Tue, 28 May 2024
Your Visitor Number :-   7068310
SuhisaverSuhisaver Suhisaver

ਵੰਡ ਵੇਲੇ ਮਾਰੇ ਗਏ ਪੰਜਾਬੀਆਂ ਦੀ ਯਾਦ ਬਣਿਆ ਸਮਾਰਕ ਕਿਉਂ ਢਾਹਿਆ ਗਿਆ ?

Posted on:- 02-09-2020

-ਸ਼ਿਵ ਇੰਦਰ ਸਿੰਘ
        
ਪੰਜਾਬੀਆਂ ਲਈ 1947 ਦੀ ਵੰਡ ਇਕ ਨਾ ਭੁਲਣਯੋਗ ਇਤਿਹਾਸਕ ਘਟਨਾ ਹੈ।ਜਦੋਂ ਦੇਸ਼ ਆਜ਼ਾਦੀ ਦੇ ਜਸ਼ਨ ਮਨਾ ਰਿਹਾ ਸੀ ਤਾਂ ਪੰਜਾਬ `ਚ ਉਸ ਸਮੇਂ ਮਾਤਮ ਦਾ ਮਾਹੌਲ ਸੀ ; 1947 ਦੀ ਫਿਰਕੂ ਹਨੇਰੀ `ਚ 10 ਲੱਖ ਪੰਜਾਬੀਆਂ ਨੂੰ ਆਪਣੀ ਜਾਨ ਗਵਾਉਣੀ ਪਈ ।ਕਰੀਬ ਇੱਕ ਕਰੋੜ ਪੰਜਾਬੀਆਂ ਨੂੰ ਬੇਘਰ ਹੋਣਾ ਪਿਆ।ਹਜ਼ਾਰਾਂ ਔਰਤਾਂ ਨਾਲ ਜਬਰ -ਜਨਾਹ ਹੋਇਆ।ਪੰਜਾਬੀ ਚਿੰਤਕ ਮੰਨਦੇ ਹਨ ਕਿ ਸਮੇਂ ਦੇ ਬੀਤਣ ਨਾਲ ਇਹ ਜ਼ਖ਼ਮ ਭਰਨ ਦੀ ਥਾਂ ਹੋਰ ਗਹਿਰੇ ਹੋਏ ਹਨ। ਦੋਹੇਂ ਪੰਜਾਬ ਸਾਹਿਤਕ , ਸੱਭਿਆਚਾਰ ਤੇ ਭਾਵੁਕ ਤੌਰ `ਤੇ ਪੂਰੀ ਤਰ੍ਹਾਂ ਇੱਕ ਦੂਜੇ ਨਾਲ ਜੁੜੇ ਹੋਏ ਹਨ।ਇਸੇ ਹੀ ਭਾਵਨਾ ਤਹਿਤ 1996 `ਚ ਚੜ੍ਹਦੇ ਪੰਜਾਬ (ਭਾਰਤੀ ਪੰਜਾਬ )ਦੇ ਕੁਝ ਨੌਜਵਾਨਾਂ ਨੇ ਸੱਭਿਆਚਾਕ ਤੇ ਸਾਹਿਤਕ ਜਥੇਬੰਦੀਆਂ ਨਾਲ ਮਿਲ ਕੇ ਇੱਕ ਪ੍ਰਾਜੈਕਟ ਬਣਾ ਕੇ ਕੇਂਦਰ ਸਰਕਾਰ ਨੂੰ ਭੇਜਿਆ ਜਿਸ ਨੂੰ ਮਨਜ਼ੂਰ ਕੀਤੇ ਜਾਣ ਬਾਅਦ ਵਾਹਗੇ ਦੀ ਸਰਹੱਦ ਕੋਲ ਬਟਵਾਰੇ `ਚ ਮਾਰੇ ਗਏ ਲੋਕਾਂ ਦੀ ਯਾਦ `ਚ ਇੱਕ ਸਮਾਰਕ ਬਣਾਇਆ ਸੀ।ਇਸ ਸਮਾਰਕ ਦੇ ਇੱਕ ਪਾਸੇ ਅੰਮ੍ਰਿਤਾ ਪ੍ਰੀਤਮ ਦੀ ਵੰਡ ਬਾਰੇ ਮਸ਼ਹੂਰ ਕਵਿਤਾ `ਅੱਜ ਆਖਾਂ ਵਾਰਿਸ ਸ਼ਾਹ ਨੂੰ` ਅਤੇ ਦੂਜੇ ਪਾਸੇ ਫ਼ੈਜ਼ ਅਹਿਮਦ ਫ਼ੈਜ਼ ਦੀ ਬਟਵਾਰੇ ਨਾਲ ਸਬੰਧਤ  ਨਜ਼ਮ ਉਕੇਰੀ ਗਈ |
       
ਇਸ 15 ਅਗਸਤ ਤੋਂ ਕੁਝ ਦਿਨ ਪਹਿਲਾਂ ਨਵੀਨੀਕਰਨ ਤੇ ਸੁੰਦਰੀਕਰਨ ਦੇ ਨਾਮ `ਤੇ  ਇਹ ਸਮਾਰਕ ਢਾਹ ਦਿੱਤਾ ਗਿਆ।ਹੁਣ ਨੈਸ਼ਨਲ ਹਾਈਵੇਅ  ਅਥਾਰਟੀ ਆਫ਼ ਇੰਡੀਆ ਆਪਣੀ ਗ਼ਲਤੀ ਮੰਨਦੇ ਹੋਏ ਆਖ ਰਹੀ ਹੈ ਕਿ ਉਸਨੇ ਅਜਿਹਾ ਕਦਮ ਕਿਸੇ ਮਾੜੀ ਭਾਵਨਾ `ਚ ਕਰਕੇ ਨਹੀਂ ਕੀਤਾ।ਉਹ ਇਸ ਸਮਾਰਕ ਨੂੰ ਦੁਬਾਰਾ ਹੋਰ ਜਗ੍ਹਾ `ਤੇ ਬਣਾਉਣ ਦਾ ਵਾਅਦਾ ਵੀ ਕਰ ਰਹੀ ਹੈ।ਪਰ ਪੰਜਾਬੀ ਇਸ ਕਦਮ ਤੋਂ ਰੋਸ ਵਿਚ ਹਨ ਇਸਨੂੰ ਆਪਣੇ ਜਜ਼ਬਾਤੀ ਸਮਾਰਕ ਨਾਲ ਕੀਤਾ ਖਿਲਵਾੜ ਮੰਨ ਰਹੇ ਹਨ।ਕਈ ਪੰਜਾਬੀ ਵਿਦਵਾਨ ਇਸਨੂੰ ਮੋਦੀ ਸਰਕਾਰ ਦੀ ਸਾਜ਼ਿਸ਼ ਵਜੋਂ ਵੀ ਦੇਖ ਰਹੇ ਹਨ।

ਪੰਜਾਬੀ ਕੇ ਪ੍ਰਸਿੱਧ ਨਾਟਕਕਾਰ ਅਤੇ `ਪੰਜਾਬੀ ਟ੍ਰਿਬਿਊਨ` ਦੇ ਸੰਪਾਦਕ ਸਵਰਾਜਬੀਰ ਆਪਣੇ ਇੱਕ ਲੇਖ ਵਿਚ ਇਸ ਮੁੱਦੇ `ਤੇ ਲਿਖਦੇ ਹਨ ,``  ਇਤਿਹਾਸਕ ਸਮਾਰਕ ਅਜਿਹੇ ਨਹੀਂ ਹੁੰਦੇ ਕਿ ਉਨ੍ਹਾਂ ਨੂੰ ਜਦੋਂ ਮਰਜ਼ੀ ਢਾਹ ਦਿੱਤਾ ਜਾਵੇ ਅਤੇ ਜਦੋਂ ਮਰਜ਼ੀ ਉਸਾਰ ਲਿਆ ਜਾਵੇ ਤੇ ਜਿਵੇਂ ਐੱਨਐੱਚਏਆਈ ਕਹਿ ਰਹੀ ਹੈ, ਉਸ ਵਿਚ ਕੁਝ ਹੋਰ ਤਬਦੀਲੀਆਂ ਕਰ ਦਿੱਤੀਆਂ ਜਾਣ। ਸਵਾਲ ਸਮਾਰਕ ਨੂੰ ਮੁੜ ਉਸਾਰਨ ਦਾ ਨਹੀਂ, ਸਵਾਲ ਇਹ ਹੈ ਕਿ ਉਸ ਨੂੰ ਤੋੜਿਆ ਕਿਉਂ ਗਿਆ। ਦੇਸ਼ਾਂ, ਕੌਮਾਂ, ਭਾਈਚਾਰਿਆਂ ਦੇ ਇਤਿਹਾਸ ਬਾਰੇ ਸੰਵੇਦਨਸ਼ੀਲਤਾ ਇਹ ਮੰਗ ਕਰਦੀ ਹੈ ਕਿ ਸਮਾਰਕਾਂ ਨੂੰ ਆਪਣੇ ਮੌਲਿਕ ਰੂਪ ਵਿਚ ਕਾਇਮ ਰੱਖਿਆ ਜਾਵੇ। 2020 ਵਿਚ ਨਵਾਂ ਬਣਾਇਆ ਜਾਣ ਵਾਲਾ ਸਮਾਰਕ 1996 ਵਿਚ ਬਣਾਏ ਗਏ ਸਮਾਰਕ ਦੀ ਰੂਹ ਨੂੰ ਰੂਪਮਾਨ ਨਹੀਂ ਕਰ ਸਕਦਾ। ਇਹ ਸਰਕਾਰੀ ਸਮਾਰਕ ਹੋਵੇਗਾ ਜਦੋਂਕਿ 1996 ਦਾ ਸਮਾਰਕ ਪੰਜਾਬ ਦੇ ਨੌਜਵਾਨਾਂ ਦੇ ਮਨਾਂ ਵਿਚ ਚੜ੍ਹਦੇ ਪੰਜਾਬ ਅਤੇ ਲਹਿੰਦੇ ਪੰਜਾਬ ਵਿਚ ਦੋਸਤੀ ਵਧਾਉਣ ਦੇ ਜਜ਼ਬੇ ਦਾ ਪ੍ਰਤੀਕ ਸੀ। ਉਦੋਂ ਨੌਜਵਾਨਾਂ ਨੇ ਰਾਜਾ ਪੋਰਸ ਨੂੰ ਪੁਰਾਤਨ ਪੰਜਾਬ ਦਾ ਪ੍ਰਤੀਕ ਮੰਨਦਿਆਂ ਰਾਜਾ ਪੋਰਸ ਹਿੰਦ-ਪਾਕਿ ਪੰਜਾਬੀ ਮਿੱਤਰਤਾ ਮੇਲੇ ਵੀ ਲਗਾਏ ਸਨ। 14-15 ਅਗਸਤ ਦੀ ਰਾਤ ਨੂੰ ਸਰਹੱਦ ਦੇ ਦੋਵੇਂ ਪਾਸੇ ਮੋਮਬੱਤੀਆਂ ਬਾਲ ਕੇ ਚੜ੍ਹਦੇ ਪੰਜਾਬ ਤੇ ਲਹਿੰਦੇ ਪੰਜਾਬ ਦੀ ਆਦਿ-ਜੁਗਾਦੀ ਸਾਂਝ ਅਤੇ ਦੋਹਾਂ ਗੁਆਂਢੀ ਦੇਸ਼ਾਂ ਵਿਚ ਮਿੱਤਰਤਾ ਵਧਾਉਣ ਦੀਆਂ ਭਾਵਨਾਵਾਂ ਨੂੰ ਲੋਕਾਂ ਦੀਆਂ ਸੋਚਾਂ ਦੇ ਕੇਂਦਰ ਵਿਚ ਲਿਆਉਣ ਦਾ ਉਪਰਾਲਾ ਵੀ ਕੀਤਾ ਜਾਂਦਾ ਰਿਹਾ ਹੈ।``
     
ਯਾਦਗਾਰ ਬਣਾਉਣ ਵਾਲਿਆਂ `ਚੋਂ ਇੱਕ ਪ੍ਰਮੁੱਖ ਹਸਤੀ ਤੇ ਫੋਕਲੋਰ ਰਿਸਰਚ ਅਕੈਡਮੀ ਚੰਡੀਗੜ੍ਹ ਦੇ ਪ੍ਰਧਾਨ ਤਾਰਾ ਸਿੰਘ ਸੰਧੂ ਨੇ ਆਪਣਾ ਰੋਸ ਪ੍ਰਗਟ ਕਰਦੇ ਹੋਏ ਕਿਹਾ ,``ਇਹ ਸਮਾਰਕ ਕਿਸੇ ਸਿਆਸੀ ਮੰਤਵ ਨਾਲ ਸਥਾਪਤ ਨਹੀਂ ਕੀਤਾ ਗਿਆ ਸੀ। ਇਹ ਸਮਾਰਕ ਦਾ ਪ੍ਰਾਜੈਕਟ ਬੀਐੱਸਐੱਫ ਦੇ ਤਤਕਾਲੀ ਡੀਆਈਜੀ ਰਾਹੀਂ ਪਾਸ ਕਰਾਇਆ ਗਿਆ ਸੀ ਤੇ ਮਗਰੋਂ ਇਸ ਥਾਂ ਦੀ ਚੋਣ ਕੀਤੀ ਗਈ। ਇਸ ਸਮਾਰਕ ’ਤੇ ਲਹਿੰਦੇ ਤੇ ਚੜ੍ਹਦੇ ਦੋਵੇਂ ਪੰਜਾਬ ਦੇ ਆਗੂਆਂ ਤੇ ਲੋਕਾਂ ਨੇ ਸਿਜਦੇ ਕੀਤੇ ਸਨ। ਉਸ ਵੇਲੇ ਰਾਜਾ ਪੋਰਸ ਹਿੰਦ-ਪਾਕਿ ਪੰਜਾਬੀ ਮਿੱਤਰਤਾ ਮੇਲੇ ਵੀ ਲਾਏ ਗਏ। ਉਨ੍ਹਾਂ ਆਖਿਆ ਕਿ ਦੁੱਖ ਇਸ ਗੱਲ ਦਾ ਹੈ ਕਿ ਇਸ ਸਮਾਰਕ ਨੂੰ ਚੁਪ ਚਪੀਤੇ ਢਾਹ ਦਿੱਤਾ ਗਿਆ ਹੈ ਤੇ ਇਸ ਨੂੰ ਢਾਹੁਣ ਤੋਂ ਪਹਿਲਾਂ ਕੋਈ ਸੂਚਨਾ ਵੀ ਨਹੀਂ ਦਿੱਤੀ ਗਈ। ਉਨ੍ਹਾਂ ਕਿਹਾ ਕਿ ਇਸ ਕਾਰਵਾਈ ਨਾਲ ਪੰਜਾਬੀਆਂ ਦੀਆਂ ਭਾਵਨਾਵਾਂ ਨੂੰ ਠੇਸ ਪੁੱਜੀ ਹੈ।``
          
ਕਾਬਲ -ਏ -ਗੌਰ ਹੈ ਕਿ ਇਹ ਸਮਾਰਕ ਜਦੋਂ  30 ਦਸੰਬਰ 1996 ਨੂੰ ਸਥਾਪਤ ਕੀਤਾ ਸੀ। ਸਮਾਰਕ ਬਣਾਉਣ ਸਮੇਂ ਪੰਜ ਦਰਿਆਵਾਂ ਦਾ ਪਾਣੀ ਇਸ ਦੀ ਨੀਂਹ ਵਿਚ ਪਾਇਆ ਗਿਆ। ਨੀਂਹ ਰੱਖਣ ਵਾਲਿਆਂ ਵਿੱਚ ਉਘੇ ਸੁਤੰਤਰਤਾ ਸੰਗਰਾਮੀ  ਬਾਬਾ ਭਗਤ ਸਿੰਘ ਬਿਲਗਾ, ‘ਪੰਜਾਬੀ ਟ੍ਰਿਬਿਊਨ’ ਦੇ ਤਤਕਾਲੀ ਸੰਪਾਦਕ ਹਰਭਜਨ ਸਿੰਘ ਹਲਵਾਰਵੀ,ਪੰਜਾਬੀ ਦੀ ਸਾਹਿਤਕ ਮੈਗਜ਼ੀਨ  `ਪ੍ਰੀਤਲੜੀ` ਦੀ ਸੰਪਾਦਕ  ਪੂਨਮ ਪ੍ਰੀਤਲੜੀ, ਪ੍ਰੋ. ਮੋਹਨ ਸਿੰਘ ਫਾਊਂਡੇਸ਼ਨ ਵੱਲੋਂ ਜਗਦੇਵ ਸਿੰਘ ਜੱਸੋਵਾਲ ਅਤੇ ਪੰਜਾਬੀ  ਦੇ ਇਕ ਸਾਹਿਤਕ  ਮੈਗਜ਼ੀਨ `ਚਿਰਾਗ`  ਦੇ ਸੰਪਾਦਕ  ਹਰਭਜਨ ਸਿੰਘ ਹੁੰਦਲ ਸ਼ਾਮਲ ਹੋਏ ਸਨ।  ਦੋਹਾਂ ਦੇਸ਼ਾਂ ਦੀ ਦੋਸਤੀ ਲਈ ਕੰਮ ਕਰਨ ਵਾਲੇ ਕਾਰਕੁੰਨ ਪ੍ਰੋ. ਈਸ਼ਵਰ ਦਿਆਲ ਗੌੜਅਤੇ  ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਚੰਡੀਗੜ੍ਹ ਦੇ ਜਨਰਲ ਸਕੱਤਰ ਡਾ. ਖੁਸ਼ਹਾਲ ਸਿੰਘ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਸ ਸਮਾਰਕ ਨੂੰ ਮੁੜ ਬਣਾਇਆ ਜਾਵੇ ਨਹੀਂ ਤਾਂ ਪੰਜਾਬੀ ਇਕੱਠੇ ਹੋ ਕੇ ਨਵੇਂ ਸਿਰੇ ਤੋਂ ਖ਼ੁਦ ਇਸਨੂੰ ਬਣਾਉਣਗੇ ਬਣਾਉਣਗੇ।
           
ਪੰਜਾਬ ਦੇ ਨਾਮਵਰ ਰਾਜਨੀਤਕ ਸ਼ਾਸਤਰੀ ਪ੍ਰੋ. ਮਨਜੀਤ ਸਿੰਘ ਦਾ ਕਹਿਣਾ ਹੈ,``ਅਟਾਰੀ ਸਰਹੱਦ ਤੋਂ ਇਸ ਯਾਦਗਾਰ ਨੂੰ ਹਟਾਉਣ ਪਿੱਛੇ ਕੁਝ ਕਥਿਤ  ਰਾਸ਼ਟਰਵਾਦੀ ਲੋਕਾਂ ਦਾ ਹੱਥ ਹੋ ਸਕਦਾ ਹੈ।ਮੌਜੂਦਾ ਮੋਦੀ ਹਕੂਮਤ ਦਾ ਤੋਰੀ -ਫੁਲਕਾ ਹੀ ਪਾਕਿਸਤਾਨ ਤੇ ਹਿੰਦੂ -ਮੁਸਲਿਮ ਦਾ ਰਾਗ ਅਲਾਪ ਕੇ ਚਲਦਾ ਹੈ।ਭਾਜਪਾ ਤੇ ਆਰ .ਐੱਸ .ਐੱਸ . ਵਰਗੀਆਂ ਤਾਕਤਾਂ ਨਹੀਂ ਚਾਹੁੰਦੀਆਂ ਕਿ ਦੋਹਾਂ ਦੇਸ਼ਾਂ ਦੇ ਸਬੰਧ ਬੇਹਤਰ ਬਣਨ।ਦੋਹਾਂ ਪੰਜਾਬਾਂ ਦੀ ਆਪਸੀ ਸਾਂਝ ਤੋਂ ਇਹਨਾਂ ਤਾਕਤਾਂ ਨੂੰ ਤਕਲੀਫ ਹੁੰਦੀ ਹੈ |``
       
ਦੂਜੇ ਪਾਸੇ ਇਸ ਬਾਰੇ ਬੀਐੱਸਐੱਫ ਦੇ ਡੀਆਈਜੀ ਭੁਪਿੰਦਰ ਸਿੰਘ ਨੇ ਦੱਸਿਆ ਕਿ ਇਹ ਮਾਮਲਾ ਨੈਸ਼ਨਲ ਹਾਈਵੇਅ ਅਥਾਰਟੀ ਕੋਲ ਹੈ ਅਤੇ ਇਸ ਮਾਮਲੇ ਦਾ ਬੀਐੱਸਐੱਫ ਨਾਲ ਕੋਈ ਸਬੰਧ ਨਹੀਂ ਹੈ। ਭਾਰਤੀ ਨੈਸ਼ਨਲ ਹਾਈਵੇਅ ਅਥਾਰਿਟੀ (ਐੱਨਐੱਚਏਆਈ) ਦੇ ਇੱਥੇ ਤਾਇਨਾਤ ਉੱਚ ਅਧਿਕਾਰੀ ਸੁਨੀਲ ਯਾਦਵ ਨੇ ਮੰਨਿਆ ਕਿ ਸਮਾਰਕ ਨੂੰ ਤੋੜਨ ਸਮੇਂ ਇਸ ਨੂੰ ਸਥਾਪਤ ਕਰਨ ਵਾਲੀ ਧਿਰ ਨੂੰ ਭਰੋਸੇ ਵਿੱਚ ਨਾ ਲੈਣ ਦੀ ਗਲਤੀ ਹੋਈ ਹੈ ਪਰ ਇਹ ਕਾਰਵਾਈ ਕਿਸੇ ਗਲਤ ਮੰਤਵ ਨਾਲ ਨਹੀਂ ਕੀਤੀ ਗਈ ਹੈ। ਇੱਥੇ ਚੱਲ ਰਹੇ ਸੁੰਦਰੀਕਰਨ ਦੇ ਪ੍ਰਾਜੈਕਟ ਦੇ ਕੰਮ ਤਹਿਤ ਇਸ ਸਮਾਰਕ ਨੂੰ ਮੁੜ ਸਥਾਪਤ ਕੀਤਾ ਜਾਵੇਗਾ। ਇਸ ਦੇ ਆਲੇ ਦੁਆਲੇ ਸੁੰਦਰ ਗੋਲ ਚੱਕਰ ਬਣਾਇਆ ਜਾਵੇਗਾ ਤੇ ਨੇੜੇ ਹੀ ਇਕ ਚੌਕ ਵਿੱਚ ਤਿਰੰਗਾ ਵੀ ਸਥਾਪਤ ਕੀਤਾ ਜਾਵੇਗਾ।
      
`ਹਿੰਦ-ਪਾਕਿ ਦੋਸਤੀ ਮੰਚ` ਦੇ ਜਨਰਲ ਸਕੱਤਰ ਸਤਨਾਮ ਸਿੰਘ ਮਾਣਕ ਨੇ ਸਾਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਉਹਨਾਂ ਦੀ ਸੰਸਥਾ ਸਮਾਰਕ ਦੀ ਦੁਬਾਰਾ ਉਸਾਰੀ ਬਾਰੇ ਬੀਐੱਸਐੱਫ ਦੇ ਡੀਆਈਜੀ ਚਿੱਠੀ ਲਿਖ ਚੁੱਕੀ ਹੈ ਅਤੇ ਫੋਕਲੋਰ ਰਿਸਰਚ ਅਕਾਦਮੀ ਤੇ ਹਿੰਦ-ਪਾਕਿ ਦੋਸਤੀ ਮੰਚ ਦੇ ਵਫ਼ਦ ਨੇ ਰਮੇਸ਼ ਯਾਦਵ ਅਤੇ ਰਜਿੰਦਰ ਸਿੰਘ ਰੂਬੀ ਦੀ ਅਗਵਾਈ ਹੇਠ ਬੀਐੱਸਐੱਫ ਦੇ ਡੀਆਈਜੀ ਭੁਪਿੰਦਰ ਸਿੰਘ ਤੇ ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ ਦੇ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ ਅਤੇ ਉਹਨਾਂ ਸਾਨੂੰ ਭਰੋਸਾ ਦਿੱਤਾ ਹੈ ਕਿ ਇਹ ਸਮਾਰਕ ਅਟਾਰੀ ਸਰਹੱਦ ਵਿਖੇ ਚੱਲ ਰਹੇ ਸੁੰਦਰੀਕਰਨ ਕਾਰਜਾਂ ਕਰ ਕੇ ਹਟਾਇਆ ਗਿਆ ਹੈ ਅਤੇ   ਨਵੀਂ ਸੁੰਦਰੀਕਰਨ ਯੋਜਨਾ ਦੌਰਾਨ ਇਸ ਯਾਦਗਰੀ ਸਮਾਰਕ ਨੂੰ ਜਲਦੀ ਹੀ ਪਹਿਲਾਂ ਨਾਲੋਂ ਵੱਡਾ ਅਤੇ ਢੁੱਕਵੇਂ ਸਥਾਨ ’ਤੇ ਸਥਾਪਤ ਕੀਤਾ ਜਾਵੇਗਾ।
       
ਪੰਜਾਬ ਹਿਤੈਸੀ ਲੋਕਾਂ ਦੇ ਇੱਕ ਹਿੱਸੇ ਵਿਚੋਂ ਹੁਣ ਇਹ ਆਵਾਜ਼ ਵੀ  ਉੱਠਣ  ਲੱਗੀ ਹੈ ਕਿ ਅਸੀਂ ਇਹ ਯਾਦਗਾਰ ਸਰਕਾਰੀ ਖਰਚੇ `ਤੇ ਨਹੀਂ ਬਣਾਉਣੀ ਸਗੋਂ ਪੰਜਾਬੀ ਖੁਦ ਆਪਣੇ ਕੋਲੋਂ ਪੈਸੇ ਪਾ ਕੇ ਇਹ ਯਾਦਗਾਰ ਬਣਾਉਣਗੇ।ਕੁਝ ਇਸੇ ਤਰ੍ਹਾਂ ਦੇ ਵਿਚਾਰਾਂ ਦਾ ਪ੍ਰਗਟਾਵਾ ਕਰਦੇ ਹੋਏ ਪੰਜਾਬੀ ਵਿਦਵਾਨ ਪਿਆਰੇ ਲਾਲ ਗਰਗ ਆਖਦੇ ਹਨ ,``ਪਹਿਲਾਂ ਜੋ ਸਮਾਰਕ ਬਣਿਆ ਸੀ ਉਹ ਪੰਜਾਬੀ ਲੋਕਾਂ ਦੇ ਦਿਲਾਂ ਦੀ ਤਰਜਮਾਨੀ ਕਰਦਾ ਸੀ।ਉਸਨੂੰ ਦੇਖ ਕੇ ਸਾਨੂੰ ਮੰਟੋ ,ਅਹਿਮਦ ਰਾਹੀ, ਉਸਤਾਦ ਦਾਮਨ ਯਾਦ ਆਉਂਦਾ ਸੀ।ਸਾਨੂੰ ਵੰਡ ਦੌਰਾਨ ਮਰੇ ਆਪਣੇ 10 ਲੱਖ ਪੰਜਾਬੀ ਭੈਣ -ਭਰਾ ਯਾਦ ਆਉਂਦੇ ਸਨ।ਜਿਥੇ ਬਾਰਡਰ ਦੇ ਦੋਹੇਂ ਪਾਸੇ ਦੇ ਫੌਜੀਆਂ ਵੱਲੋਂ ਰਾਸ਼ਟਰਵਾਦ ਦੀਆਂ ਸੁਰਾਂ ਬੁਲੰਦ ਕੀਤੀਆਂ ਜਾਂਦੀਆਂ ਹਨ ਉਥੇ ਇਹ ਸਮਾਰਕ ਸਾਨੂੰ ਯਾਦ ਕਰਾਉਂਦਾ ਸੀ ਕਿ ਪੰਜਾਬੀਆਂ ਨਾਲ ਕੁਝ ਹੋਰ ਵੀ ਇਤਿਹਾਸ ਵਿਚ ਹੋਇਆ ਸੀ।ਇਹ ਸਮਾਰਕ ਦੋਹਾਂ ਪੰਜਾਬਾਂ ਵਿਚਲੀ ਸਾਂਝ ਦਾ ਪ੍ਰਤੀਕ ਹੈ।ਪਰ ਜੋ ਹੁਣ ਸਰਕਾਰ ਵੱਲੋਂ ਬਣਾਇਆ ਜਾਵੇਗਾ ਉਹ ਮਹਿਜ਼ ਇੱਕ ਪੱਥਰ ਲਗਾਇਆ ਜਾਵੇਗਾ।ਇਸ ਲਈ ਪੰਜਾਬੀਆਂ ਨੂੰ ਇਹ ਸਮਾਰਕ ਖੁਦ ਪੈਸੇ `ਕੱਠੇ ਕਰਕੇ ਬਣਾਉਣਾ ਚਾਹੀਦਾ ਹੈ |``
       
ਸਾਂਝੀਵਾਲਤਾ ਦਾ ਸਮਾਗਮ ਤੋੜੇ ਜਾਣ ਦਾ ਵਿਰੋਧ ਲਹਿੰਦੇ ਪੰਜਾਬ (ਪਾਕਿਸਤਾਨੀ ਪੰਜਾਬ ) ਵਿਚੋਂ ਵੀ ਹੋਇਆ ਹੈ।`ਸਾਫ਼ਮਾ` ਦੇ  ਸਕੱਤਰ ਤੇ ਪਾਕਿਸਤਾਨ ਦੇ ਪ੍ਰਸਿੱਧ ਪੱਤਰਕਾਰ ਇਮਤਿਆਜ਼ ਆਲਮ ਨੇ ਆਪਣੇ ਦਿਲੀ ਜਜ਼ਬਾਤਾਂ ਨੂੰ ਸਾਡੇ ਨਾਲ ਸਾਂਝੇ ਕਰਦੇ ਹੋਏ ਕਿਹਾ ,``ਸਮਾਰਕ ਦਾ ਤੋੜਿਆ ਜਾਣਾ ਬਹੁਤ ਹੀ ਮੰਦਭਾਗਾ ਹੈ।ਅੱਜ ਜਦੋਂ ਦੋਹਾਂ ਦੇਸ਼ਾਂ ਸਬੰਧ ਚੰਗੇ ਨਹੀਂ ਹਨ ਤਾਂ ਇਸ ਤਰ੍ਹਾਂ ਲੋਕਾਂ ਵਿਚ ਸਾਂਝ ਬਣਾਉਣ ਵਿਚ ਵੱਡਾ ਯੋਗਦਾਨ ਪਾਉਂਦੇ ਹਨ |``
      
ਭਾਰਤ -ਪਾਕਿ ਦੋਸਤੀ ਲਈ ਕੰਮ ਕਰਨ ਵਾਲੀ ਪਾਕਿਸਤਾਨ ਦੀ ਪ੍ਰਸਿੱਧ ਕਾਰਕੁੰਨ   ਸਈਅਦਾ ਦੀਪ ਸਖ਼ਤ ਸ਼ਬਦਾਂ `ਚ ਇਤਰਾਜ਼ ਜਤਾਉਂਦੀ ਆਖਦੀ ਹੈ ,``ਇਹ ਸਮਾਰਕ ਆਮ ਪੰਜਾਬੇਅੰ ਨੇ ਆਪਣੇ ਵੱਲੋਂ ਪੈਸੇ ਪਾ ਕੇ ਬਣਾਇਆ ਸੀ ਜੋ ਕੋਈ ਸਾਧਨ ਸੰਪਨ ਨਹੀਂ ਸਨ।ਇਹ ਯਾਦਗਾਰ ਕੁਲਦੀਪ ਨਈਅਰ ਵਰਗੀਆਂ ਹਸਤੀਆਂ ਦੀ ਮਿਹਨਤ ਨੂੰ ਪਿਆ ਬੂਰ ਸੀ।ਇਹ ਪੰਜਾਬੀਆਂ ਨੂੰ ਚੇਤੇ ਕਰਾਉਂਦਾ ਸੀ ਕੇ 73 ਵਰ੍ਹੇ ਪਹਿਲਾਂ ਕਿਵੇਂ ਉਹਨਾਂ ਫਿਰਕੂ ਹਨੇਰੀ `ਚ ਆਪਣਿਆਂ ਨੂੰ ਮਾਰ ਕੇ ਆਤਮ -ਘਾਤ ਕੀਤਾ ਸੀ।ਦੁੱਖ ਦੀ ਗੱਲ ਹੈ ਕਿ ਤੁਹਾਡੇ ਦੇਸ਼ `ਚ ਇਸ ਸਮੇਂ ਉਹ ਹਕੂਮਤ ਹੈ ਜਿਸ ਤਰ੍ਹਾਂ ਦੀ ਅਸੀਂ ਕਈ ਸਾਲ ਪਹਿਲਾਂ ਆਪਣੇ ਦੇਸ਼ ਚ ਦੇਖ ਚੁਕੇ ਹਾਂ।ਭਾਰਤ -ਪਾਕਿਸਤਾਨ ਵਿਚ ਬੇਹਤਰ ਰਿਸ਼ਤੇ ਚਾਹੁੰਣ ਵਾਲਿਆਂ ਨੂੰ ਇਸ ਗੱਲ ਨੇ ਉਦਾਸ ਕੀਤਾ ਹੈ |

Comments

Security Code (required)Can't read the image? click here to refresh.

Name (required)

Leave a comment... (required)

ਖ਼ਬਰਸਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ