ਮਾਂ -ਬਿੰਦਰ ਜਾਨ ਏ ਸਾਹਿਤ
Posted on:- 07-02-2016
ਪਿਆਰੋਂ ਵੱਧ ਕੇ ਪੌਂਡ ਹੋ ਗਏ
ਮਾਂ ਦਾ ਕਰਜ਼ ਚੁਕਾਵਾਂ ਕਿਵੇਂ
ਕਲ਼ਪ ਕਲ਼ਪ ਕੇ ਕਮਲੀ ਹੋਈ
ਮਾਂ ਦਾ ਦਰਦ ਵੰਡਾਵਾਂ ਕਿਵੇਂ
ਵਿੱਤ ਤੋਂ ਵੱਧ ਛਾਲ ਜੋ ਮਾਰੀ
ਪਿੱਛੇ ਹੁਣ ਮੁੜ ਜਾਵਾਂ ਕਿਵੇਂ
ਮਾਂ ਦੀ ਗੋਦ ਜਨਤੋਂ ਪਿਆਰੀ
ਬਚਪਨ ਫਿਰ ਤੋਂ ਪਾਵਾਂ ਕਿਵੇਂ
ਦੇਸੀ ਘਿਉ ਨਾਲ ਕੁੱਟੀ ਚੂਰੀ
ਮਾਂ ਦੇ ਹੱਥ ਨਾਲ ਖਾਵਾਂ ਕਿਵੇਂ
ਨਿਰਮੋਹਾ ਮੈਂ ਲਾਲਚ ਭਰਿਆ
ਮਿੱਠੜਾ ਰਿਸ਼ਤਾ ਚਾਹਵਾਂ ਕਿਵੇਂ
ਦੂਰ ਦੁਰਾਡੇ ਕਿੱਧਰੇ ਖੋਇਆਂ
ਲੱਭਾਂ ਹੁਣ ਉਹ ਰਾਹਵਾਂ ਕਿਵੇਂ
ਜਿਹੜੇ ਹੱਥ ਸੀ ਚੁੰਮਦੇ ਮੱਥਾ
ਸਿਰ ਦੇ ਉੱਤੇ ਟਿਕਾਵਾਂ ਕਿਵੇਂ
ਲੋਰੀਆਂ ਦੇ ਦੇ ਥੱਕੀਆਂ ਨਾ ਜੋ
ਗਲ਼ ਅੱਜ ਪਾਵਾਂ ਬਾਹਵਾਂ ਕਿਵੇਂ
ਹੱਥੀਂ ਅੰਬ ਦਾ ਬੂਟਾ ਪੱਟ ਕੇ
ਮਾਣਾ ਠੰਡੀਆਂ ਛਾਵਾਂ ਕਿਵੇਂ
ਕਦਮਾਂ ਦੇ ਵੀ ਕਾਬਿਲ ਨਾਹੀਂ
ਮਾਂ ਦੇ ਗੁਣ ਹੁਣ ਗਾਵਾਂ ਕਿਵੇਂ
ਈ-ਮੇਲ: binderjann999@gmail.com