Sat, 20 April 2024
Your Visitor Number :-   6987347
SuhisaverSuhisaver Suhisaver

ਸਿੱਖੀ ਵਿੱਚ ਨਿਘਾਰ ਦੇ ਕੁਝ ਕਾਰਨ - ਰਾਜਬੀਰ ਕੌਰ ਢੀਂਡਸਾ

Posted on:- 25-08-2014

ਅਕਸਰ ਇਹ ਗੱਲ ਕਹੀ ਜਾਂਦੀ ਰਹੀ ਹੈ ਕਿ ਸਿੱਖ ਹਿੰਦੂਆਂ ਦਾ ਹਿੱਸਾ ਹਨ ਜਾਂ ਕਹਿ ਲਿਆ ਜਾਵੇ ਕਿ ਹਿੰਦੂਆਂ ਨੂੰ ਹੀ ਸਿੱਖ ਬਣਾਇਆ ਗਿਆ ਭਾਵ ਸਿੱਖ ਹਿੰਦੂ ਹੀ ਹਨ। ਹਿੰਦੂ ਅਤੇ ਸਿੱਖ ਵਿਚ ਕੀ ਅੰਤਰ ਹੈ ਇਸ ਬਹਿਸ ‘ਚ ਨਾ ਪੈਂਦਿਆਂ ਮੈਂ ਕੇਵਲ ਇਕ ਦਲੀਲ ਦੇ ਕੇ ਹੀ ਏਸ ਫਰਕ ਦੀ ਬਹਿਸ ਖਤਮ ਕਰਨਾ ਚਾਹਾਂਗੀ ਕਿ ਹਿੰਦੋਸਤਾਨ ਉੱਤੇ ਮੁਸਲਮਾਨਾਂ ਵੱਲੋਂ ਹਮਲੇ ਸੱਤਵੀਂ ਸਦੀ ਦੇ ਮੱਧ ਵਿਚ ਅਰੰਭ ਹੋਏ। ਅਰਬੀ ਜੇਤੂਆਂ ਮਗਰੋਂ ਅਫ਼ਗਾਨੀ ਲੁਟੇਰਿਆਂ ਵੱਲੋਂ ਹਾਹਾਕਾਰ ਮਚਾਉਣ ਮਗਰੋਂ ਹਿੰਦੋਸਤਾਨ ਦਾ ਸਭਤੋਂ ਪਹਿਲਾ ਜੇਤੂ ਇਲਾਕਾ ਪੰਜਾਬ ਸੀ। ਭਾਵ ਪੰਜਾਬ ਦੇ ਵਸਨੀਕਾਂ ਨੂੰ ਸਭਤੋਂ ਪਹਿਲਾਂ ਜ਼ੁਲਮ ਦਾ ਸਿ਼ਕਾਰ ਬਣਾਇਆ ਗਿਆ।

ਸ੍ਰੀ ਗੁਰੁ ਨਾਨਕ ਦੇਵ ਜੀ ਦੁਆਰਾ ਪੰਜਾਬ ਵਿਚ ਸਿੱਖੀ ਦੀ ਨੀਂਹ ਰਖੀ ਗਈ ਅਤੇ ਦਸਵੇਂ ਪਾਤਸ਼ਾਹ ਨੇ ਖੰਡੇ ਬਾਟੇ ਦੀ ਪਹੁਲ ਦੇ ਕੇ ਖ਼ਾਲ਼ਸਾ ਪੰਥ ਦੀ ਸਥਾਪਨਾ ਕੀਤੀ। ਮੁਗ਼ਲ਼ ਰਾਜ ਤੋਂ ਬਾਦ ਹਿੰਦੋਸਤਾਨ ਉੱਤੇ ਅੰਗ੍ਰੇਜ਼ਾਂ ਦਾ ਕਬਜਾ ਹੋਇਆ ਤਾਂ ਅੰਗ੍ਰੇਜ਼ਾਂ ਦਾ ਆਖਰੀ ਜੇਤੂ ਇਲਾਕਾ ਪੰਜਾਬ ਸੀ। ਭਾਵਂ ਏਸ ਖਾਲਸਾ ਫੌ਼ਜ ਦੀ ਦਲੇਰੀ ਕਾਰਨ ਅੰਗ੍ਰੇਜ਼ ਭਾਰਤ ਦੇ ਏਸ ਇਲਾਕੇ ਨੂੰ ਸਭਤੋਂ ਅਖੀਰ ਵਿਚ ਕਬਜ਼ੇ ਅਧੀਨ ਲਿਆ ਸਕੇ। ਹਿੰਦੂ ਅਤੇ ਸਿੱਖਾਂ ਵਿਚ ਕੀ ਅੰਤਰ ਹੈ ਇਹ ਦਲੀਲ ਸ਼ਾਇਦ ਪਾਠਕ ਦੇ ਮਨ ਵਿਚ ਆਉਣ ਵਾਲੇ ਹਰ ਸਵਾਲ ਦਾ ਜਵਾਬ ਹੈ।

ਸ੍ਰੀ ਗੁਰੁ ਨਾਨਕ ਦੇਵ ਜੀ ਦੁਆਰਾ ਸਮਾਜ ਵਿਚਲੇ ਚਲ ਰਹੇ ਕਰਮ-ਕਾਂਡ,ਪਖੰਡ,ਧਾਰਮਿਕ ਅਡੰਬਰ,ਜ਼ੁਲਮ ਅਤੇ ਗੁਲਾਮੀ ਵਿਰੁੱਧ ਉਠਾਈ ਅਵਾਜ਼ ਐਨੀ ਬੁਲੰਦ ਹੋ ਨਿਬੜੀ ਕਿ ਇਹ ਅਵਾਜ਼ ਇਕ ਵਿਚਾਰਧਾਰਾ ਬਣਦੀ-ਬਣਦੀ ਇਕ ਵਿਲਖਣ ਕੌਮ ਦੇ ਰੂਪ ਵਿਚ ਉਭੱਰ ਕੇ ਸਾਹਮਣੇ ਆਈ। 40 ਹਜ਼ਾਰ ਕਿਲੋਮੀਟਰ ਦਾ ਸਫ਼ਰ ਤੈਅ ਕਰ ਗੁਰੁ ਸਾਹਿਬ ਨੇ ਇਸ ਵਿਚਾਰਧਾਰਾ ਨੂੰ ਦੁਨੀਆਂ ਦੇ ਕੋਨੇ-ਕੋਨੇ ਤੱਕ ਪਹੁੰਚਾ ਕੇ ਭਟਕੀ ਹੋਈ ਲੋਕਾਈ ਨੂੰ ਇਲਾਹੀ ਬਾਣੀ ਰਾਹੀਂ ਸਿੱਧੇ ਰਾਹੇ ਪਾਇਆ।

ਇਹ ਵਿਚਾਰਧਾਰਾ ਗੱਦੀ ਦਰ ਗੱਦੀ ਦਸੱਵੇਂ ਗੁਰੁ ਤੱਕ ਪਹੁੰਚ 1699 ਦੀ ਵਿਸਾਖੀ ਵਾਲੇ ਦਿਂਨ ਉਹ ਰੂਪ ਧਾਰਨ ਕਰ ਗਈ ਜਿਸ ਰੂਪ ਦੇ ਵਾਰਸਾਂ ਨੇ ਦੁਨੀਆਂ ਉੱਤੇ ਸ਼ਹੀਦੀਆਂ,ਕੁਰਬਾਨੀਆਂ ਅਤੇ ਉੱਚੇ ਕਿਰਦਾਰਾਂ ਦੀਆਂ ਮਿਸਾਲਾਂ ਕਾਇਮ ਕਰ ਦਿੱਤੀਆਂ। ਖੰਡੇ-ਬਾਟੇ ਦੀ ਪਾਵਨ ਪਹੁਲ ਨੇ ਸਿੱਖਾਂ ਨੂੰ ਅਜਿਹੇ ਸਿੰਘ ਬਣਾ ਦਿੱਤਾ ਜਿਹਨਾਂ ਸਬਰ ਅਤੇ ਸਿਦੱਕ ਦੀਆਂ ਸੱਭ ਹੱਦਾਂ ਟੱਪਦਿਆਂ ਕੇਵਲ ਆਪਣੇ ਹੱਕਾਂ ਲਈ ਹੀ ਨਹੀਂ ਸਗੋਂ ਸਰਬੱਤ ਦੇ ਭਲੇ ਲਈ ਤਲਵਾਰ ਚੁੱਕੀ ਤੇ ਜ਼ਾਲਮਾਂ ਨੂੰ ਭਾਜੜਾਂ ਪਾ ਦਿੱਤੀਆਂ।

ਪਰ ਅੱਜ ਸਿੱਖਾਂ ਵਿਚੋਂ ਮੁੱਕ ਚੁੱਕੇ ਸਿਦਕ,ਧਰਮ,ਬਿਬੇਕ ਬੁੱਧੀ,ਸਿੱਖੀ ਅਤੇ ਸੋਚਣ,ਵਿਚਾਰਨ ਦੀ ਦੂਰ ਅੰਦੇਸ਼ੀ ਵਾਲੀ ਸੋਚ ਤੋਂ ਮੁੱਖ ਮੋੜਨ ਨੇ ਸਿੱਖ ਨੂੰ ਮੁੜ ਦੁਚਿੱਤੀਆਂ,ਜਾਤੀਵਾਦ ਅਤੇ ਕਰਮਕਾਂਡਾਂ ਦੀ ਦਲਦਲ ਵਿਚ ਫਸਾ ਕੇ ਸਿੱਖੀ ਨੂੰ ਅਜਿਹੀ ਢਾਹ ਲਾਈ ਹੈ ਕਿ ਰਾਹ ਲੱਭਣਾ ਮੁਸ਼ਕਲ ਹੋ ਗਿਆ ਹੈ। ਸਮੇਂ-ਸਮੇਂ ‘ਤੇ ਵੱਖ-ਵੱਖ ਦਲੀਲਾਂ ਅਤੇ ਸਬੂਤਾਂ ਰਾਹੀਂ ਹਿੰਦੂ ਸ੍ਰੀ ਗੁਰੁ ਨਾਨਕ ਦੇਵ ਜੀ ਨੂੰ ਆਪਣਾ ਦੇਵਤਾ, ਮੁਸਲਮਾਨ ਆਪਣਾ ਪੀਰ ਸਾਬਤ ਕਰਨ ਦੇ ਯਤਨ ਕਰਦੇ ਰਹੇ ਹਨ। ਉਹਨਾਂ ਦੀਆਂ ਦਲੀਲਾਂ ਅਤੇ ਸਬੂਤਾਂ ਨੂੰ ਸਿੱਖ ਵਿਦਵਾਨ ਆਪੋ ਆਪਣੇ ਤਰਕਾਂ ਤਜ਼ਰਬੇ ਰਾਹੀਂ ਬੜੇ ਸੋਹਣੇ ਢੰਗ ਨਾਲ਼ ਨਿਕਾਰਦੇ ਰਹੇ ਹਨ। ਪਰ ਅਫ਼ਸੋਸ ਗੁਰੁ ਸਾਹਿਬ ਦੀ ਫਿ਼ਲਾਸਫ਼ੀ ਨੂੰ ਹਿੰਦੂਆਂ,ਮੁਸਲਮਾਨਾਂ ਨੇ ਤਾਂ ਕੀ ਇਥੋਂ ਤੱਕ ਕਿ ਸਿੱਖਾਂ ਨੇ ਵੀ ਨਾ ਸਮਝਿਆ ਤੇ ਨਾ ਹੀ ਅਪਣਾਇਆ। ਗੁਰੁ ਸਾਹਿਬ ਨੇ ਜੋ ਵਿਚਾਰਧਾਰਾ ਦੁਨੀਆਂ ਭਰ ‘ਚ ਫ਼ੈਲਾਈ ਉਸ ਨੂੰ ਅਸੀਂ ਆਪਣੇ ਘਰਾਂ ਵਿਚ ਵੀ ਬਣਦਾ ਸਥਾਨ ਨਾ ਦੇ ਸਕੇ। ਸਗੋਂ ਦੁਨੀਆਂ ‘ਚ ਫ਼ੈਲਾਉਣਾ ਤਾਂ ਦੂਰ ਅਸੀਂ ਆੁਪਸ ਵਿਚ ਹੀ ਉਲਝ ਕੇ ਰਹਿ ਗਏ। ਆਮ ਸਿੱਖ ਕਰਮਕਾਂਡੀ,ਵਿਕਾਰੀ ਅਤੇ ਕੇਸਾਧਾਰੀ ਹਿੰਦੂ ਬਣ ਕੇ ਰਹਿ ਗਿਆ। ਜਿਹਨਾਂ ਨੂੰ ਇਸ ਫ਼ਲਸਫ਼ੇ ਦੀ ਕੁਝ ਸੂਝ ਸੀ ਉਹ ਭਟਕੇ ਸਿੱਖਾਂ ਨੂੰ ਸਹੀ ਰਾਹ ਤੇ ਲਿਆਉਣ ‘ਚ ਹੀ ਸਮਾਂ ਗਵਾਉਂਦੇ ਰਹੇ। ‘ਤੇ ਦੋਸ਼ ਲੱਗਦੇ ਰਹੇ ਸਰਕਾਰਾਂ, ਮੀਡੀਏ, ਧਾਰਮਿਕ ਆਗੂਆਂ ਜਾਂ ਡੇਰੇਦਾਰਾਂ ਤੇ। ਪਰ ਤਾੜੀ ਤਾਂ ਕਦੇ ਵੀ ਇਕ ਹੱਥ ਨਾਲ ਨਹੀਂ ਵੱਜਦੀ। ਫ਼ੇਰ ਅਸੀਂ ਆਪਣੇ ਆਪ ਨੂੰ ਕਿਹੋ ਜਿਹੀਆਂ ਦਲੀਲ ਦੇ ਕੇ ਨਿਰਦੋਸ਼ ਸਾਬਤ ਕਰ ਰਹੇ ਹਾਂ? ਅਸਲ ‘ਚ ਇਨਸਾਨ ਦੀ ਫਿਤਰਤ ਹੈ ਕਿ ਉਹ ਆਪਣੇ ਉੱਤੇ ਹੋਏ ਹਰ ਜ਼ੁਲਮ,ਹਰ ਨਾਇਨਸਾਫ਼ੀ ਲਈ ਕਿਸੇ ਦੂਜੇ ਨੂੰ ਜਿੰਮੇਦਾਰ ਠਹਿਰਾ ਕੇ ਆਪਣੇ ਆਪ ਨੂੰ ਵਿਚਾਰਾ,ਮਜਬੂਰ ਅਤੇ ਤਰਸ ਦਾ ਪਾਤਰ ਬਣਾ ਕੇ ਪੇਸ਼ ਕਰਦਾ ਹੈ। ਤੇ ਫੇਰ ਸਿੱਖ ਵੀ ਬਹਾਨੇਬਾਜ਼ ਬਣਨੋ ਕਿਵੇਂ ਬਚ ਸਕਦਾ ਸੀ? ਕਦੇ ਸਿੱਖ ਘੱਟਗਿਣਤੀ ਹੋਣ ਦਾ ਬਹਾਨਾ ਲਾਉਂਦਾ ਹੈ,ਕਦੇ ਧਾਰਮਿਕ ਆਗੂਆਂ ਸਿਰ ਦੋਸ਼ ਮੜ੍ਹਦਾ ਹੈ ,ਕਦੇ ਬਿਪਰਵਾਦੀ ਸੋਚ ਹੇਠ ਦਬੇ ਜਾਣ ਦੀ ਦੁਹਾਈ ਦਿੰਦਾ ਹੋਇਆ ਸੱਭ ਜਿੰਮੇਦਾਰੀਆਂ ਤੋਂ ਪੱਲਾ ਝਾੜਦਾ ਨਜ਼ਰੀਂ ਆਉਂਦਾ ਹੈ।

ਗੱਲ ਕਰੀਏ ਅੱਜਦੇ ਸਿੱਖ ਦੇ ਸੱਭਤੋਂ ਪਹਿਲੇ ਬਹਾਨੇ ਘੱਟਗਿਣਤੀ ਹੋਣ ਦੀ। ਜੇਕਰ ਘੱਟਗਿਣਤੀ ਹੋਣ ਕਾਰਨ ਹੀ ਅੱਜ ਉਹ ਪਛੱੜ ਗਿਆ,ਲਿਤਾੜਿਆ ਗਿਆ, ਮਾਰਿਆ ਗਿਆ ਤਾਂ ਫੇਰ ਸਵਾਲ ਇਹ ਉੱਠਦਾ ਹੈ ਕਿ ਸਿੱਖਾਂ ਦੀ ਬਹੁਗਿਣਤੀ ਕਦੋਂ ਸੀ? ਭਾਵੇਂ ਮੁਗ਼ਲ਼ਰਾਜ ਹੋਵੇ, ਅੰਗ੍ਰੇਜ਼ ਹਕੂਮਤ ਹੋਵੇ ਤੇ ਜਾਂ ਫ਼ੇਰ ਸਿੱਖਾਂ ਦਾ ਰਾਜ ਸਿੱਖ ਤਾਂ ਮੁੱਢ ਤੋਂ ਹੀ ਮੁੱਠੀ ਭਰ ਰਹੇ ਹਨ। ਕਿਉਂਕਿ ਕਾਦਰ ਦੀ ਕੁਦਰਤ ਵਿਚ ਬਹੁਗਿਣਤੀ ਤਾਂ ਭੇਡਾਂ-ਬਕਰੀਆਂ ਦੀ ਹੋਇਆ ਕਰਦੀ ਹੈ ਸ਼ੇਰਾਂ ਦੀ ਕਤਈ ਨਹੀਂ। ਖੈਰ…। ਏਸ ਨਿਘਾਰ ਵਿਚ ਧਾਰਮਿਕ ਉੱਚ ਪਦਾਂ ਤੇ ਕੌਮ ਦੀ ਖੁਦ ਸੇਵਾ ਵਿਚ ਬੈਠੇ ਆਗੂਆਂ ਨੇ ਵੀ ਪੂਰਾ ਯੋਗਦਾਨ ਪਾਇਆ ਹੈ। ਧਾਰਮਿਕ ਆਗੂ ਭਾਵ ਕੌਮ ਦੀ ਅਗਵਾਹੀ ਕਰਨ ਵਾਲਾ,ਜੋ ਕੌਮ ਲਈ ਸਿਰੜੀ ਅਤੇ ਧਰਮੀ ਹੋਣ ਦੀ ਮਿਸਾਲ ਹੋਣਾ ਚਾਹੀਦਾ ਹੈ,ਰੋਲ-ਮਾਡਲ ਦੇ ਰੂਪ ਵਿਚ ਜਾਣਿਆ ਜਾਣਾ ਚਾਹੀਦਾ ਹੈ। ਪਰ ਸਾਡੇ ਧਾਰਮਿਕ ਆਗੂਆਂ ਨੇ ਅਹੁਦਾ ਰੁਤਬਾ,ਫੋਕੀ ਚੌਧਰ ਦੀ ਲਾਲਸਾ ਅਤੇ ਧੰਨ ਇਕੱਠਾ ਕਰਨ ਦੀ ਦੌੜ ਵਿਚ ਬੁਨਿਆਦੀ ਸਿੱਖ, ਸਿੱਖੀ ਅਤੇ ਸਿੱਖ ਮਸਲੇ ਛਿੱਕੇ ਤੇ ਟੰਗ ਛੱਡੇ।

ਉਪਜੋਂ ਸ਼ੁਰੂ ਹੋਈ ਸਰਬੱਤ ਦੀ ਥਾਂ ਏਸ ਨਿੱਜ ਦੇ ਭਲੇ ਦੀ ਸੋਚ ਨੇ ਸਿੱਖੀ ਨੂੰ ਲਗਦੀ ਵਾਹ ਤੱਕ ਢਾਅ ਲਾਈ। ਅੱਜ ਦੁਨੀਆਂ ਭਰ ਵਿਚ ਗੁਰਦੁਆਰਿਆਂ ਦੀ ਗਿਣਤੀ ਤਾਂ ਬੇਸ਼ੱਕ ਅਣਗਿਣਤ ਹੋ ਗਈ ਹੈ ਪਰ ਖ਼ਾਲਸ ਸਿੱਖ ਸੋਚ ਅਤੇ ਸਿੱਖੀ ਲੱਭਿਆਂ ਨਹੀਂ ਲੱਭਦੇ। ਕੌਮ ਅੱਜ ਤੱਕ ਵੀ ਮਾਸਾ ਖਾਣ ਜਾਂ ਨਾ ਖਾਣ,ਕੇਸਾਧਾਰੀ ਹੋਣ, ਦੇਹਧਾਰੀ ਜਾਂ ਸ਼ਬਦ ਗੁਰੁ ਆਦਿ ਮੁੱਦਿਆਂ ਉੱਤੇ ਇਕਮਤ ਨਹੀਂ ਹੋ ਸਕੀ। ਹਰ ਵਿਸ਼ੇ ਨੂੰ ਲੈ ਕੇ ਦੋਫਾੜ ਹੋਈ ਸਿੱਖ ਕੌਮ ਕੁਝ ਕੁ ਲਾਲਚੀ ਅਤੇ ਚਲਾਕ ਲੋਕਾਂ ਦੁਆਰਾ ਨਿੱਜੀ ਸਵਾਰਥਾਂ ਲਈ ਵਰਤੀ ਜਾ ਰਹੀ ਹੈ। ਸਿੱਖਾਂ ਦੇ ਹੋਰ ਮਸਲਿਆਂ ਜਾਂ ਸਿੱਖੀ ਦੇ ਉਭਾਰ ਬਾਰੇ ਵਿਚਾਰ ਕਰਨ ਨਾਲੋਂ ਗੈਰ ਜ਼ਰੂਰੀ ਵਿਸਿ਼ਆਂ ਨੂੰ ਮੁੱਦੇ ਬਣਾ ਕੇ ਕੌਮ ਨੂੰ ਅਕਸਰ ਗੁਮਰਾਹ ਕੀਤਾ ਜਾ ਰਿਹਾ ਹੈ। ਭਾਵੇਂ ਸਿੱਖ ਜਿੱਥੇ ਕਿਤੇ ਵੀ ਗਿਆ ਉਸਨੇ ਸੱਭਤੋਂ ਪਹਿਲਾ ਕੰਮ ਗੁਰਦੁਆਰੇ ਉਸਾਰਨ ਦਾ ਕੀਤਾ। ਇਸ ਜਜ਼ਬੇ ਸਦਕਾ ਅੱਜ ਹਰ ਸ਼ਹਿਰ, ਪਿੰਡ, ਕਸਬੇ ਵਿਚ ਘੱਟੋ-ਘੱਟ ਤਿੰਨ ਤੋਂ ਚਾਰ ਗੁਰਦੁਆਰੇ ਤਾਂ ਆਮ ਹੀ ਦੇਖਣ ਨੂੰ ਮਿਲ ਜਾਂਦੇ ਹਨ ਜਿੱਥੇ ਖੁੱਲ੍ਹੇ ਲੰਗਰ, ਕੀਰਤਨ ਅਤੇ ਪਾਠ ਲਗਾਤਾਰ ਚਲ ਰਹੇ ਹੁੰਦੇ ਹਨ। ਪਰ ਇਹ ਸ਼ਬਦ ਕੀਰਤਨ ਜੋ ਕਿ ਗੁਰਮਤਿ ਅਨੁਸਾਰ ਰਾਗਾਂ ਵਿਚ ਹੋਣਾ ਚਾਹੀਦਾ ਹੈ ਨਾ ਹੋ ਕੇ ਰੀਤਾਂ ਉੱਤੇ ਅਧਾਰਿਤ ਹੁੰਦਾ ਹੈ। ਊਚ-ਨੀਚ,ਜਾਤ-ਪਾਤ ਦੇ ਵਿਤਕਰੇ ਤੋਂ ਪਰੇ ਇਕ ਪੰਗਤ ਵਿਚ ਬੈਠ ਸਾਦੇ ਦਾਲ ਫੁਲਕੇ ਵਾਲੀ ਚਲਦੀ ਆ ਰਹੀ ਲੰਗਰ ਦੀ ਪ੍ਰਥਾ ਦੀ ਥਾਂ ਵੰਨ-ਸੁਵੰਨੇ ਪਕਵਾਨਾਂ ਨੇ ਲੈ ਲਈ ਹੈ।

ਬਾਣੀ ਦਾ ਪਾਠ ਰਸਮੀਂ ਜਾਂ ਪੁੰਨ ਖਟਣ ਦਾ ਜ਼ਰੀਆ ਬਣ ਕੇ ਰਹਿ ਗਿਆ ਹੈ। ਕੋਈ ਵੀ ਗੁਰਦੁਆਰਾ ਸਿੱਖੀ ਦੀ ਰੂਹ ਅਤੇ ਸਿੱਖ ਇਤਿਹਾਸ ਸਾਂਭਣ ਵਿਚ ਕਾਮਯਾਬ ਨਹੀਂ ਹੋ ਸਕਿਆ। ਗੁਰਦੁਆਰਿਆਂ ਦੀਆਂ ਕੰਧਾਂ ਤੇ ਗੁਰੂਆਂ ਦੀਆਂ ਕਲਪਤਿ ਤਸਵੀਰਾਂ ਜੋ ਕਿ ਗੁਰਮਤਿ ਦੇ ਬਿਲਕੁੱਲ ਉੱਲਟ ਹੈ ਆਮ ਹੀ ਦੇਖਣ ਨੂੰ ਮਿਲ ਜਾਂਦੀਆਂ ਹਨ। ਗੁਰੂਆਂ ਦੇ ਮਹਾਨ ਕਾਰਜਾਂ,ਕੁਰਬਾਨੀਆਂ,ਸਮਾਜ ਨੂੰ ਦਿੱਤੀ ਗਈ ਸੇਧ ਜਾਂ ਵਿਚਾਰਧਾਰਾ ਦੀ ਥਾਂ ਕੰਧ ਉੱਤੇ ਇਕ ਬੋਰਡ ਉਪਰ ਗੁਰੂਆਂ ਦੀਆਂ ਜਨਮ,ਸ਼ਹੀਦੀ ਅਤੇ ਵਿਆਹਾਂ ਦੀਆਂ ਤਰੀਕਾਂ,ਪਤਨੀ ਅਤੇ ਬਚਿਆਂ ਦੇ ਨਾਮਾਂ ਦੀ ਸੂਚੀ ਲਿਖ ਕੇ ਹੀ ਇਤਿਹਾਸਕ ਪੱਖ ਨੂੰ ਪੇਸ਼ ਕਰਨ ਦਾ ਵੱਡਾ ਉਪਰਾਲਾ ਸਮਝਿਆ ਜਾਂਦਾ ਹੈ। ਇੱਥੇ ਹੀ ਬਸ ਨਹੀਂ ਗੁਰਦੁਆਰਿਆਂ ਨੂੰ ਸੰਗਤਾਂ ਨੇ ਵੀ ਖੁਸ਼ੀ-ਗ਼ਮੀ ਅਤੇ ਦਾਤਾਂ ਮੰਗਣ ਲਈ ਵਰਤੇ ਜਾਣ ਵਾਲੇ ਰਸਮੀ ਸਥਾਨ ਪੂਜਾ ਅਰਚਣਾ ਦਾ ਦਰਜਾ ਦੇਣ ਵਿਚ ਕੋਈ ਕਸਰ ਨਹੀਂ ਛੱਡੀ। ਸਿੱਖ ਘਰਾਂ ਵਿਚ ਤਾਂ ਸ੍ਰੀ ਗੁਰੁ ਗ੍ਰੰਥ ਸਾਹਿਬ ਦਾ ਪ੍ਰਕਾਸ਼ ਇਹ ਦਲੀਲ ਦੇ ਕੇ ਨਹੀਂ ਕਰਦੇ ਕਿ ਐਨੀ ਰਹਿਤ ਮਰਿਆਦਾ ਪੁਗਾਉਣੀ ਔਖੀ ਹੈ ਇਸ ਲਈ ਬਾਣੀ ਦਾ ਪ੍ਰਕਾਸ਼ ਘਰ ਕਰਕੇ ਪਾਪਾਂ ਦਾ ਭਾਗੀਦਾਰ ਬਣਨਾ ਠੀਕ ਨਹੀਂ। ਪਰ ਇਹੀ ਸੰਗਤ ਵਿਆਹਾਂ ਸਮੇਂ ਰਾਗੀ ਤੇ ਪਾਠੀ ਨੂੰ ਜਲਦ ਤੋਂ ਜਲਦ ਫੇਰੇ ਪੜ੍ਹ ਕੇ ਕੰਮ ਮੁਕਾਉਣ ਨੂੰ ਕਹਿੰਦੀ ਹੈ ਤਾਂਜੋ ਛੇਤੀ ਤੋਂ ਛੇਤੀ ਗੀਤਗਾਣੇ,ਸ਼ਰਾਬ ਤੇ ਕਬਾਬ ਦਾ ਦੌਰ ਸ਼ੁਰੂ ਕੀਤਾ ਜਾ ਸਕੇ। ਕੀ ਇਹ ਬੇਅਦਬੀ ਨਹੀਂ?

ਅੰਖਡ-ਪਾਠ ਅਤੇ ਸੁਖਮਨੀ ਸਾਹਿਬ ਦੇ ਪਾਠ ਕੇਵਲ ਸੁੱਖਣਾ ਲਾਹੁਣ,ਖ਼ੁਸ਼ੀ-ਗ਼ਮੀ ਦੀਆਂ ਰਸਮਾਂ ਅਦਾ ਕਰਨ ਤੇ ਜਾਂ ਫੇਰ ਦਾਨ-ਪੁੰਨ ਦੇ ਨਜ਼ਰੀਏ ਤੋਂ ਕੀਤੇ ਜਾਣ ਵਾਲੇ ਰਸਮੀਂ ਅਡੰਬਰਾਂ ਵਾਂਗ ਕੀਤੇ ਜਾਂਦੇ ਹਨ। ਬੀਬੀਆਂ ਲੰਗਰ ਦੀ ਸੇਵਾ ਕਰ ਕੇ ਪੁੰਨ ਖੱਟ ਰਹੀਆਂ ਹੁੰਦੀਆਂ ਹਨ ਅਤੇ ਸਿੰਘ ਰਾਜਨੀਤੀ,ਖਬਰਾਂ,ਕੰਮਾਂ ਅਤੇ ਘਰਾਂ ਦੀਆਂ ਵੱਧ ਰਹੀਆਂ ਕੀਮਤਾਂ ਦੀ ਚਰਚਾ ਕਰ ਰਹੇ ਹੁੰਦੇ ਹਨ। ਪਾਠ ਤਾਂ ਕੇਵਲ ਪਾਠੀ ਲਈ ਤੇ ਜਾਂ ਫੇਰ ਕੰਧਾਂ ਲਈ ਹੀ ਹੋ ਰਿਹਾ ਹੁੰਦਾ ਹੈ। ਬੜੀ ਹੱਦ ਹੋਵੇ ਤਾਂ ਪੂਰੇ ਹਾਲ ਵਿਚ ਕੋਈ ਇਕ ਅੱਧਾ ਬਜ਼ੁਰਗ ਬੈਠਾ ਦਿਖਾਈ ਦੇ ਜਾਂਦਾ ਹੈ। ਕੀ ਇਹ ਮਰਿਆਦਾ ਅਨੁਸਾਰ ਠੀਕ ਹੈ? ਸੰਗਤ ਦੀ ਸੌੜੀ ਸੋਚ ਮਾਇਆਵਾਦੀ ਰੁਝਾਨ ਸਦਕਾ ਸਾਡੇ ਕਥਾਕਾਰਾਂ ਨੇ ਵੀ ਬਾਣੀ ਦੇ ਅਰਥਾਂ ਨੂੰ ਓਸ ਰੂਪ ਵਿਚ ਪੇਸ਼ ਕੀਤਾ ਜਿਸਦਾ ਸਿੱਟਾ ਵਹਿਮ ਅਤੇ ਕਰਮਕਾਂਡ ਵਧਾਉਣਾ ਹੀ ਨਿਕਲਿਆ। ਜਿਵੇਂ ਚੁਰਾਸੀ ਲੱਖ ਜੂਨਾਂ ਦੇ ਗੇੜ ‘ਚੋਂ ਕਿਵੇਂ ਨਿਕਲਿਆ ਜਾਵੇ? ਪੁੰਨ ਕਿਵੇਂ ਖੱਟਿਆ ਜਾਵੇ? ਪਾਪਾਂ ਤੋਂ ਕਿਵੇਂ ਮੁਕਤੀ ਹੋਵੇ? ਸਵਰਗਾਂ ਦਾ ਕਿਹੜਾ ਰਾਹ ਹੈ ਅਤੇ ਜਾਂ ਫੇਰ ਅੱਗਾ ਕਿਵੇਂ ਸਵਾਰਿਆ ਜਾਵੇ? ਥੋੜੇ ਸ਼ਬਦਾਂ ਵਿਚ ਕਿਹਾ ਜਾ ਸਕਦਾ ਹੈ ਕਿ ਭਟਕਿਆ ਕਿਵੇਂ ਜਾਵੇ। ਸਿੱਖ ਇਤਿਹਾਸ ਜਾਂ ਗੁਰਮਤਿ ਦੀ ਥਾਂ ਸਾਖੀਆਂ ਨੇ ਲੈ ਲਈ।

ਗੁਰੂਘਰਾਂ ਵਿਚਲੇ ਕੁਝ ਕੁ ਨੂੰ ਛੱਡ ਬਹੁਤੇ ਰਾਗੀਆਂ,ਪਾਠੀਆਂ ਜਾਂ ਕਥਾਕਾਰਾਂ ਕੋਲ ਕੋਈ ਨਾ ਤਾਂ ਖਾਸ ਜਾਂ ਟ੍ਰੇਨਿੰਗ ਹੀ ਹੁੰਦੀ ਹੈ ਤੇ ਨਾ ਬਾਣੀ ਦੀ ਕੋਈ ਖਾਸ ਸਮਝ। ਹੋਰ ਰੋਜ਼ਗਾਰਾਂ ਵਾਂਗ ਇਕ ਥੋੜਾ ਜਿਹਾ ਲੋੜੀਂਦਾ ਗਿਆਨ ਜਾਣਕਾਰੀ ਹਾਸਲ ਕਰ ਕੇ ਆਮਦਨ ਦਾ ਸਾਧਨ ਬਣਾ ਲਿਆ ਜਾਂਦਾ ਹੈ। ਅਕਸਰ ਕਥਾਕਾਰ ਕਥਾ ਕਰਦੇ ਕਹਿ ਜਾਂਦੇ ਹਨ ਕਿ ਸ੍ਰੀ ਗੁਰੁ ਗ੍ਰੰਥ ਸਾਹਿਬ ਦੀ ਬਾਣੀ ਦਸਾਂ ਗੁਰੂਆਂ ਦੀ ਬਾਣੀ ਹੈ ਸ਼ਾਇਦ ਉਹ ਐਨਾ ਵੀ ਨਹੀਂ ਜਾਣਦੇ ਹੁੰਦੇ ਕਿ ਸਾਡੇ ਕੋਲ ਸ਼ਬਦ ਗੁਰੁ ਦੀ ਵਿਗਿਆਨਕ ਸੋਚ ਵਾਲੀ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੇ ਰੂਪ ਵਿਚ ਸਰਬਸਾਂਝੀ ਗੁਰੂਆਂ,ਸੰਤਾਂ ਅਤੇ ਭਗਤਾਂ ਦੀ ਬਾਣੀ ਮੌਜੂਦ ਹੈ।

ਏਹੀ ਨਹੀਂ ਸਿੱਖਾਂ ਨੇ ਵੀ ਬਾਣੀ ਨੂੰ ਪੜ੍ਹਨਾ ਅਤੇ ਵਿਚਾਰਨਾ ਖਾਸ ਜਰੂਰੀ ਨਾ ਸਮਝਦਿਆਂ,ਗੁਰਮਤਿ ਰਹਿਤ ਮਰਿਆਦਾ ਨੂੰ ਬੰਧੰਨ ਸਮਝਦਿਆਂ ਆਪਣੇ ਘਰਾਂ ਅਤੇ ਜੀਵਨ ਵਿਚੋਂ ਪੂਰਨ ਰੂਪ ਵਿਚ ਕੱਢ ਦਿੱਤਾ ਹੈ। ਬਾਣੀ ਪੜ੍ਹਨਾ ਅਤੇ ਵਿਚਾਰਨਾ ਕੇਵਲ ਰਾਗੀਆਂ ਅਤੇ ਪਾਠੀਆਂ ਦਾ ਕੰਮ ਹੀ ਮਨਿਆ ਜਾਂਦਾ ਹੈ। ਨਤੀਜੇ ਵਜੋਂ ਅੱਜ ਸਾਡੇ 90 ਫੀਸਦੀ ਸਿੱਖ ਸ਼ੁੱਧ ਬਾਣੀ ਉਚਾਰਨ ਤੱਕ ਨਹੀਂ ਕਰ ਸਕਦੇ। ਏਹੀ ਨਹੀਂ ਸਾਡੇ ਆਮ ਸਿੱਖਾਂ ਨੂੰ ਤਾਂ ਦਸਾਂ ਗੁਰੂਆਂ,ਪੰਜਾਂ ਪਿਆਰਿਆਂ,ਚੌਹਾਂ ਸਾਹਿਬਜ਼ਾਦਿਆਂ,ਪੰਜਾਂ ਤੱਖਤਾਂ,ਕਕਾਰਾਂ ਨਿਤਨੇਮ ਦੀਆਂ ਬਾਣੀਆਂ ਦੇ ਨਾਂ ਤੱਕ ਵੀ ਨਹੀਂ ਆਉਂਦੇ ਵਿਚਾਰਧਾਰਾ ਤਾਂ ਦੂਰ ਦੀ ਗੱਲ ਹੈ। ਏਸੇ ਗਿਆਨ ਵਿਹੂਣੀ ਸੰਗਤ ਨੇ ਹੀ ਬਾਬਿਆਂ ਅਤੇ ਡੇਰਿਆਂ ਨੂੰ ਜਨਮ ਦਿੱਤਾ ਹੈ। ਦਸਮ ਪਿਤਾ ਵਲੋਂ ਦਿੱਤੇ “ਗੁਰੁ ਮਾਨਿਓ ਗ੍ਰੰਥ” ਦੇ ਫ਼ਲ਼ਸਫੇ਼ ਤੋਂ ਪੂਰਨ ਰੂਪ ਵਿਚ ਅਣਜਾਣ ਸੰਗਤ ਰੱਬ ਨੂੰ ਪਾਉਣ ਅਤੇ ਦਾਤਾਂ-ਮੁਰਾਦਾਂ ਦੀ ਪੂਰਤੀ ਦੇ ਲਾਲਚ ਵਿਚ ਆਪਣੇ ਗੁਰੁ ਦੇ ਉਪਦੇਸ਼ਾਂ ਦੇ ਉਲਟ ਬਾਬਿਆਂ ਨੂੰ ਮੱਥੇ ਟੇਕਦੀ ਖੱਜਲ ਖਵਾਰ ਹੁੰਦੀ ਫਿਰਦੀ ਹੈ। ਇਹਨਾਂ ਬਾਬਿਆਂ ਨੇ ਸਿੱਖੀ ਦੀ ਚੜ੍ਹਦੀ ਕਲਾ ਦੇ ਝੰਡੇ ਗਲ਼ਾਂ ਵਿਚ ਗਾਤਰਿਆਂ ਦੀ ਵੱਧ ਰਹੀ ਗਿਣਤੀ ਦੇ ਅਧਾਰ ਤੇ ਤਾਂ ਗੱਡ ਦਿੱਤੇ ਪਰ ਇਹਨਾਂ ਡੇਰਿਆਂ ਨੇ ਸਿੱਖਾਂ ਨੂੰ ਅੰਨੇ੍ਹ ਸ਼ਰਧਾਲੂ ਅਤੇ ਲੱਖ ਦੋ ਲੱਖ ਪਾਠ ਕਰ ਕੇ ਕਰਨ ਵਾਲੇ ਡਰਪੋਕ ਬਣਾ ਕੇ ਰੱਖ ਦਿੱਤਾ ਹੈ। ਤੇ ਹੱਦ ਓਦੋਂ ਹੋ ਜਾਂਦੀ ਹੈ ਜਦ ਸਾਡੇ ਗੁਰੁਘਰਾਂ ਦੇ ਸੇਵਕ ਇਹਨਾਂ ਸੰਗਤਾਂ ਨੂੰ ਫੇਰ ਗੁਰੁ ਨਾਲ ਜੁੜਨ ਲਈ ਇਹ ਦਲੀਲ ਦਿੰਦੇ ਹਨ ਕਿ ਜੋ ਕੁਝ ਮੰਗਣਾਂ ਹੈ ਗੁਰੂਘਰ ਤੋਂ ਮੰਗੋ ਡੇਰਿਆਂ ‘ਤੇ ਨਾ ਭਟਕੋ। ਇਸਦਾ ਇਹ ਭਾਵ ਹੋਇਆ ਕਿ ਲਾਲਚ ਵੱਸ ਹੋ ਕਿ ਜਾਂ ਡਰ ਕੇ ਗੁਰੁ ਨੂੰ ਮੰਨੋ ਅਤੇ ਨਿੱਜ ਦਾ ਸਵਾਰਥ ਪੂਰਾ ਕਰੋ। ਇਸ ਦਲੀਲ ਨੇ ਗੁਰੁ ਅਤੇ ਡੇਰਿਆਂ ਦੇ ਬਾਬਿਆਂ ਵਿਚਲਾ ਅੰਤਰ ਖਤਮ ਕਰ ਦਿੱਤਾ।

ਸਮਾਜ ਵਿਚ ਪਾਏ ਜਾਣ ਵਾਲੇ ਦੋਹਾਂ ਅਨਪੜ੍ਹ ਅਤੇ ਪੜ੍ਹੇ-ਲਿਖੇ ਤਬਕਿਆਂ ਨੇ ਵੀ ਸਿੱਖੀ ਨੂੰ ਬਰਾਬਰ ਦੀ ਢਾਅ ਲਾਈ ਹੈ। ਅਨਪੜ੍ਹ ਤਬੱਕਾ ਅੰਨੀ੍ਹ ਸ਼ਰਧਾ ਦਾ ਸਿ਼ਕਾਰ ਹੋ ਬੈਠਾ ਅਤੇ ਬਾਬਿਆਂ ਦੀਆਂ, ਕਾਰਾਂ, ਮੰਜੀਆਂ,ਜੁੱਤੀਆਂ,ਭਾਂਡਿਆਂ ਤੱਕ ਨੂੰ ਮੱਥੇ ਟੇਕਣ ਲੱਗ ਪਿਆ। ਦੂਜੇ ਪਾਸੇ ਪੜ੍ਹਿਆ-ਲਿਖਿਆ ਤਬਕਾ ਦਰੁਸਤਵਾਦ ਦਾ ਸਿ਼ਕਾਰ ਹੋ ਬੈਠਾ। ਦਸਾਂ ਗੁਰੂਆਂ ਦੀ ਵਿਚਾਰਧਾਰਾ ਨੂੰ ਨਾ ਸਮਝਦਿਆਂ ਧਰਮ ਨੂੰ ਵਾਧੂ ਵਿਸ਼ਾ ਸਮਝੀ ਬੈਠੇ ਇਹ ਸਿਆਣੇ ਹੋਰ ਫਿਲਾਸਫਰਾਂ ਅਤੇ ਵਿਦਵਾਨਾਂ ਦੀਆਂ ਕਿਤਾਬਾਂ ਸਿਰ ਤੇ ਚੁੱਕੀ ਕੇਵਲ ਸਲਾਹਾਂ ਦੇਣ ਅਤੇ ਨੁੱਕਤਾਚੀਨੀ ਕਰਨ ਵਿਚ ਹੀ ਗਿਆਨਵਾਨ ਹੋਣ ਦਾ ਵਹਿਮ ਪਾਲੀ ਬੈਠੇ ਹਨ। ਇਹ ਲੋਕ ਜਾਂ ਤਾਂ ਕਿਸੇ ਇਕ ਖਾਸ ਵਿਚਾਰਧਾਰਾ ਦੇ ਧਾਰਨੀ ਬਣ ਕੇ ਜਾਂ ਕਿਸੇ ਵਿਦੇਸ਼ੀ ਲਿਖਾਰੀ ਦੇ ਕਾਇਲ ਹੋ ਕੇ ਇਕ ਸੀਮਤ ਜਹੇ ਦਾਇਰੇ ਵਿਚ ਕੈਦ ਹੋ ਕੇ ਰਹਿ ਗਏ ਹਨ। ਇਹਨਾਂ ਅਨਪੜ੍ਹ ਅਤੇ ਪੜ੍ਹੀਆਂ -ਲਿਖੀਆਂ ਦੋਹਾਂ ਧਿਰਾਂ ਨੇ ਸਿੱਖੀ ਦੀ ਪਰਿਭਾਸ਼ਾ ਬਦਲਣ ‘ਚ ਕੋਈ ਕਸਰ ਨਾ ਛੱਡੀ। ਜਿਸਦਾ ਫਾਇਦਾ ਸਾਡੇ ਧਾਰਮਿਕ ਆਗੂਆਂ ਨੂੰ ਆਪਣੀ ਫੋਕੀ ਚੌਧਰ ਦਿਖਾਉਣ ਵਾਸਤੇ ਖੂਬ ਹੋਇਆ। ਏਸ ਚੌਧਰ ਦੀ ਲਾਲਸਾ ਸਦਕਾ ਆਏ ਦਿਂਨ ਗੁਰਦੁਆਰਿਆਂ ਵਿਚ ਗਾਲਾਂ ਅਤੇ ਕਿਰਪਾਂਨਾਂ ਚਲਦੀਆਂ ਆਮ ਹੀ ਵੇਖਣ ਨੂੰ ਮਿਲ ਜਾਂਦੀਆਂ ਹਨ। ਖਾਸ ਕਰ ਕਿਸੇ ਇਕ ਜਾਤ ਬਰਾਦਰੀ ਦਾ ਧਰਮ ਦੇ ਠੇਕੇਦਾਰਾਂ ਦੇ ਰੂਪ ਵਿਚ ਉੱਭਰ ਕੇ ਸਾਹਮਣੇ ਆਉਣਾ ਅਤੇ ਆਪਣੇ ਹੰਕਾਰ ਦੀ ਪੂਰਤੀ ਲਈ ਕੋਈ ਵੀ ਫੈਸਲਾ ਲੈਣਾ ਬ੍ਰਾਹਮਣਵਾਦੀ ਸੋਚ ਦਾ ਦੂਜਾ ਰੂਪ ਹੈ। ਜੱਟ ਦੇ ਅਖੱੜਪੁਣੇ ਨੇ ਗੁਰਮਤਿ ਨੂੰ ਦੂਜਾ ਅਤੇ ਹੰਕਾਰ ਨੂੰ ਪਹਿਲਾ ਦਰਜਾ ਦਿੱਤਾ ਹੈ। ਗੁਰੂਘਰਾਂ ਵਿਚ ਕੀਤਾ ਜਾਣ ਵਾਲਾ ਹਰ ਫੈਸਲਾ ਅੱਜ ਮੁੱਛ ਦਾ ਸਵਾਲ ਬਣ ਗਿਆ ਹੈ। ਜਿਸਦਾ ਸਿੱਟਾ ਇਕ ਕਮੇਟੀ ‘ਚੋਂ ਦੂਜੀ ਕਮੇਟੀ ਅਤੇ ਇਕ ਨਵਾਂ ਗੁਰਦੁਆਰਾ,ਤੇ ਫੇਰ ਇਕ ਹੋਰ ਕਮੇਟੀ,ਇਕ ਹੋਰ ਗੁਰਦੁਆਰਾ,ਤੇ ਫੇਰ ਇਕ ਹੋਰ ਤੇ ਇਕ ਹੋਰ…। ਗੁਰੂਘਰਾਂ ਦੇ ਆਏ ਦਿਂਨ ਵਿਵਾਦਾਂ ਨੇ ਸਾਡੀ ਨੌਜਵਾਨ ਪੀੜ੍ਹੀ ਨੂੰ ਗੁਰੂ,ਗੁਰਮਤਿ ਅਤੇ ਧਰਮ ਨਾਲੋਂ ਬੁਰੀ ਤਰਾਂ੍ਹ ਤੋੜ ਕੇ ਰੱਖ ਦਿੱਤਾ ਹੈ। ਧਰਮ ਨਾਲ ਸੰਬੰਧਤ ਕਿਸੇ ਵਿਸੇ਼ ‘ਚ ਰੂਚੀ ਦਿਖਾਉਣਾ ਤਾਂ ਦੂਰ ਅੱਜ ਸਾਡੇ ਨੌਜਵਾਨ ਗੁਰਦੁਆਰੇ ਜਾਣਾ ਵੀ ਪੰਸਦ ਨਹੀਂ ਕਰਦੇ। ਧਰਮ ਉਹਨਾਂ ਲਈ ਇਕ ਫਸਾਦੀ ਵਿਸਾ਼ ਹੈ ਜਿਸ ਉੱਤੇ ਗੱਲ ਕਰਨਾ ਇਹ ਨੌਜਵਾਨ ਸਮਾਂ ਵਿਅਰਥ ਗਵਾਉਣਾ ਸਮਝਦੇ ਹਨ। ਦੂਜੇ ਪਾਸੇ ਧਰਮ ਨਾਲੋਂ ਟੁੱਟ ਕੇ ਭਟੱਕਣਾ ਅਤੇ ਦੁਨੀਆਵਈ ਜਿ਼ੰਮੇਦਾਰੀਆਂ ਦੇ ਬੋਝ ਹੇਠ ਦੱਿਬਆ ਆਮ ਮਨੁੱਖ ਗੁਰਮਤਿ ਦੀ ਥਾਂ ਆਪਣਾ ਬਚਦਾ ਸਮਾਂ ਸ਼ੋਸ਼ਲ ਮੀਡੀਏ ਨੂੰ ਦੇ ਕੇ ਦਿਮਾਗੀ ਸਕੂਨ ਭਾਲਦਾ ਹੈ। ਪਰ ਆਸਾਂ ਤੋਂ ਉਲਟ ਸਗੋਂ ਕਾਮ,ਕ੍ਰੋਧ,ਈਰਖਾ ਅਤੇ ਲਾਲਚ ਦੇ ਜਾਲ ਵਿਚ ਫਸਦਾ ਵਿਕਾਰਾਂ ਦੇ ਹਨੇਰੇ ‘ਚ ਟਕੱਰਾਂ ਮਾਰਦਾ ਫਿਰਦਾ ਹੈ। ਸਬਰ ਅਤੇ ਸਿੱਦਕ ਉਸ ਅੰਦਰੋਂ ਜੜ੍ਹੋਂ ਹੀ ਮੁੱਕ ਗਏ।

ਪਰ ਏਸ ਸਾਰੇ ਵਰਤ ਰਹੇ ਵਰਤਾਰੇ ਦਾ ਨਤੀਜਾ ਕੀ ਨਿਕਲਿਆ? ਗੁਰੁ ਦਾ ਸਿੱਖ ਕੇਵਲ ਮਜਬੂਰੀ ਵੱਸ ਹੀ ਸਿੱਖ ਰਹਿ ਗਿਆ ਹੈ। ਕੇਸਾਧਾਰੀ ਸਿੱਖ ਅੱਜ ਸਿਰਗੁੰਮ ਫੌ਼ਜ ਦਾ ਹਿੱਸਾ ਬਣ ਫੈਸ਼ਨਪ੍ਰਸਤੀ ਨੇ ਕਮਜ਼ੋਰ ਅਤੇ ਨਿਪੁੰਸਕ ਬਣਾ ਦਿੱਤਾ ਹੈ। ਗੁਰੁ ਤੋਂ ਬਰਾਬਰੀ ਦੇ ਹੱਕ ਹਾਸਲ ਕਰ ਅਣਖ ਲਈ ਜੀਊਣ ਵਾਲੀਆਂ ਬੀਬੀਆਂ ਅੱਜ ਹੀਰੋਇਨਾਂ,ਮਾਡਲਾਂ,ਵਿਸ਼ਵ-ਸੁੰਦਰੀਆਂ ਬਣਨ ਦੇ ਸੁਫ਼ਨੇ ਅੱਖਾਂ ‘ਚ ਸਜਾਈ ਵੰਨ-ਸੁਵੰਨੇ ਲਿ਼ਬਾਸਾਂ ਅਤੇ ਫੈਸ਼ਨਾਂ ਦੀਆਂ ਪਰਤਾਂ ਹੇਠ ਦੱਬ ਕੇ ਰਹਿ ਗਈਆਂ। ਸਿੱਖ ਨੌਜਵਾਨ ਅਸ਼ਲੀਲ ਗੀਤਾਂ,ਅਸਭਿਅਕ ਫਿ਼ਲਮਾਂ ਅਤੇ ਨਸਿ਼ਆਂ ਵੱਸ ਪੈ ਆਪਣੇ ਇਤਿਹਾਸਕ ਪੱਖਾਂ ਨੂੰ ਅੱਖੋਂ ਪ੍ਰੋਖੇ ਕਰ ਕੇਵਲ ਮੌਜਾਂ ਮਸਤੀਆਂ ਦੀ ਭਾਲ ਵਿਚ ਭੱਟਕਦੇ ਫਿਰਦੇ ਹਨ। ਅੱਜ ਅਸੀਂ ਆਰ ਐਸ ਐਸ ਦੀ ਨਿਖੇਧੀ ਕਰਦੇ ਤਾਂ ਸਾਹ ਨਹੀਂ ਲੈਂਦੇ ਪਰ ਜਦ ਸਾਡੇ ਕਾਕੇ “ਕਿਵੇਂ ਤੋੜਦੂ ਕੋਈ ਤੇਰਾ ਮੇਰਾ ਪਿਆਰ ਨੀ,ਮੂਹਰੇ ਜੱਟ ਖਾੜਕੂ ਖੜਾ। ਹੱਥ ਵਿਚ ਫੜੀ ਤਲਵਾਰ ਨੀ,ਗੁੱਟ ਵਿਚ ਸੋਹਣੀਏ ਕੜਾ” ਵਰਗੇ ਗੀਤ ਗਾਉਂਦੇ ਹਨ ਤਾਂ ਸਾਨੂੰ ਗੀਤ ਦੇ ਬੋਲਾਂ ਵਿਚ ਹੋ ਰਹੀ ਕਕਾਰਾਂ ਦੀ ਬੇਅਦਬੀ ਸੁਣਾਈ ਕਿਉਂ ਨਹੀਂ ਦਿੰਦੀ? ਗੈਰਸਿੱਖ ਦੁਆਰਾ ਸਾਨੂੰ ਖਾੜਕੂ ਕਿਹਾ ਜਾਣਾ ਸਾਡੇ ਨਾਲ ਵਿਤਕਰਾ ਹੈ ਪਰ ਜੇ ਅਸੀਂ ਆਪ ਕਹੀਏ ਤਾਂ ਫ਼ਖ਼ਰ ਕਿਉਂ?“ਆ ਗਏ ਪੱਗਾਂ ਪੋਚਵੀਆਂ ਵਾਲੇ,ਰਹੀਂ ਬੱਚਕੇ ਨੀ ਰੰਗਲੇ ਦੁਪੱਟੇ ਵਾਲੀਏ” ਇਸ ਗੀਤ ਦੇ ਬੋਲਾਂ ਦੇ ਅਰਥਾਂ ਅਨੁਸਾਰ ਪੱਗਾਂ ਵਾਲੇ ਜਨਾਨੀਬਾਜ਼ ਹੁੰਦੇ ਹਨ ਭਾਵ ਬੇਗਾਨੀਆਂ ਧੀਆਂ-ਭੈਣਾਂ ਚੁੱਕਣ ਆਉਂਦੇ ਹਨ। “ਪੱਗ ਦੇ ਪੇਚ ‘ਤੇ ਮਰ ਗਈ ਓਏ” ਭਾਵ ਪੱਗਾ ਆਸ਼ਕੀ ਕਰਨ ਲਈ ਬੰਨੀ੍ਹ ਜਾਣ ਵਾਲੀ ਕੋਈ ਟੌਹਰ ਵਧਾਊ ਪੋਸ਼ਾਕ ਹੈ। ਹੁਣ ਸਵਾਲ ਇਹ ਉੱਠਦਾ ਹੈ ਕਿ ਕੀ ਪੱਗ ਜਿਸਨੂੰ ਗੁਰੂੁ ਸਾਹਿਬ ਨੇ ਸਾਡੇ ਸਿਰਾਂ ਉੱਤੇ ਤਾਜ ਬਣਾ ਕੇ ਸਜਾਇਆ ਤੇ ਸਾਨੂੰ ਸਰਦਾਰੀਆਂ ਦਿੱਤੀਆਂ ਸਨ ਅੱਜ ਅਸੀਂ ਆਪ ਉਸਦੀ ਕੀ ਕਦਰ ਪਾਈ? ਕਕਾਰਾਂ ਦੀ ਅਹਿਮੀਅਤ ਕੀ ਰਹਿ ਗਈ ਹੈ ਅੱਜ ਸਾਡੀਆਂ ਨਜ਼ਰਾਂ ਵਿਚ? ਤਲਵਾਰਾ ਜੋ ਕਦੇ ਹੱਕਾਂ ਦੀ ਰਾਖੀ ਲਈ ਜਾਂ ਪੱਤ ਦੀ ਰਾਖੀ ਲਈ ਜ਼ੁਲ਼ਮ ਦਾ ਟਾਕਰਾ ਕਰਨ ਲਈ ਉਠਾਈ ਗਈ ਸੀ ਕੀ ਅੱਜ ਮਸ਼ੂਕਾਂ ਲਈ,ਹੰਕਾਰ ਦੀ ਪੂਰਤੀ ਲਈ ਤੇ ਜਾਂ ਫੇਰ ਗੁੰਡਾਗਰਦੀ ਲਈ ਰਹਿ ਗਈ ਹੈ? ਇਹੀ ਕਾਰਨ ਹੈ ਕਿ ਆਪਣੇ ਅਤੇ ਬੇਗਾਨੇ ਹੱਕਾਂ ਲਈ ਜੂਝ ਕੇ ਮਰਨ ਮਿਟਣ ਵਾਲਾ ਸਿੱਖ ਅੱਜ ਇਨਸਾਫ ਅਤੇ ਆਪਣੇ ਹੱਕ ਸਰਕਾਰਾਂ, ਕਚਿਹਰੀਆਂ ਜਾਂ ਵਿਦੇਸ਼ੀ ਸੰਸਦਾਂ ਵਿਚੋਂ ਮੰਗਦਾ ਫਿਰਦਾ ਹੈ। ਜਿਹਨਾਂ ਹੱਥਾਂ ਵਿਚ ਕਦੇ ਗੁਰੂ ਨੇ ਤਲਵਾਰ ਫੜਾਈ ਸੀ ਅੱਜ ਅਸੀਂ ਉਹਨਾਂ ਹੱਥਾਂ ਵਿਚ ਸਿਆਸੀ ਗੁੱਟਾਂ ਦੇ ਨਿਸ਼ਾਨ ਫੜੀ “ਜੈ ਹਿੰਦ” ਜਾਂ “ਭਾਰਤ ਮਾਤਾ ਦੀ ਜੈ” ਦੇ ਨਾਹਰੇ ਲਾਉਂਦੇ ਫਿਰਦੇ ਹਾਂ। ਕਿਉਂ ਸਾਨੂੰ ਸ਼ਰਮ ਨਹੀਂ ਆਉਂਦੀ? ਸਾਡੀ ਅੱਜ ਦੀ ਪੀੜੀ੍ਹ ਵਿਦਿਆ ਤੋਂ ਕਿਨਾਰਾ ਕਰੀ ਬੈਠੀ ਹੈ। ਦਸੱਵੀਂ ਜਾਂ ਬਾਹਰਵੀਂ ਕਰਕੇ ਹੀ ਸਾਡੇ ਸੇ਼ਰ ਪੁੱਤ ਦਿਮਾਗੀ ਬੋਝ ਨਾ ਝੱਲਦੇ ਹੋਏ ਹੱਥ ਖੜੇ ਕਰ ਜਾਂਦੇ ਹਨ। ਕਿਉਂਕਿ ਕਿਤਾਬਾਂ ਤਾਂ ਪੰਡਤਾਂ ਜਾਂ ਬਾਣੀਆਂ ਲਈ ਹਨ। ਸਾਡਾ ਜੱਟ ਸਿੱਖ ਹੋਣਾ ਹੀ ਬੜੀ ਵੱਡੀ ਪ੍ਰਾਪਤੀ ਹੈ। ਸਾਡਾ ਕੋਈ ਸਾਨ੍ਹੀਂ ਨਹੀਂ। ਏਹੀ ਕਾਰਨ ਹੈ ਅੱਜ ਸਾਡੇ ਵਿਚੋਂ ਇਕ ਵੀ ਸਹੀ ਆਗੂ ਬਣ ਨਾ ਉਭਰ ਸਕਿਆ। ਅਸੀਂ ਕੇਵਲ ਨਾਹਰੇ ਲਾਉਣ ਵਾਲੇ ਤੇ ਖੜਕੇ-ਦੜਕੇ ਵਾਲੇ ਗੀਤਾਂ ਉੱਤੇ ਛਾਲਾਂ ਮਾਰਨ ਜੋਗੇ ਰਹਿ ਗਏ। ਕਿਰਤ ਕਰਨ ਨੂੰ ਹੀਣਭਾਵਨਾ ਸਮਝਦੇ ਰਹੇ ਤੇ ਅੱਜ ਬੇਜਮੀਨੇ ਹੋ ਗਏ। ਘਰਾਂ ਵਿਚੋਂ ਬਾਣੀ ਕੱਢ ਕੇ,ਕੇਸ ਕਟਵਾ ਕੇ,ਪੰਜਾਬੀ ਬੋਲੀ ਤਿਆਗ ਕੇ,ਆਪਣੇ ਸਭਿਆਚਾਰ ਨੂੰ ਨਿਕਾਰ ਕੇ ਸੁੱਖ ਦਾ ਸਾਹ ਲੈ ਰਹੇ ਹਾਂ ਜਿਵੇਂ ਸਿੱਖੀ ਸਾਡੇ ‘ਤੇ ਜਬਰੀ ਥੋਪੀ ਗਈ ਸੀ ਤੇ ਮਸੀਂ ਮਸੀਂ ਛੁਟਕਾਰਾ ਮਿਲਿਆ ਹੋਵੇ। ਇਤਿਹਾਸ ਤੋਂ ਅਣਜਾਣ ਅਸੀਂ ਕੇਵਲ ਸ਼ਰਧਾ ਵਾਲੇ ਉੱਲੂ ਹੀ ਬਣਕੇ ਰਹਿ ਗਏ। ਇਸੇ ਲਈ ਜੇ ਕੋਈ ਕਹੇ ਮੈਂ ਗੁਰੁ ਗੋਬਿੰਦ ਸਿੰਘ ਦਾ ਦੂਜਾ ਰੂਪ ਹਾਂ ਅਸੀਂ ਸਵਿਕਾਰਦੇ ਹਾਂ। ਸਾਡੇ ਖੰਡੇ ਦਾ ਰੂਪ ਬਦਲ ਦਿੱਤਾ ਗਿਆ ਅਸੀਂ ਕਬੂਲ ਕਰ ਲਿਆ,ਜੇ ਕਿਸੇ ਕਿਤਾਬ ਨੂੰ ਸਾਡੇ ਗੁਰੁ ਦੀ ਰਚਨਾ ਕਹਿ ਕੇ ਸ੍ਰੀ ਗੁਰੁ ਗ੍ਰੰਥ ਸਾਹਿਬ ਦੇ ਬਰਾਬਰ ਰੱਖ ਦਿੱਤਾ ਅਸੀਂ ਮੱਥਾ ਟੇਕ ਦਿੱਤਾ। ਦੁਨੀਆਂ ਦੀ ਉੱਚੀ ਤੋਂ ਉੱਚੀ ਚੋਟੀ ਵਾਲੇ ਪਹਾੜ ਉੱਤੇ ਸਾਡੇ ਗੁਰੁ ਦਾ ਤੱਪ ਅਸਥਾਨ ਬਣਾ ਦਿੱਤਾ ਗਿਆ ਅਸੀਂ ਵਹੀਰਾਂ ਘੱਤ ਤੁਰ ਪਏ। ਆਖ਼ਰ ਕੀ ਕਰ ਰਹੇ ਹਾਂ ਅਸੀਂ? ਕੀ ਅਸੀਂ ਮੂਰਖ ਹਾਂ? ਕੀ ਅਸੀਂ ਭੇਡਾਂ ਹਾਂ? ਕੀ ਅਸੀਂ ਸਿੱਖ ਰਹਿ ਗਏ ਹਾਂ? ਹੈਰਾਨੀ ਏਸ ਗੱਲ ਦੀ ਹੈ ਕਿ ਇਸ ਸੱਭ ਕੁਝ ਦੇ ਬਾਵਜੂਦ ਅਸੀਂ ਆਪਣੀ ਹੂੜਮੱਤ, ਕੂੜਮੱਤ ਨੂੰ ਨਹੀਂ, ਦੂਜਿਆਂ ਨੂੰ ਦੋਸ਼ੀ ਦਸੱਦੇ ਹਾਂ।

ਖਾਲਸਤਾਨੀਆਂ,ਮਿਸ਼ਨਰੀਆਂ, ਗਰਮ ਦਲੀਆਂ, ਨਰਮ ਦਲੀਆਂ, ਸਹਿਜਧਾਰੀਆਂ ਪਤਾ ਨਹੀਂ ਕਿੰਨੇ ‘ਕੁ ਵਰਗਾਂ ‘ਚ ਵੰਡੇ ਬੈਠੇ ਹਾਂ। ਅਸੀਂ ਆਪਣੇ ਆਪਨੂੰ ਕੇਵਲ ਗੁਰੁ ਦੇ ਸਿੱਖ ਹੀ ਅਖਵਾ ਕੇ ਫ਼ਖ਼ਰ ਮਹਿਸੂਸ ਕਿਉਂ ਨਹੀਂ ਕਰਨਾ ਚਾਹੁੰਦੇ? ਬਾਣੀ ਪੜ੍ਹਨੀ ਸਾਡੇ ਲਈ ਅਸੰਭਵ ਵਿਸ਼ਾ ਕਿਉਂ ਬਣਦੀ ਜਾ ਰਹੀ ਹੈ? ਦੁਨੀਆਂ ਭਰ ਦੀ ਜਾਣਕਾਰੀ ਰਖਣਾ ਸਾਡੇ ਲਈ ਫ਼ਖ਼ਰ ਦੀ ਗੱਲ ਹੈ ਪਰ ਆਪਣੇ ਹੀ ਇਤਿਹਾਸ ਨੂੰ ਭੁੱਲੀ ਬੈਠੇ ਹਾਂ ਜਾਨਣਾ ਨਹੀਂ ਚਾਹੁੰਦੇ। ਜੇ ਅੱਜ ਅਸੀਂ ਵਕਤ ਨਾ ਸਾਂਭਿਆ ਤਾਂ ਏਸੇ ਵਕਤ ਨੇ ਇਕ ਦਿਂਨ ਸਾਨੂੰ ਇਕ ਅਜਿਹੇ ਕਾਲ਼ੇ ਹਨੇਰੇ ਵਿਚ ਧੱਕ ਦੇਣਾ ਹੈ ਜਿੱਥੋਂ ਰਾਹ ਲੱਭਣਾ ਅਸੰਭਵ ਹੋ ਜਾਵੇਗਾ। ਘਰਾਂ ਵਿਚ ਬਾਣੀ ਦਾ ਪ੍ਰਕਾਸ਼ ਕਰ,ਸਿੱਖ ਰਹਿਤ ਮਰਿਆਦਾ ਵਿਚ ਜੀਵਨ ਜੀਣ,ਗਵਾਚ ਚੁੱਕੇ ਕਿਰਦਾਰ ਨੂੰ ਫੇਰ ਧਾਰਨ ਕਰ ਅਤੇ ਆਪਣੇ ਇਤਿਹਾਸ ਅਤੇ ਸੱਭਿਆਚਾਰ ਨਾਲ ਜੁੜਨਾ ਹੀ ਸਾਡੀ ਬਰਬਾਦੀ ਰੋਕ ਸਕਦਾ ਹੈ। ਘੁਰ ਵਾਕ ਹੈ “ਜਿਨੀ ਆਤਮ ਚੀਨਿਆ ਪਰਮਾਤਮਾ ਸੋਈ।।” ਨਹੀਂ ਤਾਂ ਆਪਣੇ ਗੁਰੁ ਅੱਗੇ ਜਵਾਬਦੇਹ ਅਸੀਂ ਆਪ ਹੋਵਾਂਗੇ। ਹੁਣ ਫੈ਼ਸਲਾ ਸਾਡੇ ਹੱਥ ਹੈ।

ਸੰਪਰਕ: +1 510 566 7883

Comments

Security Code (required)



Can't read the image? click here to refresh.

Name (required)

Leave a comment... (required)





ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ