Wed, 24 April 2024
Your Visitor Number :-   6996888
SuhisaverSuhisaver Suhisaver

ਦੋਸਤ ਹੈ ਜਾਂ ਦੁਸ਼ਮਣ ? ਪਛਾਨਣਾ ਔਖਾ ਬੁਰਕੇ `ਚ ਛੁਪਿਆ ਸਾਮਰਾਜਵਾਦ - ਗੁਰਪ੍ਰੀਤ ਸਿੰਘ ਰੰਗੀਲਪੁਰ

Posted on:- 18-05-2017

suhisaver

ਪਿਛਲੇ ਇੱਕ-ਦੋ ਦਹਾਕਿਆਂ ਤੋਂ ਭਾਰਤ ਵਿੱਚ ਤਬਦੀਲੀ ਬਹੁਤ ਤੇਜ਼ੀ ਨਾਲ ਆਈ ਹੈ । ਨਵੀਆਂ ਤਕਨੀਕਾਂ ਤੇ ਕਾਢਾਂ ਨੇ ਸਮਾਜ ਦਾ ਨਜ਼ਰੀਆ ਹੀ ਬਦਲ ਕੇ ਰੱਖ ਦਿੱਤਾ ਹੈ । ਇਸ ਤਬਦੀਲੀ ਦਾ ਭਾਰਤ ਦੇ ਧਰਮ, ਅਰਥ, ਰਾਜਨੀਤੀ, ਸੱਭਿਆਚਾਰ, ਨੈਤਿਕ ਕਦਰਾਂ-ਕੀਮਤਾਂ, ਅਤੇ ਸਮਾਜ ਤੇ ਬਹੁਤ ਗਹਿਰਾ ਅਸਰ ਹੋਇਆ ਹੈ । ਪਰ ਦੁਖਾਂਤ ਤਾਂ ਇਹ ਹੈ ਕਿ ਭਾਰਤ ਹਰ ਪੱਖੋਂ ਦਿਨੋਂ-ਦਿਨ ਨਿਘਾਰ ਵੱਲ ਗਿਆ ਹੈ ਤੇ ਹੋਰ ਨਿਘਾਰ ਵੱਲ ਜਾ ਰਿਹਾ ਹੈ । ਇਸ ਨਿਘਾਰ ਪ੍ਰਤੀ ਸਾਡਾ ਚਿੰਤਾ ਪ੍ਰਗਟ ਕਰਨਾ ਸੁਭਾਵਿਕ ਹੈ, ਕਿਉਂਕਿ ਇਸਦਾ ਇੱਕ ਕਾਰਨ ਪੂੰਜੀਪਤੀਆਂ ਅਤੇ ਸਰਮਾਏਦਾਰੀ ਵੱਲੋਂ ਭੋਲੇ-ਭਾਲੇ ਗਰੀਬ ਲੋਕਾਂ ਨੂੰ ਭਰਮ-ਜਾਲਾਂ ਵਿੱਚ ਫਸਾ ਕੇ ਉਹਨਾਂ ਦੀ ਅੰਨੇ੍ਹਵਾਹ ਲੁੱਟ ਕਰਨਾ ਹੈ । ਇਹ ਭਰਮ-ਜਾਲ ਭਾਂਵੇ ਧਰਮ ਨਾਲ ਸਬੰਧਿਤ ਹੋਣ, ਆਰਥਿਕਤਾ ਨਾਲ, ਰਾਜਨੀਤੀ ਨਾਲ, ਸੱਭਿਆਚਾਰ ਨਾਲ ਜਾਂ ਨੈਤਿਕ ਕਦਰਾਂ-ਕੀਮਤਾਂ ਨਾਲ । ਘੌਖ ਕੀਤੀ ਜਾਵੇ ਤਾਂ ਇਹ ਸਭ ਸਰਮਾਏਦਾਰੀ ਦੇ ਹੱਕ ਵਿੱਚ ਹੀ ਭੁਗਤਦੇ ਹਨ । ਸਾਰੇ ਸਾਧਨ ਸਰਮਾਏਦਾਰਾਂ ਦੇ ਹੱਥਾਂ ਵਿੱਚ ਹੋਣ ਕਰਕੇ, ਨਵੀਂ ਤਕਨਾਲੌਜ਼ੀ ਜਦ ਤੱਕ ਆਮ ਲੋਕਾਂ ਤੱਕ ਪਹੁੰਚਣੀ ਹੁੰਦੀ ਹੈ ਤਦ ਤੱਕ ਉਹ ਉਦਾਰਵਾਦੀ ਨੀਤੀਆਂ ਰਾਹੀਂ ਜਨਤਾ ਨੂੰ ਤਕਰੀਬਨ ਲੁੱਟ ਹੀ ਚੁੱਕੇ ਹੁੰਦੇ ਹਨ । ਲੋਕੀਂ ਨਵੇਂ-ਨਵੇਂ ਨਾਂ ਸੁਣ ਕੇ ਅਕਸਰ ਭੁਲੇਖੇ ਖਾਂਦੇ ਵੇਖੇ ਜਾ ਸਕਦੇ ਹਨ । ਵਸਤੂ ਜਾਂ ਸਕੀਮ ਭਾਵੇਂ ਪੁਰਾਣੀ ਵਸਤੂ ਜਾਂ ਸਕੀਮ ਨਾਲੋਂ ਘਟੀਆ ਹੀ ਹੋਵੇ ਪਰ ਪੈਕਿੰਗ ਨਵੀਂ ਵਿੱਚ ਪਾ ਕੇ ਹੀ ਪੇਸ਼ ਕੀਤੀ ਜਾ ਰਹੀ ਹੈ ।

ਗੱਲ ਭਾਵੇਂ ਨਵੇਂ ਨਾਂਵਾਂ ਤੇ ਭਰਤੀਆਂ ਕਰਕੇ ਰੁਜ਼ਗਾਰ ਦੀ ਕਰੀਏ, ਨਵੇਂ ਨਾਂਵਾਂ ਵਾਲੀਆਂ ਪੈਨਸ਼ਨ ਸਕੀਮਾਂ ਦੀ ਜਾਂ ਜ਼ਮੀਨਾਂ ਨਾਲ ਸਬੰਧਿਤ ਬਿੱਲਾਂ ਦੀ ਸਭ ਘਾਤਕ ਹੀ ਹਨ । ਇਸ ਲਈ ਅਸੀਂ ਸਾਰੇ ਪਹਿਲਾਂ ਨਾਲੋਂ ਵਧੇਰੇ ਠੱਗੀ ਅਤੇ ਲੁੱਟ ਦਾ ਸ਼ਿਕਾਰ ਹੋ ਰਹੇ ਹਾਂ ।

ਕਈ ਵਾਰ ਸਾਡੇ ਭੈਣ-ਭਰਾ ਭੁਲੇਖੇ ਵਿੱਚ ਰਹਿੰਦੇ ਹਨ ਕਿ ਸਾਰਾ ਕੁਝ ਤਾਂ ਰਾਜ ਅਤੇ ਕੇਂਦਰ ਸਰਕਾਰਾਂ ਦੇ ਹੱਥ ਵਿੱਚ ਹੈ । ਉਹ ਵਿਚਾਰੇ, ਇਹਨਾਂ ਪੂੰਜੀਪਤੀਆਂ ਤੇ ਸਰਮਾਏਦਾਰਾਂ ਨੂੰ ਸਰਕਾਰਾਂ ਤੋਂ ਵੱਖ ਕਰ ਕੇ ਸੋਚਦੇ ਹਨ । ਸਾਨੂੰ ਸਮਝ ਲੈਣਾ ਚਾਹੀਦਾ ਹੈ ਕਿ ਰਾਜ ਅਤੇ ਕੇਂਦਰ ਸਰਕਾਰਾਂ ਉਹੀ ਨੀਤੀਆਂ ਲਾਗੂ ਕਰਦੀਆਂ ਹਨ, ਜਿਹਨਾਂ ਨੀਤੀਆਂ ਵਿੱਚ ਸਰਮਾਏਦਾਰਾਂ ਅਤੇ ਪੂੰਜੀਪਤੀਆਂ ਨੂੰ ਮੋਟਾ ਫਾਇਦਾ ਹੋਵੇ ਕਿਉਂਕਿ ਸਰਕਾਰਾਂ ਬਣਾਉਣ ਸਮੇਂ ਹਾਕਮ ਜੋ ਪੈਸਾ ਵਰਤਦੇ ਹਨ, ਉਹ ਇਹਨਾਂ ਪੂੰਜੀਪਤੀਆਂ ਅਤੇ ਸਰਮਾਏਦਾਰਾਂ ਤੋਂ ਹੀ ਲਿਆ ਹੁੰਦਾ ਹੈ । ਸਰਕਾਰਾਂ ਸਾਡੇ ਦੇਸ਼ ਦੇ ਕੁਦਰਤੀ ਅਤੇ ਮਨੁੱਖੀ ਸਾਧਨਾਂ ਦੀ ਦੁਰਵਰਤੋਂ ਤੱਕ ਕਰਦੀਆਂ ਹਨ ਤਾਂ ਕਿ ਇਹਨਾਂ ਸਰਮਾਏਦਾਰਾਂ ਨੂੰ ਹਰ ਲਾਭ ਪਹੁੰਚਾਇਆ ਜਾ ਸਕੇ । ਇਸੇ ਲਈ ਤਾਂ ਗਰੀਬ ਦਿਨੋਂ-ਦਿਨ ਹੋਰ ਗਰੀਬ ਅਤੇ ਅਮੀਰ ਦਿਨੋਂ-ਦਿਨ ਹੋਰ ਅਮੀਰ ਹੋਈ ਜਾ ਰਹੇ ਹਨ । ਅੱਜ ਘੌਰ ਮਹਿੰਗਾਈ ਦੇ ਯੁੱਗ ਵਿੱਚ ਮਿਹਨਤਕਸ਼ ਕਿਸਾਨ, ਮਜ਼ਦੂਰ ਅਤੇ ਮੁਲਾਜ਼ਮ ਹੱਡਭੰਨਵੀਂ ਮਜ਼ਦੂਰੀ ਕਰਕੇ ਵੀ ਆਪਣਾ ਅਤੇ ਆਪਣਾ ਪਰਿਵਾਰ ਦਾ ਢਿੱਡ ਨਹੀਂ ਭਰ ਸਕਦੇ ਪਰ ਦੂਜੇ ਪਾਸੇ ਇਹ ਵਿਹਲੜ ਪੂੰਜੀਪਤੀ, ਸਰਮਾਏਦਾਰ, ਹਾਕਮ ਅਤੇ ਉਹਨਾਂ ਦੇ ਹਮਾਇਤੀ ਦਿਨ ਦੁਗਣੀ ਰਾਤ ਚੌਗੁਣੀ ਮਾਇਆ ਇਕੱਠੀ ਕਰ ਰਹੇ ਹਨ । ਇਹ ਸਭ ਸਾਬਿਤ ਕਰਦਾ ਹੈ ਕਿ ਇਹਨਾਂ ਦੀ ਆਪਸ ਵਿੱਚ ਗੂੜੀ੍ਹ ਸਾਂਝ ਹੁੰਦੀ ਹੈ । ਇਸ ਦੇ ਦੋ ਪਰਿਮਾਣ ਸਾਨੂੰ ਇਨਕਲਾਬੀ ਲੋਕ-ਕਵੀ ਤੇ ਗਾਇਕ ਸੰਤ ਰਾਮ ਉਦਾਸੀ ਵੀ ਦਿੰਦਾ ਹੈ,

" ਪੂੰਜੀਪਤੀ `ਤੇ ਜੇ ਕੋਈ ਹੱਥ ਚੁੱਕੇ, ਗੂਠਾ ਆਪਣੀ ਘੰਡੀ ਤੇ ਸਮਝਦੀ ਇਹ ।
ਫੌਜ਼, ਪੁਲਿਸ, ਕਾਨੂੰਨ ਤੇ ਧਰਮ ਤਾਈਂ, ਮੁੱਲ ਲਿਆ ਜੁ ਮੰਡੀ ਤੇ ਸਮਝਦੀ ਇਹ । "

ਅਤੇ

" ਇੱਕ ਤੂੰ ਕਸਾਈ ਮੇਰੇ ਪਿੰਡ ਦਿਆ ਰਾਜਿਆ ਉਏ, ਦੂਜਾ ਤੇਰਾ ਸ਼ਾਹਾਂ ਨਾਲ ਜੋੜ ।
ਤੇਰੀ ਨੀਂਦ ਉੱਤੇ ਪਹਿਰਾ ਤੇਰਿਆਂ ਮੁਕੱਦਮਾਂ ਦਾ, ਕੁੱਤੇ ਰੱਖਣ ਦੀ ਨਹੀਂਉ ਲੋੜ । "

ਉਪਰੋਕਤ ਦਰਸਾਈ ਇਹਨਾਂ ਸਰਮਾਏਦਾਰਾਂ, ਹਾਕਮਾਂ ਅਤੇ ਉਹਨਾਂ ਦੇ ਹਮਾਇਤੀਆਂ ਦੀ ਸਾਂਝ ਦਾ ਹੀ ਨਤੀਜਾ ਹੈ ਕਿ ਅੱਜ ਸਾਰੇ ਜਨਤਕ ਅਦਾਰਿਆਂ ਦਾ ਵੀ ਨਿੱਜੀਕਰਨ ਹੋ ਰਿਹਾ ਹੈ । ਹਾਕਮ ਧਿਰਾਂ ਆਪਣੀਆਂ-ਆਪਣੀਆਂ ਸਰਮਾਏਦਾਰੀ ਪਾਰਟੀਆਂ ਨੂੰ ਖੁਸ਼ ਕਰਨ ਲਈ ਅਤੇ ਉਹਨਾਂ ਨੂੰ ਮਾਇਆ ਦਾ ਮੋਟਾ ਫਾਇਦਾ ਦਵਾਉਣ ਲਈ ਨਿੱਜੀ ਅਤੇ ਜਨਤਕ ਸਾਰਾ ਕੁਝ ਹੀ ਉਹਨਾਂ ਨੂੰ ਹੀ ਠੇਕੇ ਤੇ ਦੇ ਰਹੀਆਂ ਹਨ । ਸਕੂਲ, ਹਸਪਤਾਲ, ਸੜਕਾਂ, ਜੰਗਲ, ਪਾਰਕਾਂ, ਫਸਲਾਂ ਸਾਰਾ ਕੁਝ ਹੀ ਠੇਕੇ ਤੇ । ਜਿਸ ਕਰਕੇ ਸਾਡੇ ਮਿਹਨਤਕਸ਼ ਕਿਸਾਨ, ਮਜ਼ਦੂਰ ਅਤੇ ਮੁਲਾਜ਼ਮ ਭੈਣ-ਭਰਾ ਠੇਕੇਦਾਰੀ ਸਿਸਟਮ ਰੂਪੀ ਚੱਕੀ ਦੇ ਪੁੜ੍ਹਾਂ ਵਿੱਚ ਬੁਰੀ ਤਰਾਂ੍ਹ ਪਿਸ ਰਹੇ ਹਨ । ਉਹਨਾਂ ਨੂੰ ਹੱਡਭੰਨਵੀਂ ਮਿਹਨਤ ਦੇ ਬਦਲੇ ਆਪਣਾ ਅਤੇ ਆਪਣੇ ਪਰਿਵਾਰ ਦਾ ਢਿੱਡ ਭਰਨ ਲਈ ਘੱਟੋ-ਘੱਟ ਉਜਰਤ ਵੀ ਨਹੀਂ ਮਿਲਦੀ । ਠੇਕੇਦਾਰੀ ਸਿਸਟਮ ਕਰਕੇ ਰਹਿਣ ਲਈ ਘਰ, ਪੀਣ ਲਈ ਸਾਫ ਪਾਣੀ, ਮੁੱਢਲੀਆਂ ਸਿਹਤ ਸੇਵਾਂਵਾ, ਬਰਾਬਰ ਸਿੱਖਿਆ, ਪੱਕੇ ਰੁਜ਼ਗਾਰ, ਪੈਨਸ਼ਨ ਸਹੂਲਤਾਂ ਤੋਂ ਵੀ ਹਰ ਭਾਰਤਵਾਸੀ ਵਾਂਝਾ ਹੋ ਗਿਆ ਹੈ ।

ਠੇਕੇਦਾਰੀ ਸਿਸਟਮ ਵਿੱਚ ਠੇਕੇਦਾਰ ਘੱਟ ਤੋਂ ਘੱਟ ਲਾਗਤ ਲਾ ਕੇ ਵੱਧ ਤੋਂ ਵੱਧ ਉਤਪਾਦਨ ਕਰਦਾ ਹੈ । ਇਸ ਲਈ ਉਹ ਕਿਰਤ ਦੀ ਰੱਜ ਕੇ ਲੁੱਟ ਕਰਦਾ ਹੈ । ਮਜ਼ਦੂਰਾਂ ਦੀ ਰੱਤ ਤੱਕ ਤਾਂ ਨਿਚੋੜ ਲੈਂਦਾ ਹੈ ਪਰ ਹੱਡਭੰਨਵੀਂ ਮਿਹਨਤ ਦੇ ਬਦਲੇ ਉਹ ਘੱਟੋ-ਘੱਟ ਜੀਵਨ ਜੀਉਣ ਯੋਗ ਉਜਰਤ ਵੀ ਨਹੀਂ ਦਿੰਦਾ । ਦਿਹਾੜੀਦਾਰ ਕਾਮਿਆਂ ਅਤੇ ਨਰੇਗਾ ਮਜ਼ਦੂਰਾਂ ਦੀ ਲੁੱਟ ਦੀਆਂ ਅਨੇਕਾਂ ਉਦਹਾਰਣਾਂ ਤੁਹਾਨੂੰ ਆਪਣੇ ਆਲੇ-ਦੁਆਲੇ ਤੋਂ ਹੀ ਮਿਲ ਜਾਣਗੀਆਂ । ਸਾਰੇ ਸ਼ਹਿਰ ਦਾ ਗੰਦ ਢੋਣ ਵਾਲੇ ਵਿਚਾਰੇ ਸਫਾਈ ਸੇਵਕਾਂ ਨੂੰ 1000-1000 ਰੁਪਏ ਮਹੀਨਾ ਦੇ ਕੇ ਠੇਕੇਦਾਰ ਆਪ ਹਜ਼ਾਰਾਂ ਕਮਾਉਂਦੇ ਕਮੇਟੀ ਘਰਾਂ ਵਿੱਚ ਆਮ ਵੇਖੇ ਜਾ ਸਕਦੇ ਹਨ ।

ਸਾਨੂੰ ਸਮਝਣਾ ਪਵੇਗਾ ਕਿ ਸਾਡੇ ਦੇਸ਼ ਦੇ ਪੂੰਜੀਪਤੀ ਵਿਦੇਸ਼ੀ ਕੰਪਨੀਆਂ ਭਾਰਤ ਵਿੱਚ ਸਥਾਪਿਤ ਕਰਕੇ, ਨਵੇਂ-ਨਵੇਂ ਨਾਮ ਦੇ ਕੇ, ਨਵੀਆਂ-ਨਵੀਆਂ ਸਕੀਮਾਂ ਦੱਸ ਕੇ, ਜੋ ਨੀਤੀਆਂ ਹਾਕਮਾਂ ਰਾਹੀ, ਧਰਮਾਂ ਰਾਹੀਂ, ਅਤੇ ਸੱਭਿਆਚਾਰ ਰਾਹੀਂ ਸਾਡੇ ਤੇ ਧੱਕੇ ਨਾਲ ਜਾਂ ਭਰਮ-ਜਾਲ ਵਿੱਚ ਫਸਾ ਕੇ ਲਾਗੂ ਕਰਵਾ ਰਹੇ ਹਨ । ਇਹੀ ਅਸਲ ਵਿੱਚ ਬੁਰਕੇ `ਚ ਛੁਪਿਆ ਸਾਮਰਾਜਵਾਦ ਹੈ । ਸਾਮਰਾਜਵਾਦ ਕਦੇ ਵੀ ਸਰਬੱਤ ਦੇ ਭਲੇ ਲਈ ਲਾਹੇਵੰਦ ਨਹੀਂ ਹੁੰਦਾ । ਇਹ ਹੌਲੀ-ਹੌਲੀ ਸਾਡੇ ਬੁਨਿਆਦੀ ਹੱਕ ਵੀ ਸਾਡੇ ਤੋਂ ਖੋਹ ਰਿਹਾ ਹੈ ।

ਤੁਸੀਂ ਕਹੋਗੇ ਕਾਨੂੰਨ ਹੈ, ਪੁਲਿਸ ਹੈ । ਪਰ ਅੱਜ ਦੇ ਯੁੱਗ ਵਿੱਚ ਪੁਲਿਸ ਤੇ ਕਾਨੂੰਨ ਦੋਵੇਂ ਸਰਮਾਏਦਾਰੀ ਅਤੇ ਹਾਕਮਾਂ ਦੀਆਂ ਕਠਪੁਤਲੀਆਂ ਹਨ । ਕਾਨੂੰਨ ਤਾਂ ਹੈ ਕਿ ਘੱਟੋ-ਘੱਟ ਜੀਵਨ ਜੀਉਣ ਯੋਗ ਉਜਰਤ ਸਕਿੱਲਡ ਨੂੰ 12017 ਰੁਪਏ ਪ੍ਰਤੀ ਮਹੀਨਾ, ਸੈਮੀ ਸਕਿੱਲਡ ਨੂੰ 8827 ਰੁਪਏ ਪ੍ਰਤੀ ਮਹੀਨਾ ਅਤੇ ਅਣਸਕਿੱਲਡ ਨੂੰ 7427 ਰੁਪਏ ਪ੍ਰਤੀ ਮਹੀਨਾ ਦੇਣੀ ਹੈ ਪਰ ਇਹ ਲਾਗੂ ਕਿੱਥੇ ਹੈ ? ਉਲਟਾ ਸਰਕਾਰੀ ਸਕੂਲਾਂ ਵਿੱਚ ਬੱਚਿਆਂ ਲਈ ਖਾਣਾ ਬਣਾਉਂਦੀਆਂ ਮਿਡ-ਡੇ-ਮੀਲ ਵਰਕਰਾਂ ਨੂੰ ਸਿਰਫ 33 ਰੁਪਏ ਦਿਹਾੜੀ ਦਿੱਤੀ ਜਾਂਦੀ ਹੈ ਜੋ ਮਹੀਨੇ ਦੇ ਸਿਰਫ 1200 ਰੁਪਏ ਬਣਦੇ ਹਨ ਉਹ ਵੀ ਪੂਰੇ ਸਾਲ ਵਿੱਚ ਸਿਰਫ 10 ਮਹੀਨੇ । ਸਿਹਤ ਵਿਭਾਗ ਵੱਲੋਂ ਆਸ਼ਾ ਵਰਕਰਾਂ ਨੂੰ ਤਾਂ ਕੋਈ ਵੀ ਪੈਸਾ ਨਹੀਂ ਦਿੱਤਾ ਜਾਂਦਾ । ਕੀ ਇਹ ਕਿਰਤ ਦੀ ਲੁੱਟ ਨਹੀਂ ? ਪੁਲਿਸ ਇਹਨਾਂ ਲੁਟੇਰਿਆਂ ਦੀ ਪਹਿਰੇਦਾਰ ਬਣ ਕੇ ਰਹਿ ਗਈ ਹੈ । ਉਹ ਬਸ ਲੋਕ-ਘੋਲਾਂ ਨੂੰ ਦਬਾਉਣ ਲਈ ਵਰਤੀ ਜਾਂਦੀ ਹੈ । ਸ਼ਾਂਤਮਈ ਹੱਕ ਮੰਗਦੇ ਲੋਕਾਂ ਨੂੰ ਕੁੱਟਣਾ ਤੇ ਜ਼ੇਲੀਂ੍ਹ ਸੁੱਟਣਾ ਰੌਜ਼ਾਨਾ ਦੀਆਂ ਅਖਬਾਰਾਂ ਦੀਆਂ ਸੁਰਖੀਆਂ ਹਨ । ਮੋਗਾ ਬੱਸ ਕਾਂਡ ਵਿਰੁੱਧ ਰੋਸ ਕਰਦੇ ਵਿਦਿਆਰਥੀਆਂ ਨਾਲ ਜੋ ਹੋਇਆ, ਅਤੇ ਸਿੱਖਿਆ ਪ੍ਰੋਵਾਈਡਰ ਅਧਿਆਪਕਾ ਮੈਡਮ ਰਜਨੀ ਦੇ ਹੋਏ ਗਰਭਪਾਤ ਦੀ ਘਟਨਾ ਨੇ ਪੁਲਿਸ ਦੇ ਕਿਰਦਾਰ ਦੀ ਤਸਵੀਰ ਸਾਡੇ ਸਾਹਮਣੇ ਸਾਫ ਕਰ ਦਿੱਤੀ ਹੈ । ਸ਼ਾਇਰ ਸੁਲੱਖਣ ਸਰਹੱਦੀ ਇੱਕ ਥਾਂ ਜ਼ਿਕਰ ਕਰਦੇ ਹਨ ਕਿ,

" ਲੇਬਰ ਚੌਂਕਾਂ ਵਿੱਚ ਇਕੱਲੇ, ਹੁਣ ਮਜ਼ਦੂਰ ਨਹੀਂ ਵਿਕਣੇ, ਮਜ਼ਦੂਰਾਂ ਸੰਗ ਪੁਲਿਸ ਵਿਕੇਗੀ, ਹੁੱਜਾਂ ਆਰਾਂ ਵਿਕਣਗੀਆਂ ।
ਇਕ-ਇਕ ਕਰਕੇ ਫੁੱਲ ਵੇਚਣ ਦੀ, ਛੱਡ ਗਰੀਬੀ ਭਾਰਤ ਦੇਸ਼, ਆ ਗਿਆ ਹੈ ਅਮਰੀਕਾ ਤੇਰੀਆਂ ਸਭ ਗੁਲਜ਼ਾਰਾਂ ਵਿਕਣਗੀਆਂ ।"

ਅਸੀਂ ਸਾਰੇ ਭਲੀਭਾਂਤ ਜਾਣਦੇ ਹਾਂ ਕਿ ਸਾਮਰਾਜਵਾਦ ਵਿੱਚ ਜਦੋਂ ਕੋਈ ਵੱਡਾ ਤੇ ਤਾਕਤਵਰ ਰਾਸ਼ਟਰ ਆਪਣੀ ਸ਼ਕਤੀ, ਪੂੰਜੀ ਅਤੇ ਗੌਰਵ ਨੂੰ ਵਧਾਉਣ ਲਈ ਦੂਜੇ ਕਮਜ਼ੋਰ ਰਾਸ਼ਟਰ ਅੰਦਰ ਆਪਣੀਆਂ ਬਸਤੀਆਂ ਸਥਾਪਿਤ ਕਰਕੇ ਘੁਸਪੈਠ ਕਰਕੇ ਉਸਦੇ ਕੁਦਰਤੀ ਅਤੇ ਮਾਨਵੀ ਸਾਧਨਾਂ ਦੀ ਉੱਤੇ ਆਪਣਾ ਹੱਕ ਜਮਾ ਲੈਂਦਾ ਹੈ ਅਤੇ ਉਸ ਰਾਸ਼ਟਰ ਦੇ ਲੋਕਾਂ ਨੂੰ ਉਹਨਾਂ ਦੇ ਬੁਨਿਆਦੀ ਹੱਕਾਂ ਤੋਂ ਵੀ ਵਾਂਝਿਆਂ ਕਰ ਦਿੰਦਾ ਹੈ । ਸਾਫ ਸਬਦਾਂ ਵਿੱਚ ਉਹ ਉਸ ਰਾਸ਼ਟਰ ਦੇ ਕੁਦਰਤੀ ਅਤੇ ਮਨੁੱਖੀ ਸਾਧਨਾਂ ਦੀ ਲੁੱਟ ਕਰ ਕੇ ਆਪਣਾ ਫਾਇਦਾ ਕਰਦਾ ਹੈ । ਜਿਵੇਂ ਕਿ ਈਸਟ ਇੰਡੀਆ ਕੰਪਨੀ ਨੇ ਪੁਰਾਣੇ ਸਮੇਂ ਵਿੱਚ ਭਾਰਤ ਤੇ ਕਬਜ਼ਾ ਕਰ ਕੇ ਕੀਤਾ ਸੀ । ਉਹ ਤਾਂ ਸਿਰਫ ਇੱਕ ਕੰਪਨੀ ਸੀ ਜਿਸਨੇ 1773 ਤੋਂ ਲੈ ਕੇ 1947 ਤੱਕ ਸਾਨੂੰ ਗੁਲਾਮ ਰੱਖਿਆ ਅਤੇ ਸੋਨੇ ਦੀ ਚਿੜੀ੍ਹ ਕਹੇ ਜਾਂਦੇ ਭਾਰਤ ਨੂੰ ਲੁੱਟ-ਪੁੱਟ ਕੇ ਪੱਤਝੜ੍ਹ ਦੇ ਰੁੱਖ ਵਾਂਗੂੰ ਰੁੰਡ-ਮੁਰੰਡ ਕਰ ਛੱਡਿਆ । ਪਰ ਅੱਜ ਦੁਨੀਆਂ ਦੀਆਂ 200 ਵੱਡੀਆਂ ਕੰਪਨੀਆਂ ਵਿੱਚੋਂ 56 ਵੱਡੀਆਂ ਕੰਪਨੀਆਂ ਭਾਰਤ ਵਿੱਚ ਆਪਣਾ ਘੇਰਾ ਫੈਲਾ੍ਹ ਚੁੱਕੀਆਂ ਹਨ । ਇਸ ਲਈ ਸਾਨੂੰ ਆਪਣੇ ਨੱਕ, ਕੰਨ ਅਤੇ ਦਿਮਾਗ ਪੂਰੀ ਤਰ੍ਹਾਂ ਸੁਚੇਤ ਕਰਨੇ ਪੈਣਗੇ ਅਤੇ ਅਮਰੀਕਾ ਵਰਗੇ ਸਾਮਰਾਜਵਾਦੀ ਦੇਸ਼ਾਂ ਦੀਆਂ ਕੰਪਨੀਆਂ ਦੁਆਰਾ ਭਾਰਤਵਾਸੀਆਂ ਨੂੰ ਬੁਰਕੇ `ਚ ਛੁਪਾ ਕੇ ਦਿੱਤੇ ਜਾ ਰਹੇ ਸਾਮਰਾਜਵਾਦ ਦੀ ਪਛਾਣ ਕਰਨੀ ਪਵੇਗੀ ਕਿ ਉਹ ਸਾਡਾ, ਸਾਡੇ ਬੱਚਿਆਂ ਦਾ, ਸਾਡੇ ਪਰਿਵਾਰਾਂ ਅਤੇ ਸਾਡੇ ਸਮਾਜ ਦਾ ਦੁਸ਼ਮਣ ਹੈ । ਜਿਸ ਨੂੰ ਸਾਡਾ ਦੋਸਤ ਬਣਾ ਕੇ ਪੇਸ਼ ਕੀਤਾ ਜਾ ਰਿਹਾ ਹੈ ਪਰ ਅਸਲ ਵਿੱਚ ਹੈ ਉਹ ਸਾਡਾ ਦੁਸ਼ਮਣ । ਸਾਨੂੰ ਸਰਮਾਏਦਾਰਾਂ, ਪੂੰਜੀਪਤੀਆਂ, ਹਾਕਮਾਂ ਅਤੇ ਉਹਨਾਂ ਦੇ ਹਮਾਇਤੀਆਂ ਦੀ ਸਾਂਝ ਕਰਕੇ, ਲਾਗੂ ਹੋਈਆਂ ਉਦਾਰਵਾਦੀ ਨੀਤੀਆਂ ਕਰਕੇ ਹੋ ਰਹੀ ਸਾਡੇ ਕੁਦਰਤੀ ਅਤੇ ਮਨੁੱਖੀ ਸਾਧਨਾਂ ਦੀ ਅੰਨੇ੍ਹਵਾਹ ਲੁੱਟ ਵਿਰੁੱਧ ਇੱਕਜੁੱਟ ਹੋਣਾ ਪਵੇਗਾ ।

ਠੇਕੇਦਾਰੀ ਸਿਸਟਮ ਰੂਪੀ ਚੱਕੀ ਦੇ ਪੁੜ੍ਹਾਂ ਵਿੱਚ ਪਿਸ ਰਹੇ ਕਿਸਾਨ, ਮਜ਼ਦੂਰ, ਅਤੇ ਮੁਲਾਜ਼ਮ ਏਕੇ ਦੀ ਲੜੀ ਵਿੱਚ ਪਰੋ ਕੇ ਸੰਘਰਸ਼ ਲਈ ਲਾਮਬੰਦ ਕਰਨੇ ਪੈਣਗੇ ਕਿਉਂਕਿ ਇੱਕ ਸਮਾਜਵਾਦ ਹੀ ਅਜਿਹਾ ਢਾਂਚਾ ਦੇ ਸਕਦਾ ਹੈ ਜਿੱਥੇ ਸਭ ਨੂੰ ਬਰਾਬਰ ਸਿਹਤ, ਸਿੱਖਿਆ ਅਤੇ ਰੁਜ਼ਗਾਰ ਸਹੂਲਤਾਂ ਪ੍ਰਦਾਨ ਕੀਤੀਆਂ ਜਾ ਸਕਦੀਆਂ ਹਨ ਅਤੇ ਮਨੁੱਖ ਹੱਥੋਂ ਹੁੰਦੀ ਮਨੁੱਖ ਦੀ ਲੁੱਟ ਖਤਮ ਕੀਤੀ ਜਾ ਸਕਦੀ ਹੈ । ਪਰ ਇਹ ਸਭ ਏਕਾ ਕਰਕੇ ਸੰਘਰਸ਼ ਕਰਨ ਨਾਲ ਹੀ ਸੰਭਵ ਹੋਣਾ ਹੈ ।

ਸੰਪਰਕ: +91 98552 07071

Comments

Security Code (required)



Can't read the image? click here to refresh.

Name (required)

Leave a comment... (required)





ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ