Tue, 25 June 2024
Your Visitor Number :-   7137875
SuhisaverSuhisaver Suhisaver

ਪੁਸਤਕ: ਭੌਰੇ ਦੀਆਂ ਗੁੱਝੀਆਂ ਰਮਜਾਂ

Posted on:- 15-07-2015

suhisaver

ਰੀਵਿਊਕਾਰ: ਬਲਜਿੰਦਰ ਮਾਨ
ਸੰਪਰਕ: +91 98150 18947


ਲੇਖਕ: ਐੱਸ.ਅਸ਼ੋਕ ਭੌਰਾ
ਪ੍ਰਕਾਸ਼ਕ: ਸਾਹਿਬਦੀਪ ਪਬਲੀਕੇਸ਼ਨ ਭੀਖੀ, ਮਾਨਸਾ ,
ਪੰਨੇ:128, ਮੁੱਲ:150 /-


ਐੱਸ ਅਸ਼ੋਕ ਭੌਰਾ ਸਾਹਿਤ ਦਾ ਕਲ ਕਲ ਕਰਕੇ ਵਗਣ ਵਾਲਾ ਚਸ਼ਮਾ ਹੈ।ਇਸ ਚਸ਼ਮੇ ਵਿਚੋਂ ਸੁਰਮਈ ਸੰਗੀਤ ਉਪਜ ਰਿਹਾ ਹੈ।ਜਿਸਦੀ ਚਰਚਾ ਦੁਨੀਆ ਦੇ ਹਰ ਕੋਨੇ ਵਿਚ ਹੋ ਰਹੀ ਹੈ।ਇਕ ਦਰਜਨ ਦੇ ਕਰੀਬ ਵੱਡ ਅਕਾਰੀ ਵਾਰਤਕ ਪੁਸਤਕਾਂ ਦੇ ਸਿਰਜਣਹਾਰੇ ਦੀ ਇਹ ਕਾਵਿ ਪੁਸਤਕ ‘ਭੌਰੇ ਦੀਆਂ ਗੁਝੀਆ ਰਮਜਾਂ’ ਅਸਲ ਵਿਚ ਕਾਵਿ ਵਿਅੰਗ ਹਨ।ਬਾਰਾਂ ਚੌਦਾਂ ਸਤ੍ਹਰਾਂ ਵਿਚ ਹੀ ਉਹ ਆਪਣੀ ਗੱਲ ਨੂੰ ਸਮੇਟਦਾ ਹੋਇਆ ਪਾਠਕ ਦੇ ਮਨ ਨੂੰ ਹਲੂਣਾ ਮਾਰ ਕੇ ਜਗਾ ਜਾਂਦਾ ਹੈ।ਉਸ ਕੋਲ ਸ਼ਬਦਾਂ ਦਾ ਵਿਸ਼ਾਲ ਭੰਡਾਰ ਹੈ।ਆਪਣੀ ਗਲ ਕਹਿਣ ਲਈ ਉਹ ਇਕ ਸੁਨਿਆਰੇ ਵਾਂਗ ਆਪਣੀ ਪਾਰਖੂ ਨਜ਼ਰ ਨਾਲ ਸ਼ਬਦ ਨੂੰ ਜੜਦਾ ਹੈ।ਉਸਦਾ ਜੁੜਿਆ ਸ਼ਬਦ ਕੱਢ ਕੇ ਜਾਂ ਬਦਲ ਕੇ ਕੋਈ ਵੀ ਗੱਲ ਨਹੀਂ ਕਰ ਸਕਦਾ।ਉਹ ਵਾਰਤਕ ਦਾ ਮਾਹਿਰ ਸਿਰਜਕ ਤਾਂ ਹੈ ਹੀ ਪਰ ਇਸ ਪੁਸਤਕ ਨਾਲ ਉਸਨੇ ਕਾਵਿ ਜਗਤ ਵਿਚ ਵੀ ਆਪਣੀ ਨਿਵੇਕਲੀ ਕਾਵਿ ਸ਼ੈਲੀ ਦਾ ਝੰਡਾ ਗੱਡ ਦਿੱਤਾ ਹੈ।

‘ਭੌਰੇ ਦੀਆਂ ਗੁੱਝੀਆਂ ਰਮਜਾਂ’ਇਸ ਪੁਸਤਕ ਦੀ ਹਰ ਰਚਨਾ ਵਿਚ ਸਜੀਆਂ ਪਈਆਂ ਹਨ।ਜਿਵੇਂ ਪਾਠਕ ਹੋਰ ਅੱਗੇ ਪੜ੍ਹ੍ਹਦਾ ਜਾਂਦਾ ਹੈ ਤਾਂ ਉਸਨੂੰ ਕਾਵਿ ਰਸ ਪਿੱਛੇ ਨਹੀਂ ਹਟਣ ਦਿੰਦਾ।ਉਸਦੇ ਦਿਲ ਦਿਮਾਗ ਦੇ ਬੂਹੇ ਬਾਰੀਆਂ ਆਪਣੇ ਆਪ ਹੀ ਖੁੱਲ੍ਹਦੇ ਜਾਂਦੇ ਹਨ।ਇਸ ਪੁਸਤਕ ਵਿਚੋਂ ਭੌਰੇ ਦੇ ਨਿਵੇਕਲੇ ਕਾਵਿ ਅੰਦਾਜ ਦਾ ਗਿਆਨ ਹੁੰਦਾ ਹੈ।ਜੇ ਉਹ ਵਾਰਤਕ ਰਾਹੀਂ ਲੰਬੇ ਲੰਬੇ ਲੇਖ ਲਿਖਦਾ ਹੈ ਤਾਂ ਉਹ ਨਿੱਕੀ ਜਿਹੀ ਕਵਿਤਾ ਰਾਹੀਂ ਵੀ ਆਪਣੀ ਗੱਲ ਨੂੰ ਬਾਖੂਬੀ ਕਹਿਣ ਦੀ ਸਮਰੱਥਾ ਰੱਖਦਾ ਹੈ।

ਇਹਨਾਂ ਕਵਿਤਾਵਾਂ ਵਿਚੋਂ ਉਸਦੇ ਜੀਵਨ ਦੇ ਤਜ਼ਰਬੇ ਬੋਲਦੇ ਹਨ।ਦੁਨੀਆਂ ਦੇ 50 ਦੇਸ਼ਾਂ ਦੀ ਯਾਤਰਾ ਕਰਨ ਵਾਲਾ ਇਹ ਸ਼ਾਇਰ ਆਪਣੀ ਸ਼ਾਇਰੀ ਦੇ ਸਿਖਰ ਵੱਲ ਨੂੰ ਵਧਦਾ ਪ੍ਰਤੀਤ ਹੁੰਦਾ ਹੈ।ਇਹਨਾਂ ਕਾਵਿ ਵੰਨਗੀਆਂ ਰਾਹੀਂ ਉਹ ਸਮਾਜ ਦੀ ਦੁਖਦੀ ਰਗ ਨੂੰ ਫੜਨ ਵਿਚ ਸਫਲ ਹੋਇਆ ਹੈ।

ਸਮਾਜ ਸਿੱਖਿਆ ਧਰਮ ਰਾਜਨੀਤੀ ਰੁਮਾਂਸ ਜੁਆਨੀ ਨਸ਼ੇ ਛੜੇ ਜਗਤ ਤਮਾਸ਼ਾਂ ਮਾਡਰਨ ਮਾਹੀਆ ਗਿੱਧਾ ਗੱਲ ਕੀ ਜੀਵਨ ਦੇ ਹਰ ਪਹਿਲੂ ਬਾਰੇ ਵਿਅੰਗ ਬਾਣ ਛੱਡਿਆ ਹੈ।ਉਸਦੀ ਕਵਿਤਾ ਦੀ ਹਰ ਤੁਕ ਵਿਚ ਇਕ ਨਰੋਆ ਸੰਦੇਸ਼ ਹੈ।ਸੰਦੇਸ਼ ਵੀ ਇਸ ਤਰੀਕੇ ਨਾਲ ਦਿੱਤਾ ਗਿਆ ਹੈ ਕਿ ਇਸ਼ਾਰਿਆ ਨਾਲ ਹੀ ਸਭ ਗਲ ਸਮਝਾ ਦਿੱਤੀ ਗਈ ਹੈ।ਅਜੋਕੇ ਸਮੇਂ ਵਿਚ ਆ ਰਹੀਆਂ ਤਬਦੀਲੀਆਂ ਦੇ ਦੁੱਖ ਦਰਦ ਵੀ ਬਿਆਨੇ ਗਏ ਹਨ।ਰਿੱਸ਼ਤਿਆਂ ਦੀ ਬੇਕਦਰੀ ਬਾਰੇ ਤਾਂ ਬਾ-ਕਮਾਲ ਕਵਿਤਾਵਾਂ ਲਿਖੀਆਂ ਗਈਆਂ ਹਨ।ਰਾਜਸੀ ਮਸਲਿਆਂ ਦਾ ਵਿਸ਼ਲੇਸ਼ਣ ਵੀ ਆਪਣੇ ਕਲਾਤਮਿਕ ਨਜ਼ਰੀਏ ਨਾਲ ਕੀਤਾ ਹੈ।ਇੰਜ ਇਸ ਪੁਸਤਕ ਰਾਹੀਂ ਸ਼ਾਇਰ ਆਪਣੀ ਕਲਮ ਦੀ ਨੋਕ ਨੂੰ ਹੋਰ ਤਿੱਖ ਕਰਦਾ ਹੋਇਆ ਸ਼ੁਹਰਤ ਦੀ ਟੀਸੀ ਵੱਲ ਵਧਿਆ ਹੈ।ਉਸ ਕੋਲ ਹਰ ਔਖੀ ਤੇ ਪੇਚੀਦਾ ਗੱਲ ਨੂੰ ਸਧਾਰਣ ਸ਼ਬਦਾਂ ਰਾਹੀਂ ਕਹਿਣ ਦੀ ਕਲਾ ਹੈ।ਉਸਦੀ ਗੱਲ ਭਾਵੇਂ ਕਿਸੇ ਦੇ ਗਿੱਟੇ ਲੱਗੇ ਜਾਂ ਗੋਡੇ ਪਰ ਸਭ ਵਡਿਆਈ ਕਰਦੇ ਹਨ।ਇਕ ਕਵਿਤਾ ਦਾ ਜਗਤ ਤਮਾਸ਼ਾ ਦੀਆਂ ਕੁੱਝ ਸਤ੍ਹਰਾਂ ਵੇਖਦੇ ਹਾਂ:

ਸ਼ਰਮ ਹਿਆ ਦਾ ਗੁੱਲ ਹੋ ਗਿਆ ਬੜੇ ਚਿਰਾਂ ਦਾ ਦੀਵਾ
ਪਿੰਡ ਦੇ ਹੁਣ ਪਿੰਡ ਵਿਚ ਆਉਣ ਨੂੰ ਫਿਰਦੇ ਨੇ ਮੁਕਲਾਵੇ।
ਬਾਪ ਦੀਆਂ ਅੱਖਾਂ ਵਿਚ ਧੀ ਦਾ ਜੋਬਨ ਛਲਕਣ ਲੱਗਾ
ਰੱਖੜੀ ਵਾਲੇ ਦਿਨ ਭੈਣ ਦੇ ਫੋਕੇ ਹੋਏ ਦਿਖਾਵੇ।
‘ਤੂੰ ਮੇਰਾ ਤੇ ਮੈਂ ਤੇਰੀ’ ਹੋ ਗਈ ਲੀਰਾਂ ਪ੍ਰੀਤ ਕਹਾਣੀ
ਬੀਵੀ ਹੋਰ ਤੇ ਪਤੀ ਹੋਰ ਦੇ ਮੂੰਹ ਵਿਚ ਬੁਰਕੀਆਂ ਪਾਵੇ।
ਵੱਢ ਵੱਢ ਖਾਂਦੇ ਨਰਮ ਗਧੇਲੇ ਚੇਤੇ ਆਵੇ ਮੰਜਾ
ਮੂੜ੍ਹੇ ਉਤੇ ਬਹਿ ਕੇ ਕਦ ਕੋਈ ਰੰਗਲਾ ਚਰਖਾ ਡਾਹਵੇ।
                 

Comments

Security Code (required)Can't read the image? click here to refresh.

Name (required)

Leave a comment... (required)

ਕਿਤਾਬਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ