Tue, 28 May 2024
Your Visitor Number :-   7068371
SuhisaverSuhisaver Suhisaver

ਲੈ ਕੇ ਮਾਂ ਤੋਂ ਛਾਂ ਉਧਾਰੀ ਰੱਬ ਨੇ ਸੁਰਗ ਬਣਾਏ.. -ਅਮਨਦੀਪ ਹਾਂਸ

Posted on:- 25-03-2017

suhisaver

ਮਾਂ.. ਇਕ ਰਿਸ਼ਤਾ ਨਹੀਂ , ਸਮੁੱਚੀ ਕਾਇਨਾਤ ਹੈ.. ਇਸ ਸੱਚ ਨੂੰ ਕੌਣ ਝੁਠਲਾਅ ਸਕਦਾ ਹੈ। ਮਾਂ ਦੀ ਮਹਾਨਤਾ ਸਾਬਤ ਕਰਨ ਲਈ ਸਿੱਧ ਕਰਨ ਲਈ ਕਿਸੇ ਮਿਸਾਲ ਦੀ ਜ਼ਰੂਰਤ ਨਹੀਂ। ਇਨਸਾਨੀ ਵਜੂਦ ਦੇ ਪਹਿਲੇ ਪਲ ਤੋਂ ਲੈ ਕੇ ਜਨਮ ਤੱਕ ਮਾਂ ਉਸ ਨੂੰ ਆਪਣੇ  ਲਹੂ ਨਾਲ ਪਾਲ਼ਦੀ ਹੈ, ਜਨਮ ਤੋਂ ਬਾਅਦ ਰਾਤਾਂ ਜਾਗ ਜਾਗ ਕੇ, ਦਿਨ ਦੀ ਬੇਚੈਨੀ ਹੰਢਾਅ ਕੇ ਬੱਚਿਆਂ ਨੂੰ ਵੱਡੇ ਕਰਦੀ ਹੈ। ਇਨਸਾਨ ਹਰ ਕਰਜ਼ ਲਾਹ ਸਕਦਾ ਹੈ, ਪਰ ਜਨਣੀ ਦਾ ਕਰਜ਼ ਲਾਹੁਣ ਦੇ ਕਾਬਿਲ ਕਦੇ ਨਹੀਂ ਬਣ ਸਕਦਾ।

ਆਓ ਅੱਜ ਅਜਿਹੀ ਮਾਂ ਨੂੰ ਮਿਲਦੇ ਹਾਂ, ਜੋ ਹੈ ਤਾਂ ਬਾਕੀ ਮਾਂਵਾਂ ਜਿਹੀ ਹੀ ਪਰ ਕੁਦਰਤ ਨੇ ਉਸ ਦੇ ਹਿੱਸੇ ਕੁਝ ਅਜਿਹਾ ਦਰਦ ਪਾ ਦਿੱਤਾ, ਜਿਸ ਨੂੰ ਹੰਢਾਉਣਾ ਹਾਰੀ ਸਾਰੀ ਦੇ ਵੱਸ ਦਾ ਨਹੀਂ..

ਕਪੂਰਥਲਾ ਸ਼ਹਿਰ ਦੀ ਜਲੰਧਰ ਰੋਡ 'ਤੇ ਮਨਸੂਰਵਾਲ ਕਲੋਨੀ ਵਿੱਚ ਝਿਉਰ ਭਾਈਚਾਰੇ ਦੀ 47 ਕੁ ਸਾਲਾ ਮਹਿਲਾ ਸਿਮਰਨ ਕੌਰ ਉਰਫ ਬਬਲੀ ਸਹੁਰੇ ਪਰਿਵਾਰ ਵਿਚ ਹਿੱਸੇ ਵਹਿੰਦੇ ਆਏ ਇਕ ਕਮਰੇ ਵਿੱਚ ਦੋ ਪੁੱਤਰਾਂ ਨਾਲ ਦਿਨ ਕਟੀ ਕਰਦੀ ਹੈ। ਇਕ ਧੀ ਕੁਝ ਚਿਰ ਪਹਿਲਾਂ ਵਿਆਹ ਦਿੱਤੀ, ਕੁੜੀ ਪੜਨਾ ਚਾਹੁੰਦੀ ਸੀ, ਪਰ ਆਰਥਿਕ ਤੰਗੀਆਂ ਨੇ ਉਹਦੀਆਂ ਰੀਝਾਂ ਨੂੰ ਉਹਨਾਂ ਦੀ ਔਕਾਤ ਦਿਖਾਉਣ ਵਿੱਚ ਕੋਈ ਕਸਰ ਨਾ ਛੱਡੀ। ਬਬਲੀ ਦਾ ਵੱਡਾ ਪੁੱਤ ਸ਼ਿਵ ਕੁਮਾਰ 22 ਕੁ ਸਾਲ ਦਾ ਹੈ, 100 ਫੀਸਦੀ ਅਪਾਹਜ ਹੈ, ਜਦ ਉਹ 4 ਕੁ ਮਹੀਨਿਆਂ ਦਾ ਸੀ ਤਾਂ ਬੁਖਾਰ ਹੋਇਆ, ਨਾਸਮਝੀ ਦੇ ਚੱਲਦਿਆਂ ਆਰ ਐਮ ਪੀ ਡਾਕਟਰਾਂ ਕੋਲੋਂ ਓਹੜ ਪੋਹੜ ਕਰਦੇ ਰਹੇ, ਕਿਸੇ ਦਵਾਈ ਨੇ ਦਿਮਾਗ ਦੀ ਕਿਸੇ ਨਸ ਨੂੰ ਮਾਰ ਦਿੱਤਾ, ਸ਼ਿਵ ਕੁਮਾਰ ਦੀ ਰੀੜ ਦੀ ਹੱਡੀ ਦਾ ਵਿਕਾਸ ਰੁਕ ਗਿਆ, ਦਿਮਾਗ ਡੈਮੇਜ ਹੋ ਗਿਆ। ਉਹ ਨਾ ਬੋਲਦਾ ਹੈ, ਨਾ ਸੁਣ ਸਕਦਾ ਹੈ, ਉਠਣਾ, ਬੈਠਣਾ, ਤੁਰਨਾ ਤਾਂ ਦੂਰ ਦੀ ਗੱਲ ਹੈ। ਮਾਂ ਹੀ ਉਸ ਦੀ ਅਵਾਜ਼ ਹੈ, ਉਸ ਦੇ ਬੋਲ ਨੇ, ਉਸ ਦੇ ਪਰ ਨੇ। ਬਬਲੀ ਤੇ ਉਸ ਦੇ ਘਰਵਾਲੇ ਤਰਸੇਮ ਨੇ ਸ਼ਿਵ ਦੇ ਇਲਾਜ ਦੀ ਕੋਈ ਕਸਰ ਨਾ ਛੱਡੀ, ਗਹਿਣੇ ਤੱਕ ਵੇਚੇ ਪਰ ਬੱਚਾ ਠੀਕ ਨਾ ਹੋਇਆ, ਮੰਜੇ ਦੇ ਲੇਖੀਂ ਲੱਗ ਗਿਆ।

ਬਬਲੀ ਦਾ ਘਰਵਾਲਾ ਤਰਸੇਮ ਲਾਲ 2008 ਵਿੱਚ ਕਿਸੇ ਅਣਪਛਾਤੀ ਬਿਮਾਰੀ ਕਾਰਨ ਇਸ ਜਹਾਨੋਂ ਕੂਚ ਕਰ ਗਿਆ ਸੀ, ਉਹ ਨੇੜੇ ਪੈਂਦੇ ਧਾਰੀਵਾਲ ਪਿੰਡ ਵਿੱਚ ਚਾਹ ਦੀ ਦੁਕਾਨ ਕਰਦਾ ਸੀ। ਬਬਲੀ ਵੀ ਘਰ ਦਾ ਗੁਜ਼ਾਰਾ ਤੇ ਤਿੰਨ ਬੱਚਿਆਂ ਦਾ ਪਰਿਵਾਰ ਚਲਾਉਣ ਲਈ  ਘਰਵਾਲੇ ਦਾ ਹੱਥ ਵਟਾਉਂਦੀ। ਪਰ ਪਤੀ ਦੀ ਮੌਤ ਤੋਂ ਬਾਅਦ ਤਿੰਨਾਂ ਬੱਚਿਆਂ ਦਾ ਸਾਰਾ ਬੋਝ ਤੇ ਮੰਜੇ ਨਾਲ ਮੰਜਾ ਹੋਏ ਸ਼ਿਵ ਦਾ ਪਾਲਣ ਪੋਸ਼ਣ ਸਭ ਕੁਝ ਬਬਲੀ ਦੇ ਮੌਰਾਂ ਸਿਰ ਪੈ ਗਿਆ। ਕੋਈ ਰਿਸ਼ਤੇਦਾਰ ਵੀ ਸਹਾਰਾ ਨਾ ਬਣਿਆ।

ਪਤੀ ਦੇ ਮੌਤ ਦਾ ਗਮ ਢਿੱਡ ਦੇ ਕਿਸੇ ਖੂੰਜੇ 'ਚ ਦਫਨ ਕਰਕੇ ਬਬਲੀ ਨੇ ਹਿੰਮਤ ਕੀਤੀ ਤੇ ਕਈ ਘਰਾਂ ਦਾ ਝਾੜੂ ਪੋਚੇ ਦਾ ਕੰਮ ਸੰਭਾਲ ਲਿਆ। ਕਿਰਤ ਕਰਦੀ ਨੇ ਲੋਕਾਂ ਦੇ ਆਸਰੇ ਨਾਲ ਧੀ ਦਾ ਵਿਆਹ ਕਰ ਦਿੱਤਾ। ਛੋਟਾ ਪੁੱਤ ਗਗਨਦੀਪ ਪੜਨ ਦੀ ਇੱਛਾ ਤਾਂ ਰੱਖਦਾ ਹੈ, ਪਰ ਮਾਂ ਦੇ ਹੱਥਾਂ-ਪੈਰਾਂ ਦੇ ਬਿਆੜ ਉਸ ਦੇ ਸੁਪਨਿਆਂ ਨਾਲੋਂ ਵੱਡੇ ਨੇ, ਜਿਹਨਾਂ ਵਿਚਦੀ ਜ਼ਿੰਦਗੀ ਕਿਰਦੀ ਜਾਂਦੀ ਹੈ। 17 ਕੁ ਸਾਲ ਦੇ ਗਗਨਦੀਪ ਨੇ 10 ਜਮਾਤਾਂ ਪਾਸ ਕਰਨ ਮਗਰੋਂ ਲੱਕੜ ਦਾ ਕੰਮ ਸਿੱਖਿਆ, ਅੱਜ ਉਹ ਸਿਖਾਂਦਰੂ ਦੇ ਤੌਰ 'ਤੇ ਕਿਸੇ ਠੇਕੇਦਾਰ ਨਾਲ ਕੰਮ ਕਰਦਾ ਹੈ, ਜੋ ਥੋੜੇ ਬਹੁਤ ਪੈਸੇ ਉਸ ਨੂੰ ਦੇ ਦਿੰਦਾ ਹੈ।
ਬਬਲੀ 4 ਘਰਾਂ ਦਾ ਕੰਮ ਕਰਦੀ ਹੈ, ਡੂਢ ਦੋ ਘੰਟੇ ਕੰਮ ਦੇ ਹਰ ਘਰ ਵਿਚੋਂ ਉਸ ਨੂੰ ਮਹੀਨੇ ਦੇ 5-500 ਰੁਪਏ ਮਿਲਦੇ ਨੇ। ਕਿਰਤ ਦਾ ਪੂਰਾ ਮੁੱਲ ਨਹੀਂ ਮਿਲਦਾ। ਐਨੇ ਘੱਟ ਪੈਸੇ..?? ਇਹ ਸਵਾਲ ਕਰਨ 'ਤੇ ਬਬਲੀ ਵਿਅੰਗਮਈ ਹਾਸਾ ਹੱਸਦੀ ਕਹਿੰਦੀ ਹੈ ਕਿ ਵੱਡੇ ਘਰਾਂ ਵਾਲੀਆਂ 4000 ਰੁਪੱਈਏ ਦਾ ਸੂਟ ਪਾ ਲੈਣਗੀਆਂ, ਜੱਗ ਨੇ ਦੇਖਣਾ ਜੁ ਹੁੰਦਾ, ਗਰੀਬ ਦਾ ਕਿਹੜਾ ਕਿਸੇ ਨੇ ਢਿੱਡ ਦੇਖਣਾ..।

ਪਤਾ ਨਹੀਂ ਕਿੰਨੇ ਕਿਰਤੀ ਗਰਜਾਂ ਖਾਤਰ ਸ਼ੋਸ਼ਣ ਕਰਵਾਉਂਦੇ ਨੇ, ਜੇ ਪੈਸੇ ਵਧਾਉਣ ਲਈ ਕਹਿਣ ਤਾਂ ਅੱਗੋਂ ਜੁਆਬ ਮਿਲਦੈ ਕਿ ਦੇਖ ਲੈ ਅਸੀਂ ਹੋਰ ਲੱਭ ਲਾਂਗੇ.. ਤੇ ਕੰਮ ਛੁੱਟਣ ਦੇ ਖੌਫ 'ਚ ਹਜ਼ਾਰਾਂ ਬਬਲੀਆਂ ਕਿਰਤ ਦਾ ਪੂਰਾ ਮੁੱਲ ਹਾਸਲ ਨਹੀਂ ਕਰ ਪਾਉਂਦੀਆਂ। ਇਹ ਖੋਟ ਕੁਦਰਤ ਦੀ ਨਹੀਂ, ਬੰਦਿਆਂ ਦੀ ਪਾਈ ਹੋਈ ਹੈ, ਸਿਸਟਮ ਦੀ ਪਾਈ ਹੋਈ ਹੈ, ਜੋ ਕਿਰਤੀ ਲਈ ਘੱਟੋ ਘੱਟ ਉਜਰਤ ਵੀ ਨਹੀਂ ਮਿਥ ਸਕਿਆ।
ਸਿਸਟਮ ਦੀਆਂ ਬਦਨੀਤੀਆਂ ਨਾਲ ਸਿੱਝਦੀ ਬਬਲੀ ਇਕ ਘਰ ਦਾ ਕੰਮ ਕਰਕੇ ਆਪਣੇ ਇਕ ਕਮਰੇ ਵਾਲੇ ਘਰ ਸ਼ਿਵ ਨੂੰ ਦੇਖਣ ਦੌੜਦੀ ਹੈ, ਉਸ ਦਾ ਪਿਸ਼ਾਬ ਵਾਰ ਵਾਰ ਵਿੱਚੇ ਨਿਕਲਦਾ ਹੈ, ਗਿੱਲੇ ਥਾਂ ਮਾਂ ਬੱਚੇ ਨੂੰ ਕਿੱਥੇ ਪੈਣ ਦਿੰਦੀ ਹੈ, ਸੋ ਬਬਲੀ ਵੀ ਵਾਰ ਵਾਰ ਆਪਣੇ ਪੁੱਤ ਦੇ ਕੱਪੜੇ ਬਦਲਣ ਆਉਂਦੀ ਹੈ। ਸਾਰਾ ਦਿਨ ਉਹ ਊਰੀ ਵਾਂਗ ਘੁਕਦੀ ਹੈ, ਪਰ ਗਮਾਂ ਦੇ ਗਲੋਟੇ ਕੱਤਿਆਂ ਨਹੀਂ ਕੱਤੇ ਜਾ ਰਹੇ।

ਉਮਰ ਦੀਆਂ ਝਰੀਟਾਂ ਉਹਦੇ ਚਿਹਰੇ 'ਤੇ ਦਿਸਦੀਆਂ ਨੇ। ਪਰ ਉਹ ਜਦ ਵੀ ਘਰ ਆਉਂਦੀ ਹੈ ਸ਼ਿਵ ਨੂੰ ਕੁੱਛੜ ਚੁੱਕ ਕੇ ਹਿੱਕ ਨਾਲ ਲਾ ਲੈਂਦੀ ਹੈ। 22 ਸਾਲ ਦਾ ਹੋ ਚੁੱਕਿਆ ਸ਼ਿਵ ਬਚੂੰਗੜਾ ਜਿਹਾ ਹੈ, ਕਾਂਗੜ ਲੱਤਾਂ, ਬਾਹਵਾਂ, ਆਕੜਿਆ ਸਰੀਰ, ਨਾ ਕੋਈ ਸੋਝੀ.. ਕੁਦਰਤ ਦੀ ਇਕ ਸਜ਼ਾ ਜਿਹਾ, ਪਰ ਮਾਂ ਲਈ ਦੁਲਾਰਾ.. . .। ਮਾਂ ਲੋਰੀਆਂ ਗਾਉਂਦੀ ਉਹਦਾ ਗੰਦਾ ਪਿੰਡਾ ਸਾਫ ਕਰਦੀ ਲਾਡ ਲਡਾਉਂਦੀ ਹੈ, ਪੁੱਤ ਵਲੋਂ ਕੋਈ ਹੁੰਗਾਰਾ ਨਹੀਂ, ਜੁਆਬੀ ਹਰਕਤ ਨਹੀਂ, ਪਰ ਫੇਰ ਵੀ ਮਾਂ ਮੁਸਕਰਾਉਂਦੀ ਵਾਰ ਵਾਰ ਉਹਦਾ ਮੂੰਹ ਚੁੰਮਦੀ ਹੈ। ਮਾਂ ਸਦਕੇ ਜਾਏ.. ਮਾਂ ਵਾਰੀ ਜਾਏ.. ਇਹ ਸਿਰਫ ਮਾਂ ਹੀ ਕਹਿ ਸਕਦੀ ਹੈ..।
ਬਬਲੀ ਦੱਸਦੀ ਹੈ ਕਿ ਸ਼ਿਵ ਨੂੰ ਜਿਉਂਦੇ ਰਹਿਣ ਨੂੰ ਸਿਰਫ ਤਰਲ ਹੀ ਦਿੱਤਾ ਜਾਂਦਾ ਹੈ, ਚਾਹ, ਦੁੱਧ ਜਾਂ ਪਾਣੀ। ਉਹ ਆਖਦੀ ਹੈ ਕਿ ਚਾਹ ਹੀ ਦਿੰਦੀ ਹਾਂ, 1200 ਦਾ ਤਾਂ ਮਹੀਨੇ ਦਾ ਕਿੱਲੋ ਦੁੱਧ ਹੀ ਆਉਦੈ.. ਬਾਕੀ ਖਰਚੇ ਕਿੱਥੋਂ ਕਰਨੇ ਨੇ।

ਬਬਲੀ ਨੂੰ 250 ਰੁਪਿਆ ਵਿਧਵਾ ਪੈਨਸ਼ਨ ਮਿਲਦੀ ਹੈ, ਕੁਝ ਮਹੀਨੇ ਪਹਿਲਾਂ 500 ਰੁਪਏ ਹੋਈ, ਪਰ ਪੈਨਸ਼ਨ ਹੋਰ ਪੈਨਸ਼ਨਰਾਂ ਵਾਂਗ ਕਦੇ ਕਦੇ ਹੀ ਮਿਲਦੀ ਹੈ। ਉਸ ਦੇ ਅਪਾਹਜ ਪੁੱਤ ਲਈ ਸਰਕਾਰੀ ਨਿਯਮਾਂ ਦੇ ਤੌਰ 'ਤੇ ਪੈਨਸ਼ਨ ਮਿਲਣੀ ਚਾਹੀਦੀ ਹੈ, ਪਰ ਹਾਸ਼ੀਏ 'ਤੇ ਧੱਕੇ ਲੋਕਾਂ ਲਈ ਨਿਯਮ ਬੱਸ ਵੋਟਾਂ ਬਟੋਰੂ ਹੀ ਹੁੰਦੇ ਨੇ।

ਬਬਲੀ ਇਕ ਦਿਨ ਵਿੱਚ ਸ਼ਿਵ ਦੇ ਪਿਸ਼ਾਬ ਨਾਲ ਲੱਥਪੱਥ ਟੱਬ ਭਰਕੇ ਕੱਪੜੇ ਧੋਂਦੀ ਹੈ, ਉਸ ਨੂੰ ਕਿਹਾ ਕਿ ਸਰਦੀ ਦੀ ਰੁੱਤ ਵਿੱਚ ਤਾਂ ਹੋਰ ਵੀ ਮੁਸ਼ਕਲ ਹੁੰਦੀ ਹੋਵੇਗੀ, ਤਾਂ ਉਹ ਭਾਵੁਕ ਹੁੰਦੀ ਕਹਿੰਦੀ, ਜਦ ਮੈਂ ਇਹਨੂੰ ਢਿੱਡ ਨਾਲ ਲਾ ਲੈਂਦੀ ਆਂ ਤਾਂ ਸਾਰੀਆਂ ਮੁਸ਼ਕਲਾਂ ਭੁੱਲ ਜਾਂਦੀ ਹਾਂ। ਬਬਲੀ ਦੱਸਦੀ ਹੈ ਕਿ ਕਿਸੇ ਦਾਨੀ ਨੇ ਇਸ ਵਾਰ ਦੀ ਸਰਦੀ ਵਿੱਚ ਡਾਈਪਰ ਲੈ ਦਿੱਤੇ ਸਨ ਕਿ ਰਾਤ ਤਾਂ ਸੌਖੀ ਨਿਕਲੇ, ਇਸ ਨਾਲ ਉਸਨੂੰ ਕਾਫੀ ਆਸਰਾ ਜਿਹਾ ਮਿਲਿਆ, ਨਹੀਂ ਤਾਂ ਰਾਤ ਨੂੰ ਵੀ 3-4 ਵਾਰ ਉਠ ਕੇ ਕੱਪੜੇ ਬਦਲਣੇ ਪੈਂਦੇ ਨੇ। ਉਹ ਆਖਦੀ ਹੈ ਕਿ ਹਰ ਵੇਲੇ ਤਾਂ ਕਿਸੇ ਦੇ ਹੱਥਾਂ ਵੱਲ ਨਹੀਂ ਦੇਖਿਆ ਜਾ ਸਕਦਾ, ਏਸ ਕਰਕੇ ਡਾਈਪਰ ਦੀ ਆਦਤ ਨਹੀਂ ਪਾਉਂਦੇ। ਇਕ ਡਾਈਪਰ 10 ਰਪੱਈਏ ਦਾ ਪੈਂਦਾ ਤੇ ਦਸਾਂ ਦੀ ਸਾਬਣ ਦੀ ਇਕ ਟਿੱਕੀ ਆ ਜਾਂਦੀ ਐ, ਚਾਰ ਦਿਨ ਚੱਲਦੀ ਆ..।

ਇਹ ਹਿਸਾਬ ਕਿਰਤੀ ਹੀ ਲਾ ਸਕਦੇ ਨੇ.. ਕੋਈ ਵੱਡੇ ਤੋਂ ਵੱਡਾ ਆਰਥਿਕ ਮਾਹਿਰ ਵੀ ਇੰਨੀਆਂ ਬਰੀਕੀਆਂ ਨਹੀਂ ਦੇਖਦਾ ਹੋਣਾ।
ਗਰਮੀਆਂ ਵਿੱਚ ਸ਼ਾਮ ਵੇਲੇ ਬਬਲੀ ਸ਼ਿਵ ਨੂੰ ਬਾਹਰ ਘੁੰਮਾਉਣ ਲੈ ਕੇ ਜਾਂਦੀ ਹੈ, ਕਿਸੇ ਦਾਨੀ ਸੱਜਣ ਨੇ 4-5 ਹਜ਼ਾਰ ਦਾ ਇਕ ਵਾਕਰ ਲੈ ਦਿੱਤਾ ਸੀ। ਉਸ ਵਿੱਚ ਗੰਢੜੀ ਜਿਹੇ ਹੋਏ ਸ਼ਿਵ ਦੇ ਸਰੀਰ ਨੂੰ ਪਾ ਕੇ ਇਧਰ ਓਧਰ ਘੁੰਮਾਉਂਦੀ ਮਾਂ ਦਾ ਹਰ ਫਰਜ਼ ਅਦਾ ਕਰਦੀ ਹੈ।
ਕੱਪੜਾ ਉਹ ਕਹਿੰਦੀ ਅਸੀਂ ਤਿੰਨਾਂ ਮਾਂ ਪੁੱਤਾਂ ਨੇ ਕਦੇ ਖਰੀਦ ਕੇ ਨਹੀਂ ਪਾਇਆ, ਜਿਹੋ ਜਿਹਾ ਕੋਈ ਦੇ ਦਿੰਦਾ ਹੈ, ਉਹੋ ਜਿਹਾ ਕੱਟ ਵੱਢ ਕੇ ਨਾਪ ਦਾ ਕਰਕੇ ਪਾ ਲੈਂਦੇ ਹਾਂ।

ਕਾਸ਼ ਜ਼ਿੰਦਗੀ ਦੀ ਵਾਧ ਘਾਟ ਵੀ ਕਿਸੇ ਮਸ਼ੀਨ ਨਾਲ ਕੱਟ ਵੱਢ ਕੇ ਨਾਪ ਦੀ ਕੀਤੀ ਜਾ ਸਕਦੀ।
ਗੱਲਬਾਤ ਮੁਕਾਅ ਕੇ ਜਦ ਮੈਂ ਬਬਲੀ ਨੂੰ ਕਿਹਾ ਕਿ ਅੱਜ ਤਾਂ ਤੁਹਾਡੇ ਹੱਡ ਪੈਰ ਚੱਲਦੇ ਨੇ, ਭਲਕ ਨੂੰ ਇਹਨੂੰ ਕੌਣ ਸਾਂਭੂ? ਇਹਨੂੰ ਕਿਸੇ ਆਸ਼ਰਮ 'ਚ ਕਿਉਂ ਨਹੀਂ ਛੱਡ ਆਉਂਦੇ? ਤਾਂ ਬਬਲੀ ਨੇ ਅੱਧ ਨੰਗੇ ਪੁੱਤ ਨੂੰ ਚੁੱਕ ਕੇ ਝੱਟ ਹਿੱਕ ਨਾਲ ਲਾ ਲਿਆ, ਜਿਵੇਂ ਕਿਸੇ ਚਿੜੀ ਦੇ ਬੋਟ ਨੂੰ ਗਿਰਝ ਨੋਚਣ ਆਣ ਪਈ ਹੋਵੇ ਤੇ ਚਿੜੀ ਪਰ ਖਿਲਾਰ ਕੇ ਬੋਟਾਂ ਨੂੰ ਲੁਕਾਉਣ ਦਾ ਯਤਨ ਕਰੇ।

ਉਹ ਹਟਕੋਰੇ ਲੈਣ ਲੱਗੀ.. ਉਹ ਦੇ ਅੱਥਰੂ ਸਿਰ ਦੀ ਪਾਟੀ ਸ਼ਾਲ ਵੀ ਨਹੀਂ ਸੀ ਝੱਲ ਰਹੀ।

ਮੈਂ ਉਹਨੂੰ ਦਿਲਾਸਾ ਦੇਣ ਲੱਗੀ ਕਿ ਉਹ ਦੁੱਖਾਂ, ਤਕਲੀਫਾਂ.. ਦਰਦਾਂ ਦੇ ਸਮੁੰਦਰ 'ਚ ਗੋਤੇ ਲਾ ਰਹੀ ਹੈ, ਪਰ ਮੈਂ ਗਲਤ ਸੀ, ਮੈਂ ਤਾਂ ਉਹਦੇ ਪੁੱਤ ਨੂੰ ਆਸ਼ਰਮ 'ਚ ਛੱਡਣ ਦੀ ਗੱਲ ਕਹਿ ਕੇ ਉਹਦਾ ਕਾਲਜਾ ਚੀਰ ਕੇ ਰੱਖ ਦਿੱਤਾ ਸੀ।  

ਬਬਲੀ ਸ਼ਿਵ ਨੂੰ ਹਿੱਕ ਨਾਲ ਘੁੱਟਦੀ ਉਹਦਾ ਮੱਥਾ ਚੁੰਮਦੀ ਬੋਲੀ ਇਹ ਤਾਂ ਮੇਰੀ ਜਾਨ ਆਂ..
ਤੇ ਅਜਿਹਾ ਸਿਰਫ ਇਕ ਮਾਂ ਹੀ ਕਰ ਸਕਦੀ ਹੈ..

ਸੀਰੀਆ ਦੇ ਵਿਦਵਾਨ ਖਲੀਲ ਜਿਬਰਾਨ ਦਾ ਕਥਨ ਹੈ- ਇਸ ਜੀਵਨ ਵਿੱਚ ਮਾਂ ਹੀ ਸਭ ਕੁਝ ਹੈ, ਉਹ ਗਮ ਵਿੱਚ ਤਸੱਲੀ, ਦੁੱਖ ਵਿੱਚ ਆਸ ਤੇ ਕਮਜ਼ੋਰੀ ਦੇ ਪਲਾਂ ਵਿੱਚ ਤਾਕਤ ਹੈ। ਉਹ ਪਿਆਰ, ਧੀਰਜ ਤੇ ਖਿਮਾ ਦਾ ਸੋਮਾ ਹੈ।

Comments

Security Code (required)Can't read the image? click here to refresh.

Name (required)

Leave a comment... (required)

ਖ਼ਬਰਸਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ