Tue, 25 June 2024
Your Visitor Number :-   7137932
SuhisaverSuhisaver Suhisaver

ਜੇ ਉਹ ਮੰਨ ਜਾਣ - ਮੁਖ਼ਤਿਆਰ ਸਿੰਘ

Posted on:- 14-02-2012

suhisaver

                                                                                                                                                                                                                                                                                                                                                                                “ ਅਜੇ ਵੀ ਕਰ ਲਓ ਕੱਠਾ, ਬਚਦੇ  ਕੋੜਮੇ ਨੂੰ ... ਹਾਂ ... ।” ਜਗੀਰ ਸਿੰਘ ਨੇ ਵੱਡੇ ਮੁੰਡੇ ਨੂੰ ਵਾਸਤਾ ਪਾਇਆ ਤਾਂ ਤਾਰਾ ਖਿਝ ਕੇ ਬੋਲਿਆ, “ ਜਾ ਵਗਜਾ ਪਰਾਂ ,ਵੱਡਾ ਆਇਐ ...। ਤੈਂ ਕਿਆ ਕਮਾਈ ਕੀਤੀ ਐ। ਮਹਿਕਮੇ ‘ਚੋਂ ?”   

                ਜਗੀਰ ਸਿੰਘ ਨੇ ਚੁੱਪ ਕਰਨਾ ਹੀ ਬਿਹਤਰ ਸਮਝਿਆ। ਉਸ ਦਾ ਮਨ ਨਾ ਟਿਕਿਆ । ਉਹ ਛੋਟੇ ਮੁੰਡੇ ਕੋਲ ਗਿਆ , “ ਹੁਣ ਵੀ ਸੰਭਲੋ ... ਕੁਰਕੁਰੇ-ਚਿਪਸ ਬਣਾਉਣ ਦੀ ਛੋਟੀ ਮਸ਼ੀਨ ਲਾ ਲੈਨੇ ਆਂ ... ਆਪਣਾ ਲੀਡਰ ਮੇਲ਼ੂ ਗੱਲਾਂ ਕਰਦਾ ਹੁੰਦਾ ਤੀ ?”    
                   “ਆ ਗਿਆ ਮੱਤਾਂ ਦੇਣ ... ।ਸ਼ਹਿਰ ‘ਚ ਪੜਾਉਂਦਾ ਸਾਨੂੰ ।ਕਿਸੇ ਦਫਤਰ ‘ਚ ਕਲੱਰਕ ਚਪੜਾਸੀ ਹੀ ਲੁਆ ਦਿੰਦਾ ...?” ਬਾਰਾ ਉਸ ਵੱਲ ਝਈਆਂ ਲੈ ਕੇ ਪਿਆ ।  
                   ਜਗੀਰ ਸਿੰਘ ਦੀ ਨੂੰਹ ਅੱਖਾਂ ਕੱਢਦੀ ਬੁੜ ਬੁੜ ਕਰਨ ਲੱਗ ਪਈ ।ਪੋਤੇ ਲੱਤਾਂ ਨੂੰ ਆ ਚਿੰਬੜੇ ।  

                   ਉਸ ਨੂੰ ਨਿਆਣਿਆਂ ਤੋਂ ਲੱਤਾਂ ਛੁਡਾਉਣੀਆਂ ਔਖੀਆਂ ਹੋ ਗਈਆਂ ।ਬਾਰੇ ਨੇ ਹੀ ਦੋਵੇਂ ਜੁਆਕਾਂ ਨੂੰ ਲੱਤਾਂ ਤੋਂ ਪਰੇ ਕੀਤਾ , “ਦਾਦੇ ਨਾਲ ਬਹੁਤਾ ਪਿਆਰ ਜਿਤਾਉਣ ਲੱਗੇ ਨੇ ...। ” 

                  ਜਗੀਰ ਸਿੰਘ ਭਰੇ ਮਨ ਨਾਲ ,ਪਿੰਡ ਤੋਂ ਚੜਦੇ ਪਾਸੇ ਵਾਲੀ ਸੜਕ ਚੜ੍ਹ ਆਇਆ ।     
                  ਉਸ ਦੀ ਘਰ ਵਾਲੀ ਨੇ ਵੇਖਿਆ ,ਉਹ ਕਿਤੇ ਨਾ ਦਿਸਿਆ । ਉਹ ਵੱਡੇ ਮੁੰਡੇ ਵੱਲ ਗਈ ।ਉਹ ਸਾਰੇ ਗੁੱਸੇ ‘ਚ ਚੁੱਪ ।ਉਹਨਾਂ ਉਸ ਨੂੰ ਬੁਲਾਇਆ ਹੀ ਨਾ ।ਉਹ ਛੋਟੇ ਵੱਲ ਗਈ ,ਉਹ ਵੀ ਆਫਰੇ ਬੈਠੇ ਸਨ ।ਉਸ ਨੂੰ ਕੋਈ ਹੁੰਗਾਰਾ ਨਾ ਦਿੱਤਾ ।ਉਹ ਫਿਕਰ ‘ਚ ਬਾਹਰ ਆਈ ਤਾਂ ਜਗੀਰ ਸਿੰਘ ਜਾ ਚੁੱਕਾ ਸੀ । 

                   ਚੜ੍ਹਦੇ ਸੂਰਜ ਦੀ ਲੋਅ ,ਜਗੀਰ ਸਿੰਘ ਦੀਆਂ ਅੱਖਾਂ ਵਿਚ ਸਿਧੀ ਪੈਂਦੀ ਹੁੰਦੀ ਸੀ ।ਉਸ ਨੂੰ ਸਾਰਾ ਦਿਨ ਖੁਮਾਰੀ ਚੜ੍ਹੀ ਰਹਿੰਦੀ ।   

                    ਅੱਜ ਦੁਪਹਿਰ ਢਲ ਕੇ ਸੂਰਜ ਉਸ ਦੀ ਪਿਠ ਪਿੱਛੇ ਸੀ ।ਉਸ ਨੂੰ ਮੌਰਾਂ ਵਿਚੋਂ ਸੂਲਾਂ ਜਿਹੀਆਂ ਚੁਭਦੀਆਂ ਮਹਿਸੂਸ ਹੋਈਆਂ ।ਆਪਣੇ ਪਹਿਲੇ ਖੇਤਾਂ ਕੋਲੋਂ ਲੰਘਦਿਆਂ ਕਣਕ ਦੀਆਂ ਸੁਨਹਿਰੀ ਹੋ ਰਹੀਆਂ ਬੱਲੀਆਂ ਵੇਖ ਕੇ ਦਿਲ ਬੈਠਦਾ ਜਾਪਿਆ। ਇਹੋ ਜਿਹੀਆਂ ਗਦਰ ਹੋ ਰਹੀਆਂ ਬੱਲੀਆਂ ਨੂੰ ਉਹ ਪਲੋਸਦਾ ਰਿਹਾ ਸੀ ।ਉਸ ਦਾ ਪਿਓ ਸਰਵਨ ਸਿੰਘ ਦੱਸਦਾ  ਸੀ , “ਦੇਸੀ ਕਣਕ ਦੀਆਂ ਬੱਲੀਆਂ ਸਿਧੀਆਂ ਖੜੀਆਂ ਹੁੰਦੀਆਂ ਤੀ ।ਜੇ ਟੈਮ ਸਿਰ ਕਣਕ ਵੱਢੀ ਨਾ ਜਾਂਦੀ ਤਾਂ ਬੱਲੀਆਂ ਕੁਬੀਆਂ ਹੋ ਜਾਂਦੀਆਂ ।”   

                     “ਅੱਛਾ-ਅ ...? ਫੇ ਆਪਾਂ ਮਾਨੂੰਪੁਰੋਂ ਜ਼ਮੀਨ ਵੇਚ ਕੇ ਸ਼ੇਰਗੜ ਕਿਓ ਆ ਗਏ?” ਜਗੀਰ ਸਿੰਘ ਨੇ ਝੱਟ ਪੁੱਛ ਲਿਆ ਸੀ ।

                     ਸਰਵਨ ਸਿੰਘ ਚੁੱਪ ਹੋ ਗਿਆ ਸੀ। ਦੂਜੇ ਹੀ ਪਲ ਉਸ ਦੇ ਚਿਹਰੇ ‘ ਤੇ ਨੂਰ ਖਿੜ ਗਿਆ ਸੀ ।ਜਦੋਂ ਉਸ ਨੇ ਵੀਹ ਕੀਲਿਆਂ ਦੇ ਇਕੱਠੇ ਟੱਕ ਵੱਲ ਝਾਤੀ  ਮਾਰੀ ਸੀ ।    
                     ਜਗੀਰ ਸਿੰਘ ਵੀ ਪਿਓ ਦਾ ਇਸ਼ਾਰਾ ਸਮਝ ਗਿਆ ਸੀ।ਉਹ ਵੀ ਕੁਝ ਨਹੀਂ ਸੀ ਬੋਲਿਆ । ਉਹ ਸੁਹਾਗੇ ‘ਤੇ ਚੜੇ ,ਛਾਤੀਆਂ ਚੌੜੀਆਂ ਕਰਕੇ ,ਮੋਢੇ ਉਤੋਂ ਥੁੱਕਣ ਲੱਗ ਪਏ ਸੀ ।ਮਾਨੂੰ- ਪੁਰੋਂ ਵੇਚ ਕੇ ਆਇਆਂ ਪੰਜ ਕੀਲਿਆਂ ਦੇ ਵੀਹ ਬਣ ਗਏ ਸਨ ।   

2

       ਸਰਵਣ ਸਿੰਘ ਅਤੇ ਉਸ ਦਾ ਛੋਟਾ ਭਰਾ ਭਾਗ ਸਿੰਘ ਵੱਡੇ ਮੁੰਡੇ ਦੇਵ  ਨਾਲ ਖੇਤੀ ਦਾ ਕੰਮ ਭਜਾਈ ਫਿਰਦੇ।ਮਾਨੂੰਪੁਰ ਉਹਨਾਂ ਦੀ ਅੱਲ ਬੁੜਿਆਂ ਦਾ ਟੱਬਰ ਪਈ ਹੋਈ ਸੀ । ਨਵੀਂ ਥਾਂ ਆ ਕੇ ਵੀ ਉਹਨਾਂ ਦੀ ਇਸ ਅੱਲ ਨੇ ਪਿਛਾ ਨਹੀਂ ਸੀ ਛੱਡਿਆ ।ਕਿਸੇ ਨਾ ਕਿਸੇ ਨੇ ਆ ਕੇ  ਮੂੰਹ  ਮਾਰ ਦਿੱਤਾ ਸੀ ।ਓਹੀ ਅੱਲ ਸ਼ੇਰਗੜ ਵਿਚ ਵੀ ਪੈ ਗਈ । ਦੇਵ ਅਤੇ ਜਗੀਰ ਸਿੰਘ ਤੋਂ ਵਿਚਕਾਰਲੇ ਭਰਾ ਕਰਨੈਲ ਅਤੇ ਮੇਲੂ ਵੀ ਡੰਗਰ ਵੱਛੇ ਨੂੰ ਕੱਖ-ਕੰਡਾ ਅਤੇ ਪਾਣੀ-ਧਾਣੀ ਪਿਆਉਣ ਲੱਗ ਪਏ ਸੀ।           
                 ਇੱਕ ਦਿਨ ਉਹਨਾਂ ਨੇ ਗੱਲਾਂ ਕਰਦਿਆਂ ਸਲਾਹ ਕੀਤੀ , “ਬੜੇ ਭਾਈ ਬੰਬੀ ਤਾਂ ਲਾਉਣੀ ਹੀ ਪੈਣੀ ਐ ... ਫੇਰ ਸਰੂ ।ਸੂਏ ਦਾ ਪਾਣੀ ਕਦੇ ਆਉਂਦਾ ਕਦੇ ਨਹੀਂ ... ਹਲਟ ਨਾਲ ਕਿਆਰੇ ਛੇਤੀ ਨੀ ਭਰਦੇ ।” ਭਾਗ ਸਿੰਘ ਨੇ ਸੁਕੇ ਖ਼ਾਲ ਦੀ ਵੱਟ ’ਤੇ ਬੈਠੇ ,ਰੋਟੀ ਨਾਲੋਂ ਬੁਰਕੀ ਤੋੜਕੇ ਕਿਹਾ ।   
                 ਸਰਵਨ ਸਿੰਘ ,ਹੱਕ ਪੈਣਿਆਂ ਦੀ ਬੰਬੀ ਵਿਚੋਂ ਨਿਕਲਦੀ ,ਪਾਣੀ ਦੀ ਧਾਰ ਵੱਲ ਝਾਕਦਿਆਂ ਬੁਰਕੀ,ਸੰਘ ਤੋਂ ਹੇਠਾਂ ਨਿਘਾਰ ਕੇ ਬੋਲਿਆ , “ਹਾਂ ਭਾਈ ਕਰਨਾ ਹੀ ਪੈਣੈਂ ਕੁਝ ਨਾ ਕੁਝ ... ।”  

                 ਭਾਗ ਸਿੰਘ ਨੇ ਆਪਣੀ ਭਰਜਾਈ ਬਸੰਤ ਕੁਰ ਦੇ ਕੰਨਾਂ  ਦੀਆਂ ਵਾਲੀਆਂ ਵੱਲ ਵੇਖਿਆ , ਫੇਰ ਉਸ ਦੀ ਨਜ਼ਰ ,ਹਿੱਕ ‘ਤੇ ਲਟਕਦੇ ਸਿੰਗ-ਤਬੀਤ ਵੱਲ ਫਿਰ ਗਈ ।ਜਦੋਂ ਮੂੰਹ ਵੱਲ ਝਾਕਿਆ ਤਾਂ ਭਰਜਾਈ ਨੇ ਚੁੰਨੀ ਨਾਲ ਹਿਕ          ਢੱਕ ਲਈ ।ਨਾਲ ਹੀ ਸਿੰਗ-ਤਬੀਤ ਢੱਕਿਆ ਗਿਆ । ਉਸ ਨੇ ਆਪਣੇ ਚਿਹਰੇ ‘ਤੇ ਹੋਰ ਕੋਈ ਹਾਵ ਭਾਵ ਨਹੀਂ ਸੀ ਆਉਣ ਦਿੱਤਾ । ਪੋਣੇ ਵਿਚੋਂ ਦੋ ਰੋਟੀਆਂ ਚੁੱਕ ਕੇ ਉਸ ਵੱਲ ਕੀਤੀਆਂ ।ਉਸ ਨੇ ਚੁੱਪ ਚਾਪ ਫੜ ਲਈਆਂ ।ਦੋ ਰੋਟੀਆਂ ਆਪਣੇ ਘਰ ਵਾਲੇ ਨੂੰ ਫੜਾ ਦਿੱਤੀਆਂ ।ਉਹ ਅਜੇ ਵੀ ਔਲੂ ਵਿਚ  ਡਿਗਦੀ ਚਮਕਦੀ ਪਾਣੀ ਦੀ ਧਾਰ ਵੱਲ ਝਾਕੀ ਜਾ ਰਿਹਾ ਸੀ ਅਤੇ ਹੌਲੀ ਹੌਲੀ ਬੋਲਿਆ , “ਹਾਂ ਕਰਦੇ ਆਂ ਹੀਲਾ ।ਕੋਈ ਨਾ ਕੋਈ ਟੂੰਮ-ਟੱਲਾ ਦੇਖ ਕੇ ... ।”  ਉਸ ਦੀ ਨਜ਼ਰ ਵੀ ਵਾਲੀਆਂ ਅਤੇ ਸਿੰਗ- ਤਬੀਤ ‘ਤੇ ਪੈ ਗਈ ।     

                 “ਫੇ ਕਿਥੇ ਕੁ ਬੋਰ ਕਰਾਈਏ ਬੜੇ ਭਾਈ ?” ਭਾਗ ਸਿੰਘ ਉਸ ਵੱਲ ਝਾਕਦਿਆਂ ਪੁੱਛ ਰਿਹਾ ਸੀ ।  
                  “ਪਹੇ ਤੋਂ ਕੁ ਹਟਵਾਂ ਉਚੀ ਥਾਂ ... ।”  ਸਰਵਨ ਸਿੰਘ ਨੇ ਉਚੀ ਥਾਂ ਵੱਲ ਹੱਥ ਕਰ ਦਿੱਤਾ ।   
                   “ਕਿਸੇ ਚੰਗੇ ਬੋਰ ਕਰਨ ਵਾਲੇ ਮਿਸਤਰੀ ਨੂੰ ਲਿਆਇਓ ... ਹੈਂ ਜੀ ?” ਬਸੰਤ ਕੁਰ ਨੇ ਉਹਨਾਂ ਵੱਲ  ਝਾਕਦਿਆਂ ਸੁਝਾਅ ਦਿੱਤਾ ।
 
                    ਜਗੀਰ ਸਿੰਘ ਵੱਡੇ ਭਰਾ ਵੱਲ ਭੱਜ ਗਿਆ ਜੋ ਅਜੇ ਤਕ ਰੋਟੀ ਖਾਣ ਨਹੀਂ ਸੀ ਆਇਆ। ਉਹ ਬਲਦਾਂ ਅਤੇ ਮੱਝਾਂ ਲਈ ਬਰਸੀਮ ਵੱਢਣ ਜਾ ਲੱਗਿਆ ।ਉਹ ਕਹਿੰਦਾ , “ਵੱਢ ਕੇ ਹੀ ਰੋਟੀ ਖਾਊਂ।” 

                  ਉਹਨਾਂ ਨੇ ਘਰਦਾ ਮਹੌਲ ਵੇਖ ਕੇ, ਉੱਚੀ ਥਾਂ ਬੋਰ ਕਰਾਉਣ ਲਈ ਟੱਕ ਲਾ ਹੀ ਦਿੱਤਾ ਸੀ ।ਮਘਦੇ ਗੋਹੇ ਉਤੇ ਘਿਓ ਦਾ ਦੀਵਾ ਬਾਲ ਕੇ ਮਿੱਠੇ ਦਲੀਏ ਦਾ ਮੱਥਾ ਟੇਕਿਆ ਗਿਆ । ਸਾਰਿਆਂ ਨੂੰ ਗੋਡੇ ਗੋਡੇ ਚਾਅ ਚੜ੍ਹਿਆ ਹੋਇਆ।ਉਹ ਹਰੇਕ ਐਤਵਾਰ ,ਖੁਆਜ਼ੇ ਪੀਰ ਨੂੰ ਮਿੱਠੇ ਚੌਲਾਂ ਨਾਲ ਚਿਰਾਗ ਜਗਾ ਕੇ ਮੱਥਾ ਟੇਕਦੇ, “ ਐ ਖੁਆਜ਼ਾ ਬਲੀ ਕਰ ਭਲੀ ।”  

                   ਬੋਰ ਕਰਦਿਆਂ ਜਦੋਂ ਪਾਂਡੂ ਮਿੱਟੀ ਤੋਂ ਬਾਅਦ ਪਾਣੀ ਦੀ ਕੈਪਟੀ ਵਾਲਾ ਪੱਤਣ ਆ ਗਿਆ ਤਾਂ ਬੋਰ ਕਰਨਾ ਉਥੇ ਹੀ ਛੱਡ ਦਿੱਤਾ ਗਿਆ ਬੋਰ ਪੂਰਾ ਹੋਣ ਤੋਂ ਮਿੱਠੇ ਚੌਲ ਖੁੱਲੇ ਵੰਡੇ ਗਏ।ਪਾਣੀ ਵਗਣਾ ਸ਼ੁਰੂ ਹੋ ਗਿਆ ਬੰਬੀ ਦੇ ਪਾਣੀ ਨਾਲ ਖਾਲ਼ ਨੱਕੋ ਨੱਕ ਭਰਿਆ ਜਾਇਆ ਕਰੇ।ਫਸਲ ਚੰਗੀ ਹੋਣ ਲੱਗ ਪਈ।                                                        
                  ਇੱਕ ਦਿਨ ਬੈਠਿਆਂ ਬੈਠਿਆਂ ਦੇਵ ਨੇ ਸਰਵਨ ਸਿੰਘ ਅਤੇ ਭਾਗ ਸਿੰਘ ਨੂੰ ਸਲਾਹ ਦਿੱਤੀ , “ਜੇ ਆਪਾਂ ਬੰਬੀ ਲਾਗੇ ਹੀ ਕੋਠਾ ਪਾ ਲਈਏ ?”  
                   ਭਾਗ ਸਿੰਘ ਕੰਨ ‘ਚ ਉਂਗਲੀ ਘੰੁਮਾ ਕੇ ਬੋਲਿਆ, “ ਚੋਰ ਸਾਰਾ ਸਮਾਨ ਲੈ ਜਾਣਗੇ ।ਪਿੰਡ ‘ਚ ਤਾਂ ਆਂਢ ਗੁਆਂਢ ਐ ਮੱਦਦ ਲਈ ।” 

3

                        ਸਰਵਨ ਸਿੰਘ ਨੇ ਕਿਹਾ , “ ਸੋਚਦੇ ਆਂ ... ਊਂ ਤਾਂ ਆਉਣ ਜਾਣ ਤੋਂ ਮੌਜ ਹੋਜੂ ।” 
                       ਦੇਵ ਬੋਲ ਪਿਆ, ਹਾਂ ਬਾਪੂ ਐਵੇਂ ਟੈਮ ਖਰਾਬ ਕਰਦੇ ਆਂ ।ਚਾਰ ਮੱਝਾਂ ਹੋਰ ਰੱਖ ਕੇ ਡਾਇਰੀ ‘ਚ ਦੁੱਧ ਪਾਇਆ ਕਰਾਂਗੇ ।”

                      ਬਸੰਤ ਕੁਰ ਨੇ ਵੀ ਕੋਲੋਂ ਹੁੰਗਾਰਾ ਭਰ ਦਿੱਤਾ, ਸਾਰਾ ਦਿਨ ਕੋਹ ਵਾਟ ਰੋਟੀਆਂ ਅਤੇ ਚਾਹ ਲਿਆਉਣ ਤੋਂ ਸੁੱਖ ਹੋਜੂਗਾ ।” 

                      ਹੌਲੀ ਹੌਲੀ ਉਹਨਾਂ ਦੀ ਬੰਬੀ ‘ਤੇ ਰਿਹਾਇਸ਼ ਲਿਆਉਣ ਦੀ ਸਲਾਹ ਬਣ ਗਈ। ਖ਼ੇਤ ‘ਚ ਰਹਿ ਕੇ ਕੰਮ ਵੱਧ ਤੇ ਖ਼ੇਤੀ ਚੰਗੀ ਹੋਣ ਲੱਗ ਪਈ।   
                     ਪਹੀ ਦੇ ਮੋੜ ‘ਤੇ ,ਜਗੀਰ ਸਿੰਘ ਦੇ ਪੈਰ ਰੁਕ ਗਏ ।ਉਹ ਪੈਰ ਮਲਦਾ ,ਫਸਲ ‘ਚ ਗੱਡੇ ਡਰਨੇ ਵਾਂਗ ਖੜ ਗਿਆ ।ਉਸ ਦਾ ਉਥੋਂ ਹਿਲਣ ਨੂੰ ਜੀ ਨਹੀਂ ਕਰ ਰਿਹਾ , “ ਹੈਂ ? ਇਹ ਕੀ ? ਮੈਂ ਕਿਧਰ ਆ ਗਿਆ ? ਆਪਣੀ ਜ਼ਮੀਨ ‘ਚ?ਨਹੀਂ ਨਹੀਂ ... ਆਪਣੀ ਤਾਂ ਹੁਣ ...ਆਪਣੇ ਹੀ ਵਾਲ ਪਟਾਂ ... ਪਿਠ ਪਿੱਛੇ ਸੂਰਜ ?”   
                    ਉਸ ਦੀ ਬੁੜ ਬੁੜ ਚੁੱਪ ਹੋ ਗਈ ।ਉਸ ਨੇ ਭਮੰਤਰੇ ਹੋਏ ਨੇ ਆਲੇ ਦੁਆਲੇ ਵੇਖਿਆ ।ਕਣਕਾਂ ਸਿਧੀਆਂ ਚੁੱਪ ਚਾਪ ਖੜੀਆਂ ਸਨ ।ਉਹਨਾਂ ਦੀ ਹਵਾ ਨਾਲ ਲਹਿਰ ਨਹੀਂ ਸੀ ਬਣ ਰਹੀ ।ਮਹਿਕ ਆਉਣੀ ਬੰਦ ਹੋ ਗਈ । ਉਸ ਨੂੰ ਆਪਣਾ ਹੀ ਨੱਕ ਬੰਦ ਹੋਇਆ ਜਾਪਿਆ ।ਉਹ ਹੱਸ ਪਿਆ, “ਊਂ ਡਰਨਿਆਂ ਦੇ ਨੱਕ ਬੰਦ ਹੀ ਹੁੰਦੇ ਨੇ ।”  
                    ਉਸ ਨੂੰ ਘੁਮੇਰ ਜਿਹੀ ਆਈ। ਉਹ ਇਕ ਦਮ ਬੈਠ ਗਿਆ। ਧਰਤੀ ਹਿਲਦੀ ਜਾਪੀ। ਕਣਕ ਅਤੇ ਦਰੱਖਤ ਕੰਬਦੇ ਦਿਸੇ ।ਉਹ ਖੜਾ ਹੋ ਗਿਆ ।ਪੈਰ ਮਲਦਾ ਦੋ ਕਦਮ ਪਿੱਛੇ ,ਦੋ ਅਗੇ ਹੋਣ ਲੱਗ ਪਿਆ। ਉਸ ਦਾ ਜੀ ਕੀਤਾ, ਆਪਣੇ ਖੇਤਾਂ ਵਿਚ ਭੱਜਿਆ ਫਿਰੇ ।ਸਾਰੀ ਕਣਕ ਨੂੰ ਆਪਣੇ ਕਲਾਵੇ ਵਿਚ ਲੈ ਲਵੇ ।  
                   ਉਸ ਨੂੰ ਕੀਲੇ ਕੁ ਦੇ ਫਾਸਲੇ ‘ਤੇ ਉਹੀ ਚਾਰ ਟੱਬਰਾਂ ਦੇ ਚਾਰ ਘਰ ਦਿਸਣ ਲੱਗ ਪਏ ।ਸਾਧੂ ਸਿੰਘ ਹੋਰਾਂ ਨੇ ਤਿੰਨ ਢਾਅ ਦਿੱਤੇ ਸਨ ।ਜਗੀਰ ਸਿੰਘ ਵਾਲਾ ਰੱਖਿਆ ਹੋਇਆ ਸੀ ।ਇਹ ਉਸ ਦੇ ਬਿਜਲੀ ਮਹਿਕਮੇ ਦੀ ਕਮਾਈ ਨਾਲ ਬਣਿਆ ਹੋਇਆ ਸੀ ।ਸਾਧੂ ਸਿੰਘ ਨੇ ਇਸ ਦੀ ਢਾਅ ਭੰਨ ਕਰਕੇ ਰੰਗ ਰੋਗਨ ਵੀ ਕਰਾ ਦਿੱਤਾ ਸੀ ।ਸੜਕ ਤੋਂ ਆਉਂਦੇ   ਜਾਂਦੇ ਦੂਰੋਂ ਹੀ ਦਿਸ ਪੈਂਦਾ ।  

                  ਜਗੀਰ ਸਿੰਘ ਨੂੰ ਪਹਿਲਾਂ ਵਾਲੇ ਚਾਰ ਘਰਾਂ ਦਾ ਝਾਉਲਾ ਹੀ ਪਿਆ ਸੀ।ਉਹਨਾਂ ਵਿਚੋਂ ਮੁੰਡਿਆਂ ਨੇ ਅੱਡ ਹੋ ਕੇ ਵਿਹੜੇ ਵਾਲਿਆਂ ਦੀ ਰੀਸ ਕਲੋਨੀ-ਨੁਮਾ ਇਕ ਇਕ ਕਮਰਾ ਹੋਰ ਬਣਾ ਲਿਆ ਸੀ ।ਵਿਹੜੇ ਵਾਲਿਆਂ ਨਾਲ ਯਾਰੀ ਜੋ ਪਈ ਹੋਈ ਸੀ ।ਉਹ ਲੋਹਾ ਮੰਡੀ ਗੋਬਿੰਦਗੜ ਵਿਚ ਇਕੱਠੇ ਕੰਮ ‘ਤੇ ਜਾਣ ਲੱਗ ਪਏ ਸਨ ।  

                  ਜਗੀਰ ਸਿੰਘ ਨੂੰ ਖਿਝ ਆਈ, ‘ਸ਼ਹਿਰ ਜਾਣ ਦੀ ਰੀਸ ਕਰਦੇ ਨੇ ? ਮੈਂ ਤਾਂ ਔਖੇ ਸੌਖੇ ਹੋ ਕੇ ਦਸਵੀਂ ਤੋਂ ਬਾਅਦ ਬਿਜਲੀ ਦਾ ਕੋਰਸ ਕਰ ਲਿਆ ਸੀ ।ਉਹ ਸਮੇਂ ਹੀ ਚੰਗੇ ਸਨ ।ਹੁਣ ਇਹਨਾਂ ਨੂੰ ਨੌਕਰੀ ਤਾਂ ਕੀ ,ਦਿਹਾੜੀ ‘ਤੇ ਵੀ ਚੁਣ ਕੇ ਰੱਖਦੇ  ਨੇ ।ਫੈਕਟਰੀਆਂ ਅਤੇ ਦਫਤਰਾਂ ਵਾਲੇ ਗੇਟ ਤੋਂ ਅੰਦਰ ਨੀ ਵੜਨ ਦਿੰਦੇ ।ਜਿੰਨਾ ਕੁ ਕੰਮ ਕਰਾਉਂਣਾ ਹੁੰਦੈ ,ਓਨੇ ਕੁ  ਕੰਮ ਖ਼ਾਤਰ ਛਾਂਟ ਲੈਂਦੇ ਨੇ ।ਬਾਕੀ ਜਾਓ ਸੜਕਾਂ ‘ਤੇ ਸੁਣੋ ਮੋਬਾਇਲਾਂ ‘ਤੇ ਗਾਣੇ ।ਬਹੁ-ਕੌਮੀ-ਕੰਪਨੀਆਂ ਦੇ ਮਾਲਕ ਕਹਿੰਦੇ ਨੇ, ‘ਮਜਦੂਰਾਂ ਦੀ ਲੋੜ ਹੀ ਘੱਟ ਗਈ ।ਜਿਆਦਾ ਕੰਮ ਮਸ਼ੀਨਾਂ ਨੇ ਸਾਂਭ ਲਿਐ ।ਜੀ ਟੀ ਰੋਡ ‘ਤੇ ਇਕੋ ਮਸ਼ੀਨ ਸੌ ਸੌ ਦਰੱਖਤ ਜੜੋਂ ਪੁੱਟ ਦਿੰਦੀ ਐ ,ਚੌਂਮਾਰਗੀ ਸੜਕਾਂ ਬਣਾ ਕੇ ਤੇਜ਼ ਰਫਤਾਰ ਕਰਨ ਲਈ ।ਭਾਰੀ ਟੈਂਕਰ ਸਵੇਰ ਤੋਂ ਸ਼ਾਮ ਤਕ, ਮਿੱਟੀ ਅਤੇ ਬਜ਼ਰੀ ਦੇ ਢੇਰ ਲਾ ਦਿੰਦੇ ਨੇ ।ਉਸ ਉਤੇ ਵੱਡੇ ਵੱਡੇ ਰੋਲਰ ਫੇਰ ਕੇ ਮਸ਼ੀਨਾਂ ਨਾਲ ਲੁੱਕ ਪਾ ਦਿੰਦੇ ਨੇ। ਮਸ਼ੀਨ ਚਲਾਉਣ ਵਾਲਾ ਬੰਦਾ ਹੀ ਦਿਸਦੈ ।ਨਿਕੇ ਮੋਟੇ ਕੰਮ ਲਈ ਟਾਵਾਂ ਟਾਵਾਂ ਮਜ਼ਦੂਰ ਨਜ਼ਰ ਆਉਦੈ ... ਹੈ ਨਾ ਕਰੋੜਾਂ ਤੇ ਅਰਬ-ਪਤੀਆਂ ਦਾ ਕਮਾਲ ? ਮਜ਼ਦੂਰ ਵਿਹਲੇ ਕਰਨ ਲਈ ,ਤਰੱਕੀ ਦੀ ਆੜ ‘ਚ ... ।”
                
4

                “ਲੈਨਮੈਨ ਸਾਹਬ ... ਇਬ ਕਿਆ ਸੋਚਦੈ ਐਂ ... ਪਹੀ ਮਾ ਗੈਲ ਗੈਲ ਆ ਜਾ ... ਚਾਹ ਪਾਣੀ ਪੀ ਲੈ ... ।” ਸੁਹਾਣੇ ਤੋਂ ਆ ਕੇ ਵਸੇ ਸਾਧੂ ਸਿੰਘ ਨੇ ਉਸ ਨੂੰ ਆਵਾਜ ਮਾਰੀ ।  
                     ਜਗੀਰ ਸਿੰਘ ਆਪਣੇ ਆਪ ‘ਚ ਪਰਤਿਆ।ਉਹ ਬਿਨਾ ਕੁਝ ਬੋਲੇ ਛੇਤੀ ਛੇਤੀ ਟੁਰ ਪਿਆ।ਉਸ ਦੇ ਪੈਰਾਂ ਹੇਠ ਜਿਵੇਂ ਅੰਗਿਆਰ ਆ ਗਏ ਹੋਣ।ਸੜਕ ਦੇ ਦੋਵੇਂ ਪਾਸੇ ਹਵਾ ਨਾਲ ਝੂਲਦੀਆਂ ,ਬੱਲੀਆਂ ਇਕ ਦੂਜੀ ਨਾਲ ਖਹਿੰਦੀਆਂ ਵੀ ਉਸ ਨੂੰ ਟਿਚਰਾਂ ਕਰਦੀਆਂ ਜਾਪੀਆਂ, “ਦੇਖ ਕਿਵੇਂ ਲੱਕ ਹੁਲਾਰੇ ਖਾਂਦੈ,ਇਕ ਦੂਜੀ ਨਾਲ ਖਹਿ ਕੇ।’ 

                    ਸਾਧੂ ਸਿੰਘ ਨੇ ਫਿਰ ਆਵਾਜ ਮਾਰੀ, “ਇਬ ਆ ਜਾ ਰੇ  ... ।”  
                   ਜਗੀਰ ਸਿੰਘ ਨੇ ਅਣਸੁਣਿਆ ਕਰ ਦਿੱਤਾ।ਕੁਝ ਦੂਰ ਜਾ ਕੇ ਉਹ ਹੌਲੀ ਹੌਲੀ ਬੋਲ਼ਿਆ, “ਆਏ ਨੇ ਦੋ ਦੋ ਕੀਲੇ ,ਕਰੋੜ ਕਰੋੜ ਨੂੰ ਵੇਚਕੇ ।ਉਥੇ ਬੰਜਰ ਮਾਰੂ ਜ਼ਮੀਨ ਹੁੰਦੀ ਤੀ।ਭੁੱਖੇ ਮਰਦੇ ਤੇ ਧਾਰੇ ਮਾਰੇ ... ਅੰਬ ਚੂਪ ਕੇ ।” 
                  ਉਸ ਦੇ ਅੰਦਰ ਖੋਹ ਪੈਣ ਲੱਗ ਪਈ।ਸਾਧੂ ਸਿੰਘ ਦਾ ਕੀਤਾ ਆਦਰ ਮਾਣ ਵੀ ਯਾਦ ਆਉਣ ਲੱਗ ਪਿਆ। ਜਦੋਂ ਵੀ ਉਹ ਇਧਰੋਂ ਲੰਘਦਾ ਤਾਂ ਸਾਧੂ ਸਿੰਘ ਹੱਸ ਕੇ ਬੁਲਾਉਂਦਾ।ਇਕ ਵਾਰ ਉਹ ਜਗੀਰ  ਸਿੰਘ ਨੂੰ ਬਾਂਹ ਤੋਂ ਫੜਕੇ ਲੈ ਗਿਆ ਸੀ, “ਇਬ ਵੀਰੇ ਗੱਲ ਤਾਂ ਸੁਣੋ ਰੇ ।”  

                   ਜਗੀਰ ਸਿੰਘ ਨਾ ਨਹੀਂ ਸੀ ਕਰ ਸਕਿਆ।ਸਾਧੂ ਸਿੰਘ ਦੀ ਘਰਵਾਲੀ ਨੂੰ ਜਿਵੇਂ ਚਾਅ ਜਿਹਾ ਚੜ੍ਹ ਗਿਆ ਸੀ, “ਇਬ ਵੀਰੇ ਚਾਹ ਪੀਓ ਬੈਠੋ।ਗੱਲ ਬਾਤ ਕਰੋ।” 

                   ਸਾਧੂ ਸਿੰਘ ਹੋਰਾਂ ਕੋਲ ਪਿੰਡ ਵਿੰਚੋਂ ਕੋਈ ਟਾਵਾਂ ਟਾਵਾਂ ਹੀ ਬੰਦਾ ਆਉਂਦਾ ਸੀ।ਜ਼ਮੀਨ ਵਿਚਲੇ ਘਰ ਰਹਿਣ ਕਰਕੇ ਪਿੰਡ ਵਾਲਿਆਂ ਨਾਲ ਬਹੁਤਾ ਮੇਲ ਮਿਲਾਪ ਨਹੀਂ ਸੀ ਹੋ ਸਕਿਆ।ਨਾ ਹੀ ਬਿਨਾ ਕਿਸੇ ਕੰਮ ਤੋਂ ਆਉਣ ਜਾਣ ਦਾ
ਕੋਈ ਬਹਾਨਾ ਬਣਦਾ।ਉਹਨਾਂ ਦੇ ਦੋਵੇਂ ਮੁੰਡੇ ਚੰਡੀਗੜ-ਮੁਹਾਲੀ ਦੀ ਰੌਣਕ ਛੱਡ ਕੇ ਸ਼ਹਿਰੋਂ ਸੱਤਰ ਅੱਸੀ ਕਿਲੋਮੀਟਰ ਦੂਰ ਜ਼ਮੀਨ ‘ਚ ਰਹਿਣ ਤਿਆਰ ਨਹੀਂ ਸੀ ਹੋ ਰਹੇ।ਉਹਨਾਂ ਨੇ ਲਾਂਡਰਾਂ ਵਾਲੀ ਸੜਕ ਦਾ ਮੋੜ ਮੁੜਕੇ ਸਫੈਦਿਆਂ ਵਾਲੀ  ਤੰਗ ਸੜਕ ‘ਤੇ ਪੱਥਰ ਵੇਚਣ ਦਾ ਧੰਦਾ ਕਰ ਲਿਆ ਸੀ ਅਤੇ ਮੁਹਾਲੀ ‘ਚ ਕੋਠੀ ਪਾ ਲਈ।ਇਕ ਜਣਾ ਦੁਕਾਨ ‘ਤੇ ਬੈਠਦਾ ਦੂਜਾ ਮੁਹਾਲੀ-ਚੰਡੀਗੜ ਚੱਕਰ ਲਾ ਆਉਂਦਾ।ਕਦੇ ਕਦੇ ਇਕ ਜਣਾ ਰਾਜਿਸਥਾਨ-ਮਕਰਾਣੇ ਤੋਂ ਪੱਥਰ ਲੈਣ ਚਲਾ ਜਾਂਦਾ।  
                 ਚੰਡੀਗੜ ਅਤੇ ਮੁਹਾਲੀ ਦੇ ਸੈਕਟਰ,ਆਲੇ-ਦੁਆਲੇ ਨੂੰ ਫੈਲਦੇ ਵੇਖ ਕੇ ਸਾਧੂ ਸਿੰਘ ਨੂੰ ਸੁਹਾਣੇ ਵਾਲੀ ਆਪਣੀ ਜੱਦੀ ਜ਼ਮੀਨ ਸੁੰਗੜਦੀ ਜਾਪਦੀ।ਸਾਰੇ ਪਿੰਡ ਨੂੰ ਹੀ ਫਿਕਰ ਪਿਆ ਹੋਇਆ ਸੀ।ਉਹ ਸੋਚਦੇ ਕੀ ਬਣੂ?ਕਿਧਰ ਜਾਵਾਂਗੇ ਉਜੜ ਕੇ?ਪਰ ਨੌਜੁਆਨ ਪੀਹੜੀ ਨੂੰ ਸ਼ਹਿਰ ਦੀ ਲਪੇਟ ਵਿਚ  ਆਉਣ ਦਾ ਚਾਅ ਜਿਹਾ ਵੀ ਸੀ।  
                 ਭੂ-ਮਾਫੀਏ ਦੇ ਇਕ ਮੈਂਬਰ ਨੇ ਸਾਧੂ ਸਿੰਘ ਕੋਲ ਆ ਕੇ ਕਿਹਾ ਸੀ, “ਇਬ ਵੀਰੇ ਇਥੇ ਵੀ ਸੈਕਟਰ ਬਣ ਜਾਣੇ ਨੇ ।ਕੋਠੀ ਜੋਗੀ ਰੱਖ ਕੇ ਬਾਕੀ ਵੇਚੋ ।” 
                 ਸਾਧੂ ਸਿੰਘ ਹੋਰ ਡਰ ਗਿਆ, “ਇਬ ਕਿਸੇ ਹੋਰ ਪਿੰਡ ਮਿਲਜੁਗੀ ?”     
                 “ਹਾਂ ਹਾਂ ਛੀ ਸੱਤ ਗੁਣਾ ਵੱਧ ਹੋਵੈ ... ਗੱਲ ਕਰੋ ।”
                 “ਅੱਛਾ ਛੀ ਸੱਤ ਗੁਣਾ ...?” ਸਾਧੂ ਸਿੰਘ ਨੂੰ ਚਾਅ ਚੜ੍ਹ ਗਿਆ ।ਭੂ-ਮਾਫੀਏ ਨੇ ਸਾਧੂ ਸਿੰਘ ਦੀ ਤਿੰਨ                                                     
               ਕੀਲੇ ਸਸਤੇ ਭਾਅ ਆਪ ਹੀ ਲੈ ਕੇ ਮਾਲਵੇ ਦੇ ਪਿੰਡ ਸ਼ੇਰਗੜ ‘ਚ ਜ਼ਮੀਨ ਦੁਆਉਣ ਲਈ ਦੂਜੇ ਭੂ-ਮਾਫੀਏ ਨਾਲ ਗੱਲ ਕਰਾ ਦਿੱਤੀ ।  
                      

5
                                       ਸਾਧੂ ਸਿੰਘ ਤਰਕ ਨਾਲ ਕਹਿੰਦਾ ਸੀ ਕਿ ਮਹਿੰਗੀ ਜ਼ਮੀਨ ਵਿਕੀ ਐ,ਕਿਤੇ ਹੋਰ ਛੇ ਸੱਤ ਗੁਣਾਂ ਮਿਲ ਜਾਵੇਗੀ।ਜੱਟ ਦੀ ਤਾਂ ਸਾਰਾ ਕੁਝ ਜ਼ਮੀਨ ਹੀ ਹੁੰਦੀ ਹੈ।ਉਸ ਭੂ-ਮਾਫੀਏ ਨੇ ਉਹਨਾਂ ਨੂੰ ਸਰਵਨ ਸਿੰਘ ਵਾਲੀ ਜ਼ਮੀਨ ਦੁਆ ਦਿੱਤੀ ਸੀ।       

                         ਪਹਿਲਾਂ ਪਹਿਲ ਤਾਂ ਸਾਧੂ ਸਿੰਘ ਜ਼ਮੀਨ ਵਾਹ ਬੀਜ ਕੇ ਤੀਜੇ ਚੌਥੇ ਦਿਨ ਜਾਂ ਕੰਮ ਮੁਕੇ ਤੋਂ ਮੁਹਾਲੀ ਵਾਲੀ ਕੋਠੀ ਵਿਚ ਚਲਾ ਜਾਂਦਾ।ਫਿਰ ਉਸ ਨੇ ਵੇਖਿਆ,ਫਸਲ ਤਾਂ ਜ਼ਮੀਨ ਵਿਚ ਰਹਿੰਦਿਆਂ ਹੀ ਬਚਦੀ ਹੈ।ਉਸ ਨੂੰ ਇਕ ਭੱਈਆ ਰੱਖ ਕੇ ਜ਼ਮੀਨ ਵਿਚ ਆਉਣਾ ਹੀ ਪਿਆ।ਇਕੱਲ ਨੂੰ ਦੂਰ ਕਰਨ ਲਈ ਉਹ ਸੜਕ ਉੱਤੇ ਆ ਜਾਂਦਾ ਤੇ ਕਿਸੇ ਨਾ ਕਿਸੇ ਨਾਲ ਗੱਲਾਂ ਬਾਤਾਂ ਕਰਕੇ ਵਿਹਲਾ ਸਮਾਂ ਲੰਘਾ ਲੈਂਦਾ ।   

                         ਜਗੀਰ ਸਿੰਘ ਦਾ ਵੱਡਾ ਭਰਾ ਦੇਵ ,ਜਿਸ ਨੂੰ ਦਾਰੂ ਪੀਣ ਦਾ ਚਸਕਾ ਲੱਗਾ ਹੋਇਆ ਸੀ। ਉਹ ਲੋਰ ‘ਚ ਆਇਆ ਕਦੇ ਕਦੇ ,ਆਪਣੇ ਹੀ ਖ਼ੇਤ ਸਮਝ ਕੇ ਸਾਧੂ ਸਿੰਘ ਕੋਲ ਆਉਣ ਲੱਗ ਪਿਆ ਸੀ।ਇਹੋ ਜਿਹੇ ਵੇਲੇ ਸਾਧੂ ਸਿੰਘ ਵੀ ਦਾਰੂ ਪੀਣ ਪਿਆਉਣ ਲਈ ਤਿਆਰ ਹੋ ਜਾਂਦਾ।ਉਸ ਨੂੰ ਕਿਸੇ ਨਾ ਕਿਸੇ ਦਾ ਸਾਥ ਚਾਹੀਦਾ ਸੀ।ਮੁੰਡਿਆਂ ਦਾ ਉਸ ਕੋਲ ਨਾ ਆਉਣ ਕਰਕੇ ਖ਼ੇਤੀ ਦਾ ਕੰਮ ਵੀ ਢਿੱਲਾ ਪੈਣ ਲੱਗ ਪਿਆ ਸੀ।ਖ਼ੇਤੀ ਉਤੇ ਖਰਚਾ ਵੱਧਣ ਦੇ ਨਾਲ ਨਾਲ ਆਮਦਨ ਘੱਟਣ ਲੱਗ ਪਈ।ਉਸ ਦੀ ਘਰਵਾਲੀ ਏਥੇ ਆ ਕੇ ਪਛਤਾ ਰਹੀ ਸੀ।ਉਹ ਸਾਧੂ ਸਿੰਘ ਨੂੰ ਕਹਿੰਦੀ, “ਇਬ ਇਕੱਲੇ ਪਾਗਲ ਹੋ ਜਾਵਾਂਗੇ ਰੇ ... ਵਾਪਸ ਚਲੋ ਜੀ ... ।” 
             “ਉਥੇ ਮੁੰਡਿਆਂ ਨੇ ਮੂੰਹ ਨੀ ਲਾਉਣਾ ਰੇ ... ਇਬ ਏਥੇ ਹੀ ਮਰਾਂਗੇ।” ਸਾਧੂ ਸਿੰਘ ਨਹੀਂ ਸੀ ਚਾਹੁੰਦਾ ਕਿ ਵਾਰ ਵਾਰ ਜ਼ਮੀਨ ਵੇਚੀ ਜਾਵੇ।ਉਸ ਨੂੰ ਪਤਾ ਸੀ ਸੁਹਾਣੇ ਤਾਂ ਜ਼ਮੀਨ ਬਚੀ ਹੀ ਨਹੀਂ ।ਜਿਹੜੀ ਥੋੜੀ ਬਹੁਤੀ ਹੈ ਵੀ ,ਉਹ ਕਰੋੜਾਂ ‘ਚ ਲੈ ਨਹੀਂ ਹੋਣੀ।   

                       ਸਾਧੂ ਸਿੰਘ ਚਾਹੁੰਦਾ ,ਜਗੀਰ ਸਿੰਘ ਹੋਰੀਂ ਆਪਣੇ ਪੁਰਾਣੇ ਘਰ ਆਉਣ ।ਫਸਲ ਬਾੜੀ ਵੇਖਣ ਤੇ ਸਭ ਕੁਝ ਆਪਣਾ ਹੀ ਸਮਝਣ ।ਉਹ ਪਿੰਡ ਆਏ ਹਰ ਬੰਦੇ ਦਾ ਦਿਲ ਲਗਾਉਣ ਲਈ ਹਰ ਤਰ੍ਹਾਂ  ਦੀ ਮੱਦਦ ਲਈ ਵਾਹ ਲਾਉਂਦਾ ।ਉਸ ਨੂੰ ਦੁੱਖ ਹੁੰਦਾ ਕਿ ਉਸ ਨਾਲ ਈਰਖਾ ਕਿਉਂ ਕਰਦੇ ਨੇ।  

                     ਜਗੀਰ ਸਿੰਘ ਹੋਰਾਂ ਦਾ ਮਨੀ ਰਾਮ ਨਹੀਂ ਸੀ ਮੰਨਦਾ , “ਇਹਨਾਂ ਤੋਂ ਮੱਦਦ ? ਜਿੰਨਾ ਨੇ ਬੇ ਘਰ ਕਰਤੇ ?ਜਿੰਨਾ ਦੇ ਨਾਲ ਆਏ ਭੂ-ਮਾਫੀਏ ਨੇ ਇਕ ਦਮ ਹੀ ਰੁਪੱਈਆਂ ਦੀ ਪੰਡ ਢੇਰੀ ਕਰਤੀ ?ਜ਼ਮੀਨ ਦਾ ਭਾਅ ਵੀ ਨਹੀਂ ਪੁੱਛਿਆ।ਪੈਂਦੀ ਸੱਟੇ ਆਪ ਹੀ ਬੋਲ ਦਿੱਤਾ, “ਇਬ ਪੱਚੀ ਲੱਖ ਕੇ ਹਿਸਾਬ ਮਾ ਸੌਦਾ ਪੱਕਾ ... ।” 
                     ਦੂਜੇ ਭੂ-ਮਾਫੀਏ ਨੇ ਅਟੈਚੀ ਵਿਚੋਂ ਨੋਟਾਂ ਦੀਆਂ ਗੁਟੀਆਂ ਅਗੇ ਰੱਖ ਦਿੱਤੀਆਂ, “ਇਬ ਚੁੱਕੋ ਬਈ ਬਿਆਨੇ ਕੇ ਇਕ ਕਰੋੜ ,ਬਾਕੀ ਰਜਿਸਟਰੀ ਟੈਮ  ... ।”   
                      ਤੀਜਾ ਜਣਾ ਨਾਲ ਆਇਆ ਦੇਵ ਦੀ ਵਹੁਟੀ ਵੱਲ ਮੂੰਹ ਕਰਕੇ ਬੋਲਿਆ, “ਭੈਣ ਜੀ ਇਬ ਚਾਹ ਤਾਂ ਪਿਲਾਓ ... ।”  
 
                      ਭੂ-ਮਾਫੀਏ ਦਾ ਮੈਂਬਰ, ਤਿੰਨ ਚਾਰ ਦਿਨ ਲਗਾਤਾਰ ਦੇਵ ਅਤੇ ਮੇਲੂ ਕੋਲ ਆ ਕੇ ਜ਼ਮੀਨ ਦਾ ਭਾਅ  ਦੱਸਣ ਲੱਗ ਪਿਆ ਸੀ। ਉਹਨਾਂ ਨੇ ਪਿੰਡ ਵਿਚ ਜ਼ਮੀਨ ਦਾ ਰੇਟ ਪਤਾ ਕੀਤਾ ਤਾਂ ਪੰਦਰਾਂ ਵੀਹ ਲੱਖ ਤੋਂ ਵੱਧ ਕੀਲਾ ਨਹੀਂ ਸੀ ਵਿਕਦਾ।ਉਹਨਾਂ ਨੂੰ ਪੱਚੀ ਲੱਖ ਮਿਲ਼ ਰਿਹਾ ਸੀ ਜਿਸ ਵਿਚੋਂ ਭੂ-ਮਾਫੀਏ ਨੇ ਪੰਜ ਲੱਖ ਰੱਖਣਾ ਸੀ । 
                                                                                                        ਜਗੀਰ ਸਿੰਘ ਹੋਰਾਂ ਦੀਆਂ ਅੱਖਾਂ ਅੱਡੀਆਂ ਗਈਆਂ।ਦੇਵ ਨੇ ਮੇਲੂ ਨਾਲ ਸਲਾਹ ਕੀਤੀ, “ਰੱਬ ਛੱਪੜ ਪਾੜ ਕੇ ਦਿੰਦੈ।
 ।ਕਿਸੇ                                                                                                                                                                                                                                                                                                                                      ਨਾਲ ਗੱਲ ਨਾ ਕਰੋ ।ਵੇਚਣ ਦੀ ਕਰੋ ।ਐਨਾ ਰੇਟ ...?” 
ਮੇਲੂ ਸੁਣ ਕੇ ਕਪੜਿਆਂ ਤੋਂ ਬਾਹਰ ਹੋਇਆ ਫਿਰਦਾ ਸੀ, “ਠੀਕ ਐ ਠੀਕ ਐ...।”
 
6

                                    ਦੇਵ ਦੀ ਘਰਵਾਲੀ ਉਠ ਕੇ ਚਾਹ ਬਣਾਉਣ ਲੱਗ ਪਈ।ਮੇਲੂ ਨੋਟਾਂ ਨੂੰ ਇਕੱਠੇ ਕਰਕੇ ਗਿਣਨ ਲੱਗ ਪਿਆ ।ਚਾਅ ‘ਚ ਉਸ ਤੋਂ ਗਿਣੇ ਵੀ ਨਹੀਂ ਸੀ ਜਾ ਰਹੇ ।ਉਸ ਨੇ ਪੜ੍ਹੇ ਲਿਖੇ ਜਗੀਰ ਸਿੰਘ ਨੂੰ ਹੀ ਕਿਹਾ, “ਲੈ ਉਏ ਗਿਣ ਕੇ ਰੱਖ ਆ ਅੰਦਰ ਬੇਬੇ ਆਲੇ ਸੰਦੂਕ ‘ਚ ।”
 
                     ਜਗੀਰ ਸਿੰਘ ਦਾ ਦਿਲ ਨਹੀਂ ਸੀ ਮੰਨਦਾ ।ਉਸ ਨੇ ਅਣਮੰਨੇ ਮਨ ਨਾਲ ਪੈਸੇ ਗਿਣ ਲਏ ।ਉਹ ਸੋਚਦਾ, ਜੇ ਦੋਵੇਂ ਬੁੜੇ੍ਹ ਜਿਉਂਦੇ ਹੁੰਦੇ ,ਕਦੇ ਨਾ ਵੇਚਣ ਦਿੰਦੇ ।”   
                     ਉਹਨਾਂ ਦੀ ਮੱਤ ਹੀ ਮਾਰੀ ਗਈ ਸੀ।ਉਹਨਾਂ ਨੇ ਏਨੇ ਇਕੱਠੇ ਰਪੌੜ ਕਦੇ ਦੇਖੇ ਹੀ ਨਹੀਂ ਸਨ।ਜਗੀਰ ਸਿੰਘ ਪਹਿਲਾਂ ਅੜਿਆ,ਕਿ ਨਹੀਂ ? ਮੇਲੂ ਉਸ ਨੂੰ ਕਹਿੰਦਾ ,ਆ ਸਲਫਾਸ ਐ ।ਜੇ ਨਾਂਹ ਕੀਤੀ,ਇਹ ਅੰਦਰ ਦਮ ਜਲੰਧਰ ?” ਜਗੀਰ ਸਿੰਘ ਨੂੰ ਡਰਕੇ ਮੰਨਣਾ ਪਿਆ।ਉਹਨਾਂ ਨੇ ਸੋਚਿਆ ਸੀ , ਸੌ ਵਿਘੇ ਦੀ ਚਾਰ ਸੌ ਬਣਾਵਾਂਗੇ ।  
                     ਉਸ ਦੇ ਆਪਣੇ ਮਹਿਕਮੇ ਦੀ ਨੌਕਰੀ ਦੌਰਾਨ ਜੇਈ ਸੁਪਰਡੈਂਟ ਅਤੇ ਐਸ ਡੀ ਓ ਪਿੱਛਾ ਨਹੀਂ ਸੀ ਛੱਡ ਰਹੇ ।ਕਿਸੇ ਇਕ ਥਾਂ ਉਸ ਦੇ ਪੈਰ ਟਿਕਣ ਹੀ ਨਹੀਂ ਸੀ ਦਿੱਤੇ ।ਉਸ ਦੇ ਮੂੰਹੋਂ ਨਿਕਲ ਜਾਂਦਾ , “ਸਾਲੇ ਭੁੱਖੜ ਬਘਿਆੜ ... ।”       
                    ਚੰਗਾ ਭਲਾ ਉਹ ਖੰਨਾ ਡਵੀਜ਼ਨ ਵਿਚ ਲੱਗਾ ਹੋਇਆ ਸੀ।ਨਵੇਂ ਆਏ ਐਸ ਡੀ ਓ ਨੇ ਨਵੇਂ ਕੇਸ ਨੂੰ ਵੇਖ ਕੇ ਉਸ ਤੋਂ ਆਪਣਾ ਹਿੱਸਾ ਮੰਗ ਲਿਆ ।ਜਗੀਰ ਸਿੰਘ ਨੇ ਕਿਸੇ ਤੋਂ ਕਦੇ ਪੈਸਾ ਲਿਆ ਹੀ ਨਹੀਂ ਸੀ।ਜੇ ਕਿਸੇ ਜੱਟ ਜਾਂ ਲਾਲੇ ਦੇ ਮਨ ਮਿਹਰ ਪੈ ਵੀ ਜਾਂਦੀ ਤਾਂ ਮਲੋ ਮਲੀ ਉਸ ਦੀ ਜੇਬ ‘ਚ ਸੌ ਪੰਜਾਂਹ ਦਾ ਨੋਟ ਪਾ ਦਿੰਦੇ ਜਾਂ ਘੁੱਟ ਦਾਰੂ ਦਾ ਪਿਆ ਕੇ ਸਾਰ ਲੈਂਦੇ ।ਉਸ ਤੋਂ ਕੜੀ-ਦਰ ਕੜੀ ਆਪਣੇ ਅਫਸਰਾਂ ਦੀ ਮੰਗ ਪੂਰੀ ਨਾ ਹੋ ਸਕੀ।ਉਹਨਾਂ ਨੇ ਚੁੱਕ ਕੇ ਲੁਧਿਆਣਾ ਡਵੀਜ਼ਨ ‘ਚ ਬਦਲੀ ਕਰ ਦਿੱਤੀ।ਉਥੇ ਵੀ ਉਹ ਟਿਕ ਨਾ ਸਕਿਆ।ਸਾਰੇ ਜੇਈ ਸੁਪਰਡੈਂਟ ਅਤੇ ਐਸ ਡੀ ਓ ਪਹਿਲੇ ਡਵੀਜ਼ਨ ਵਰਗੇ ਹੀ ਮੂੰਹ ਅੱਡੀ ਖੜੇ ਸਨ ।ਉਸ ਦੀ ਇਕ ਸਬ-ਡਵੀਜ਼ਨ ਤੋਂ ਦੂਜੀ ਡਵੀਜ਼ਨ  ਅਤੇ ਡਵੀਜ਼ਨ ਤੋਂ ਦੂਜੀ ਸਬ-ਡਵੀਜ਼ਨ ਦੀ ਬਦਲੀ ਹੁੰਦੀ ਰਹੀ।    

                    ਸੇਵਾ ਮੁਕਤੀ ਹੋਣ ਤੋਂ ਕੁਝ ਸਾਲ  ਪਹਿਲਾਂ ਉਸ ਨੂੰ ਕਈ ਵਾਰ ਮੁਲਾਜਮਾਂ ਨਾਲ ਬਿਜਲੀ ਬੋਰਡ ਦੇ ਨਿਜੀਕਰਨ ਦਾ ਵਿਰੋਧ ਕਰਨ ਦੀ ਸ਼ਕਤੀ ਦਿਖਾਉਣ ਲਈ ਚੰਡੀਗੜ ਜਾਣਾ ਪਿਆ ।ਮੁਲਾਜਮਾਂ ਦੇ ਨਾਹਰਿਆਂ ਤੋਂ ਉਸ ਨੂੰ ਪਹਿਲੇ ਵੇਲਿਆਂ ਦਾ ਨਾਹਰਾ ਯਾਦ ਆ ਗਿਆ ਸੀ, “ਸ਼ਿਵਾਲਿਕ ਪਹਾੜੀਆਂ ਦੇ ਪੈਰਾਂ ਵਿਚ ਵਸਿਆ ਫੁੱਲ ਗੁਲਾਬ ਦਾ,ਚੰਡੀਗੜ ਪੰਜਾਬ ਦਾ ।”  
 
                    ਉਹ ਸਾਥੀਆਂ ਤੋਂ ਵੱਖਰਾ ਹੋ ਕੇ ਸਤਾਰਾਂ ਦੀ ਮਾਰਕੀਟ ਦੇ ਸਾਹਮਣੇ ,ਦਰੱਖਤ ਦੇ ਤਣੇ ਨਾਲ ਢੋਅ ਲਾ ਕੇ ਬੈਠੇ ਮੋਚੀ ਕੋਲ ਆ ਗਿਆ ਸੀ।ਮੋਚੀ ਨੇ ਮੋਟੀ ਤੇ ਚਿੱਟੀ ਐਨਕ ਨੂੰ ਠੀਕ ਕਰਕੇ ,ਉਸ ਦੀ ਗੁਰਗਾਬੀ ਵੱਲ ਵੇਖਿਆ, “ਲਿਆਓ ਪਾਲਿਸ਼ ਕਰਦਾਂ ?”      

                    ਜਗੀਰ ਸਿੰਘ ਨੇ ਅਣਮੰਨੇ ਮਨ ਨਾਲ ਉਸ ਦੀਆਂ ਲਟੂਰੀਆਂ ਅਤੇ ਮੈਲੇ ਖੁੱਲੇ ਗਲਾਮੇ ਵਾਲੀ ਝੱਗੀ ਵੱਲ ਵੇਖਿਆ ਅਤੇ ਗੁਰਗਾਬੀ ਉਸ ਵੱਲ ਕਰ ਦਿੱਤੀ ।ਮੋਚੀ ਨੇ ਘਸੀਆਂ ਚੱਪਲਾਂ ਉਸ ਵੱਲ ਖਿਸਕਾ ਦਿੱਤੀਆਂ।ਦਰੱਖਤ ਦੇ ਆਲੇ ਦੁਆਲੇ ਦੋ ਕੁ ਫੁੱਟ ਉਚੀ ਬਣੀ ਕੰਧ ਉਤੇ ਆਪਣੇ ਪਰਨੇ ਨਾਲ ਇੱਟਾਂ ਸਾਫ ਕਰ ਦਿੱਤੀਆਂ, “ਲਓ ਸਾਹਬ ਬੈਠੋ ।”

                    ਜਗੀਰ ਸਿੰਘ ਮੁਲਾਜਮਾਂ ਨਾਲ ਨਾਹਰੇ ਮਾਰ ਕੇ ਥੱਕ ਗਿਆ ਸੀ।ਉਹ ਬੈਠ ਗਿਆ ।ਉਸ ਨੇ ਮੋਚੀ ਵੱਲ ਗੌਹ ਨਾਲ ਵੇਖਿਆ, ‘ਕਿਹੋ ਜਿਹੀ ਹਾਲਤ ਬਣਾਈ ਬੈਠਾ ਹੈ । ਯੂ. ਪੀ. ਬਿਹਾਰੀ ਤਾਂ ਹੋ ਨਹੀਂ ਸਕਦਾ ।’  
                    ਉਸ ਨੇ ਪੁੱਛ ਹੀ ਲਿਆ, “ਬਜੁਰਗੋ ਹਰਿਆਣਾ ਕਿ ਹਿਮਾਚਲ ਤੋਂ ,ਪੰਜਾਬ ਦੇ ਲਗਦੇ ਨੀ ?”           
                 

7

                               ਮੋਚੀ ਅਜੇ ਆਮ ਬੁਰਸ਼ ਨਾਲ ਗੁਰਗਾਬੀ ਦੀ ਉਪਰਲੀ ਗਰਦ ਹੀ ਝਾੜ ਰਿਹਾ ਸੀ ।ਉਹ ਇਕ ਦਮ ਜਗੀਰ ਸਿੰਘ ਵੱਲ ਝਾਕਿਆ।ਉਸ ਦੇ ਹੱਥ ਥਾਏਂ ਹੀ ਰੁਕ ਗਏ ।ਕੁਝ ਪਲਾਂ ਬਾਅਦ ਉਹ ਆਪਣੇ ਆਪ ਵਿਚ ਪਰਤਿਆ ਅਤੇ ਹਾਉਕਾ ਲੈ ਕੇ ਬੋਲਿਆ, “ਤਿਨਾਂ ਤੋਂ ... ਖੁੱਡਾ ਅਲੀਸ਼ੇਰ ਤੋਂ ?”   
                      ਜਗੀਰ ਸਿੰਘ ਹੈਰਾਨ ਹੋ ਗਿਆ, “ਹੈਂ ? ਤਿੰਨਾਂ ਤੋਂ ਕਿਵੇਂ ?ਖੁੱਡਾ ਅਲੀਸ਼ੇਰ ?”  
                                                    
                           ਮੋਚੀ ਦਾ ਬੁਰਸ਼ ਤੇਜ ਚੱਲਦਾ ਫਿਰ ਰੁਕ ਗਿਆ।ਉਸ ਨੇ ਐਨਕ  ਉਤਾਰ ਕੇ ਫਿਰ ਚੁਨੀਆਂ ਅੱਖਾਂ ਮਲੀਆਂ,ਜਿਵੇਂ ਅੱਖਾਂ ਵਿਚ ਹੀ ਸਾਰਾ ਦਰਦ ਹੋਵੇ, “ਇਕੋ ਮਹਾਂ ਪੰਜਾਬ ਥਾ ...ਇਬ ਚੰਡੀਗੜ ਲਈ ਸਤਾਰਾਂ ਪਿੰਡਾਂ ਨੂੰ ਉਠ ਜਾਣ ਲਈ ਹੁਕਮ ਕਰ ਦਿੱਤਾ ।ਇਬ ਕੰਮ ਕਿਆ ਕਰੋਂ ?ਪਿੰਡ ਦੀ ਜ਼ਮੀਨ ਵਿਚ ਸੈਕਟਰੀਏਟ ਬਣ ਗਿਆ।ਬਾਕੀ ਮੁਲਕ ਨੂੰ ਆਜਾਦੀ ਦਾ ਚਾਅ ।ਸਾਨੂੰ ਕਿਆ ? ਸਭ ਉਜੜ ਗਏ ।ਕੋਈ ਕਹਾਂ ਗਿਆ ਕੋਈ ਵਹਾਂ ਗਿਆ।ਹਮ ਤੋ ਛੋਟੇ ਥੇ।ਕਈ ਪਾਪੜ ਵੇਲੇ।ਆਖਰ ਮੋਚੀ ਬਣਨਾ ਪਿਆ।” 
 
                        ਉਸ ਨੇ ਨੀਵੀਂ ਪਾ ਲਈ ।ਉਹ  ਆਪਣੇ ਹੰਝੂ ਲਕੋ ਰਿਹਾ ਸੀ।ਜਗੀਰ ਸਿੰਘ ਨੂੰ ਉਸ ਨਾਲ ਹਮਦਰਦੀ ਭਰੀ ਦਿਲਚਸਪੀ ਹੋ ਗਈ, “ਬਜੁਰਗੋ ਹੌਸਲਾ ਰਖੋ,ਆਪਣੀ ਜਨਮ-ਭੂਮੀ ਵਿਚ ਤਾਂ ਬੈਠੇ ਹੋ  ... ਬੋਲੀ ਜਰੂਰ ਬਦਲਗੀ,ਨਾ ਪੁਆਧੀ ਨਾ ਪੰਜਾਬੀ,ਨਾ ਹਰਿਆਣਵੀ... ਮਿਲਗੋਭਾ ਹੋ ਗਿਆ ।”

                          ਮੋਚੀ ਨੇ ਫਿਰ ਉਸ ਵੱਲ ਮੂੰਹ ਕੀਤਾ,ਜਿਵੇਂ ਉਸ ਦੀ ਦੁੱਖਦੀ ਰੱਗ ‘ਤੇ ਉਂਗਲ ਰੱਖ ਦਿੱਤੀ ਹੋਵੇ, “ਇਬ ਸੁਆਹ ਜਨਮ ਭੂਮੀ ਰਹੀ ਐ? ਇਥੇ ਤੋ ਦਿਨ ਮਾ ਛੱਤੀ ਬੋਲੀਆਂ ਬੋਲਣ ਵਾਲੇ ਆਤੇ ਜਾਤੇ ਹੈਂ ।ਅਸੀਂ  ਤਾਂ ਸ਼ਰਨਾਰਥੀ ਬਣ ਗਏ ਆਪਣੇ ਹੀ ਦੇਸ ਮਾ।ਦੂਸਰੇ ਗੇੜ ‘ਚ ਗਿਆਰਾਂ ਪਿੰਡ ਉਠਾ ਦੀਏ ।ਫਿਰ ਵੀ ਚੰਡੀਗੜ ਨੇ ਸਬਰ ਨਾ ਕੀਆ। ਫੈਲਦਾ ਰਿਹਾ ਅਤੇ ਫੈਲ ਰਿਹੈ ਇਬ ਤਕ ।”   
                         ਜਗੀਰ ਸਿੰਘ ਮੋਚੀ ਦੀਆਂ ਗੱਲਾਂ ‘ਚ ਮਗਨ ਹੋ ਗਿਆ, “ਬਾਬਿਓ ਧੰਨ ਹੋ ਜਿੰਨਾ ਨੇ ਪਾਕਿਸਤਾਨ ਤੋਂ ਉਜੜ ਕੇ ਆਇਆਂ ਵਰਗਾ ਸੰਤਾਪ ਝੱਲਿਆ।”  
                         ਮੋਚੀ ਨੇ ਗੁਰਗਾਬੀ ਦਾ ਇਕ ਪੈਰ ,ਗੱਲਾਂ ਕਰਦਿਆਂ ਹੀ ਪਾਲਿਸ਼ ਕਰ ਦਿੱਤਾ ।ਦੂਜੇ ਪੈਰ ਨੂੰ ਚੁੱਕ ਕੇ ਬੋਲਿਆ, “ਮਾਰੇ੍ਹ ਕੋਲ ਮੋਹਣਾ ਮਾਹਟਰ ਕੰਧਾਲੇ ਪਿੰਡ ਵਾਲਾ ਆਂਦਾ ਜਾਂਦੈ। ਉਹ ਦੱਸਦਾ ਹੁੰਦੈ, ਉਸ ਕੇ ਬਾਪੂ ਜੀ ਨੰਬਰਦਾਰ ਥੇ।ਉਨ ਕਾ ਆਪਨਾ ਟਿਊਬਵੈਲ ਅਤੇ ਜ਼ਮੀਨ ਥਾ। ਉਸ ਕਾ ਕੁਛ ਨਾ ਮਿਲਾ ।ਬਥੇਰੀ ਹਾਲ ਦੁਹਾਈ ਪਾਈ।ਸਰਕਾਰ ਪੁਰਾਣੇ  ਰੇਟ ਕੇ ਹਿਸਾਬ ਸੇ ਦੇਤੀ ਹੈ। ਔਰ ਤੋ ਔਰ ਉਨ ਕੀ ਸ਼ਾਮਲਾਟ ਕਾ ਕੇਸ ਅਬੀ ਤੱਕ ਅਦਾਲਤ ਮਾ ਹੈ। ਵਕੀਲੋਂ ਕੋ ਪੈਸੇ ਦੀਏ ਜਾਤੇ ਹੈਂ ।ਏਹ ਹੈ ਜੀ ਪੁਆਧ ਕੇ ਬੀਚ ਮਾ ਚੰਡਾਲਗੜ ?”         
                          ਜਗੀਰ ਸਿੰਘ ਨੇ ਬਾਕੀ ਗੱਲਾਂ ਵਲੋਂ ਧਿਆਨ ਹਟਾਉਣ ਲਈ ਪੁੱਛ ਲਿਆ, “ ਬਾਬਿਓ ਮੁੰਡੇ ਕੀ ਕਰਦੇ ਨੇ ?”  
          
                         ਮੋਚੀ ਰੁਕ ਕੇ ਬੋਲਿਆ, “ਦੋ ਮੁੰਡੇ ਨੇ। ਏਥੇ ਕਿਸੀ ਦਫਤਰ ਮਾ ਚਪੜਾਸੀ ਲੱਗੇ ਹੈਂ। ਮੈਂ ਕਹਿੰਦਾ ਰਿਹਾ। ਛੋਟੀ ਮੋਟੀ ਦੁਕਾਨ ਹੀ ਪਾ ਲਓ ਖੁੱਡਾ ਅਲੀਸ਼ੇਰ ਮਾ। ਇਬ ਮਾਨਤੇ ਨਾਹੀਂ?” ਉਸ ਨੇ ਆਸਮਾਨ ਵੱਲ ਹੱਥ ਚੁੱਕ ਦੁਆ ਕੀਤੀ ।
                       ਉਹ ਚੁੱਪ ਕਰਕੇ ਤੇਜੀ ਨਾਲ ਪਾਲਿਸ਼ ਕਰਨ ਲੱਗ ਪਿਆ।ਜਗੀਰ ਸਿੰਘ ਨੂੰ ਕੋਈ ਗੱਲ ਨਹੀਂ ਸੀ ਔੜ ਰਹੀ।ਉਹ ਵੀ ਉਸ ਦੇ ਹੰਝੂਆਂ ਵਿਚ ਸ਼ਾਮਲ ਹੋ ਗਿਆ।ਉਸ ਨੂੰ ਫਿਰ ਵੀ ਆਪਣੇ ਨਾਲੋਂ ਹਿੰਮਤ ਵਾਲਾ ਜਾਪਿਆ,ਜਿਹੜਾ ਆਪਣੀ ਜਨਮ ਭੋਂ ’ਤੇ ਅਜੇ ਤਕ ਰੋਜ਼ੀ ਰੋਟੀ ਕਮਾਕੇ ਆਪਣਾ ਢਿੱਡ ਭਰ ਰਿਹੈ।ਉਸ ਦੇ ਮੋਹਣੇ ਵਰਗੇ ਜਾਣੂ ਆਖਰੀ ਦਮ ਤਕ ਕਾਨੂੰਨ ਦੀ ਲੜਾਈ ਲੜ ਰਹੇ ਨੇ।     
                   
8

                               ਉਸ ਦੀ ਸੋਚਾਂ ਦੀ ਲੜੀ ਟੁੱਟ ਨਹੀਂ ਸੀ ਰਹੀ, ‘ਮੁਹਾਲੀ ਬਣਨ ਨਾਲ ਮਾਯੂਸ ਹੋਏ ਸਿਧੇ ਸਾਦੇ ਸ਼ਰੀਫ ਸਾਧੂ ਸਿੰਘ ਵਰਗਿਆਂ ਨੂੰ ਅਕਲ ਦੇ ਕੇ ਜਬਰਦਸਤੀ ਕਰੋੜਾਂ ‘ਚ ਖੇਡਣ ਲਾ ਦਿੱਤਾ। ਉਹ ਕੀਲਾ ਦੋ ਕੀਲੇ ਵੇਚ ਕੇ ,ਭੂ-ਮਾਫੀਏ ਰਾਹੀਂ ਢਾਹੇ ਅਤੇ ਮਾਲਵੇ ਦੀਆਂ ਜ਼ਮੀਨਾਂ ਲੈ ਰਹੇ ਨੇ।ਅੱਧੀ ਪੁਆਧ ਦੀਆਂ ਜ਼ਮੀਨਾਂ ਤਾਂ ਘੁਣ ਨੇ ਖਾ ਲਈਆਂ।ਸ਼ਿਵਾਲਿਕ ਪਹਾੜੀਆਂ ਤੋਂ ਹੇਠਾਂ ਨੂੰ ਘੁਣ ਲੱਗਿਆ ਆ ਰਿਹੈ ।’ 

                    ਉਹ ਮਨ ਨਾਲ ਹੀ ਗੱਲਾਂ ਕਰਦਾ ਤੁਰਿਆ ।

                    ‘ਕੀ ਪਤਾ ਸਾਧੂ ਸਿੰਘ ਫੇਰ ਵੀ ਕੁਝ ਪੁੱਛਣ ਆ ਜਾਵੇ ?ਸੁਹਾਣੇ ਦੇ ਨਾਲ ਦੇ ਪਿੰਡ ਤੋਂ ਹੋਰ ਕਿਸੇ ਨੇ ਕੀਲਾ ਵੇਚ ਕੇ ਏਧਰ,ਵੱਧ ਕੀਲੇ ਲੈਣੇ ਹੋਣ।ਭੂ-ਮਾਫੀਏ ਬਾਜ਼ ਅੱਖ ਰੱਖਦੇ ਨੇ।ਕੋਈ ਗਰੀਬੀ ਅਤੇ ਕਰਜ਼ਾ ਸਿਰ ਚੜੇ ਤੋਂ ਅੱਕਿਆ ਜੱਟ ਇਕ ਵਾਰ ਮੂੰਹੋਂ ਆਵਾਜ ਕੱਢੇ ਸਈ।ਦਲਾਲ ਉਥੇ ਹੀ ਪਹੁੰਚ ਜਾਂਦੇ ਨੇ।ਕਰੋੜ ਰੁਪਿਆ ਅਗਲੇ ਮੂਹਰੇ ਸੁਟਕੇ ਅੱਖਾਂ ਚੁੰਧਿਆ ਦਿੰਦੇ ਨੇ।ਅਜਿਹੇ ਥੁੜੇ-ਟੁੱਟੇ ਜੱਟਾਂ ਨੇ ਕਰੋੜ ਤਾਂ ਕੀ,ਲੱਖ ਰੁਪਏ ਇਕੱਠੇ ਨਹੀਂ ਦੇਖੇ ਹੁੰਦੇ।ਉਹਨਾਂ ਨੂੰ ਇਕ ਕੀਲੇ   ਤੋਂ ਚਾਰ ਕੀਲੇ ਬਣਨ ਦੇ ਸੁਪਨੇ ਦਿਸਣ ਲੱਗ ਪੈਂਦੇ ਨੇ।’  

                    ਉਸ ਦੇ ਦੁਚਿਤੀ ‘ਚ ਫਸੇ ਦੇ ਸਾਹਮਣੇ ਮੋਟਰਸਾਈਕਲ  ਆ ਰੁਕਿਆ, “ਓ ਬਾਬਾ ਸਿਆਂ ਕਿਧਰ ਤੁਰਿਆ ਫਿਰਦੈਂ ਸੁਸਤ ਜਿਹਾ ... ।”
   
                     ਜਗੀਰ ਸਿੰਘ ਉਹਨਾਂ ਵੱਲ ਝਾਕਿਆ, ‘ਇਹ ਝੋਲਾ- ਛਾਪ ਡਾਕਟਰ ਦਾ ਮੁੰਡਾ ?ਅੱਖਾਂ ਚੜੀਆਂ ਹੋਈਆਂ ?ਪਿਛੇ ਬੈਠਾ ਪਹਿਲਵਾਨੀ ਕਰਦਾ ਤਕੜਾ ਹੱਟਾ ਕੱਟਾ ਖਾਂਦੇ ਪੀਂਦੇ ਜੱਟਾਂ ਦਾ ਮੁੰਡਾ ?ਉਸ ਦੇ ਪਿਛੇ ਬੈਠਾ ਅਲੂੰਆਂ ਬੁੱਗੇ ਤੋਂ ਤਕੜੇ ਲਾਣੇ ਨੰਬਰਦਾਰ ਦਾ ਪੋਤਾ ?’       
                     ਮੁੰਡੇ ਇਉਂ ਹੀ ‘ਬਾਬਾ ਸਿਆਂ ’ ਕਹਿ ਕੇ ਹਾਲ ਚਾਲ ਪੁੱਚਦੇ ਹੋਏ ਲੰਘ ਜਾਂਦੇ।ਉਹ ਬੰਨੇ ਵਾਲੇ ਠੇਕੇ   ’ਤੇ ਦਾਰੂ ਪੀਣ ਗਿਝ ਗਏ ਸੀ।ਉਥੇ ਹੀ ਨੋਟ ਦੀ ਪੂਣੀ ਜਿਹੀ ਬਣਾਕੇ ਕੋਈ ਪਾਊਡਰ ਜਿਹਾ ਸੁੰਘਣ ਲੱਗ ਪਏ।ਗੁਟਕਾ ਪੁੜੀਆਂ ਤਾਂ ਆਮ ਹੀ ਚੱਲਦੈ।’  
                     ਉਹ ਕਈ ਵਾਰ ਛੇੜ ਕੇ ਲੰਘਦੇ, “ਲਾਉਣੈ ਬਾਬਾ ਸਿਆਂ ਸੁਟਾਅ ... ।” ਜਿੰਨਾ ਚਿਰ ਨੂੰ ਜਗੀਰ ਸਿੰਘ ਝਿੜਕਦਾ,ਉਹ ਪੱਤਰੇ-ਵਾਚ ਜਾਂਦੇ । 
 
                    ਮੁੰਡਿਆਂ  ਦੀਆਂ ਦੋ ਪਾਰਟੀਆਂ ਬਣ ਗਈਆਂ।ਕਮਾਈ ਦੁਗਣੀ ਕਰਨ ਲਈ ,ਇਕ ਦੂਜੇ ਤੋਂ ਚੋਰੀ ਮਾਲ ਵੇਚ ਦੇ ਫਿਰਦੇ।ਉਹ ਆਪ ਹੀ ਪੁਲਿਸ ਨੂੰ ਇਕ ਦੂਜੇ ਦੀ ਸੂਹ ਦੇਣ ਲੱਗ ਪਏ।ਪੁਲਿਸ ਦੋਹਾਂ ਪਾਸਿਆਂ ਤੋਂ ਪੈਸੇ ਝਾੜ ਲੈਂਦੀ।ਮੁੰਡਿਆਂ ਦਾ ਪੂਰਾ ਬਿਜਨਸ ਚੱਲ ਪਿਆ।ਉਹ ਆਪ ਪੂਰੇ ਨਸ਼ੱਈ ਹੋ ਗਏ।ਪੁਲਿਸ ਦੋਹਾਂ ਪਾਸਿਆਂ ਤੋਂ ਇਕ ਇਕ ਮੁੰਡਾ ਚੁੱਕ ਕੇ ਲੈ ਗਈ।ਉਹਨਾਂ ਦੇ ਮਾਂ-ਪਿਓ ਦੀਆਂ ਅੱਖਾਂ ਖੁੱਲੀਆਂ ਕਿ ਕਾਕੇ ਕੀ ਕਰਦੇ ਫਿਰਦੇ ਨੇ।ਉਹਨਾਂ ਦੀ ਇਜਤ ਰੁਲ ਗਈ।ਸਰਪੰਚ ਤੋਂ ਲੈ ਕੇ ਪੁਲਿਸ ਅਤੇ ਐਮ ਐਲ ਏ,ਮੰਤਰੀਆਂ ਦੀਆਂ ਮਿੰਨਤਾਂ ਕਰਨੀਆਂ ਪੈ ਗਈਆਂ।ਪੈਸੇ ਦੀ ਬਰਬਾਦੀ ਵੱਖਰੀ ਹੋਈ।ਕਰਜ਼ਾ ਸਿਰ ਚੜ੍ਹ ਗਿਆ।ਉਹ ਅਜੇਹੇ ਕਰਜ਼ੇ ਤੋਂ ਦੁੱਖੀ ਹੋ ਕੇ ਖੁਦਕੁਸ਼ੀਆਂ ਕਰਨ ਦੀ ਸੋਚਣ ਲੱਗ ਪਏ।                                                                         
                   ਜਗੀਰ ਸਿੰਘ ਨੇ ਆਲਾ ਦੁਆਲਾ ਵੇਖਿਆ, “ਹੈਂ ?ਮੁੰਡੇ ਕਿਧਰ ਗਏ ?ਹੁਣੇ ਤਾਂ ਮੋਟਰਸਾਈਕਲ ਰੋਕ ਕੇ ਬੁਲਾਇਐ ?ਐਨੀ ਛੇਤੀ ਗਾਇਬ ?ਰੁਕਦਿਆਂ ਦਾ ਪਤਾ ਨੀ ਲੱਗਿਆ,ਰੇਸ ਦਿੱਤੀ ,ਛੂਮੰਤਰ ... ਸ਼ਾਇਦ ਭੁਲੇਖਾ ਹੀ ਲੱਗਾ ਹੋਵੇ ... ਮੇਰੀ ਵੀ ਚੱਕਰੀ ਘੁੰਮੀ ਫਿਰਦੀ ਐ ?”   

                   ਜਗੀਰ ਸਿੰਘ ਤਿੰਨ ਪਿੰਡਾਂ ਦੇ ਬੰਨਿਆਂ ਦੀ ਟੱਕਰ ਵਾਲੇ ਪੱਥਰ ਕੋਲ ਪਹੁੰਚ ਗਿਆ।ਉਸ ਨੇ ਆਲਾ ਦੁਆਲਾ ਵੇਖਿਆ।ਚਾਰੇ ਪਾਸੇ ਕਣਕਾਂ ਹੀ ਕਣਕਾਂ ਲਹਿਰਾ ਰਹੀਆਂ ਨੇ।ਜਿਧਰੋਂ ਉਹ ਆਇਆ ਸੀ,ਉਧਰ ਕਣਕ ਦੇ ਸਿਟਿਆਂ ਦੇ ਤੂੜਾਂ ਉਤੋਂ ਖਿੜਿਆ ਸਾਧੂ ਸਿੰਘ ਦਾ ਮਕਾਨ ਦਿਸਿਆ।ਉਹ ਜੋਰ ਨਾਲ ਹੱਸਿਆ।ਉਸ ਨੂੰ ਸਕੂਨ ਮਿਲਿਆ।ਇਕ ਦਮ ਖਿਆਲ ਆਇਆ , ਚਲੋ ਪਿੰਡ ‘ਚ ਵਸਦਾ ਰਹਿ ਗਿਆ।ਚਾਰ ਕੀਲਿਆਂ ਦੇ ਦੋ ਲੈ ਹੀ ਲਏ,ਨਿਆਈਂ ਦੇ ਨਾਲ ਲੱਗਦੇ।ਜੇ ਵਧੀ ਨਹੀਂ ਤਾਂ ਘੱਟੀ ਹੀ ਸਈ।ਬਾਕੀ ਬਚੇ ਪੈਸਿਆਂ ਦਾ ਮਕਾਨ ਲੈ ਲਿਆ।ਰਹਿੰਦੇ-ਖੂੰਹਦੇ ਮੁੰਡਿਆਂ ਨੇ ਖ਼ੱਡੀਂ ਵਾੜਤੇ।ਮੋਟਰਸਾਈਕਲ ਲੈ ਕੇ ਦੋਸਤਾਂ ਮਿੱਤਰਾਂ ਨੂੰ ਦਾਰੂ ਪਿਆ ਤੀ।ਹੁਣ ਦੋ ਕੀਲਿਆਂ ਨਾਲ ਗੁਜਾਰਾ ਨੀ ਹੁੰਦਾ।ਵਹੁਟੀਆਂ ਦੇ ਨਿਆਣੇ ਅੰਗਰਜੀ ਸਕੂਲ ਵਿੱਚ ਪੜਦੇ ਤੀ,ਫੇਰ ਮੁੜਕੇ ਸਰਕਾਰੀ ਸਕੂਲਾਂ ਵਿਚ ਪਾਉਣੇ ਪਏ।ਮੁੰਡੇ ਆਪ ਅੱਡੋ ਅੱਡ ਹੋ ਕੇ ਬਹਿ
ਗਏ।

9

                                            ਗਾਲ੍ਹਾਂ ਕੱਢਦੇ ਨੇ , ‘ ਅਖੇ ਬੁੜ੍ਹੇ ਨੇ ਬਿਜਲੀ ਮਹਿਕਮੇ ‘ਚੋਂ ਕਮਾਈ ਨੀ ਕੀਤੀ।ਸ਼ਹਿਰ ਵਿਚ ਕੋਠੀ ਨੀ ਪਾਈ।ਪਲਾਟ ਲੈਣ ਦੇਣ ਦੀ ਦਲਾਲਗਿਰੀ  ਵਿਚ ਨੀ ਪਏ।ਨਵੀਆਂ ਕਲੋਨੀਆਂ ਵਿਚ ਮੌਜਾਂ ਨੀ ਕੀਤੀਆਂ ਗਈਆਂ।ਫਿਕਰ ਪਿਆ ਹੋਇਐ ? ਦੋ ਕੀਲਿਆਂ ਨੂੰ ਕੀ ਕਰਾਂਗੇ ?ਧੂਫ ਦੇ ਕੇ ਚੱਟਾਂਗੇ ?’
                   ਉਸ ਦਾ ਹਾਉਕਾ ਨਿਕਲ ਗਿਆ।ਉਹ ਨੀਵੀਂ ਪਾ ਕੇ ਡੱਕੇ ਨਾਲ ਪੱਥਰ  ਉੱਤੇ ਲੀਕਾਂ ਪਾਉਣ ਲੱਗ ਪਿਆ।ਉਸ ਨੂੰ ਪਤਾ ਸੀ ਕਿ ਪੱਥਰ ਉਤੇ ਡੱਕੇ ਨਾਲ ਲੀਕ ਨਹੀਂ ਪੈ ਰਹੀ ਪਰ ਉਹ ਐਵੇਂ ਪਾਈ  ਗਿਆ       
                                                  
                   “ਬਾਈ ਸਿਆਂ ਕਿਵੇਂ ਬੈਠੈਂ ਪੱਥਰ ਫੜ ਕੇ ?” ਭੱਈਏ ਨੂੰ ਮੋਢੇ ਉੱਤੇ ਕਹੀ ਚੁਕਾਈ ਦੀਵੇ ਵਾਲਾ ਸ਼ੇਰ ਸਿੰਘ ਆ ਕੇ ਬੋਲਿਆ।  
 
                   ਜਗੀਰ ਸਿੰਘ ਘਬਰਾ ਕੇ ਬੋਲਿਆ, “ਬਸ ਬਾਈ ਐਵੇਂ ਐਵੇਂ ... ।”  
                   ਸ਼ੇਰ ਸਿੰਘ ਫੇਰ ਬੋਲਿਆ, “ਐ ਵੀਹ ਕੀਲੇ ਵੀ ਖਾਨਪੁਰੀਆਂ ਨੇ ਲੈ ਲਏ ਤੀ।ਉਹ ਆਪ ਨੀ ਖ਼ੇਤੀ ਕਰਦੇ।ਅਸੀਂ ਠੇਕੇ ’ਤੇ ਲਏ ਹੋਏ ਨੇ।”  
 
                   “ਅੱਛਾ ? ਉਹ ਆਪ ਨੀ ਖ਼ੇਤੀ ਕਰਦੇ ?” ਜਗੀਰ ਸਿੰਘ ਨੇ ਪੁੱਛਿਆ ।   
                     ਸ਼ੇਰ ਸਿੰਘ ਦੇ ਨਾਲ ਆਇਆ ਭੱਈਆ ਪਹਿਲਾਂ ਬੋਲ ਪਿਆ, “ਅਬ ਤੋ ਅੱਛੇ ਅੱਛੇ ਲਾਣੇ ਠੇਕੇ ਪਰ ਦੇਣੇ ਲੱਗੇ ਹੈਂ ।ਵੋ ਆਪ ਨੇੜੇ ਕੇ ਸ਼ਹਿਰ ਕੋਠੀਆਂ ਪਾ ਕਰ ਬੱਚੋਂ ਅੱਛੇ ਅੰਗਰੇਜੀ ਸਕੂਲੋਂ ਮੇਂ ਪੜਾ੍ਹਤੇ ਹੈਂ ।”

                     ਸ਼ੇਰ ਸਿੰਘ ਦੂਜੀ ਲੱਤ ਉੱਤੇ ਭਾਰ ਦੇ ਕੇ ਬੋਲਿਆ, “ਉਹਨਾਂ ਦੇ ਮੁੰਡਿਆਂ ਨੇ ਮੁਹਾਲੀ ਦੇ ਨਵੇਂ ਬਣੇ ਫੇਜ਼ ਵਿਚ ਦੋ ਕਨਾਲ ਦੀ ਕੋਠੀ ਪਾ ਕੇ ਕਾਰ ਤੇ ਮੋਟਰਸਾਈਕਲ ਰੱਖੇ ਹੋਏ ਨੇ।ਜਦ ਜੀ ਕਰਦੈ ਸ਼ਹਿਰ ਵਿਚ ਮਸਤੀ ਕਰਕੇ ਪਹਾੜਾਂ ਦੀ ਸੈਰ ’ਤੇ ਨਿਕਲ ਜਾਂਦੇ ਨੇ।ਏਧਰ ਜ਼ਮੀਨ ਦਾ ਠੇਕਾ ਚਲਾ ਹੀ ਜਾਂਦੈ।”
                    “ਅੱਛਾ?” ਜਗੀਰ ਸਿੰਘ ਦਾ ਮੂੰਹ ਅੱਡਿਆ ਹੀ ਰਹਿ ਗਿਆ।  
                    ਸ਼ੇਰ ਸਿੰਘ ਗੱਲਾਂ ਕਰਨੀਆਂ ਚਾਹੁੰਦਾ ਸੀ।ਉਸ ਨੇ ਫਿਕਰ ਜਾਹਰ ਕਰਦਿਆਂ ਕਿਹਾ, “ਇਹ ਮੁਹਾਲੀ ਤੇ ਖਰੜ ਤੋਂ ਉਰਲੇ ਪਾਸੇ ਵਾਲਾ ਭੂ-ਮਾਫੀਆ,ਪੰਜਾਬ ਤੇ ਹਰਿਆਣਾ ਤਕ ਫੈਲ ਗਿਆ।ਉਹ ਦੱਸਦੈ,ਉਥੇ ਬਾਹਰਲੀਆਂ ਬਹੁ-ਕੰਪਨੀਆਂ ਨੇ ਧੂੜਾਂ ਪੁਟੀਆਂ ਪਈਆਂ ਨੇ।ਖਰੜ ਤੋਂ ਬਨੂੜ ਵੱਲ ਵੱਖੋ-ਵੱਖਰੇ ਅਦਾਰਿਆਂ ਦੀਆਂ ਬਿਲਡਿੰਗਾਂ ਦਾ ਬਣਨਾ ਹੈਰਾਨ ਕਰਨ ਵਾਲਾ ਹੈ।ਸਰਕਾਰ ਇਹਨਾਂ ਨੂੰ ਸਭ ਕੁਝ ਸਸਤੇ ਭਾਅ ਦੇ ਰਹੀ ਹੈ।ਪਿੰਡਾਂ ਦੇ ਪਿੰਡ ਉਹਨਾਂ ਨੇ ਖਾ ਲਏ ਨੇ।”
                   ਜਗੀਰ ਸਿੰਘ ਨੇ ਨੀਵੀਂ ਪਾ ਲਈ।ਉਸ ਦਾ ਮਨ ਹੋਰ ਉਦਾਸ ਹੋ ਗਿਆ।
                   ਸ਼ੇਰ ਸਿੰਘ ਸਮਝ ਗਿਆ ਕਿ ਜਗੀਰ ਸਿੰਘ ਨੂੰ ਠੇਸ ਪਹੁੰਚੀ ਹੋਵੇਗੀ।ਉਸ ਨੇ ਤੁਰ ਜਾਣਾ ਹੀ ਬਿਹਤਰ ਸਮਝਿਆ।ਉਹ ਕਣਕ ਦੀ ਵੱਟ ਉੱਤੋਂ ਹੋ ਕੇ ਚਲੇ ਗਏ, “ਚੰਗਾ ਬਾਈ ਸਿਆਂ ਕਰ ਅਰਾਮ ।”

                   ਜਗੀਰ ਸਿੰਘ ਦਾ ਮਨ ਤੜਫ ਉਠਦਾ।ਉਹ ਸੋਚਣ ਲੱਗ ਪਿਆ ਕਿ ਦੇਸੀ ਦਾਰੂ ਕੱਢ ਕੇ ਵੱਡੇ ਭਾਈ ਦੇਵ ਨੂੰ ਕਿਵੇਂ ਭੁਸ ਪੈ ਗਿਆ ?ਬੁੜ੍ਹਿਆਂ ਨੇ ਕੱਢਣੀ ਤਾਂ ਕੀ,ਕੋਈ ਮੁੱਲ ਦੀ ਲੈ ਕੇ ਵੀ ਪੀਂਦਾ ਨਹੀਂ ਸੀ।ਖੂਹ ’ਤੇ ਰਹਿਣ ਕਰਕੇ ਉਸ ਨੂੰ ਮੌਕਾ ਮਿਲ ਗਿਆ ਸੀ।ਉਹ ਪੀ ਕੇ ਥਕੇਵਾਂ ਲਾਹੁਣਾ ਦੱਸਦਾ।ਹੌਲੀ ਹੌਲੀ ਜਿਆਦਾ ਪੀਣ ਗਿਝ ਗਿਆ ।

                   ਸਰਵਨ ਸਿੰਘ ਨੇ ਖਿਝਦੇ ਖੱਪਦੇ ਨੇ ਦਾਰੂ ਪੀਣ ਤੋਂ ਹਟਾਇਆ ਵੀ, “ਦੇ ਕਿਆ ਖੇਖਣ ਕਰਦੇ ਐ?     ਪਤਾ ਲੱਗੂ ਜਦ ਦਾਰੂ ਨੇ ਥੋਨੂੰ ਢਾਅ ਲਿਆ।”
                   ਉਸ ਦੀ ਹਾਂਭੀ ਬਸੰਤ ਕੁਰ ਵੀ ਭਰਨ ਲੱਗ ਪਈ, “ਕਿਸੇ ਨੇ ਮੁਖ਼ਬਰੀ ਕਰਤੀ ਪੁਲਿਸ ਕੁੱਟ ਕੁੱਟ ਨਾਸ ਕਰਦੂ ਟੱਬਰ ਦਾ ।” 

10

                                  ਦੇਵ ਬਸੰਤ ਕੁਰ ਨੂੰ ਵੀ ਝਿੜਕੀ ਲੈ ਕੇ ਪਿਆ, “ਚੁੱਪ ਕਰ ਬੜੀ੍ਹਏ ਤੂੰ ਵੀ ਬੁੜਿਆ ਨਾਲ ਰਲਗੀ ।” 
                  ਬਸੰਤ ਕੁਰ ਨੂੰ ਰਲਨ ਵਾਲੀ ਗੱਲ ਚੁਭ ਗਈ।ਉਹ ਤੜਫਦੀ ਬਾਹਰ ਨਿਕਲ ਗਈ।       
                                                
                  ਜਗੀਰ ਸਿੰਘ ਨੂੰ ਅੰਦਰਲੀ ਗੱਲ ਦਾ ਪਤਾ ਨਹੀਂ ਸੀ ਕਿ ਦੇਵ ਪੂਰਾ ਚਾਮਲ ਗਿਆ ਸੀ।ਉਸ ਦੀ ਘਰਵਾਲੀ ਆਪ ਦਾਰੂ ਦੀ ਭੱਠੀ ‘ਚ ਅੱਗ ਬਾਲਣ ਲਈ ਆਪ ਬਹਿ ਜਾਂਦੀ।ਮੇਲੂ ਦੀ ਵਹੁਟੀ ਵੇਖ ਕੇ ਖਿਝਣ ਲੱਗ ਪਈ,   “ਕਿਆ ਕੰਜਰ ਖਾਨਾ ਕਰਦੇ ਨੇ ।” 
                  ਮਾਂ-ਪਿਓ ਵੀ ਕਹਿਣ ਲੱਗ ਪਏ, “ਦਾਰੂ ਕੱਢ ਕੱਢ ਪੀਈ ਜਾਨੈਂ ?ਕੰਮ ਕੌਣ ਕਰੂ ?”  
                  ਜਗੀਰ ਸਿੰਘ ਦੇਵ ਵੱਲ ਵੇਖ ਕੇ ਉਦਾਸ ਹੋ ਜਾਂਦਾ।ਉਸ ਦੇ ਕੋਈ ਬੱਚਾ ਨਹੀਂ ਸੀ ਹੋ ਸਕਿਆ।ਉਸ ਤੋਂ ਛੋਟੇ ਭਰਾ ਮੇਲੂ ਦੇ ਦੋ ਜੁਆਕ ਦਿਨਾਂ ਵਿਚ ਹੀ ਵੱਡੇ ਹੋ ਗਏ ਸਨ।ਉਹਨਾਂ ਨੂੰ ਵੇਖ ਕੇ ਜਗੀਰ ਸਿੰਘ ਦੀ ਖ਼ੁਸੀ ਦਾ ਕੋਈ ਟਿਕਾਣਾ ਨਾ ਰਹਿੰਦਾ ।     
                  ਦੇਵ ਸ਼ਰੇਆਮ ਹੀ ਸੁਨਾਉਣ ਲੱਗ ਪਿਆ, “ਸਾਨੂੰ ਕਿਆ ਲੋੜ ਐ ਕੰਮ ਕਰਨ ਦੀ,ਅਸੀਂ ਨੀ ਕਿਸੇ ਲਈ ਕਰਦੇ ?ਸਾਨੂੰ ਤਾਂ ਅੱਡ ਕਰਦੋ ।” 
                  ਉਸ ਦੀ ਘਰਵਾਲੀ ਵੀ ਉਸ ਦੇ ਮਗਰ ਲੱਗ ਗਈ।ਉਹ ਵੀ ਡੱਕਾ ਦੂਹਰਾ ਨਾ ਕਰਿਆ ਕਰੇ।ਉਸ ਤੋਂ ਛੋਟੀਆ ਦੇ ਗਲ਼ ਸਾਰਾ ਧੰਦਾਲ ਪੈ ਗਿਆ ।         
                  ਕਈ ਵਾਰ ਉਹ ਸਰਵਨ ਸਿੰਘ ਦੇ ਗਲ਼ ਪੈ ਜਾਂਦਾ ।ਬਸੰਤ ਕੁਰ ਨੂੰ ਨਾ ਟਿਕਣ ਦਿੰਦਾ , “ਬਹਿ ਜਾ ਬੁੜ੍ਹੀਏ ਰਾਮ ਨਾਲ ਅਸੀਂ ਨੀ ਕਿਸੇ ਦਾ ਗੋਲਪੁਣਾ ਕਰਨਾ ... ਹਾਂ ...ਕਰਨ ਆਪੇ ਤੇਰੀਆਂ ਲਾਡਲੀਆਂ ਨੂੰਹਾਂ ਜਿੰਨਾ ਨੇ ਜ਼ਮੀਨ ਸਾਂਭਣੀ ਐ ।”     
                 ਬਸੰਤ ਕੁਰ ਉਸ ਨੂੰ ਬਥੇਰਾ ਸਮਝਾਉਂਦੀ, “ਕੁੜੇ ਧੀ ਪੁੱਤ ਕਿਹੜਾ ਵਸ ‘ਚ ਐ।ਜੇ ਦੇਣਾ ਹੋਊ ਵੀਹ ਸਾਲ ਬਾਦ ਵੀ ਦੇਊ ਉਪਰ ਆਲਾ ... ਸਬਰ ਕਰ ... ਇਨ੍ਹਾਂ ਤੋਂ ਪਿਆਰ ਨਾਲ ਕੰਮ ਲੈ ਪੁੱਤ ... ।”   
                 ਦੇਵ ਆਪਣੀ ਮਾਂ ਨੂੰ ਚੁੱਪ ਕਰਾ ਦਿੰਦਾ, “ਤੂੰ ਸਾਨੂੰ ਮੱਤਾਂ ਨਾ ਦੇ ... ਸਾਡਾ ਰੱਬ ਰਾਖਾ ।”
                 ਜਗੀਰ ਸਿੰਘ ਦਾ ਛੋਟਾ ਭਾਈ ਕਰਨੈਲ ਜਦੋਂ ਹੁਸ਼ਿਆਰ ਹੋਇਆ।ਉਸ ‘ਤੇ ਪੂਰਾ ਕੱਨ੍ਹਾ ਪੈ ਗਿਆ।ਬਸੰਤ ਕੁਰ ਤੜਫਿਆ ਕਰੇ , ‘ਪੇਟ ਘਰੋੜੀ ਪੁੱਤ ਨੂੰ ਵੀ ਫਾਹੇ ਦੇ ਤਾ,ਮਿੱਟੀ ਨਾਲ ਮਿੱਟੀ ।’    
                  ਜਗੀਰ ਸਿੰਘ ਆਪਣੇ ਪਿਓ  ਦੀ ਮੌਤ ਯਾਦ ਕਰਕੇ ਕੰਬ ਗਿਆ।ਉਹ ਦਹਿਲ ਕੇ ਖੜਾ ਹੋ ਗਿਆ,ਐਵੇਂ ਐਵੇਂ ਕਰਨੈਲ ਨੇ ...।”

                   ਕਰਨੈਲ ਨੇ ਆਪਣੀ ਘਰਵਾਲ਼ੀ ਨੂੰ ਮੇਲੂ ਨਾਲ ਹੱਸ ਹੱਸ ਗੱਲਾਂ ਕਰਦੀ ਕਈ ਵਾਰ ਵੇਖਿਆ ਆਮ ਜਿਹਾ ਹੀ ਲਿਆ ਸੀ ਪਰ ਇਕ ਦਿਨ ਜੋ ਕੁਝ ਉਸ ਨੇ ਵੇਖਿਆ ਉਹ ਸਹਿ ਨਹੀਂ ਹੋਇਆ। ਉਸ ਨੂੰ ਗੁੱਸਾ ਚੜ੍ਹਨਾ ਕੁਦਰਤੀ ਸੀ।ਉਸ ਤੋਂ ਰਹਿ ਨਾ ਹੋਇਆ।ਉਸ ਨੇ ਆਪਣੀ ਜਨਾਨੀ ਦੇ ਮੌਰਾਂ ‘ਤੇ ਤਿੰਨ ਚਾਰ ਜੜ੍ਹ ਦਿਤੀਆਂ, ‘ਕਿਆ ਕੰਜਰਖਾਨਾ ਕਰਦੀ ਐ...।’ 
     
                  “  ਨਾ ਜੀ ਨਾ ਵੀਰ ਜੀ ਨੇ ਤਾਂ ਕੁਛ ਨੀ ...।”   ਉਹ ਹਾੜੇ ਕੱਢਦੀ ਦੂਜੇ ਅੰਦਰ ਜਾ ਵੜੀ । ਉਸ  ਦੀ ਹਾਲ ਦੁਹਾਈ ਨਾਲ ਘਰ ‘ਚ ਰੌਲਾ ਪੈ ਗਿਆ।ਸਾਰੇ ਇਕ ਦੂਜੇ ਵੱਲ ਪਾਟੀਆਂ ਅੱਖਾਂ ਨਾਲ ਝਾਕਣ ਲੱਗ ਪਏ। 
                   ਕਰਨੈਲ ਨੇ ਮੇਲੂ ਦੇ ਵੀ ਡਾਂਗ ਜੜ੍ਹ ਦਿੱਤੀ।ਮੇਲੂ ਸੁੰਨ ਦਾ ਸੁੰਨ ਹੋ ਗਿਆ।ਉਸ ਨੂੰ ਏਨੀ ਉਮੀਦ ਹੀ ਨਹੀਂ ਸੀ ।  

11

 ਕਰਨੈਲ ਦੇ ਮਨ ‘ਚ ਪਤਾ ਨਹੀਂ ਕੀ ਆਇਆ। ਜਾਂਦਾ ਹੋਇਆ ਸਰਵਨ ਸਿੰਘ ਦੇ ਸਿਰ ਵਿਚ  ਡਾਂਗ         
ਮਾਰ ਗਿਆ।ਉਹ ਤਾਂ  ਤੜਫ ਕੇ ਉਥੇ ਹੀ ਚਿਤ ਹੋ ਗਿਆ।ਮਿੰਟਾਂ ਵਿਚ ਘਰ ‘ਚ ਭੁਚਾਲ ਆ ਗਿਆ ।ਜਨਾਨੀਆਂ ਦਾ ਚੀਕ
                                            
                      ਚਿਹਾੜਾ ।ਕਰਨੈਲ ਨੂੰ ਫੜਨ ਦੀ ਕਿਸੇ ਨੂੰ ਵੀ ਹਿੰਮਤ ਨਾ ਪਈ।ਉਸ ਦੀ ਕੋਈ ਉਗ ਸੁਘ ਨਾ ਨਿਕਲੀ।ਫਿਰ ਪਤਾ ਲੱਗਾ ਉਹ ਫੌਜ ਵਿਚ ਭਰਤੀ ਹੋ ਗਿਆ।ਉਹ ਦੋ ਕੁ  ਸਾਲ ਬਾਅਦ ਛੁੱਟੀ ਆਇਆ।ਉਸ ਸਮੇਂ ਦੌਰਾਨ      
 ਬਸੰਤ ਕੁਰ ਵੀ ਚਲ ਵਸੀ।ਥੋੜੇ ਦਿਨਾਂ ਬਾਅਦ ਭਾਗ ਸਿੰਘ ਦੀ ਵਾਰੀ ਆ ਗਈ ।       
                   ਜਗੀਰ ਸਿੰਘ ਨੇ ਆਸਮਾਨ ‘ਚ ਖਲਾਅ ਵੱਲ ਵੇਖਿਆ।ਉਸ ਦਾ ਹਾਉਕਾ ਨਿਕਲ ਗਿਆ।ਕਿਤੇ ਕੁਝ ਨਜਰ ਹੀ  ਨਾ ਆਇਆ।ਉਸ ਨੇ ਫਿਰ ਨਜ਼ਰ ਟਿਕਾ ਕੇ ਵੇਖਿਆ।ਇਕ ਇੱਲ ਨਜ਼ਰ ਆਈ।ਉਹ ਬਗੈਰ ਖੰਭ ਹਿਲਾਏ ਗੇੜੇ ਕੱਢ ਰਹੀ ਸੀ।ਇੱਲ ਭੂ-ਮਾਫੀਆ ਜਾਪੀ।ਜਦੋਂ ਉਹ ਕਿਸੇ ਮਰੇ ਡੰਗਰ ਨੂੰ ਵੇਖੇਗੀ ਤਾਂ ਝੱਟ ਹੇਠਾਂ ਉਤਰ ਆਏਗੀ । 

                   ਉਸ ਨੂੰ ਧੁੜਧੁੜੀ ਆਈ।ਨੀਵੀਂ ਪਾਉਣ ਨਾਲ ਗਰਦਨ ਨੂੰ ਆਰਾਮ ਆ ਗਿਆ।ਜਦੋਂ ਉਸ ਨੇ ਸਿਰ ਚੁੱਕਿਆ,ਸਾਧੂ ਸਿੰਘ ਦੇ ਚਮਕਦੇ ਮਕਾਨ ਵੱਲ ਨਿਗਾਹ ਚਲੀ ਗਈ।ਉਸ ਨੂੰ ਫਿਰ ਯਾਦ ਆ ਗਿਆ, ‘ਓ ਘਰ ਇਕ ਤੋਂ ਚਾਰ ਤੇ ਚਾਰ ਤੋਂ ਅੱਠ ਹੋ ਗਏ ਤੀ।ਮੁੰਡੇ ਚਾਮਲਗੇ।ਪਿੰਡ ਤੋਂ ਹਰੀਜਨਾਂ ਦੇ ਮੁੰਡੇ ਸਾਈਕਲਾਂ ’ਤੇ ਲੰਘਦੇ ਰੁਕ ਜਾਂਦੇ।ਉਹ ਇਹਨਾਂ ਮੁੰਡਿਆਂ ਨੂੰ ਇਸ਼ਾਰੇ ਕਰਿਆ ਕਰਨ, ‘ਆਓ ਉਏ ਭੂਤਨੀ ਦਿਓ,ਮਿੱਟੀ ਨਾਲ ਮਿੱਟੀ ਹੁੰਨੇ ਓ,ਚਲੋ ਗੋਬਿੰਦਗੜ ਲੋਹਾ ਮੰਡੀ...।’ 
                   ‘ਉਹਨਾਂ ਦੀ ਮੁੰਡਿਆਂ ਨਾਲ ਬਚਪਨ ਦੀ ਆੜੀ ਸੀ।ਇਕੱਠੇ ਕਬੱਡੀ ਖੇਡਦੇ।ਨੇੜਲੇ ਪਿੰਡਾਂ ਦੇ ਸਕੂਲਾਂ ਨਾਲ,ਉਹਨਾਂ ਦਾ ਮੈਚ ਹੁੰਦਾ।ਉਹ ਹਮੇਸ਼ਾ ਜਿਤ ਕੇ ਆਉਂਦੇ।ਉਹਨਾਂ ਦਾ ਹੌਸਲਾ ਵੱਧ ਗਿਆ ਅਤੇ ਦੋਸਤੀ ਗੁਹੜੀ ਹੰੁਦੀ ਗਈ।ਉਹਨਾਂ ਦੀਆਂ ਇਸ਼ਕ ਮੁਸ਼ਕ ਦੀਆਂ ਗੱਲਾਂ ਸਾਂਝੀਆਂ ਹੁੰਦੀਆਂ।ਉਹ ਪਿੰਡ ਦੇ ਸਕੂਲ ਦੀ ਪੜ੍ਹਾਈ ਤੋਂ ਅਗੇ ਨਾ ਜਾ ਸਕੇ। ਆਪਣੇ ਕੰਮ ਧੰਦਿਆਂ ਵਿਚ ਪੈ ਗਏ।ਉਹਨਾਂ ਦੇ ਕਈ ਹੋਰ ਭੇਤ ਵੀ ਸਾਂਝੇ ਸਨ।ਉਹ ਸਿਗਰਟਾਂ ਪੀਂਦੇ ਤੇ ਦਾਰੂ ਵੀ ਪੀ ਲੈਂਦੇ।ਮੋਟਰਸਾਈਕਲਾਂ ‘ਤੇ ਫਿਰਦੇ ਮੁੰਡੇ,ਉਹਨਾਂ ਨੂੰ ਕਈ ਤਰ੍ਹਾਂ ਦਾ ਨਸ਼ਾ ਦੇ ਜਾਂਦੇ।’   
                   ਇਕ ਦਿਨ ਜਗੀਰ ਸਿੰਘ ਨੂੰ ਮੰਡੀ ਜਾਣ ਵਾਲੇ ਉਸ ਦੇ ਭਤੀਜੇ ਘੇਰ ਕੇ ਖੜ ਗਏ, “ਚਾਚਾ ਸਿਆਂ ਸਾਡੀ ਮਿੱਲ ‘ਚ ਉਹ ਸਟੀਲ ਆਇਐ,ਜਿਹੜਾ ਨੌਂ ਗਿਆਰਾਂ ਨੂੰ ਮਰੀਕਾ ਵਿਚ ਬਹੁ-ਮੰਜਲੇ ਟਾਵਰਾਂ ਦਾ ਪਿਘਲਿਆ ਹੋਇਐ।” 

                   ਜਗੀਰ ਸਿੰਘ ਸੁਣਕੇ ਸੁੰਨ, “ਲੈ ਬਈ ਸਾਡੇ ਨਾਲੋਂ ਏਹੀ ਚੰਗੇ ਨੇ ਜਿੰਨਾ ਨੂੰ ਅਮਰੀਕਾ ਦੇ ਪਾਜ਼ ਖੁੱਲਣ ਦਾ ਪਤੈ। ਜਿਥੇ ਸਾਰੀ ਦੁਨੀਆਂ ਨੂੰ ਉਹ ਬੁੱਧੂ ਬਣਾਈ ਜਾਂਦੈ,ਉਥੇ ਪੁਆਧ ਦਾ ਘੁਣ ਕਿਥੇ ਮਰ ਜਾਊ,ਵਿਕਾਸ ਦੇ ਨਾਂ ‘ਤੇ ?     ਬਹੁ-ਕੌਮੀ-ਕੰਪਨੀਆਂ ਨੇ ਓਡੇ ਓਡੇ ਹੀ ਬਹੁ-ਮੰਜਲੇ-ਟਾਵਰ ਬਣਾ ਧਰੇ ਨੇ।ਉਥੋਂ ਸ਼ਿਵਾਲਿਕ ਪਹਾੜੀਆਂ ਉਤੇ ਕੀੜੀਆਂ ਵੀ ਦਿਸਣਗੀਆਂ।ਪਰ ਨੇਕ ਚੰਦ ਦੀਆਂ ਭੁੱਲ-ਭੁਲਈਆਂ ਨਹੀਂ ਦਿਸਦੀਆਂ।ਝੀਲ ਸੁੱਕ ਜਾਉਗੀ।ਉਸ ਵਿਚ ਕਰੋੜ ਪਤੀਆਂ ਦੇ ਟਾਵਰ ਅਤੇ ਕਲੋਨੀਆਂ ਬਣ ਜਾਣਗੀਆਂ।ਗੁਲਾਬ ਦਾ ਬਾਗ ਨਹੀਂ ਦਿਸੇਗਾ।ਇਸ ਵਿਸ਼ਵੀਕਰਨ ਦੀ ਤੇਜ ਰਫਤਾਰ ਨਾਲ ਵਾਹੀ ਵਾਲੀ ਕਿਸਾਨੀ ਜ਼ਮੀਨ ਖਤਮ ਹੋ ਰਹੀ ਹੈ।ਪੁਆਧ ਤਾਂ ਕੀ ਪੰਜਾਬ-ਹਰਿਆਣਾ ਨੀ ਕਿਤੇ ਰਹਿਣਾ।ਸ਼ਹਿਰ ਹੀ ਦਿਸਣਗੇ ।” 

                   ਜਗੀਰ ਸਿੰਘ ਸੁੰਨ ਜਿਹਾ ਹੋਇਆ ਮੁੰਡਿਆਂ ਕੋਲੋਂ ਅਗੇ ਤੁਰ ਪਿਆ ਸੀ।ਉਸ ਦੀ ਨਿਗਾਹ ਸਿਧੀ ਧਰਤੀ-ਪੱਟਾਂ ਦੇ ਮੁੰਡਿਆਂ ਵੱਲ ਚਲੀ ਗਈ ਸੀ।ਉਹ ਜਿੰਦਰੇ ਨਾਲ ਕਣਕ ਦੇ ਕਿਆਰਿਆਂ ਦੀਆਂ ਵੱਟਾਂ ਪਾਉਂੇੇਦੇ ਧੂੜ ਉਡਾ ਰਹੇ ਨੇ।ਸੀਤਾ ਸਿਉਂ ਥੋੜਾ,ਜਿੰਦਰਾ ਅਗੇ ਚੁੱਕ ਕੇ ਦੱਬਦੈ।ਮੁੰਡਾ ਰੱਸੀਆਂ ਢਿਲੀਆਂ ਕਰਕੇ ਇਕ ਦਮ ਖਿਚ ਲੈਂਦਾ।ਨਾਲ ਦੀ ਨਾਲ ਇਕ ਪੈਰ,ਇਕੱਠੇ ਹੀ ਅਗੇ ਬਰਾਬਰ ਵੱਲ ਚੁੱਕ ਲੈਂਦੇ ਨੇ।ਦੂਜਾ ਮੁੰਡਾ ਕਹੀ ਨਾਲ ਵੱਟਾਂ ਦੇ ਸਿਰਿਆਂ ਤੋਂ ਪਤਲੀ ਵੱਟ ਉਤੇ ਥੋੜੀ ਥੋੜੀ ਮਿੱਟੀ ਪਾ ਰਿਹੈ। 
 
                    ਕਿਆਰੇ ਪਾਉਂਦੇ ਮੁੰਡਿਆਂ ਦਾ ਖਿਆਲ ਆਉਂਦਿਆਂ ਜਗੀਰ ਸਿੰਘ ਨੂੰ ਮੇਲੂ ਦੇ ਮੁੰਡੇ ਯਾਦ ਆ ਗਏ, ਜਿਹੜੇ ਆਪ ਹੁਦਰੇ ਹੋ ਕੇ ਲੋਹਾ ਮੰਡੀ ਵਿਚ ਜਾਣ ਲੱਗ ਪਏ ਸੀ।ਉਸ ਨੂੰ ਦੇਵ ਯਾਦ ਆਇਆ ਜਿਹੜਾ ਇਕ ਰਾਤ ਤਾਜਾ ਕੱਢੀ ਗਰਮ ਦਾਰੂ ਜਿਆਦਾ ਪੀਣ ਨਾਲ ਸੁੱਤਾ ਹੀ ਰਹਿ ਗਿਆ ਸੀ।  
                 
12

                       ਜਗੀਰ ਸਿੰਘ ਦਾ ਰੋਣ ਨਿਕਲ ਗਿਆ ਸੀ।ਉਹ ਹੌਲੀ ਹੌਲੀ ਸਿਸਕੀਆਂ ਭਰਦਾ ਰਿਹਾ।ਉਸ ਨੂੰ ਭੂ-ਮਾਫੀਏ ਉਤੇ ਗੁੱਸਾ ਆਇਆ।ਲੋਹਾ ਮੰਡੀ ਜਾਣ ਵਾਲੇ ਮੁੰਡੇ ਕਹਿੰਦੇ, ‘ਵੇਚ ਕੇ ਦੁਗਣਾ ਫਾਰਮ ਬਣਾਵਾਂਗੇ।ਭੱਈਆਂ ਤੋਂ ਕੰਮ  ਕਰਾਵਾਂਗੇ। ਆਪ ਮੌਜ ਨਾਲ ਕਾਰ ਚੁੱਕੀ,ਕਦੇ ਸ਼ਹਿਰ,ਕਦੇ ਰਿਸ਼ਤੇਦਾਰਾਂ ਦੇ।ਜੇ ਦਾਅ ਲੱਗਾ ਤਾਂ ਕਿਸੇ ਬਾਹਰਲੇ ਮੁਲਕ ਵਿਚ
                                                 
                    ਨਿਕਲ ਜਾਵਾਂਗੇ।ਮੌਜਾਂ ਹੀ ਮੌਜਾਂ।ਲੋਕ ਕਹਿਣਗੇ, ‘ਵਾਹ ਬਈ ਵਾਹ !ਬੁੜ੍ਹਿਆਂ ਦੇ ਟੱਬਰ ਦੀ ਰੀਸ      ਨੀ ... !’           
                    ਉਹਨਾਂ ਨੇ ਜਗੀਰ ਸਿੰਘ ਦੀ ਕੋਈ ਪੇਸ਼ ਨਾ ਜਾਣ ਦਿੱਤੀ, “ਅਖੇ ਤੈਨੂੰ ਕਿਆ ਪਤੈ,ਜੱਟ ਕਿਵੇਂ ਜ਼ਮੀਨ ਵਧਾਉਂਦੇ ਨੇ ?ਤੂੰ ਆਪ ਦੇ ਮਹਿਕਮੇ ਦਾ ਕੋਈ ਕੰਮ ਤਾਂ ਕਰਾ ਨੀ ਸਕਿਆ ।” 

                    ਮੇਲੂ ਉਸ ਨਾਲ ਜ਼ਿਦਣ ਲੱਗ ਪਿਆ, “ਏਸ਼ੀਆ ਦੀ ਵੱਡੀ ਖੰਨਾ ਮੰਡੀ ਵਿਚ ਕਿਸਾਨ ਯੂਨੀਅਨ ਦੇ ਪ੍ਰਧਾਨ ਦਾ ਭਾਸ਼ਣ ਸੁਣ ਕੇ ਆਇਆਂ।” ਉਹ ਕਮੀਜ਼ ਦੀ ਜੇਬ ਉਤੇ ਕਿਸਾਨ ਯੂਨੀਅਨ ਦਾ ਬੈਜ਼ ਲਾ ਕੇ ਦਿਖਾਉਂਦਾ ਫਿਰੇ।  ਉਸ ਨੂੰ ਪੂਰਾ ਜੋਸ਼ ਚੜਿਆ ਹੋਇਆ ਸੀ, “ਪ੍ਰਧਾਨ ਕਹਿੰਦਾ,ਸਰਕਾਰ ਫਸਲ ਦੀਆਂ ਕੀਮਤਾਂ ਸੂਚਕ ਅੰਕ ਨਾਲ ਜੋੜ ਕੇ ਮਿਥੇ।  ਖਾਦ ਅਤੇ ਦੁਆਈਆਂ ਸਸਤੀਆ ਹੋਣ।ਫਸਲਾਂ ਦਾ ਬੀਮਾ ਹੋਵੇ ... ।”

                     ਉਸ ਦੇ ਦਿਮਾਗ ਨੂੰ ਐਸਾ ਜਨੂੰਨ ਚੜਿਆ,ਉਹ ਪਿੰਡ ਵਿਚੋਂ ਪੰਜ ਸੱਤ ਆਪਣੇ ਵਰਗੇ,ਖੇਤੀ ਦੇ ਕੰਮ ਤੋਂ ਅਕੇ ਹੋਏ ਗੱਭਰੂਆਂ ਨੂੰ ਨਾਲ ਲੈ ਕੇ ਤੁਰ ਪਿਆ ਕਰੇ।ਜਿਥੇ ਕਿਤੇ ਵੀ ਯੂਨੀਅਨ ਨੇ ਰੈਲੀ ਕਰਨੀ,ਉਥੇ ਨੂੰ ਚੱਲ ਪੈਂਦੇ।ਕਦੇ ਮੰਤਰੀਆਂ ਦਾ ਘਿਰਾਓ,ਕਦੇ ਜਿਲਾ ਕਚਹਿਰੀ ਦਾ ,ਕਦੇ ਚੰਡੀਗੜ,ਕਦੇ ਦਿੱਲੀ ਜਾ ਧਰਨਾ ਲਾ ਦਿੰਦੇ ।

                     ਉਹ ਕਹਿੰਦਾ, “ਲੈਨਮੈਨ ਸਾਹਬ,ਤੁਹੀਂ ਮੋਟਰ ਕੁਨੈਕਸ਼ਨ ਦੇਣੈ,ਲੋਡ ਬਦਲਣੇ, ਛੋਟੀ ਮੋਟੀ ਤਾਰ ਖਿਚਣੀ  ਤੇ ਕਸਣੀ ਐ ਤਾਂ ਕਿਸਾਨਾਂ ਨੂੰ ਲੁੱਟਦੇ ਹੋ।ਸਿਧੀ ਰਿਸ਼ਵਤ ਚਲਦੀ ਐ।ਤੁਹੀਂ ਤਾਂ ਪੁਲਿਸ ਦੀ ਰੀਸ ਕਰਨ ਲੱਗ ਪਏ          ... ਕਰੋੜ-  ਪਤੀ ਬਣਨ ਲਈ ... ।”  

                     ਜਗੀਰ ਸਿੰਘ ਉਸੇ ਲਹਿਜੇ ਵਿਚ  ਬੋਲਿਆ, “ਵੱਡਿਆ ਲੀਡਰਾ? ਐਂ ਦੱਸ, ਜਿਹੜੇ ਤੇਰੇ ਵਰਗੇ ਬਿਨਾ ਮੰਗੇ ਜੇਬ ਵਿਚ ਪਾ ਦਿੰਦੇ ਨੇ? ਘੁੱਟ ਦਾਰੂ ਪਿਲਾ ਦਿੰਦੇ ਨੇ? ਪੁਲਿਸ ਵਾਲਿਆਂ ਦੀ ਰੀਸ ਨੀ ਕਰ ਸਕਦੇ,ਉਹਨਾਂ ਦੇ ਹੱਥਾਂ ਵਿਚ ਡੰਡੇ ਤੇ ਭੂ-ਮਾਫੀਏ ਨੇ? ਸ਼ਹਿਰਾਂ ਦੇ ਬਾਹਰ ਵੇਖ ਲਓ, ਓਹਨਾਂ ਦੇ ਪਲਾਟ ...?”  
                    ਉਹ ਝੱਟ ਬੋਲ ਪਿਆ, “ਫੇ ਪਤਾ ਲੱਗੂ ਜਦ ਗਰਿਡ ‘ਤੇ ਧਰਨਾ ਲੱਗਿਆ ?”  
                    ਕਦੇ-ਕਦੇ ਤਾਂ ਜਗੀਰ ਸਿੰਘ ਉਸ ਦੀਆਂ ਗੱਲਾਂ ‘ਤੇ ਹੈਰਾਨ ਰਹਿ ਜਾਂਦਾ ਕਿ ਉਸ ਨੂੰ ਐਨੀ ਵਾਕਫੀਅਤ ਕਿਵੇਂ ਹੋ ਗਈ।ਇਕ ਦਿਨ ਮੇਲੂ ਆਪੇ ਹੈਰਾਨ ਹੋਈ ਜਾ ਰਿਹਾ ਸੀ, “ਛੋਟੇ ਭਾਈ ਚੰਡੀਗੜ ਨੂੰ ਜਾਂਦਿਆਂ ਐਨੀ ਭੀੜ ? ਬੱਸਾਂ,ਕਾਰਾਂ ਪਤਾ ਨੀ ਕੀ ਕੀ,ਕੌਣ ਕੌਣ ਜਾ ਰਿਹੈ ?ਸੜਕਾਂ ਭਾਰ ਨੀ ਝੱਲਦੀਆਂ।ਸੜਕਾਂ ਦੇ ਆਲੇ-ਦੁਆਲੇ ਪਤਾ ਨੀ ਕਿਹੜੇ ਕਿਹੜੇ ਦੇਸੋਂ-ਵਿਦੇਸ਼ੋਂ ਅਰਬਾਂ ਖਰਬਾਂ ਪਤੀਆਂ ਦੀਆਂ ਦੁਕਾਨਾਂ,ਢਾਬੇ,ਵੱਡੇ ਵੱਡੇ ਪਲਾਜ਼ੇ,ਪ੍ਰਾਈਵੇਟ ਬਹੁ-ਤਕਨੀਕੀ ਕਾਲਜਾਂ,ਫੈਕਟਰੀਆਂ ਨੇ ਜ਼ਮੀਨ ਮੱਲੀ ਹੋਈ ਐ? ਇਕ ਦਿਨ ਯੂਨੀਅਨ ਵਾਲੇ,ਲਾਂਡਰਾਂ ਤੋਂ ਪਿਛੇ ਸੜਕ ‘ਤੇ ਬਣ ਰਹੀ ਫੈਕਟਰੀ ਮੁਹਰੇ ਰੁਕ ਗਏ।ਇਕ ਜਣੇ ਨੇ ਗੇਟ ਵਾਲੇ ਤੋਂ ਪਤਾ ਕੀਤਾ।ਗੇਟ ਵਾਲੇ ਨੇ ਅੰਦਰ ਪਏ ਵੱਡੇ ਬੋਰਡ ਵੱਲ ਇਸ਼ਾਰਾ ਕਰ ਦਿੱਤਾ,   “ਇਹ ਪੜ੍ਹ ਲਓ ?”   

                    ਟੇਢੇ ਪਏ ਬੋਰਡ ਨੂੰ ਇਕ ਕਿਸਾਨ ਨੇ ਕੋਲ ਜਾ ਕੇ ਪੜ੍ਹਿਆ।ਉਸ ਉਤੇ ਅੰਗਰੇਜੀ ਵਿਚ ਲਿਖਿਆ ਸੀ  ਕਿ ਆਲੂਆਂ ਤੋਂ ਚਿਪਸ ਬਣਾਉਣ ਦੀ ਫੈਕਟਰੀ ਛੇਤੀ ਚਾਲੂ ਹੋ ਰਹੀ ਹੈ।ਬੋਰਡ ਕੁਝ ਦਿਨਾਂ ਤਕ ਬਣ ਰਹੇ ਗੇਟ ਉਤੇ ਲੱਗ ਜਾਵੇਗਾ।’
                 
13

                           ‘ਕਿਸਾਨਾਂ ਨੇ ਸੋਚਿਆ ਕਿ ਉਹਨਾਂ ਤੋਂ ਆਲੂ ਚਾਰ ਪੰਜ ਰੁਪਏ ਕਿਲੋ ਲੈ ਕੇ ਕੁਰਕੁਰੇ-ਚਿਪਸ ਦੇ ਕਰੋੜਾਂ ਰੁਪਏ ਕਮਾਉਣਗੇ !’   

                     ਇਕ ਕਿਸਾਨ ਨੇ ਕਿਹਾ, “ਇਹੋ ਜਿਹੀਆਂ ਮਸ਼ੀਨਾਂ ਆਪਾਂ ਕਿਉਂ ਨਾ ਲਾ ਲਈਏ ।”          
                     ਦੂਜਾ ਜਣਾ ਝੱਟ ਬੋਲ ਪਿਆ, “ਵੀਰਿਆ ਆਪਾਂ ਇਹਨਾਂ ਦਾ ਕਿਵੇਂ ਮੁਕਾਬਲਾ ਕਰਾਂਗੇ ?ਪੱਲੇ ਤਾਂ ਥੇਲਾ ਨੀ।”

                      ਤੀਜਾ ਜਣਾ ਵੀ ਬੋਲ ਪਿਆ, “ਬਾਈ ਜੀ ਕੋਸ਼ਿਸ਼ ਕਰਕੇ ਤਾਂ ਦੇਖੋ ਰਲ ਮਿਲ ਕੇ !”    
                      ਉਸ ਨਾਲ ਸਾਰੇ ਸਹਿਮਤ ਹੋ ਗਏ, “ਹਾਂ ਕਰਾਂਗੇ ਕੋਸ਼ਿਸ਼ ... ਮੁੰਡਿਆਂ ਨੂੰ ਸਮਝਾਵਾਂਗੇ ।” 

                       ਮੇਲੂ ਨੇ ਹੋਰ ਦੱਸਿਆ, “ਰੈਲੀ ਕਰਨ ਗਏ ਮਟਕਾ ਚੌਂਕ ਵਿਚ ਬੈਠੇ ਰਹਿੰਦੇ ਸੀ।ਹੁਣ ਸ਼ਹਿਰ ਵਾਲੇ ਪੀਪਨੀਆਂ ਫੜਾਉਂਦੇ ਨੇ।ਲਓ ਬਜਾਓ ਤੇ ਨਿਕਲੋ,ਫੁੱਲ ਗੁਲਾਬ ਅਤੇ ਵਿਸ਼ਵੀਕਰਨ ਦੇ ਪਿੰਡ ਵਿਚੋਂ।ਏਥੇ ਡੰਗਰ ਵੱਛਿਆਂ ਦਾ ਕਿਆ ਕੰਮ ... ?”     
                       “ਸਾਰੇ ਚੁੱਪ ... ਪੀਪਨੀਆਂ ਫੜਕੇ ।” ਮੇਲੂ ਦੱਸਦਾ ਦੱਸਦਾ ਰੋਣ-ਹਾਕਾ ਹੋ ਜਾਂਦਾ। 
                        ਜਗੀਰ ਸਿੰਘ ਦੇ ਅੰਦਰ ਛੁੱਰੀਆਂ ਚੱਲਣ ਲੱਗ ਪੈਦੀਆਂ।ਉਸ ਨੂੰ ਆਪਣੇ ਭਤੀਜਿਆਂ ਨਾਲ ਵੀ ਇਹੋ ਕੁਝ ਹੋਇਆ ਯਾਦ ਆ ਗਿਆ, ‘ਉਹਨਾਂ ਮਾਲਵੇ ਦੇ ਗੱਭੇ,ਧੂਰੀ ਲਾਗੇ ਮੀਮਸੀਂ ,ਦੱਸ ਕੀਲਿਆਂ ਦਾ ਸੌਦਾ ਕਰ ਲਿਆ। ਭੂ-ਮਾਫੀਏ ਨੇ ਅੱਧੀ ਰਕਮ ਵਿਚੋਂ ਬਿਆਨੇ ਦੀ ਦੁਆ ਦਿੱਤੀ ਸੀ।ਉਹਨਾਂ ਦੀ ਘਰ ਆ ਕੇ ਅੱਡੀ ਨਾ ਲੱਗੇ, “ਚਾਰ ਦੇ ਦੱਸ ਕੀਲੇ ਬਣ ਜਾਣਗੇ ।”     
                        ‘ਜਦੋਂ ਰਜਿਸਟਰੀ ਕਰਾਉਣ ਗਏ ਤਾਂ ਉਹਨਾਂ ਨੇ ਠੂਠਾ ਵਿਖਾ ਦਿੱਤਾ।ਕਹਿੰਦੇ, “ਏਥੇ ਕੋਈ ਸੌਦਾ  ਨੀ ਹੋਇਆ ਬਾਈ ਸਿਆਂ ?”  
 
                        ਮੁੰਡੇ ਅੜੇ ਤੇ ਰੋਏ ਪਿਟੇ।ਉਹਨਾਂ ਨੇ ਡੰਡਾ ਫੇਰਕੇ ਭਜਾ ਦਿੱਤੇ।ਉਹ ਨਕਲੀ ਭੂ-ਮਾਫੀਏ ਮੁੜਕੇ ਲੱਭੇ ਹੀ ਨਹੀਂ।ਮੇਲੂ ਨੇ ਕਿਸਾਨ ਯੂਨੀਅਨ ਦੇ ਬੰਦੇ ਲੈ ਕੇ ਪੁੱਛ ਗਿਛ ਕੀਤੀ।ਉਹਨਾਂ ਨੂੰ ਵੀ ਪੱਲਾ ਨਾ ਫੜਾਇਆ।ਮੁੰਡੇ ਲੋਹਾ ਮੰਡੀ ਫਿਰ ਜਾਣ ਲੱਗ ਪਏ।ਮੇਲੂ ਦਿਨ ਰਾਤ ਦਾਰੂ ਪੀਣ ਲੱਗ ਪਿਆ।ਉਹ ਯੂਨੀਅਨ ਦੀਆਂ ਮੀਟਿੰਗਾਂ ਅਤੇ ਰੈਲੀਆ ਵਿਚ ਜਾਣ ਤੋਂ ਵੀ ਹਟ ਗਿਆ।ਉਸ ਨੇ ਵੇਖ ਲਿਆ ਕਿ ਦੋਫਾੜ ਹੋਈ ਯੂਨੀਅਨ ਵਿਚ ਜਾਨ ਹੀ ਨਹੀਂ ਰਹੀ।ਆਖਰ ਇਕ ਰਾਤ ਉਹ ਵੀ ਸੁੱਤਾ ਪਿਆ  ਹੀ ਰਹਿ ਗਿਆ। ਪਤਾ ਲੱਗਾ ਕਿ ਅਟੈਕ ਹੋਇਆ ਸੀ।’  
                                                                        
                       ਉਸ ਦੇ ਭੋਗ ਵਾਲੇ ਦਿਨ,ਜਿਲੇ ਦਾ ਪ੍ਰਧਾਨ, ਚਾਰ ਕੁ ਕਿਸਾਨਾਂ ਨੂੰ ਲੈ ਕੇ ਆਇਆ।ਪ੍ਰੀਵਾਰ ਦੇ ਮੈਂਬਰਾਂ ਨੂੰ ਇਕ ਪੱਗ ਦੇ ਕੇ ਚਾਰ ਕੁ ਸ਼ਬਦ ਕਹੇ, “ਕਿਸਾਨਾਂ ਦੀਆਂ ਹੱਕੀ ਮੰਗਾਂ ਲਈ ਲੜਨ ਵਾਲੇ ਇਸ ਯੋਧੇ ਦੀ ਤਰਾਂ੍ਹ ਹੋਰ ਕਿਸਾਨ ਵੀਰ ਅਗੇ ਆਉਣ ਤਾਂ ਕਿ ਇਕੱਠੇ ਹੋ ਕੇ ਸਾਂਝੇ ਮਸਲਿਆਂ ਦਾ ਹੱਲ ਕਰਾ ਸਕੀਏ।”      
                                                ਕਰਨੈਲ ਨੇ ਮੁੰਡਿਆਂ ਨਾਲ ਰਲ ਕੇ ਖੇਤੀ ਦਾ ਕੰਮ ਚੰਗਾ ਰੋੜ ਲਿਆ ਸੀ।ਉਸ ਦੇ ਮੁੰਡਿਆਂ ਦੇ ਮੁੰਡੇ ਹੋ ਗਏ।ਹੌਲੀ ਹੌਲੀ ਨਿਆਣਿਆਂ ਪਿਛੇ ਨੂੰਹਾਂ ਕਲੇਸ਼ ਪਾ ਲਿਆ ਕਰਨ।ਇਕ ਨੇ ਕਿਹਾ, “ਇਕ ਦਿਨ ਆਟਾ,ਬੜੀ ਗੁੰਨਿਆ ਕਰੇ,ਇਕ ਦਿਨ ਛੋਟੀ।” ਸਬਜ਼ੀ ਬਣਾਉਣ,ਕਪੜੇ ਧੋਣ,ਝਾੜੂ ਲਾਉਣ ਤੋਂ ਇਕ ਦੂਜੀ ਨਾਲ ਮੂੰਹ ਮੋਟਾ ਕਰ ਲਿਆ ਕਰਨ।ਮੁੰਡਿਆਂ ਤੋਂ ਵੀ ਨਿਤ ਦੀਆਂ ਗੱਲਾਂ ਦੇਖੀਆਂ ਨਾ ਗਈਆਂ।ਉਹਨਾਂ ਨੂੰ ਅੱਡ ਹੋਣਾ ਪੈ ਹੀ ਗਿਆ। 
                      ਉਹਨਾਂ ਵਿਚੋਂ ਇਕ ਮੁੰਡੇ ਨੂੰ ਬਾਹਰਲੇ ਮੁਲਕ ਜਾਣ ਦਾ ਭੂਤ ਸਵਾਰ ਹੋ ਗਿਆ ਸੀ।ਉਸ ਵੇਲੇ ਉਹਨਾਂ ਨੂੰ ਭੂ-ਮਾਫੀਏ ਨਾਲ ਆਇਆ ਸਾਧੂ ਸਿੰਘ ਮਸਾਂ ਮਿਲਿਆ।ਮੁੰਡਾ ਕਹਿੰਦਾ, “ਹੁਣੇ ਵੇਚੋ।ਛੇਤੀ ਜਹਾਜ਼ ਚੜ੍ਹਾਂ।” ਉਹੀ ਗੱਲ ਹੋਈ।ਉਸ ਦੇ ਹੱਥ ਪੈਸਾ ਆਇਆ।ਉਸ ਨੇ ਝੱਟ-ਪੱਟ ਏਜੰਟਾਂ ਨੂੰ ਜਾ ਫੜਾਇਆ।ਚਾੜ੍ਹ ਦਿੱਤਾ ਜਹਾਜ਼ ਤੱਤ-ਭੜੱਤ ‘ਚ।

14

ਜਰਮਨ ਵਿਚ ਉਤਰਦਾ ਹੀ ਫੜਿਆ ਗਿਆ।ਜੇਲ੍ਹ ਵਿਚ ਬੈਠਾ ਰੋਂਦਾ ਰਿਹਾ।ਸਜ਼ਾ ਭੁਗਤ ਕੇ ਆਇਆ ਤਾਂ ਬੁਰਾ ਹਾਲ,ਪਾਟੇ ਕਪੜੇ ਤੇ ਭੁੱਖਾ।ਨਮੋਸ਼ੀ ‘ਚ ਆਉਂਦੇ ਨੇ ਹੀ ਪੱਕੀ ਨਹਿਰ ‘ਚ ਛਾਲ ਮਾਰ ਦਿੱਤੀ।ਉਹ ਤਾਂ ਗਿਆ ਹੀ,ਦੂਜਾ ਮੁੰਡਾ ਵੀ ਅੱਧੇ ਪੈਸੇ                                                                                                                                                                                               
ਲੈ ਕੇ ਸਹੁਰੀਂ ਜਾ ਬੈਠਿਆ।ਉਸ ਦੀ ਘਰ ਵਾਲੀ ਹੱਥ ਤੇ ਕਰਕੇ ਲੈ ਗਈ ਕਿ ਉਸ ਦੇ ਭਰਾ,ਚਾਰ ਸਿਆੜ ਲੈ ਦੇਣਗੇ।ਮਗਰੋਂ ਕਰਨੈਲ ਪੈ ਗਿਆ ਲੰਮਾ,ਕੀ ਕਰੇ ... ? ਗਮ ‘ਚ ਉਹ ਵੀ ਪਾਰ ਬੋਲਿਆ।                                  
                    ਜਗੀਰ ਸਿੰਘ ਨੂੰ ਆਪਣੀ ਧੀ ਦਾ ਖਿਆਲ ਆਇਆ।ਉਹ ਕਹਿੰਦੀ ਸੀ ਕਿ ਉਸ ਕੋਲ ਆ ਜਾਣ।ਉਸ ਦਾ ਜੀ ਕੀਤਾ,ਏਥੋਂ ਹੀ ਧੀ ਦੇ ਪਿੰਡ ਨੂੰ ਸਿੱਧਾ ਹੋ ਲਵੇ।ਮਨ ਨੂੰ ਸਕੂਨ ਮਿਲ ਜਾਵੇਗਾ।ਹੁਣ ਵੀ ਉਸ ਦੇ ਕੰਨਾਂ ਵਿਚ ਧੀ ਦੀ ਆਵਾਜ ਆ ਰਹੀ ਹੈ,ਦੋ ਰੋਟੀਆਂ ਹੀ ਖਾਣੀਆਂ ਨੇ ਏਥੇ ਖਾਈ ਜਾਇਓ ?”  

                    ਹਵਾ ਦਾ ਬੁੱਲ੍ਹਾ ਆਇਆ।ਆਸੇ ਪਾਸੇ ਬੱਲੀਆਂ ਇਕ ਦੂਜੀ ਨਾਲ ਖਹਿ ਕੇ ਲਹਿਰ ਬਣਾ ਗਈਆਂ।ਦੂਰ ਤਕ ਮਿੱਠਾ ਮਿੱਠਾ ਸੰਗੀਤ ਪੈਦਾ ਹੁੰਦਾ ਚਲਾ ਗਿਆ।    
                    “ਧੀ ਕੋਲ ਰਹਿਣ ਨਹੀਂ ਜਾਣਾ ... ਚਾਰ ਦਿਨਾਂ ਵਿਚ ਹੀ ਸ਼ਰਮ ਨਾਲ ਮਰ ਜਾਵਾਂਗੇ ?”    
                    ਜਗੀਰ ਸਿੰਘ ਨੂੰ ਆਪਣੀ ਘਰਵਾਲੀ ਦੇ ਬੋਲ ਇਉਂ ਸੁਣਾਈ ਦਿੱਤੇ ਜਿਵੇਂ ਉਸ ਦੇ ਸਾਹਮਣੇ ਹੀ ਖੜੀ ਕਹਿ ਰਹੀ ਹੋਵੇ।       

                    ਧੀ ਮਿਲਣ ਆਉਣ ਤੋਂ ਹੀ ਹੱਟ ਗਈ, “ਕਿਵੇਂ ਆਈਏ,ਆਲ-ਮਤਾਲ ਗੱਲਾਂ ਕਰੀ ਜਾਂਦੇ ਨੇ।ਬੋਲਣ ਤੋਂ ਨੀ ਹਟਦੇ।ਕਦੇ ਹੱਸਦੇ,ਕਦੇ ਰੋਂਦੇ ਹੋਏ ਜਣੇ-ਖਣੇ ਕੋਲ ਢਿਡ ਫੋਲਣ ਬਹਿ ਜਾਂਦੇ ਨੇ।”
 
                   ਜਗੀਰ ਸਿੰਘ ਨੂੰ ਜ਼ਮੀਨ ਵੇਚਣ ਦਾ ਹੇਰਵਾ ਗੁਨਾਹ ਦਾ ਰੂਪ ਧਾਰ ਕੇ,ਉਸ ਅੰਦਰ ਖੌਰੂ ਪਾਉਣ ਲੱਗ ਪਿਆ।ਉਹ ਕਦੇ ਉਚੀ ਬੋਲਦਾ,ਕਦੇ ਹੱਸਦਾ ਕਦੇ ਰੋਂਦਾ।ਉਹ ਆਪਣੇ ਵਾਲ ਵੀ ਪੁੱਟਣ ਲੱਗ ਪਿਆ।ਉਸ ਦਾ ਵਾਲਾਂ ਨੂੰ ਹੱਥ ਪੈਂਦਾ ਪੈਂਦਾ ਰਹਿ ਗਿਆ।ਉਸੇ ਹੱਥ ਨਾਲ ਉਸ ਨੇ ਲੱਤ ‘ਤੇ ਚੜੀ ਕੀੜੀ ਮਲ ਦਿੱਤੀ।  
                   ਉਸ ਦੀਆਂ ਭੈਣਾਂ ਉਲਾਂਭਾ ਦੇਣ ਤੋਂ ਨਹੀਂ ਹੱਟਦੀਆਂ।ਕਿਸੇ ਨਾ ਕਿਸੇ ਕੋਲ ਕਹਿ ਹੀ ਦਿੰਦੀਆਂ,                                 
“ਚੰਦਰਿਆਂ ਨੇ ਜ਼ਮੀਨ ਵੇਚਣ ਲੱਗਿਆਂ ਇਕ ਵਾਰ ਵੀ ਨਹੀਂ ਪੁੱਛਿਆ !ਅਸੀਂ ਕਿਹੜੀ ਲੈਣੀ ਤੀ ।”  
                   ਜਗੀਰ ਸਿੰਘ ਕਦੇ ਕਦਾਈਂ ਭੈਣਾਂ ਕੋਲ ਚਲਾ ਜਾਂਦਾ ਤਾਂ ਉਹ ਕਹਿੰਦੀਆਂ, “ਕਿਥੇ ਕਿਥੇ ਕਿਹੜੇ ਕਿਹੜੇ ਭਾਈਆਂ ਦੇ ਟੱਬਰਾਂ ਨੂੰ ਲੱਭਦੇ ਫਿਰੀਏ?ਇਕ ਟਿਕਾਣਾ ਹੀ ਨਹੀਂ ਰਿਹਾ।ਇਸ ਨਾਲੋਂ ਤਾਂ ਘਰ ਬਹਿ ਕੇ ਹੀ ਰੋ ਲੈਂਦੀਆਂ, ‘ਬੁੜੇ੍ਹ ਦੇ ਜਣਦਿਆਂ ਨੂੰ ।’  

                  ਜਗੀਰ ਸਿੰਘ ਨੂੰ ਅਬਾ ਤਬਾ ਬੋਲਣ ਤੋਂ ਬਿਨਾ ਕੁਝ ਸੁਝਦਾ ਹੀ ਨਹੀਂ।ਉਹ ਉਠ ਕੇ ਤੁਰ ਪਿਆ।ਉਹ ਅੱਕ ਗਿਆ ਸੀ।ਵਾਪਸ ਮੁੜਦਿਆਂ ਉਸ ਨੂੰ ਜਾਪਿਆ, “ਸਾਧੂ ਸਿੰਘ ਦੇ ਕੁੱਤੇ ਵੀ ਦੈਂਤ ਨੇ,ਜਿਹੜੇ ਘੁਸਮਸਾ ਹੋਣ ਕਰਕੇ ਖੁੱਲੇ ਛੱਡੇ ਹੋਏ ਹੋਣਗੇ?ਸੜਕ ਉਤੇ ਪੈੜਚਾਲ ਸੁਣ ਕੇ ਭੱਜ ਆਉਣਗੇ।ਪਾੜ ਦੇਣਗੇ ਮਿੰਟਾਂ ‘ਚ।”   
                  ਉਸ ਨੂੰ ਆਪਣੇ ਰੋਟੀਆਂ ਖਾਣੇ ਦੇਸੀ ਕੁੱਤੇ ਯਾਦ ਆ ਗਏ।ਉਹ ਪਹੇ ਵਿਚ ਕਿਸੇ ਨੂੰ ਖੰਘਣ ਨਹੀਂ ਸੀ ਦਿੰਦੇ।ਨਾ ਉਹਨਾਂ ਨੂੰ ਕਦੇ ਬੰਨਿਆਂ,ਨਾ ਫੀਡ ਅਤੇ ਦੁੱਧ ਪਾਇਆ ਸੀ।ਬਚਦੀਆਂ ਰੋਟੀਆਂ ਜਰੂਰ ਪਾ ਦਿੰਦੇ ਜਾਂ ਰੋਟੀ ਵੇਲੇ ਬੁਰਕੀ ਬੁਰਕੀ ਜਰੂਰ ਪੈ ਜਾਂਦੀ।ਬੁੜ੍ਹਿਆਂ ਨੂੰ ਤਰਸ ਆਉਂਦਾ।ਉਹ ਆਪਣੀ ਰੋਟੀ ਨਾਲੋਂ ਅੱਧੀ ਰੋਟੀ ਜਰੂਰ ਪਾਉਂਦੇ।ਉਹ ਕਹਿੰਦੇ, “ਇਹ ਵੀ ਆਪਣੇ ਹੀ ਨਿਆਣੇ ਨੇ ... ਇਹਨਾਂ ਦਰਵੇਸ਼ਾਂ ਦੇ ਕਿਹੜੇ ਹਲ ਵਗਦੇ ਨੇ।”  
                

15

                                  ਜਗੀਰ ਸਿੰਘ ਤੁਰਿਆ ਜਾ ਰਿਹੈ।ਉਸ ਨੂੰ ਸਮਝ ਨਹੀਂ ਆ ਰਹੀ,ਏਧਰ ਆ ਕੇ ਹੁਣ ਕਿਧਰ ਜਾਵੇ?    ਉਸ ਦਾ ਜੀ ਕੀਤਾ,ਤੁਰਿਆ ਹੀ ਜਾਵੇ।ਉਸ ਨੇ ਵੇਖਿਆ ਸਾਧੂ ਸਿੰਘ ਆਪਣੇ ਅੰਦਰ ਜਾ ਵੜਿਆ ਸੀ।ਭਾਵੇਂ ਉਸ ਦੇ ਨਾਲ ਹੀ ਚਲਾ ਜਾਂਦਾ।ਚਾਹ ਪਾਣੀ ਪੀ ਆਉਂਦਾ।ਉਸ ਵੇਲੇ ਤਾਂ ਮਨ ਹੀ ਨਹੀਂ ਮੰਨਿਆ।ਅੰਦਰ ਖੌਰੂ ਪਿਆ ਹੋਇਆ ਸੀ।  
                                          
                            ਜਗੀਰ ਸਿੰਘ ਨੂੰ ਉਬਾਸੀ ਆਈ।ਸਾਰਾ ਮੂੰਹ ਹੀ ਖੁੱਲ ਗਿਆ । ਉਡਿਆ ਫਿਰਦਾ  ਮੱਛਰ  ਸਿੱਧਾ ਮੂੰਹ ‘ਚ । ਉਸ ਨੇ ਕਾਣਤ ਕੇ ਥੂ ਥੂ ਕੀਤਾ।ਮੱਛਰ ਨਿਕਲ ਗਿਆ । ਉਸ ਨੇ ਅੰਗੜਾਈ ਲਈ ,     “ਆਲੂ ਬੀਜ ਲਿਆ ਕਰਾਂਗੇ ... ਕੁਰਕੁਰੇ-ਚਿਪਸ ਬਣਾਉਣ ਲਈ ... ਸ਼ਾਇਦ ਮੁੰਡੇ ਮੰਨ ਹੀ ਜਾਣ ... ! ” 
                                        
                                          
        
  ਸੰਪਰਕ: 9872823511                              
          

Comments

anamen singh

vadia khania ji

dhanwant bath

ajj dai punjab de asli taswer bain kite hai lakhik nai.....dhanwad

Security Code (required)Can't read the image? click here to refresh.

Name (required)

Leave a comment... (required)

ਕਹਾਣੀ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ