Fri, 19 April 2024
Your Visitor Number :-   6983238
SuhisaverSuhisaver Suhisaver

ਬਿਹਾਰ ਵਿਧਾਨ ਸਭਾ ਚੋਣਾਂ 'ਚ ਦੋਹੀਂ ਦਲੀਂ ਮੁਕਾਬਲਾ - ਹਰਜਿੰਦਰ ਸਿੰਘ ਗੁਲਪੁਰ

Posted on:- 03-09-2015

suhisaver

ਅਕਤੂਬਰ ਮਹੀਨੇ ਹੋਣ ਵਾਲੀਆਂ ਬਿਹਾਰ ਵਿਧਾਨ ਸਭਾ ਦੀਆਂ ਚੋਣਾਂ ਇਸ ਵਾਰ ਪੂਰੇ ਦੇਸ਼ ਵਾਸੀਆਂ ਲਈ ਦਿਲਚਸਪੀ ਦਾ ਵਿਸ਼ਾ  ਬਣੀਆਂ ਹੋਈਆਂ ਹਨ।ਇਸ ਦਾ ਕਾਰਨ ਇਹ ਹੈ ਕਿ ਦੇਸ਼ ਅੰਦਰ ਆਉਣ ਵਾਲੇ ਸਮੇਂ ਦੀ ਰਾਜਨੀਤੀ ਦਾ ਬਹੁਤਾ ਦਾਰੋਮਦਾਰ ਇਹਨਾਂ ਚੋਣਾਂ ਦੇ ਨਤੀਜਿਆਂ ਉੱਤੇ ਨਿਰਭਰ ਕਰੇਗਾ।ਇਸ ਲਈ ਸਤਾਧਾਰੀ ਅਤੇ ਵਿਰੋਧੀ ਧਿਰ ਇਹਨਾਂ ਚੋਣਾਂ ਨੂੰ ਜੀਵਨ ਮੌਤ ਦੀ ਲੜਾਈ ਮੰਨ ਕੇ ਲੜਨ ਜਾ ਰਹੀਆਂ ਹਨ।ਵਿਰੋਧੀਆਂ ਨੇ ਪਿਛਲੇ ਤਜਰਬੇ ਤੋਂ ਸਬਕ ਸਿਖਦਿਆਂ ਇਸ ਵਾਰ ਇਹ ਚੋਣਾਂ ਮਿਲ ਕੇ ਲੜਨ ਦਾ ਫੈਸਲਾ ਕੀਤਾ ਹੈ।ਉਹਨਾਂ ਨੇ ਜਿਹੜਾ ਮਹਾਂ ਗਠਜੋੜ ਇਸ ਵਾਰੀ ਕੇਂਦਰ ਵਿਚ ਕਾਬਜ ਹਾਕਮ ਜਮਾਤ ਨੂੰ ਟੱਕਰ ਦੇਣ ਲਈ ਬਣਾਇਆ ਹੈ ਉਸ ਵਿਚ ਲਾਲੂ, ਮੁਲਾਇਮ ,ਨਤੀਸ਼ ਅਤੇ ਕਾਂਗਰਸ ਵਾਲੇ ਸ਼ਾਮਿਲ ਹਨ।ਮਹਾਂ ਗਠਜੋੜ ਬਣਾ ਲੈਣ ਦੇ ਬਾਵਯੂਦ ਅਜੇ ਤੱਕ ਇਹ ਸਿਆਸੀ ਮਹਾਂਰਥੀ ਉਹ ਸਰਬ ਸਾਂਝਾ ਮੁੱਦਾ ਨਹੀਂ ਤਲਾਸ਼ ਸਕੇ ਜਿਸ ਨੂੰ ਅਧਾਰ ਬਣਾ ਕੇ ਆਮ ਲੋਕਾਂ ਤੋਂ ਵੋਟਾਂ ਮੰਗੀਆ ਜਾ ਸਕਣ।

ਬਿਹਾਰ ਦੇ ਪਛੜੇਪਣ ਦਾ ਰਾਗ ਅਲਾਪਣਾ ਇਸ ਗਠਜੋੜ ਨੂੰ ਇਸ ਵਾਰ,ਵਾਰਾ ਨਹੀਂ ਖਾਵੇਗਾ ਕਿਓਂ ਕਿ ਇਸ ਵਿਚ ਸਾਰੀਆਂ ਧਿਰਾਂ ਕਿਸੇ ਨਾ ਕਿਸੇ ਤਰਾਂ ਬਿਹਾਰ ਦੇ ਪਛੜੇਪਨ ਲਈ ਜੁੰਮੇਵਾਰ ਹਨ।ਇਹਨਾਂ ਨੂੰ ਯਾਦ ਰੱਖਣਾ ਹੋਵੇਗਾ ਕਿ ਪਿਛਲੇ 10 ਸਾਲ ਨਤੀਸ਼ ਦੀ ਹਕੂਮਤ ਰਹੀ ਅਤੇ ਉਸ ਤੋਂ ਪਿਛਲੇ 15 ਸਾਲ ਲਾਲੂ ਯਾਦਵ ਦਾ ਸਾਸ਼ਨ ਰਿਹਾ,ਉਸ ਤੋਂ ਪਹਿਲਾਂ ਲਗਾਤਾਰ 42 ਸਾਲ ਕਾਂਗਰਸ ਪਾਰਟੀ ਇਸ ਪ੍ਰਦੇਸ਼ ਉਤੇ ਰਾਜ ਕਰਦੀ ਰਹੀ।

ਇੰਨਾ ਸਮਾਂ ਕਿਸੇ ਰਾਜ ਦੀ ਤਕਦੀਰ ਬਦਲਣ ਲਈ ਕਾਫੀ ਹੁੰਦਾ ਹੈ।ਇੰਨਾ ਲੰਮਾ ਸਮਾਂ ਇਹਨਾਂ ਧਿਰਾਂ ਵਲੋਂ ਬਿਹਾਰ ਤੇ ਰਾਜ ਕਰਨ ਦੇ ਬਾਵਯੂਦ 'ਬੜਤਾ ਰਹੇਗਾ ਬਿਹਾਰ , ਇਸ ਵਾਰ ਨਤੀਸ਼ ਕੁਮਾਰ' ਦਾ ਢੋਲ ਫੇਰ ਇਹਨਾਂ ਚੋਣਾਂ ਵਿਚ ਪਿੱਟਣਾ ਸਹੀ ਨਹੀਂ ਲਗਦਾ।ਇਸ ਤੋਂ ਇਲਾਵਾ ਇਹ ਵੀ ਯਕੀਨੀ ਨਹੀਂ ਹੈ ਕਿ ਲਾਲੂ ਅਤੇ ਨਤੀਸ਼ ਦੀਆਂ ਪਾਰਟੀਆਂ ਦੇ ਉਹ ਵਰਕਰ ਇੱਕ ਦੂਜੇ ਨਾਲ ਇੱਕ ਮਿੱਕ ਹੋ ਕੇ ਚੋਣ ਪ੍ਰਚਾਰ ਵਿਚ ਉਤਰਨਗੇ ਜਿਹੜੇ ਪੂਰੇ ਪੰਜ ਸਾਲ ਇੱਕ ਦੂਜੇ ਨੂੰ ਪਾਣੀ ਪੀ ਪੀ ਕੇ ਕੋਸਦੇ ਆਏ ਹਨ। ਹਾਂ ਇੰਨਾ ਜਰੂਰ ਹੈ ਕਿ ਇਸ ਗਠਜੋੜ ਰਾਹੀਂ ਘੱਟ ਗਿਣਤੀਆਂ, ਦਲਿਤਾਂ,ਪਿਛੜਿਆਂ ਅਤੇ ਸਮਾਜਿਕ ਨਿਆਂ ਦੀ ਲੜਾਈ ਲੜਨ ਵਾਲਿਆਂ ਦੀ ਵੋਟ ਜਰੂਰ ਪ੍ਰਭਾਵਿਤ ਹੋ ਸਕਦੀ ਹੈ।

ਇਸ ਵਾਰ ਵੋਟਾਂ ਦੀ ਵੰਡ ਘੱਟ ਹੋਣ ਨਾਲ ਛੋਟੇ ਦਲਾਂ ਅਤੇ ਅਜਾਦ ਉਮੀਦਵਾਰਾਂ ਨੂੰ ਨੁਕਸਾਨ ਹੋ ਸਕਦਾ ਹੈ।ਜਾਣਕਾਰੀ ਅਨੁਸਾਰ ਬਿਹਾਰ ਅੰਦਰ 11% ਯਾਦਵ,12।5% ਮੁਸਲਿਮ,3।6% ਕੁਰਮੀ,14।1% ਅਨੁਸੂਚਿਤ ਜਾਤੀ,ਅਤੇ 9।1% ਅਨੁਸੂਚਿਤ ਜਨਜਾਤੀ ਦੀ ਆਬਾਦੀ ਹੈ।ਉਪਰੋਕਤ ਗਠਜੋੜ ਨੂੰ ਪੂਰੀ ਆਸ ਹੈ ਕਿ ਇਹ ਵੋਟ ਉਸ ਨੂੰ ਮਿਲਣਗੇ।ਗਠਜੋੜ ਬਣਨ ਤੋਂ ਬਾਅਦ ਸਪਸ਼ਟ ਹੋ ਗਿਆ ਕਿ ਹੁਣ ਬਿਹਾਰ ਵਿਚ ਉਸ ਦੀ ਸਿਧੀ ਲੜਾਈ ਭਾਜਪਾ ਦੀ ਅਗਵਾਈ ਵਾਲੇ ਜਨ ਤੰਤਰਿਕ ਗਠ ਜੋੜ(ਰਾਜਗ)ਨਾਲ ਹੋਣੀ ਹੈ ਜਿਸ ਕਰਕੇ ਸਖਤ ਟੱਕਰ ਦੀ ਸਥਿਤੀ ਬਣ ਗਈ ਹੈ।ਉਪਰਲੇ ਹਥ ਹੋਣ ਵਾਸਤੇ ਗਠਜੋੜ ਨੂੰ ਵੋਟ ਬੈੰਕ ਮਜਬੂਤ ਕਰਨ ਦੇ ਨਾਲ ਨਾਲ ਨਵੇਂ ਨਾਅਰੇ ਅਤੇ ਨਵੀ ਨੀਤੀ ਘੜਨ ਦੀ ਲੋੜ ਹੈ।ਬਿਹਾਰ ਨੂੰ ਬਚਾਉਣ ਨਾਲੋਂ ਗਠਜੋੜ ਭਾਜਪਾ ਤੋਂ ਬਚਣ ਦੀ ਹੜਬੜਾਹਟ ਵਿਚ ਦਿਖਾਈ ਦਿੰਦਾ ਹੈ।

ਇੱਕ ਗੱਲ ਸਾਫ਼ ਹੈ ਕਿ ਲਾਲੂ ਅਤੇ ਨਤੀਸ਼ ਦੇ ਨੇੜੇ ਆਉਣ ਨਾਲ ਭਾਜਪਾ ਦੀਆਂ  ਮੁਸ਼ਕਿਲਾਂ ਕਈ ਗੁਣਾ ਵਧ ਗਈਆਂ ਹਨ।ਪਿਛਲੀਆਂ।ਲੋਕ ਸਭਾਈ ਚੋਣਾਂ ਦੌਰਾਨ ਸਮਾਜਵਾਦੀਆਂ ਅਤੇ ਸਮਾਜਿਕ ਨਿਆਂ ਵਾਲਿਆਂ ਦੇ ਵੋਟ ਵੰਡੇ ਜਾਣ ਦਾ ਲਾਭ ਭਾਜਪਾ ਨੂੰ ਆਸਾਨੀ ਨਾਲ ਮਿਲ ਗਿਆ ਸੀ।ਲੋਕ ਸਭਾ ਚੋਣਾਂ ਤੋਂ ਤੁਰੰਤ ਬਾਅਦ 10 ਵਿਧਾਨ ਸਭਾ ਸੀਟਾਂ ਤੇ ਹੋਈਆਂ ਉਪ ਚੋਣਾਂ ਵਿਚ ਰਾਜਦ ਅਤੇ ਜੇ ਡੀ (ਯੂ)ਦੇ ਮਿਲਣ ਨਾਲ ਉਹਨਾਂ ਨੂੰ ਕਾਫੀ ਲਾਭ ਹੋਇਆ ਸੀ ,ਹਾਲਾਂ ਕੇ ਉਸ ਸਮੇ ਮੋਦੀ ਦੀ ਚੜਤ ਸੀ।ਹੁਣ ਇਸ ਮਾਮਲੇ ਵਿਚ ਸਥਿਤੀ ਬਹੁਤ ਬਦਲ ਗਈ ਹੈ।

ਭਾਜਪਾ ਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਲਾਲੂ ਅਤੇ ਨਤੀਸ਼ ਪਿਛਲੇ 24 ਸਾਲਾਂ ਤੋਂ  ਬਿਹਾਰ ਦੀ ਰਾਜਨੀਤੀ ਦਾ ਕੇਂਦਰ ਬਿੰਦੂ ਬਣੇ ਹੋਏ ਹਨ।ਉਹ ਪਿਛਲੇ 20 ਸਾਲਾਂ ਤੋਂ ਇੱਕ ਦੂਜੇ ਦੇ ਵਿਰੋਧ ਦੀ ਰਾਜਨੀਤੀ ਕਰਦੇ ਰਹੇ ਹਨ।ਉਹਨਾਂ ਦਾ ਇਸ ਸਮੇਂ ਆਪਸ ਵਿਚ ਹੱਥ ਮਿਲਾਉਣਾ ਉੱਤਰੀ ਭਾਰਤ ਦੀ ਸਿਆਸਤ ਵਿਚ ਇੱਕ ਨਵਾਂ ਬਦਲ ਪੈਦਾ ਕਰਨ ਦੀ ਉਮੀਦ ਜਗਾਉਂਦਾ ਹੈ।ਉਹਨਾਂ ਦੇ ਮਿਲਣ ਨੂੰ ਬੇਅਸਰ ਕਹਿ ਕੇ ਰੱਦ ਕਰ ਦੇਣਾ ਸਮਝਦਾਰੀ ਨਹੀਂ ਹੋਵੇਗੀ ਕਿਓਂ ਕਿ ਉਹਨਾਂ ਕੋਲ ਵੋਟ ਹੈ।ਭਾਵੇਂ ਉਹਨਾਂ ਦਾ ਵੋਟ ਬੈੰਕ ਇਸ ਸਮੇਂ ਬਿਖਰਿਆ ਹੋਇਆ ਹੈ ਪਰ ਵਿਧਾਨ ਸਭਾ ਚੋਣਾਂ ਤੱਕ ਉਸ ਨੂੰ ਇਕਠਾ ਕਰਨ ਦੀ ਉਹਨਾਂ ਕੋਲ ਜਬਰਦਸਤ ਸਮਰਥਾ ਹੈ।ਉਹਨਾਂ ਦੀ ਜਿੱਤ ਦੀ ਜਾਮਨੀ ਗਠਜੋੜ ਵਿਚ ਨਹੀਂ  ਸਗੋਂ ਅਤੀਤ ਦੀਆਂ ਗਲਤੀਆਂ ਵਿਚ ਸੁਧਾਰ,ਹੰਕਾਰ ਦਾ ਤਿਆਗ ਅਤੇ ਨਵੇਂ ਏਜੰਡੇ ਵਰਗੇ ਕਾਰਕਾਂ ਵਿਚ ਛੁਪੀ ਹੋਈ ਹੈ।

ਦੋਵੇਂ ਨੇਤਾ ਜ਼ਮੀਨ ਨਾਲ ਜੁੜੇ ਹੋਏ ਹਨ।ਉਹਨਾਂ ਨੂੰ ਸਮਾਜਿਕ ਨਿਆਂ ਦੇ ਮਸੀਹਾ ਵਜੋਂ ਜਾਣਿਆ ਜਾਂਦਾ ਹੈ।ਇਸ ਨਵੀਂ 'ਮਿਤਰਤਾ' ਵਿਚ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਲਾਲੂ ਯਾਦਵ ਨੇ ਪਹਿਲੀ ਵਾਰ ਆਪਣੇ ਟੱਬਰ ਦਾ ਮੋਹ ਤਿਆਗਿਆ ਹੈ,ਜਿਸ ਦੀ ਵਚਨ ਵਧਤਾ ਉੱਤੇ ਮੋਹਰ ਆਉਣ ਵਾਲੇ ਸਮੇਂ ਚ ਲੱਗੇਗੀ।ਫੇਰ ਵੀ ਅਜੋਕੇ ਲੋਕਤੰਤਰ ਵਿਚ 'ਦੇਰ ਆਇਦ ਦਰੁਸਤ ਆਇਦ' ਦੇ ਲਕਬ ਨਾਲ ਇਸ ਮਾਮਲੇ ਨੂੰ ਨਜਿਠਿਆ ਜਾ ਸਕਦਾ ਹੈ ਕਿਓਂ ਕਿ ਇਥੇ 'ਕੋਈ ਮਰੇ ਕੋਈ ਜਿਵੇ ਸੁਥਰਾ ਘੋਲ ਪਤਾਸੇ ਪੀਵੇ' ਵਾਲਾ ਚਲਣ ਹੈ।ਰਾਜਸੀ ਵਿਸ਼ਲੇਸ਼ਕਾਂ ਅਨੁਸਾਰ ਲਾਲੂ ਦਾ ਸਾਰੀਆਂ ਸ਼ਰਤਾਂ ਮੰਨ ਕੇ ਸਮਝੌਤਾ ਕਰਨਾ ਕਿਸੇ ਰਾਜਸੀ ਤੁਫਾਨ ਦਾ ਸੰਕੇਤ ਹੈ।ਸਵਾਲ ਇਹ ਹੈ ਕਿ ਜੇਕਰ ਚੋਣਾਂ ਤੋਂ ਬਾਅਦ ਲਾਲੂ ਦੀ ਪਾਰਟੀ ਰਾਜਦ ਨੂੰ ਨਤੀਸ਼ ਦੀ ਪਾਰਟੀ ਜਦਯੂ ਨਾਲੋਂ ਜ਼ਿਆਦਾ ਸੀਟਾਂ ਮਿਲ ਜਾਂਦੀਆਂ ਹਨ ਤਾਂ ਕੀ ਲਾਲੂ ਚੁੱਪ ਰਹਿ  ਕੇ ਨਤੀਸ਼ ਨੂੰ ਬਤੌਰ ਮੁਖ ਮੰਤਰੀ ਸਵੀਕਾਰ ਕਰ ਲੈਣਗੇ?ਜੈ ਪ੍ਰਕਾਸ਼ ਨਰਾਇਣ ਦੇ ਸੰਪੂਰਨ ਕਰਾਂਤੀ ਨਾਮਕ ਅੰਦੋਲਨ ਦੇ ਵਕਤ ਤੋਂ ਹੀ ਦੋਹਾਂ ਦੀ ਦੋਸਤੀ ਰਹੀ ਹੈ। ਇਸ ਦੇ ਬਾਵਯੂਦ ਉਹਨਾਂ ਨੇ ਤਕਰੀਬਨ ਵੀਹ ਸਾਲ ਸਿਆਸੀ ਦੁਸ਼ਮਣੀ  ਵਿਚ ਗੁਜਾਰੇ ਹਨ।ਹੁਣ ਜਦੋਂ ਨਰਿੰਦਰ ਮੋਦੀ ਦੀ ਅਗਵਾਈ ਹੇਠ ਸੰਘ ਪਰਿਵਾਰ ਦੀ ਹਨੇਰੀ ਨੇ ਸਭ ਦੇ ਤੰਬੂ ਉਖਾੜ ਦਿੱਤੇ ਤਾਂ ਉਹਨਾਂ ਨੂੰ ਇੱਕ ਛਤ ਥੱਲੇ ਓਟ ਲੈਣ ਦਾ ਖਿਆਲ ਆਇਆ ਹੈ।

ਭਾਜਪਾ ਨੇਤਾ ਸੁਸ਼ੀਲ ਕੁਮਾਰ ਮੋਦੀ ਦਾ ਕਹਿਣਾ ਹੈ ਕਿ,"ਰਾਜਦ ਅਤੇ ਜਦਯੂ ਦਾ ਮੇਲ ਤੇਲ ਅਤੇ ਪਾਣੀ ਨੂੰ ਮਿਲਾਉਣ ਦੇ ਬਰਾਬਰ ਹੈ ਜੋ ਕਦੇ ਵੀ ਇੱਕ ਨਹੀਂ ਹੋ ਸਕਦੇ।ਗਠਜੋੜ ਨੇ ਲਾਲੂ ਨੂੰ ਫਿਰ ਤੋਂ ਉਠਣ ਦਾ ਮੌਕਾ ਦੇ ਦਿਤਾ ਹੈ ਜੋ ਨਤੀਸ਼ ਦੇ ਸਿਆਸੀ ਕਫਣ ਵਿਚ ਆਖਰੀ ਕਿਲ ਸਾਬਤ ਹੋਵੇਗਾ"।ਭਾਜਪਾ ਵਾਸਤੇ ਤਾਂ ਇਹੀ ਚੰਗੀ ਗੱਲ ਹੈ ਜਿਸ ਨੂੰ ਉਹ ਆਪਣੇ ਹੱਕ ਵਿਚ ਵਰਤ ਸਕਦੀ ਹੈ ਕਿ ਲੋਕਾਂ ਨੇ ਦੋਹਾਂ ਨੇਤਾਵਾਂ ਦਾ ਅਸਲੀ ਚੇਹਰਾ ਦੇਖ ਲਿਆ ਹੈ।ਭਾਜਪਾ ਦੇ ਆਗੂ ਕੁਝ ਵੀ ਕਹਿਣ ਪਰ ਗਠਜੋੜ ਨੇ ਮੁਖ ਮੰਤਰੀ ਉਮੀਦਵਾਰ ਦੇ ਨਾਮ ਦਾ ਐਲਾਨ ਕਰ ਕੇ ਭਾਜਪਾ ਦੀ ਫਜੀਹਤ ਤਾਂ ਕਰ ਹੀ ਦਿੱਤੀ ਹੈ।ਹਾਲ ਹੀ ਵਿਚ ਬਣੇ ਮਹਾਂ ਗਠਜੋੜ ਨੂੰ ਆਗਾਮੀ ਬਿਹਾਰ ਵਿਧਾਨ ਸਭਾਈ ਚੋਣਾਂ ਵਿਚ ਕਿੰਨੀ ਕੁ ਸਫਲਤਾ ਮਿਲੇਗੀ ਇਸ ਦਾ ਪਤਾ ਤਾਂ ਚੋਣਾਂ ਤੋਂ ਬਾਅਦ ਹੀ ਲੱਗੇਗਾ ਲੇਕਿਨ ਇਸ ਨੇ ਭਾਜਪਾ ਦੇ ਖੇਮਿਆਂ ਅੰਦਰ ਇੱਕ ਤਰਾਂ ਦੀ ਖਲਬਲੀ ਜਰੂਰ ਮਚਾ ਰਖੀ    ਹੈ।ਵਰਨਣ ਯੋਗ ਹੈ ਕਿ ਸਾਲ 2010 ਦੀਆਂ ਵਿਧਾਨ ਸਭਾ ਚੋਣਾਂ ਵਿਚ ਕੁੱਲ 243 ਸੀਟਾਂ ਚੋ 87 ਸੀਟਾਂ ਉੱਤੇ ਜਦਯੂ  ਅਤੇ ਰਾਜਦ ਆਹਮੋ ਸਾਹਮਣੇ ਸਨ।ਇਹਨਾਂ ਚੋਂ  71 ਸੀਟਾਂ ਤੇ ਜਦਯੂ ਅਤੇ 16 ਸੀਟਾਂ ਤੇ ਰਾਜਦ ਨੂੰ ਕਾਮਯਾਬੀ ਮਿਲੀ ਸੀ।ਇਹਨਾਂ ਸਤਾਸੀ ਸੀਟਾਂ ਤੇ ਦੋਹਾਂ ਦਲਾਂ ਨੂੰ ਮਿਲੇ ਵੋਟਾਂ ਦਾ ਜੋੜ ਐਨਾ ਸੀ ਕਿ  ਸਾਰੇ ਦਲ ਮਿਲਾ ਕੇ ਵੀ ਉਹਦੇ ਪਾੰਪਾਸਕ ਨਹੀਂ ਸਨ।ਭਾਜਪਾ ਨੇ ਇਹਨਾਂ ਸੀਟਾਂ ਉੱਤੇ ਉਮੀਦਵਾਰ ਨਹੀਂ ਉਤਾਰੇ ਸਨ। ਇਸ ਵਾਰ ਉਹ ਡੰਕੇ ਦੀ ਚੋਟ ਤੇ ਇਹਨਾਂ ਸੀਟਾਂ  ਉੱਤੇ ਉਮੀਦਵਾਰ ਉਤਰੇਗੀ।

ਬਿਹਾਰ ਵਿਚ 100 ਸੀਟਾਂ ਅਜਿਹੀਆਂ ਹੋਰ ਹਨ ਜਿਥੇ ਪਿਛਲੀਆਂ ਦੋ ਵਿਧਾਨ ਸਭਾ ਚੋਣਾਂ ਦੌਰਾਨ ਭਾਜਪਾ ਨੇ ਆਪਣੇ ਉਮੀਦਵਾਰ ਨਹੀਂ ਉਤਾਰੇ ।ਇਹਨਾਂ ਸੀਟਾਂ ਤੋਂ ਜਦਯੂ ਅਤੇ ਰਾਜਦ ਦੇ  ਉਮੀਦਵਾਰ ਜਾ ਤਾਂ ਜਿਤਦੇ ਰਹੇ ਹਨ ਜਾ ਦੂਜੇ  ਸਥਾਨ ਤੇ ਰਹੇ ਹਨ।ਭਾਜਪਾ ਦੇ ਬਿਹਾਰ ਪ੍ਰਧਾਨ ਮੰਗਲ ਪਾਂਡੇ ਦਾ ਕਹਿਣਾ ਹੈ ਕਿ ਨਰਿੰਦਰ ਮੋਦੀ ਅਤੇ ਸੂਬੇ ਦੀ ਤਰੱਕੀ ਦੇ ਨਾਮ ਉੱਤੇ ਬਿਹਾਰ ਦੀ ਜਨਤਾ ਭਾਜਪਾ ਨੂੰ ਵੋਟ ਦੇ ਕੇ ਬਹੁ ਮੱਤ ਨਾਲ ਜਿਤਾਏਗੀ ।ਪਿਛਲੀਆਂ ਵਿਧਾਨ ਸਭਾ  ਚੋਣਾਂ ਵਿਚ ਭਾਜਪਾ ਨੇ 101 ਸੀਟਾਂ ਉੱਤੇ ਉਮੀਦਵਾਰ ਖੜੇ ਕੀਤੇ ਸਨ ਜਿਹਨਾਂ ਚੋ 91 ਸੀਟਾਂ ਉੱਤੇ ਜਿੱਤ ਪ੍ਰਾਪਤ ਕੀਤੀ  ਸੀ ।ਇਸ ਵਾਰ ਭਾਜਪਾ ਦੀ ਅਗਵਾਈ ਵਾਲਾ ਗਠਜੋੜ ਸਾਰੀਆਂ 243 ਸੀਟਾਂ ਉਤੇ ਆਪਣੇ ਉਮੀਦਵਾਰ ਖੜੇ ਕਰੇਗਾ ਅਤੇ ਬਹੁਮਤ ਪਰਾਪਤ ਕਰਕੇ ਆਪਣੀ ਸਰਕਾਰ ਬਣਾਏਗਾ।

ਦੋਵੇਂ ਧਿਰਾਂ ਜਿੱਤਣ ਦਾ ਦਾਅਵਾ ਦਰ ਦਾਅਵਾ ਕਰ ਰਹੀਆਂ ਹਨ ਪਰ ਜਿਹਨਾਂ ਸਮਸਿਆਵਾਂ ਨਾਲ ਦੋਵੇਂ ਧਿਰਾਂ ਦੋ ਚਾਰ ਹੋ ਰਹੀਆਂ ਹਨ ਉਹਨਾਂ ਦਾ ਜਿਕਰ ਕੋਈ ਵੀ ਨਹੀ ਕਰ ਰਹੀ।ਮਹਾਂ ਗਠਜੋੜ ਲਈ ਸਭ ਤੋਂ ਵੱਡੀ ਮੁਸ਼ਕਿਲ ਇਹ ਹੈ ਕਿ ਉਸ ਦੇ ਵਖ ਵਖ ਗੁੱਟਾਂ ਦਾ ਕਾਡਰ ਲੰਮੇ ਸਮੇਂ ਤੋਂ ਆਪੋ ਵਿਚ ਦੁਸ਼ਮਣੀ ਦੀ ਹੱਦ ਤੱਕ ਦੂਰੀਆਂ ਬਣਾਈ ਬੈਠਾ ਹੈ। ਇਸ ਹਾਲਤ ਵਿਚ ਉਹਨਾਂ ਦਾ ਚੋਣਾਂ ਦੌਰਾਨ ਮਿਲ ਕੇ ਚਲਣਾ ਜੇ ਅਸੰਭਵ ਨਹੀਂ ਤਾਂ ਮੁਸ਼ਕਿਲ ਜ਼ਰੂਰ ਹੈ।ਦੂਜੇ ਪਾਸੇ ਭਾਜਪਾ ਅੰਦਰ ਮੁੱਖ ਮੰਤਰੀ ਦੇ ਅਹੁਦੇ ਨੂੰ ਲੈ ਕੇ ਇੱਕ ਅਨਾਰ ਸੌ ਬੀਮਾਰ ਵਾਲੀ ਹਾਲਤ ਬਣੀ ਹੋਈ ਹੈ।ਮੁੱਖ ਮੰਤਰੀ ਅਹੁਦੇ ਦੇ ਦਾਅਵੇਦਾਰਾਂ ਵਿਚ ਸੁਸ਼ੀਲ ਮੋਦੀ,ਸ਼ਤਰੂਘਨ ਸਿਨਹਾ,ਰਵੀ ਸ਼ੰਕਰ ਪ੍ਰਸ਼ਾਦ,ਨੰਦ ਕਿਸ਼ੋਰ ਯਾਦਵ ਅਤੇ ਸ਼ਾਹ ਨਵਾਜ ਆਦਿ ਦੇ ਨਾਮ ਚਰਚਾ ਵਿਚ ਹਨ।ਸ਼ਤਰੂ ਘਨ ਸਿਨਹਾ ਨੇ ਤਾਂ ਨਤੀਸ਼ ਕੁਮਾਰ ਨਾਲ ਉਪਰੋਥਲੀ ਮੁਲਾਕਾਤਾਂ ਕਰਕੇ ਭਾਜਪਾਈ ਖੇਮਿਆਂ ਵਿਚ ਸੁੰਨ ਵਰਤਾ ਦਿੱਤੀ ਹੈ।ਭਾਜਪਾ ਅੰਦਰ ਪਸਰੀ ਬੇ ਭਰੋਸਗੀ ਦਾ ਹੀ ਨਤੀਜਾ ਹੈ ਕਿ ਇਹ ਚੋਣਾਂ ਨਰਿੰਦਰ ਮੋਦੀ ਦੇ ਨਾਮ ਹੇਠ ਲੜੀਆਂ ਜਾ ਰਹੀਆਂ ਹਨ।ਕੇਜਰੀਵਾਲ ਫੈਕਟਰ ਇਹਨਾਂ ਚੋਣਾਂ ਚ ਕੀ ਰੋਲ ਅਦਾ ਕਰੇਗਾ ਭਵਿੱਖ ਦੇ ਗਰਭ ਵਿਚ ਹੈ।

ਸੰਪਰਕ: 0061 469 976214

Comments

Security Code (required)



Can't read the image? click here to refresh.

Name (required)

Leave a comment... (required)





ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ