Thu, 25 April 2024
Your Visitor Number :-   7000794
SuhisaverSuhisaver Suhisaver

ਗੁਰਨਾਮ ਗਿੱਲ ਦੀਆਂ ਦੋ ਗ਼ਜ਼ਲਾਂ

Posted on:- 04-05-2012


ਨਜ਼ਰ ਨੂੰ ਕਿਸ ਤਰ੍ਹਾਂ ਪੜ੍ਹਨਾ  ਜ੍ਹਿਨਾਂ ਨੂੰ ਜਾਣਕਾਰੀ ਹੈ।
ਦਿਲਾਂ  ਨੂੰ  ਸਮਝਣੇ ਦੀ ਵੀ  ਉਨ੍ਹਾਂ  ਨੂੰ ਜਾਣਕਾਰੀ ਹੈ।

ਕਹਾਵਣ ਖ਼ੁਦ ਨੂੰ ਚਾਤਰ ਪਰ ਅਸਾਂ ਨੂੰ ਸਮਝਦੇ ਮੂਰਖ,
ਅਸੀਂ ਕੀ ਹਾਂ ਤੇ ਉਹ ਕੀ ਨੇ? ਅਸਾਂ ਨੂੰ ਜਾਣਕਾਰੀ ਹੈ।

ਗੁਜ਼ਰਨਾ  ਰਾਤ ਵੇਲੇ ਵੀ  ਕਦੇ ਮੁਮਕਿਨ ਨਹੀਂ ਹੋਣਾ,
ਉਨ੍ਹਾਂ  ਸਾਰੇ  ਦਰਾਂ  ਦੀ  ਪਾਸਬਾਂ  ਨੂੰ  ਜਾਣਕਾਰੀ ਹੈ।

ਉਹ ਬੈਠੇ ਸਾਹਮਣੇ ਲੇਕਿਨ ਚਲਾਉਂਦੇ ਤੀਰ ਨੇ ਗੁੱਝੇ,
ਉਹ ਕੀ ਨੇ  ਸੋਚਦੇ ਸਾਡੇ  ਦਿਲਾਂ ਨੂੰ  ਜਾਣਕਾਰੀ ਹੈ।

ਨਹੀਂ ਲਗਣਾ ਪਤਾ ਇਸ ਸ਼ਹਿਰ ਵਿੱਚ ਗੂੜ੍ਹਾ ਹਨੇਰਾ ਹੈ,
ਭੁਲੇਖਾ  ਹੈ ਮਗਰ ਉਸ  ਆਸਮਾਂ  ਨੂੰ ਜਾਣਕਾਰੀ ਹੈ।

ਖਿਲਾਰੀ ਚੋਗ ਸੀ ਜਾਂ ਵਰਤਿਆ ਹੱਥਿਆਰ ਕੋਈ ਹੋਰ?
ਪਰਿੰਦਾ ਕਿਸ ਤਰ੍ਹਾਂ ਮਰਿਆ? ਤੁਹਾਨੂੰ ਜਾਣਕਾਰੀ ਹੈ।

ਦਿਲਾਂ ਵਿੱਚ ਥਰਥਰਾਹਟ ਸੀ, ਲਹੂ ਵਿਚ ਸਰਸਰਾਹਟ ਸੀ,
ਉਹ  ਬੋਸੇ  ਲਰਜ਼ਦੇ ਸੀ ਕਿਉਂ? ਲਬਾਂ ਨੂੰ ਜਾਣਕਾਰੀ ਹੈ।

***

ਮਸਤੀਆਂ, ਮਦਹੋਸ਼ੀਆਂ  ਤੇ ਜਾਮਖ਼ਾਨੇ ਹੋਰ ਸੀ।  
ਬੀਤ ਚੁੱਕੇ ਵਕਤ ਦੇ ਉਹ ਬਾਦਾਖ਼ਾਨੇ ਹੋਰ ਸੀ!

ਦਾਸਤਾਂ ਗੁਜ਼ਰੇ ਦਿਨਾਂ ਦੀ ਚੇਤਿਆਂ ਵਿੱਚ ਕੈਦ ਹੈ,
ਕੀ ਕਰਾਂਗੇ ਯਾਦ ਕਰਕੇ, ਉਹ ਜ਼ਮਾਨੇ ਹੋਰ ਸੀ।

ਹਰ ਸਮੇਂ ਤੇ  ਸੋਚ ਦੀ ਹੈ  ਆਪਣੀ ਹੁੰਦੀ ਉਮਰ,
ਕਹਿ ਸਕੇ ਨਾ ਚਾਹੁੰਦਿਆਂ ਵੀ, ਉਹ 'ਫਸਾਨੇ ਹੋਰ ਸੀ।

ਕੋਠੀਆਂ, ਕਾਰਾਂ ਤੇ ਰਹਿਣੀ-ਬਹਿਣੀ ਵੀ ਹੁਣ ਵੱਖਰੀ,
ਖੁਸ਼ਨਸੀਬੀ, ਸਾਦਗੀ ਦੇ ਉਹ ਖਜ਼ਾਨੇ ਹੋਰ ਸੀ!

ਵਿਕ ਰਹੇ ਹੁਣ ਆਦਮੀ ਵੀ ਦੋਸਤੀ ਦੇ ਨਾਮ 'ਤੇ,
ਲਰਜ਼ਦੇ, ਸਿਹਰਨ ਭਰੇ, ਸੂਖ਼ਮ ਯਰਾਨੇ ਹੋਰ ਸੀ।

ਕੀਤਾ ਹੇਰਾ-ਫੇਰੀਆਂ ਬਦਨਾਮ ਭਾਵੇਂ ਇਸ਼ਕ ਨੂੰ,
ਪਰ ਪੁਰਾਣੇ  ਵਕਤ ਦੇ  ਆਨੇ-ਬਹਾਨੇ ਹੋਰ ਸੀ।

ਰੋਸ਼ਨੀ ਤਿੱਖੀ ਮਗਰ ਸਤਿਕਾਰ ਕੋਈ ਕਿਉਂ ਕਰੇ?
ਅੱਜ ਨਾਲ਼ੋਂ  ਉਸ ਸਮੇਂ  ਦੇ  ਬੁੱਤਖ਼ਾਨੇ  ਹੋਰ ਸੀ।

Comments

dhanwant bath

bahot vadya gurnam sir g

Security Code (required)



Can't read the image? click here to refresh.

Name (required)

Leave a comment... (required)





ਕਾਵਿ-ਸ਼ਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ