Thu, 18 April 2024
Your Visitor Number :-   6982603
SuhisaverSuhisaver Suhisaver

ਜਨਚੇਤਨਾ ਦੁਕਾਨ ’ਤੇ ਹਮਲਾ ਜੋ ਮੈਂ ਵੇਖਿਆ

Posted on:- 04-01-2017

ਸੋਮਵਾਰ ਨੂੰ ਸਵੇਰੇ ਪਤਾ ਲੱਗਿਆ ਕਿ ਪੱਖੋਵਾਲ ਮਾਸਟਰ ਹਰੀਸ਼ ਜੀ ਦੇ ਮਾਤਾ ਜੀ ਦਾ ਦੇਹਾਂਤ ਹੋ ਗਿਆ। ਅਸੀਂ ਨੌਜਵਾਨ ਭਾਰਤ ਸਭਾ ਵੱਲੋਂ ਕੁੱਝ ਕਾਰਕੁੰਨ ਮਾਤਾ ਜੀ ਦੇ ਦੇਹ-ਸੰਸਕਾਰ ਹਿੱਤ ਪੱਖੋਵਾਲ ਪਹੁੰਚੇ ਹੋਏ ਸਾਂ ਤੇ ਪੱਖੋਵਾਲ ਦੀ ਸਥਾਨਕ ਇਕਾਈ ਵੀ ਉੱਥੇ ਪਹੁੰਚੀ ਹੋਈ ਸੀ। ਮਾਹੌਲ ਕਾਫੀ ਸੋਗੀ ਸੀ, ਮਾਤਾ ਜੀ ਨਾਲ਼ ਨਿੱਜੀ ਨੇੜਤਾ ਹੋਣ ਕਾਰਨ ਮੇਰਾ ਖੁਦ ਦਾ ਵੀ ਮਨ ਭਰਿਆ ਹੋਇਆ ਸੀ। ਇੰਨੇ ਨੂੰ ਮੋਬਾਇਲ ’ਤੇ ਘੰਟੀ ਵੱਜੀ ਤੇ ਅੱਗਿਓਂ ਕੋਈ ‘ਹਿੰਦੂ ਤਖ਼ਤ’ ਸੰਸਥਾ ਤੋਂ ਰੋਹਿਤ ਤੇ ਸੌਰਵ ਵਾਰੀ-ਵਾਰੀ ਬੋਲ ਰਹੇ ਸਨ। ਉਹ ਕਹਿ ਰਹੇ ਸਨ ਕਿ ਜਨਚੇਤਨਾ ਦੀ ਪੰਜਾਬੀ ਭਵਨ, ਲੁਧਿਆਣਾ ਸਥਿਤ ਦੁਕਾਨ ’ਤੇ ਪਹੁੰਚਾਂ ਅਤੇ ਨੌਭਾਸ ਦੇ ਹੋਰ ਆਗੂਆਂ ਨੂੰ ਵੀ ਲੈ ਕੇ ਆਵਾਂ। ਫਿਰ ਜਨਚੇਤਨਾ ਦੀ ਦੁਕਾਨ ਦੀ ਇੰਚਾਰਜ ਬਿੰਨੀ ਦਾ ਫੋਨ ਆਇਆ ਤੇ ਉਹਨੇ ਦੱਸਿਆ ਕਿ ਇੱਥੇ ਕੋਈ ਤਿੰਨ ਦਰਜਨ ਦੇ ਕਰੀਬ ਹਿੰਦੂ ਕੱਟੜਵਾਦੀ ਪਹੁੰਚੇ ਹੋਏ ਹਨ ਤੇ ਰਾਧਾ ਮੋਹਨ ਗੋਕੁਲ ਜੀ ਦੀਆਂ ਕਿਤਾਬਾਂ ‘ਇਸਤਰੀਓਂ ਕੀ ਸਵਾਧੀਨਤਾ’, ‘ਧਰਮ ਕਾ ਢਕੋਸਲਾ’ ‘ਈਸ਼ਵਰ ਕਾ ਬਹਿਸ਼ਕਾਰ’ ਤੇ ਖਾਸ ਕਰਕੇ ਸ਼ਹੀਦ ਭਗਤ ਸਿੰਘ ਦੇ ਕਿਤਾਬਚੇ ‘ਮੈਂ ਨਾਸਤਕ ਕਿਉਂ ਹਾਂ?’ ਉੱਤੇ ਸਵਾਲ ਖੜੇ ਕਰ ਰਹੇ ਹਨ ਅਤੇ ਕਹਿ ਰਹੇ ਹਨ ਕਿ ਇਹਨਾਂ ਕਿਤਾਬਾਂ ਦੀ ਹੋਲੀ ਜਲਾਵਾਂਗੇ ਤੇ ਤੁਹਾਡੀ ਦੁਕਾਨ ਸਾੜ ਸੁੱਟਾਂਗੇ। ਬਿੰਨੀ ਦੀ ਮਦਦ ਲਈ ਪਹੁੰਚੇ ਨੌਭਾਸ ਦੇ ਕਾਰਕੁੰਨਾਂ ਸਤਬੀਰ ਅਤੇ ‘ਟੈਕਸਟਾਈਲ-ਹੌਜਰੀ ਕਾਮਗਾਰ ਯੂਨੀਅਨ’ ਦੇ ਆਗੂ ਲਖਵਿੰਦਰ ਤੇ ਗੁਰਜੀਤ (ਸਮਰ) (karkhana mazdoor union) ਨੂੰ ਵੀ ਧਮਕਾ ਰਹੇ ਹਨ।

ਬਿੰਨੀ ਨੇ ਦੱਸਿਆ ਕਿ ਇਹ ਹੁੱਲਬਾਜ਼ ਉਸਨੂੰ ਗੰਦੀਆਂ ਤੇ ਲੁੱਚੀਆਂ ਗਾਲਾਂ ਕੱਢ ਰਹੇ ਹਨ ਤੇ ਉਸਨੂੰ ਅਗਵਾ ਕਰਨ ਦੀ ਧਮਕੀ ਦੇ ਰਹੇ ਹਨ। ਅਸੀਂ ਸਭਾ ਦੇ ਕੁੱਝ ਮੈਂਬਰ ਜਲਦੀ ਤਿਆਰੀ ਕਰਕੇ ਲੁਧਿਆਣੇ ਪਹੁੰਚਣ ਦੀ ਕਾਰਵਾਈ ਸ਼ੁਰੂ ਕੀਤੀ। ਅਜਿਹੇ ਸੋਗਮਈ ਮਹੌਲ ਵਿੱਚੋਂ ਨਿੱਕਲਣਾ ਬੜਾ ਔਖਾ ਲੱਗ ਰਿਹਾ ਸੀ ਪਰ ਇਨਕਲਾਬੀ ਕਵੀ ਪਾਸ਼ ਨੇ ਠੀਕ ਹੀ ਕਿਹਾ ਹੈ ਕਿ ‘ਸਾਡੇ ਲਹੂ ਨੂੰ ਆਦਤ ਹੈ ਮੌਸਮ ਨਹੀਂ ਵੇਂਹਦਾਂ, ਮਹਿਫਲ ਨਹੀਂ ਵੇਂਹਦਾ, ਸੂਲੀ ਦੇ ਗੀਤ ਛੋਹ ਲੈਂਦਾ ਹੈ’।

ਸਾਡੇ ਦੁਕਾਨ ’ਤੇ ਪਹੁੰਚਣ ’ਤੇ ਦੁਕਾਨ ਦਾ ਸ਼ਟਰ ਬੰਦ ਸੀ ਤੇ ਬਿੰਨੀ, ਲਖਵਿੰਦਰ ਜਾਂ ਕਿਸੇ ਦਾ ਫੋਨ ਨਹੀਂ ਸੀ ਲੱਗ ਰਿਹਾ। ਆਸੇ-ਪਾਸੇ ਪੁੱਛਗਿੱਛ ਤੋਂ ਪਤਾ ਲੱਗਿਆ ਕਿ ਹਿੰਦੂਵਾਦੀ ਸੰਗਠਨਾਂ ਨੇ ਬਿੰਨੀ ਨਾਲ਼ ਧੱਕਾ-ਮੁੱਕੀ ਕੀਤੀ ਅਤੇ ਸਮਰ, ਲਖਵਿੰਦਰ ਤੇ ਸਤਵੀਰ ਨਾਲ਼ ਵੀ ਖਿੱਚ-ਧੂਹ ਕੀਤੀ। ਅੱਗਿਓਂ ਸਮਰ, ਲਖਵਿੰਦਰ, ਸਤਬੀਰ ਤੇ ਖਾਸਕਰ ਬਿੰਨੀ ਨੇ ਵੀ ਕੱਟੜਪੰਥੀਆਂ ਨੂੰ ਉਸੇ ਆਦਰ ਨਾਲ਼ ਨਿਵਾਜਿਆ। ਪਰਤੱਖ-ਦਰਸ਼ੀ ਦੱਸ ਰਹੇ ਸਨ ਕਿ ਹਿੰਦੂ ਕੱਟੜਵਾਦੀਆਂ ਦੇ ਹੱਥਾਂ ’ਚ ਪੈਟਰੌਲ ਤੇ ਬਾਲਣ ਦਾ ਸਮਾਨ ਵੀ ਚੁੱਕੀ ਫਿਰਦੇ ਸਨ। ਖਾਸ ਗੱਲ ਇਹ ਸੀ ਕਿ ਪੰਜਾਬ ਪੁਲਿਸ ਵੀ ਮੌਕੇ ’ਤੇ ਸਵੇਰ ਤੋਂ ਹੀ ਪਹੁੰਚੀ ਹੋਈ ਸੀ ਪਰ ਇਹਨਾਂ ਹਿੰਦੂ ਫਾਸੀਵਾਦੀਆਂ ’ਤੇ ਕੋਈ ਕਾਰਵਾਈ ਕਰਨ ਜਾਂ ਉਹਨਾਂ ਨੂੰ ਰੋਕਣ ਦੀ ਥਾਂ ਉਹ ਪੂਰੀ ਬੇਸ਼ਰਮੀ ਨਾਲ਼ ਉਹਨਾਂ ਦਾ ਸਾਥ ਦੇ ਰਹੀ ਸੀ। ਇੱਥੋਂ ਤੱਕ ਕਿ ਉਹਨਾਂ ਬਿੰਨੀ ਦੀ ਦਰਖਾਸਤ ਲਿਖਣ ਤੋਂ ਵੀ ਸਾਫ਼ ਇਨਕਾਰ ਕਰ ਦਿੱਤਾ ਅਤੇ ਚਾਰਾਂ ਨੂੰ ਹਿੰਦੂਵਾਦੀਆਂ ਨਾਲ਼ ਧੱਕਾਮੁੱਕੀ ਤੋਂ ਬਾਅਦ ਸਰਕਾਰੀ ਗੱਡੀਆਂ ’ਚ ਬਿਠਾ ਕੇ ਡਿਵਜ਼ਨ ਨੰ. 5 ਦੇ ਥਾਣੇ ਲੈ ਗਏ ਸਨ। ਇਸਦੇ ਨਾਲ਼ ਹੀ ਪੁਲਿਸ ਨੇ ਦੁਕਾਨ ਨੂੰ ਜਿੰਦਾ ਲਾ ਕੇ ਸੀਲ ਕਰ ਦਿੱਤਾ ਤੇ ਚਾਬੀਆਂ ਆਪਣੇ ਨਾਲ਼ ਲੈ ਗਈ। ਪੰਜਾਬ ਪੁਲਿਸ ਪੂਰੀ ਤਰ੍ਹਾਂ ‘ਹਿੰਦੂ ਤਖ਼ਤ’ ਦਾ ‘ਖਾਕੀ ਪਾਵਾ’ ਬਣ ਬੈਠੀ ਸੀ। ਫਿਰ ਹੋਰ ਜਨਤਕ ਤੇ ਜਮਹੂਰੀ ਜਥੇਬੰਦੀਆਂ ਦਾ ਇੱਕ ਵਫ਼ਦ ਥਾਣੇ ਪਹੁੰਚਿਆ ਤੇ ਪੁਲਿਸ ’ਤੇ ਦਬਾਅ ਬਣਾਇਆ ਕਿ ਬੇਦੋਸ਼ੇ ਚਾਰੇ ਸਾਥੀਆਂ ਨੂੰ ਰਿਹਾਅ ਕੀਤਾ ਜਾਵੇ। ਪੁਲਿਸ ਨੇ ਮੌਕਾ ਵੇਖਦਿਆਂ ਮੰਗਲਵਾਰ ਸਵੇਰੇ 12 ਵਜੇ ਦਾ ਸਮਾਂ ਦਿੱਤਾ ਤੇ ਸਾਥੀਆਂ ਨੂੰ ਛੱਡ ਦਿੱਤਾ। ਪੁਲਿਸ ਇਹ ਵੀ ਵੇਖਣਾ ਚਾਹੁੰਦੀ ਸੀ ਕਿ ਮੰਗਲਵਾਰ ਸਵੇਰ ਨੂੰ ਕੀ ਸਮੀਕਰਨ ਬਣਦੇ ਹਨ? ਜਦਕਿ ਹਿੰਦੂ ਕੱਟੜਵਾਦੀ ਚਾਰਾਂ ਕਾਰਕੁੰਨਾਂ ’ਤੇ ਧਾਰਾ 295(A) ਦੇ ਤਹਿਤ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਪਰਚਾ ਦਰਜ ਕਰਨ ਨੂੰ ਕਹਿ ਰਹੇ ਸਨ। ਪਰ ਹੁਣ ਤੱਕ ਪੁਲਿਸ ਦੇ ਕੰਨ ਖੜੇ ਹੋ ਚੁੱਕੇ ਸਨ ਤੇ ਉਹਨਾਂ ਵੀ ਮਹਿਸੂਸ ਕਰ ਲਿਆ ਸੀ ਜੇ ਹੁਣ ਪਰਚਾ ਦਰਜ ਕਰ ਲਿਆ ਤਾਂ ਅਗਲੀ ਸਵੇਰ ਸ਼ੁਭ ਨਹੀਂ ਚੜ੍ਹੇਗੀ ਅਤੇ ਪੁਲਿਸ ਦੇ ਇਸ ਡਰ ਨੂੰ ਅਗਲੇ ਦਿਨ ਲੋਕ ਏਕਤਾ ਨੇ ਸਾਬਤ ਵੀ ਕੀਤਾ।

ਮੰਗਲਵਾਰ ਦੀ ਸਵੇਰ

ਅਸੀਂ ਰਾਤ ਨੂੰ ਭਾਈਚਾਰਕ ਜਥੇਬੰਦੀਆਂ ਨੂੰ ਸੂਚਿਤ ਕੀਤਾ ਤੇ ਫੇਸਬੁੱਕ ਅਤੇ ਮੋਬਾਇਲ ਆਦਿ ਨਾਲ਼ ਸੁਨੇਹੇ ਲਾਏ। ਸੋਸ਼ਲ ਮੀਡੀਆ ਉੱਤੇ ਘਟਨਾ ਜੰਗਲ ਦੀ ਅੱਗ ਵਾਂਗਰਾਂ ਫੈਲੀ। ਮੰਗਲਵਾਰ ਸਵੇਰੇ 12 ਵਜੇ ਥਾਣਾ ਡਿਵੀਜ਼ਨ-5 ਅੱਗੇ ਵੱਡੀ ਗਿਣਤੀ ਵਿੱਚ ਜਨਤਕ-ਜਮਹੂਰੀ ਕਾਰਕੁੰਨ ਇਕੱਠੇ ਹੋਣੇ ਸ਼ੁਰੂ ਹੋ ਗਏ। ਨੌਭਾਸ ਤੇ ਟੈਕਸਟਾਈਲ ਹੌਜ਼ਰੀ ਕਾਮਗਾਰ ਯੂਨੀਅਨ ਦੇ ਕਾਰਕੁੰਨਾਂ ਤੇ ਹਮਾਇਤੀਆਂ ਵਿੱਚ ਘਟਨਾ ਪ੍ਰਤੀ ਤਿੱਖਾ ਰੋਹ ਸੀ। ਸਾਡੇ ਝੰਡਿਆਂ ਵਿੱਚ ਡਾਂਗਾਂ ਵੀ ਮੋਟੀਆਂ ਸਨ ਅਤੇ ਸਭ ਦੇ ਹਾਵ-ਭਾਵ ਵੀ ਇਹੋ ਸਨ ਕਿ ਜੇਕਰ ਅੱਜ ਕੋਈ ਕੱਟੜਵਾਦੀ ਹੁੱਲੜਬਾਜ ਆਇਆ ਤਾਂ ਉਸਦੇ ਗਿੱਟਿਆਂ ਦੀ ਮਿੱਝ ਬਣਨੀ ਲਾਜ਼ਮੀ ਸੀ। ਇਹ ਗੁੱਸਾ ਸਿਰਫ ਇਸ ਕਰਕੇ ਨਹੀਂ ਸੀ ਕਿ ਇਹਨਾਂ ਜਥੇਬੰਦੀਆਂ ਦੇ ਕਾਰਕੁੰਨਾਂ ਜਾਂ ਆਗੂਆਂ ’ਤੇ ਝੂਠੇ ਕੇਸ ਪਾਏ ਜਾ ਰਹੇ ਸਨ, ਸਗੋਂ ਇਸ ਲਈ ਵੀ ਕਿ ਇਹ ਕਿਸੇ ਵਿਅਕਤੀ ਦੀ ਆਪਣੀ ਚੋਣ ਦਾ ਸਾਹਿਤ ਪੜ੍ਹਨ ਦੀ ਅਜਾਦੀ ’ਤੇ ਹਮਲਾ ਸੀ। ਅਤੇ ਹੋਰ ਸਭ ਤੋਂ ਵੱਧ ਇਹ ਵੀ ਕਿ ਨਾ ਸਿਰਫ਼ ਨੌਭਾਸ, Karkhana mazdoor union ਅਤੇ ਟੈਕਸਟਾਈਲ ਹੌਜਰੀ ਕਾਮਗਾਰ ਯੂਨੀਅਨ ਦੇ ਕਾਰਕੁੰਨ ਸਗੋਂ ਸਾਰੇ ਪੰਜਾਬ ਦੀਆਂ ਜਨਤਕ ਜਮਹੂਰੀ ਜਥੇਬੰਦੀਆਂ ਦੇ ਕਾਰਕੁੰਨ ਜਨਚੇਤਨਾ ਅਦਾਰੇ ਤੋਂ ਸਾਹਿਤ ਲੈ ਕੇ ਨਾ ਸਿਰਫ਼ ਖੁਦ ਪੜ੍ਹਦੇ ਹਨ ਸਗੋਂ ਹੋਰਨਾਂ ਨੂੰ ਵੀ ਇਹ ਸਾਹਿਤ ਪੜ੍ਹਾ ਕੇ ਇਨਕਲਾਬੀ ਤੇ ਜਮਹੂਰੀ ਵਿਚਾਰਾਂ ਦੀ ਜਾਗ ਲਾਉਂਦੇ ਹਨ। ਨਿੱਜੀ ਰੂਪ ’ਚ ਮੈਂ ਖੁਦ ਵੀ ਪਹਿਲੀ ਵਾਰ ਸ਼ਹੀਦ ਭਗਤ ਸਿੰਘ ਤੇ ਉਸਦੀਆਂ ਲਿਖਤਾਂ ਇਸੇ ਅਦਾਰੇ ਤੋਂ ਲੈ ਕੇ ਪੜ੍ਹੀਆਂ ਸਨ। ਮੈਨੂੰ ਭਗਤ ਸਿੰਘ ਦੀਆਂ ਪੈੜਾਂ ’ਤੇ ਚਲਾਉਣ ਵਾਲਾ ਅਦਾਰਾ ਵੀ ਇਹੀ ਹੈ। ਮਾਸਟਰ ਹਰੀਸ਼ ਜੀ ਦੀ ਮਾਂ ਦੇ ਸੰਸਕਾਰ ਵੇਲੇ ਜਦੋਂ ਇਹ ਘਟਨਾ ਪਤਾ ਲੱਗੀ ਤਾਂ ਇੰਝ ਲੱਗਾ ਜਿਵੇਂ ਕਿਸੇ ਨੇ ਮੇਰੀ ਦੂਜੀ ਮਾਂ ’ਤੇ ਹਮਲਾ ਕਰ ਦਿੱਤਾ ਹੋਵੇ। ਖੈਰ, ਮੰਗਲਵਾਰ ਨੂੰ ਪੁਲਿਸ ਪੂਰੀ ਤਰ੍ਹਾਂ ਬਦਲੇ ਹੋਏ ਸਮੀਕਰਨਾਂ ਵਿੱਚ ਮਿਲੀ। ਸਭ ਤੋਂ ਪਹਿਲਾਂ ਤਾਂ ਜਾਂਦਿਆਂ ਸਾਰ ਉਹਨਾਂ ਦੁਕਾਨ ਦੀਆਂ ਚਾਬੀਆਂ ਬਿੰਨੀ ਦੇ ਹਵਾਲੇ ਕਰ ਦਿੱਤੀਆਂ। ਹੁੜ ਹਾਲਤ ਫਾਸੀਵਾਦੀ ਜੁੰਡਲੀ ਦੀ ਮਾੜੀ ਸੀ। ਕਿਸੇ ਸਾਥੀ ਨੇ ਦਿੱਸਿਆ ਕਿ ਥਾਣੋਂ ਤੋਂ ਥੋੜੀ ਦੂਰ ਮੰਦਰ ਕੋਲ ਕੋਈ 15-20 ਜਣੇ ਤੂਤਾਂ ਦੀਆਂ ਛਟੀਆਂ ’ਤੇ ਆਪਣੇ ਕੇਸਰੀ ਲੰਗੋਟ ਟੰਗੀ ਇਕੱਠੇ ਹੋਏ ਪਰ ਥਾਣੇ ਦੇ ਅੰਦਰ ਤੇ ਬਾਹਰ ਵੱਡੀ ਗਿਣਤੀ ਵਿੱਚ ‘ਡੰਡਿਆਂ ਵਾਲੇ ਝੰਡੇ’ ਫੜੀ ਲੋਕਾਂ ਦੇ ਇਕੱਠ ਬਾਰੇ ਸੂਹ ਲੱਗਣ ’ਤੇ ਸਭ ਤਿੱਤਰ-ਬਿੱਤਰ ਹੋ ਗਏ। ਸੋਮਵਾਰ ਨੂੰ ਜਿਹੜੇ 40-50 ਦੀ ਗਿਣਤੀ ਵਿੱਚ ਆਕੇ ਤੇ ਚਾਰ ਇਨਕਲਾਬੀ ਜਮਹੂਰੀ ਕਾਰਕੁੰਨਾਂ ਨੂੰ ਡਰਾ ਨਾ ਸਕੇ, ਅੱਜ ਲੋਕਾਂ ਦਾ ਇਕੱਠ ਦੇਖ ਕੇ ਪਜਾਮੇ ਗਿੱਲੇ ਕਰ ਗਏ ਤੇ ਬਿਨਾਂ ਅੱਡੀਆਂ ਨੂੰ ਥੁੱਕ ਲਾਏ ਚੱਪਲਾਂ ਦਾ ਜਹਾਜ਼ ਬਣਾ ਕੇ ਉੱਡਦੇ ਨਜ਼ਰੀਂ ਪਏ। ਪੁਲਸ ਨੂੰ ਵੀ ਦਰਖਾਸਤ ਦਰਜ ਕਰਨ ਲਈ ਮਜ਼ਬੂਰ ਹੋਣਾ ਪਿਆ। ਪੰਜਾਬ ਸਟੂਡੈਂਟਸ ਯੂਨੀਅਨ ਤੋਂ ਸਾਥੀ ਕਰਮਜੀਤ ਕੋਟਕਪੂਰਾ, ਇਨਕਲਾਬੀ ਕੇਂਦਰ ਪੰਜਾਬ ਤੋਂ ਸੁਖਦੇਵ ਭੂੰਦੜੀ, ਨੌਭਾਸ ਤੋਂ ਸਾਥੀ ਕੁਲਵਿੰਦਰ ਅਤੇ ਟੈਕਸਟਾਈਲ ਹੌਜਰੀ ਕਾਮਗਾਰ ਯੂਨੀਅਨ ਦੇ ਆਗੂ ਲਖਵਿੰਦਰ ਨੇ ਨਾ ਸਿਰਫ ਫਾਸੀਵਾਦੀ ਤਾਕਤਾਂ ਨੂੰ ਹਿੱਕ ਠੋਕਵਾ ਜਵਾਬ ਦਿੱਤਾ ਸਗੋਂ ਸਿੱਧੇ ਮੂੰਹ ਲਲਕਾਰਿਆ ਕਿ ਜੇ ਮਾਂ ਦਾ ਦੁੱਧ ਪੀਤਾ ਤਾਂ ਹੁਣ ਆ ਜਾਵੋ ਅਤੇ ਮੰਗਲਵਾਰ ਦਾ ਸਾਰਾ ਦਿਨ ਗੱਲ ਵੀ ਇੰਝ ਹੀ ਸੀ ਕਿ ਸਿਰਫ਼ ਸ਼ਬਦਾਂ ਵਿੱਚ ਹੀ ਨਹੀਂ ਸਗੋਂ ਇਸ ਲਲਕਾਰ ਦੇ ਹਰ ਸ਼ਬਦ ਦੇ ਹਰ ਅਰਥ ਵਿੱਚ ਅਸੀਂ ਇਸਨੂੰ ਲਾਗੂ ਕਰਕੇ ਦਿਖਾ ਦਿੰਦੇ ਅਤੇ ਹੁਣ ਵੀ ਇਹੀ ਕਹਿੰਦੇ ਹਾਂ ‘ਹਿੰਦੂ ਤਖ਼ਤ’ ਦੇ ਪਾਵੇ ਤੇ ਬਾਹੀਆਂ ਅਸੀਂ ਲੋਕ ਭੰਨਾਂਗੇ। ਰਹੀ ਗੱਲ ਭਵਿੱਖੀ ਸੰਘਰਸ਼ ਦੀ ਤਾਂ ਪੁਲਿਸ ਨੇ 24 ਘੰਟਿਆਂ ਵਿੱਚ ਕਾਰਵਾਈ ਦਾ ਵਾਅਦਾ ਕੀਤਾ ਹੈ ਤੇ ਜੇਕਰ ਪੁਲਿਸ ਨੇ ਵਾਅਦਾ ਵਫਾ ਨਹੀਂ ਕਰਦੀ ਤਾਂ ਯਾਦ ਰੱਖੇ ਕਿ ਮੰਗਲਵਾਰ ਦਾ ਧਰਨਾ ਤੇ ਮੁਜਾਹਰਾ ਸਿਰਫ ਇੱਕ ਟਰੇਲਰ ਸੀ। ਅਗਲੇ ਧਰਨੇ-ਮੁਜਾਹਰੇ ਫੇਸਬੁੱਕ ਦਾ ਇਕੱਠ ਨਹੀਂ ਹੋਵੇਗਾ ਸਗੋਂ ਫਿਲਮ ਪੂਰੀ ਵਿਖਾਈ ਜਾਵੇਗੀ। ਅਸੀ ਜਨਤਕ ਤੇ ਜਮਹੂਰੀ ਜਥੇਬੰਦੀਆਂ ਪੰਜਾਬ ਨੂੰ ਗੁਜਰਾਤ ਜਾਂ ਮੁਜੱਫਰਨਗਰ ਨਹੀਂ ਬਣਨ ਦੇਵਾਂਗੇ! ਅਸੀਂ ਇੱਥੇ ਫਿਰਕੂ ਤੇ ਧਾਰਮਿਕ ਭਾਈਚਾਰੇ ਨੂੰ ਸੇਕ ਨਹੀਂ ਲੱਗਣ ਦੇਵਾਂਗੇ!! ਅਸੀਂ ਪੰਜਾਬ ਨੂੰ ਮੁੜ ਤੋਂ ਸੰਤਾਲੀ ਨਹੀ ਬਣਨ ਦੇਵਾਂਗੇ!!

-- ਅਜੇਪਾਲ ਦੀ ਫੇਸਬੁੱਕ-ਕੰਧ ਤੋਂ

Comments

Security Code (required)



Can't read the image? click here to refresh.

Name (required)

Leave a comment... (required)





ਖ਼ਬਰਸਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ