Thu, 18 April 2024
Your Visitor Number :-   6980002
SuhisaverSuhisaver Suhisaver

ਹੜ੍ਹ ਤੇ ਜ਼ਿੰਦਗੀ ਦੇ ਗੋਤੇ

Posted on:- 06-09-2019

ਮੰਢਾਲਾ ਪਿੰਡ ਤੋਂ ਅਮਨਦੀਪ ਹਾਂਸ ਦੀ ਵਿਸ਼ੇਸ਼ ਰਿਪੋਰਟ

ਜਿਸ ਧਰਤੀ ਤੇ ਰੱਜਵਾਂ ਟੁੱਕਰ ਖਾਂਦੇ ਨਈਂ ਮਜ਼ਦੂਰ
ਉਸ ਧਰਤੀ ਦੇ ਹਾਕਮ ਕੁੱਤੇ, ਉਸ ਦੇ ਹਾਕਮ ਸੂਰ।
ਮੇਰੇ ਵਾਂਗੂਂ ਚਾਰ ਦਿਹਾੜੇ ਭੱਠੀ ਕੋਲ ਖਲੋ,
ਮੁੱਲਾਂ ਫੇਰ ਵਿਖਾਵੀਂ ਮੈਨੂੰ ਆਪਣੇ ਮੂੰਹ ਦਾ ਨੂਰ।



ਹਾਸ਼ੀਆਗਤ ਅਵਾਮ ਦੀ ਰੂਹ ਦਾ ਸ਼ਾਇਰ ਬਾਬਾ ਨਜ਼ਮੀ.. .ਗੰਦੀ ਸਿਆਸਤ ਦੇ ਪਰਦੇ ਆਪਣੇ ਬਰਛੇ ਵਰਗੇ ਬੋਲਾਂ ਨਾਲ ਚਾਕ ਕਰਦਾ ਹੈ.. ਕਿ ਕਿਵੇਂ ਵਿਹਲੜ ਲਾਣੇ ਦੇ ਮੂੰਹਾਂ ਤੇ ਲਾਲੀਆਂ ਝਗੜਦੀਆਂ ਨੇ, ਤੇ ਕੰਮੀ ਕਮੀਣ ਦਿਨ ਰਾਤ ਲਹੂ ਪਸੀਨਾ ਰੋੜ ਕੇ ਵੀ ਰੱਜਵੇਂ ਟੁੱਕਰ ਦੇ ਹਾਣਦੇ ਨਹੀਂ ਹੁੰਦੇ।

ਅਜਿਹਾ ਹੀ ਹਾਲ ਹੈ ਦੁਆਬੇ ਦੇ ਧੁੱਸੀ ਬੰਨ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਦਾ, ਜਿਥੇ ਹੜ੍ਹ ਨੇ ਤਬਾਹੀ ਤਾਂ ਅੱਜ ਲਿਆਂਦੀ ਹੈ, ਪਰ ਦੁੱਖਾਂ, ਤੰਗੀਆਂ ਤੁਰਸ਼ੀਆਂ ਦੇ ਹੜ੍ਹ ਚ ਤਾਂ ਇਹਨਾਂ ਦੀ ਜ਼ਿੰਦਗੀ ਦਹਾਕਿਆਂ ਤੋਂ ਗੋਤੇ ਲਾਉਂਦੀ ਕਿਸੇ ਖੁਸ਼ਹਾਲ ਤਣ ਪੱਤਣ ਨੂੰ ਟੋਲਦੀ ਫਿਰਦੀ ਹੈ।

ਆਓ.. ਧੁੱਸੀ ਬੰਨ ਦੇ ਪਾੜ ਦਾ ਦਰਦ ਹੰਢਾਅ ਰਹੇ ਪਿੰਡ ਮੰਢਾਲਾ ਚੱਲਦੇ ਹਾਂ। ਸਾਰਾ ਪਿੰਡ ਦਲਿਤ ਅਬਾਦੀ ਵਾਲਾ ਹੈ, ਤਕਰੀਬਨ ਹਰ ਘਰ ਦਿਹਾੜੀਦਾਰ ਕਾਮਿਆਂ ਦਾ ਹੈ।


ਦਰਜਨਾਂ ਪਿੰਡਾਂ ਵਾਂਗ ਇਸ ਪਿੰਡ ਚ ਵੀ ਸਤਲੁਜ ਦਰਿਆ ਦਾ ਪਾਣੀ ਆਣ ਵੜਿਆ ਸੀ, ਦਿਨ ਦਾ ਵੇਲਾ ਸੀ ਤੇ ਡਿਪਟੀ ਕਮਿਸ਼ਨਰ ਜਲੰਧਰ ਨੇ ਅਗਾਊਂ ਸੂਚਨਾ ਦੇ ਕੇ ਪਿੰਡ ਵਾਸੀਆਂ ਨੂ ਬੰਨ ਟੁੱਟਣ ਬਾਰੇ ਜਾਣੂ ਕਰਵਾ ਕੇ ਚੁਕੰਨਾ ਕਰ ਦਿੱਤਾ ਸੀ।  ਬੰਨ ਟੁੱਟਿਆ, ਪਾਣੀ ਘਰਾਂ ਚ ਆ ਵੜਿਆ, ਰਾਹਤ ਕਾਮੇ, ਕੁਝ ਪਰਸ਼ਾਸਨ ਦੇ ਤੇ ਕੁਝ ਸਮਾਜ ਸੇਵੀ ਬਚਾਅ ਲਈ ਆ ਗਏ। ਲੋਕਾਂ ਨੇ ਸਮਾਨ ਜਿੰਨਾ ਕੁ ਚੁੱਕ ਕੇ ਛੱਤਾਂ ਤੇ ਰੱਖ ਸਕਦੇ ਸੀ, ਰੱਖ ਲਿਆ, ਕੁਝ ਕੁ ਘਰਾਂ ਨੇ ਔਰਤਾਂ, ਬੱਚਿਆਂ ਨੂ ਸੁਰਖਿਅਤ ਥਾਵਾਂ ਤੇ ਭੇਜ ਦਿਤਾ, ਪਰ ਬਹੁਤੇ ਲੋਕ ਘਰਾਂ ਚ ਹੀ ਰੁਕੇ ਰਹੇ, ਪਾੜ ਇਕ ਨਹੀਂ ਕਈ ਥਾਂਵਾਂ ਤੋਂ ਪੈ ਗਿਆ ਸੀ। ਫੁੱਟ ਫੁੱਟ ਕਰਕੇ ਵਧਦਾ ਗਲਾਂ ਨੂੰ ਆ ਰਿਹਾ ਸੀ।

ਪਰ ਪੰਜਾਬ ਦੇ ਜਾਇਆਂ ਦਾ ਹੌਸਲਾ ਨਾ ਤਾਂ ਸੰਤਾਲੀ  ਤੋੜ ਸਕੀ, ਨਾ ਨਕਸਲੀ ਲਹਿਰ ਤੇ ਖਾੜਕੂ ਲਹਿਰ ਵੇਲੇ ਦਾ ਖੂਨ ਖਰਾਬਾ ਤੋੜ ਸਕਿਆ, ਨਸ਼ਾ ਵੀ ਪੰਜਾਬ ਦੇ ਹੌਸਲੇ ਨੂੰ ਤੋੜ ਨਹੀਂ ਸਕਿਆ, ਤੇ ਹੁਣ ਵੀ ਵੱਡਿਆਂ ਦੀ ਨਲਾਇਕੀ ਨਾਲ ਥੋਪੇ ਗਏ ਹੜ੍ਹ ਦੌਰਾਨ ਪੰਜਾਬ ਦੇ ਧੀਆਂ ਪੁੱਤਾਂ ਨੇ ਸਿੱਧ ਕਰ ਦਿੱਤਾ ਹੈ, ਕਿ ਪੰਜਾਬ ਨੂੰ ਹਰਾਉਣਾ ਐਡਾ ਸੌਖਾ ਨਹੀਂ।

ਖੈਰ ਮੰਢਾਲਾ ਪਿੰਡ ਦੀ ਗੱਲ ਕਰਦੇ ਹਾਂ, ਜੀਹਦੇ ਨਾਲ ਲਗਦੇ ਧੁੱਸੀ ਬੰਨ ਚ ਕਈ ਥਾਈਂ ਪਾੜ ਪੈ ਚੁਕਿਆ ਸੀ, ਸਭ ਕੁਝ ਰੋਹਡ਼ੂ ਬਣੇ ਪਾਣੀ ਮੂਹਰੇ ਪਿੰਡ ਦੇ ਨੌਜਵਾਨ ਪੰਜਾਬ ਭਰ ਚੋਂ ਆਏ ਮਦਦਗਾਰਾਂ ਦੇ ਨਾਲ ਡਟ ਗਏ, ਤੇਜ਼ ਵਹਾਅ ਵਾਲੇ ਵਹਿੰਦੇ ਪਾਣੀ ਨੂੰ ਮਿੱਟੀ ਦੀਆਂ ਬੋਰੀਆਂ ਨਾਲ ਰੋਕਣ ਚ ਦਿਨ ਰਾਤ ਜੁਟ ਗਏ।

ਇਹਨਾਂ ਕਿਰਤੀਆਂ ਚ ਪਿੰਡ ਦਾ 32 ਸਾਲਾ ਵਿਜੈ ਵੀ ਸ਼ਾਮਲ ਸੀ, 19 ਅਗਸਤ ਨੂੰ ਦੁਪਹਿਰੇ ਤਿੰਨ ਵਜੇ ਦੇ ਕਰੀਬ ਮਿੱਟੀ ਦੇ ਬੋਰੇ ਭਰ ਕੇ ਪਾੜ ਪੂਰ ਰਹੇ ਸੀ ਤਾਂ ਬੋਰੀ ਚੁੱਕੀ ਲਿਜਾਂਦੇ ਵਿਜੈ ਦਾ ਪੈਰ ਤਿਲਕ ਗਿਆ, ਦਰਿਆ ਚ ਜਾ ਡਿਗਿਆ, ਤੇਜ਼ ਵਹਾਅ ਨਾਲ ਹੜ੍ਹ ਗਿਆ, ਮੌਕੇ ਤੇ ਸਾਥੀਆਂ ਨੇ ਬਥੇਰੀ ਕੋਸ਼ਿਸ਼ ਕੀਤੀ ਬਚਾਅ ਦੀ, ਪਰ ਉਹਨਾਂ ਦੀਆਂ ਅੱਖਾਂ ਦੇ ਸਾਹਮਣੇ ਹੀ ਵਿਜੈ ਤੂਫਾਨ ਮਚਾਉਂਦੇ ਪਾਣੀ ਚ ਤੁਥ ਜਿਹੇ ਬੁਲਬੁਲੇ ਵਾਂਗ ਸਮਾਅ ਗਿਆ।

ਐਨ ਡੀ ਆਰ ਐਫ ਦੀਆਂ ਟੀਮਾਂ ਓਸ ਵਕਤ ਕਿਸ਼ਤੀਆਂ ਲੈ ਕੇ ਓਥੇ ਰਾਹਤ ਕਾਰਜਾਂ ਚ ਜੁਟੀਆਂ ਹੋਈਆਂ ਸਨ, ਪਿੰਡ ਵਾਸੀਆਂ ਨੇ ਵਿਜੈ ਨੂੰ ਭਾਲਣ ਲਈ ਐਨ ਡੀ ਆਰ ਐਫ ਤੋਂ ਮਦਦ ਮੰਗੀ ਪਰ ਉਹਨਾਂ ਦੋ ਟੁਕ ਸ਼ਬਦਾਂ ਚ ਕਹਿ ਦਿੱਤਾ ਕਿ ਉਹ ਜਾਗਦੇ ਜੀਆਂ ਨੂੰ ਬਚਾਉਣ ਲਈ ਆਏ ਨੇ, ਮੁਰਦਿਆਂ ਲਈ ਉਹ ਕੁਝ ਨਹੀਂ ਕਰ ਸਕਦੇ।

ਆਪਣੇ ਤੌਰ ਤੇ ਪਿੰਡ ਵਾਸੀ ਕਾਫੀ ਚਿਰ ਪਾਣੀ ਦੇ ਵਹਾਅ ਨੂੰ ਨਜ਼ਰਾਂ ਨਾਲ ਟੋਲਦੇ ਫਰੋਲਦੇ ਰਹੇ, ਮਤੇ ਵਿਜੈ ਦਾ ਕੋਈ ਨਿਸ਼ਾਨ ਹੀ ਮਿਲ ਜਾਵੇ, ਪਰ ਸਭ ਅਸਫਲ।

ਵਿਜੈ, ਜ਼ਿੰਦਗੀ ਹਾਰ ਗਿਆ, ਅਸਲ ਚ ਉਹ ਸੀ ਹੀ ਹਾਰਿਆ ਹੋਇਆ, ਪਹਿਲੀ ਹਾਰ ਕੁਦਰਤ ਨੇ ਉਸ ਦੇ ਹਿੱਸੇ ਉਦੋਂ ਲਿਖੀ ਜਦੋਂ ਉਹ ਹਾਲੇ ਦੁੱਧ ਚੁੰਘਦਾ ਸੀ ਤਾਂ ਮਾਂ ਸਦਾ ਲਈ ਚਲੀ ਗਈ, ਚਾਰ ਕੁ ਸਾਲ ਵੱਡੇ ਭਰਾ ਲਖਵਿਂਦਰ ਤੇ ਵਿਜੈ ਨੂੰ ਭੂਆ ਨੇ ਪਾਲਿਆ, ਮਾਂ ਦੇ ਜਾਣ ਮਗਰੋਂ ਪਿਓ ਗਮ ਨਾਲੋਂ ਵੱਧ ਦਾਰੂ ਤੇ ਹੋਰ ਨਸ਼ਿਆਂ ਚ ਹੀ ਡੁੱਬ ਕੇ ਰਹਿ ਗਿਆ। ਰੁਲ ਖੁਲ ਕੇ, ਬੇਹੀ, ਰੁੱਖੀ, ਮਿਸੀ ਜਿਹੋ ਜਿਹੀ ਜੁੜਦੀ, ਖਾ ਕੇ ਲਖਵਿਂਦਰ ਤੇ ਵਿਜੈ ਜਵਾਨ ਹੋ ਗਏ, ਦਿਹਾੜੀ ਦੱਪਾ ਕਰਨ ਲੱਗੇ, ਸਾਲ 2004 ਚ ਪਿਤਾ ਵੀ ਸਾਥ ਛੱਡ ਗਿਆ। ਲਖਵਿੰਦਰ ਤੇ ਵਿਜੈ ਨੇ ਆਪਣੇ ਦਮ ਤੇ ਗਾਰੇ ਦੀ ਚਿਣਾਈ ਨਾਲ ਦੋ ਕਮਰੇ ਪਾਏ, ਕਾਨਿਆਂ ਦੀ ਛੱਤ ਪਾਈ ਹੈ, ਰੋਡੀ ਜਿਹੀ ਕੰਧ ਦੀ ਓਟ ਕਰਕੇ ਗੁਸਲਖਾਨਾ ਬਣਾ ਕੇ ਡਂਗ ਸਾਰਿਆ ਹੋਇਆ ਹੈ। ਟੁੱਟਵੀਂ ਦਿਹਾੜੀ ਨਾਲ ਦੋ ਡਂਗ ਦੀ ਰੋਟੀ ਹੀ ਤੁਰਦੀ ਰਵੇ, ਹੋਰ ਕਿਹੜਾ ਇਹਨਾਂ ਨੇ ਮਹੱਲ ਉਸਾਰ ਲੈਣੇ ਨੇ।

ਵਿਜੈ ਦਾ ਵਿਆਹ ਹੋਏ ਨੂ ਸਵਾ ਕੁ ਸਾਲ ਹੋਇਆ ਸੀ, ਜਿਦਣ ਉਹ ਮੁੱਕਿਆ, ਉਦਣ ਉਹਦੀ ਧੀ ਮਸਾਂ ਸਵਾ ਕੁ ਮਹੀਨੇ ਦੀ ਹੋਈ ਸੀ। ਬੇਆਸਰਾ ਹੋਈ ਜੀਵਨ ਸਾਥਣ, ਅਠਾਈ ਸਾਲਾ ਸੁਮਨ ਦਰਦਾਂ ਦੇ ਹੜ੍ਹ ਚ ਪਹਾੜ ਜਿਹੀ ਜ਼ਿੰਦਗੀ ਦੇ ਗੋਤੇ ਲਾਉਣ ਨੂੰ ਮਜਬੂਰ ਹੋ ਗਈ ਹੈ।

ਵਿਜੈ ਇਕ ਸਮਾਜਿਕ ਕਾਰਜ ਕਰਦਾ ਮੁੱਕਿਆ, ਅੰਤਮ ਵਾਰ ਉਹਦਾ ਮੁੱਖ ਵੀ ਪਰਿਵਾਰ ਨਾ ਦੇਖ ਸਕਿਆ, ਕਈ ਦਿਨਾਂ ਦੀ ਉਡੀਕ ਮਗਰੋਂ ਕੱਲ ਚਾਰ ਸਤੰਬਰ ਨੂੰ ਪਿੰਡ ਵਾਸੀਆਂ ਨੇ ਰਲ ਮਿਲ ਕੇ ਵਿਜੈ ਨਮਿਤ ਅੰਤਮ ਅਰਦਾਸ ਕਰ ਦਿੱਤੀ। ਕੋਈ ਖਾਲਸਾਈ ਜਥੇਬੰਦੀ ਪਰਿਵਾਰ ਨੂ ਦਸ ਹਜ਼ਾਰ ਦੀ ਮਦਦ ਕਰਕੇ ਗਈ ਹੈ, ਕੱਲ ਭੋਗ ਤੇ ਸ਼ਾਹਕੋਟ ਦੀ ਐਸ ਡੀ ਐਮ ਬੀਬਾ ਚਾਰੂਮਿੱਤਾ ਵੀ ਪਰਸ਼ਾਸਨ ਵਲੋਂ ਗਈ ਸੀ, ਪਰਿਵਾਰ ਦੀ ਜੋ ਵੀ ਸੰਭਵ ਹੋਈ ਮਦਦ ਦੇ ਭਰੋਸੇ ਵਾਲੀ ਸਰਕਾਰੀ ਗੋਲੀ ਦੇ ਕੇ ਗਈ ਹੈ। ਨਂਨੀ ਬੱਚੀ ਅਨੁ ਨਾਲ ਵੀ ਪਿਤਾ ਵਿਜੈ ਵਾਲੀ ਹੋਈ, ਉਹ ਵੀ ਹਾਲੇ ਦੁੱਧ ਮੂੰਹਾਂ ਹੀ ਸੀ ਕਿ ਮਾਂ ਤੁਰ ਗਈ, ਤੇ ਅਨੂ ਵੀ ਹਾਲੇ ਦੁੱਧ ਮੂਂਹੀ ਹੈ ਕਿ ਬਾਪ ਤੁਰ ਗਿਆ। ਖੌਰੇ ਕੁਦਰਤ ਨੇ ਪਿਓ ਧੀ ਦੀ ਇਕੋ ਕਲਮ ਨਾਲ ਤਕਦੀਰ ਵਾਲੀ ਲੀਕ ਵਾਹੀ ਹੋਣੀ ਹੈ, ਅਗਲੀ ਹੋਣੀ ਕੀ ਹੋਣੀ ਹੈ ਕੋਈ ਨਹੀਂ ਜਾਣਦਾ।

 ਵਿਜੈ ਦਾ ਭਰਾ ਲਖਵਿੰਦਰ ਭਰੋਸਾ ਤਾਂ ਦੇ ਰਿਹਾ ਹੈ ਕਿ ਉਹ ਸੁਮਨ ਤੇ ਅਨੂ ਦਾ ਪੂਰਾ ਖਿਆਲ ਰੱਖੇਗਾ, ਪਰ ਲਖਵਿੰਦਰ ਤਾਂ ਆਪ ਆਝੀ ਹੈ, ਉਹਦੇ ਫੇਫੜੇ ਚ ਛੇਕ ਹੈ, ਕੋਈ ਇਲਾਜ ਨਹੀਂ, ਬੱਸ ਸਾਹਵਾਂ ਨੂੰ ਠੁੰਮਣਾ ਦੇਣ ਲਈ ਦਵਾ ਦਾਰੂ ਕਰਵਾ ਰਹੇ ਨੇ, ਜਲੰਧਰ ਦੇ ਗੁਲਾਬ ਦੇਵੀ ਹਸਪਤਾਲ ਚੋਂ ਹਰ ਮਹੀਨੇ ਦਵਾਈ ਲੈਂਦੇ ਨੇ, ਲਖਵਿੰਦਰ ਤੇ ਉਸ ਦੀ ਪਤਨੀ ਨੂੰ ਟੁੱਟਵੀਂ ਦਿਹਾੜੀ ਦਾ ਕੰਮ ਮਿਲਦਾ ਹੈ, ਮਸਾਂ ਅੱਠ ਨੌ ਹਜ਼ਾਰ ਰੁਪਏ ਮਹੀਨੇ ਦੇ ਕਮਾਈ ਹੁੰਦੀ ਹੈ, ਤਿੰਨ ਸਾਢੇ ਤਿੰਨ ਹਜ਼ਾਰ ਰੁਪਏ ਦੀ ਮਹੀਨੇ ਦੀ ਦਵਾਈ ਆ ਜਾਂਦੀ ਹੈ। ਲਖਵਿਂਦਰ ਨੂੰ ਮਿੱਟੀ ਘੱਟੇ ਤੋਂ ਐਲਰਜੀ ਹੈ, ਪਰ ਢਿੱਡ ਤੇ ਹੋਰ ਗਰਜ਼ਾਂ ਐਲਰਜੀ ਮੁਕਤ ਹੁੰਦੀਆਂ ਨੇ..

ਦੋ ਬੱਚੇ ਨੇ, ਗਿੱਦੜਪਿੰਡੀ ਪੜਨ ਜਾਂਦੇ ਨੇ, ਐਨੀ ਕਮਾਈ ਨਹੀਂ ਕਿ ਉਹਨਾਂ ਨੂੰ ਆਉਣ ਜਾਣ ਨੂੰ ਸਾਈਕਲ ਹੀ ਲੈ ਦੇਈਏ,ਵਿਚਾਰੇ ਖੁੱਚਾਂ ਵਢਾਉਂਦੇ ਤੁਰੇ ਫਿਰਦੇ ਨੇ।

ਸਾਡੀ ਗਰੀਬਾਂ ਦੀ ਕੌਣ ਸੁਣਦਾ ਜੀ, ਆਹ ਹੁਣ ਹੜ੍ਹ ਆਗੇ ਤਾਂ ਕੋਈ ਨਾ ਕੋਈ ਆਉਂਦਾ ਜਾਂਦਾ ਰਹਿੰਦਾ, ਸਾਡੇ ਘਰਾਂ ਚ ਝਾਤ ਮਾਰ ਜਾਂਦਾ, ਪਰ ਕੋਈ ਸਾਡੀ ਜਿ਼ੰਦਗੀ ਚ ਝਾਤ ਨਹੀਂ ਪਾਉਂਦਾ। ਲਖਵਿੰਦਰ ਦੀ ਪਤਨੀ ਦਾ ਦਰਦ ਉਛਾਲੇ ਮਾਰ ਰਿਹਾ ਸੀ। ਨਕੋਦਰੋਂ ਇਕ ਪਰਿਵਾਰ ਆਇਆ ਸੀ, ਆਂਹਦੇ ਸੀ ਵਿਜੈ ਦੇ ਭੋਗ ਤੇ ਆਵਾਂਗੇ, ਪਰ ਵਿਜੈ ਕਿਹੜਾ ਉਹਨਾਂ ਦਾ ਕੁਝ ਲਗਦਾ ਸੀ, ਜੋ ਉਹ ਆਉਂਦੇ। ਗੱਲਾਂ ਨੇ ਜੀ..  ਜਿੰਨੀਆਂ ਮਰਜ਼ੀ ਕਰ ਜਾਓ।

ਵਿਜੈ ਦੀ ਡੂਢ ਮਹੀਨੇ ਦੀ ਬੱਚੀ ਅਨੂ ਹੜ੍ਹ ਦੇ ਬਦਬੂ ਮਾਰਦੇ ਤੇ ਮਰੇ ਪਸ਼ੂਆਂ ਕਾਰਨ ਪੱਸਰੀ ਗੰਦਗੀ ਕਰਕੇ ਬਿਮਾਰ ਪੈ ਗਈ ਤਾਂ ਨਾਨਕੇ ਬਾਮੂਵਾਲ ਜ਼ਿਲਾ ਕਪੂਰਥਲਾ ਭੇਜ ਦਿੱਤੀ। ਜਵਾਨ ਵਿਧਵਾ ਸੁਮਨ ਖੁਸ਼ਕ ਹੋਈਆਂ ਅੱਖਾਂ ਖਿਲਾਅ ਚ ਗੱਡ ਕੇ ਸਵਾਲ ਕਰਦੀ ਹੈ ਕਿ ਰੱਬ ਜਾਣੇ ਹੁਣ ਸਾਡਾ ਦਾ ਕੀ ਬਣੂ???

ਸੁਮਨ ਸ਼ਾਂਤ ਹੈ, ਪਰ ਉਹਦੇ ਅੰਦਰ ਦਾ ਹੜ੍ਹ ਸਤਲੁਜ ਦੇ ਹੜ੍ਹ ਤੋਂ ਵੀ ਭਿਆਨਕ ਹੈ, ਜੀਹਨੂ ਬੰਨ ਮਾਰਨ ਵਾਲਾ ਹਾਲ ਦੀ ਘੜੀ ਤਾਂ ਕੋਈ ਨਹੀਂ ਦਿਸਦਾ।

ਵਿਜੈ ਦੇ ਪਰਿਵਾਰ ਦਾ ਦਰਦ ਸਮੇਟ ਕੇ ਪਿੰਡ ਦੀਆਂ ਉਦਾਸ ਤੇ ਦਰਦ, ਫਿਕਰਾਂ ਨਾਲ ਪਰੁੰਨੀਆਂ ਪਈਆਂ ਗਲੀਆਂ ਚ ਘੁੰਮੇ ਤੇ ਹਾਲਾਤ ਜਾਣੇ ਤਾਂ ਪਿਂਡ ਦੇ ਬਹੁਤ ਸਾਰੇ ਲੋਕ ਇਨਫੈਕਸ਼ਨ ਤੋਂ ਪ੍ਰਭਾਵਿਤ ਮਿਲੇ। ਰਾਸ਼ਨ, ਪਾਣੀ ਲੀੜੇ ਲੱਤੇ ਦੇਣ ਵਾਲੇ ਬਹੁਤ ਦਾਨੀ ਸੱਜਣ ਆਏ, ਪਰਸ਼ਾਸਨ ਵਲੋਂ ਵੀ ਓਸ ਵਕਤ ਪਿੰਡ ਚ ਕੋਈ ਦਵਾਈ ਸਪਰੇਅ ਕਰਵਾਈ ਜਾ ਰਹੀ ਸੀ, ਪਰ ਘਰੇਲੂ ਵਰਤੋਂ ਲਈ ਫਰਨੈਲ, ਐਂਟੀਸੈਪਟਿਕ ਲੋਸ਼ਨ, ਬੱਚਿਆਂ ਲਈ ਓ ਆਰ ਐਸ ਪਾਊਡਰ, ਓਡੋਮਾਸ, ਸੁੱਕਾ ਦੁੱਧ ਦੀ ਕਮੀ ਰੜਕੀ। ਪਾਣੀ ਸਾਫ ਕਰਨ ਲਈ ਕਲੋਰੀਨ ਦੀਆਂ ਗੋਲੀਆਂ ਦੀ ਲੋੜ ਹੈ। ਫਰਨੈਲ, ਸਾਬਣ ਤੇ ਸੈਨੇਟਰੀ ਨੈਪਕਿਨ ਤਾਂ ਅਸੀਂ ਓਸ ਵਕਤ  ਲੈ ਕੇ ਗਏ ਸੀ, ਜੋ ਲੋੜਵਂਦਾਂ ਨੂੰ ਦੇ ਆਏ, ਜੋ ਹੋਰ ਕੁਝ ਸਰਿਆ ਜਲਦੀ ਹੀ ਪੁਚਾ ਆਵਾਂਗੇ। ਪਿੰਡ ਚ ਸਭ ਨੇ ਗੁਜਾ਼ਰਿਸ਼ ਕੀਤੀ ਕਿ ਇਥੇ ਹੜ੍ਹ ਮਾਰੇ ਪਿੰਡਾਂ ਚ ਸੀਨੀਅਰ ਡਾਕਟਰਾਂ ਦੀ ਅਗਵਾਈ ਚ ਮੈਡੀਕਲ ਕੈਂਪ ਦੀ ਸਖਤ ਲੋੜ ਹੈ।ਆਰਐਮ ਪੀ ਆਪਣਏ ਤੌਰ ਤੇ ਆਉਂਦੇ ਰਹਿੰਦੇ ਨੇ।

ਪੰਜ ਦਿਨ ਹੋ ਗਏ ਸਾਨੂ ਪਿੰਡ ਮੰਢਾਲਾ ਗਿਆਂ, ਜਲਂਧਰ ਪਰਸ਼ਾਸਨ ਤੱਕ ਮੈਡੀਕਲ ਮਦਦ ਦਾ ਸੁਨੇਹਾ ਦੇ ਦਿੱਤਾ ਸੀ, ਪਰ ਹਾਲੇ ਤੱਕ ਕੋਈ ਕਾਰਵਾਈ ਦਾ ਸਂਕੇਤ ਨਹੀਂ ਆਇਆ। ਉਝ ਸਾਰਾ ਪਰਸ਼ਾਸਨ, ਸਾਰੀ ਸਰਕਾਰ ਰੁਝੀ ਬੜੀ ਹੋਈ ਹੈ, ਹੜ੍ਹ ਕਰਕੇ।

ਇਥੇ ਵੀ ਲੀਡਰ ਲੋਕ ਆ ਕੇ, ਫੋਟੋਆਂ ਖਿਚਵਾ ਕੇ ਤੁਰ ਜਾਂਦੇ ਨੇ, ਪਰ ਸਿੱਖ ਜਥੇਬਂਦੀਆਂ ਤੇ ਆਮ ਸਂਗਤ ਨੇ ਮਦਦ ਦਾ ਹੜ੍ਹ ਲਿਆ ਦਿੱਤਾ ਹੈ।

ਇਹ ਵੀ ਦੱਸ ਦੇਈਏ ਕਿ ਇਸ ਪਿੰਡ ਦੀ ਖਾਸੀਅਤ ਹੈ ਕਿ ਜਿਥੇ ਪੰਜਾਬ ਦਾ ਬਹੁਤਾ ਖਿੱਤਾ ਚਿੱਟੇ ਦਾ ਚੱਟਿਆ ਹੋਇਆ ਹੈ, ਓਥੇ ਇਹ ਪਿੰਡ ਮੰਢਾਲਾ  ਚਿੱਟੇ ਤੇ ਮੈਡੀਕਲ ਨਸ਼ੇ ਤੋਂ ਬਚਿਆ ਹੈ, ਦੇਸੀ ਨਸ਼ੇ ਤੋਂ ਲੋਕ ਇਨਕਾਰ ਨਹੀਂ ਕਰਦੇ।

ਪਿੰਡ ਦੇ ਕੁਝ ਨੌਜਵਾਨਾਂ ਨੇ ਸਾਂਝੀਆਂ ਸਮੱਸਿਆਵਾਂ ਬਾਰੇ ਦੱਸਿਆ ਕਿ ਪਿਛਲੀ ਸਰਕਾਰ ਵੇਲੇ ਕਦੇ ਕਦਾਈਂ ਵਿਧਵਾ, ਬੁਢਾਪਾ ਪੈਨਸ਼ਨਾਂ ਮਿਲਦੀਆਂ ਸੀ, ਐਤਕੀਂ ਰਾਜੇ ਦੀ ਸਰਕਾਰ ਨੇ ਕੁਝ ਨਹੀਂ ਦਿੱਤਾ। ਪੀਣ ਵਾਲਾ ਪਾਣੀ ਖਰਾਬ ਹੈ, ਸਾਲ ਹੋ ਗਿਆ ਸਰਕਾਰੀ ਮੋਟਰ ਬਂਦ ਪਈ ਹੈ, ਲੋਕਾਂ ਨੇ ਪੱਲਿਓਂ ਪੈਸੇ ਪਾ ਕੇ ਮੱਛੀ ਮੋਟਰਾਂ ਲਵਾਈਆਂ ਨੇ, ਪਰ ਉਹ ਪਾਣੀ ਵੀ ਪੀਣ ਯੋਗ ਨਹੀਂ ਹੈ। ਸੀਵਰੇਜ ਦਾ ਕੋਈ ਪਰਬੰਧ ਨਹੀਂ ਹੈ, ਪਿੰਡ ਚ ਆਰ ਓ ਦੀ ਸਖਤ ਲੋੜ ਹੈ, ਪੰਚਾਇਤਾਂ ਆਉਂਦੀਆਂ ਨੇ, ਸਰਕਾਰਾਂ ਬਣਦੀਆਂ ਨੇ, ਪਰ ਆਰ ਓ ਦੀ ਤੇ ਸੀਵਰੇਜ ਵਾਲੀ ਸਮਸਿਆ ਦਾ ਹੱਲ ਵਾਅਦਾ ਕਰਕੇ ਵੀ ਪੂਰਾ ਨਹੀਂ ਕੀਤਾ ਜਾ ਰਿਹਾ।

ਦਿਹਾੜੀਦਾਰ ਪਰਿਵਾਰਾਂ ਦੇ ਬੱਚੇ ਗੁਰਬਤ ਕਰਕੇ ਬਹੁਤਾ ਪੜ ਨਹੀਂ ਰਹੇ, ਇੱਛਾ ਦੇ ਬਾਵਜੂਦ ਉਹਨਾਂ ਦਾ ਕਿਤੇ ਹੱਥ ਨਹੀਂ ਪੈਂਦਾ, ਕਈ ਵਾਰ ਕਾਪੀਆਂ ਪੈਨ ਪੈਨਸਲਾਂ ਲਈ ਵੀ ਤੀਹ ਚਾਲੀ ਰੁਪਏ ਘਰ ਚ ਨਹੀਂ ਹੁੰਦੇ, ਅਜਿਹੀ ਹਾਲਤ ਚ ਵਿਦਿਆ, ਵਿਕਾਸ ਦੀ ਗੱਲ ਉਹ ਕਿਥੇ ਕਰ ਸਕਦੇ ਨੇ। ਸਰਕਾਰੀ ਢੰਡੋਰਚੀ ਜੋ ਮਰਜੀ਼ ਆਖੀ ਜਾਣ, ਪਰ ਸੱਚ ਤਾਂ ਇਹ ਹੈ ਕਿ ਮੰਢਾਲਾ ਪਿੰਡ ਦੇ ਵਾਸੀਆਂ ਦੀ ਜ਼ਿੰਦਗੀ ਅੱਜ ਹੀ ਨਹੀਂ ਦਹਾਕਿਆਂ ਤੋਂ ਹੀ ਦਰਦਾਂ ਦੇ ਹੜ੍ਹ ਚ ਗੋਤੇ ਲਾ ਰਹੀ ਹੈ, ਵਕਤ ਵਕਤ ਦੇ ਨੀਰੋ ਬੰਸਰੀਆਂ ਵਜਾਉਂਦੇ ਫਿਰਦੇ ਨੇ।

ਤੇ

ਇਕ ਸਧਾਰਨ ਨਾਗਰਿਕ ਹੋਣ ਦੇ ਨਾਤੇ ਬੱਸ ਇਹੀ ਕਹਿਣਾ ਹੈ –

ਬੁਜ਼ਦਿਲ ਨਾਲੋਂ ਫਿਰ ਵੀ ਚੰਗਾ, ਕੁਝ ਤੇ ਕਰਕੇ ਮੁੜਿਆ ਵਾਂ ..
ਫਰਜ਼ ਮੇਰਾ ਸੀ ਸ਼ੀਸ਼ਾ ਧਰਨਾ, ਸ਼ੀਸ਼ਾ ਧਰ ਕੇ ਮੁੜਿਆ ਵਾਂ ..


Comments

Security Code (required)



Can't read the image? click here to refresh.

Name (required)

Leave a comment... (required)





ਖ਼ਬਰਸਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ