਰੋਕ ਵੀ ਸਕਦੀਆਂ ਸੀ ਪਰ ਅਸੀ ਅਜੇਹਾ ਨਹੀਂ ਕੀਤਾ ਕਿ ਮਾਤਾ ਜੀ ਤੁਹਾਡੇ ਬਾਰੇ ਗਲਤ ਨਾ ਸੋਚਣ। ਅਸੀ ਪਿੱਛਲੇ ਦੋ ਸਾਲ ਤੋਂ ਇੱਕ ਹਜਾਰ ਕੋਲੋ ਪਾ ਕੇ ਮਾਤਾ ਜੀ ਨੂੰ ਦਿੰਦੀਆਂ ਰਹੀਆਂ ਤੇ ਹੁਣ ਤੁਸੀ ਸਿੱਧਾ ਮਾਤਾ ਜੀ ਨੂੰ ਕਿਰਾਇਆ ਦੇ ਕੇ ਸਾਡਾ ਭੇਦ ਖੋਲ ਦਿੱਤਾ। ਚਾਹੇ ਤੁਹਾਡਾ ਕੋਈ ਕਸੂਰ ਨਹੀਂ। ਪਰ ਮਾਤਾ ਜੀ ਕੀ ਸੋਚਦੇ ਹੋਣੇ ਆ ਸਾਡੇ ਬਾਰੇ।" ਵੱਡੇ ਭਾਬੀ ਜੀ ਦੀਆਂ ਅੱਖਾਂ ਵਿੱਚ ਅਜੇ ਵੀ ਹੰਝੂ ਸਨ।


“ਨੀ ਤੁਸੀ ਮੈਨੂੰ ਐਨੀ ਮਾੜੀ ਕਿਵੇਂ ਸਮਝ ਲਿਆ । ਮੈਂ ਤਾਂ ਕਿਰਾਇਆ ਲੈਣਾ ਹੀ ਨਹੀਂ ਸੀ ਚਾਹੁੰਦੀ ਇਹਨਾ ਤੋਂ। ਜਿੱਥੇ ਮੇਰੇ ਦੋ ਪੁੱਤ ਰਹਿ ਰਹੇ ਹਨ ਉਥੇ ਮੈਂ ਤੀਜੇ ਤੋਂ ਮੈਂ ਕਿਰਾਇਆ ਕਿਉਂ ਲਵਾਂ=;ਵਸ" ਅਚਾਨਕ ਮਾਤਾ ਜੀ ਨੇ ਆ ਕੇ ਸਾਨੂੰ ਕਿਹਾ। ਉਹ ਪਿੱਛੇ ਖੜ੍ਹੇ ਸਾਡੀਆਂ ਗੱਲਾਂ ਸੁਣ ਰਹੇ ਸੀ। ਹੁਣ ਰੋਣ ਦੀ ਵਾਰੀ ਮੇਰੀ ਸੀ। ਮੇਰੇ ਹੰਝੂ ਮੇਰੀ ਝੋਲੀ ਵਿੱਚ ਡਿੱਗ ਰਹੇ ਸੀ ਤੇ ਮੈਂ ਉਠ ਕੇ ਮਾਤਾ ਜੀ ਨੂੰ ਜੱਫੀ ਪਾ ਲਈ। ਤੇ ਮਾਤਾ ਦੀਆਂ ਅੱਖਾਂ ਵਿਚਲੇ ਹੰਝੂ ਵੀ ਹੁਣ ਹੜ੍ਹ ਦਾ ਰੂਪ ਧਾਰਣ ਕਰ ਚੁੱਕੇ ਸਨ।

ਸੰਪਰਕ: +91 98766 27233

Comments

Security Code (required)



Can't read the image? click here to refresh.

Name (required)

Leave a comment... (required)





ਕਹਾਣੀ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ