Sat, 15 June 2024
Your Visitor Number :-   7111444
SuhisaverSuhisaver Suhisaver

ਭਾੜੇ ਦੀ ਕੁੱਖ, ਭਾੜੇ ਦਾ ਦੇਸ਼ -ਸੀਮਾ ਅਜ਼ਾਦ

Posted on:- 03-05-2015

suhisaver

ਅਨੁਵਾਦ: ਹਰਚਰਨ ਚਾਹਲ

ਖਿੜਕੀ ਵਿੱਚ ਬੈਠੀ ਮੰਜੂ ਨੇ, ਆਉਂਦੇ ਹੋਏ ਸੁਭਾਸ਼ ਨੂੰ ਦੇਖ ਲਿਆ ਅਤੇ ਉਸ ਨੂੰ ਲੜਖੜਾਂਦੇ ਹੋਏ ਨੂੰ ਦੇਖ ਕੇ ਮੰਜੂ ਦੀ ਕਲਪਨਾ ਦੀ ਤਰਦੀ ਗਾਗਰ ਅਚਾਨਕ ਪਾਣੀ ਵਿੱਚ ਗੁੜ੍ਹ-ਗੁੜ੍ਹ ਕਰਕੇ ਡੁੱਬ ਗਈ।

‘ਅੱਜ ਫੇਰ ਡੱਫ ਲੀ, ਹੁਣ ਇਹਦੇ ਨਾਲ ਕੋਈ ਕੀ ਗੱਲ ਕਰਲੂ’। ਗੁੱਸੇ ਨਾਲ ਭਰੀ ਮੰਜੂ ਕੋਲ ਹੀ ਸੁੱਤੇ ਪਏ ਆਪਣੇ 4 ਸਾਲ ਦੇ ਬੇਟੇ ਰਾਹੁਲ ਨਾਲ ਲੰਮੀ ਪੈ ਗਈ ਅਤੇ ਅੱਖਾਂ ਬੰਦ ਕਰ ਲਈਆਂ। ਜੋ ਗੱਲ ਉਹ ਅੱਜ ਸੁਭਾਸ਼ ਨਾਲ ਕਰਨਾ ਚਾਹੁੰਦੀ ਸੀ ਉਹ ਕਾਫ਼ੂਰ ਬਣ ਕੇ ਉਸ ਦੇੇ ਦਿਮਾਗ਼ ’ਚੋਂ ਉੱਡ ਗਈ ਅਤੇ ਉਹ ਹੁਣ ਸੁਭਾਸ਼ ਬਾਰੇ ਹੀ ਸੋਚਣ ਲੱਗੀ।

ਪਿਛਲੇ ਕੁਝ ਦਿਨਾਂ ਤੋਂ ਸੁਭਾਸ਼ ਅਕਸਰ ਨਸ਼ੇ ਵਿੱਚ ਧੁੱਤ ਹੋ ਕੇ ਘਰ ਪਹੁੰਚਦਾ ਹੈ। ਉਸ ਦਿਨ ਤਾਂ ਮੰਜੂ ਚੁੱਪ ਰਹਿੰਦੀ ਪਰ ਅਗਲੇ ਦਿਨ ਉਸਦੀ ਫ਼ਟਕਾਰ ਸੁਣ ਕੇ ਸੁਭਾਸ਼ 3-4 ਦਿਨ ਤਾਂ ਠੀਕ ਰਹਿੰਦਾ ਪਰ ਕੁੱਝ ਦਿਨ ਬਾਅਦ ਫਿਰ ਉਹੀ ਸਿਲਸਿਲਾ। ਘਰੋਂ ਤਾਂ ਉਹ ਹਰ ਰੋਜ਼ ਯੂਨੀਅਨ ਦੀ ਮੀਟਿੰਗ ਦੇ ਨਾਂ ’ਤੇ ਬਾਹਰ ਜਾਂਦਾ ਹੈ।

 ‘ਕੀ ਮੀਟਿੰਗਾਂ ਵਿੱਚ ਹੁਣ ਇਹੀ ਕੁਝ ਹੁੰਦਾ ਹੈ, ਯੂਨੀਅਨ ਵਾਲਿਆਂ ਨੂੰ ਪੁੱਛਣਾ ਪਵੇਗਾ’ ਮੰਜੂ ਨੇ ਮਨ ਹੀ ਮਨ ਵਿੱਚ ਸੋਚਿਆ। ਇੰਨੇ ਨੂੰ ਸੁਭਾਸ਼ ਦਰਵਾਜ਼ੇ ’ਤੇ ਆ ਗਿਆ। ਉਸ ਨੇ ਖਿੜਕੀ ਵਿੱਚੋਂ ਦੀ ਮੰਜੂ ਨੂੰ ਆਵਾਜ਼ ਮਾਰਨ ਦੀ ਥਾਂ ਬੂਹਾ ਖੜਕਾਉਣਾ ਸ਼ੁਰੂ ਕਰ ਦਿੱਤਾ। ਬੂਹਾ ਖੜਕਾਉਣ ਦੀ ਤਾਲ ਤੋਂ ਹੀ ਪਤਾ ਲੱਗ ਰਿਹਾ ਸੀ ਕਿ ਖੜਕਾਉਣ ਵਾਲੇ ਦਾ ਸੰਤੁਲਨ ਵਿਗੜਿਆ ਹੋਇਆ ਹੈ। ਜਦੋਂ ਵੀ ਸੁਭਾਸ਼ ਪੀ ਕੇ ਆਉਂਦਾ ਹੈ ਤਾਂ ਮੰਜੂ ਨੂੰ ਆਵਾਜ਼ ਦੇਣ ਦੀ ਥਾਂ ਬੂਹਾ ਖੜਕਾਉਣ ਲੱਗਦਾ ਹੈ। ਉਹ ਪੂਰੀ ਕੋਸ਼ਿਸ ਕਰਦਾ ਹੈ ਕਿ ਉਸ ਦੇ ਮੂੰਹ ਦੀ ਬਦਬੂ ਬਾਹਰ ਨਾ ਆਵੇ ਤਾਂ ਕਿ ਮੰਜੂ ਨੂੰ ਉਸ ਦੇ ਸ਼ਰਾਬ ਪੀਣ ਦਾ ਪਤਾ ਨਾ ਚੱਲੇ। ਮੰਜੂ ਅਕਸਰ ਸੁਭਾਸ਼ ਨੂੰ ਕਹਿੰਦੀ ਹੈ ਕਿ “ਤੁਸੀਂ ਆਪਣੀ ਗ਼ਲਤੀ ਛਿਪਾਉਣ ਦੀ ਨਾਕਾਮ ਕੋਸ਼ਿਸ਼ ਕਰਦੇ ਹੋ”।

ਬੂਹਾ ਨਾ ਖੋਲ੍ਹਣ ਬਾਰੇ ਆਪਣੇ ਇਰਾਦੇ ਨੂੰ ਬਦਲਦੇ ਹੋਏ ਮੰਜੂ ਨੇ ਇੱਕ ਹੀ ਝਟਕੇ ਵਿੱਚ ਬੂਹਾ ਖੋਲ੍ਹ ਦਿੱਤਾ ਤਾਂ ਕਿ ਰਾਹੁਲ ਦੀ ਨੀਂਦ ਨਾ ਟੁੱਟੇ। ਬੂਹਾ ਖੋਲ੍ਹ ਕੇ ਉਹ ਫਿਰ ਰਾਹੁਲ ਨਾਲ ਲੰਮੀ ਪੈ ਗਈ ਅਤੇ ਸੁਭਾਸ਼ ਸਿੱਧਾ ਅੰਦਰਲੇ ਕਮਰੇ ਵਿੱਚ ਜਾ ਕੇ ਬਿਸਤਰ ’ਤੇ ਡਿੱਗ ਕੇ ਸੌਂ ਗਿਆ। ਰਾਹੁਲ ਨਾਲ ਪਈ ਮੰਜੂ ਦੇ ਦਿਮਾਗ਼ ਵਿੱਚ ਬਿਨਾਂ ਕਿਸੇ ਯਤਨ ਦੇ ਉਸਦੀ ਜ਼ਿੰਦਗੀ ਦੇ ਕਈ ਦਿ੍ਰਸ਼ ਘੁੰਮਣ ਲੱਗੇ।

ਸੁਭਾਸ਼ ਦੇ ਫੈਕਟਰੀ ਵਿੱਚ ਕੰਮ ਕਰਦੇ ਸਮੇਂ ਉਨ੍ਹਾਂ ਦੀ ਜ਼ਿੰਦਗੀ ਸੁੱਖ ਤੇ ਪ੍ਰੇਮ ਨਾਲ ਭਰਪੂਰ ਸੀ, ਫੈਕਟਰੀ ਦੇ ਬੰਦ ਹੋਣ ਦੀ ਗੱਲ ਦਾ ਪਤਾ ਲੱਗਣ ਤੋਂ ਬਾਅਦ ਤੱਕ ਵੀ। ਜਦੋਂ ਮੰਜੂ ਬੰਦੀ ਬਾਰੇ ਸੋਚ ਕੇ ਚਿੰਤਾ ਕਰਦੀ ਤਾਂ ਸੁਭਾਸ਼ ਉਸਨੂੰ ਕਹਿੰਦਾ, “ਓਹ ਹੋ ਤੂੰ ਕਿਉਂ ਫਿਕਰ ਕਰਦੀ ਹੈਂ, ਯੂਨੀਅਨ ਨੇ ਬੰਦੀ ਦੇ ਫ਼ੈਸਲੇ ਦੇ ਖ਼ਿਲਾਫ਼ ਲੜਨ ਦੀ ਪੂਰੀ ਤਿਆਰੀ ਕਰ ਲਈ ਹੈ”। ਇਕ ਵਾਰ ਜਦ ਮੰਜੂ ਨੇ ਸ਼ੰਕਾ ਜ਼ਾਹਰ ਕਰਦੇ ਹੋਏ ਪੁੱਛਿਆ “ਕਿਵੇਂ ਲੜੇਗੀ ਯੂਨੀਅਨ” ਤਾਂ ਸੁਭਾਸ਼ ਨੇ ਮੁੱਠੀ ਬੰਦ ਕਰਕੇ ਹਵਾ ਵਿੱਚ ਲਹਿਰਾਉਂਦੇ ਹੋਏ ਉੱਚੀ-ਉੱਚੀ ਬੋਲਣਾ ਸ਼ੁਰੂ ਕਰ ਦਿੱਤਾ-

“ਤਾਲਾਬੰਦੀ ਨਹੀਂ ਚੱਲੇਗੀ, ਫੈਕਟਰੀ ਪ੍ਰਸ਼ਾਸਨ ਮੁਰਦਾਬਾਦ, ਮਜ਼ਦੂਰ ਏਕਤਾ ਜ਼ਿੰਦਾਬਾਦ, ਮੰਜੂ ਜੀ ਜ਼ਿੰਦਾਬਾਦ, ਮੰਜੂ ਦੇ ਪਤੀ ਸੁਭਾਸ਼ ਜ਼ਿੰਦਾਬਾਦ”

ਅਖੀਰਲੇ ਨਾਹਰੇ ਸਮੇਂ ਮੰਜੂ ਵੀ ਇਸ ਨਾਹਰੇਬਾਜ਼ੀ ਵਿੱਚ ਸ਼ਾਮਲ ਹੋ ਗਈ ਅਤੇ ਦੋਨੇਂ ਖਿੜਖਿੜਾ ਕੇ ਹੱਸ ਪਏ। ਇਸ ਤੋਂ ਪਿਛੋਂ ਤਾਂ ਇਸ ਨਾਹਰੇਬਾਜ਼ੀ ਨੂੰ ਵਾਰ-ਵਾਰ ਹਰ ਦੋ-ਚਾਰ ਦਿਨ ਬਾਅਦ ਦੁਹਰਾਇਆ ਜਾਣ ਲੱਗਿਆ। ਰਾਹੁਲ ਵੀ ਆਪਣੀ ਤੋਤਲੀ ਜ਼ੁਬਾਨ ਵਿੱਚ ‘ਦਿੰਦਾਬਾਦ- ਦਿੰਦਾਬਾਦ’ ‘ਮੁਅਦਾਬਾਦ-ਮੁਅਦਾਬਾਦ’ ਬੋਲਣ ਲੱਗ ਗਿਆ ਸੀ।

ਸ਼ੁਰੂ ਵਿੱਚ ਸੁਭਾਸ਼ ਨੇ ਮੰਜੂ ਨੂੰ ਪੂਰੀ ਤਰ੍ਹਾਂ ਵਿਸ਼ਵਾਸ ਦਿਵਾ ਦਿੱਤਾ ਸੀ ਕਿ ਯੂਨੀਅਨ ਫੈਕਟਰੀ ਬੰਦ ਨਹੀਂ ਹੋਣ ਦੇਵੇਗੀ। ਪਰ ਕੁੱਝ ਸਮੇਂ ਪਿੱਛੋਂ ਉਸ ਨੇ ਕਹਿਣਾ ਸ਼ੁਰੂ ਕਰ ਦਿੱਤਾ “ਜੇਕਰ ਬੰਦ ਹੋ ਵੀ ਗਈ ਤਾਂ ਸਾਨੂੰ ਇੰਨਾ ਮੁਆਵਜ਼ਾ ਮਿਲੇਗਾ ਜਿਸ ਨਾਲ ਅਸੀਂ ਹੋਰ ਕੰੰਮ ਸ਼ੁਰੂ ਕਰ ਸਕਾਂਗੇ”।

ਜਦੋਂ ਸੁਭਾਸ਼ ਨੇ ਆਪਣੀ ਗੱਲ ਨਾਲ ਇਸ ਵਾਕ ਨੂੰ ਜੋੜਨਾ ਸ਼ੁਰੂ ਕਰ ਦਿੱਤਾ ਤਾਂ ਮੰਜੂ ਵੀ ਸਮਝ ਗਈ ਕਿ ਉਪਰੋਂ ਨਿਸਚਿੰਤ ਦਿਖਣ ਵਾਲਾ ਉਸਦਾ ਪਤੀ ਵੀ ਇਸੇ ਚਿੰਤਾ ਵਿੱਚ ਡੁੱਬ ਰਿਹਾ ਹੈ ਕਿ ਅੱਗੇ ਕੀ ਹੋਵੇਗਾ। ਇਸ ਲਈ ਉਸਦੀ ਚਿੰਤਾ ਹੋਰ ਵੱਧ ਗਈ ਪਰ ਹੁਣ ਉਸਨੇ ਇਸਦਾ ਵਾਰ-ਵਾਰ ਜ਼ਿਕਰ ਕਰਨਾ ਘੱਟ ਕਰ ਦਿੱਤਾ।

ਬੰਦੀ ਦੀ ਸ਼ੁਰੂਆਤ ਮਜ਼ਦੂਰਾਂ ਦੀ ਛਾਂਟੀ ਨਾਲ ਹੋਈ। ਕਦੇ 10, ਕਦੇ 15 ਅਤੇ ਕਦੇ 5 ਮਜ਼ਦੂਰਾਂ ਨੂੰ ਥੋੜੇ-ਥੋੜੇ ਦਿਨਾਂ ਬਾਅਦ ਕਿਸੇ ਨਾਂ ਕਿਸੇ ਬਹਾਨੇ ਕੱਢਿਆ ਜਾਣ ਲੱਗਿਆ। ਯੂਨੀਅਨ ਇਨ੍ਹਾਂ ਮਜ਼ਦੂਰਾਂ ਨੂੰ ਕੰਮ ’ਤੇ ਵਾਪਸ ਲੈਣ ਲਈ ਸੰਘਰਸ਼ ਕਰਦੀ ਰਹੀ ਅਤੇ ਇਸੇ ਦੌਰਾਨ ਇਕ ਦਿਨ ਸਭ ਨੂੰ ਨੋਟਿਸ ਦੇ ਦਿੱਤਾ ਗਿਆ ਕਿ ਤਿੰਨ ਮਹੀਨੇ ਦੇ ਅੰਦਰ-ਅੰਦਰ ਸਾਰੇ ਕਰਮਚਾਰੀ ਆਪਣਾ ਦੂਸਰਾ ਇੰਤਜਾਮ ਕਰ ਲੈਣ ਕਿਉਂਕਿ ਇਸ ਤੋਂ ਬਾਅਦ ਫੈਕਟਰੀ ਵਿੱਚ ਤਾਲਾਬੰਦੀ ਹੋ ਜਾਵੇਗੀ। ਯੂਨੀਅਨ ਦੀ ਲੜਾਈ ਵਿੱਚ ਸ਼ਾਮਲ ਹੋਣ ਵਾਲਿਆਂ ਦੀ ਗਿਣਤੀ ਵਧਣ ਲੱਗੀ ਕਿਉਂਕਿ ਇਸ ਵਕਤ ਤਾਂ ਮਜ਼ਦੂਰਾਂ ਦੀ ਇਕ ਮਾਤਰ ਉਮੀਦ ਇਹੀ ਬਚੀ ਸੀ। ਪਰ ਉਮੀਦ ਸਿਰਫ਼ ਉਮੀਦ ਹੀ ਰਹਿ ਗਈ।

ਤਿੰਨ ਮਹੀਨਿਆਂ ਬਾਅਦ ਤਾਲਾਬੰਦੀ ਹੋ ਵੀ ਗਈ। ਫੈਕਟਰੀ ਪ੍ਰਸ਼ਾਸਨ ਨੇ ਤਾਲੇ ਦੇ ਨਾਲ ਗੇਟ ਉੱਪਰ ਇਹ ਨੋਟਿਸ ਵੀ ਚਿਪਕਾ ਦਿੱਤਾ ਸੀ ਕਿ ਮਜ਼ਦੂਰਾਂ ਦਾ ਬਕਾਇਆ ਵੇਤਨ ਤੇ ਹੋਰ ਲੈਣਦਾਰੀਆਂ ਜਲਦ ਹੀ ਉਨ੍ਹਾਂ ਦੇ ਬੈਂਕ ਖਾਤਿਆਂ ਵਿੱਚ ਪਾ ਦਿੱਤੀਆਂ ਜਾਣਗੀਆਂ। ਮੁਆਵਜ਼ੇ ਦੀ ਤਾਂ ਕੋਈ ਗੱਲ ਹੀ ਨਹੀਂ ਕੀਤੀ ਗਈ ਸੀ। ਸੁਭਾਸ਼ ਸਮੇਤ ਸਾਰੇ ਮਜ਼ਦੂਰ ਠੱਗਿਆ-ਠੱਗਿਆ ਮਹਿਸੂਸ ਕਰ ਰਹੇ ਸਨ। ਇਸ ਫੈਕਟਰੀ ਵਿੱਚ ਨੌਕਰੀ ਮਿਲਣ ’ਤੇ ਸਭ ਨੇ ਸੁੱਖ-ਚੈਨ ਨਾਲ ਜ਼ਿੰਦਗੀ ਬਤੀਤ ਹੋ ਜਾਣ ਦਾ ਸੁਫਨਾ ਦੇਖਿਆ ਸੀ। ਉਨਾਂ ਨੂੰ ਇਹ ਦੱਸਣ ਵਿੱਚ ਮਾਣ ਮਹਿਸੂਸ ਹੁੰਦਾ ਸੀ ਕਿ ਉਹ ਫ਼ਲਾਣੀ ਮੋਬਾਇਲ ਕੰਪਨੀ ਵਿੱਚ ਕੰੰਮ ਕਰਦੇ ਹਨ। ਅਸਲ ਵਿੱਚ ਕਿਸੇ ਨੂੰ ਵੀ ਵਿਸ਼ਵਾਸ ਨਹੀਂ ਸੀ ਕਿ ਫੈਕਟਰੀ ਉਨ੍ਹਾਂ ਦੀ ਜ਼ਿੰਦਗੀ ਨਾਲ ਅਚਾਨਕ ਇਕ ਦਿਨ ਇਸ ਤਰਾਂ ਦਾ ਵਿਸ਼ਵਾਸਘਾਤ ਕਰੇਗੀ। ਮੰਜੂ ਨੂੰ ਯਾਦ ਆਇਆ ਕਿ ਸੁਭਾਸ਼ ਜਦੋਂ ਯੂਨੀਅਨ ਨਾਲ ਨਹੀਂ ਜੁੜਿਆ ਸੀ ਤਾਂ ਬੰਦੀ ਦੀ ਗੱਲ ਸੁਣਨ ਸਾਰ ਹੀ ਗੁੱਸੇ ਹੋ ਜਾਂਦਾ-

“ਅਫ਼ਵਾਹਾਂ ’ਤੇ ਧਿਆਨ ਨਾ ਦਿਆ ਕਰੋ, ਮੈਂ ਕੋਈ ਐਰੀ-ਗ਼ੈਰੀ ਕੰਪਨੀ ਵਿੱਚ ਕੰੰਮ ਨਹੀਂ ਕਰਦਾ ਜੋ ਆਪਣੇ ਕਰਮਚਾਰੀਆਂ ਨਾਲ ਇਸ ਤਰ੍ਹਾਂ ਦਾ ਧੋਖਾ ਕਰੇਗੀ। ਅਜਿਹਾ ਹੋਇਆ ਵੀ ਤਾਂ ਉਹ ਸਾਨੂੰ ਕਿਤੇ ਹੋਰ ਲਗਾ ਦੇਵੇਗੀ, ਸਮਝੀ, ਇਸ ਲਈ ਤੂੰ ਇਨ੍ਹਾਂ ਸਭ ਗੱਲਾਂ ਵੱਲ ਧਿਆਨ ਦੇਣ ਦੀ ਬਜਾਏ ਸਿਰਫ਼ ਮੇਰੀ ਗੱਲ ’ਤੇ ਧਿਆਨ ਦਿਆ ਕਰ”।

ਮੰਜੂ ਦਾ ਵਿਸ਼ਵਾਸ ਤਾਂ ਸੁਭਾਸ਼ ਦੀਆਂ ਗੱਲਾਂ ਨਾਲ ਹੀ ਬਣਦਾ-ਵਿਗੜਦਾ ਸੀ, ਉਸਨੂੰ ਵੀ ਸੁਭਾਸ਼ ਦੀ ਗੱਲ ਤਰਕਪੂਰਨ ਲੱਗੀ। ਪਰ ਇਹ ਸਾਰੇ ਤਰਕ ਇਕ-ਇਕ ਕਰਕੇ ਫੈਕਟਰੀ ਪ੍ਰਸ਼ਾਸਨ ਨੇ ਗ਼ਲਤ ਸਾਬਤ ਕਰ ਦਿੱਤੇ। ਮਜ਼ਦੂਰਾਂ ਦੀ ਛਾਂਟੀ ਸ਼ੁਰੂ ਹੋਣ ਦੇ ਕੁੱਛ ਦਿਨਾਂ ਬਾਅਦ ਹੀ ਸੁਭਾਸ਼ ਨਾ ਸਿਰਫ਼ ਯੂਨੀਅਨ ਵਿੱਚ ਸ਼ਾਮਲ ਹੋ ਗਿਆ ਸਗੋਂ ਜ਼ਿਆਦਾ ਤੋਂ ਜ਼ਿਆਦਾ ਇਸ ਦੀਆਂ ਕਾਰਵਾਈਆਂ ਵਿੱਚ ਹਿੱਸਾ ਲੈਣ ਲੱਗਿਆ। ਪਰ ਮਜ਼ਦੂਰਾਂ ਨੂੰ ਕੰਮ ਵਿੱਚ ਵਾਪਸ ਲੈਣ ਦੀ ਬਜਾਏ ਫੈਕਟਰੀ ਪ੍ਰਸ਼ਾਸਨ ਨੇ ਤਾਲਾਬੰਦੀ ਦਾ ਐਲਾਨ ਕਰ ਦਿੱਤਾ।

ਤਾਲਾਬੰਦੀ ਦੇ ਬਾਅਦ ਕੁੱਝ ਦਿਨਾਂ ਤੱਕ ਯੂਨੀਅਨ ਨੇ ਫੈਕਟਰੀ ਦੇ ਗੇਟ ਉੱਪਰ ਧਰਨਾ ਦਿੱਤਾ ਅਤੇ ਫੇਰ ਕਾਨੂੰਨੀ ਲੜਾਈ ਸ਼ੁਰੂ ਕਰ ਦਿੱਤੀ ਅਤੇ ਢਾਈ ਸਾਲ ਹੋਣ ਵਾਲੇ ਹਨ, ਅਜੇ ਤੱਕ ਕੋਰਟ ਨੇ ਕੋਈ ਫ਼ੈਸਲਾ ਨਹੀਂ ਸੁਣਾਇਆ ਹੈ। ਇਸ ਕਾਨੂੰਨੀ ਲੜਾਈ ਵਿੱਚ ਸੁਭਾਸ਼ ਤੇ ਉਸਦੇ ਸਾਥੀਆਂ ਨੇ ਨਾ ਜਾਣੇ ਕਿੰਨਾ ਪੈਸਾ ਖ਼ਰਚ ਕਰ ਦਿੱਤਾ, ਇਸ ਉਮੀਦ ਵਿੱਚ ਕਿ ਕੇਸ ਜਿੱਤਣ ਤੋਂ ਬਾਅਦ ਫੈਕਟਰੀ ਤੋਂ ਉਨਾਂ ਨੂੰ ਮੁਆਵਜ਼ਾ ਮਿਲੇਗਾ ਜਾਂ ਹੋ ਸਕਦਾ ਹੈ ਕਿ ਮੁਆਵਜ਼ੇ ਦੇ ਝੰਜਟ ਤੋਂ ਬਚਣ ਲਈ ਫੈਕਟਰੀ ਉਨਾਂ ਨੂੰ ਕਿਤੇ ਨੌਕਰੀ ਹੀ ਦੇ ਦੇਵੇ। ਪਰ ਇਸ ਇੰਤਜ਼ਾਰ ਵਿੱਚ ਘਰ ਖ਼ਰਚ ਚਲਾਉਣਾ ਮੁਸ਼ਕਲ ਹੋ ਗਿਆ ਹੈ। ਉਹ ਤਾਂ ਸ਼ੁਕਰ ਹੈ ਕਿ ਮੰਜੂ ਇੰਟਰ ਤੱਕ ਪੜ੍ਹੀ ਹੈ ਵਰਨਾ ਗ੍ਰਹਿਸਥੀ ਦੀ ਗੱਡੀ ਹੁਣ ਤੱਕ ਲੀਹੋਂ ਲੱਥ ਚੁੱਕੀ ਹੁੰਦੀ। ਉਸ ਨੇ ਘਰ ਵਿੱਚ ਹੀ ਬੱਚਿਆਂ ਨੂੰ ਟਿਊਸ਼ਨ ਪੜਾਉਣਾ ਸ਼ੁਰੂ ਕਰ ਦਿੱਤਾ ਹੈ। ਸੁਭਾਸ਼ ਨੇ ਮੋਬਾਇਲ ਰਿਪੇਅਰ ਦਾ ਕੰੰਮ ਸ਼ੁਰੂ ਕਰ ਦਿੱਤਾ ਹੈ। ਦੋਵਾਂ ਦੀ ਥੋੜ੍ਹੀ- ਥੋੜ੍ਹੀ ਕਮਾਈ ਨਾਲ ਕਿਸੇ ਤਰ੍ਹਾਂ ਘਰ ਦਾ ਖ਼ਰਚ ਚੱਲ ਰਿਹਾ ਹੈ। ਇਸ ਸਾਲ ਰਾਹੁਲ ਵੀ ਸਕੂਲ ਜਾਣ ਲੱਗ ਗਿਆ ਹੈ ਜਿਸ ਕਾਰਨ ਤੰਗੀ ਵੱਧ ਗਈ ਹੈ। ਰਾਹੁਲ ਜਦੋਂ ਪੈਦਾ ਹੋਇਆ ਸੀ ਤਾਂ ਦੋਨਾਂ ਨੇ ਉਸਨੂੰ ਲੈ ਕੇ ਕੀ-ਕੀ ਸੁਫ਼ਨੇ ਦੇਖੇ ਸਨ। ਸੁਭਾਸ਼ ਉਸਨੂੰ ਗੋਦ ਵਿੱਚ ਲੈ ਕੇ ਕਹਿੰਦਾ-“ਮਿਲੋ, ਭਵਿੱਖ ਦੇ ਡੀ. ਸੀ. ਨੂੰ, ਬਾਅਦ ਵਿੱਚ ਇਸ ਕੋਲ ਟਾਇਮ ਨਹੀਂ ਹੋਣਾ, ਇਸ ਲਈ ਸਮਾਂ ਨਾ ਗਵਾਓ ਅਤੇ ਆ ਕੇ ਇਸ ਦੀ ਸੇਵਾ ਕਰੋ”।

ਜਦੋਂ ਮੰਜੂ ਹੱਸਣ ਲੱਗਦੀ ਤਾਂ ਪਤਾ ਨਹੀਂ ਕਿਉਂ ਰਾਹੁਲ ਵੀ ਖਿੜਖਿੜਾਉਣ ਲੱਗ ਜਾਂਦਾ। ਹੁਣ ਜਦੋਂ ਰਾਹੁਲ ਨੂੰ ਚੰਗੇ ਸਕੂਲ ਵਿੱਚ ਪੜਾਉਣ ਦਾ ਸਮਾਂ ਆਇਆ ਤਾਂ ਘਰ ਦੇ ਹਾਲਾਤ ਅਜਿਹੇ ਹੋ ਗਏ ਕਿ ਛੋਟੇ ਜਿਹੇ ਸਕੂਲ਼ ਦੀ ਫ਼ੀਸ ਭਰਨੀ ਵੀ ਮੁਸ਼ਕਲ ਹੋ ਗਈ। ਇਨ੍ਹਾਂ ਤਿੰਨ-ਚਾਰ ਮਹੀਨਿਆਂ ਵਿੱਚ ਹੀ ਸੁਭਾਸ਼ ਨੇ ਸ਼ਰਾਬ ਪੀਣਾ ਤੇ ਘਰ ਦੇਰ ਨਾਲ ਆਉਣਾ ਸ਼ੁਰੂ ਕਰ ਦਿੱਤਾ ਹੈ। ਲਗਭਗ ਇਕ ਹਫ਼ਤਾ ਪਹਿਲਾਂ ਮੰਜੂ ਨੂੰ ਇਹ ਨਵਾਂ ਸੁਝਾਉ ਮਿਲਿਆ ਹੈ ਜਿਸ ਬਾਰੇ ਉਹ ਸੁਭਾਸ਼ ਨਾਲ ਗੱਲ ਕਰਨਾ ਚਾਹੁੰਦੀ ਹੈ । ਇਸ ਕੰਮ ਲਈ ਖ਼ੁਦ ਉਸ ਦਾ ਮਨ ਵੀ ਨਹੀਂ ਮੰਨ ਰਿਹਾ ਪਰ ਬੇਟੇ ਦੀ ਅੱਛੀ ਪ੍ਰਵਰਿਸ਼ ਅਤੇ ਘਰ ਦੇ ਹਾਲਾਤ ਦੀ ਬਿਹਤਰੀ ਲਈ ਉਹ ਇਹ ਕੰਮ ਕਰਨਾ ਚਾਹੁੰਦੀ ਹੈ। ਕਈ ਦਿਨਾਂ ਦੀ ਸ਼ਸ਼ੋਪੰਜ਼ ਤੋਂ ਬਾਅਦ ਉਸ ਨੇ ਆਪਣੇ ਆਪ ਨੂੰ ਤਿਆਰ ਕੀਤਾ ਹੈ ਪਰ ਸੁਭਾਸ਼ ਨੂੰ ਤਿਆਰ ਕਰਨਾ ਬਹੁਤ ਮੁਸ਼ਕਿਲ ਹੈ। ਅੱਜ ਦੁਪਹਿਰ ਤੋਂ ਹੀ ਉਹ ਹਿੰਮਤ ਜੁਟਾ ਰਹੀ ਸੀ ਕਿ ਅੱਜ ਰਾਤ ਉਹ ਇਸ ਬਾਰੇ ਸੁਭਾਸ਼ ਨਾਲ ਨਾ ਸਿਰਫ਼ ਗੱਲ ਕਰੇਗੀ ਸਗੋਂ ਉਸਨੂੰ ਮਨਾ ਵੀ ਲਵੇਗੀ। ਪਰ ਸੁਭਾਸ਼ ਨੂੰ ਲੜਖੜ੍ਹਾਉਦੀ ਹਾਲਤ ਵਿੱਚ ਦੇਖ ਕੇ ਉਸ ਦਾ ਇਰਾਦਾ ਬਦਲ ਗਿਆ। ਰਾਹੁਲ ਉੱਪਰ ਹੱਥ ਰੱਖ ਕੇ ਲੰਮੀ ਪਈ-ਪਈ ਉਹ ਫਿਰ ਤੋਂ ਇਸ ਵਿਸ਼ੇ ਬਾਰੇ ਸੋਚਣ ਲੱਗੀ ਸੀ। ਨੀਂਦ ਉਸ ਦੀਆਂ ਅੱਖਾਂ ’ਚੋਂ ਗਾਇਬ ਹੋ ਚੁੱਕੀ ਹੈ। ਰਾਹੁਲ ਬੇਫ਼ਿਕਰ ਸੌਂ ਰਿਹਾ ਹੈ। ਸੁਭਾਸ਼ ਵੀ ਸ਼ਰਾਬ ਦੇ ਨਸ਼ੇ ਵਿੱਚ ਧੁੱਤ ਬਿਸਤਰ ’ਤੇ ਪਿਆ ਹੈ।

ਸਵੇਰੇ 10 ਵਜੇ ਜਦੋਂ ਸੁਭਾਸ਼ ਸੌਂ ਕੇ ਉਠਿਆ ਤਾਂ ਰਾਹੁਲ ਸਕੂਲ ਜਾ ਚੱੁਕਿਆ ਸੀ। ਮੰਜੂ ਘਰ ਦੇ ਕੰੰਮ ਨਿਪਟਾਉਣ ਲੱਗੀ ਹੋਈ ਸੀ। ਰਾਤ ਨੂੰ ਨਾ ਸੌਣ ਕਾਰਨ ਉਸ ਦੀਆਂ ਅੱਖਾਂ ਸੁੱਜੀਆਂ ਹੋਈਆਂ ਤੇ ਲਾਲ ਸਨ ਅਤੇ ਚਿਹਰਾ ਬਿਮਾਰ ਦਿਖ ਰਿਹਾ ਸੀ। ਸੁਭਾਸ਼ ਨੂੰ ਲੱਗਿਆ ਮੰਜੂ ਉਸ ਨਾਲ ਨਰਾਜ਼ ਹੈ। ਉਹ ਬਿਸਤਰੇ ਉੱਪਰ ਪਿਆ-ਪਿਆ ਉਸਨੂੰ ਦੇਖਦਾ ਰਿਹਾ, ਫਿਰ ਉੱਠ ਕੇ ਸਿੱਧਾ ਉਸ ਕੋਲ ਗਿਆ ਤੇ ਉਸ ਦੇ ਗਲੇ ਦੁਆਲੇ ਬਾਂਹ ਲਪੇਟਦਾ ਹੋਇਆ ਕਹਿਣ ਲੱਗਾ-

“ਕੱਲ ਆਖਰੀ ਵਾਰ ਸੀ, ਹੁਣ ਹੋਰ ਨਹੀਂ”।

“ਇਹ ਗੱਲ ਤੂੰ ਆਖਰੀ ਵਾਰ ਕਹਿ ਰਿਹਾ ਹੈਂ ਜਾਂ ਪੰਜਾਹਵੀਂ ਵਾਰ” ਮੰਜੂ ਨੇ ਸੁਭਾਸ਼ ਦੀ ਤਰਫ਼ ਪਲਟ ਕੇ ਮੁਸਕਰਾਉਂਦੇ ਹੋਏ ਕਿਹਾ ਤਾਂ ਸੁਭਾਸ਼ ਨੇ ਸ਼ਰਮਾਉਂਦੇ ਹੋਏ ਆਪਣਾ ਸਿਰ ਉਸਦੇ ਮੋਢੇ ਉੱਪਰ ਰੱਖ ਦਿੱਤਾ “ਆਖਰੀ ਵਾਰ”।

ਰਾਤ ਭਰ ਜਾਗਦੇ ਰਹਿਣ ਕਾਰਨ ਮੰਜੂ ਨੂੰ ਵੈਸੇ ਹੀ ਥਕਾਵਟ ਮਹਿਸੂਸ ਹੋ ਰਹੀ ਸੀ, ਦੂਸਰੇ ਉਸ ਨੇ ਸੁਭਾਸ਼ ਨਾਲ ਜ਼ਰੂਰੀ ਗੱਲ ਵੀ ਕਰਨੀ ਸੀ, ਇਸ ਲਈ ਉਹ ‘ਮੰਨ ਗਈ’।

“ਅੱਛਾ ਜਲਦੀ ਨਾਲ ਨਹਾ-ਧੋ ਲਉ, ਪਤਾ ਨਹੀਂ ਕਿੱਥੇ-2 ਲਿਟ ਕੇ ਆਏ ਹੋ, ਦੂਜੇ ਮੈਂ ਤੁਹਾਡੇ ਨਾਲ ਇਕ ਜ਼ਰੂਰੀ ਗੱਲ ਵੀ ਕਰਨੀਹੈ”।
“ਤਾਂ ਫਿਰ ਹੁਣੇ ਹੀ ਕਰ ਲੈ ਨਾ” ਸੁਭਾਸ਼ ਨੇ ਸ਼ਰਮਾਉਂਦੇ ਹੋਏ ਉਸਨੂੰ ਜੱਫੀ ਵਿੱਚ ਲੈਂਦੇ ਹੋਏ ਕਿਹਾ।

“ਹੁਣੇ ਨਹੀਂ, ਪਹਿਲਾਂ ਨਹਾ ਕੇ ਆਪਣੀ ਸ਼ਰਾਬ ਦੀ ਬਦਬੂ ਨੂੰ ਦੂਰ ਕਰ”, ਮੰਜੂ ਨੇ ਸੁਭਾਸ਼ ਨੂੰ ਧੱਕ ਕੇ ਬਾਥਰੂਮ ਵਿੱਚ ਵਾੜ ਦਿੱਤਾ। ਖਾਣਾ ਖਾਣ ਦੇ ਬਾਅਦ ਮੰਜੂ ਨੇ ਸੁਭਾਸ਼ ਦੇ ਕੋਲ ਬੈਠ ਕੇ ਗੱਲ ਸ਼ੁਰੂ ਕੀਤੀ।

“ਤੁਹਾਨੂੰ ਯਾਦ ਹੈ ਕਿ ਰਾਹੁਲ ਦੇ ਪੈਦਾ ਹੋਣ ਸਮੇਂ ਮੈਂਨੂੰ ਹਸਪਤਾਲ ਵਿੱਚ ਇਕ ਔਰਤ ਮਿਲੀ ਸੀ?”

“ਕੌਣ?.... ਉਹ ਜਿਹੜੀ ਦੂਸਰੇ ਦਾ ਬੱਚਾ ਪੈਦਾ ਕਰ ਰਹੀ ਸੀ” ਸੁਭਾਸ਼ ਨੇ ਥੋੜਾ ਮੁਸਕਰਾ ਕੇ ਕਿਹਾ।

“ਹਾਂ ਜਿਸ ਨੇ ਆਪਣੀ ਕੁੱਖ ਕਿਰਾਏ ’ਤੇ ਦਿੱਤੀ ਸੀ, ਡੇਢ ਲੱਖ ਰੁਪਏ ਵਿੱਚ”।

“ਹਾਂ, ਫੇਰ ਉਸ ਨੂੰ ਪੈਸਾ ਮਿਲਿਆ ਕਿ ਨਹੀਂ” ਸੁਭਾਸ਼ ਨੇ ਉਸਦੀ ਤਰਫ਼ ਆਪਣਾ ਮੂੰਹ ਭਵਾਉਂਦੇ ਹੋਏ ਉਤਸੁਕਤਾ ਨਾਲ ਪੁੱਛਿਆ।
“ਹਾਂ ਮਿਲਿਆ ਹੀ ਹੋਊ, ਮੈਂ ਉਸਨੂੰ ਦੁਬਾਰਾ ਨਹੀਂ ਮਿਲੀ, ਇਕ ਹੋਰ ਔਰਤ ਨੂੰ ਮਿਲੀ ਸੀ ਜਿਸ, ਉਸ ਨੂੰ ਇਹ ਕੰਮ ਦਿਵਾਇਆ ਸੀ.....ਇਕ ਹਫ਼ਤਾ ਪਹਿਲਾਂ.....ਜਦੋਂ ਮੈਂ ਡਾਕਟਰ ਕੋਲ ਗਈ ਸੀ”। ਬੋਲਣ ਤੋਂ ਬਾਅਦ ਮੰਜੂ ਥੋੜੀ ਦੇਰ ਚੁੱਪ ਰਹੀ ਤਾਂ ਸੁਭਾਸ਼ ਨੇ ਪੁੱਛਿਆ-

“ਕੀ ਉਹ ਵੀ ਆਪਣੀ ਕੁੱਖ ਕਿਰਾਏ ’ਤੇ ਦੇ ਰਹੀ ਹੈ”।
“ਨਹੀਂ, ਉਹ ਮੈਂਨੂੰ ਅਜਿਹਾ ਕਰਨ ਨੂੰ ਕਹਿ ਰਹੀ ਹੈ” ਮੰਜੂ ਨੇ ਸਿੱਧਾ ਸੁਭਾਸ਼ ਦੀਆਂ ਅੱਖਾਂ ਵਿੱਚ ਝਾਕਦੇ ਹੋਏ ਕਿਹਾ।

“ਤਾਂ ਫਿਰ” ਸੁਭਾਸ਼ ਉਸ ਦੀਆਂ ਅੱਖਾਂ ਵਿੱਚ ਦੇਖ ਕੇ ਹੈਰਾਨ ਰਹਿ ਗਿਆ।
“ਤਾਂ ਮੈਂ ਉਸ ਨੂੰ ਹਾਂ ਕਰ ਦਿਆਂ? ਮੰਜੂ ਨੇ ਹੌਲੀ ਜਿਹੇ ਕਿਹਾ।

“ਤੂੰ ਪਾਗ਼ਲ ਹੋ ਗਈਂ ਹੈ?” ਸੁਭਾਸ਼ ਤੇਜ਼ੀ ਨਾਲ ਉੱਠ ਕੇ ਬੈਠ ਗਿਆ।
“ਮੈਂ ਇਸ ਬਾਰੇ ਕਾਫ਼ੀ ਸੋਚਿਆ ਹੈ ਅਤੇ ਇਸ ਵਿੱਚ ਕੁੱਝ ਵੀ ਗ਼ਲਤ ਨਹੀਂ ਲੱਗ ਰਿਹਾ ਤੁਹਾਨੂੰ ਤਾਂ ਮੈਂ ਦੱਸਿਆ ਹੀ ਸੀ ਇਸ ਪ੍ਰਕਿਰਿਆ ਬਾਰੇ। ਮੈਨੂੰ ਦੋ ਲੱਖ ਰੁਪਏ ਮਿਲਣਗੇ ਉਸ ਨਾਲ ਅਸੀਂ ਕੁੱਝ ਨਵਾਂ ਕੰਮ ਸ਼ੁਰੂ ਕਰ ਸਕਦੇ ਹਾਂ”।

ਮੰਜੂ ਨੇ ਆਪਣੀ ਗੱਲ ਰੁਕ-ਰੁਕ ਕੇ ਪਰ ਸਪੱਸ਼ਟਤਾ ਨਾਲ ਰੱਖੀ ਤਾਂ ਸੁਭਾਸ਼ ਹੋਰ ਵੀ ਹੈਰਾਨ ਹੋ ਗਿਆ।
“ਮੰਜੂ ਤੂੰ ਆਪਣੇ ਦੂਸਰੇ ਬੱਚੇ ਲਈ ਤਾਂ ਰਾਜ਼ੀ ਨਹੀਂ ਹੁੰਦੀ ਅਤੇ ਦੂਸਰੇ ਦਾ ਬੱਚਾ ਪੈਦਾ ਕਰਨ ਨੂੰ ਕਹਿ ਰਹੀ ਐਂ, ਤੂੰ ਸੱਚਮੁੱਚ ਪਾਗ਼ਲ ਹੋ ਗਈਂ ਐਂ”।

ਪਰ ਮੰਜੂ ਤਾਂ ਇਨ੍ਹਾਂ ਸਭ ਗੱਲਾਂ ਲਈ ਪਹਿਲਾਂ ਹੀ ਤਿਆਰ ਸੀ। ਉਸਨੇ ਆਪਣਾ ਤਰਕ ਦੇਣਾ ਜਾਰੀ ਰੱਖਿਆ।

“ਆਪਣਾ ਬੱਚਾ ਪੈਦਾ ਕਰਨ ਅਤੇ ਸੁਰਗੋਸ਼ੀ (ਕੁੱਖ ਕਿਰਾਏ ਉੱਪਰ ਦੇ ਕੇ) ਨਾਲ ਦੂਸਰੇ ਦਾ ਬੱਚਾ ਪੈਦਾ ਕਰਨ ਵਿੱਚ ਫ਼ਰਕ ਹੈ। ਢਾਈ ਸਾਲ ਤੋਂ ਆਪਾਂ ਕਿੰਨੇ ਪ੍ਰੇਸ਼ਾਨ ਹਾਂ, ਐਸੇ ਹਾਲਾਤ ਵਿੱਚ ਇਕ ਬੱਚਾ ਹੋਰ ਪੈਦਾ ਹੋ ਗਿਆ ਤਾਂ ਆਪਾਂ ਕਿਵੇਂ ਪਾਲਾਂਗੇ ਪਰ ਇਸ ਬੱਚੇ ਦੀ ਜੁੰਮੇਵਾਰੀ ਮੇਰੀ ਨਹੀਂ ਹੋਵੇਗੀ ਇਥੋਂ ਤੱਕ ਕਿ ਉਸ ਦੇ ਗਰਭ ਦੀ ਜੁੰਮੇਵਾਰੀ ਵੀ ਮੇਰੀ ਨਹੀਂ ਹੋਵੇਗੀ। ਉਸ ਵਿੱਚ ਜੋ ਕੁੱਝ ਲੱਗੇਗਾ ਉਹ ਦੁਸਰੇ ਦਾ ਲੱਗੇਗਾ। ਮੈਂਨੂੰ ਸਿਰਫ਼ ਥੋੜੀ ਸਰੀਰਿਕ ਤਕਲੀਫ਼ ਹੋਵੇਗੀ ਅਤੇ ਉਸ ਲਈ ਸਾਨੂੰ ਦੋ ਲੱਖ ਰੁਪਏ ਮਿਲਣਗੇ, ਜਿਸ ਨਾਲ ਅਸੀਂ ਕੋਈ ਨਵਾਂ ਕੰਮ ਸ਼ੁਰੂ ਕਰ ਲਵਾਂਗੇ। ਜ਼ਿੰਦਗੀ ਲੀਹ ’ਤੇ ਆਉਣ ਤੋਂ ਬਾਅਦ ਅਸੀਂ ਆਪਣਾ ਦੂਸਰਾ ਬੱਚਾ ਪੈਦਾ ਕਰ ਲਵਾਂਗੇ, ਸਿਰਫ਼ 9-10 ਮਹੀਨੇ ਦੀ ਤਕਲੀਫ਼ ਦੇ ਬਾਅਦ ਸਾਡੀ ਜ਼ਿੰਦਗੀ ਲੀਹ ’ਤੇ ਆ ਸਕਦੀ ਹੈ ਅਤੇ ਨਹੀਂ ਤਾਂ ਇਹ ਇਸ ਤਰ੍ਹਾਂ ਹੀ ਚੱਲਦਾ ਰਹੇਗਾ ਘਿਸੜਦਾ ਪਿਟਦਾ ਹੋਇਆ ਹੁਣ ਤਾਂ ਤੇਰੀਆਂ ਆਦਤਾਂ ਵੀ ਵਿਗੜਨ ਲੱਗੀਆਂ ਹਨ, ਜੇਕਰ ਘਰ ਮੈਂ ਹੀ ਚਲਾਉਣਾ ਹੈ ਤਾਂ ਮੈਂਨੂੰ ਇਸ ਵਿੱਚ ਕੋਈ ਦਿੱਕਤ ਨਹੀਂ ਲੱਗਦੀ”।

ਮੰਜੂ ਇਕ ਹੀ ਸਾਹ ਵਿੱਚ ਸਾਰੀ ਗੱਲ ਕਹਿ ਗਈ। ਸੁਭਾਸ਼ ਚੁੱਪ ਰਿਹਾ ਤਾਂ ਮੰਜੂ ਨੇ ਫੇਰ ਕਿਹਾ-

“ਮੈਂ ਤੁਹਾਨੂੰ ਦੱਸ ਚੁੱਕੀ ਹਾਂ ਕਿ ਇਸ ਵਿੱਚ ਕੁੱਝ ਵੀ ਗ਼ਲਤ ਨਹੀਂ ਹੋਵੇਗਾ, ਦੂਸਰਾ ਮਰਦ ਮੈਨੂੰ ਛੂਹੇਗਾ ਵੀ ਨਹੀਂ, ਮੈਨੂੰ ਪ੍ਰਯੋਗਸ਼ਾਲਾ ਵਿੱਚ ਪਹਿਲਾਂ ਤੋਂ ਤਿਆਰ ਕੀਤੇ ਭਰੂਣ ਨੂੰ ਆਪਣੇ ਗਰਭ ਵਿੱਚ ਪਾਲਣਾ ਹੋਵੇਗਾ, ਬੱਸ! ਇੱਥੋਂ ਤੱਕ ਕਿ ਗਰਭ ਵਿੱਚ ਉਸਨੂੰ ਪਾਲਣ ਦਾ ਖ਼ਰਚ ਵੀ ਉਹੀ ਉਠਾਉਣਗੇ। ਅਸੀਂ ਕੁੱਝ ਵੀ ਨਹੀਂ ਕਰਨਾ ਹੈ, ਇਸ ਵਿੱਚ ਕੀ ਗ਼ਲਤ ਹੈ?”

ਮੰਜੂ ਦੀਆਂ ਗੱਲਾਂ ਵਿੱਚ ਉਸਦਾ ਫ਼ੈਸਲਾ ਅਤੇ ਉਸ ਫ਼ੈਸਲੇ ਨੂੰ ਮੰਨਵਾ ਲੈਣ ਦੀ ਉਸਦੀ ਜ਼ਿਦ, ਦੋਵੇਂ ਸਾਫ਼ ਦਿਖ ਰਹੇ ਸਨ। ਸੁਭਾਸ਼ ਨੂੰ ਕੁੱਝ ਸੁੱਝ ਨਹੀਂ ਰਿਹਾ ਸੀ, ਇਹ ਸੱਚ ਹੈ ਕਿ ਉਸਨੂੰ ਸ਼ਰਾਬ ਦੀ ਆਦਤ ਲੱਗ ਰਹੀ ਸੀ ਜਿਸ ਕਾਰਨ ਪੂਰਾ ਘਰ ਮੰਜੂ ਦੇ ਸਹਾਰੇ ਚੱਲ ਰਿਹਾ ਸੀ । ਸੁਭਾਸ਼ ਸ਼ਰਮ ਮਹਿਸੂਸ ਕਰ ਰਿਹਾ ਸੀ ਅਤੇ ਉਸਨੂੰ ਦਿਲਾਸਾ ਦਿਵਾਉਣਾ ਚਾਹੁੰਦਾ ਸੀ ਕਿ ਉਹ ਸ਼ਰਾਬ ਛੱਡ ਦੇਵੇਗਾ ਅਤੇ ਕੋਈ ਨਵਾਂ ਕੰਮ ਸ਼ੁਰੂ ਕਰ ਲਵੇਗਾ। ਪਰ ਇਹ ਵਾਅਦਾ ਉਹ ਮੰਜੂ ਨਾਲ ਇੰਨੇ ਵਾਰ ਕਰ ਚੁੱਕਾ ਹੈ ਕਿ ਅੱਜ ਉਸਨੂੰ ਫੇਰ ਤੋਂ ਇਹ ਕਹਿਣ ਦੀ ਹਿੰਮਤ ਨਹੀਂ ਪੈ ਰਹੀ ਸੀ , ਨਸ਼ਾ ਇਨਸਾਨ ਨੂੰ ਕਿੰਨਾ ਕਮਜ਼ੋਰ ਬਣਾ ਦਿੰਦਾ ਹੈ।

ਸੁਭਾਸ਼ ਨੇ ਸਮਾਜ ਦਾ ਹਵਾਲਾ ਦੇ ਕੇ ਉਸਨੂੰ ਰੋਕਣਾ ਚਾਹਿਆ-
“ਅਤੇ ਲੋਕ, ਬਾਅਦ ਵਿੱਚ ਉਨ੍ਹਾਂ ਨੂੰ ਕੀ ਕਹੇਂਗੀ ਕਿ ਪੇਟ ਵਿਚਲਾ ਬੱਚਾ ਕਿੱਥੇ ਗਿਆ?”

“ਉਨਾਂ ਨੂੰ ਦੱਸਣ ਦੀ ਲੋੜ ਹੀ ਨਹੀਂ ਪਵੇਗੀ, ਉਸਨੇ ਦੱਸਿਆ ਹੈ ਕਿ ਪੇਟ ਵਿੱਚ ਭਰੂਣ ਰੱਖਣ ਤੋਂ ਬਾਅਦ ਘਰ ਤੋਂ ਦੂਰ ਡਾਰਟਰਾਂ ਦੀ ਦੇਖ-ਰੇਖ ਵਿੱਚ ਰੱਖਿਆ ਜਾਂਦਾ ਹੈ ਅਤੇ ਬੱਚਾ ਪੈਦਾ ਹੋਣ ਦੇ ਬਾਅਦ ਹੀ ਘਰ ਆਉਣ ਦਿੱਤਾ ਜਾਂਦਾ ਹੈ। ਇਹ ਚੰਗਾ ਹੀ ਹੈ। ਇੱਥੇ ਕਹਿ ਕਿ ਜਾਊਂਗੀ ਕਿ ਮਾਂ ਦੇ ਘਰ ਜਾ ਰਹੀ ਹਾਂ”।

ਮੰਜੂ ਇਹ ਸਭ ਇਉਂ ਕਹਿੰਦੀ ਜਾ ਰਹੀ ਸੀ ਜਿਵੇਂ ਬੱਸ ਸੁਭਾਸ਼ ਦੇ ਹਾਂ ਕਹਿਣ ਦੀ ਦੇਰ ਸੀ, ਬਾਕੀ ਸਭ ਕੰਮ ਚੁਟਕੀਆਂ ਵਿੱਚ ਹੋ ਜਾਵੇਗਾ।

“ਅਤੇ ਰਾਹੁਲ਼” ਸੁਭਾਸ਼ ਨੇ ਆਖ਼ਰੀ ਹਥਿਆਰ ਵਰਤਿਆ।
“ਹਾਂ ਰਾਹੁਲ ਦਾ ਹੀ ਤਹਿ ਕਰਨਾ ਹੈ” ਮੰਜੂ ਦੀ ਆਵਾਜ਼ ਠਹਿਰ ਜਿਹੀ ਗਈ ਅਤੇ ਉਹ ਗੰਭੀਰ ਹੋ ਗਈ, ‘‘ਜੇਕਰ ਤੁਸੀਂ ਉਸਨੂੰ ਕਿਸੇ ਤਰ੍ਹਾਂ ਸੰਭਾਲ ਲਵੋਂ ਤਾਂ ਕਿਸੇ ਨੂੰ ਦੱਸਣਾ ਵੀ ਨਹੀਂ ਪਵੇਗਾ ਅਤੇ ਉਸ ਦਾ ਸਕੂਲ ਵੀ ਨਹੀਂ ਛੁਟੇਗਾ”।

“ਮੈਂ! ਮੈਂ! ਮੈਂ ਕਿਵੇਂ ਸੰਭਾਲਾਂਗਾ ਇੰਨੇ ਦਿਨਾਂ ਤੱਕ? ਸੁਭਾਸ਼ ਅਚਾਨਕ ਬੱਚੇ ਦੀ ਜੁੰਮੇਵਾਰੀ ਆਪਣੇ ਉੱਪਰ ਆਉਂਦੀ ਦੇਖ ਕੇ ਹੜਬੜਾ ਜਿਹਾ ਗਿਆ। ਨਾਲ ਹੀ ਉਸਨੂੰ ਲੱਗਿਆ ਕਿ ਮੰਜੂ ਨੂੰ ਮਨ੍ਹਾ ਕਰਨ ਲਈ ਇਹ ਵਧੀਆ ਕਾਰਨ ਹੈ। ਪਰ ਮੰਜੂ ਤਾਂ ਸਭ ਪਹਿਲਾਂ ਤੋਂ ਹੀ ਸੋਚ ਕੇ ਬੈਠੀ ਹੋਈ ਸੀ। ਉਸ ਨੇ ਝੱਟ ਹੀ ਕਹਿ ਦਿੱਤਾ-

“ਠੀਕ ਹੈ ਮੈਂ ਅੰਮਾ ਨਾਲ ਗੱਲ ਕਰਾਂਗੀ”।
ਉਹ ਤਾਂ ਨਿਸਚਿੰਤ ਜਿਹੀ ਹੋ ਗਈ ਪਰ ਸੁਭਾਸ਼ ਨੂੰ ਲੱਗਿਆ ਜਿਵੇਂ ਉਸਨੂੰ ਠੱਗ ਲਿਆ ਗਿਆ ਹੈ, ਜਿਵੇਂ ਉਹ ਸਹਿਮਤੀ ਦੇ ਜਾਲ ਵਿੱਚ ਫਸ ਗਿਆ ਹੋਵੇ। ਗੱਲ ਰਾਹੁਲ ਦੀ ਦੇਖਭਾਲ ਤੱਕ ਪਹੁੰਚਣ ਦਾ ਮਤਲਬ ਹੈ ਕਿ ਉਸ ਨੇ ਸਹਿਮਤੀ ਦੇ ਦਿੱਤੀ ਹੈ। ਉਹ ਤੜਪ ਉਠਿਆ, ਚੁੱਪ ਰਿਹਾ ਅਤੇ ਉਠ ਕੇ ਪਾਣੀ ਪੀਣ ਚਲਾ ਗਿਆ। ਪਾਣੀ ਪੀ ਕੇ ਉਸ ਨੇ ਫੇਰ ਗੱਲ ਸ਼ੁਰੂ ਕੀਤੀ ।

“ਮੈਂਨੂੰ ਇਹ ਸਭ ਠੀਕ ਨਹੀਂ ਲੱਗ ਰਿਹਾ, ਪੈਸੇ ਵਾਸਤੇ ਆਪਣੀ ਕੁੱਖ ਵਿੱਚ ਕਿਸੇ ਦਾ ਬੱਚਾ ਪਾਲਣਾ, ਤੂੰ ਕਿਵੇਂ ਤਿਆਰ ਹੋ ਗਈ ਇਸ ਵਾਸਤੇ। ਹੋਰ ਨਹੀਂ ਤਾਂ ਘੱਟੋ-ਘੱਟ ਆਪਣੀ ਸਿਹਤ ਦਾ ਖ਼ਿਆਲ ਕਰ”।

“ਮੈਂ ਸੋਚਿਐ, ਸਿਹਤ ਬਾਰੇ ਵੀ ਮੈਂ ਪੁੱਛ-ਗਿੱਛ ਕਰ ਲਈ ਹੈ, ਕਿਉਂਕਿ ਉਨ੍ਹਾਂ ਨੂੰ ਸਿਹਤਮੰਦ ਬੱਚਾ ਚਾਹੀਦਾ ਹੈ , ਇਸ ਲਈ ਉਹ ਮੇਰੀ ਸਿਹਤ ਦਾ ਪੂਰਾ ਖ਼ਿਆਲ ਰੱਖਣਗੇ।

ਥੋੜੀ ਦੇਰ ਚੁੱਪ ਰਹਿਣ ਪਿੱਛੋਂ ਮੰਜੂ ਨੇ ਥੋੜਾ ਖਿਝ ਕੇ ਕਿਹਾ

“ਮੈਂ ਨਹੀਂ ਕਰਾਂਗੀ ਤਾਂ ਕੋਈ ਹੋਰ ਔਰਤ ਕਰ ਲਵੇਗੀ, ਇਹ ਵੀ ਤਾਂ ਅੱਜਕਲ ਇਕ ਕੰਮ ਹੈ, ਕੋਈ ਨਾ ਕੋਈ ਤਾਂ ਆਪਣੀ ਕੁੱਖ ਕਿਰਾਏ ’ਤੇ ਦੇ ਹੀ ਦੇਵੇਗੀ, ਫਿਰ ਮੈਂ ਕਿਉਂ ਨਹੀਂ। ਜੇਕਰ ਇਸ ਨਾਲ ਸਾਡੀ ਜ਼ਿੰਦਗੀ ਲੀਹ ’ਤੇ ਆ ਸਕਦੀ ਹੈ?”

ਉਸਦੀਆਂ ਅੱਖਾਂ ਵਿੱਚ ਪਾਣੀ ਭਰ ਆਇਆ, ਉਸ ਨੇ ਘੜੀ ਵੱਲ ਦੇਖਿਆ ਅਤੇ ਰਾਹੁਲ ਨੂੰ ਸਕੂਲ ਤੋਂ ਲੈ ਕੇ ਆਉਣ ਲਈ ੳੱੁਠ ਖੜੀ ਹੋਈ।

ਸੁਭਾਸ਼ ਚੁੱਪ ਰਿਹਾ, ਉਸ ਨੂੰ ਸਮਝ ਨਹੀਂ ਆ ਰਿਹਾ ਸੀ, ਮੰਜੂ ਬੂਹਾ ਭੇੜ ਕੇ ਬਾਹਰ ਨਿਕਲ ਗਈ। ਸੁਭਾਸ਼ ਲੇਟੇ-ਲੇਟੇ ਆਪਣੇ-ਆਪ ਨੂੰ ਕੋਸਣ ਲੱਗਿਆ।

“ਇਹ ਸਭ ਮੇਰੀ ਵਜਾਹ ਕਰਕੇ ਹੋ ਰਿਹਾ ਹੈ। ਪਿਛਲੇ ਸੱਤ-ਅੱਠ ਮਹੀਨਿਆਂ ਤੋਂ ਤਾਂ ਮੈਂ ਘਰ ਦੀਆਂ ਜੁੰਮੇਵਾਰੀਆਂ ਤੋਂ ਭੱਜਦਾ ਹੀ ਰਿਹਾ ਹਾਂ। ਰਾਹੁਲ ਦੀਆਂ ਕਿੰਨੀਆਂ ਫਰਮਾਇਸ਼ਾਂ ਮੈਂ ਪੂਰੀਆਂ ਨਹੀਂ ਕਰ ਪਾਉਂਦਾ, ਉਸ ਤੋਂ ਘਰ ਦੀ ਹਾਲਤ ਦੇਖੀ ਨਹੀਂ ਜਾਂਦੀ। ਇਹ ਸਭ ਝੱਲਦਿਆਂ-ਝੱਲਦਿਆਂ ਮੰਜੂ ਕਿੰਨੀ ਦੁਰਬਲ ਹੋ ਗਈ ਹੈ। ਸੁਭਾਸ਼ ਨੂੰ ਲੱਗ ਰਿਹਾ ਸੀ ਕਿ ਮੰਜੂ ਦੇ ਇਸ ਫ਼ੈਸਲੇ ਪਿੱਛੇ ਉਸਦੀ ਨਾਰਾਜ਼ਗੀ ਹੀ ਹੋਵੇਗੀ।

“ਇਹ ਸਭ ਮੇਰੀ ਆਪਣੀ ਕਮਜ਼ੋਰੀ ਹੀ ਹੈ ਜਿਸ ਕਾਰਨ ਮੈਂ ਉਸਨੂੰ ਰੋਕ ਨਹੀਂ ਪਾ ਰਿਹਾ ਵਰਨਾ ਇਹ ਕੰਮ ਕਰਨਾ ਤਾਂ ਦੂਰ, ਉਹ ਇਹ ਸਭ ਕਹਿਣ ਦੀ ਹਿੰਮਤ ਵੀ ਨਾ ਕਰ ਪਾਉਂਦੀ। ਸੁਭਾਸ਼ ਇਕ ਦਮ ਪਸਤ ਹੋ ਗਿਆ। ਕੀ ਸੋਚ ਕੇ ਉਹ ਸ਼ਹਿਰ ਵਿੱਚ ਨੌਕਰੀ ਕਰਨ ਆਇਆ ਸੀ ਅਤੇ ਇਹ ਸਭ ਕੀ ਹੋ ਰਿਹਾ ਸੀ।

ਮੋਬਾਇਲ ਫ਼ੋਨ ਦੀ ਇਹ ਫੈਕਟਰੀ ਜਦੋਂ ਇੱਥੇ ਲੱਗੀ ਸੀ ਤਾਂ ਪੂਰੇ ਦੇਸ਼ ਵਿੱਚ ਸਭ ਤੋਂ ਅੱਗੇ ਜਾ ਰਹੀ ਸੀ। ਨੌਕਰੀ ਮਿਲਣ ਤੋਂ ਬਾਅਦ ਸੁਭਾਸ਼ ਅਕਸਰ ਮੰਜੂ ਨੂੰ ਸਭ ਦਾ ਫ਼ੋਨ ਦਿਖਾਉਂਦੇ ਹੋਏ ਹੌਲੀ ਜਿਹੇ ਕਹਿੰਦਾ-‘‘ਦੇਖ ਮੈਂ ਬਣਾਇਆ ਹੈ”।

ਮੰਜੂ ਹੱਸਦੇ ਹੋਏ ਕਹਿੰਦੀ-‘‘ਨਾਮ ਤਾਂ ਕਿਸੇ ਹੋਰ ਦਾ ਲਿਖਿਆ ਹੋਇਆ ਹੈ?”
“ਓਹ ਹੋ ਉਹ ਤਾਂ ਦਿਖਾਵੇ ਵਾਸਤੇ ਦਾ ਨਾਮ ਹੈ” ਸੁਭਾਸ਼ ਪਿੱਛੇ ਨਾ ਹੱਟਦਾ।
ਪਾਪਾ ਤੋਂ ਸੁਣ-ਸੁਣ ਕੇ ਰਾਹੁਲ ਹੋਰ ਵੀ ਅੱਗੇ ਨਿਕਲ ਗਿਆ। ਜਦ ਉਹ ਥੋੜਾ-ਥੋੜਾ ਬੋਲਣਾ ਸਿੱਖ ਗਿਆ ਤਾਂ ਖਿਡੌਣੇ ਵਾਲਾ ਫ਼ੋਨ ਹੱਥ ਵਿੱਚ ਫੜ ਕੇ ਕਹਿੰਦਾ-

“ਮੇਲੇ ਪਾਪਾ ਨੇ ਬਣਾਇਐ”।
ਕੁੱਝ ਹੀ ਸਾਲਾਂ ਬਾਅਦ ਪਤਾ ਨਹੀਂ ਕਿਸ ਤਰ੍ਹਾਂ ਦਾ ਜੋੜ-ਘਟਾਉ ਕਰਕੇ ਫੈਕਟਰੀ ਪ੍ਰਸ਼ਾਸਨ ਨੇ ਕਹਿਣਾ ਸ਼ੁਰੂ ਕਰ ਦਿੱਤਾ ਕਿ ਫੈਕਟਰੀ ਘਾਟੇ ਵਿੱਚ ਚਲ ਰਹੀ ਹੈ। ਹੁਣ ਤਾਂ ਇਹ ਵੀ ਚਰਚਾ ਹੈ ਕਿ ਫੈਕਟਰੀ ਕਿਸੇ ਵੱਡੇ ਬਿਜ਼ਨਿਸ ਘਰਾਣੇ ਨਾਲ ਰਲ ਕੇ ਦੂਸਰਾ ਕਾਰੋਬਾਰ ਸ਼ੁਰੂ ਕਰ ਰਹੀ ਹੈ ਜਿਸ ਵਿੱਚ ਉਸ ਨੂੰ ਜ਼ਿਆਦਾ ਮੁਨਾਫ਼ਾ ਹੋਵੇਗਾ। ਕੰਪਨੀ ਤਾਂ ਆਪਣਾ ਫ਼ਾਇਦਾ ਹੀ ਦੇਖੇਗੀ ਪਰ ਅੱਗੇ ਜਾ ਕੇ ਉਸ ਦਾ ਕੀ ਬਣੇਗਾ, ਇਹ ਸੋਚ-ਸੋਚ ਸੁਭਾਸ਼ ਪ੍ਰੇਸ਼ਾਨ ਹੋ ਰਿਹਾ ਸੀ। ਯੂਨੀਅਨ ਨੇ ਉਸਨੂੰ ਪੱਕਾ ਯਕੀਨ ਦਿਵਾਇਆ ਹੋਇਆ ਸੀ ਕਿ ਉਹ ਮੁਕੱਦਮਾ ਜਿੱਤਣਗੇ ਅਤੇ ਉਨ੍ਹਾਂ ਨੂੰ ਮੁਆਵਜ਼ਾ ਜ਼ਰੂਰ ਮਿਲੇਗਾ। ਉਸੇ ਮੁਆਵਜ਼ੇ ਨੂੰ ਲੈ ਕੇ ਉਹ ਦਿਨ ਰਾਤ ਸੁਫ਼ਨੇ ਦੇਖਦਾ ਰਹਿੰਦਾ ਹੈ ਕਿ ‘ਉਸ ਨਾਲ ਅਮਕਾ ਕਰੂੰਗਾ ਉਸ ਨਾਲ ਢਮਕਾ ਕਰੂੰਗਾ’।

‘ਲੇਕਿਨ ਯੂਨੀਅਨ ਨੇ ਹੀ ਉਸ ਨੂੰ ਇਹ ਯਕੀਨ ਦਿਵਾਇਆ ਸੀ ਕਿ ਉਸ ਨੂੰ ਕਿਤੇ ਹੋਰ ਥਾਂ ਕੰੰਮ ਦਿੱਤੇ ਬਗ਼ੈਰ ਫੈਕਟਰੀ ਬੰਦ ਨਹੀਂ ਹੋ ਸਕਦੀ ਪਰ ਐਸਾ ਹੋ ਗਿਆ। ਫਿਰ ਕਿਉਂ ਉਹ ਫੇਰ ਤੋਂ ਪੱਕਾ ਮੰਨ ਬੈਠਾ ਹੈ ਕਿ ਐਸਾ ਹੀ ਹੋਵੇਗਾ, ਮੁਕੱਦਮੇ ਵਿੱਚ ਯੂਨੀਅਨ ਦੀ ਹੀ ਜਿੱਤ ਹੋਵੇਗੀ। ਸ਼ਾਇਦ ਐਸਾ ਮੰਨਦੇ ਰਹਿਣ ਵਿੱਚ ਹੀ ਸਕੂਨ ਹੈ ਵਰਨਾ ਜੀਣਾ ਮੁਸ਼ਕਲ ਹੋ ਜਾਵੇਗਾ। ਦਾਰੂ ਵੀ ਇਸ ਕਾਰਨ ਹੀ ਪੀਂਦਾ ਹਾਂ ਲੇਕਿਨ ਸੱਚ ਇਹ ਹੈ ਕਿ ਮੈਂਨੂੰ ਇਸ ਤਰ੍ਹਾਂ ਹੀ ਜੀਣ ਦੀ ਆਦਤ ਪੈ ਗਈ ਹੈ’।

ਸੁਭਾਸ਼ ਲੰਮੇ ਪਏ-ਪਏ ਸੋਚ ਰਿਹਾ ਸੀ। ਆਪਣੇ ਬਾਰੇ ਸੋਚਦੇ ਹੋਏ ਉਸਦਾ ਧਿਆਨ ਮੰਜੂ ਤਰਫ਼ ਗਿਆ ਕਿ ਉਸਨੇ ਕਦੇ ਸੋਚਿਆ ਹੀ ਨਹੀਂ ਕਿ ਮੰਜੂ ਇਸ ਸਥਿਤੀ ਦੀ ਆਦੀ ਨਹੀਂ ਹੋਈ, ਨਾ ਹੀ ਉਹ ਦਾਰੂ ਪੀ ਕੇ ਹਾਲਤਾਂ ਤੋਂ ਦੂਰ ਭੱਜਣ ਦਾ ਸ਼ੌਂਕ ਪਾਲ ਸਕਦੀ ਹੈ। ਸੁਭਾਸ਼ ਇਨ੍ਹਾਂ ਸਭ ਚਿੰਤਾਵਾਂ ਵਿੱਚ ਡੁੱਬਿਆ ਹੋਇਆ ਸੀ ਕਿ ਮੰਜੂ ਰਾਹੁਲ ਨੂੰ ਲੈ ਕੇ ਵਾਪਸ ਆ ਗਈ। ਰਾਹੁਲ ਹਮੇਸ਼ਾਂ ਦੀ ਤਰ੍ਹਾਂ ਚਹਿਕ ਰਹਿ ਸੀ, ਮੰਜੂ ਨਾਲ ਉਹ ਆਪਣੇ ਸਕੂਲ ਦੀਆਂ ਗੱਲਾਂ ਕਰ ਰਿਹਾ ਸੀ-

“ਅੱਜ ਮੈਂ ਕਲਾਸ ਵਿੱਚ ਕਵਿਤਾ ਸੁਣਾਈ ਅਤੇ ਮੈਡਮ ਨੇ ਮੈਨੂੰ ਵੈਰੀ ਗੁੱਡ ਕਿਹਾ”।
“ਅੱਛਾ ਕਿਹੜੀ ਕਵਿਤਾ ਸੁਣਾਈ” ਉਸਦੇ ਜੁੱਤੇ ਉਤਾਰਦੇ ਹੋਏ ਮੰਜੂ ਨੇ ਪੁੱਛਿਆ।
“ਚਿੜੀਆ ਰਾਣੀ ਵਾਲੀ ਤੇ ਜੌਨੀ-ਜੌਨੀ ਜੈੱਸ ਪਾਪਾ”

ਮੰਜੂ ਨੇ ਉਸ ਨੂੰ ਚੁੰਮ ਲਿਆ ਅਤੇ ਉਸ ਦੇ ਕੱਪੜੇ ਉਤਾਰਨ ਲੱਗੀ, ਉਸਨੂੰ ਨਹਾ ਕੇ ਉਹ ਖਾਣਾ ਲੈਣ ਚਲੀ ਗਈ ਅਤੇ ਰਾਹੁਲ ਦੌੜ ਕੇ ਬਿਸਤਰੇ ਉਪਰ ਲੰਮੇ ਪਏ ਸੁਭਾਸ਼ ਉੱਪਰ ਚੜ੍ਹ ਗਿਆ।

“ਚਲ ਮੇਰੇ ਘੋੜੇ ਟਿਕ-ਟਿਕ” ਸੁਭਾਸ਼ ਘੋੜਾ ਬਣ ਕੇ ਬਿਸਤਰੇ ਉੱਪਰ ਚੱਲਣ ਲੱਗਿਆ। ਥੋੜੀ ਦੇਰ ਬਾਅਦ ਘੋੜੇ ਨੇ ਸਵਾਰ ਨੂੰ ਸਿੱਟ ਦਿੱਤਾ, ਰਾਹੁਲ ਖਿੜਖਿੜਾ ਕੇ ਹੱਸ ਪਿਆ, ਮੰਮੀ ਪਾਪਾ ਦੇ ਵੀ ਤਨਾਅ ਭਰੇ ਚਿਹਰਿਆਂ ਉਪਰ ਮੁਸਕਰਾਹਟ ਆ ਗਈ। ਖਾਣਾ ਖਿਲਾਉਣ ਬਾਅਦ ਰਾਹੁਲ ਨੂੰ ਸੁਆਉਣ ਲਈ ਮੰਜੂ ਉਸ ਨਾਲ ਲੇਟ ਗਈ। ਰਾਤ ਉਸਨੂੰ ਨੀਂਦ ਨਹੀਂ ਆਈ ਸੀ, ਉਸ ਨਾਲ ਉਹ ਖ਼ੁਦ ਵੀ ਸੌਂ ਗਈ। ਸੁਭਾਸ਼ ਦਾ ਦਿਮਾਗ਼ ਅਜੇ ਵੀ ਆਪਣੀ ਜ਼ਿੰਦਗੀ ਵਿੱਚ ਉਲਝਿਆ ਹੋਇਆ ਸੀ। ਜਦ ਉਸਨੂੰ ਮੋਬਾਇਲ ਫੈਕਟਰੀ ਵਿੱਚ ਨੌਕਰੀ ਮਿਲੀ ਸੀ ਤਾਂ ਉਹ ਮੰਜੂ ਨੂੰ ਲੈ ਕੇ ਸ਼ਹਿਰ ਆ ਗਿਆ। ਉਸ ਵਕਤ ਉਸ ਦੀ ਸ਼ਾਦੀ ਨੂੰ ਇਕ ਸਾਲ ਵੀ ਨਹੀਂ ਹੋਇਆ ਸੀ, ਮੰਜੂ ਅਜੇ ਵੀ ਦੁਲਹਨ ਲੱਗਦੀ ਸੀ। ਘੱਟ ਰਹੇ ਰੁਜ਼ਗਾਰ ਦੇ ਦੌਰ ਵਿੱਚ ਇਸ ਫੈਕਟਰੀ ਵਿੱਚ ਨੌਕਰੀ ਮਿਲਣਾ ਉਸ ਲਈ ਫ਼ਖਰ ਦੀ ਗੱਲ ਸੀ। ਸੁਭਾਸ਼ ਨੇ ਆਪਣੇ ਇਕ ਦੋਸਤ ਦੇ ਕਹਿਣ ’ਤੇ ਇੰਟਰ ਪਾਸ ਕਰਨ ਤੋਂ ਬਾਅਦ ਇਲੈਕਟਰੋਨਿਕਸ ਡਿਪਲੋਮੇ ਵਿੱਚ ਦਾਖ਼ਲਾ ਲੈ ਲਿਆ ਅਤੇ ਜਿਸ ਸਾਲ ਉਸ ਨੇ ਦਾਖ਼ਲਾ ਲਿਆ ਉਸੇ ਸਾਲ ਹੀ ਇਸ ਬਹੁ-ਰਾਸ਼ਟਰੀ ਕੰਪਨੀ ਨੇ ਇਸ ਸ਼ਹਿਰ ਵਿੱਚ ਆਪਣੀ ਫੈਕਟਰੀ ਲਗਾਈ। ਸੁਭਾਸ਼ ਨੂੰ ਲੱਗਿਆ ਕਿ ਭਗਵਾਨ ਨੇ ਇਹ ਸਭ ਉਸ ਲਈ ਹੀ ਕੀਤਾ ਹੈ। ਪਿੰਡ ਵਿੱਚ ਤਾਂ ਉਸੇ ਦਿਨ ਤੋਂ ਉਸ ਦੀ ਨੌਕਰੀ ਪੱਕੀ ਮੰਨ ਲਈ ਗਈ ਸੀ ਅਤੇ ਸੱਚਮੁੱਚ ਪੜ੍ਹਾਈ ਪੂਰੀ ਕਰਦੇ ਹੀ ਉਸ ਨੂੰ ਫੈਕਟਰੀ ਵਿੱਚ ਨੌਕਰੀ ਮਿਲ ਗਈ। ਉਸਨੂੰ ਆਪਣੇ ਕੰੰਮ ਤੇ ਫੈਕਟਰੀ ਨਾਲ ਇੰਨਾ ਮੋਹ ਸੀ ਕਿ ਸ਼ੁਰੂ ਵਿੱਚ ਤਾਂ ਮੰਜੂ ਫੈਕਟਰੀ ਨੂੰ ਆਪਣੀ ਸੌਤਨ ਕਹਿੰਦੀ ਸੀ।

ਮੰਜੂ ਸ਼ਹਿਰ ਵਿੱਚ ਪਲੀ ਸੀ, ਅਜੇ ਉਸ ਨੇ ਇੰਟਰ ਹੀ ਪਾਸ ਕੀਤਾ ਸੀ ਕਿ ਸੁਭਾਸ਼ ਲਈ ਰੁਜ਼ਗਾਰ ਦੀ ਪੱਕੀ ਸੰਭਾਵਨਾ ਨੂੰ ਦੇਖਦੇ ਹੋਏ ਉਸ ਦੇ ਪਿਤਾ ਜੀ ਨੇ ਉਸਦੀ ਸ਼ਾਦੀ ਕਰ ਦਿੱਤੀ। ਮੰਜੂ ਨੂੰ ਕੋਈ ਸ਼ਿਕਾਇਤ ਨਹੀਂ ਸੀ। ਸ਼ਾਦੀ ਦੇ ਬਾਅਦ ਦੋਨੋਂ ਖ਼ੁਸ਼ ਸਨ। ਸਾਲ ਭਰ ਦੇ ਅੰਦਰ ਹੀ ਨੌਕਰੀ ਮਿਲਣ ਦੇ ਬਾਅਦ ਤਾਂ ਹੋਰ ਵੀ ਖ਼ੁਸ਼। ਸੁਭਾਸ਼ ਦੀ ਤਨਖਾਹ ਜ਼ਿਆਦਾ ਨਹੀਂ ਸੀ ਪਰ ਗੁਜ਼ਾਰਾ ਸੌਖਾ ਚੱਲ ਰਿਹਾ ਸੀ। ਅੱਗੇ ਤਰੱਕੀ ਦੀ ਵੀ ਉਮੀਦ ਸੀ। ਪਰ ਉਸ ਨੂੰ ਕੀ ਪਤਾ ਸੀ ਕਿ ਰੁਜ਼ਗਾਰ ਦੇ ਕੇ ਜੀਵਨ ਸੁਖੀ ਬਣਾਉਣ ਦਾ ਛਲਾਵਾ ਕਰਨ ਵਾਲੀ ਇਹ ਨੌਕਰੀ ਉਸ ਨੂੰ ਇਸ ਸਥਿਤੀ ਵਿੱਚ ਪਹੁੰਚਾ ਦੇਵੇਗੀ। ਯੂਨੀਅਨ ਵੀ ਕੀ ਕਰੇ, ਦਰਅਸਲ ਵਿਦੇਸ਼ੀ ਬਹੁ-ਰਾਸ਼ਟਰੀ ਕੰਪਨੀ ਹੋਣ ਕਾਰਨ ਇਸ ਦੇ ਨਿਯਮ-ਕਾਨੂੰਨ ਇੰਨੇ ਸਖ਼ਤ ਸਨ ਕਿ ਯੂਨੀਅਨ ਤੇ ਕਿਰਤ ਵਿਭਾਗ ਦੀ ਜ਼ਿਆਦਾ ਚੱਲਦੀ ਨਹੀਂ ਸੀ, ਕਿਰਤ ਵਿਭਾਗ ਦੀ ਤਾਂ ਬਿਲਕੁਲ ਵੀ ਨਹੀਂ। ਯੂਨੀਅਨ ਵੀ ਮਜ਼ਦੂਰਾਂ ਦੀ ਲੜਾਈ ਨਾਲੋਂ ਜ਼ਿਆਦਾ ਆਪਣੀ ਹੋਂਦ ਬਚਾਉਣ ਵਿੱਚ ਲੱਗੀ ਹੋਈ ਸੀ।

ਇਕ ਵਾਰ ਇਕੱਠੇ ਦਾਰੂ ਪੀਂਦੇ ਸਮੇਂ ਯੂਨੀਅਨ ਦੇ ਨੇਤਾ ਜੋਸ਼ੀ ਨੇ ਕਿਹਾ ਸੀ-“ਦਰਅਸਲ ਇੱਥੇ ਯੂਨੀਅਨ ਹੈ ਹੀ ਨਹੀਂ, ਕੇਵਲ ਉਸਦਾ ਭੂਤ ਹੀ ਕਰਮਚਾਰੀਆਂ ਨੂੰ ਯੂਨੀਅਨ ਦਾ ਭੁਲੇਖਾ ਪਾਉਂਦਾ ਰਹਿੰਦਾ ਹੈ ਪਰ ਮੈਨੇਜ਼ਮੈਂਟ ਤਾਂ ਇਹ ਸਭ ਜਾਣਦੀ ਹੈ ਭਾਈ ਸਾਹਬ”।
ਅਸਲ ਵਿੱਚ ਦਾਰੂ ਦੇ ਨਸ਼ੇ ਵਿੱਚ ਹੀ ਯੂਨੀਅਨ ਮੈਂਬਰ ਇਹ ਨਿਰਾਸ਼ਾ ਦੀਆਂ ਗੱਲਾਂ ਕਰਦੇ ਹਨ। ਹੋਸ਼ ਵਿੱਚ ਰਹਿੰਦੇ ਹੋਏ ਉਹ ਸਿਰਫ਼ ਮਾਯੂਸ ਹੋ ਰਹੇ ਮਜ਼ਦੂਰਾਂ ਦੀ ਉਮੀਦ ਜਿੰਦਾ ਰੱਖਣ ਦਾ ਕੰੰਮ ਕਰਦੇ ਹਨ। ਦਾਰੂ ਦੇ ਨਸ਼ੇ ਵਿੱਚ ਪਤਾ ਚੱਲਦਾ ਹੈ ਕਿ ਯੂਨੀਅਨ ਦੇ ਨੇਤਾ ਖ਼ੁਦ ਅੰਦਰੋਂ ਕਿੰਨੇ ਟੁੱਟ ਚੁੱਕੇ ਹਨ ਅਤੇ ਨਵੀਂ ਸਥਿਤੀ ਨੂੰ ਕਬੂਲ ਕਰ ਚੁੱਕੇ ਹਨ।

ਸੁਭਾਸ਼ ਨੂੰ ਯਾਦ ਆਇਆ ਕਿ ਐਸੀ ਹੀ ਇਕ ਮੀਟਿੰਗ ਵਿੱਚ ਜੋਸ਼ੀ ਜੀ ਨੇ ਦੱਸਿਆ ਸੀ।
“ਕੰਪਨੀ ਦੇ ਕਾਨੂੰਨ ਵਿੱਚ ਤਾਂ ਬੰਦੀ ਸਮੇਂ ਮੁਆਵਜ਼ੇ ਦੀ ਕੋਈ ਗੱਲ ਹੀ ਨਹੀਂ ਹੈ”।

ਨਸ਼ੇ ਵਾਲੀਆਂ ਗੱਲਾਂ ਨਸ਼ਾ ਉਤਰਦੇ ਹੀ ਗਾਇਬ ਹੋ ਜਾਂਦੀਆਂ ਹਨ ਲੇਕਿਨ ਜੋਸ਼ੀ ਜੀ ਦੀ ਇਹ ਗੱਲ ਉਸਨੂੰ ਯਾਦ ਰਹਿ ਗਈ। ਉਸਨੇ ਅਗਲੇ ਦਿਨ ਇਸ ਬਾਰੇ ਉਸ ਤੋਂ ਪੁੱਛਿਆ-

“ਜੇਕਰ ਮੁਆਵਜ਼ੇ ਵਾਲੀ ਗੱਲ ਕੰਪਨੀ ਦੇ ਕਾਨੂੰਨ ਵਿੱਚ ਲਿਖੀ ਹੀ ਨਹੀਂ ਹੈ ਤਾਂ ਫਿਰ ਅਸੀਂ ਇੰਨਾ ਪੈਸਾ ਖ਼ਰਚ ਕੇ ਮੁਕੱਦਮਾ ਕਿਉਂ ਲੜ ਰਹੇ ਹਾਂ?”

ਜੋਸ਼ੀ ਜੀ ਨੂੰ ਰਾਤ ਨੂੰ ਕਹੀ ਗਈ ਆਪਣੀ ਗੱਲ ’ਤੇ ਸ਼ਰਮਿੰਦਗੀ ਹੋਈ ਅਤੇ ਉਸ ਨੇ ਕਿਹਾ-

“ਕੰਪਨੀ ਦੇ ਕਾਨੂੰਨ ਵਿੱਚ ਨਹੀਂ ਲਿਖਿਆ ਪਰ ਭਾਰਤੀ ਕਿਰਤ ਕਾਨੂੰਨਾਂ ਵਿੱਚ ਤਾਂ ਮੁਆਵਜ਼ੇ ਤੇ ਪੁਨਰਵਾਸ ਦੀ ਗੱਲ ਲਿਖੀ ਹੈ ਨਾ, ਹੁਣ ਮੁਕਦਮਾ ਇਸੇ ਗੱਲ ’ਤੇ ਚੱਲ ਰਿਹਾ ਹੈ ਕਿ ਚਾਹੇ ਇਹ ਵਿਦੇਸ਼ੀ ਬਹੁ-ਰਾਸ਼ਟਰੀ ਕੰਪਨੀ ਹੈ ਪਰ ਲੱਗੀ ਤਾਂ ਭਾਰਤ ਵਿੱਚ ਹੋਈ ਐ, ਤਾਂ ਫਿਰ ਇਸ ੳੱੁਪਰ ਭਾਰਤੀ ਕਿਰਤ ਕਾਨੂੰਨ ਲਾਗੂ ਹੋਣਾ ਚਾਹੀਦਾ ਹੈ ਜਾਂ ਨਹੀਂ?”

ਸੁਭਾਸ਼ ਨੂੰ ਵੀ ਇਹ ਗੱਲ ਇਕ ਦਮ ਤਰਕਪੂਰਨ ਲੱਗਦੀ ਹੈ ‘ਮੁਕੱਦਮੇ ਵਿੱਚ ਜਿੱਤ ਤਾਂ ਯੂਨੀਅਨ ਦੀ ਹੀ ਹੋਣੀ ਚਾਹੀਦੀ ਹੈ, ਆਖ਼ਰ ਉਨ੍ਹਾਂ ਫੈਕਟਰੀ ਤਾਂ ਸਾਡੇ ਦੇਸ਼ ਵਿੱਚ ਹੀ ਲਗਾਈ ਹੈ, ਤਾਂ ਫਿਰ ਕਾਨੂੰਂਨ ਵੀ ਸਾਡਾ ਹੀ ਮੰਨਣਾ ਪਵੇਗਾ’।

ਸੁਭਾਸ਼ ਹੀ ਨਹੀਂ, ਫੈਕਟਰੀ ਦੇ ਸਾਰੇ ਮਜ਼ਦੂਰ ਮੁਆਵਜ਼ਾ ਮਿਲਣ ਦੀ ਉਮੀਦ ਵਿੱਚ ਕਾਨੂੰਨੀ ਲੜਾਈ ਲੜਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡਣਾ ਚਾਹੁੰਦੇ। ਹੁਣ ਦੂਸਰੀ ਜਗ੍ਹਾ ਨੌਕਰੀ ਮਿਲਣੀ ਵੀ ਤਾਂ ਮੁਸ਼ਕਿਲ ਹੈ। ਮੁਆਵਜ਼ੇ ਦੀ ਉਮੀਦ ਵਿੱਚ ਸਾਰੇ ਕੋਈ ਛੋਟਾ-ਮੋਟਾ ਕੰਮ ਕਰਕੇ ਸਮਾਂ ਕੱਟ ਰਹੇ ਹਨ। ਸੁਭਾਸ਼ ਦਾ ਮੋਬਾਇਲ ਰਿਪੇਅਰ ਦਾ ਕੰਮ ਨਿਯਮਿਤ ਨਹੀਂ ਹੈ, ਕੰੰੰਮ ਆਉਂਣ ’ਤੇ ਦੁਕਾਨਦਾਰ ਫ਼ੋਨ ਕਰਕੇ ਉਸਨੂੰ ਬੁਲਾ ਲੈਂਦੇ ਹਨ ਵਰਨਾ ਘਰੇ ਹੀ ਬੈਠਣਾ ਪੈਂਦਾ ਹੈ। ਸੁਭਾਸ਼ ਦਾ ਇਹ ਛੇ ਸਾਲ ਦਾ ਜੀਵਨ ਉਸ ਦੇ ਦਿਮਾਗ਼ ਵਿੱਚ ਬਿਨਾਂ ਤਰਤੀਬ ਦੀ ਫ਼ਿਲਮ ਦੀ ਤਰ੍ਹਾਂ ਚੱਲ ਰਿਹਾ ਸੀ ਕਿ ਬੂਹੇ ਉਪਰ ਦਸਤਕ ਹੋਈ।

‘ਟਿਊਸ਼ਨ ਵਾਲੇ ਬੱਚੇ ਆ ਗਏ’ ਕਹਿੰਦੇ ਹੋਏ ਉਸਨੇ ਬੂਹਾ ਖੋਲਿਆ, ਮੰਜੂ ਬੁਝੇ ਮਨ ਨਾਲ ਉੱਠੀ, ਮੂੰਹ ਧੋਤਾ ਤੇ ਪੜਾਉਣ ਬੈਠ ਗਈ।
ਮੰਜੂ ਦਿਨ ਭਰ ਕਿੰਨਾ ਕੰਮ ਕਰਦੀ ਹੈ, ਇਸ ਗੱਲ ਦਾ ਅਹਿਸਾਸ ਅੱਜ ਉਸਨੂੰ ਪਹਿਲੀ ਵਾਰ ਹੋ ਰਿਹਾ ਸੀ। ਉਹ ਹੌਲੀ ਜਿਹੇ ਉੱਠਿਆ ਤੇ ਦੋ ਕੱਪ ਚਾਹ ਬਣਾਈ। ਇਕ ਕੱਪ ਚਾਹ ਉਹ ਧੀਰੇ ਜਿਹੇ ਮੰਜੂ ਕੋਲ ਰੱਖ ਆਇਆ। ਮੰਜੂ ਨੇ ਹੈਰਾਨੀ ਨਾਲ ਉਸਨੂੰ ਦੇਖਿਆ ਤਾਂ ਉਹ ਸ਼ਰਮਾ ਗਿਆ। ਅੰਦਰ ਆ ਕੇ ਉਹ ਚੋਰੀ-ਚੋਰੀ ਝਾਕ ਕੇ ਅਨੁਮਾਨ ਲਾ ਰਿਹਾ ਸੀ ਕਿ ਮੰਜੂ ਨੂੰ ਚਾਹ ਕੈਸੀ ਲੱਗੀ। ਇਕ ਘੁੱਟ ਭਰਨ ਬਾਅਦ ਮੰਜੂ ਦਾ ਚਿਹਰਾ ਨਹੀਂ ਵਿਗੜਿਆ ਤਾਂ ਉਹ ਸਮਝ ਗਿਆ ਕਿ ਚਾਹ ਠੀਕ ਬਣੀ ਹੋਵੇਗੀ। ਖ਼ੁਦ ਚਾਹ ਪੀ ਕੇ ਉਹ ਬਾਹਰ ਨਿਕਲ ਗਿਆ। ਉਸਨੂੰ ਜਾਂਦਾ ਦੇਖ ਕੇ ਮੰਜੂ ਨੇ ਸੋਚਿਆ ਕਿ ‘ਅੱਜ ਫਿਰ ਪੀ ਕੇ ਮੁੜੂਗਾ’ ਅਤੇ ਸੱਚਮੁੱਚ ਉਹ ਪੀ ਕੇ ਮੁੜਿਆ। ਅਗਲੇ ਚਾਰ ਦਿਨ ਤੱਕ ਦੋਨੇਂ ਆਪਸ ਵਿੱਚ ਨਹੀਂ ਬੋਲੇ। ਫਿਰ ਮੰਜੂ ਨੇ ਹੀ ਪਹਿਲ ਕਰਕੇ ਸੁਭਾਸ਼ ਨੂੰ ਦੱਸਿਆ ਕਿ ਉਸਦੀ ਮਾਂ ਰਾਹੁਲ ਨੂੰ ਆਪਣੇ ਕੋਲ ਰੱਖਣ ਲਈ ਤਿਆਰ ਹੋ ਗਈ ਹੈ।

“ਤੂੰ ਉਨਾਂ ਨੂੰ ਕੀ ਦੱਸਿਆ” ਸੁਭਾਸ਼ ਨੇ ਹੈਰਾਨੀ ਨਾਲ ਪੁੱਛਿਆ।

“ਮੈਂ ਕਹਿ ਦਿੱਤਾ ਕਿ ਕੁੱਝ ਸਮੇਂ ਲਈ ਇਕ ਕੰਮ ਮਿਲ ਗਿਆ ਹੈ ਜਿਸ ਲਈ ਸਾਰਾ ਦਿਨ ਘਰ ਤੋਂ ਬਾਹਰ ਰਹਿਣਾ ਪਵੇਗਾ”।
ਸੁਭਾਸ਼ ਨੇ ਕੁੱਝ ਨਹੀਂ ਕਿਹਾ, ਕੁੱਝ ਦੇਰ ਕਮਰੇ ਵਿੱਚ ਖਾਮੋਸ਼ੀ ਰਹੀ। ਥੋੜੀ ਦੇਰ ਬਾਅਦ ਇਸ ਖਾਮੋਸ਼ੀ ਨੂੰ ਤੋੜਦੇ ਹੋਏ ਮੰਜੂ ਨੇ ਪੁੱਛਿਆ-

“ਰਾਹੁਲ ਨੂੰ ਛੱਡਣ ਤੁਸੀਂ ਜਾਉਗੇ?”

“ਮੈਂ ?.....ਮੈਂਥੋਂ ਨੀਂ ਹੋਣਾ ਇਹ” ਸੁਭਾਸ਼ ਨੇ ਹੱਥ ਖੜੇ੍ਹ ਕਰਕੇ ਕਿਹਾ।
“ਮੈਂ ਰਾਹੁਲ ਨੂੰ ਸਮਝਾ ਦਿੱਤਾ ਹੈ, ਉਹ ਰੋਵੇਗਾ ਨਹੀਂ” ਮੰਜੂ ਨੇ ਕਿਹਾ। ਥੋੜੀ ਦੇਰ ਚੁੱਪ ਰਹਿਣ ਬਾਅਦ ਸੁਭਾਸ਼ ਨੇ ਕਿਹਾ-“ਮੈਂ ਇਕੱਲਾ ਨਹੀਂ ਜਾਵਾਂਗਾ, ਤੈਨੂੰ ਵੀ ਮੇਰੇ ਨਾਲ ਚੱਲਣਾ ਪਵੇਗਾ”।

ਮੰਜੂ ਮੁਸਕਰਾਉਂਣ ਲੱਗੀ। ਉਹ ਸਮਝ ਗਈ ਕਿ ਅੰਮਾ ਵੱਲੋਂ ਪੁੱਛੇ ਜਾਣ ਵਾਲੇ ਸਵਾਲਾਂ ਤੋਂ ਉਹ ਘਬਰਾ ਰਿਹਾ ਹੈ। ਪਰ ਇਸ ਤੋਂ ਇਹ ਵੀ ਸਪੱਸ਼ਟ ਹੋ ਗਿਆ ਕਿ ਮੰਜੂ ਵੱਲੋਂ ਕੁੱਖ ਕਿਰਾਏ ੳੱੁਪਰ ਦਿੱਤੇ ਜਾਣ ’ਤੇ ਉਸਨੂੰ ਇਤਰਾਜ਼ ਨਹੀਂ ਹੈ।

15 ਦਿਨ ਬਾਅਦ ਮੰਜੂ ਨੂੰ ਜਲਦ ਤੋਂ ਜਲਦ ਹਸਪਤਾਲ ਆਉਣ ਦੀ ਸੂਚਨਾ ਮਿਲਦੇ ਹੀ ਉਹ ਦੋਨੋਂ ਰਾਹੁਲ ਨੂੰ ਉਸਦੀ ਨਾਨੀ ਕੋਲ ਛੱਡ ਆਏ। ਇਹ ਪਹਿਲਾ ਮੌਕਾ ਸੀ ਜਦ ਰਾਹੁਲ ਉਨ੍ਹਾਂ ਤੋਂ ਅਲੱਗ ਹੋਇਆ ਸੀ। ਮੰਜੂ ਤੋਂ ਤਾਂ ਉਹ ਕਦੇ ਅਲੱਗ ਹੋਇਆ ਹੀ ਨਹੀਂ ਸੀ। ਵਾਪਸ ਆਉਂਦੇ ਵਕਤ ਮੰਜੂ ਬਹੁਤ ਦੁਖੀ ਸੀ, ਸਾਰੇ ਰਸਤੇ ਉਹ ਆਪਣੇ ਅੱਥਰੂ ਪੂੰਝਦੀ ਤੇ ਛੁਪਾਉਂਦੀ ਰਹੀ। ਪਰ ਇਹ ਉਸਦਾ ਆਪਣਾ ਫ਼ੈਸਲਾ ਸੀ, ਇਸ ਲਈ ਕੁੱਝ ਨਹੀਂ ਕਰ ਸਕਦੀ ਸੀ। ਘਰ ਆਉਣ ਦੇ ਦੂਸਰੇ ਦਿਨ ਹੀ ਉਹ ਹਸਪਤਾਲ ਚਲੀ ਗਈ, ਡਾਕਟਰ ਨਾਲ ਸਮਾਂ ਪਹਿਲਾਂ ਹੀ ਤਹਿ ਕੀਤਾ ਹੋਇਆ ਸੀ। ਉਸ ਦਿਨ ਉਸਦੀ ਕੁੱਝ ਜਾਂਚ ਹੋਈ ਅਤੇ ਥੋੜੀ ਹੋਰ ਕਾਰਵਾਈ ਵੀ। ਉਸ ਤੋਂ ਬਾਅਦ ਉਸਦੇ ਗਰਭ ਵਿੱਚ ਕਿਸੇ ਵਿਦੇਸ਼ੀ ਜੋੜ੍ਹੇ ਦਾ ਭਰੂਣ ਰੱਖ ਦਿੱਤਾ ਗਿਆ। ਇਹ ਗੱਲ ਉਸਨੂੰ ਬਾਅਦ ਵਿੱਚ ਪਤਾ ਲੱਗੀ ਜਦ ਉਸਨੂੰ ਉਸੇ ਮਹੌਲ ਵਿੱਚ 9 ਮਹੀਨੇ ਰਹਿਣਾ ਪਿਆ। ਉਸਨੂੰ ਦੋ ਲੱਖ ਰੁਪਏ ਦੇਣ ਦਾ ਲਿਖਤੀ ਵਾਅਦਾ ਕੀਤਾ ਗਿਆ ਅਤੇ ਨਾਲ ਹੀ ਹੋਰ ਕਈ ਤਰ੍ਹਾਂ ਦੀਆਂ ਸ਼ਰਤਾਂ ਉੱਪਰ ਦਸਤਖ਼ਤ ਕਰਵਾਏ ਗਏ। ਜਿਵੇਂ ਕਿ ਬੱਚੇ ੳੱੁਪਰ ਉਸਦਾ ਹੋਈ ਹੱਕ ਨਹੀਂ ਹੋਵੇਗਾ, ਉਸਨੂੰ ਡਾਕਟਰੀ ਦੇਖ-ਰੇਖ ਵਿੱਚ ਇਕ ਅਲੱਗ ਜਗਾਹ ’ਤੇ ਰਹਿਣਾ ਪਵੇਗਾ ਤਾਂ ਕਿ ਪੇਟ ਵਿੱਚ ਪਲਣ ਵਾਲਾ ਬੱਚਾ ਕਿਸੇ ਦੂਸਰੇ ਦੇ ਘਰ ਦੇ ਮਹੌਲ ਵਿੱਚ ਨਹੀਂ ਸਗੋਂ ਆਪਣੇੇ ਘਰ ਜਿਹੇ ਮਹੌਲ ਵਿੱਚ ਭਰੂਣ ਤੋਂ ਬੱਚੇ ਵਿੱਚ ਤਬਦੀਲ ਹੋਵੇ। ਉਸ ਨੇ ਉਹੀ ਸਭ ਖਾਣਾ ਸੀ ਜੋ ਉਸ ਨੂੰ ਖਾਣ ਲਈ ਦਿੱਤਾ ਜਾਂਦਾ। ਇਨ੍ਹਾਂ ਮਹੀਨਿਆਂ ਵਿੱਚ ਉਹ ਆਪਣੇ ਪਤੀ ਨਾਲ ਸਹਿਵਾਸ ਨਹੀਂ ਕਰ ਸਕਦੀ ਸੀ। ਮਹੀਨੇ ਵਿੱਚ ਇਕ ਵਾਰ ਸਿਰਫ਼ ਅੱਧੇ ਘੰਟੇ ਲਈ ਆਪਣੇ ਪਤੀ ਨੂੰ ਮਿਲ ਸਕਦੀ ਸੀ ਪਰ ਸਰੀਰਕ ਸੰਬੰਧ ਸਥਾਪਤ ਨਹੀਂ ਕਰ ਸਕਦੀ ਸੀ। ਹਾਂ ਫੋਨ ’ਤੇ ਕਿਸੇ ਨਾਲ ਵੀ ਗੱਲ ਕਰ ਸਕਦੀ ਸੀ। ਹਰ ਸਮੇਂ ਆਸ-ਪਾਸ ਬਣਿਆ ਵਿਦੇਸ਼ੀ ਮਹੌਲ ਉਸ ਨੂੰ ਹੋਰ ਵੀ ਪ੍ਰੇਸ਼ਾਨ ਕਰਦਾ ਸੀ। ਉਸਦੇ ਕਮਰੇ ਵਿੱਚ ਹਰ ਤਰਫ਼ ਵਿਦੇਸ਼ੀ ਬੱਚਿਆਂ ਦੀਆਂ ਤਸਵੀਰਾਂ ਟੰਗ ਦਿੱਤੀਆਂ ਗਈਆਂ ਜਿਨ੍ਹਾਂ ਚੋਂ ਉਹ ਆਪਣੇ ਰਾਹੁਲ ਨੂੰ ਲੱਭਦੀ ਅਤੇ ਖਿਝਦੀ ਰਹਿੰਦੀ। ਉਸਨੂੰ ਪੜ੍ਹਣ ਲਈ ਅੰਗਰੇਜ਼ੀ ਦੀਆਂ ਵਿਦੇਸ਼ੀ ਕਿਤਾਬਾਂ ਤੇ ਪੱਤ੍ਰਕਾਵਾਂ ਦਿੱਤੀਆਂ ਗਈਆਂ ਜਿਨ੍ਹਾਂ ਨੂੰ ਉਹ ਪੜ੍ਹ ਨਹੀਂ ਸਕਦੀ ਸੀ, ਉਸਨੂੰ ਕਿਹਾ ਗਿਆ ਕਿ ਉਹ ਉਨ੍ਹਾਂ ਵਿੱਚ ਬਣੇ ਚਿੱਤਰ ਹੀ ਦੇਖ ਲਿਆ ਕਰੇ। ਜੇਲ੍ਹ ਜਿਹੇ ਇਸ ਮਹੌਲ ਵਿੱਚ ਸ਼ੁਰੂਆਤੀ ਚਾਰ ਮਹੀਨੇ ਉਸ ਨੇ ਬੜੀ ਮੁਸ਼ਕਲ ਨਾਲ ਕੱਢੇ। ਆਪਣੇ-ਆਪ ਨੂੰ ਸਮਝਾਉਂਣ ਲਈ ਉਹ ਸੁਭਾਸ਼ ਦੀ ਨੌਕਰੀ ਦੇ ਸ਼ੁਰੂਆਤੀ ਦਿਨਾਂ ਨੂੰ ਯਾਦ ਕਰਦੀ ਜਦੋਂ ਸੁਭਾਸ਼ ਨੂੰ ਫੈਕਟਰੀ ਦੇ ਮਹੌਲ ਤੋਂ ਬੜੀ ਘਬਰਾਹਟ ਹੁੰਦੀ ਸੀ। ਦਰਵਾਜ਼ੇ ’ਤੇ ਅੰਗੂਠਾ ਲਾ ਕੇ ਅੰਦਰ ਜਾਣਾ, ਤਿੰਨ-ਤਿੰਨ ਸਕੈਨ ਮਸ਼ੀਨਾਂ ਚੋਂ ਗੁਜ਼ਰਨਾ, ਸੀਸੀ ਟੀਵੀ ਦੀ ਨਿਗਰਾਨੀ ਵਿੱਚ ਕੰਮ ਕਰਨਾ ਅਤੇ ਫਿਰ ਦਰਵਾਜ਼ੇ ’ਤੇ ਅੰਗੂਠਾ ਲਾ ਕੇ ਬਾਹਰ ਨਿਕਲਨਾ। ਇੱਥੋਂ ਤੱਕ ਕਿ ਸੌਚਾਲਿਆ ਦੇ ਦਰਵਾਜ਼ੇ ’ਤੇ ਵੀ ਕੈਮਰਾ ਲੱਗਿਆ ਹੋਇਆ ਸੀ ਤਾਂ ਕਿ ਦੇਖਿਆ ਜਾ ਸਕੇ ਕਿ ਕਿਸ ਵਿਅਕਤੀ ਨੇ ਕਿੰਨਾ ਸਮਾਂ ਬਾਥਰੂਮ ਵਿੱਚ ਲਗਾਇਆ। ਲੇਕਿਨ ਹੌਲੀ-2 ਸੁਭਾਸ਼ ਨੂੰ ਇਸ ਦੀ ਆਦਤ ਪੈ ਗਈ ਅਤੇ ਉਹ ਗਰਵ ਨਾਲ ਦੱਸਣ ਲਗਿਆ ਕਿ ‘ਸਾਰੀਆਂ ਹਾਈ-ਫਾਈ ਕੰਪਨੀਆਂ ਵਿੱਚ ਇਸ ਤਰ੍ਹਾਂ ਹੀ ਹੁੰਦਾ ਹੈ’। ਇਹ ਸਭ ਯਾਦ ਕਰਕੇ ਉਹ ਇਸ ਮਹੌਲ ਲਈ ਖ਼ੁਦ ਨੂੰ ਸਮਝਾ ਲੈਂਦੀ ਪਰ ਉਸਨੂੰ ਰਾਹੁਲ ਦੀ ਬਹੁਤ ਜ਼ਿਆਦਾ ਯਾਦ ਆਉਂਦੀ। ਫ਼ੋਨ ’ਤੇ ਉਹ ਉਸਨੂੰ ਪੁੱਛਦਾ-
“ਮੰਮੀ ਮੈਂਨੂੰ ਲੈਣ ਕਦੋਂ ਆਵੇਂਗੀ”।

“ਬਹੁਤ ਜਲਦੀ ਬੇਟਾ, ਤੇਰੇ ਵਾਸਤੇ ਖਿਲੌਣੇ ਤਾਂ ਖ਼ਰੀਦ ਲਵਾਂ, ਅੱਛਾ ਦੱਸ ਸਪਾਈਡਰਮੈਨ ਜਾਂ ਡੋਰੇਮਾਨ”?
“ਡੋਰੇਮਾਨ”

ਰਾਹੁਲ ਮੰਮੀ ਦੇ ਜਲਦੀ ਆਉਂਣ ਦੀ ਗੱਲ ਛੱਡ ਕੇ ਖਿਲੌਣਿਆਂ ਦੀਆਂ ਗੱਲਾਂ ਕਰਨ ਲਗਦਾ। ਉਹ ਤਾਂ ਬੱਚਾ ਸੀ, ਉਸ ਨੂੰ ਫੁਸਲਾਇਆਜਾ ਸਕਦਾ ਸੀ। ਸੁਭਾਸ਼ ਲਈ ਉਹ ਜ਼ਿਆਦਾ ਫ਼ਿਕਰਮੰਦ ਰਹਿੰਦੀ ਸੀ। ਇਸ ਦੌਰਾਨ ਉਹ ਜ਼ਿਆਦਾ ਪੀਣ ਵੀ ਲੱਗ ਗਿਆ ਸੀ। ਜਦ ਉਹ ਉਸਨੂੰਮਿਲਣ ਆਉਂਦਾ ਤਾਂ ਸ਼ੀਸ਼ੇ ਦੀਆਂ ਦੀਵਾਰਾਂ ਵਾਲੀ ਐਸੀ ਜਗਾਹ ਉਸ ਦੀ ਮੁਲਾਕਾਤ ਕਰਵਾਈ ਜਾਂਦੀ ਕਿ ਉਹ ਉਸਦਾ ਹੱਥ ਵੀ ਨਹੀਂ ਫੜ ਸਕਦਾ ਸੀ। ਉਹ ਹਮੇਸ਼ਾਂ ਹੀ ਛਟਪਟਾ ਕੇ ਸਮਾਂ ਪੂਰਾ ਹੋਣ ਤੋਂ ਪਹਿਲਾਂ ਹੀ ਚਲਿਆ ਜਾਂਦਾ। ਮੰਜੂ ਨੂੰ ਇਸ ਹਾਲਤ ਵਿੱਚ ਦੇਖ ਕੇ ਉਸਨੂੰ ਚੰਗਾ ਵੀ ਨਹੀਂਲੱਗਦਾ ਸੀ। ਪਿਛਲੀ ਮੁਲਾਕਾਤ ਤੋਂ ਬਾਅਦ ਤਾਂ ਉਹ ਆਇਆ ਹੀ ਨਹੀਂ।

“ਹੁਣ ਮੈਂ ਮਿਲਣ ਨਹੀਂ ਆਵਾਂਗਾ, ਤੂੰ ਆਪਣਾ ਕਿਰਾਏ ਦਾ ਮਕਾਨ ਖਾਲ਼ੀ ਕਰਕੇ ਖ਼ੁਦ ਹੀ ਆ ਜਾਣਾ”।

ਸੁਭਾਸ਼ ਕਹਿ ਕੇ ਚਲਾ ਗਿਆ ਅਤੇ ਸੱਚਮੁੱਚ ਹੀ ਉਹ ਨਹੀਂ ਆਇਆ। ਫੋਨ ’ਤੇ ਵੀ ਬੱਸ ਹਾਂ-ਹੂੰ ਵਿੱਚ ਹੀ ਗੱਲਾਂ ਕਰਦਾ। ਉਸਦੇ ਮੁਕਦਮੇ ਦੇ ਫ਼ੈਸਲੇ ਦੀ ਤਰੀਕ ਨਜ਼ਦੀਕ ਆ ਰਹੀ ਸੀ। ਹੁਣ ਹਰ ਤਰੀਕ ’ਤੇ ਯੂਨੀਅਨ ਨਾਲ ਜੁੜਿਆ ਹਰੇਕ ਵਿਅਕਤੀ ਜਾਂਦਾ ਸੀ। ਇਸ ਮੁਕਦਮੇ ਉਪਰ ਹੁਣ ਪੈਸੇ ਵੀ ਜ਼ਿਆਦਾ ਲੱਗਣ ਲੱਗੇ ਸਨ। ਜਿਸ ਲਈ ਸੁਭਾਸ਼ ਲੱਭ-ਲੱਭ ਕੇ ਮੋਬਾਇਲ ਰਿਪੇਅਰ ਦਾ ਕੰਮ ਕਰਦਾ ਸੀ। ਆਪਣੇ ਤਨਾਅ ਤੋਂ ਮੁਕਤੀ ਲਈ ਉਹ ਦਿਨ ਭਰ ਕੰਮ ਵਿੱਚ ਲੱਗਿਆ ਰਹਿੰਦਾ ਅਤੇ ਰਾਤ ਨੂੰ ਦਾਰੂ ਪੀਂਦਾ। ਉਸ ਦੇ ਬਾਕੀ ਸਾਥੀ ਪੀਣ ਨਾ ਪੀਣ ਪਰ ਉਹ ਹਰ ਰੋਜ਼ ਪੀਣ ਲੱਗ ਗਿਆ।

ਇਕ ਦਿਨ ਉਹ ਮੋਬਾਇਲ ਰਿਪੇਅਰ ਕਰਨ ਲਈ ਇਕ ਦੁਕਾਨ ਵਿੱਚ ਬੈਠਾ ਸੀ ਕਿ ਦੁਕਾਨਦਾਰ ਨੇ ਉਸਨੂੰ ਦੱਸਿਆ ਕਿ ਉਸਦੀ ਫੈਕਟਰੀ ਵਾਲੀ ਖ਼ਾਲੀ ਜ਼ਮੀਨ ੳੱੁਪਰ ਵਾਟਰ-ਪਾਰਕ ਤੇ ਇਕ ਮਾਲ ਬਣੇਗਾ। ਦੁਕਾਨ ਵਾਲੇ ਨੇ ਉਸਨੂੰ ਉਹ ਅਖ਼ਬਾਰ ਵੀ ਦਿਖਾਇਆ ਜਿਸ ਵਿੱਚ ਇਹ ਖ਼ਬਰ ਛਪੀ ਸੀ। ਸੁਭਾਸ਼ ਨੂੰ ਇਉਂ ਲੱਗਿਆ ਜਿਵੇਂ ਹੁਣ ਉਸਨੂੰ ਪੂਰੀ ਤਰ੍ਹਾਂ ਘਰ ਤੋਂ ਬੇਦਖ਼ਲ ਕਰ ਦਿੱਤਾ ਗਿਆ ਹੋਵੇ। ਉਸਨੂੰ ਯਾਦ ਆਇਆ ਕਿ ਫੈਕਟਰੀ ਲਾਉਣ ਲਈ ਕਿਸਾਨਾਂ ਤੋਂ ਉਨ੍ਹਾਂ ਦੀਆਂ ਜ਼ਮੀਨਾਂ ਦਿਵਾਉਣ ਲਈ ਭਾਰਤ ਸਰਕਾਰ ਨੇ ਵਧ-ਚੜ੍ਹ ਕੇ ਮਦਦ ਕੀਤੀ ਸੀ। ਸਰਕਾਰ ਦਾ ਕਹਿਣਾ ਸੀ ਕਿ ਇਸ ਨਾਲ ਦੇਸ਼ ਦੀ ਬੇਰੁਜ਼ਗਾਰੀ ਦੂਰ ਹੋਵੇਗੀ ਅਤੇ ਇਲਾਕੇ ਦਾ ਵਿਕਾਸ ਹੋਵੇਗਾ। ਸੁਭਾਸ਼ ਦੇ ਇਕ ਫੁਫੜ੍ਹ ਦੇ ਪਿੰਡ ਦੀ ਕੁੱਝ ਜ਼ਮੀਨ ਵੀ ਇਸ ਵਿੱਚ ਗਈ ਸੀ। ਉਸ ਨੇ ਇਕ ਵਾਰ ਸੁਭਾਸ਼ ਨਾਲ ਗੱਲ ਕਰਦੇ ਹੋਏ ਦੱਸਿਆ ਸੀ-

“ਬੇਟਾ ਤੁਹਾਨੂੰ ਤਾਂ ਫੈਕਟਰੀ ਤੋਂ ਰੁਜ਼ਗਾਰ ਮਿਲ ਗਿਆ ਜਦ ਕਿ ਸਾਡੇ ਪਿੰਡ ਦੇ ਕਿਸਾਨਾਂ ਤੇ ਮਜ਼ਦੂਰਾਂ ਦਾ ਕੰਮ ਖੋਹ ਲਿਆ ਗਿਆ। ਉਨਾਂ ਨੂੰ ਜੋ ਮੁਆਵਜ਼ਾ ਮਿਲਿਆ ਉਹ ਤਾਂ ਖ਼ਤਮ ਹੋ ਗਿਆ। ਉਹ ਤਾਂ ਬਰਬਾਦ ਹੋ ਗਏ ਨਾ ਇਸ ਫੈਕਟਰੀ ਕਾਰਨ”।

ਰਾਤ ਨੂੰ ਉਸ ਨੇ ਰੋਜ਼ਾਨਾ ਨਾਲੋਂ ਥੋੜੀ ਜ਼ਿਆਦਾ ਪੀ ਲਈ ਅਤੇ ਸਭ ਨੂੰ ਸੰਬੋਧਨ ਹੋ ਕੇ ਲੜਖੜ੍ਹਾਉਦੀ ਤੇ ਲਰਜ਼ਵੀ ਆਵਾਜ਼ ਵਿੱਚ ਕਹਿਣ ਲੱਗਿਆ-

“ਅਸੀਂ ਜਿਸ ਜਗਾਹ ’ਤੇ ਫ਼ੋਨ ਬਣਾਉਂਦੇ ਸੀ, ਪੈਸੇ ਕਮਾਉਂਦੇ ਸੀ, ਉਥੇ ਹੁਣ ਹੜ੍ਹ ਆਉਣ ਵਾਲਾ ਹੈ”।

“ਹੜ੍ਹ ?..ਕਿਸਨੇ ਦੱਸਿਆ” ਰਜ਼ਨੀਸ ਨੇ ਪੁੱਛਿਆ। “ਹਾਂ ਹੜ੍ਹ, ਪਰ ਇਹ ਐਸਾ ਹੜ੍ਹ ਹੈ ਜੋ ਆਉਂਣ ਤੋਂ ਪਹਿਲਾਂ ਹੀ ਸਭ ਨੂੰ ਡੁਬੋ ਦਿੰਦਾ ਹੈ, ਦੇਖੋ ਅਸੀਂ ਸਾਰੇ ਡੁੱਬੇ ਹੋਏ ਇੱਥੇ ਬੈਠੇ ਹਾਂ”। ਸੁਭਾਸ਼ ਨੇ ਕਿਹਾ ਤਾਂ ਰਜ਼ਨੀਸ ਸੋਚ ਕੇ ਹੱਸਣ ਲੱਗਿਆ ਕਿ ਉਹ ਸ਼ਰਾਬ ਦੀ ਗੱਲ ਕਰਦਾ ਹੈ ਪਰ ਉਸੇ ਵਕਤ ਉਸ ਦੀ ਗੱਲ ਨੂੰ ਸਮਝਦੇ ਹੋਏ ਮਹਿੰਦਰ ਨੇ ਕਿਹਾ-

“ਹਾਂ ਮੈਂ ਵੀ ਪੜ੍ਹਿਆ ਹੈ ਕਿ ਫੈਕਟਰੀ ਦੀ ਜ਼ਮੀਨ ’ਤੇ ਵਾਟਰ-ਪਾਰਕ ਤੇ ਮਾਲ ਬਣਨ ਵਾਲਾ ਹੈ”।

“ਪਹਿਲਾਂ ਖੇਤ ਉਜਾੜ ਕੇ ਫੈਕਟਰੀ ਲਗਾਈ, ਫਿਰ ਫੈਕਟਰੀ ਉਜਾੜ ਕੇ ਵਾਟਰ-ਪਾਰਕ ਬਣਾਇਆ” ਸੁਭਾਸ਼ ਨੇ ਮੇਜ਼ ੳੱੁਪਰ ਹੱਥ ਮਾਰਦੇ ਹੋਏ ਕਿਹਾ ਅਤੇ ਖੜਾ੍ਹ ਹੋ ਕੇ ਸਭ ਨੂੰ ਪੁੱਛਣ ਲੱਗਿਆ-

“ਇਹ ਵਾਟਰ-ਪਾਰਕ ਕਿਨ੍ਹਾਂ ਵਾਸਤੇ ਬਣ ਰਿਹਾ ਹੈ ਦੱਸੋ”
“ਬੱਚਿਆਂ ਵਾਸਤੇ” ਰਜ਼ਨੀਸ ਨੇ ਜਵਾਬ ਦਿੱਤਾ।
“ਕਿਨ੍ਹਾਂ ਦੇ ਬੱਚਿਆਂ ਵਾਸਤੇ”।

ਇਸ ਵਾਰ ਜੋਸ਼ੀ ਨੇ ਜਵਾਬ ਦਿੱਤਾ-
“ਅਮੀਰਾਂ ਦੇ ਬੱਚਿਆਂ ਵਾਸਤੇ”
ਸੁਭਾਸ਼ ਹੱਸਣ ਲੱਗਿਆ

“ਤੁਹਾਡੇ ਚੋਂ ਕੋਈ ਨਹੀਂ ਦੱਸ ਸਕਦਾ ਕਿਨ੍ਹਾਂ ਵਾਸਤੇ, ਸਿਰਫ਼ ਮੈਂਨੂੰ ਪਤੈ ਪਰ ਮੈਂ ਦੱਸਾਂਗਾਂ ਨਹੀਂ, ਸਿਰਫ਼ ਮੈਂਨੂੰ ਪਤੈ ਪਰ ਦੱਸਾਂਗਾ ਨਹੀਂ”।

ਉਹ ਲੜਖੜਾ੍ਹਉਂਦੇ ਹੋਏ ਘਰ ਨੂੰ ਜਾਣ ਲਈ ਤੁਰ ਪਿਆ ਪਰ ਥੋੜੀ ਦੂਰ ਜਾ ਕੇ ਫੇਰ ਰੁਕ ਗਿਆ ਅਤੇ ਜ਼ੋਰ-ਜ਼ੋਰ ਦੀ ਹੱਸਦੇ ਹੋਏ ਕਹਿਣ ਲੱਗਿਆ-

“ਕੇਵਲ ਮੈਂ ਜਾਣਦਾਂ ਹਾਂ ਕਿ ਵਾਟਰ-ਪਾਰਕ ਕਿਸ ਲਈ ਬਣ ਰਿਹਾ ਹੈ ਉਏ ਮੰਜੂ ਦੇ ਵਿਦੇਸ਼ੀ ਬੱਚੇ ਵਾਸਤੇ। ਉਹ ਉਸ ਵਿੱਚ ਖੇਲੇਗਾ”। ਪਿਛੇ ਦੇ ਵਾਕ ਸਮੇਂ ਉਸ ਨੇ ਆਪਣੀ ਆਵਾਜ਼ ਧੀਮੀ ਕਰ ਲਈ। ਬੋਲਣ ਤੋਂ ਬਾਅਦ ਉਹ ਪਹਿਲਾਂ ਹਲਕਾ ਜਿਹਾ ਹੱਸਿਆ, ਫਿਰ ਚੁੱਪ ਹੋ ਗਿਆ ਅਤੇ ਪੈਰ ਫੈਲਾ ਕੇ ਸੜਕ ਉੱਪਰ ਬੈਠ ਗਿਆ।

ਸਵੇਰੇ ਜਦ ਉਹ ਸੌਂ ਕੇ ਉਠਿਆ ਤਾਂ ਆਪਣੇ ਘਰ ਦੇ ਬਿਸਤਰ ਉੱਪਰ ਪਿਆ ਸੀ। ਉਹ ਸਮਝ ਗਿਆ ਕਿ ਉਸਨੂੰ ਉਸਦੇ ਦੋਸਤਾਂ ਨੇ ਹੀ ਘਰ ਪਹੁੰਚਾਇਆ ਹੋਵੇਗਾ। ਉਸਨੂੰ ਸ਼ਰਮਿੰਦਗੀ ਮਹਿਸੂਸ ਹੋਈ।

“ਰਾਤ ਨਸ਼ੇ ਵਿੱਚ ਨਾਂ ਜਾਣੇ ਕੀ-ਕੀ ਬੋਲ ਦਿੱਤਾ”।

ਇਕ ਵਾਰ ਫੇਰ ਉਸਨੇ ਤਹਿ ਕੀਤਾ ਕਿ ਉਹ ਦਾਰੂ ਨਹੀਂ ਪੀਵੇਗਾ। ਜੇਕਰ ਪੂਰੀ ਤਰ੍ਹਾਂ ਨਹੀਂ ਵੀ ਛੱਡ ਸਕਿਆ ਤਾਂ ਘੱਟ ਜ਼ਰੂਰ ਕਰ ਦੇਵੇਗਾ। ਉਸ ਦਾ ਸਿਰ ਭਾਰੀ ਹੋ ਰਿਹਾ ਸੀ, ਉਹ ਲਿਟਿਆ ਰਿਹਾ ਅਤੇ ਮੰਜੂ ਤੇ ਰਾਹੁਲ ਨੂੰ ਯਾਦ ਕਰਨ ਲੱਗਿਆ। ਗਰਭ ਦੇ ਪਿਛਲੇ ਚਾਰ ਮਹੀਨਿਆਂ ਦੌਰਾਨ ਜਦੋਂ ਬੱਚੇ ਨੇ ਪੇਟ ਵਿੱਚ ਹਰਕਤ ਕਰਨੀ ਸ਼ੁਰੂ ਕਰ ਦਿੱਤੀ ਤਾਂ ਉਸ ਨੂੰ ਮਕਾਨ-ਮਾਲਕ ਦੀ ਬਜਾਏ ਮਾਂ ਵਾਲੀ ਭਾਵਨਾ ਪੈਦਾ ਹੋਣ ਲੱਗੀ ਅਤੇ ਉਸਦਾ ਇਕੱਲਾਪਣ ਤੇ ਖਾਲੀਪਣ ਕੁੱਝ ਘਟਣ ਲੱਗਿਆ। ਉਸਨੂੰ ਜਿਵੇਂ ਕੰਮ ਮਿਲ ਗਿਆ ਹੋਵੇ, ਉਹ ਉਸਦੀ ਇਕ-ਇਕ ਹਰਕਤ ਉੱਪਰ ਧਿਆਨ ਦਿੰਦੀ ਅਤੇ ਖ਼ੁਸ਼ ਹੁੰਦੀ। ਉਦਾਸੀਨਤਾ ਦੀ ਬਜਾਏ ਉਸਨੂੰ ਬੱਚੇ ਲਈ ਪਿਆਰ ਉਮੜਨ ਲੱਗਿਆ ਜਿਸ ਭਾਵਨਾ ਨੂੰ ਉਹ ਚਾਹ ਕੇ ਵੀ ਰੋਕ ਨਾ ਸਕਦੀ, ਆਪਣੇ ਪੇਟ ਉੱਪਰ ਹੱਥ ਰੱਖ ਕੇ ਉਹ ਅਣ-ਜਨਮੇ ਬੱਚੇ ਨਾਲ ਗੱਲਾਂ ਕਰਦੀ, ਉਸ ਲਈ ਗਾਣਾ ਗਾਉਂਦੀ ਅਤੇ ਉਸ ਨੂੰ ਪਿਆਰ ਕਰਦੀ। ਇਕ ਦਿਨ ਫ਼ੋਨ ’ਤੇ ਉਸਨੇ ਸੁਭਾਸ਼ ਨੂੰ ਵੀ ਦੱਸਿਆ-
“ਇਹ ਰਾਹੁਲ ਦੀ ਤਰ੍ਹਾਂ ਹੀ ਸ਼ਰਾਰਤੀ ਹੈ, ਬਹੁਤ ਹੱਥ-ਪੈਰ ਚਲਾਉਂਦਾ ਹੈ”।

“ਪਰ ਉਹ ਰਾਹੁਲ ਦਾ ਭਾਈ ਜਾਂ ਭੈਣ ਨਹੀਂ ਹੈ” ਸੁਭਾਸ਼ ਨੇ ਠੰਡੇਪਣ ਵਿੱਚ ਜਵਾਬ ਦਿੱਤਾ ਅਤੇ ਫ਼ੋਨ ਕੱਟ ਦਿੱਤਾ।

ਮੰਜੂ ਦਾ ਮਨ ਰੋਣਹਾਕਾ ਹੋ ਗਿਆ। ਰੋਣ ਲਈ ਉਹ ਇਸ ਸਮੇਂ ਸੁਭਾਸ਼ ਦਾ ਸਾਥ ਚਾਹੁੰਦੀ ਸੀ। ਉਸ ਨੂੰ ਰਾਹੁਲ ਦੇ ਜਨਮ ਦਾ ਸਮਾਂ ਯਾਦ ਆਇਆ ਜਦ ਸੁਭਾਸ਼ ਉਸ ਦੇ ਪੇਟ ਉਪਰ ਹੱਥ ਰੱਖ ਕੇ ਬੱਚੇ ਨਾਲ ਗੱਲਾਂ ਕਰਦਾ ਸੀ ਅਤੇ ਮੰਜੂ ਨੂੰ ਇਉਂ ਲੱਗਦਾ ਜਿਵੇਂ ਸੁਭਾਸ਼ ਦੀਆਂ ਗੱਲਾਂ ਦਾ ਜਵਾਬ ਦੇਣ ਲਈ ਰਾਹੁਲ ਤੇਜ਼ੀ ਨਾਲ ਹੱਥ-ਪੈਰ ਮਾਰਨ ਲੱਗਦਾ ਸੀ।

ਇਨ੍ਹਾਂ ਮਨ-ਸਥਿਤੀਆਂ ਵਿੱਚੋਂ ਗੁਜ਼ਰਦੇ ਹੋਏ ਮੰਜੂ ਨੇ ਜਦੋਂ ਹੀ ਸਾਢੇ ਅੱਠ ਮਹੀਨੇ ਦਾ ਸਮਾਂ ਪੂਰਾ ਕੀਤਾ ਤਾਂ ਡਾਕਟਰ ਨੇ ਦੱਸਿਆ ਕਿ ਬੱਚੇ ਨੂੰ ਉਪਰੇਸ਼ਨ ਕਰਕੇ ਪੇਟ ਵਿੱਚੋਂ ਕੱਢਿਆ ਜਾਵੇਗਾ। ਮੰਜੂ ਨੇ ਬਹੁਤ ਕਿਹਾ ਕਿ ਅਜੇ ਤਾਂ ਨੌਂ ਮਹੀਨੇ ਪੂਰੇ ਨਹੀਂ ਹੋਏ, ਕੁੱਝ ਦਿਨ ਇੰਤਜ਼ਾਰ ਕੀਤਾ ਜਾ ਸਕਦਾ ਹੈ, ਹੋ ਸਕਦਾ ਹੈ ਕਿ ਉਪਰੇਸ਼ਨ ਦੀ ਨੌਬਤ ਹੀ ਨਾ ਆਵੇ ਪਰ ਡਾਕਟਰਾਂ ਨੇ ਉਸਦੀ ਇਕ ਨਾ ਸੁਣੀ। ਉਸ ਨੂੰ ਹਸਪਤਾਲ ਦੇ ਪ੍ਰਾਈਵੇਟ ਵਾਰਡ ਵਿੱਚ ਭਰਤੀ ਕਰ ਦਿੱਤਾ

ਉਪਰੇਸ਼ਨ ਦੇ ਬਾਅਦ ਜਦ ਮੰਜੂ ਨੂੰ ਹੋਸ਼ ਆਇਆ ਤਾਂ ਬੱਚਾ ਅੰਡਾਨੂ ਤੇ ਸ਼ੁਕਰਾਣੂ ਦੇ ਨਾਲ-ਨਾਲ ਉਸ ਦੇ ਗਰਭ ਉੱਪਰ ਪੈਸਾ ਖ਼ਰਚ ਕਰਨ ਵਾਲੇ ਮਾਂ-ਬਾਪ ਕੋਲ ਜਾ ਚੁੱਕਾ ਸੀ। ਉਸ ਨੂੰ ਤਾਂ ਇੰਨਾ ਵੀ ਪਤਾ ਨਾ ਲੱਗਿਆ ਕਿ ਬੱਚਾ ਲੜਕਾ ਸੀ ਜਾਂ ਲੜਕੀ। ਜੰਮਣ-ਪੀੜ੍ਹਾਂ ਦੀ ਤਕਲੀਫ਼ ’ਚੋਂ ਗੁਜ਼ਰਨ ਤੋਂ ਬਾਅਦ ਇਕ ਮਾਂ ਨੂੰ ਉਸਦਾ ਬੱਚਾ ਨਾ ਦਿਖੇ ਤਾਂ ਉਸਦੀ ਪੀੜ੍ਹਾ ਨੂੰ ਸਮਝਣਾ ਮੁਸ਼ਕਿਲ ਨਹੀਂ ਹੈ। ਮੰਜੂ ਬਿਸਤਰੇ ’ਤੇ ਪਈ ਸੀ। ਦਵਾਈ ਦਾ ਅਸਰ ਖ਼ਤਮ ਹੁੰਦੇ ਹੀ ਟਾਂਕਿਆਂ ਵਾਲੀ ਜਗਾਹ ਦਰਦ ਸ਼ੁਰੂ ਹੋ ਚੁਕਿਆ ਸੀ। ਬੱਚਾ ਤਾਂ ਹੈ ਹੀ ਨਹੀਂ ਸੀ, ਉਸ ਨੂੰ ਧਰਵਾਸ ਦੇਣ ਵਾਲਾ ਵੀ ਆਪਣਾ ਕੋਈ ਉਸ ਕੋਲ ਹਾਜ਼ਰ ਨਹੀਂ ਸੀ। ਨਰਸ ਹੀ ਥੋੜੀ-ਥੋੜੀ ਦੇਰ ਬਾਅਦ ਉਸ ਦਾ ਬੀ.ਪੀ ਚੈਕ ਕਰਨ ਤੇ ਡਰਿੱਪ ਦੇਖਣ ਲਈ ਆਉਂਦੀ ਤੇ ਚਲੀ ਜਾਂਦੀ। ਜਾਣ-ਬੁੱਝ ਕੇ ਉਸ ਨੇ ਸੁਭਾਸ਼ ਨੂੰ ਫ਼ੋਨ ਨਹੀਂ ਕੀਤਾ ਸੀ। ਉਹ ਆਪਣੇ-ਆਪ ਨੂੰ ਹੌਂਸਲਾ ਦੇ ਰਹੀ ਸੀ ਕਿ ਜੋ ਬੱਚਾ ਉਸਦਾ ਸੀ ਹੀ ਨਹੀਂ ਉਸ ਵਾਸਤੇ ਉਹ ਕਿਉਂ ਦੁਖੀ ਹੋ ਰਹੀ ਸੀ। ਪਰ ਉਸ ਦਾ ਮਨ ਇਹ ਮੰਨਣ ਨੂੰ ਤਿਆਰ ਨਹੀਂ ਸੀ ਕਿ ਜੋ ਬੱਚਾ ਉਸਦੇ ਆਪਣੇ ਸਰੀਰ ਵਿੱਚ ਸੀ, ਜਿਸ ਨੇ ਉਸਦੀਆਂ ਇੰਨੀਆਂ ਗੱਲਾਂ ਸੁਣੀਆਂ, ਜਿਸ ਲਈ ਉਸ ਨੇ ਇੰਨੇ ਗੀਤ ਗਾਏ ਉਹ ਉਸਦਾ ਆਪਣਾ ਸੀ ਹੀ ਨਹੀਂ। ‘ਘੱਟੋ-ਘੱਟ ਉਸਨੂੰ ਇਕ ਵਾਰ ਮੇਰਾ ਦੁੱਧ ਤਾਂ ਪੀਣ ਲੈਣ ਦਿੰਦੇ, ਭੁੱਖੇ ਨੂੰ ਹੀ ਉੱਠਾ ਕੇ ਲੈ ਗਏ ਉਸਨੂੰ’।

ਮੰਜੂ ਦੀਆਂ ਅੱਖਾਂ ਵਿੱਚੋਂ ਅੱਥਰੂ ਵਹਿਣ ਲੱਗੇ। ਉਸਨੂੰ ਸੁਭਾਸ਼ ਫਿਰ ਯਾਦ ਆਉਣ ਲੱਗਿਆ। ਉਸ ਨੂੰ ਉਹ ਦਿਨ ਯਾਦ ਆਇਆ ਜਦ ਫੈਕਟਰੀ ਪ੍ਰਸ਼ਾਸਨ ਨੇ ਗੇਟ ਉਪਰ ਤਾਲਾ ਲਾ ਦਿੱਤਾ। ਸੁਭਾਸ਼ ਵੀ ਉਸ ਦਿਨ ਠੱਗਿਆ-ਠੱਗਿਆ ਮਹਿਸੂਸ ਕਰ ਰਿਹਾ ਸੀ। ਉਸ ਦਿਨ ਨੂੰ ਯਾਦ ਕਰਦੇ ਹੋਏ ਉਸਨੂੰ ਕੁੱਖ ਦੇ ਕਿਰਾਏ ਦੇ ਮਿਲਣ ਵਾਲੇ ਪੈਸੇ ਦੀ ਯਾਦ ਆਈ।

‘ਕਿਤੇ ਐਸਾ ਤਾਂ ਨਹੀਂ ਕਿ ਬਿਨਾਂ ਪੈਸੇ ਦਿੱਤੇ ਹੀ ਬੱਚਾ ਲੈ ਕੇ ਭੱਜ ਗਏ ਹੋਣ। ਕੀ ਭਰੋਸਾ, ਜੇਕਰ ਅਜਿਹਾ ਹੋਇਆ ਤਾਂ ਸੁਭਾਸ਼ ਕੋਲ ਮੈਂ ਕਿਹੜਾ ਮੂੰਹ ਲੈ ਕੇ ਜਾਵਾਂਗੀ’। ਮੰਜੂ ਦਾ ਦਿਮਾਗ ਸ਼ੰਕਾਵਾਂ ਵਿੱਚ ਘਿਰਨ ਲੱਗਿਆ। ਬੱਚਾ ਹੋਣ ਤੋਂ ਬਾਅਦ ਡਾਕਟਰ ਹੁਣ ਤੱਕ ਉਸਨੂੰ ਦੇਖਣ ਨਹੀਂ ਆਇਆ ਸੀ। ਇਸ ਵਾਰ ਜਿਵੇਂ ਹੀ ਨਰਸ ਆਈ ਉਸ ਨੇ ਪੁਛਿਆ-

“ਸਿਸਟਰ ਉਹ ਲੋਕ ਚੈਕ ਦੇ ਗਏ ਨਾ”
ਨਰਸ ਤੋਂ “ਮੈਂ ਨਹੀਂ ਜਾਣਦੀ” ਵਾਲਾ ਜਵਾਬ ਤੋਂ ਸੁਣ ਕੇ ਮੰਜੂ ਦਾ ਦਿਲ ਬੈਠਣ ਲੱਗਿਆ, ਉਸ ਨੇ ਫੇਰ ਹਿੰਮਤ ਕਰਕੇ ਪੁੱਛਿਆ-
“ਕੌਣ ਦੱਸੇਗਾ?”

“ਡਾਕਟਰ ਸਾਹਬ ਜਾਂ ਵੱਡੇ ਸਾਹਬ” ਨਰਸ ਨੇ ਜਵਾਬ ਦਿੱਤਾ।
“ਪਲੀਜ਼ ਉਨਾਂ੍ਹ ਨੂੰ ਬੁਲਾ ਦਿਉ” ਮੰਜੂ ਨੇ ਇਕਦਮ ਨਰਮ ਹੋ ਕੇ ਕਿਹਾ।

“ਉਹ ਕੱਲ੍ਹ ਸੁਬਾਹ ਹੀ ਮਿਲਣਗੇ” ਨਰਸ ਨੇ ਕਿਹਾ ਅਤੇ ਬਾਹਰ ਨਿਕਲ ਗਈ। ਮੰਜੂ ਬੇਚੈਨ ਹੋ ਗਈ, ਉਸਨੇ ਆਪਣਾ ਫ਼ੋਨ ਉਠਾਇਆ ਅਤੇ ਉਸ ਔਰਤ ਨੂੰ ਫ਼ੋਨ ਮਿਲਾਇਆ ਜਿਸ ਨੇ ਉਸਨੂੰ ਇਹ ਕੰਟਰੈਕਟ ਦਿਵਾਇਆ ਸੀ। ਉਸ ਨੇ ਫ਼ੋਨ ’ਤੇ ਵਿਸ਼ਵਾਸ ਦਿਵਾਇਆ ਕਿ ਡਿਸਚਾਰਜ ਹੋਣ ਵੇਲੇ ਉਸਨੂੰ ਚੈੱਕ ਮਿਲ ਜਾਏਗਾ, ਮੰਜੂ ਨੂੰ ਰਾਹਤ ਮਿਲੀ ਪਰ ਉਸਨੂੰ ਪੂਰੀ ਤਰ੍ਹਾਂ ਯਕੀਨ ਨਾ ਹੋਇਆ।

ਇਕ ਹਫ਼ਤੇ ਬਾਅਦ ਟਾਂਕੇ ਕੱਟੇ ਅਤੇ ਉਸਨੂੰ ਘਰ ਜਾਣ ਲਈ ਆਜ਼ਾਦ ਕਰ ਦਿਤਾ। ਉਸ ਨੇ ਸੁਭਾਸ਼ ਨੂੰ ਫ਼ੋਨ ਕਰਕੇ ਸਵੇਰੇ ਹੀ ਬੁਲਾ ਲਿਆ ਸੀ। ਤੁਰਨ ਤੋਂ ਪਹਿਲਾਂ ਉਸਨੂੰ ਸੱਚਮੱੁਚ ਚੈੱਕ ਮਿਲ ਗਿਆ। ਚੈੱਕ ਦੇਖ ਕੇ ਉਸ ਨੂੰ ਤਾਂ ਵਿਸ਼ਵਾਸ ਹੋ ਗਿਆ ਕਿ ਉਸ ਨੂੰ ਠੱਗਿਆ ਨਹੀਂ ਗਿਆ ਹੈ ਪਰ ਸੁਭਾਸ਼ ਦੀ ਨਜ਼ਰ ਉਸ ਉਪਰ ਲਿਖੇ ਸ਼ਬਦਾਂ ’ਤੇ ਪਈ ਜਿਸ ਉਤੇ ਲਿਖਿਆ ਸੀ ‘ਇਕ ਲੱਖ ਨੱਬੇ ਹਜ਼ਾਰ’।

ਪੁਛਣ ’ਤੇ ਕਾਊਂਟਰ ਤੋਂ ਪਤਾ ਲੱਗਿਆ ਕਿ ਦੱਸ ਹਜ਼ਾਰ ਰੁਪਏ ਉਪਰੇਸ਼ਨ ਤੋਂ ਬਾਅਦ ਹੋਏ ਉਸਦੇ ਇਲਾਜ ਤੇ ਪ੍ਰਾਈਵੇਟ ਵਾਰਡ ਦੇ ਕਿਰਾਏ ਦੇ ਕੱਟੇ ਗਏ ਹਨ। ਮੰਜੂ ਨੇ ਇਸ ’ਤੇ ਵਿਰੋਧ ਕਰਨਾ ਚਾਹਿਆ ਪਰ ਸੁਣਨ ਵਾਲਾ ਕੋਈ ਨਹੀਂ ਸੀ, ਸਭ ਇਕ ਦੂਜੇ ਉਪਰ ਟਾਲਦੇ ਹੋਏ ਕਹਿ ਦਿੰਦੇ-

“ਮੈਂ ਜੁੰਮੇਵਾਰ ਨਹੀਂ ਹਾਂ, ਫ਼ਲਾਣੇ ਵਿਅਕਤੀ ਤੋਂ ਪੁੱਛੋ”।

ਹਾਰ ਕੇ ਮੰਜੂ ਵਾਪਸ ਮੁੜ ਰਹੀ ਸੀ। ਉਸਦੇ ਦਿਮਾਗ਼ ਵਿੱਚ ਡਾਕਟਰ ਸਾਹਬ ਦੀਆਂ ਗੱਲਾਂ ਘੁੰਮ ਰਹੀਆਂ ਸਨ।

“ਬੱਚਾ ਪੈਦਾ ਹੋਣ ਦੇ ਬਾਅਦ ਸਰੋਗੇਟ ਮਾਂ ਨਾਲ ਕੁੱਝ ਵੀ ਹੋਵੇ, ਉਸ ਦੀ ਜੁੰਮੇਵਾਰੀ ਅਸਲੀ ਮਾਂ ਬਾਪ ਦੀ ਨਹੀਂ ਹੁੰਦੀ, ਇਹ ਤਾਂ ਸ਼ਰਤਾਂ ਵਾਲੇ ਕਾਗਜ਼ ਵਿੱਚ ਲਿਖਿਆ ਹੋਇਆ ਹੀ ਹੈ”।

ਮੰਜੂ ਇਕ ਤਾਂ ਬੱਚੇ ਨੂੰ ਇਕ ਵਾਰ ਵੀ ਪਿਆਰ-ਦੁਲਾਰ ਨਾ ਕਰ ਸਕਣ ਦੇ ਦੁੱਖ ਵਿੱਚ ਗ੍ਰਸਤ ਸੀ ੳੱੁਪਰ ਤੋਂ ਉਸ ਦੇ ਦੱਸ ਹਜ਼ਾਰ ਰੁਪਏ ’ਤੇ ਸਿੱਧਾ ਡਾਕਾ ਮਾਰ ਲਿਆ ਗਿਆ। ਉਹ ਬਹੁਤ ਦੁਖੀ ਸੀ। ਘਰ ਜਾ ਕੇ ਸੁਭਾਸ਼ ਨਾਲ ਲਿਪਟ ਕੇ ਉਹ ਦੇਰ ਤੱਕ ਰੋਂਦੀ ਰਹੀ। ਉਹ ਇਸ ਦੌਰਾਨਕਾਫ਼ੀ ਪਤਲਾ ਹੋ ਗਿਆ ਸੀ, ਉਸ ਦੀਆਂ ਅੱਖਾਂ ਅੰਦਰ ਧੱਸ ਗਈਆਂ ਸਨ। ਮੰਜੂ ਦਾ ਰੋਣਾ ਇਸ ਕਾਰਨ ਵੀ ਵਧ ਗਿਆ ਸੀ। ਸੁਭਾਸ਼ ਮੰਜੂ ਦੇ ਦੁਖ ਦਾ ਅਹਿਸਾਸ ਤਾਂ ਕਰ ਰਿਹਾ ਸੀ ਪਰ ਅੱਜ ਉਹ ਖ਼ੁਦ ਆਪ ਗਵਾਚਿਆਹੋਇਆ ਸੀ, ਉਹ ਬਾਹਰ ਘੱਟ ਤੇ ਆਪਣੇ ਅੰਦਰ ਜ਼ਿਆਦਾ ਸੀ। ਅੱਜ ਕੋਰਟ ਦਾ ਫ਼ੈਸਲਾ ਆਉਣਾ ਸੀ। ਇਸ ਲਈ ਯੂਨੀਅਨ ਦੇ ਸਾਰੇ ਮੈਂਬਰਾਂ ਨੂੰ ਬਾਰਾਂ ਵਜੇ ਤੱਕ ਕੋਰਟ ਪਹੁੰਚਣ ਲਈ ਕਿਹਾ ਗਿਆ ਸੀ । ਜਿੰਨਾ ਹੋ ਸਕਿਆ ਉਹ ਮੰਜੂ ਨੂੰ ਸੰਭਾਲ ਕੇ ਤੇ ਖਾਣੇ ਦਾ ਇੰਤਜ਼ਾਮ ਕਰਕੇ ਕੋਰਟ ਨੂੰ ਚਲਾ ਗਿਆ। ਮੰਜੂ ਘਰ ਵਿੱਚ ਇਕੱਲੀ ਰਹਿ ਗਈ। ਇਕ ਲੱਖ ਨੱਬੇ ਹਜ਼ਾਰ ਉਸਨੂੰ ਉਹ ਚੈਨ ਨਹੀਂ ਦੇ ਰਹੇ ਸਨ ਜਿਸ ਦੀ ਉਸ ਨੇ ਕਲਪਨਾ ਕੀਤੀ ਸੀ। ਉਹ ਪੂਰਾ ਦਿਨ ਆਪਣੇ ਅੰਦਰ ਭਰ ਗਏ ਖਾਲੀਪਣ ਨਾਲ ਜੂਝਦੀ ਰਹੀ। ਉਹ ਆਪਣੇ ਨਵਜਾਤ ਬੱਚੇ ਨੂੰ ਦੁੱਧ ਚੁੰਘਾਉਂਣ ਲਈ ਤੜਪ ਰਹੀ ਸੀ। ਸ਼ਾਮ 5 ਵਜੇ ਸੁਭਾਸ਼ ਵਾਪਸ ਆ ਗਿਆ। ਉਸਦੀਆਂ ਅੱਖਾਂ ਹੋਰ ਵੀ ਅੰਦਰ ਨੂੰ ਧਸੀਆਂ ਹੋਈਆਂ ਲੱਗ ਰਹੀਆਂ ਸਨ, ਚਿਹਰਾ ਕਾਲਾ ਪੈ ਗਿਆ ਸੀ ਅਤੇ ਉਹ ਸੁਬਾਹ ਤੋਂ ਵੀ ਜ਼ਿਆਦਾ ਪਤਲਾ ਦਿਖ ਰਿਹਾ ਸੀ।

“ਅਸੀਂ ਮੁਕੱਦਮਾ ਹਾਰ ਗਏ”।

ਉਸ ਨੇ ਘਰ ਦੀ ਇਕ-ਮਾਤਰ ਸਾਬਤ ਬਚੀ ਕੁਰਸੀ ਉੱਪਰ ਬੈਠਦੇ ਹੋਏ ਕਿਹਾ। ਕਮਰੇ ਵਿੱਚ ਪਹਿਲਾਂ ਤੋਂ ਹੀ ਦੁਖ ਪਸਰਿਆ ਹੋਇਆ ਸੀ, ਸੰਨਾਟਾ ਹੋਰ ਵੀ ਗਹਿਰਾ ਹੋ ਗਿਆ। ਦੋਨੇਂ ਬਹੁਤ ਦੇਰ ਤੱਕ ਚੁੱਪ ਬੈਠੇ ਰਹੇ। ਸੁਭਾਸ਼ ਨੇ ਕੁਰਸੀ ’ਤੇ ਬੈਠੇ-ਬੈਠੇ ਅਤੇ ਮੰਜੂ ਨੇ ਬਿਸਤਰੇ ਉਪਰ ਪਏ-ਪਏ ਅੱਖਾਂ ਬੰਦ ਕਰ ਰੱਖੀਆਂ ਸਨ। ਦੋਵੇਂ ਨਾ ਤਾਂ ਇਕ ਦੂਸਰੇ ਨੂੰ ਦਿਲਾਸਾ ਦੇਣ ਦੀ ਸਥਿਤੀ ਵਿੱਚ ਸਨ ਅਤੇ ਨਾ ਹੀ ਇਕ ਦੂਜੇ ਨੂੰ ਦੁੱਖ ਨਾਲ ਭਰੇ ਹੋਏ ਨੂੰ ਦੇਖਣਾ ਚਾਹੁੰਦੇ ਸਨ। ਪਰ ਇਹ ਕਿੱਥੇ ਸੰਭਵ ਸੀ। ਬੰਦ ਅੱਖਾਂ ਨਾਲ ਵੀ ਦੋਵੇਂ ਇਕ ਦੂਜੇ ਨੂੰ ਹੀ ਦੇਖ ਰਹੇ ਸਨ। ਇਹ ਹਾਲਤ ਦੋਨਾਂ ਅੰਦਰ ਘੁਟਣ ਪੈਦਾ ਕਰ ਰਹੀ ਸੀ। ਸੁਭਾਸ਼ ਨੇ ਉੱਠ ਕੇ ਪਾਣੀ ਪੀਤਾ ਤੇ ਦੇਖਿਆ ਕਿ ਖਾਣਾ ਵੈਸੇ ਦਾ ਵੈਸਾ ਢੱਕਿਆ ਪਿਆ ਹੈ, ਮੰਜੂ ਨੇ ਕੁੱਝ ਨਹੀਂ ਖਾਧਾ ਸੀ। ਪਰ ਚਾਹੁੰਦੇ ਹੋਏ ਵੀ ਉਸ ਨੇ ਮੰਜੂ ਨੂੰ ਕੁੱਝ ਨਹੀਂ ਕਿਹਾ, ਉਹ ਫਿਰ ਤੋਂ ਕੁਰਸੀ ’ਤੇ ਬੈਠ ਗਿਆ ਤੇ ਥੋੜੀ ਦੇਰ ਬਾਅਦ ਉਠ ਕੇ ਬਾਹਰ ਚਲਾ ਗਿਆ। ਮੰਜੂ ਫਿਰ ਤੋਂ ਘਰ ਵਿੱਚ ਇਕੱਲੀ ਰਹਿ ਗਈ ਦੁੱਖ ਨੇ ਉਸਨੂੰ ਉਦਾਸੀਨਤਾ ਤੇ ਨਿਰਾਸ਼ਤਾ ਨਾਲ ਗ਼ਲਤਾਨ ਕਰ ਦਿੱਤਾ ਸੀ। ਕੁੱਝ ਸਮੇਂ ਬਾਅਦ ਉਸ ਨੂੰ ਘਬਰਾਹਟ ਹੋਣ ਲੱਗੀ ਤਾਂ ਉਸ ਨੇ ਟੀਵੀ. ਚਲਾ ਦਿੱਤਾ ਪਰ ਉਹ ਉਸਨੂੰ ਦੇਖ ਨਹੀਂ ਰਹੀ ਸੀ, ਟੀਵੀ ਉਸ ਵਿੱਚ ਕਿਸੇ ਹੋਰ ਦੇ ਕੋਲੇ ਹੋਣ ਦਾ ਅਹਿਸਾਸ ਭਰ ਰਿਹਾ ਸੀ। ਉਹ ਉਵੇਂ ਹੀ ਬੈਠੀ ਬਿਨਾਂ ਪਲਕ ਹਿਲਾਏ ਪਤਾ ਨਹੀਂ ਕੀ ਤੇ ਕਿੱਥੇ ਦੇਖਦੀ ਰਹੀ। ਰਾਤ ਦੱਸ ਵਜੇ ਸੁਭਾਸ਼ ਲੜਖੜਾਦਿਆਂ ਕਦਮਾਂ ਨਾਲ ਬੂਹੇ ਅੰਦਰ ਦਾਖ਼ਲ ਹੋਇਆ ਤੇ ਮੰਜੂ ਦੇ ਨਾਲ ਲੱਗ ਕੇ ਬੈਠ ਗਿਆ। ਦੋਵੇਂ ਇਕ ਦੂਜੇ ਨੂੰ ਦੇਖਦੇ ਰਹੇ। ਮੰਜੂ ਨੂੰ ਉਮੀਦ ਸੀ ਕਿ ਹਮੇਸ਼ਾਂ ਦੀ ਤਰ੍ਹਾਂ ਸੁਭਾਸ਼ ਅੱਜ ਵੀ ਬਿਸਤਰੇ ’ਤੇ ਡਿਗ ਕੇ ਸੌਂ ਜਾਏਗਾ ਪਰ ਐਸਾ ਨਹੀਂ ਹੋਇਆ। ਸੁਭਾਸ਼ ਅੱਜ ਪੀ ਕੇ ਖੁਲ੍ਹ ਗਿਆ ਹੈ, ਉਹ ਆਪਣੇ ਅੰਦਰ ਘੱਟ ਤੇ ਬਾਹਰ ਜ਼ਿਆਦਾ ਹੈ। ਸ਼ਰਾਬ ਦੀ ਬਦਬੂ ਮੰਜੂ ਤੱਕ ਪਹੁੰਚਣ ਦੀ ਪ੍ਰਵਾਹ ਕੀਤੇ ਬਗ਼ੈਰ ਉਸ ਨੇ ਮੰਜੂ ਤੋਂ ਲੜਖੜਾਂਦੀ ਆਵਾਜ਼ ਵਿੱਚ ਪੁੱਛਿਆ-

“ਅਜੇ ਤੱਕ ਦੁਖੀ ਐਂ?”
ਮੰਜੂ ਉਸ ਨੂੰ ਦੇਖਦੀ ਰਹੀ, ਕਿਹਾ ਕੁੱਝ ਨਹੀਂ। ਸੁਭਾਸ਼ ਹੱਥ ਹਿਲਾ ਹਿਲਾ ਕੇ ਬੋਲਣ ਲੱਗਿਆ-

“ਸਾਲੀਆਂ ਫਿਰੰਗੀ ਕੰਪਨੀਆਂ ਹੁੰਦੀਆਂ ਹੀ ਐਸੀਆਂ ਹਨ, ਉਨ੍ਹਾਂ ਨੇ ਸਾਨੂੰ ਦੋਨਾਂ ਨੂੰ ਠੱਗ ਲਿਆ ਥੋੜਾ ਜਿਹਾ ਪੈਸਾ ਲਗਾਇਆ ਜ਼ਿਆਦਾ ਕਮਾਇਆ ਤੇ ਚੱਲਦੀ ਬਣੀ ਤੂਂੰ ਬੇਵਕੂਫ਼ ਐਂ ਸੋਚਦੀ ਸੀ ਕਿ ਉਨ੍ਹਾਂ ਲਈ ਮੁਨਾਫ਼ਾ ਕਮਾ ਕੇ ਤੇਰਾ ਕੀ ਵਿਗੜੇਗਾ, ਆਪਣਾ ਮਿਹਨਤਾਨਾ ਤਾਂ ਮਿਲੇਗਾ ਹੀ ਗ਼ਲਤ ਸੋਚਦੀ ਸੀ ਉਹ ਸਭ ਕੁੱਝ ਲੈ ਗਏ ਨਾ। ਮੇਰੀ ਕਮਾਈ ਲੈ ਗਏ ਤੇਰਾ ਬੱਚਾ ਲੈ ਗਏ ਕਿਰਾਇਆ ਦੇ ਗਏ। ਉਹ ਸੋਚ ਅਸੀਂ ਮਜ਼ਦੂਰਾਂ ਨੇ ਹੀ ਤਾਂ ਕੰਪਨੀ ਨੂੰ ਮੁਨਾਫ਼ਾ ਕਮਾ ਕੇ ਦਿੱਤਾ ਸੀ ਜਿਸ ਨੂੰ ਲੈ ਕੇ ਉਹ ਭੱਜ ਗਏ ਤੇਰਾ ਤੇ ਮੇਰਾ ਦੁੱਖ ਇਕੋ ਜਿਹਾ ਹੈ ਮੰਜੂ”

ਸੁਭਾਸ਼ ਦੀ ਗੱਲ ਘੁਲ ਮਿਲ ਰਹੀ ਸੀ।
ਸੁਭਾਸ਼ ਮੰਜੂ ਕੋਲ ਖਿਸਕ ਆਇਆ ਤੇ ਉਸਦੀ ਠੋਡੀ ਉਠਾ ਕੇ ਬੋਲਿਆ

“ਪਰ ਮੰਜੂ ਤੂੰ ਮੇਰੇ ਵਾਲੀ ਗ਼ਲਤੀ ਨਾ ਕਰਨਾ, ਤੂੰ ਖ਼ੁਦ ਨੂੰ ਪਹੁੰਚੇ ਦਿਮਾਗੀ ਨੁਕਸਾਨ ਦਾ ਮੁਆਵਜ਼ਾ ਨਾ ਮੰਗਣਾ ਮੁਆਵਜ਼ਾ ਲੈਣ ਲਈ ਮੁਕੱਦਮਾ ਨਾ ਲੜਨਾ, ਨਹੀਂ ਤਾਂ ਉਹ ਤੇਰੀ ਕਮਾਈ ਦੇ ਇਕ ਲੱਖ ਨੱਬੇ ਹਜ਼ਾਰ ਵੀ ਲੈ ਉਡਣਗੇ”। ਸੁਭਾਸ਼ ਜ਼ੋਰ-ਜ਼ੋਰ ਦੀ ਹੱਸਣ ਲੱਗਿਆ ਅਤੇ ਸ਼ਰਾਬ ਦੀ ਬਦਬੂ ਮੰਜੂ ਦੇ ਮੂੰਹ ਵਿੱਚ ਜਾਣ ਲੱਗੀ। ਉਸਨੇ ਸੁਭਾਸ਼ ਨੂੰ ਹਲਕਾ ਜਿਹਾ ਧੱਕਾ ਦਿੱਤਾ ਤੇ ਉਹ ਪਿੱਛੇ ਹੋ ਗਿਆ ਅਤੇ ਬਿਸਤਰੇ ਦੇ ਸਰਹਾਣੇ ਉੱਪਰ ਟਿਕ ਗਿਆ।

ਚੱਲ ਰਹੇ ਟੀਵੀ ’ਤੇ ਨਵੇਂ ਬਣੇ ਪ੍ਰਧਾਨ ਮੰਤਰੀ ਦਾ ਭਾਸ਼ਨ ਚੱਲ ਰਿਹਾ ਸੀ ਜਿਸ ਵਿੱਚ ਉਹ ਦੁਨੀਆਂ ਭਰ ਦੇ ਪੂੰਜੀਪਤੀਆਂ ਨੂੰ ਭਾਰਤ ਵਿੱਚ ਆ ਕੇ ਨਿਵੇਸ਼ ਕਰਨ ਯਾਨਿ ਇੱਥੇ ਫੈਕਟਰੀਆਂ ਲਾਉਣ ਲਈ ਨਿਉਤਾ ਦੇ ਰਿਹਾ ਸੀ-“ਆਉ ਮੇਕ-ਇੰਨ-ਇੰਡੀਆ”।

ਬਿਸਤਰੇ ਉਪਰ ਲੇਟਿਆ ਸੁਭਾਸ਼ ਹੱਸਣ ਲੱਗਿਆ-
“ਤੇਰੀ ਕੁੱਖ ਤੇ ਇਹ ਦੇਸ਼ ਇਕੋ ਜਿਹੇ ਨੇ ਮੰਜੂ ਜਿਸ ਵਿੱਚ ਪੂੰਜੀਪਤੀ ਪੈਸਾ ਲਗਾ ਸਕਦੇ ਨੇ ਅਤੇ ਮੁਨਾਫ਼ਾ ਕਮਾ ਸਕਦੇ ਨੇ ਬੱਚਾ ਲੈ ਗਏ, ਜਖਮੀ ਕੁੱਖ ਛੱਡ ਗਏ ਮੁਨਾਫ਼ਾ ਲੈ ਗਏ, ਜਖਮੀ ਦੇਸ਼ ਛੱਡ ਗਏ। “

ਸੁਭਾਸ਼ ਹੋਰ ਜ਼ੋਰ-ਜ਼ੋਰ ਦੀ ਹੱਸਦੇ ਹੋਏ ਬਿਸਤਰੇ ’ਤੇ ਲੇਟ ਗਿਆ। ਉਹ ਨੀਂਦ ਦੀ ਗੋਦੀ ਵਿੱਚ ਜਾਂਦੇ ਹੋਏ ਵੀ ਬੁੜਬੁੜਾ ਰਿਹਾ ਸੀ
“ਭਾੜੇ ਦੀ ਕੁੱਖ, ਭਾੜੇ ਦਾ ਦੇਸ਼”।

Comments

Amrit sidhu

Es le apna India mhan his that s true

Wriyaam Mast

Good expression of words

Surinder Verma

Very mice

Harmeet Kaur Brar

A bitter truth ...Really nice !!

Vishiwjeet

bdi he dil nu thes pahunchaan wali kahani hai ate ajoke samaaj di sachai pesh krdi hai

Parmjeet Brar

very nice, it is very true. it is bitter realty of third world countries.

Bikker Sidhu

Seema Azad did a wonderful job to expose the reality of our system, politicians and big corporates in few lines. Thank you Chahal Sahib to translate and spread this hidden truth.

Security Code (required)Can't read the image? click here to refresh.

Name (required)

Leave a comment... (required)

ਕਹਾਣੀ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ