Mon, 17 June 2024
Your Visitor Number :-   7118728
SuhisaverSuhisaver Suhisaver

ਪੱਤਰਕਾਰ ਤਰੁਣ ਸਿਸੋਦੀਆ ਨੇ ਕੀ ਵਾਕਿਆ ਹੀ ਖੁਦਕੁਸ਼ੀ ਕੀਤੀ ਸੀ ਜਾਂ ਕਹਾਣੀ ਕੁਝ ਹੋਰ ਹੈ?

Posted on:- 10-07-2020

ਦਿ ਵਾਇਰ ਦੇ ਸਹਿਯੋਗੀ ਵਿਸ਼ਾਲ ਜਯਸਵਾਲ ਦੀ ਰਿਪੋਰਟ

ਅਨੁਵਾਦ -ਅਮਨਦੀਪ ਹਾਂਸ

ਦਿੱਲੀ ਦੇ ਏਮਜ਼ ਟਰਾਮਾ ਸੈਂਟਰ ਚ ਕੋਵਿਡ 19 ਦਾ ਇਲਾਜ ਕਰਵਾ ਰਹੇ 37 ਸਾਲਾ ਦੈਨਿਕ ਭਾਸਕਰ ਦੇ ਪੱਤਰਕਾਰ ਤਰੁਣ ਸਿਸੋਦੀਆ ਦੀ 6 ਜੁਲਾਈ ਦੀ ਦੁਪਹਿਰ ਨੂੰ ਮੌਤ ਹੋ ਗਈ, ਇਸ ਮਗਰੋਂ ਏਮਜ਼ ਪ੍ਰਸ਼ਾਸਨ ਨੇ ਦਾਅਵਾ ਕੀਤਾ ਕਿ ਤਰੁਣ ਨੇ ਹਸਪਤਾਲ ਦੀ ਚੌਥੀ ਮੰਜ਼ਲ ਤੋਂ ਛਾਲ ਮਾਰ ਕੇ ਖੁਦਕੁਸ਼ੀ ਕੀਤੀ ਹੈ। ਤਰੁਣ ਦਿੱਲੀ ਤੋਂ ਦੈਨਿਕ ਭਾਸਕਰ ਅਖਬਾਰ ਲਈ ਬਤੌਰ ਹੈਲਥ ਰਿਪੋਰਟਰ ਕੰਮ ਕਰ ਰਹੇ ਸਨ, ਉਹਨਾਂ ਦੀ ਮੌਤ ਦੀ ਖਬਰ ਮਿਲਦਿਆਂ ਹੀ ਦਿੱਲੀ ਦੇ ਕਈ ਸਾਰੇ ਪੱਤਰਕਾਰਾਂ ਨੇ ਤਰੁਣ ਦੀ ਮੌਤ ਨੂੰ ਖੁਦਕੁਸ਼ੀ ਮੰਨਣ ਤੋਂ ਇਨਕਾਰ ਕਰ ਦਿੱਤਾ। ਸੋਸ਼ਲ ਮੀਡੀਆ ਤੇ ਵੱਖਰੀ ਬਹਿਸ ਸ਼ੁਰੂ ਹੋ ਗਈ, ਤੇ ਲੋਕ ਤਰੁਣ ਨੂੰ ਲੈ ਕੇ ਆਪਣੇ ਤਜਰਬੇ ਸਾਂਝੇ ਕਰਨ ਲੱਗੇ, ਮੌਤ ਦੀ ਜਾਂਚ ਦੀ ਮੰਗ ਉੱਠੀ।

ਘਟਨਾ ਵਾਲੀ ਸ਼ਾਮ ਹੀ ਕੇਂਦਰੀ ਸਿਹਤ ਮੰਤਰੀ ਹਰਸ਼ਵਰਧਨ ਨੇ ਇਕ ਟਵੀਟ ਕਰਕੇ ਮਾਮਲੇ ਦੀ ਜਾਂਚ ਲਈ ਚਾਰ ਮੈਂਬਰੀ ਕਮੇਟੀ ਦਾ ਗਠਨ ਕਰਨ ਦਾ ਐਲਾਨ ਕੀਤਾ ਸੀ। ਅਗਲੇ ਦਿਨ 7 ਜੁਲਾਈ ਨੂੰ ਦਿੱਲੀ ਦੇ ਪੱਤਰਕਾਰਾਂ ਨੇ ਪ੍ਰੈਸ ਕਲੱਬ ਚ ਇਕੱਠੇ ਹੋ ਕੇ ਲੌਕਡਾਊਨ ਦੇ ਨਿਰਦੇਸ਼ਾਂ ਦਾ ਪਾਲਣ ਕਰਦਿਆਂ ਸੰਕੇਤਕ ਰੋਸ ਮੁਜਾਹਰਾ ਕੀਤਾ,ਅਤੇ ਮਾਮਲੇ ਦੀ ਸੁਤੰਤਰ ਤੇ ਨਿਰਪੱਖ ਨਿਆਂਇਕ ਜਾਂਚ ਦੀ ਮੰਗ ਕੀਤੀ। ਪੱਤਰਕਾਰਾਂ ਨੇ ਏਮਜ਼ ਵਲੋਂ ਜਾਰੀ ਅਧਿਕਾਰਕ ਬਿਆਨ ਚ ਤਰੁਣ ਦੀ ਖੁਦਕੁਸ਼ੀ ਦੀ ਕਹਾਣੀ ਤੇ ਸਵਾਲ ਚੁੱਕੇ।

ਦਰਅਸਲ ਏਮਜ਼ ਨੇ ਕਿਹਾ ਸੀ- ਪੱਤਰਕਾਰ ਨੂੰ ਏਮਜ਼ ਦੇ ਜੈਪ੍ਰਕਾਸ਼ ਨਰਾਇਣ ਅਪੇਕਸ ਟਰਾਮਾ ਸੈਂਟਰ ਚ 24 ਜੂਨ ਨੂੰ ਕੋਵਿਡ 19 ਦੀ ਵਜਾ ਕਰਕੇ ਦਾਖਲ ਕਰਵਾਇਆ ਗਿਆ ਸੀ। ਉਸ ਦੀ ਹਾਲਤ ਚ ਸੁਧਾਰ ਹੋ ਰਿਹਾ ਸੀ, ਤੇ ਉਸ ਨੂੰ ਆਈ ਸੀ ਯੂ ਦੇ ਆਮ ਵਾਰਡ ਚ ਸ਼ਿਫਟ ਕੀਤੇ ਜਾਣ ਦੀ ਤਿਆਰੀ ਸੀ। ਇਸੇ ਸਾਲ ਮਾਰਚ ਮਹੀਨੇ ਜੀ ਬੀ ਪੰਤ ਹਸਪਤਾਲ ਚ ਤਰੁਣ ਦੇ ਦਿਮਾਗ ਦੇ ਟਿਊਮਰ ਦਾ ਅਪਰੇਸ਼ਨ ਹੋਇਆ ਸੀ। ਟਰਾਮਾ ਸੈਂਟਰ ਚ ਇਲਾਜ ਦੌਰਾਨ ਤਰੁਣ ਨੂੰ ਮਾਨਸਿਕ ਦੌਰੇ ਪੈ ਰਹੇ ਸੀ, ਜਿਸ ਉਤੇ ਨਿਊਰੋਲੋਜਿਸਟ ਅਤੇ ਮਨੋਰੋਗੀ ਮਾਹਿਰ ਨੇ ਉਸ ਦਾ ਚੈਕਅਪ ਕਰਕੇ ਦਵਾਈ ਵੀ ਦਿੱਤੀ ਸੀ।

ਏਮਜ਼ ਵਲੋਂ ਜਾਰੀ ਬਿਆਨ ਚ ਅੱਗੇ ਕਿਹਾ ਗਿਆ- ਪਰਿਵਾਰਕ ਜੀਆਂ ਨੂੰ ਤਰੁਣ ਦੀ ਹਾਲਤ ਬਾਰੇ ਲਗਾਤਾਰ ਜਾਣਕਾਰੀ ਦਿੱਤੀ ਜਾਂਦੀ ਸੀ। 6 ਜੁਲਾਈ ਨੂੰ ਦੁਪਹਿਰੇ ਕਰੀਬ 1.55 ਵਜੇ ਉਹ ਟਰੋਮਾ ਸੈਂਟਰ-1 ਤੋਂ ਬਾਹਰ ਭੱਜਿਆ, ਜਿਥੇ ਉਹ ਦਾਖਲ ਸੀ, ਹਸਪਤਾਲ ਦੇ ਮੁਲਾਜ਼ਮ ਉਸ ਦੇ ਪਿੱਛੇ ਭੱਜੇ, ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਉਹ ਚੌਥੀ ਮੰਜਲ ਤੇ ਚਲਾ ਗਿਆ ਤੇ ਓਥੇ ਇਕ ਖਿੜਕੀ ਦਾ ਸ਼ੀਸ਼ਾ ਤੋੜ ਕੇ ਛਾਲ ਮਾਰ ਦਿੱਤੀ। ਪੱਤਰਕਾਰ ਨੂੰ ਓਸੇ ਵਕਤ ਇਕ ਐਂਬੂਲੈਂਸ ਜ਼ਰੀਏ ਟਰਾਮਾ ਸੈਂਟਰ ਦੇ ਆਈ ਸੀ ਯੂ ਲਿਜਾਇਆ ਗਿਆ, ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਗਈ, ਪਰ ਬਦਕਿਸਮਤੀ ਨਾਲ ਸੋਮਵਾਰ 3.35 ਤੇ ਉਸ ਦੀ ਮੌਤ ਹੋ ਗਈ।

ਪਰ ਦਿੱਲੀ ਦੇ ਮੀਡੀਆ ਕਰਮੀ ਏਮਜ਼ ਦੀ ਇਸ ਕਹਾਣੀ ਨੂੰ ਹਜ਼ਮ ਨਹੀ ਕਰ ਪਾ ਰਹੇ। ਪ੍ਰੈਸ ਕਲੱਬ ਚ ਆਯੋਜਿਤ ਵਿਰੋਧ ਪ੍ਰਦਰਸ਼ਨ ਚ ਸ਼ਾਮਲ ਇੰਡੀਅਨਜ਼ ਵਿਮੈਨਜ਼ ਪ੍ਰੈਸ ਕਾਪਰਜ਼ ਦੀ ਜਨਰਲ ਸਕੱਤਰ ਤੇ ਹੈਲਥ ਰਿਪੋਰਟਰ ਵਿਨੀਤਾ ਪਾਂਡੇ ਨੇ ਕਿਹਾ – ਏਮਜ਼ ਚ ਆਈ ਸੀ ਯੂ ਤੋਂ ਨਿਕਲ ਕੇ ਚੌਥੀ ਮੰਜ਼ਲ ਤੇ ਇਕ ਮਰੀਜ਼ ਦਾ ਤੰਦਰੁਸਤ ਮੁਲਾਜ਼ਮਾਂ ਮੂਹਰੇ ਦੌੜ ਕੇ ਚਲੇ ਜਾਣਾ ਤੇ ਫੇਰ ਸ਼ੀਸ਼ਾ ਤੋੜ ਕੇ ਛਾਲ ਮਾਰ ਦੇਣਾ, ਭਰੋਸੇ ਦੇ ਲਾਇਕ ਨਹੀ ਹੈ, ਤੇ ਜੇ ਏਮਜ਼ ਕਹਿ ਰਿਹਾ ਹੈ ਕਿ ਪੱਤਰਕਾਰ ਦੀ ਦਿਮਾਗੀ ਹਾਲਤ ਠੀਕ ਨਹੀ ਸੀ ਤਾਂ ਉਸ ਵੱਲ ਵਧੇਰੇ ਧਿਆਨ ਦੇਣ ਦੀ ਲੋੜ ਸੀ। ਵਿਨੀਤਾ ਪਾਂਡੇ ਨੇ ਕੇਂਦਰੀ ਸਿਹਤ ਮੰਤਰੀ ਵਲੋਂ ਏਮਜ਼ ਦੇ ਹੀ ਚਾਰ ਡਾਕਟਰਾਂ ਦੀ ਇਕ ਉਚ ਪੱਧਰੀ ਕਮੇਟੀ ਬਣਾ ਕੇ ਮਾਮਲੇ ਦੀ ਜਾਂਚ ਕਰਵਾਉਣ ਦੇ ਆਦੇਸ਼ ਦਿੱਤੇ ਜਾਣ ਤੇ ਵੀ ਸਵਾਲ ਚੁੱਕੇ ਨੇ। ਇਸ ਕਮੇਟੀ ਚ ਨਿਊਰੋਸਾਇੰਸ ਸੈਂਟਰ ਦੀ ਮੁਖੀ ਡਾ ਪਦਮਾ, ਮਨੋਰੋਗ ਵਿਭਾਗ ਦੇ ਪ੍ਰੋ ਆਰ ਕੇ ਚੱਢਾ, ਡਿਪਟੀ ਡਾਇਰੈਕਟਰ ਪ੍ਰਸ਼ਾਸਨ  ਡਾ ਪਾਂਡਾ, ਤੇ ਫਿਜੀਕਲ ਮੈਡੀਸਨ ਐਂਡ ਰਿਹੈਬ ਦੇ ਡਾ ਯੂ ਸਿੰਘ ਸ਼ਾਮਲ ਹਨ। ਇਸ ਕਮੇਟੀ ਤੇ ਸਵਾਲ ਕਰਦਿਆਂ ਵਿਨੀਤਾ ਪਾਂਡੇ ਨੇ ਕਿਹਾ ਕਿ ਏਮਜ਼ ਆਪਣੇ ਹੀ ਖਿਲਾਫ ਕਿਵੇਂ ਜਾਂਚ ਕਰੂ? ਇਸ ਮਾਮਲੇ ਦੀ ਜਾਂਚ ਤਾਂ ਕਿਸੇ ਜੱਜ ਜਾਂ ਮੈਜਿਸਟਰੇਟ ਵਲੋਂ ਕੀਤੀ ਜਾਣੀ ਚਾਹੀਦੀ ਹੈ, ਸੀ ਸੀ ਟੀ ਵੀ ਫੁਟੇਜ ਨਸ਼ਰ ਕਰਨੀ ਚਾਹੀਦੀ ਹੈ, ਏਮਜ਼ ਤਾਂ ਕਹਿ ਦੇਵੇਗਾ ਕਿ ਸੁਰੱਖਿਆ ਗਾਰਡਾਂ ਦੀ ਗਲਤੀ ਕਾਰਨ ਹਾਦਸਾ ਹੋਇਆ ਤੇ ਅਸੀਂ ਓਸ ਕੰਪਨੀ ਦਾ ਕੰਟਰੈਕਟ ਰੱਦ ਕਰ ਦਿੱਤਾ.. ਵਗੈਰਾ.. ਵਗੈਰਾ..

ਵਿਨੀਤਾ ਆਖਦੀ ਹੈ ਕਿ ਕਿੰਨੀ ਦੁਖ ਦੀ ਗੱਲ ਹੈ ਕਿ ਇਕ ਪੱਤਰਕਾਰ ਨੌਕਰੀ ਦੌਰਾਨ ਕਰੋਨਾ ਦੀ ਲਾਗ ਦੀ ਮਾਰ ਹੇਠ ਆ ਜਾਂਦਾ ਹੈ, ਇਲਾਜ ਤੇ ਹੈ, ਉਹ ਡਰ ਰਿਹਾ ਹੈ, ਤੇ ਇਸ ਦੌਰਾਨ ਉਹ ਰਿਪੋਰਟਿੰਗ ਵੀ ਕਰ ਰਿਹਾ ਹੈ, ਉਹ ਕੁਝ ਕਮੀਆਂ ਨਸ਼ਰ ਕਰਦਾ ਹੈ ਤੇ ਫੇਰ ਆਖਦਾ ਹੈ ਕਿ ਮੈਨੂੰ ਖਤਰਾ ਹੈ,  ਤੇ ਫੇਰ ਉਸ ਦੀ ਮੌਤ ਹੋ ਜਾਂਦੀ ਹੈ। ਉਸ ਦੀ ਮੌਤ ਨੂ ਜੋਰਸ਼ੋਰ ਨਾਲ ਖੁਦਕੁਸ਼ੀ ਕਹਿ ਕੇ ਪ੍ਰਚਾਰਿਆ ਜਾਂਦਾ ਹੈ, ਪਰ ਸੋਚਣ ਵਾਲੀ ਗੱਲ ਹੈ ਕਿ ਅਚਾਨਕ ਹੀ ਕਿਵੇਂ ਕਿਸੇ ਦੀ ਮੌਤ ਹੋ ਸਕਦੀ ਹੈ ਜਾਂ ਉਹ ਅਚਾਨਕ ਹੀ ਕਿਵੇਂ ਖੁਦਕੁਸ਼ੀ ਕਰ ਸਕਦਾ ਹੈ?

ਪੱਤਰਕਾਰ ਸੁਤੰਤਰ ਤੇ ਨਿਰਪੱਖ ਜਾਂਚ ਦੀ ਮੰਗ ਕਰਦੇ ਹੋਏ ਤਰੁਣ ਦੇ ਪਰਿਵਾਰ ਲਈ ਨਿੱਜੀ ਤੌਰ ਤੇ ਪੈਸੇ ਵੀ ਇਕੱਠੇ ਕਰ ਰਹੇ ਨੇ। ਪੀ ਆਈ ਬੀ ਤੇ ਦਿੱਲੀ ਸਰਕਾਰ ਨੂੰ ਪਰਿਵਾਰ ਦੀ ਮਦਦ ਕਰਨ ਲਈ ਕਿਹਾ ਜਾ ਰਿਹਾ ਹੈ।

ਦਿੱਲੀ ਦੇ ਪੱਤਰਕਾਰਾਂ ਦੇ ਇਕ ਵਟਸਅਪ ਗਰੁੱਪ ਚ ਤਰੁਣ ਦੀ ਮੌਤ ਤੋਂ ਕੁਝ ਚਿਰ ਪਹਿਲਾਂ ਉਸ ਦੀ ਇਕ ਚੈਟ ਨਸ਼ਰ ਹੋਈ ਹੈ, ਜਿਸ ਚ ਉਸ ਨੇ ਆਪਣੇ ਕਤਲ ਦਾ ਖਦਸ਼ਾ ਜਤਾਇਆ ਹੈ।ਪਰ ਸਾਥੀ ਪੱਤਰਕਾਰ ਉਸ ਨੂ ਕਹਿ ਰਿਹਾ ਹੈ ਕਿ ਕੁਝ ਨਹੀ ਹੁੰਦਾ ਤੂੰ ਏਮਜ਼ ਚ ਸੁਰੱਖਿਅਤ ਏਂ।

ਤਰੁਣ ਦੇ ਭਰਾ ਦੀਪਕ ਨੇ ਦਿ ਵਾਇਰ ਨਾਲ ਗੱਲ ਕਰਦਿਆਂ ਕਿਹਾ ਕਿ ਤਰੁਣ ਦਾ ਅਦਾਰਾ ਉਸ ਨੂੰ ਮਾਨਸਿਕ ਤੌਰ ਤੇ ਪ੍ਰੇਸ਼ਾਨ ਕਰ ਰਿਹਾ ਸੀ, ਤਰੁਣ ਸਾਰਾ ਦਿਨ ਕਰੋਨਾ ਮਾਹਮਾਰੀ ਚ ਕਵਰੇਜ ਕਰਦਾ, ਪਰ ਕੁਝ ਸਮੇਂ ਤੋਂ ਉਸ ਦੀ ਨਾ ਤਾਂ ਕੋਈ ਸਟੋਰੀ ਲਈ ਜਾਂਦੀ ਤੇ ਨਾ ਛਾਪੀ ਜਾਂਦੀ, ਉਸ ਨੂੰ ਬਾਈਲਾਈਨ ਵੀ ਨਹੀ ਸੀ ਦਿੱਤੀ ਜਾ ਰਹੀ।

ਯਾਦ ਰਹੇ ਤਰੁਣ ਸਿਸੋਦੀਆ ਉਹੀ ਪੱਤਰਕਾਰ ਹੈ, ਜਿਸ ਨੇ ਦਿੱਲੀ ਚ ਕਰੋਨਾ ਦੇ ਸਰਕਾਰੀ ਅੰਕੜਿਆਂ ਨਾਲੋਂ ਕਿਤੇ ਵੱਧ ਮੌਤਾਂ ਹੋਣ ਦੀ ਰਿਪੋਰਟ ਨਸ਼ਰ ਕੀਤੀ ਸੀ। ਤਰੁਣ ਦੇ ਇਕ ਸਾਥੀ ਨੇ ਦੱਸਿਆ ਕਿ ਲੌਕਡਾਊਨ ਚ ਪਹਿਲਾਂ ਮੈਨੂੰ ਨੌਕਰੀਓਂ ਕੱਢ ਦਿੱਤਾ ਗਿਆ, ਫੇਰ ਦੁਬਾਰਾ ਰੱਖ ਲਿਆ ਗਿਆ, ਮੇਰੇ ਤੋਂ ਦੋ ਦਿਨ ਪਹਿਲਾਂ ਤਰੁਣ ਤੋਂ ਵੀ ਅਸਤੀਫਾ ਮੰਗ ਲਿਆ ਗਿਆ ਤੇ ਫੇਰ ਉਸਨੂਂ ਅਦਾਰੇ ਦੇ ਵਟਸਅਪ ਗਰੁੱਪ ਚੋਂ ਡਿਲੀਟ ਕੀਤਾ ਗਿਆ ਤੇ ਨੋਇਡਾ ਭੇਜ ਦਿੱਤਾ ਗਿਆ, ਜਦਕਿ ਉਹ ਦਿੱਲੀ ਚ ਹੈਲਥ ਰਿਪੋਰਟਰ ਸੀ। ਇਹ ਵੀ ਪਤਾ ਲਗਿਆ  ਹੈ ਕਿ ਜਦ ਤਰੁਣ ਏਮਜ਼ ਚ ਦਾਖਲ਼ ਸੀ, ਤਾਂ ਵੀ ਅਦਾਰੇ ਨੇ ਉਸ ਨੂੰ ਕਿਹਾ ਕਿ ਕੋਈ ਗੱਲ ਨਹੀਂ ਓਥੋਂ ਹੀ ਕੋਈ ਖਬਰ ਕਰ ਦਿਓ।

ਪਰ ਦੈਨਿਕ ਭਾਸਕਰ ਦੇ ਨੈਸ਼ਨਲ ਐਡੀਟਰ ਨਵਨੀਤ ਗੁੱਜਰ ਨੇ ਇਹ ਦੋਸ਼ ਨਕਾਰੇ ਨੇ ਕਿ ਅਦਾਰੇ ਨੇ ਉਸ ਨੂੰ ਏਮਜ਼ ਤੋਂ ਖਬਰਾਂ ਕਰਨ ਲਈ ਕਿਹਾ ਸੀ। ਅਦਾਰੇ ਚ ਤਰੁਣ ਦੇ ਸੀਨੀਅਰ ਆਖ ਰਹੇ ਨੇ ਕਿ ਜਿਹੜੇ ਲੋਕ ਕਹਿ ਰਹੇ ਨੇ ਕਿ ਉਸ ਦਾ ਦਿਮਾਗ ਖਰਾਬ ਹੋ ਗਿਆ ਸੀ, ਉਹ ਗਲਤ ਹੈ, ਬਰੇਨ ਟਿਊਮਰ ਦੇ ਇਲਾਜ ਤੋਂ ਬਾਅਦ ਵੀ ਉਹ ਸਹੀ ਕੰਮ ਕਰ ਰਿਹਾ ਸੀ, ਉਸ ਦੀ ਮਾਂ ਤੇ ਉਸ ਦੀ ਭਤੀਜੀ ਨੂੰ ਵੀ ਕਰੋਨਾ ਹੋ ਗਿਆ ਸੀ ਤੇ ਉਸ ਨੂੰ ਵੀ, ਹੋ ਸਕਦਾ ਹੈ, ਇਸ ਬਿਮਾਰੀ ਕਾਰਨ ਉਹ ਮਾਨਸਿਕ ਤਣਾਅ ਚ ਆ ਗਿਆ ਹੋਵੇ ਤੇ ਉਸ ਨੂੰ ਵੈਸੇ ਈ ਲੱਗਣ ਲੱਗ ਪਿਆ ਹੋਵੇ ਕਿ ਕੋਈ ਉਸ ਦਾ ਕਤਲ ਕਰ ਸਕਦਾ ਹੈ, ਜਿਵੇਂ ਕਿ ਉਸਨੇ ਇਕ ਵਟਸਅਪ ਗਰੁੱਪ ਚ ਲਿਖ ਦਿੱਤਾ। ਪਰ ਉਸ ਨੂੰ ਪਹਿਲਾਂ ਕੋਈ ਮਾਨਸਿਕ ਸਮੱਸਿਆ ਨਹੀ ਸੀ। ਤਰੁਣ ਦੇ ਅਦਾਰੇ ਵਿਚਲੇ ਸੀਨੀਅਰ ਲਗਾਤਾਰ ਇਹੀ ਕਹਿ ਰਹੇ ਨੇ ਕਿ ਬਿਮਾਰੀ ਕਾਰਨ ਤਰੁਣ ਤਣਾਅ ਚ ਚਲਾ ਗਿਆ ਹੋਵੇਗਾ ਤੇ ਲਗਾਤਾਰ ਆਕਸੀਜ਼ਨ ਦੀ ਜ਼ਰੂਰਤ ਪੈ ਰਹੀ ਸੀ,ਮਾਂ ਵੀ ਹਸਪਤਾਲ ਚ ਦਾਖਲ ਸੀ, ਭਤੀਜੀ ਹੋਮ ਕੁਆਰੰਟੀਨ ਸੀ, ਸਾਰਾ ਕੁਝ ਉਸ ਨੂੰ ਤਣਾਅਗ੍ਰਸਤ ਕਰਨ ਲਈ ਕਾਫੀ ਸੀ। ਨੌਕਰੀ ਤੋਂ ਅਸਤੀਫੇ ਬਾਰੇ ਦੈਨਿਕ ਭਾਸਕਰ ਦੇ ਤਰੁਣ ਦੇ ਸੀਨੀਅਰਜ਼ ਨੇ ਕਿਹਾ ਕਿ ਅਜਿਹਾ ਤਾਂ ਸਾਰੇ ਮੁਲਕ ਚ ਹੋ ਰਿਹਾ ਹੈ, ਸਾਡੇ ਦਿੱਲੀ ਤੋਂ 8-10 ਜਣਿਆਂ ਨੂੰ ਨੌਕਰੀਓਂ ਕੱਢਿਆ ਗਿਆ, ਹੁਣ ਵੀ ਕਈ ਕੰਮ ਕਰ ਰਹੇ ਮੁਲਾਜ਼ਮਾਂ ਤੋਂ ਅਸਤੀਫਾ ਲਿਆ ਗਿਆ ਹੈ। ਤੇ ਦੇਸ਼ ਭਰ ਚ ਬਹੁਤ ਸਾਰੇ ਲੋਕਾਂ ਨੂੰ ਨੌਕਰੀਓਂ ਕੱਢਿਆ ਗਿਆ ਹੈ।

ਕੇਂਦਰੀ ਮੰਤਰੀ ਦੇ ਆਦੇਸ਼ ਤੇ ਗਠਿਤ ਜਾਂਚ ਕਮੇਟੀ ਬਾਰੇ ਤਰੁਣ ਦੇ ਸਾਥੀਆਂ ਦਾ ਕਹਿਣਾ ਹੈ ਕਿ ਉਸ ਕਮੇਟੀ ਦੀ ਰਿਪੋਰਟ ਚ ਸਿਰਫ ਲਿਪਾਪੋਚੀ ਹੋਵੇਗੀ, ਤੁਸੀਂ ਕਦੇ ਵੀ ਡਾਕਟਰਾਂ ਤੇ ਦੋਸ਼ ਸਾਬਤ ਨਹੀ ਕਰ ਪਾਓਗੇ। ਏਮਜ਼ ਦੇ ਤਰੁਣ ਦੀ ਮੌਤ ਬਾਰੇ ਜਾਰੀ ਬਿਆਨ ਚ ਹੀ ਉਸ ਦੀ ਲਾਪਰਵਾਹੀ ਦਿਸਦੀ ਹੈ ਕਿ ਕਿਸੇ ਆਦਮੀ ਨੂੰ ਭਜਦਿਆਂ ਦੇਖਿਆ, ਤੇ ਪਹਿਲੀ ਤੋਂ ਚੌਥੀ ਮੰਜ਼ਲ ਤੇ ਉਹ ਗਿਆ ਤੇ ਛਾਲ ਮਾਰ ਦਿੱਤੀ, ਆਈ ਸੀ ਯੂ ਚ ਭਰਤੀ ਮਰੀਜ਼ ਕਿਵੇਂ ਨਿਕਲ ਕੇ ਓਥੇ ਤੱਕ ਚਲਾ ਗਿਆ। ਜੇ ਤੁਸੀਂ ਕਹਿ ਰਹੇ ਹੋ ਕਿ ਉਸ ਦੇ ਦਿਮਾਗ ਚ ਕੋਈ ਦਿੱਕਤ ਸੀ ਤਾਂ ਉਸ ਦੀ ਨਿਗਰਾਨੀ ਵਧਾਉਣੀ ਚਾਹੀਦੀ ਸੀ। ਮੌਜੂਦਾ ਜਾਂਚ ਚ ਕੁਝ ਨਹੀ ਨਿਕਲਣਾ, ਹਾਂ ਜੇ ਨਿਆਂਇਕ, ਪੁਲਸ ਜਾਂ ਸੀ ਬੀ ਆਈ ਵਰਗੀ ਜਾਂਚ ਹੋਵੇ ਤਾਂ ਕੁਝ ਪਤਾ ਲੱਗੇ ਕਿ ਅਸਲ ਚ ਤਰੁਣ ਨਾਲ ਹੋਇਆ ਕੀ ਸੀ।

ਦਿ ਵਾਇਰ ਦੀ ਟੀਮ ਨੇ ਜਾਂਚ ਕਮੇਟੀ ਦੀ ਮੈਂਬਰ ਡਾ ਪਦਮਾ ਨਾਲ ਗੱਲ ਕਰਨੀ ਚਾਹੀ ਪਰ ਉਹਨਾਂ ਨੇ ਟੀਮ ਦੇ ਫੋਨ ਤੇ ਮੈਸੇਜ ਦਾ ਕੋਈ ਜੁਆਬ ਨਹੀਂ ਦਿੱਤਾ।

ਇਹ ਵੀ ਪਤਾ ਲਗਿਆ ਹੈ ਕਿ ਤਰੁਣ ਨੂੰ ਨੌਕਰੀ ਤੋਂ ਕਢਣ ਲਈ ਕੋਸ਼ਿਸ਼ ਕੀਤੀ ਜਾ ਰਹੀ ਸੀ, ਉਹ ਕੁਝ ਪ੍ਰੇਸ਼ਾਨ ਤਾਂ ਸੀ, ਪਰ ਦੋ ਛੋਟੀਆਂ ਬੱਚੀਆਂ  ਬਾਪ ਤਰੁਣ ਪਿਛਲੇ ਸਾਲ ਖਤਰਨਾਕ ਐਕਸੀਡੈਂਟ ਚੋਂ ਉਭਰਿਆ, ਫੇਰ ਬਰੇਨ ਟਿਊਮਰ ਤੋਂ ਠੀਕ ਹੋਇਆ, ਫੇਰ ਪੇਟ ਚ ਟਿਊਮਰ ਹੋ ਗਿਆ, ਉਸ ਨੂਂ ਵੀ ਮਾਤ ਦਿੱਤੀ, ਅਜਿਹੇ ਹੌਸਲੇ ਵਾਲਾ ਪੱਤਰਕਾਰ ਖੁਦਕੁਸ਼ੀ ਨਹੀ ਕਰ ਸਕਦਾ। ਉਹ ਦਿੱਲੀ ਚ ਹੈਲਥ ਤੇ ਨਗਰ ਨਿਗਮ ਬੀਟ ਦੇਖ ਰਿਹਾ ਸੀ, ਕਰੋਨਾ ਨਾਲ ਮੌਤਾਂ ਤੇ ਲਾਸ਼ਾਂ , ਹਸਪਤਾਲਾਂ ਦੀ ਹਾਲਤ ਤੇ ਕਮੀਆਂ ਉਸ ਦੀ ਨਿਗਾਹ ਚ ਸਨ।

ਤਰੁਣ ਦੀ ਖੁਦਕੁਸ਼ੀ ਨਹੀਂ ਕਤਲ ਦਾ ਸ਼ੰਕਾ ਦੀ ਗੱਲ ਤਾਂ ਉਭਰੀ ਹੈ ਪਰ ਪੁਲਸ ਕੋਲ ਹਾਲੇ ਤੱਕ ਕਤਲ ਦੇ ਸ਼ੱਕ ਦੇ ਤੌਰ ਤੇ ਜਾਂਚ ਲਈ ਕੋਈ ਸ਼ਿਕਾਇਤ ਨਹੀ ਪੁੱਜੀ

ਤਰੁਣ ਦੇ ਕਰੀਬੀ ਤੇ ਹੋਰ ਹਮਦਰਦ ਪੱਤਰਕਾਰ ਪ੍ਰਧਾਨ ਸੇਵਕ ਜੀ ਦੇ ਨਾਮ ਇਸ ਮਾਮਲੇ ਚ ਨਿਰਪੱਖ ਤੌਰ ਤੇ  ਦੈਨਿਕ ਭਾਸਕਰ ਅਦਾਰੇ ਦੀ ਭੂਮਿਕਾ ਤੇ ਏਮਜ਼ ਦੀ ਭੂਮਿਕਾ ਦੀ ਜਾਂਚ  ਕਰਵਾਉਣ ਤੇ ਪਰਿਵਾਰ ਦੀ ਮਦਦ ਲਈ ਇਕ ਅਰਜੀ ਤਿਆਰ ਕਰ ਰਹੇ ਨੇ, ਜਿਸ ਤੇ ਡੂਢ ਸੌ ਦੇ ਕਰੀਬ ਪੱਤਰਕਾਰਾਂ ਨੇ ਦਸਤਖਤ ਕਰ ਦਿੱਤੇ, ਹੋਰ ਵੀ ਸਾਹਮਣੇ ਆ ਰਹੇ ਨੇ। ਇਹਨਾਂ ਨੂੰ ਆਸ ਹੈ ਕਿ ਉਹ ਤਰੁਣ ਨੂੰ ਇਨਸਾਫ ਦਿਵਾ ਸਕਣਗੇ।

Comments

Security Code (required)Can't read the image? click here to refresh.

Name (required)

Leave a comment... (required)

ਖ਼ਬਰਸਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ