Thu, 18 April 2024
Your Visitor Number :-   6982557
SuhisaverSuhisaver Suhisaver

ਲਕੀਰਾਂ ਦੇ ਆਰ ਪਾਰ

Posted on:- 15-09-2015

ਰੀਵਿਊਕਾਰ: ਬਲਜਿੰਦਰ ਮਾਨ
ਸੰਪਾਦਕ: ਪ੍ਰੋ.ਜੇ.ਬੀ ਸੇਖੋਂ
ਪ੍ਰਕਾਸ਼ਕ: ਲੋਕਗੀਤ ਪ੍ਰਕਾਸ਼ਨ ਚੰਡੀਗੜ੍ਹ, ਪੰਨੇ:148, ਮੁੱਲ:160/-


ਪ੍ਰੋ. ਜੇ ਬੀ ਸੇਖੋਂ ਨੇ ਆਪਣੀ ਡੂੰਘੀ ਤੇ ਵਿਸ਼ਾਲ ਸਾਹਿਤਕ ਸਾਧਨਾ ਨਾਲ ਅਲੋਚਨਾ ਜਗਤ ਵਿਚ ਨਿਵੇਕਲਾ ਸਥਾਨ ਬਣਾਇਆ ਹੋਇਆਂ ਹੈ।ਸਾਹਿਤ ਦਾ ਅਧਿਆਪਕ ਹੋਣ ਕਰਕੇ ਵਿਸ਼ਾ ਵਸਤੂ ਅਤੇ ਕਲਾਤਮਿਕਤਾ ਦਾ ਸਹੀ ਮੁਲਾਂਕਣ ਕਰਨ ਵਿਚ ਸਫਲ਼ ਹੁੰਦਾ ਹੈ।ਹੱਥਲੀ ਪੁਸਤਕ ‘ਲਕੀਰਾਂ ਦੇ ਆਰ ਪਾਰ’ ਪ੍ਰੋ ਸੰਧੂ ਵਰਿਆਣਵੀ ਦੇ ਕਾਵਿ ਸੰਸਾਰ ਦੀ ਜਾਣ ਪਛਾਣ ਹੈ।ਜਿਸ ਵਿਚ ਪ੍ਰੋ. ਸੇਖੋਂ ਸਮੇਤ ਨੌਂ ਹੋਰ ਸਾਹਿਤਕਾਰਾਂ ਨੇ ਸੰਧੂ ਦੀ ਕਵਿਤਾ ਦੀ ਚੀਰ ਫਾੜ ਕੀਤੀ ਹੈ।ਇਸ ਪੁਸਤਕ ਵਿਚ ਸੰਧੂ ਦੀ ਇਕ ਪ੍ਰੇਰਨਾਦਾਇਕ ਅਤੇ ਸੰਘਰਸ਼ੀਲ ਸ਼ਖਸੀਅਤ ਦੇ ਨੈਣ ਨਕਸ਼ ਵੀ ਉਘੜਦੇ ਹਨ।ਉਹ ਇਕ ਸੇਵਾਦਾਰ ਵਜੋਂ ਭਰਤੀ ਹੋ ਕੇ ਸਰਕਾਰੀ ਕਾਲਜ ਦੇ ਕਾਰਜਕਾਰੀ ਪ੍ਰਿੰਸੀਪਲ ਤਕ ਦੀਆਂ ਸੇਵਾਵਾਂ ਨੂੰ ਬੜੀ ਸ਼ਾਨ ਨਾਲ ਨਿਭਾਉਂਦਾ ਹੈ।ਵਿਦਿਆ ਗ੍ਰਹਿਣ ਕਰਨਾ ਉਸਦੀ ਜ਼ਿੰਦਗੀ ਦਾ ਮਿਸ਼ਨ ਰਿਹਾ ਹੈ।ਇਸੇ ਕਰਕੇ ਡਿਗਰੀਆਂ ਝੋਲੇ ਭਰਦਾ ਰਿਹਾ ਅਤੇ ਸੰਘਰਸ਼ ਨਾਲ ਤਰੱਕੀ ਦੀਆਂ ਪੌੜੀਆਂ ਚੜ੍ਹਦਾ ਰਿਹਾ।ਕਈ ਪੁਸਤਕਾਂ ਦਾ ਸੰਪਾਦਨ ਅਤੇ ਅੱਧੀ ਦਰਜਨ ਤੋਂ ਵੱਧ ਮੌਲਿਕ ਪੁਸਤਕਾਂ ਦਾ ਇਹ ਸਿਰਜਣਹਾਰਾ ਦੂਰ ਨੇੜੇ ਦੀਆਂ ਕਈ ਸਾਹਿਤਕ ਜਥੇਬੰਦੀਆਂ ਸਮੇਤ ਕੇਂਦਰੀ ਲੇਖਕ ਸਭਾ (ਮਾਨ) ਦੇ ਸਕੱਤਰ ਦੇ ਅਹੁਦੇ ਤਕ ਪੁੱਜ ਜਾਂਦਾ ਹੈ।ਕਲਾਜ ਵਿਚ ਵਿਦਿਆਰਥੀਆਂ ਨਾਲ ਸੰਵਾਦ ਰਚਾਉਂਦਾ ਹੋਣ ਕਰਕੇ ਭਾਸ਼ਾ ਵਿਗਿਆਨ ਦਾ ਮਾਹਿਰ ਬਣ ਗਿਆ। ਫਿਰ ਜਿਸ ਕਾਵਿ ਵੰਨਗੀ ਵਿਚ ਹੱਥ ਅਜਮਾਇਆ ਉਸ ਵਿਚ ਸਫਲ ਰਿਹਾ।

ਉਸਦੀ ਕਵਿਤਾ ਤੇ ਝਾਤੀ ਮਾਰੀਏ ਤਾਂ ਇਸ ਵਿਚੋਂ ਸਮਾਜਿਕ ਕੁਰੀਤੀਆਂ ਖਿਲਾਫ ਇਕ ਮੁਹਿੰਮ ਛੇੜਨ ਦਾ ਸੁਨੇਹਾ ਮਿਲਦਾ ਹੈ।ਵਹਿਮਾ ਭਰਮਾ ਦੇ ਖਿਲਾਫ ਉੱਚੀ ਸੁਰ ਵਿਚ ਗੱਲ ਕਰਦਾ ਹੈ।ਗਜ਼ਲ ਵਿਚ ਨਵੇਂ ਕਾਫੀਏ ਸਿਰਜਦਾ ਹੋਇਆ ਨਿੱਜ ਦੀ ਗੱਲ ਨੂੰ ਪਿੱਛੇ ਛੱਡ ਪੂਰੀ ਮਾਨਵਤਾ ਦੀ ਗੱਲ ਤੋਰਦਾ ਹੈ।ਉਸਦੀ ਹਰ ਰਚਨਾ ਵਿਚ ਇਕ ਦੇਸ਼ ਭਗਤ ਪਰਚਮ ਬੁਲੰਦ ਕਰੀ ਖੜਾ ਦਿਖਾਈ ਦਿੰਦਾ ਹੈ।ਇਹ ਪਰਚੰਮ ਹੈ ਮਾਨਵਤਾ ,ਭਾਈਵਾਲਤਾ ਅਤੇ ਬੇਗਮਪਰੇ ਦਾ।ਸੋ ਇਸ ਉਦੇਸ਼ ਦੀ ਪੂਰਤੀ ਲਈ ਉਹ ਨਵੇਂ ਮੁਹਾਵਰੇ ਵੀ ਘੜ੍ਹਦਾ ਹੈ।ਇੰਜ ਉਸਦੀ ਕਵਿਤਾ ਦਾ ਠੁੱਕ ਬੱਣ ਜਾਂਦਾ ਹੈ।ਜਿਸ ਵੀ ਸਟੇਜ ਤੇ ਇਹ ਕਵਿਤਾ ਬੋਲੀ ਜਾ ਪੜ੍ਹੀ ਜਾਂਦੀ ਹੈ ਵਾਹ ਵਾਹ ਖੱਟ ਜਾਂਦੀ ਹੈ।ਅਸਲ ਵਿਚ ਸੰਧੂ ਨੇ ਆਪਣੇ ਨੰਗੇ ਪਿੰਡੇ ਤਲਖ ਹਕੀਕਤਾਂ ਨੂੰ ਹੰਢਾ ਕੇ ਇਹਨਾਂ ਕਵਿਤਾਵਾਂ ਅਤੇ ਗਜ਼ਲਾਂ ਦੀ ਸਿਰਜਣਾ ਕੀਤੀ ਹੈ।ਉਹ ਸਚੁਮੱਚ ਹੀ ਪੂਰੀ ਮਾਨਵਤਾ ਦੇ ਭਲੇ ਲਈ ਸਭ ਹੱਦਾਂ ਸਰਹੱਦਾਂ ਨੂੰ ਮਿਟਾ ਕੇ ਸਾਂਤੀ ਦੀ ਹਵਾ ਵਗਾਉਣੀ ਲੋਚਦਾ ਹੈ।ਇਸੇ ਲੋਚਾ ਲਈ ਉਹ ਹਾਕਮਾਂ ਨੂੰ ਵੰਗਾਰਦਾ ਹੋਇਆ ਨੌਜਵਾਨਾਂ ਦੀ ਸ਼ਕਤੀ ਨੂੰ ਲਾਮਬੰਦ ਵੀ ਕਰਦਾ ਹੈ।

ਸਮੇਂ ਦੀ ਤਬਦੀਲੀ ਵੀ ਉਸਦੀ ਨਜ਼ਰ ਵਿਚ ਸਾਨੂੰ ਹਲੂਣ ਰਹੀ ਹੈ।ਜਿਸ ਵਿਚ ਹੁਣ ਪਹਿਲਾਂ ਵਾਲੀ ਪਾਕ ਮੁਹੱਬਤ ਨਹੀਂ ਰਹੀ।
ਜਿਵੇਂ:
    ਬੇਸ਼ੱਕ ਮੈਨੂੰ ਬੇਗਾਨਿਆ ਤੇ
    ਰੋਸ ਕਰਨ ਦਾ ਹੱਕ ਨਹੀਂ
    ਐਪਰ ਹੁਣ ਤਾਂ ਮੈਨੂੰ ਆਪਣੇ ਵੀ
    ਬੇਗਾਨਿਆ ਵਾਂਗ ਜਾਪਦੇ ਨੇ
    ਜਿਨ੍ਹਾਂ ਦੀਆਂ ਸ਼ਕਲਾਂ ਦਾ ਜ਼ਰੂਰ ਇਕ ਹਨ
    ਪਰ ਰਾਹ ਵੱਖਰੇ ਵੱਖਰੇ ਹਨ।


ਇੰਝ ਇਸ ਪੁਸਤਕ ਦੇ ਪਾਠ ਤੋਂ ਬਾਅਦ ਜਦੋਂ ਪ੍ਰਸੰਗ ਵਿਚ ਪੁੱਜਦੇ ਹਾਂ ਤਾਂ ਸਾਨੂੰ ਗੁਰਦਿਆਲ ਰੌਸ਼ਨ ਤੇ ਅਵਤਾਰ ਸੰਧੂ ਦੁਆਰੇ ਲਿਖੇ ਕਾਵਿ ਚਿੱਤਰ ਮਿੱਲਦੇ ਹਨ।ਡਾ ਤੇਜਵੰਤ ਮਾਨ, ਪ੍ਰੋ ਸਰਬਜੀਤ ਸਿੰਘ,ਡਾ ਅਨੂਪ ਸਿੰਘ, ਪ੍ਰੋ ਸ਼ਿੰਗਾਰਾ ਸਿੰਘ ਢਿੱਲੋਂ ,ਗੁਰਬਖਸ਼ ਜੱਸ, ਡਾ ਈਸ਼ਰ ਸਿੰਘ ਤਾਂਘ, ਸਤਪਾਲ ਸਾਹਲੋਂ ਦੇ ਅਲੋਚਨਾਤਮਿਕ ਲੇਖ ਪੜ੍ਹਨ ਨੂੰ ਮਿਲਦੇ ਹਨ।ਜਿਨ੍ਹਾਂ ਰਾਹੀਂ ਜਿੱਥੇ ਸੰਧੂ ਦੀ ਕਾਵਿ ਕਲਾ ਉਜਾਗਰ ਹੋਈ ਹੈ ਉਥੇ ਉਸਦੀ ਸਖਸ਼ੀਅਤ ਦੇ ਵੰਨ ਸੁਵੰਨੇ ਪਹਿਲੂ ਵੀ ਸਾਡੇ ਰੂ ਬਰੂ ਹੁੰਦੇ ਹਨ।ਪੁਸਤਕ ਦੀ ਕਲਾਤਮਿਕ ਸੰਪਾਦਨਾ ਨੇ ਇਸਦੀ ਕੀਮਤ ਵਿਚ ਚੋਖਾ ਵਾਧਾ ਕਰ ਦਿੱਤਾ ਹੈ।ਪ੍ਰੋ.ਸੇਖੋਂ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਨੀ ਬਣਦੀ ਹੈ।
                    
ਸੰਪਰਕ: +91 98150 18947

Comments

Security Code (required)



Can't read the image? click here to refresh.

Name (required)

Leave a comment... (required)





ਕਿਤਾਬਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ