Tue, 16 April 2024
Your Visitor Number :-   6975897
SuhisaverSuhisaver Suhisaver

ਯੋਗਾ ਦਾ ਧਰਮੀਕਰਨ, ਸਿਆਸੀਕਰਨ ਬੰਦ ਹੋਵੇ

Posted on:- 19-06-2015

suhisaver

-ਗੁਰਮੇਲ ਗਿੱਲ
ਸਰੀ: ਯੋਗਾ ਸਰੀਰ ਨੂੰ ਤੰਦਰੁਸਤ ਰਖਣ ਲਈ ਇਕ ਵਰਜਿਸ਼ ਹੈ। ਬਾਕੀ ਸਰੀਰਕ ਕਸਰਤਾਂ ਵਾਂਗ ਇਸ ਦੀ ਵਰਤੋਂ ਜਾਂ ਪ੍ਰੈਕਟਿਸ ਤੇ ਕਿਸੇ ਨੂੰ ਕੋਈ ਇਤਰਾਜ਼ ਨਹੀਂ ਹੋ ਸਕਦਾ, ਪਰ ਜਿਸ ਤਰਾਂ ਅੱਜ ਕੱਲ ਇਸ ਨੂੰ ਧਰਮ ਨਾਲ ਜੋੜ ਕੇ ਇਸ ਦਾ ਪ੍ਰਚਾਰ ਕੀਤਾ ਜਾਂਦਾ ਹੈ ਤੇ ਇਸ ਤੋਂ ਸਿਆਸੀ, ਧਾਰਮਿਕ ਤੇ ਵਪਾਰਿਕ ਲਾਹਾ ਲੈਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹ ਛੱਲ ਤੇ ਕਪੱਟ ਹੈ। ਤਰਕਸ਼ੀਲ ਕਲਚਰਲ ਸੁਸਾਇਟੀ ਆਫ਼ ਕੈਨੇਡਾ ਵੈਨਕੂਵਰ ਇਸ ਕਾਰਵਾਈ ਦਾ ਗੰਭੀਰ ਨੋਟਿਸ ਲੈਂਦੇ ਹੋਏ ਲੋਕਾਂ ਨੂੰ ਸੁਚੇਤ ਕਰਦੀ ਹੈ ਕਿ ਯੋਗਾ ਵਾਰੇ ਹੋ ਰਹੇ ਪ੍ਰਚਾਰ ਨਾਲ ਗੁਮਰਾਹ ਹੋਣ ਦੀ ਥਾਂ ਇਸ ਪਿੱਛੇ ਛਿਪੇ ਮਨਸੂਬਿਆਂ ਨੂੰ ਪਛਾਨਣ। ਬੀਜੇਪੀ ਦੀ ਸਰਕਾਰ ਬਨਣ ਤੋਂ ਬਾਅਦ ਭਾਰਤ ਵਿਚ ਧਾਰਮਿਕ ਕਟੜਵਾਦ ਦਾ ਫਨੀਅਰ ਸੱਪ ਲੋਕਾਂ ਦੀ ਸਦੀਆਂ ਪੁਰਾਣੀ ਭਾਈਚਾਰਕ ਏਕਤਾ ਨੂੰ ਡੰਗ ਮਾਰਨ ਦੀ ਤਿਆਰੀ ਕਰ ਰਿਹਾ ਹੈ।  ਯੋਗਾ ਦਾ ਦੇਸ਼ ਪ੍ਰਦੇਸ਼ ਵਿਚ ਇਕ ਖਾਸ ਧਰਮ ਨਾਲ ਜੋੜ ਕੇ ਤਾਬੜ ਤੋੜ ਪ੍ਰਚਾਰ ਉਸੇ ਕੜੀ ਦਾ ਇਕ ਹਿਸਾ ਹੈ।

ਦੂਜੇ ਪਾਸੇ ਸਾਡੀ ਸਰਕਾਰ ਜੋ ਕਾਰਪੋਰੇਟ ਘਰਾਣਿਆਂ ਦੀ ਇਕ ਰਖੇਲ ਹੈ, ਉਹ ਉਨ੍ਹਾਂ ਦੇ ਹਿਤਾਂ ਦੀ ਪੂਰਤੀ ਲਈ ਉਨ੍ਹਾਂ ਨੂੰ ਤਾਂ ਟੈਕਸਾਂ ਵਿਚ ਛੋਟ ਤੇ ਛੋਟ ਦੇ ਰਹੀ ਹੈ ਪਰ ਆਮ ਆਦਮੀ ਤੇ ਆਰਥਿਕ ਬੋਝ ਦਿਨ ਪ੍ਰਤੀ ਦਿਨ ਵਧਾ ਰਹੀ ਹੈ ਅਤੇ ਇਸ ਦੇ ਨਾਲ ਹੀ ਉਸ ਨੂੰ ਮਿਲ ਰਹੀਆਂ ਸਹੂਲਤਾਂ ਜਿਵੇਂ ਵਿਦਿਆ, ਸਿਹਤ, ਬੁਢਾਪਾ ਪੈਨਸ਼ਨ ਵਗੈਰਾ ਤੇ ਕੱਟ ਤੇ ਕੱਟ ਲਾ ਰਹੀ ਹੈ । ਘਟੋ ਘੱਟ ਉਜਰਤ ਵਿਚ ਨਿਗੂਣਾ ਵਾਧਾ ਆਮ ਆਦਮੀ ਤੇ ਨਿਤ ਦਿਨ ਵਧਦੀ ਮਹਿੰਗਾਈ ਦੀ ਪੈ ਰਹੀ ਆਰਥਿਕ ਮਾਰ ਦੇ ਮੇਚ ਦਾ ਨਹੀਂ। ਆਰਥਿਕ ਪਾੜਾ ਦਿਨੋ ਦਿਨ ਵੱਧ ਰਿਹਾ ਹੈ। ਯੂਨੀਵਰਸਿਟੀ ਆਫ਼ ਬ੍ਰਿਟਿਸ਼ ਕੋਲੰਬਿਆ ਦੀ ਇਕ ਰਿਪੋਰਟ ਮੁਤਾਬਿਕ ਪਿਛਲੇ 30 ਸਾਲਾਂ ਵਿਚ ਕੈਨੇਡਾ ਦੀ ਉਪਰਲੀ 1% ਤੇ ਬਾਕੀ 99% ਵਸੋਂ ਦੀ ਔਸਤ ਆਮਦਨੀ ਵਿਚਲਾ ਪਾੜਾ ਲਗਭੱਗ ਦੁਗਣਾ ਹੋ ਗਿਆ ਹੈ। ਇਸ ਦਾ ਨਤੀਜਾ ਹੈ ਕਿ ਆਮ ਆਦਮੀ ਤੇ ਕਰਜ਼ੇ ਦਾ ਭਾਰ ਦਿਨੋ ਦਿਨ ਵਧਦਾ ਜਾ ਰਿਹਾ ਹੈ ਤੇ ਉਸ ਦੀ ਬੇਚੈਨੀ ਵਧਦੀ ਜਾ ਰਹੀ ਹੈ।

ਸਰਕਾਰਾਂ ਲੋਕਾਂ ਦਾ ਧਿਆਨ ਦੂਜੇ ਪਾਸੇ ਖਿੱਚਣ ਲਈ ਧਰਮਾਂ ਦੇ ਆਸਰੇ ਭਾਲਦੀਆਂ ਰਹਿੰਦੀਆਂ ਹਨ, ਸਿਆਸੀ ਚਾਲਾਂ ਚਲਦੀਆਂ ਰਹਿੰਦੀਆਂ ਹਨ ਤੇ ਤਰਾਂ ਤਰਾਂ ਦੇ ਸ਼ੋਸ਼ੇ ਛੱਡਦੀਆਂ ਰਹਿੰਦੀਆਂ ਹਨ। ਯੋਗਾ ਦਾ ਇਸ ਤਰਾਂ ਜੋਰ ਸ਼ੋਰ ਨਾਲ ਪ੍ਰਚਾਰ, ਵਪਾਰੀਕਰਨ ਤੇ ਸਿਆਸੀਕਰਨ ਇਸੇ ਕੜੀ ਦਾ ਇਕ ਹਿਸਾ ਹੈ। ਤਰਕਸ਼ੀਲ ਸੁਸਾਇਟੀ ਸਰਕਾਰ ਤੋਂ ਮੰਗ ਕਰਦੀ ਹੈ ਕਿ ਲੋਕਾਂ ਦਾ ਟੈਕਸਾਂ ਦਾ ਪੈਸਾ ਇਹੋ ਜਿਹੇ ਹੱਥਕੰਡਿਆਂ ਤੇ ਜ਼ਾਇਆ ਕਰਨ ਦੀ ਥਾਂ  ਲੋਕਾਂ ਦੀਆਂ ਆਰਥਿਕ ਮੁਸ਼ਕਲਾਂ ਦੇ ਹੱਲ ਲਈ ਸੁਹਿਰਦ ਯਤਨ ਕਰੇ। ਬੀ ਸੀ ਦੀ ਸਰਕਾਰ ਅਤੇ ਸਿਟੀ ਆਫ਼ ਵੈਨਕੋਵਰ  ਵਲੋਂ 21 ਜੂਨ 2015 ਨੂੰ ਯੋਗਾ ਦਿਵਸ ਮਨਾਉਣ ਦੇ ਬਹਾਨੇ ਲੁਲੁ ਲੇਮਨ ਕੰਪਨੀ ਦੀ ਮਸ਼ਹੂਰੀ ਵਾਸਤੇ ਉਸਨੂੰ ਵਪਾਰਕ ਫਾਇਦਾ ਪਹੁੰਚਾਉਣ ਲਈ ਬੁਰਾਡ ਬ੍ਰਿਜ ਨੂੰ 7 ਘੰਟਿਆਂ ਲਈ ਬੰਦ ਕਰਨ ਦੇ ਪ੍ਰੋਗ੍ਰਾਮ ਦਾ ਜਿਸ ਤਰ੍ਹਾਂ ਲੋਕਾਂ ਨੇ ਵਿਰੋਧ ਕਰ ਕੇ ਸਰਕਾਰ ਨੂੰ ਇਸ ਨੂੰ  ਕੈਂਸਲ ਕਰਨ ਲਈ ਮਜਬੂਰ ਕਰ ਦਿਤਾ ਉਹ ਇਕ ਹਾਂ ਪੱਖੀ ਵਰਤਾਰਾ ਹੈ ।

ਤਰਕਸ਼ੀਲ ਸੁਸਾਇਟੀ ਲੋਕਾਂ ਨੂੰ ਬੇਨਤੀ ਕਰਦੀ ਹੈ ਕਿ ਉਹ ਧਾਰਮਿਕ ਕਟੜਵਾਦ ਤੇ ਸਰਕਾਰੀ ਚਾਲਾਂ ਨੂੰ ਪਛਾੜਦੇ ਹੋਏ ਆਪਣੀਆਂ ਸਮੱਸਿਆਵਾਂ ਦੇ ਹਲ ਲਈ ਸਰਕਾਰ ਨੂੰ ਮਜਬੂਰ ਕਰਨ ਵਾਸਤੇ ਹਮੇਸ਼ਾਂ ਇਸੇ ਤਰਾਂ ਇਕ ਜੁਟ ਹੋ ਕੇ ਹੰਭਲਾ ਮਾਰਦੇ ਰਹਿਣ। ਤਰਕਸ਼ੀਲ ਸੁਸਾਇਟੀ ਸਰਕਾਰ ਦੇ ਹਰ ਲੋਕ ਵਿਰੋਧੀ ਫੈਸਲੇ ਦਾ ਵਿਰੋਧ ਕਰ ਰਹੀਆਂ ਧਿਰਾਂ ਦਾ ਇਕ ਅੰਗ ਬਣ ਕੇ ਚਲਣ ਦਾ ਅਹਿਦ ਕਰਦੀ ਹੈ।   

Comments

Security Code (required)



Can't read the image? click here to refresh.

Name (required)

Leave a comment... (required)





ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ