Thu, 18 April 2024
Your Visitor Number :-   6982164
SuhisaverSuhisaver Suhisaver

ਮਜ਼ਦੂਰ ਜਮਾਤ ਦਾ ਸੱਭਿਆਚਾਰ

Posted on:- 01-05-2015

suhisaver

ਅਨੁਵਾਦ : ਰਣਜੀਤ ਲਹਿਰਾ

ਕੁਝ ਲੋਕਾਂ ਨੂੰ ਇਸ ਲੇਖ ਦੇ ਸਿਰਲੇਖ ’ਤੇ ਇਹ ਇਤਰਾਜ਼ ਹੋ ਸਕਦਾ ਹੈ ਕਿ ਕੀ ਮਜ਼ਦੂਰ ਜਮਾਤ ਦੇ ਸੱਭਿਆਚਾਰ ਵਰਗੀ ਕੋਈ ਚੀਜ਼ ਹੁੰਦੀ ਹੈ। ਸੱਭਿਆਚਾਰ ਤਾਂ ਬਸ ਸੱਭਿਆਚਾਰ ਹੁੰਦਾ ਹੈ। ਇਹ ਕਿਸੇ ਜਮਾਤ ਦਾ ਨਹੀਂ ਸਗੋਂ ਸਾਰੇ ਮਨੁੱਖਾਂ ਦਾ ਸੱਭਿਆਚਾਰ ਹੁੰਦਾ ਹੈ। ਇਹ ਮਨੁੱਖੀ ਸਮਾਜ ਦਾ ਸਾਂਝਾ ਸੱਭਿਆਚਾਰ ਹੁੰਦਾ ਹੈ। ਅਜਿਹੀ ਵੰਡ ਕਰਨੀ ਹੀ ਗ਼ਲਤ ਹੋਵੇਗੀ। ਉਸਦਾ ਕੋਈ ਜਮਾਤੀ ਖ਼ਾਸਾ ਨਹੀਂ ਹੁੰਦਾ ਸਾਨੂੰ ਕਿਸੇ ਜਮਾਤ-ਤਬਕੇ ਦੇ ਸੱਭਿਆਚਾਰ ਦੀ ਥਾਂ ਮਨੁੱਖੀ ਸੱਭਿਆਚਾਰ ਦੀ ਗੱਲ ਕਰਨੀ ਚਾਹੀਦੀ ਹੈ।

ਅਜਿਹੇ ਕੁੱਝ ਕੁ ਲੋਕਾਂ ਨੂੰ ਛੱਡ ਦਿੱਤਾ ਜਾਵੇ ਤਾਂ ਬਹੁਤੇ ਲੋਕ ਕਬੂਲ ਕਰਨਗੇ ਕਿ ਸੱਭਿਆਚਾਰ ਵੱਖ-ਵੱਖ ਕਿਸਮ ਦਾ ਹੁੰਦਾ ਹੈ। ਸਮਾਜ ਦੇ ਧੰਨਾ-ਸੇਠਾਂ ਦੀ ਹਾਕਮ ਜਮਾਤ ਦਾ ਸੱਭਿਆਚਾਰ ਇੱਕ ਹੁੰਦਾ ਹੈ, ਕਿਸਾਨਾਂ ਦਾ ਦੂਜੀ ਕਿਸਮ ਦਾ, ਆਦਿਵਾਸੀਆਂ ਦਾ ਤੀਜੀ ਕਿਸਮ ਦਾ ਅਤੇ ਮਜ਼ਦੂਰ ਜਮਾਤ ਦਾ ਚੌਥੀ ਕਿਸਮ ਦਾ। ਯਾਨੀ ਵੱਖ-ਵੱਖ ਜਮਾਤਾਂ-ਤਬਕਿਆਂ ਦਾ ਸੱਭਿਆਚਾਰ ਵੱਖੋ-ਵੱਖਰੀ ਕਿਸਮ ਦਾ ਹੁੰਦਾ ਹੈ। ਅਮੀਰ ਜਮਾਤ ਹੱਥੀਂ ਕਿਰਤ ਕਰਨ ਵਾਲਿਆਂ ਨੂੰ, ਮਿਹਨਤ ਕਰਨ ਵਾਲਿਆਂ ਨੂੰ ਘਟੀਆ ਨਜ਼ਰ ਨਾਲ ਦੇਖਦੀ ਹੈ। ਉਨ੍ਹਾਂ ਨੂੰ ਅਸੱਭਿਆ, ਗੰਵਾਰ, ਹੀਣ ਤੇ ਮੂਰਖ ਸਮਝਦੀ ਹੈ। ਉਹ ਉਨ੍ਹਾਂ ਨੂੰ ਉਨ੍ਹਾਂ ਦੇ ਨਾਂ ਨਾਲ ਬਲਾਉਣ ਦੀ ਥਾਂ ਕੰਮ ਦੇ ਲਿਹਾਜ਼ ਨਾਲ ਸੰਬੋਧਿਤ ਕਰਦੀ ਹੈ, ਉਹ ਵੀ ਮਰਿਆਦਾ ਨੂੰ ਤਾਕ ’ਤੇ ਰੱਖ ਕੇ। ਡਰਾਈਵਰ, ਕੁਲੀ, ਧੋਬੀ ਆਮ ਸੰਬੋਧਨ ਹਨ। ਜਿੱਥੇ ਇੱਕ ਮਨੁੱਖ ਦੀ ਸਾਰੀ ਉਮਰ ਉਸਦਾ ਪੂਰਾ ਵਿਅਕਤੀਤਵ, ਉਸਦੀਆਂ ਖ਼ੂਬੀਆਂ, ਉਸ ਦੇ ਕੰਮ ਦੇ ਦੁਆਲੇ ਸਿਮਟ ਕੇ ਰਹਿ ਜਾਂਦੀਆਂ ਹਨ, ਜਿਨ੍ਹਾਂ ਨੂੰ ਅਮੀਰ ਸ਼੍ਰੇਣੀ ਨਖਿੱਧ ਸਮਝਦੀ ਹੈ। ਇਸਦੇ ਉਲਟ ਮਜ਼ਦੂਰ-ਕਿਸਾਨ, ਜਿਨ੍ਹਾਂ ਦੀ ਜ਼ਿੰਦਗੀ ਦਾ ਹਰ ਪਲ ਕਿਰਤ ਦੇ ਦੁਆਲੇ ਘੁੰਮਦਾ ਹੈ, ਦਾ ਸੱਭਿਆਚਾਰ ਵੱਖਰੇ ਸੁਭਾਓ ਦਾ ਹੁੰਦਾ ਹੈ।

ਕਿਰਤ ਉਨ੍ਹਾਂ ਦੀ ਜ਼ਿੰਦਗੀ ਦਾ ਧੁਰਾ ਹੁੰਦੀ ਹੈ। ਸਰਮਾਏਦਾਰ ਜਮਾਤ ਦਾ ਆਧਾਰ ਨਿੱਜੀ ਜ਼ਾਇਦਾਦ ਅਤੇ ਉਸਦੇ ਆਧਾਰ ’ਤੇ ਬੇਰਹਿਮ ਸ਼ੋਸ਼ਣ ਹੁੰਦਾ ਹੈ। ਮਜ਼ਦੂਰ ਜਮਾਤ ਕੋਲ ਅਜਿਹੀ ਕੋਈ ਜਾਇਦਾਦ ਨਹੀਂ ਹੁੰਦੀ ਜਿਸਦੇ ਆਧਾਰ ’ਤੇ ਉਹ ਕਿਸੇ ਹੋਰ ਦਾ ਸ਼ੋਸ਼ਣ ਕਰ ਸਕੇ। ਜਿੱਥੇ ਸਰਮਾਏਦਾਰ ਜਮਾਤ ਲੁਟੇਰੀ ਜਮਾਤ ਹੁੰਦੀ ਹੈ ਉੱਥੇ ਮਜ਼ਦੂਰ ਜਮਾਤ ਸ਼ੋਸ਼ਿਤ ਜਮਾਤ ਹੁੰਦੀ ਹੈ। ਕਿਸਾਨਾਂ ਅਤੇ ਆਦਿਵਾਸੀਆਂ ਦਾ ਸੱਭਿਆਚਾਰ ਵੀ ਇਸ ਤਰ੍ਹਾਂ ਨਾਲ ਉਸ ਸੱਭਿਆਚਾਰ ਤੋਂ ਵੱਖਰਾ ਹੁੰਦਾ ਹੈ ਜਿਸਨੂੰ ਸਾਡੇ ਸਮਾਜ ਦੀ ਹਾਕਮ ਜਮਾਤ ਫੈਲਾ ਰਹੀ ਹੁੰਦੀ ਹੈ। ਉਸ ਵਿੱਚ ਅਨੇਕਾਂ ਗੱਲਾਂ ਅਜਿਹੀਆਂ ਹੁੰਦੀਆਂ ਹਨ ਜੋ ਹਾਕਮ ਜਮਾਤ ਦੇ ਸੱਭਿਆਚਾਰ ਵਿੱਚ ਨਹੀਂ ਹੋ ਸਕਦੀਆਂ। ਕਿਸਾਨਾਂ-ਆਦਿਵਾਸੀਆਂ ਦੇ ਗੀਤਾਂ-ਨਾਚਾਂ ਵਿੱਚ ਅਕਸਰ ਹੀ ਪੈਦਾਵਾਰੀ ਸਰਗਰਮੀਆਂ ਦੀ ਛਾਪ ਹੁੰਦੀ ਹੈ। ਸਾਫ਼ਗੋਈ, ਸਹਿਜਤਾ, ਸਮੂਹਿਕਤਾ ਵਰਗੀਆਂ ਕਦਰਾਂ-ਕੀਮਤਾਂ ਨੂੰ, ਇਨ੍ਹਾਂ ਨਾਚਾਂ-ਗੀਤਾਂ ਵਿੱਚ ਸੌਖਿਆ ਹੀ ਦੇਖਿਆ ਜਾ ਸਕਦਾ ਹੈ।

ਇੰਝ ਸੱਭਿਆਚਾਰ ਦਾ ਖ਼ਾਸਾ ਇਸ ਗੱਲ ਨਾਲ ਤਹਿ ਹੁੰਦਾ ਹੈ ਕਿ ਕਿਸੇ ਜਮਾਤ ਦਾ ਸਮਾਜ ਦੀ ਸਭ ਤੋਂ ਬੁਨਿਆਦੀ ਸਰਗਰਮੀ, ਪੈਦਾਵਾਰ, ਨਾਲ ਕੀ ਲੈਣਾ-ਦੇਣਾ ਹੈ। ਉਹ ਪੈਦਾਵਾਰ ਦੀ ਸਰਗਰਮੀ ਵਿੱਚ ਹਿੱਸਾ ਲੈਂਦੀ ਹੈ ਜਾਂ ਉਹ ਹੋਰਨਾਂ ਤੋਂ ਪੈਦਾਵਾਰ ਕਰਵਾਉਦੀ ਹੈ। ਉਹ ਖ਼ੁਦ ਦੀ ਮਿਹਨਤ ’ਤੇ ਜਿਉਂਦੀ ਹੈ ਜਾਂ ਦੂਸਰਿਆਂ ਦੀ ਮਿਹਨਤ ਨੂੰ ਹੜੱਪ ਕੇ ਪਲਦੀ ਹੈ। ਉਹ ਫੈਕਟਰੀ ਦੀ ਮਾਲਕ ਹੈ ਜਾਂ ਫੈਕਟਰੀ ’ਚ ਕੰਮ ਕਰਨ ਵਾਲਾ ਮਜ਼ਦੂਰ ਹੈ। ਉਹ ਖੇਤ ਦੀ ਮਾਲਕ ਹੈ ਜਾਂ ਖੇਤ ਵਿੱਚ ਕੰਮ ਕਰਨ ਵਾਲਾ ਮਜ਼ਦੂਰ। ਉਹ ਖ਼ੁਦ ਜਾਲ ਉਠਾਕੇ ਸਮੁੰਦਰ ’ਚੋਂ ਮੱਛੀ ਫੜਨ ਵਾਲਾ ਮਛੇਰਾ ਹੈ ਜਾਂ ਸਮੁੰਦਰ ਵਿੱਚ ਜਹਾਜ਼ ਦੇ ਜ਼ਰੀਏ ਮੱਛੀ ਪਕੜਨ ਵਾਲੀ ਕਿਸੇ ਕੰਪਨੀ ਦਾ ਮਜ਼ਦੂਰ। ਯਾਨੀ ਪੈਦਾਵਾਰ ਦੀ ਸਰਗਰਮੀ ਨਾਲ ਉਸਦਾ ਸਬੰਧ ਕਿਹੋ-ਜਿਹਾ ਹੈ? ਉਹ ਪੈਦਾਵਾਰ ਦੇ ਸਾਧਨਾਂ ਫੈਕਟਰੀਆਂ, ਕਲ-ਕਾਰਖ਼ਾਨਿਆਂ, ਖੇਤਾਂ ਆਦਿ ਦਾ ਮਾਲਕ ਹੈ ਜਾਂ ਕਿ ਉਹ ਇਨ੍ਹਾਂ ਸਾਧਨਾਂ ਵਿੱਚ ਕੰਮ ਕਰਨ ਵਾਲਾ ਮਜ਼ਦੂਰ? ਉਹ ਸਰਮਾਏਦਾਰ ਜਮਾਤ ਦਾ ਮੈਂਬਰ ਹੈ ਜਾਂ ਮਜ਼ਦੂਰ ਜਮਾਤ ਦਾ?

ਸਰਮਾਏਦਾਰ ਜਮਾਤ ਅਤੇ ਮਜ਼ਦੂਰ ਜਮਾਤ ਤੋਂ ਸਾਡੇ ਸਮਾਜ ਦੀਆਂ ਹੋਰਨਾਂ ਜਮਾਤਾਂ ਯਾਨੀ ਕਿਸਾਨ, ਦਸਤਕਾਰ, ਬੁੱਧੀਜੀਵੀ ਵਰਗ, ਛੋਟੇ ਦੁਕਾਨਦਾਰਾਂ ਦੀ ਹਾਲਤ ਸਰਮਾਏਦਾਰੀ ਤੇ ਮਜ਼ਦੂਰ ਜਮਾਤ ਤੋਂ ਵੱਖਰੀ ਹੁੰਦੀ ਹੈ। ਉਹ ਨਾ ਤਾਂ ਸਰਮਾਏਦਾਰ ਜਮਾਤ ਵਾਂਗ ਨਾ ਤਾਂ ਦੂਜਿਆਂ ਦੇ ਸ਼ੋਸ਼ਣ ’ਤੇ ਜਿਉਂਦੀਆਂ ਹਨ ਅਤੇ ਨਾ ਹੀ ਮਜ਼ਦੂਰ ਜਮਾਤ ਵਾਂਗ ਪੈਦਾਵਾਰ ਦੇ ਸਾਧਨਾਂ ਤੋਂ ਬਿਲਕੁੱਲ ਵਾਂਝੇ ਹੁੰਦੀਆਂ ਹਨ। ਉਨ੍ਹਾਂ ਕੋਲ ਜ਼ਮੀਨ ਦਾ ਟੁੱਕੜਾ ਜਾਂ ਅਜਿਹੇ ਕੁੱਝ ਪੈਦਾਵਾਰ ਦੇ ਸਾਧਨ ਹੁੰਦੇ ਹਨ ਜਿਨ੍ਹਾਂ ’ਤੇ ਉਹ ਆਪਣੀ ਮਿਹਨਤ ਨਾਲ ਕਰਨ ਵਾਲੀਆਂ ਜਮਾਤਾਂ ਦਾ ਸਰਮਾਏਦਾਰ ਜਾਂ ਹਾਕਮ ਜਮਾਤ ਨਾਲ ਰਿਸ਼ਤਾ ਸ਼ਾਸ਼ਕ-ਸ਼ੋਸ਼ਿਤ ਦਾ ਹੁੰਦਾ ਹੈ, ਸ਼ੋਸ਼ਕ-ਸ਼ੋਸ਼ਿਤ ਦਾ ਹੁੰਦਾ ਹੈ। ਬੁੱਧੀਜੀਵੀ ਜਮਾਤ ਦਾ ਆਮ ਹਿੱਸਾ ਵੀ ਮਿਹਨਤਕਸ਼ਾਂ ਵਾਂਗ ਹੁੰਦਾ ਹੈ। ਹਾਲਾਂ ਕਿ ਇਸਦਾ ਇੱਕ ਖ਼ਾਸ ਹਿੱਸਾ, ਜਿਹੜਾ ਕਿ ਇਸਦਾ ਓਪਰੀ ਹਿੱਸੇ ਦਾ ਹੁੰਦਾ ਹੈ ਸਰਮਾਏਦਾਰ ਜਮਾਤ ਦੇ ਮੈਂਬਰਾਂ ਜਿਹੀ ਜ਼ਿੰਦਗੀ ਬਤੀਤ ਕਰਦਾ ਹੈ ਅਤੇ ਇਸ ਜਮਾਤ ਦੇ ਮੈਂਬਰਾਂ ਵਾਂਗ ਵਰਤਾਓ ਕਰਦਾ ਹੈ।

ਇਸ ਤਰ੍ਹਾਂ ਨਾਲ ਦੇਖੀਏ ਤਾਂ ਹਰ ਜਮਾਤ ਦੇ ਰਹਿਣ-ਸਹਿਣ, ਖਾਣ-ਪੀਣ, ਪੜ੍ਹਾਈ-ਲਿਖਾਈ, ਵਰਤੋਂ-ਵਿਹਾਰ, ਪਹਿਨਣ-ਪਚਰਣ, ਵਿਚਾਰਾਂ-ਧਾਰਨਾਵਾਂ, ਛੁੱਟੀ ਮਾਰਨ ਤੇ ਮਨ ਪ੍ਰਚਾਵੇ ਦੇ ਤੌਰ-ਤਰੀਕੇ ਆਦਿ ਵੱਖੋ-ਵੱਖ ਹੁੰਦੇ ਹਨ। ਇਹ ਸਭ ਮਿਲ ਕੇ ਹੀ ਸੱਭਿਆਚਾਰ ਦਾ ਮੁਹਾਂਦਰਾ ਘੜ੍ਹਦੇ ਹਨ। ਮਜ਼ਦੂਰ ਜਮਾਤ ਦਾ ਰਹਿਣ-ਸਹਿਣ, ਖਾਣ-ਪੀਣ ਆਦਿ ਸਰਮਾਏਦਾਰ ਜਮਾਤ ਤੋਂ ਵੱਖਰੇ ਹੁੰਦੇ ਹਨ। ਜਦੋਂਕਿ ਮਜ਼ਦੂਰ ਜਮਾਤ ਨੂੰ ਵਿਹਲ ਅਸਾਨੀ ਨਾਲ ਨਹੀਂ ਮਿਲਦੀ ਅਤੇ ਮਨੋਰੰਜਨ ਦੇ ਨਾਂ ’ਤੇ ਬੇਹੱਦ ਫੂਹੜ ਸਾਧਨ ਹੀ ਸਰਮਾਏਦਾਰੀ ਤੋਂ ਹਾਸਿਲ ਹੋ ਪਾਉਂਦੇ ਹਨ। ਘੱਟ-ਵੱਧ ਰੂਪ ’ਚ ਇਹੋ ਹਾਲਤ ਸਮਾਜ ਦੇ ਹੋਰਨਾਂ ਮਿਹਨਤਕਸ਼ ਲੋਕਾਂ ਦੀ ਹੁੰਦੀ ਹੈ। ਉਹ ਅਨੇਕਾਂ ਚੀਜ਼ਾਂ ਤੋਂ ਵਾਂਝੇ ਹੁੰਦੇ ਹਨ। ਸਰਮਾਏਦਾਰ ਸਮਾਜ ਵਿੱਚ ਕਿਉਂਕਿ ਸਮਾਜ ਦੇ ਪੈਦਾਵਾਰੀ ਸਾਧਨਾਂ ’ਤੇ ਸਰਮਾਏਦਾਰ ਜਮਾਤ ਕਬਜ਼ਾ ਹੁੰਦੀ ਹੈ ਇਸ ਲਈ ਸੁਭਾਵਿਕ ਤੌਰ ’ਤੇ ਉਹ ਇਸ ਹਾਲਤ ਵਿੱਚ ਹੁੰਦੀ ਹੈ ਕਿ ਉਸਦਾ ਸੱਭਿਆਚਾਰ ਸਮਾਜ ਵਿੱਚ ਭਾਰੂ ਹਾਲਤ ਵਿੱਚ ਹੋਵੇ। ਕਿਉਂ ਜੋ ਉਹ ਸਮਾਜ ਦੀ ਹਾਕਮ ਜਮਾਤ ਹੁੰਦੀ ਹੈ ਇਸ ਲਈ ਹਰ ਪਾਸੇ ਉਸੇ ਦੇ ਸੱਭਿਆਚਾਰ ਦਾ ਬੋਲਬਾਲਾ ਹੁੰਦਾ ਹੈ। ਉਸਦੇ ਹਿੱਤਾਂ ਦੇ ਅਨੁਸਾਰੀ ਹੀ ਸਿੱਖਿਆ ਹੁੰਦੀ ਹੈ। ਉਸ ਦੇ ਹਿੱਤਾਂ ਨੂੰ ਮੀਡੀਆ ਤੇ ਮਨ ਪ੍ਰਚਾਵੇ ਦੇ ਸਾਧਨ ਬੇਹੱਦ ਸੂਖਮਤਾ ਤੇ ਚਲਾਕੀ ਨਾਲ ਸਾਧਦੇ ਹਨ। ਵਿੱਦਿਅਕ ਢਾਂਚੇ ਤੋਂ ਲੈ ਕੇ ਮੀਡੀਆ ਤੱਕ, ਸਰਕਾਰ ਤੋਂ ਲੈ ਕੇ ਅਦਾਲਤਾਂ ਤੱਕ, ਸਰਮਾਏਦਾਰ ਜਮਾਤ ਦੇ ਹਿੱਤਾਂ ਨੂੰ ਪੂਰੇ ਸਮਾਜ ਦੇ ਹਿੱਤ ਦੱਸ ਕੇ ਪ੍ਰਚਾਰਦੇ ਹਨ। ਇਸੇ ਤਰ੍ਹਾਂ ਸਰਮਾਏਦਾਰ ਜਮਾਤ ਦੇ ਸੱਭਿਆਚਾਰ ਨੂੰ ਇਹ ਸਾਧਨ ਸਮਾਜ ਦੇ ਆਮ ਸੱਭਿਆਚਾਰ ਦਾ ਦਰਜਾ ਦਿੰਦੇ ਹਨ। ਇਹ ਸਾਧਨ ਅਜਿਹਾ ਇਸ ਲਈ ਕਰਦੇ ਹਨ ਕਿਉਂਕਿ ਇਨ੍ਹਾਂ ਸਾਧਨਾਂ ’ਤੇ ਸਰਮਾਏਦਾਰੀ ਜਮਾਤ ਦਾ ਨਿੱਜੀ ਜਾਂ ਉਸਦੀ ਸਰਕਾਰ ਦਾ ਕਬਜ਼ਾ ਹੁੰਦਾ ਹੈ ਅਤੇ ਇਨ੍ਹਾਂ ਸਾਧਨਾਂ ਵਿੱਚ ਕੰਮ ਕਰਨ ਵਾਲੇ ਲੋਕ ਉਸਦੇ ਜਾਂ ਉਸਦੀ ਸਰਕਾਰ ਦੇ ਨੌਕਰ ਹੁੰਦੇ ਹਨ। ਉਨ੍ਹਾਂ ਦੀ ਕੋਈ ਨਿੱਜੀ ਇੱਛਾ ਜਾਂ ਪ੍ਰਗਟਾਵਾ ਨਹੀਂ ਹੁੰਦਾ। ਟੈਲੀਵਿਜ਼ਨ ਦੇ ਕਿਸੇ ਮੁਲਾਜ਼ਮ ਖ਼ਬਰਚੀ ਨੇ ਉਹ ਕੁੱਝ ਬੋਲਣਾ ਹੁੰਦਾ ਹੈ, ਜੋ ਉਸ ਤੋਂ ਬੁਲਵਾਇਆ ਜਾਂਦਾ ਹੈ। ਕਿਸੇ ਅਖ਼ਬਾਰ ਦਾ ਪੱਤਰਕਾਰ ਉਹੀ ਲਿਖਦਾ ਹੈ ਜੋ ਉਸ ਤੋਂ ਲਿਖਵਾਇਆ ਜਾਂਦਾ ਹੈ। ਜਾਂ ਇਸਦਾ ਉਲਟਾ ਜੇਕਰ ਉਹ ਜ਼ਿੰਦਾ ਰਹਿਣਾ ਚਾਹੁੰਦਾ ਹੈ, ਆਪਣੀ ਰੋਟੀ ਕਮਾਉਣੀ ਚਾਹੁੰਦਾ ਹੈ ਤਾਂ ਉਸਨੂੰ ਉਹੋ ਕੁੱਝ ਲਿਖਣਾ ਹੁੰਦਾ ਹੈ ਜੋ ਛਪ ਸਕੇ ਅਤੇ ਬਿਰਲਾ ਜੀ ਦੇ ਅਖ਼ਬਾਰ ’ਚ ਉਹੋ ਕੁੱਝ ਛਪੇਗਾ ਜੋ ਬਿਰਲਾ ਜੀ ਚਾਹੇਗਾ। ਬਿਰਲਾ ਜੀ ਉਹੋ ਛਾਪਣਗੇ ਜੋ ਬਾਜ਼ਾਰ ਵਿੱਚ ਵਿਕੇ ਅਤੇ ਉਸਦੀ ਨਿੱਜੀ ਜਾਇਦਾਦ ਵਿੱਚ, ਉਸਦੇ ਮੁਨਾਫ਼ੇ ਵਿੱਚ ਵਾਧਾ ਕਰੇ।

ਇੰਝ ਸਰਮਾਏਦਾਰੀ ਜਮਾਤ ਦੇ ਸੱਭਿਆਚਾਰ ਦੇ ਕੇਂਦਰ ਵਿੱਚ ਹੁੰਦੇ ਹਨ ਨਿੱਜੀ ਜਾਇਦਾਦ ਤੇ ਮੁਨਾਫ਼ੇ। ਸੱਭਿਅਕ ਹੋਣ ਦਾ ਭਾਵ ਹੈ ਨਿੱਜੀ ਜਾਇਦਾਦ ਦਾ ਮਾਲਕ ਹੋਣਾ। ਜਿੰਨੀ ਜ਼ਿਆਦਾ ਨਿੱਜੀ ਜਾਇਦਾਦ ਓਨਾ ਹੀ ਸੱਭਿਆਚਾਰਕ। ਜਿੰਨਾ ਅੰਬਾਰ ਜਾਇਦਾਦ ਦਾ, ਓਨਾ ਹੀ ਉੱਚਾ ਵਿਅਕਤੀਤਵ। ਜੇਕਰ ਪੱਲੇ ਪੈਸਾ ਨਹੀਂ ਹੈ ਤਾਂ ਸਰਮਾਏਦਾਰਾ ਸਮਾਜ ਵਿੱਚ ਤੁਹਾਡਾ ਕੋਈ ਵਿਅਕਤੀਤਵ ਨਹੀਂ। ‘ਵਿਅਕਤੀਤਵ-ਹੀਣ’ ਵਿਅਕਤੀ ਦਾ ਵਿਅਤਕੀਤਵ ਉਦੋਂ ਹੀ ਬਣ ਸਕਦਾ ਹੈ ਜਦੋਂ ਉਹ ਪੈਸਾ ਕਮਾਵੇ। ਇਸ ਲਈ ਸਮਾਜ ਵਿੱਚ ਹਰ ਵਿਅਕਤੀ ਦਾ ਟੀਚਾ ਪੈਸਾ ਕਮਾਉਣਾ ਬਣਾ ਦਿੱਤਾ ਜਾਂਦਾ ਹੈ। ਇਹ ਕੰਮ ਪੂਰਾ ਸਮਾਜ ਕਰਦਾ ਹੈ। ਉਸਨੂੰ ਘਰ ਤੋਂ ਲੈ ਕੇ ਸਕੂਲ ਤੱਕ ਇਹੋ ਪਾਠ ਪੜਾਇਆ ਜਾਂਦਾ ਹੈ। ਧਨੀ ਰਿਸ਼ਤੇਦਾਰ-ਗੁਆਂਢੀਆਂ ਦਾ ਜੀਵਨ ਅਤੇ ਕਿੱਸੇ ਉਸਦੇ ਸਾਹਮਣੇ ਆਦਰਸ਼ ਦੇ ਰੂਪ ’ਚ ਪੇਸ਼ ਕੀਤੇ ਜਾਂਦੇ ਹਨ। ਧਾਰਮਿਕ ਸੰਸਕਾਰ ਤਾਂ ਮਹਿਜ਼ ਰਸਮੀ ਜਾਂ ਵੱਧ ਤੋਂ ਵੱਧ ਭੈਅ-ਵੱਸ ਦਿੱਤੇ ਜਾਂਦੇ ਹਨ, ਪਰ ਪੈਸੇ ਦਾ ਸੰਸਕਾਰ ਅਸਲੀ ਅਤੇ ਰੋਜ਼-ਬ-ਰੋਜ ਹਰ ਪਲ ਰਟਾਇਆ ਜਾਂਦਾ ਹੈ। ਨਿੱਜੀ ਜਾਇਦਾਦ ਦਾ ਫ਼ਲਸਫ਼ਾ ਅਤੇ ਸੱਭਿਆਚਾਰ ਇਸ ਤਰ੍ਹਾਂ ਨਾਲ ਪੂਰੇ ਸਰਟਾਜ਼ ਵਿੱਚ ਆਪਣਾ ਤੰਦੂਆ ਜਾਲ ਫੈਲਾ ਜਾਂਦਾ ਹੈ। ਇਹ ਵਿਚਾਰ ਅਤੇ ਫ਼ਲਸਫਾ ਆਪਣੇ ਆਪ ਨੂੰ ਇਸ ਪ੍ਰਚੱਲਿਤ ਫ਼ਿਕਰੇ ਵਿੱਚ ਪ੍ਰਗਟ ਕਰਦਾ ਹੈ ਕਿ ‘ਬਾਪ ਬੜਾ ਨਾ ਭਈਆ, ਸਭ ਸੇ ਬੜਾ ਰੁਪਈਆ।

ਸਰਮਾਏਦਾਰ ਜਮਾਤ ਦਾ ਸੱਭਿਆਚਾਰ ਅਤੇ ਉਸ ਤੋਂ ਪਹਿਲਾਂ ਦੇ ਜਗੀਰੂ ਤੇ ਮੱਧ ਯੁੱਗੀ ਸੱਭਿਆਚਾਰ ਵਿਚਕਾਰ ਅਤੀਤ ਵਿੱਚ ਕਾਫ਼ੀ ਤਿੱਖਾ ਸੰਘਰਸ਼ ਹੋਇਆ ਸੀ। ਜਦੋਂ ਜਗੀਰੂ ਸੱਭਿਆਚਾਰ ਦੀ ਚੌਧਰ ਟੁੱਟ ਗਈ ਤਾਂ ਸਰਮਾਏਦਾਰ ਸੱਭਿਆਚਾਰ ਨੇ ਉਸ ਦੀਆਂ ਉਨ੍ਹਾਂ ਸਭਨਾਂ ਗੱਲਾਂ ਨੂੰ ਅਪਣਾ ਲਿਆ ਜਿਹੜੀਆਂ ਉਸ ਦੇ ਹਿੱਤਾਂ ਨੂੰ ਸਾਧਨ ਲਈ ਚੰਗੀਆਂ ਸਨ। ਅਸਲ ਵਿੱਚ ਅਸਲੀ ਲੜਾਈ ਤਾਂ ਸਮਾਜਿਕ ਆਰਥਿਕ-ਪ੍ਰਬੰਧ ਦੇ ਖੇਤਰ ਵਿੱਚ ਹੋਈ ਸੀ। ਜਦੋਂ ਸਰਮਾਏਦਾਰ ਜਮਾਤ ਨੇ ਪੈਦਾਵਾਰ ਦੇ ਸਾਧਨਾਂ ’ਤੇ ਕਬਜ਼ਾ ਜਮਾਅ ਲਿਆ ਤਾਂ ਉਸਨੇ ਸਥਾਪਤ ਪੈਦਾਵਾਰੀ ਪ੍ਰਣਾਲੀ ਨੂੰ ਸਰਮਾਏਦਾਰਾ ਰੰਗ-ਢੰਗ ਦੇ ਦਿੱਤਾ। ਜਗੀਰਦਾਰਾਂ ਨੂੰ ਸੱਤ੍ਹਾ ਤੋਂ ਲਾਂਭੇ ਕਰਕੇ ਆਪਣੀ ਹਕੂਮਤ ਕਾਇਮ ਕਰ ਲਈ ਤਾਂ ਫਿਰ ਉਸਦੇ ਸੱਭਿਆਚਾਰ ਦੀ ਚੌਧਰ ਦਾ ਕੁੱਝ ਨਹੀਂ ਬਚਣਾ ਸੀ। ਉਸਨੇ ਪਿਛਾਂਹ ਹਟਣਾ ਸੀ। ਪਰ ਸ਼ਾਤਰ ਸਰਮਾਏਦਾਰ ਜਮਾਤ ਨੇ ਆਪਣੇ ਸ਼ੁਰੂਆਤੀ ਤਜ਼ਰਬਿਆਂ ਦੌਰਾਨ ਹੀ ਇਹ ਗੱਲ ਸਿੱਖ ਲਈ ਸੀ ਕਿ ਜਗੀਰੂ ਤੱਤਾਂ ਅਤੇ ਉਨ੍ਹਾਂ ਦੇ ਸੱਭਿਆਚਾਰ ਦਾ ਵਧੇਰੇ ਇਨਕਲਾਬੀ ਢੰਗ ਨਾਲ ਸਫਾਇਆ ਕਰਨ ਨਾਲ ਉਸਨੂੰ ਵੱਡਾ ਹਰਜਾ ਝੱਲਣਾ ਪਵੇਗਾ। ਸਭ ਤੋਂ ਵੱਡਾ ਘਾਟਾ ਤਾਂ ਇਹ ਝੱਲਣਾ ਪਵੇਗਾ ਕਿ ਸੱਤ੍ਹਾ ’ਤੇ ਮਜ਼ਦੂਰ-ਕਿਸਾਨ-ਦਸਤਕਾਰ ਆਦਿ ਕਾਬਜ਼ ਹੋ ਜਾਣਗੇ। 1789 ਦੇ ਫਰਾਂਸੀਸੀ ਇਨਕਲਾਬ ਦੇ ਨਾਅਰੇ ‘ਆਜ਼ਾਦੀ-ਬਰਾਬਰੀ-ਭਾਈਚਾਰੇ’ ਨੂੰ ਫ਼ਰਾਂਸੀਸੀ ਇਨਕਲਾਬ ਤੋਂ ਬਾਅਦ ਕਿਸੇ ਵੀ ਸਰਮਾਏਦਾਰਾ ਇਨਕਲਾਬ ਵਿੱਚ ਓਨੇ ਜ਼ੋਰ-ਸ਼ੋਰ ਨਾਲ ਅਮਲੀ ਰੂਪ ਵਿੱਚ ਉਠਾਇਆ ਨਹੀਂ ਗਿਆ। ਸਰਮਾਏਦਾਰ ਜਮਾਤ ਨੇ ਮਜ਼ਦੂਰਾਂ-ਕਿਸਾਨਾਂ ਦੀ ਥਾਂ ਪਤਿਤ ਜਗੀਰੂ ਤੱਤਾਂ ਨਾਲ ਗੱਠਜੋੜ ਕਰਨਾ ਵਧੇਰੇ ਠੀਕ ਸਮਝਿਆ, ਅਜਿਹਾ ਹੀ ਉਸ ਨੇ ਉਸਦੇ ਪਤਿਤ ਧਾਰਮਿਕ ਮੱਧਯੁੱਗੀ ਜਗੀਰੂ ਸੱਭਿਆਚਾਰ ਨਾਲ ਕੀਤਾ। ਭਾਰਤ ਵਿੱਚ ਅਸੀਂ ਦੇਖਦੇ ਹਾਂ ਕਿ ਬਰਤਾਨਵੀ ਬਸਤੀਵਾਦੀਆਂ ਤੋਂ ਸੱਤ੍ਹਾ ਜਦੋਂ ਭਾਰਤੀ ਸਰਮਾਏਦਾਰ ਜ਼ਮਾਤ ਦੇ ਹੱਥਾਂ ’ਚ ਤਬਦੀਲ ਹੋਈ ਤਾਂ ਉਸਨੇ ਇਹੋ ਸਭ ਕੁੱਝ ਕੀਤਾ।

ਭਾਰਤ ਦੀ ਨਵੀਂ ਹਾਕਮ ਜਮਾਤ ਨੇ ਜਗੀਰੂ ਸਫੈਦਪੋਸ਼ਾਂ ਨਾਲ ਨਾ ਸਿਰਫ ਸੱਤਾ ਸਾਂਝੀ ਕੀਤੀ, ਉਨ੍ਹਾਂ ਨੂੰ ਲੰਮੇ ਅਰਸੇ ਤੱਕ ਪ੍ਰੀਵੀ-ਪਰਸ ਦਿੱਤੇ ਸਗੋਂ ਉਨ੍ਹਾਂ ਦੇ ਸੱਭਿਆਚਾਰ ਨੂੰ ਵੀ ਅੰਗੀਕਾਰ ਕਰ ਲਿਆ । ਲੱਭ-ਲੱਭ ਕੇ ਉਨ੍ਹਾਂ ਮੰਦਰਾਂ ਦੇ ਜ਼ਿੰਦੇ ਖੁੱਲ੍ਹਵਾਏ ਗਏ ਜੋ ਲੰਮੇ ਅਰਸੇ ਤੋਂ ਖੰਡਰ ਬਣਦੇ ਜਾ ਰਹੇ ਸਨ। ਸੋਮਨਾਥ ਦੇ ਮੰਦਰ ਤੋਂ ਸ਼ੁਰੂ ਹੋਈ ਇਹ ਯਾਤਰਾ ਬਾਬਰੀ ਮਸਜਿਦ ਦੀ ਤਬਾਹੀ ਤੱਕ ਜਾ ਪਹੁੰਚੀ। ਜਾਤੀਪਾਤੀ ਪ੍ਰਬੰਧ, ਛੂਤ-ਛਾਤ, ਔਰਤਾਂ ਦੀ ਬੇਪਤੀ ਤੇ ਉਨ੍ਹਾਂ ਦੇ ਹੱਕਾਂ ਦੀ ਬੇਹੁਰਮਤੀ, ਧਾਰਮਿਕ ਅੰਧਵਿਸ਼ਵਾਸ, ਦਾਜ ਦੀ ਪ੍ਰਥਾ ਵਰਗੀਆਂ ਤਮਾਮ ਸਮਾਜਿਕ ਬੁਰਾਈਆਂ ਨਾ ਸਿਰਫ਼ ਉਸਨੇ ਕਾਇਮ ਰੱਖੀਆਂ ਸਗੋਂ ਉਨ੍ਹਾਂ ਨੂੰ ਬਲ ਬਖਸ਼ਿਆ।

ਅੱਜ ਭਾਰਤੀ ਸਮਾਜ ਵਿੱਚ ਜਿਹੜਾ ਸੱਭਿਆਚਾਰ ਹਾਕਮ ਜਮਾਤ ਵੱਲੋਂ ਆਪਣੀ ਭਾਰੂ ਸਥਿਤੀ ਕਾਰਨ ਪਰੋਸਿਆ ਜਾ ਰਿਹਾ ਹੈ ਉਹ ਜਗੀਰੂ ਤੇ ਸਾਮਰਾਜਵਾਦੀ ਸੱਭਿਆਚਾਰ ਦਾ ਸਰਮਾਏਦਾਰਾ ਸੱਭਿਆਚਾਰ ਨਾਲ ਅਜੀਬ ਘਾਲਾ-ਮਾਲਾ ਹੈ। ਇਸਨੂੰ ਭਾਰਤੀ ਸਰਮਾਏਦਾਰਾ ਸੱਭਿਆਚਾਰ ਵੀ ਕਹਿ ਸਕਦੇ ਹਾਂ ਜਿਸ ਵਿੱਚ ਵੈਲੇਨਟਾਇਨ-ਡੇ ਤੋਂ ਲੈ ਕੇ ਕਰਵਾ-ਚੌਥ ਤੱਕ ਸਭ ਕੁੱਝ ਸ਼ਾਮਿਲ ਹੈ। ਰਥ ’ਤੇ ਸਵਾਰ, ਤਲਵਾਰ ਦੀ ਮੁੱਠ ਫੜੀਂ, ਮੁਕਟ ਪਹਿਲੇ ਹੋਏ, ਰੇਮੰਡ ਦੀ ਸੂਟ-ਟਾਈ ਪਹਿਨੀ ਭਾਰਤੀ ਲਾੜਾ ਇਸਦਾ ਸਭ ਤੋਂ ਮਜ਼ੇਦਾਰ ਨਮੂਨਾ ਹੈ। ਇਹ ਨਮੂਨਾ ਤੇ ਉਸਦਾ ਪਰਿਵਾਰ ਵੱਧ ਤੋਂ ਵੱਧ ਦਾਜ, ਉਹ ਵੀ ਬ੍ਰਾਂਡਿਡ ਕੰਪਨੀਆਂ ਦਾ, ਪ੍ਰਾਪਤ ਕਰਨ ਲਈ ਕਮੀਨਗੀ ਦੀ ਕਿਸੇ ਵੀ ਹੱਦ ਤੱਕ ਡਿੱਗ ਸਕਦਾ ਹੈ। ਇੱਥੋਂ ਤੱਕ ਕਿ ਆਪਣੀ ਦੁਲਹਨ ਨੂੰ ਅੱਗ ਦੀਆਂ ਲਪਟਾਂ ਹਵਾਲੇ ਵੀ ਕਰ ਸਕਦਾ ਹੈ। ਭਵਿੱਖ ਵਿੱਚ ਉਸਨੂੰ ਕਿਤੇ ਦਾਜ ਨਾ ਦੇਣਾ ਪੈ ਜਾਵੇ ਇਸ ਲਈ ਮਾਸੂਮ ਕੰਨਿਆ ਭਰੂਣ ਦਾ ਕਤਲ ਵੀ ਕਰ ਸਕਦਾ ਹੈ। ਅਜਿਹੀਆਂ ਕਿੰਨੀਆਂ ਹੀ ਉਦਾਹਰਨਾਂ ਇਸ ਮਹਾਨ ਭਾਰਤੀ ਸਰਮਾਏਦਾਰਾ ਸੱਭਿਆਚਾਰ ਦੀਆਂ ਦਿੱਤੀਆਂ ਜਾ ਸਕਦੀਆਂ ਹਨ। ਇਸੇ ਸੱਭਿਆਚਾਰ ਦੇ ਕਸੀਦੇ ਦੇਸ਼ ਦੀ ਪਾਰਲੀਮੈਂਟ ਤੋਂ ਲੈ ਕੇ ਰੋਜ਼ਾਨਾ ਅਖ਼ਬਾਰਾਂ ਵਿੱਚ ਦਿਨ-ਰਾਤ ਕੱਢੇ ਜਾਂਦੇ ਹਨ। ਟੀ.ਵੀ, ਚੈਨਲ ਚੌਵੀ ਘੰਟੇ ਇਸ ਮਹਾਨ ਸੱਭਿਆਚਾਰ ਦੀਆਂ ਉਸਤਤੀਆਂ ਕਰ ਕਰ ਕੇ ਹਫ਼ ਜਾਂਦੇ ਹਨ।

ਅਜਿਹੇ ਘਿ੍ਰਣਤ ਸਰਮਾਏਦਾਰਾ ਸਮਾਜ ਵਿੱਚ ਮਜ਼ਦੂਰ ਜਮਾਤ ਦਾ ਸੱਭਿਆਚਾਰ ਸਭ ਤੋਂ ਪਹਿਲਾਂ ਵਿਦਰੋਹ ਦਾ ਸੱਭਿਆਚਾਰ ਹੀ ਹੋ ਸਕਦਾ ਹੈ। ਜਾਂ ਦੁਜੇ ਸ਼ਬਦਾਂ ਵਿੱਚ ਉਸਦੇ ਸੱਭਿਆਚਾਰ ਦਾ ਸਭ ਤੋਂ ਅਹਿਮ ਤੱਤ ਵਿਦਰੋਹ ਹੀ ਹੋ ਸਕਦਾ ਹੈ। ਯਾਨੀ ਇਸ ਗਲੇ-ਸੜੇ ਸੱਭਿਆਚਾਰ ਦੇ ਹਰ ਰੂਪ, ਹਰ ਤੱਤ ਨੂੰ ਉਸਨੂੰ ਨਿਸ਼ਾਨੇ ’ਤੇ ਲਿਆਉਣਾ ਪਵੇਗਾ। ਉਸਨੂੰ ਸਰਮਾਏਦਾਰਾ ਫ਼ਲਸਫੇ, ਵਿਚਾਰ, ਧਾਰਨਾਵਾਂ, ਰਹਿਣ-ਸਹਿਣ, ਸਿੱਖਿਆ-ਦੀਖਿਆ, ਗੀਤ-ਸੰਗੀਤ ਯਾਨੀ ਹਰ ਚੀਜ਼ ਨੂੰ ਆਪਣੇ ਨਿਸ਼ਾਨੇ ਦੀ ਮਾਰ ਹੇਠ ਲਿਆਉਣਾ ਹੋਵੇਗਾ। ਇਹ ਸਭ ਉਸ ਦੇ ਉਸ ਟੀਚੇ ਦਾ ਅੰਗ ਹੁੰਦਾ ਹੈ ਜਿਸ ਵਿੱਚ ਉਸਨੇ ਸਰਮਾਏਦਾਰ ਜਮਾਤ ਨੂੰ ਸੱਤ੍ਹਾ ਤੋਂ ਲਾਹ ਕੇ ਖ਼ੁਦ ਸੱਤ੍ਹਾ ’ਤੇ ਕਾਬਜ਼ ਹੋਣਾ ਚਾਹੀਦਾ ਹੈ। ਉਸ ਦਾ ਵਿਦਰੋਹ ਤਦ ਹੀ ਇੱਕ ਵੱਡੀ ਮੰਜ਼ਿਲ ਹਾਸਲ ਕਰ ਸਕਦਾ ਹੈ ਜੇਕਰ ਉਹ ਮਜ਼ਦੂਰ ਜਮਾਤ ਦੇ ਰਾਜ ਦੀ ਸਮਾਜਵਾਦ ਦੀ ਸਥਾਪਨਾ ਕਰਦਾ ਹੈ। ਸਮਾਜਵਾਦ ਦਾ ਮਜ਼ਦੂਰਾਂ ਦੇ ਕਾਜ਼ ਤੋਂ ਬਿਨਾਂ ਉੱਕਾ ਹੀ ਕੋਈ ਮਤਲਬ ਨਹੀਂ। ਮਜ਼ਦੂਰ ਜਮਾਤ ਦੇ ਇਸ ਰਾਜ ਵਿੱਚ ਉਸਦਾ ਸਭ ਤੋਂ ਨੇੜਲਾ ਸੰਗੀ ਛੋਟਾ ਕਿਸਾਨ ਹੁੰਦਾ ਹੈ। ਹੋਰ ਮਿਹਨਤਕਸ਼ ਜਮਾਤਾਂ ਨੂੰ ਵੀ ਇਸ ਰਾਜ ਵਿੱਚ ਉਚਿਤ ਥਾਂ ਦਿੱਤੀ ਜਾਂਦੀ ਹੈ ਪਰ ਲੁਟੇਰਿਆਂ-ਜ਼ਾਬਰਾਂ ਦਾ ਨਾਸ਼ ਕਰਨ ਲਈ ਹਰ ਸੰਭਵ ਕਦਮ ਉਠਾਏ ਜਾਂਦੇ ਹਨ। ਇਨ੍ਹਾਂ ਦਾ ਨਾਸ਼ ਕੀਤੇ ਬਗ਼ੈਰ ਮਨੁੱਖ ਜਾਤੀ ਦੀ ਸੁਰੱਖਿਆ ਕਰਨਾ ਵੀ ਸੰਭਵ ਨਹੀਂ ਹੈ।

ਜਿਵੇਂ ਸਰਮਾਏਦਾਰਾ ਸੱਭਿਆਚਾਰ ਦਾ ਤੱਤ-ਸਾਰ ਨਿੱਜੀ ਜਾਇਦਾਦ ਅਤੇ ਮੁਨਾਫ਼ਾ ਹੁੰਦਾ ਹੈ ਉਵੇਂ ਹੀ ਮਜ਼ਦੂਰ ਜਮਾਤ ਦੇ ਸੱਭਿਆਚਾਰ ਦਾ ਸਾਰ-ਤੱਤ ਕਿਰਤ ਹੁੰਦਾ ਹੈ ਅਤੇ ਅਸਲ ਵਿੱਚ ਇਹੋ ਮਾਨਵੀ ਸਾਰ-ਤੱਤ ਵੀ ਹੈ। ਇਹੋ ਮਨੁੱਖ ਦੇ ਸਾਰੇ ਸੱਭਿਆਚਾਰ ਦਾ ਸਾਰ ਹੈ। ਇਸ ਤਰ੍ਹਾਂ ਨਾਲ ਜੇਕਰ ਮਨੁੱਖ ਜਾਤੀ ਦੇ ਸਾਂਝੇ ਸੱਭਿਆਚਾਰ ਦੀ ਗੱਲ ਕੀਤੀ ਜਾਵੇ ਜਾਂ ਪੂਰੇ ਮਨੁੱਖੀ ਇਤਿਹਾਸ ਦਾ ਸਾਰ-ਤੱਤ ਕੱਢਿਆ ਜਾਵੇ ਤਾਂ ਉਹ ਆਪਣੇ ਆਪ ਨੂੰ ਮਜ਼ਦੂਰ ਜਮਾਤ ਦਾ ਸੱਭਿਆਚਾਰ ਮਨੁੱਖ ਜਾਤੀ ਦੀਆਂ ਸਭ ਤੋਂ ਉੱਤਮ ਚੀਜ਼ਾਂ ਨੂੰ ਆਪਣੇ ਅੰਦਰ ਸਮੋ ਕੇ ਬਿਲਕੁੱਲ ਇੱਕ ਨਵੇਂ ਤੇ ਅਮੀਰ ਸੱਭਿਆਚਾਰ ਦੀ ਸਿਰਜਣਾ ਕਰਦਾ ਹੈ ਅਤੇ ਇਸ ਦਿਸ਼ਾ ’ਚ ਨਿਰੰਤਰ ਅੱਗੇ ਵੱਧਦਾ ਹੈ। ਮਜ਼ਦੂਰ ਜਮਾਤ ਇਹ ਸਭ ਉਸ ਵਖਤ ਹੀ ਕਰ ਸਕਦੀ ਹੈ ਜਦੋਂ ਉਸ ਦਾ ਰਾਜ ਸੱਤ੍ਹਾ ’ਤੇ ਕਬਜ਼ਾ ਹੁੰਦਾ ਹੈ। ਪੈਦਾਵਾਰ ਦੇ ਸਾਧਨਾਂ ਨੂੰ ਉਹ ਆਪਣੇ ਕੰਟਰੋਲ ’ਚ ਕਰ ਲੈਂਦੀ ਹੈ। ਫਿਰ ਹੀ ਉਹ ਇਸ ਹਾਲਤ ਵਿੱਚ ਹੁੰਦੀ ਹੈ ਕਿ ਉਹ ਆਪਣੇ ਸੱਭਿਆਚਾਰ ਦਾ ਪ੍ਰਚਾਰ-ਪ੍ਰਸਾਰ ਕਰ ਸਕੇ। ਉਸਨੂੰ ਆਮ ਜਨ-ਜੀਵਨ ਦਾ ਹਿੱਸਾ ਬਣਾ ਸਕੇ। ਮਿਹਨਤ ਕਰਨ ਨੂੰ ਆਦਤ ਦਾ ਹਿੱਸਾ ਬਣਾ ਸਕੇ।

ਮਜ਼ਦੂਰ ਜਮਾਤ ਦਾ ਸੱਭਿਆਚਾਰ ਲੋਕ-ਸੱਭਿਆਚਾਰ ਦੇ ਸਭਨਾਂ ਉੱਚੀਆਂ-ਸੁੱਚੀਆਂ ਕਦਰਾਂ-ਕੀਮਤਾਂ ਤੇ ਰੂਪਾਂ ਨੂੰ ਆਤਮ-ਸਾਤ ਕਰ ਲੈਂਦਾ ਹੈ। ਕਿਸਾਨਾਂ, ਆਦਿਵਾਸੀਆਂ ਦੇ ਸੱਭਿਆਚਾਰ ਦੇ ਕਈ ਤੱਤ ਮਜ਼ਦੂਰ ਜਮਾਤ ਦੇ ਸੱਭਿਆਚਾਰ ਵਿੱਚ ਸਮਾ ਜਾਂਦੇ ਹਨ। ਅਜਿਹੇ ਤੱਤਾਂ ਵਿੱਚ ਮਿਹਨਤ ਨਾਲ ਜੁੜੇ ਮੁੱਲ, ਪੈਦਾਵਾਰ ਦੌਰਾਨ ਗਏ ਜਾਣ ਵਾਲੇ ਗੀਤ ਤੇ ਨਾਚ ਦੇ ਨਾਲ-ਨਾਲ ਸਮੂਹਿਕ ਦੀ ਭਾਵਨਾ ਆਦਿ ਲਿਆ ਜਾ ਸਕਦਾ ਹੈ। ਉਹ ਇਨ੍ਹਾਂ ਸੱਭਿਆਚਾਰਾਂ ਵਿੱਚ ਇੱਕ ਮੌਜੂਦ ਜਗੀਰੂ-ਧਾਰਮਿਕ ਮੱਧਯੁੱਗੀ ਤੇ ਹੋਰ ਗ਼ੈਰ-ਜਮਹੂਰੀ ਕਦਰਾਂ-ਕੀਮਤਾਂ ਨੂੰ ਤਿਆਗ ਕੇ ਚੰਗੇ ਤੱਤਾਂ ਨੂੰ ਆਤਮ-ਸਾਤ ਕਰ ਲੈਂਦੀ ਹੈ। ਅਜਿਹਾ ਕਰਦੇ ਹੋਏ ਉਹ ਸਭ ਤੋਂ ਪਹਿਲਾਂ ਇਨ੍ਹਾ ਨੂੰ ਸਰਮਾਏ ਦੇ ਚੁੰਗਲ ਤੋਂ ਮੁਕਤ ਕਰਦੀ ਹੈ। ਉਹ ਇਸ ਰੂਪ ਵਿੱਚ ਵਿਗਿਆਨ ਨੂੰ ਸਰਮਾਏ ਦੀ ਥਾਂ ਕਿਰਤ ਦੀ ਸੇਵਾ ਵਿੱਚ ਲਾਉਂਦੀ ਹੈ। ਇਸ ਤਰ੍ਹਾਂ ਨਾਲ ਵਿਗਿਆਨ ਮਿਹਨਤਕਸ਼ਾਂ ਦੀ ਜ਼ਿੰਦਗੀ ਤੇ ਫ਼ਲਸਫ਼ੇ ਦਾ ਅਨਿੱਖੜ ਹਿੱਸਾ ਬਣ ਜਾਂਦਾ ਹੈ। ਇਸੇ ਤਰ੍ਹਾਂ ਮਜ਼ਦੂਰ ਜਮਾਤ ਦਾ ਸੱਭਿਆਚਾਰ ਮਾਨਸਿਕ ਕਿਰਤ ਤੇ ਸਰੀਰਕ ਕਿਰਤ ਦੇ ਪਾੜੇ ਨੂੰ ਖ਼ਤਮ ਕਰਨ ਦੀ ਜੁੰਮੇਵਾਰੀ ਆਪਣੇ ਮੋਢਿਆਂ ’ਤੇ ਲੈਂਦਾ ਹੈ। ਉਹ ਬੁੱਧੀਜੀਵੀ ਵਰਗ ਦਾ ਸੁਭਾਓ ਬਦਲ ਕੇ ਉਸਨੂੰ ਮਨੁੱਖ ਜਾਤੀ ਦੀ ਸੇਵਾ ਕਰਨ ਦੇ ਉੱਤਮ ਗੁਣ ਨਾਲ ਲੈਸ ਕਰਦੀ ਹੈ। ਬੌਧਿਕ ਤਬਕਾ ਸਰਮਾਏ ਦੀ ਥਾਂ ਕਿਰਤ ਦੀ ਸੇਵਾ ਲਈ ਅੱਗੇ ਆਉਂਦਾ ਹੈ। ਖ਼ੁਦ ਮਜ਼ਦੂਰ ਤੇ ਮਿਹਨਤਕਸ਼ ਜਮਾਤ ਅੰਦਰੋਂ ਨਵੇਂ ਲੇਖਕ, ਕਲਾਕਾਰ, ਕਵੀ ਆਦਿ ਪੈਦਾ ਹੁੰਦੇ ਹਨ ਅਤੇ ਪਿਛਲੇ ਸਮਾਜ ਦੇ ਕਈ ਲੇਖਕ-ਪੱਤਰਕਾਰ ਆਦਿ ਆਪਣੇ-ਆਪ ਨੂੰ ਮਨੁੱਖ ਜਾਤੀ ਦੀ ਮੁਕਤੀ ਦੇ ਸੰਘਰਸ਼ ਨਾਲ ਜੋੜ ਲੈਂਦੇ ਹਨ ਅਤੇ ਉਹ ਮਜ਼ਦੂਰ ਜਮਾਤ ਦੇ ਗੂੜ੍ਹੇ ਸੰਗੀ ਬਣ ਜਾਂਦੇ ਹਨ।

(‘ਇਨਕਲਾਬੀ ਮਜ਼ਦੂਰ’, ਵਿੱਚੋਂ ਧੰਨਵਾਦ ਸਹਿਤ )

Comments

Security Code (required)



Can't read the image? click here to refresh.

Name (required)

Leave a comment... (required)





ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ