Tue, 23 April 2024
Your Visitor Number :-   6994697
SuhisaverSuhisaver Suhisaver

ਪੰਜਾਬੀ ਗੀਤਕਾਰੀ : ਸਮਝਣ ਅਤੇ ਸੰਭਲਣ ਦੀ ਲੋੜ -ਡਾ. ਨਿਸ਼ਾਨ ਸਿੰਘ ਰਾਠੌਰ

Posted on:- 05-12-2018

suhisaver

ਗੀਤ- ਸੰਗੀਤ ਮੁੱਢ ਤੋਂ ਹੀ ਮਨੁੱਖੀ ਮਨ ਦੇ ਕੋਮਲ ਭਾਵਾਂ ਦਾ ਪ੍ਰਤੀਕ ਰਿਹਾ ਹੈ। ਸੰਗੀਤ ਦੀਆਂ ਧੁਨੀਆਂ ਉੱਤੇ ਮਨੁੱਖ ਨੂੰ ਹੱਸਦਿਆਂ, ਰੋਂਦਿਆਂ, ਨੱਚਦਿਆਂ ਅਤੇ ਗਾਉਂਦਿਆਂ ਦੇਖਿਆ ਗਿਆ ਹੈ ਉੱਥੇ ਹੀ ਆਪਣੀ ਬੋਲੀ ਦੇ ਗੀਤਾਂ ਨੇ ਮਨੁੱਖੀ ਮਨ ਦੇ ਕੋਮਲ ਭਾਵਾਂ ਨੂੰ ਆਵਾਜ਼ ਦਿੱਤੀ ਹੈ। ਮਨੁੱਖ ਦੇ ਸੱਭਿਅਕ ਹੋਣ ਦੇ ਸਮੇਂ ਤੋਂ ਲੈ ਕੇ ਅੱਜ ਤੱਕ ਗੀਤ- ਸੰਗੀਤ ਦਾ ਸਥਾਨ ਨਿਵੇਕਲਾ ਕਿਹਾ ਜਾ ਸਕਦਾ ਹੈ। ਸਾਡੇ ਹੱਥਲੇ ਲੇਖ ਦਾ ਮੂਲ ਥੀਮ ਪੰਜਾਬੀ ਗੀਤਕਾਰੀ ਨਾਲ ਸੰਬੰਧਤ ਹੈ ਇਸ ਲਈ ਲੇਖ ਦੀ ਸੰਖੇਪਤਾ ਨੂੰ ਦੇਖਦਿਆਂ ਸਿੱਧੇ ਪੰਜਾਬੀ ਗੀਤਕਾਰੀ ਦੇ ਬਦਲਦੇ ਸਰੂਪ ਬਾਰੇ ਵਿਚਾਰ- ਚਰਚਾ ਆਰੰਭ ਕਰਦੇ ਹਾਂ ਤਾਂ ਕਿ ਲੇਖ ਨੂੰ ਸਹੀ ਆਕਾਰ ਵਿੱਚ ਸਮਾਪਤ ਕੀਤਾ ਜਾ ਸਕੇ।
        
ਅੱਜ ਦਾ ਦੌਰ ਭੱਜ- ਦੌੜ ਦਾ ਦੌਰ ਹੈ। ਹਰ ਮਨੁੱਖ ਆਪਣੀਆਂ ਲੋੜਾਂ ਨੂੰ ਪੂਰਾ ਕਰਨ ਹਿੱਤ ਦਿਨ- ਰਾਤ ਭੱਜਾ ਫ਼ਿਰਦਾ ਹੈ। ਇਸ ਦੌਰ ਵਿੱਚ ਸਕੂਨ ਦਾ ਸੰਗੀਤ ਸੁਣਨ ਲਈ ਕਿਸੇ ਕੋਲ ਵਕਤ ਨਹੀਂ ਹੈ। ਇਸ ਲਈ ਰਾਹ ਚੱਲਦਿਆਂ ਅਤੇ ਕੰਮ ਕਰਦਿਆਂ ਆਪਣੇ ਮੋਬਾਈਲ ਫ਼ੋਨ ਤੇ ਲੋਕ ਆਪਣੀ ਬੋਲੀ, ਆਪਣੀ ਪਸੰਦ ਦਾ ਗੀਤ- ਸੰਗੀਤ ਸੁਣਦੇ ਰਹਿੰਦੇ ਹਨ। ਉਹ ਦੌਰ ਬੀਤ ਗਿਆ ਹੈ ਜਦੋਂ ਮਹਿਫ਼ਿਲਾਂ ਵਿੱਚ ਬੈਠ ਕੇ ਰੂਹਾਨੀ ਸੰਗੀਤ ਦਾ ਆਨੰਦ ਲਿਆ ਜਾਂਦਾ ਸੀ। ਪੰਜਾਬੀ ਗੀਤਕਾਰੀ ਦਾ ਸਰੂਪ ਸਮੇਂ ਦੇ ਅਨੁਸਾਰ ਬਦਲ ਗਿਆ ਹੈ। ਉਂਝ, ਇਹ ਬਦਲਾਓ ਲਾਜ਼ਮੀ ਵੀ ਹੈ ਅਤੇ ਜਾਇਜ਼ ਵੀ ਕਿਉਂਕਿ ਸਮੇਂ ਦੇ ਅਨੁਸਾਰ ਨਾ ਬਦਲਣ ਵਾਲਾ ਮਨੁੱਖ ਅਤੇ ਰਿਵਾਜ਼ ਅਕਸਰ ਖ਼ਤਮ ਹੋ ਜਾਂਦਾ ਹੈ। ਪਰ, ਇਹ ਬਦਲਾਓ ਇਸ ਰੂਪ ਵਿੱਚ ਸਾਹਮਣੇ ਆਵੇਗਾ ਇਸ ਦਾ ਅੰਦਾਜ਼ਾ ਕਿਸੇ ਨੂੰ ਵੀ ਨਹੀਂ ਸੀ। ਪੰਜਾਬੀ ਗੀਤਕਾਰੀ ਵਿੱਚ ਨਵੇਂ ਲੋਕਾਂ ਦਾ ਪ੍ਰਵੇਸ਼ ਹੋ ਗਿਆ ਹੈ ਜਿਨ੍ਹਾਂ ਨੂੰ ਪੰਜਾਬੀ ਸੱਭਿਆਚਾਰ ਅਤੇ ਪੰਜਾਬੀ ਜਨ- ਜੀਵਨ ਦਾ ਰਤਾ ਭਰ ਵੀ ਇਲਮ ਨਹੀਂ ਹੈ। ਖ਼ਬਰੇ ! ਇਸੇ ਕਰਕੇ ਹੀ ਪੰਜਾਬੀ ਗੀਤਾਂ ਵਿੱਚ ਰਿਸ਼ਤਿਆਂ ਦੀ ਭੰਡੀ ਕੀਤੀ ਜਾ ਰਹੀ ਹੈ। ਇਹ ਬਹੁਤ ਮੰਦਭਾਗਾ ਰੁਝਾਨ ਹੈ।

ਜੀਜਾ- ਸਾਲੀ ਦੇ ਰਿਸ਼ਤੇ ਨੂੰ ਬਦਨਾਮ ਕਰਕੇ ਰੱਖ ਦਿੱਤਾ ਗਿਆ ਹੈ ਜਦੋਂ ਕਿ ਅਸਲ ਜੀਵਨ ਵਿੱਚ ਜੀਜਾ- ਸਾਲੀ ਦੇ ਰਿਸ਼ਤੇ ਨੂੰ ਭੈਣ- ਭਰਾ ਦੇ ਰਿਸ਼ਤੇ ਤੁਲ ਸਮਝਿਆ ਜਾਂਦਾ ਹੈ। ਉਂਝ ਵੀ ਸਾਲੀ ਆਪਣੇ ਜੀਜੇ ਨੂੰ 'ਭਾਅ ਜੀ' ਕਹਿ ਕੇ ਸੰਬੋਧਨ ਕਰਦੀ ਹੈ ਭਾਵ ਵੀਰ ਸਮਝਦੀ ਹੈ ਪਰ ਅਫ਼ਸੋਸ, ਪੰਜਾਬੀ ਗੀਤਕਾਰੀ ਦੇ ਅਲੰਬੜਦਾਰਾਂ ਨੇ ਜੀਜਾ- ਸਾਲੀ ਦੇ ਮੋਹ ਭਿੱਜੇ ਰਿਸ਼ਤੇ ਨੂੰ ਨਾਜਾਇਜ਼ ਰਿਸ਼ਤੇ ਵੱਜੋਂ ਭੰਡ ਕੇ ਰੱਖ ਦਿੱਤਾ ਹੈ।
           
ਪੰਜਾਬੀ ਸੱਭਿਆਚਾਰ ਦੀ ਅਮੀਰ ਵਿਰਾਸਤ ਅਨੁਸਾਰ ਆਪਣੇ ਤੋਂ ਵੱਡੀ ਸਾਲੀ ਨੂੰ ਮਾਂ, ਹਮਉਮਰ ਦੀ ਸਾਲੀ ਨੂੰ ਭੈਣ ਅਤੇ ਛੋਟੀ ਨੂੰ ਧੀ ਦੇ ਵਾਂਗ ਸਮਝਿਆ ਜਾਂਦਾ ਰਿਹਾ ਹੈ ਪਰ, ਅੱਜ ਕੱਲ ਦੇ ਗੀਤਾਂ ਵਿੱਚ ਸਭ ਨੂੰ ਮੰਦੀ ਅੱਖ ਨਾਲ ਤੱਕਿਆ ਜਾਂਦਾ ਹੈ। ਇਸ ਸਾਡੇ ਸੱਭਿਆਚਾਰ ਅਤੇ ਜਨ- ਜੀਵਨ ਦਾ ਅੰਗ ਨਾ ਸੀ ਅਤੇ ਨਾ ਹੀ ਹੈ।
           
ਪੰਜਾਬੀ ਗੀਤਾਂ ਵਿੱਚ ਵਿੱਦਿਆ ਦੇ ਮੰਦਰਾਂ (ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ) ਨੂੰ ਆਸ਼ਕੀ ਦੇ ਅੱਡੇ ਬਣਾ ਕੇ ਰੱਖ ਦਿੱਤਾ ਗਿਆ ਹੈ। ਪੰਜਾਬੀ ਗੀਤਕਾਰੀ ਦੇ ਪੈਮਾਨੇ ਅਨੁਸਾਰ ਇਹ ਸੰਸਥਾਵਾਂ ਨਿਰੇ ਆਸ਼ਕੀ ਕਰਨ ਦੇ ਅੱਡੇ ਹਨ ਅਤੇ ਇਹਨਾਂ ਵਿੱਚ ਪੜਨ ਵਾਲੇ ਮੁੰਡੇ- ਕੁੜੀਆਂ 'ਹੀਰ- ਰਾਂਝੇ' ਦੇ ਵਾਰਿਸ ਹਨ। ਦੂਜੀ ਹੈਰਾਨ ਕਰਨ ਵਾਲੀ ਹਕੀਕਤ ਇਹ ਹੈ ਕਿ ਅਜੋਕੀ ਗੀਤਕਾਰੀ ਅਨੁਸਾਰ ਵਿੱਦਿਆ ਦੇ ਇਹ ਮੰਦਰ ਸਿਆਸਤ ਕਰਨ ਦੇ ਅੱਡੇ ਵੀ ਸਮਝੇ ਜਾਂਦੇ ਹਨ। ਇਹਨਾਂ ਵਿੱਚ ਪ੍ਰਧਾਨਗੀ ਲਈ ਲੜਾਈ- ਝਗੜੇ ਹੁੰਦੇ ਹਨ ਅਤੇ ਚੌਧਰ ਲਈ ਕਤਲ ਵੀ ਕਰ ਦਿੱਤੇ ਜਾਂਦੇ ਹਨ। ਪੰਜਾਬੀ ਗੀਤਕਾਰੀ ਦੇ ਇਹਨਾਂ ਸਰੋਕਾਰਾਂ ਨੇ ਨੌਜਵਾਨ ਪੀੜੀ ਨੂੰ ਕੁਰਾਹੇ ਪਾ ਦਿੱਤਾ ਹੈ।
            
ਪੰਜਾਬੀ ਜਨ- ਜੀਵਨ ਦਾ ਪੇਸ਼ ਕੀਤਾ ਜਾ ਰਿਹਾ ਇਹ ਚਿਹਰਾ ਦੇਖ/ਸੁਣ ਕੇ ਬਹੁਤ ਅਫ਼ੋਸਸ ਹੁੰਦਾ ਹੈ। ਕਿਸਾਨ ਨੂੰ ਖੇਤਾਂ ਵਿੱਚ ਮਿਹਨਤ ਕਰਦੇ ਨੂੰ ਕਦੇ ਵੀ ਦ੍ਰਿਸ਼ਟੀਗੋਚਰ ਨਹੀਂ ਕੀਤਾ ਜਾਂਦਾ ਬਲਕਿ ਫਾਇਰ ਕਰਦਿਆਂ, ਬੱਕਰੇ ਬੁਲਾਉਂਦਿਆਂ, ਕਤਲ ਕਰਦਿਆਂ, ਕਚਹਿਰੀਆਂ 'ਚ ਤਰੀਕਾਂ ਭੁਗਤਦਿਆਂ, ਬੁਲਟ ਤੇ ਪਟਾਕੇ ਪਾਉਂਦਿਆਂ ਅਤੇ ਆਸ਼ਕੀ ਕਰਦਿਆਂ ਦਿਖਾ ਕੇ ਅਜੋਕੀ ਨੌਜਵਾਨ ਪੀੜੀ ਦੇ ਮਨਾਂ ਨੂੰ ਪੁੱਠੇ ਰਾਹ ਤੇ ਤੋਰਿਆ ਜਾ ਰਿਹਾ ਹੈ। ਕਿਸਾਨੀ ਖੁਦਕੁਸ਼ੀਆਂ, ਕਰਜ਼ਾ, ਬੇਰੁਜ਼ਗਾਰੀ, ਭਰੂਣ- ਹੱਤਿਆ, ਤੇਜਾਬੀ ਹਮਲੇ, ਨਸ਼ਿਆਂ ਦਾ ਪ੍ਰਭਾਵ, ਪ੍ਰਵਾਸ ਅਤੇ ਇਖ਼ਲਾਕੀ ਨਿਗਾਰ ਆਦਿਕ ਵਿਸ਼ੇ ਪੰਜਾਬੀ ਗੀਤਕਾਰੀ ਦੇ ਵਿਸ਼ੇ ਨਹੀਂ ਹਨ ਸਗੋਂ ਆਸ਼ਕੀ, ਜੱਟਪੁਣਾ, ਮਹਿੰਗੀਆਂ ਗੱਡੀਆਂ ਦਾ ਸ਼ੌਂਕ, ਰਿਸ਼ਤਿਆਂ ਦਾ ਘਾਣ, ਵਿੱਦਿਆ ਦੇ ਮੰਦਰਾਂ ਦੀ ਭੰਡੀ, ਬੰਦੂਕਾਂ ਦੇ ਸ਼ੌਂਕ, ਸਿਆਸਤ ਦਾ ਭੂਤ ਅਤੇ ਵਿਆਹਾਂ- ਸ਼ਾਦੀਆਂ ਤੇ ਫ਼ਿਜੂਲਖ਼ਰਚੀ ਆਦਿਕ ਨੂੰ ਵੱਡੇ ਪੱਧਰ ਉੱਪਰ ਪੇਸ਼ ਕਰਕੇ ਪੰਜਾਬੀ ਜੀਵਨ ਨੂੰ ਵਿਸ਼ਵ ਪੱਧਰ ਉੱਪਰ ਭੰਡ ਕੇ ਰੱਖ ਦਿੱਤਾ ਹੈ।
             
ਅੱਜ ਦੀ ਗੀਤਕਾਰੀ ਰਾਹੀਂ ਪੰਜਾਬੀ ਨੌਜਵਾਨਾਂ ਨੂੰ ਨਸ਼ੇ ਦੀਆਂ ਬੁਰਾਈਆਂ ਬਾਰੇ ਜਾਗਰੁਕ ਨਹੀਂ ਕੀਤਾ ਜਾਂਦਾ ਬਲਕਿ ਸ਼ਰਾਬ ਪੀ ਕੇ ਬੱਕਰੇ ਬੁਲਾਉਣ ਲਈ ਪ੍ਰੇਰਿਤ ਕੀਤਾ ਜਾਂਦਾ ਹੈ। ਵੈਲੀਪੁਣੇ ਨੂੰ ਮਾੜਾ ਨਹੀਂ ਗਿਣਿਆ ਜਾਂਦਾ ਬਲਕਿ ਟੌਹਰ ਦਾ ਪ੍ਰਤੀਕ ਬਣਾ ਕੇ ਪੇਸ਼ ਕੀਤਾ ਜਾਂਦਾ ਹੈ। ਫ਼ਿਜੂਲਖ਼ਰਚੀ ਨੂੰ ਪਾਗਲਪਣ ਨਹੀਂ ਬਲਕਿ ਜੱਟਪੁਣੇ ਦਾ ਪ੍ਰਤੀਕ ਬਣਾ ਦਿੱਤਾ ਗਿਆ ਹੈ। ਕਿੱਧਰ ਨੂੰ ਤੁਰੀ ਜਾ ਰਹੀ ਹੈ ਪੰਜਾਬੀ ਗਾਇਕੀ/ਗੀਤਕਾਰੀ ਦੀ ਨਵੀਂ ਪੀੜੀ? ਇੱਥੇ ਸੋਚਣ ਵਾਲੀ ਗੱਲ ਇਹ ਹੈ ਕਿ ਇਹ ਸਭ ਕੁਝ ਕਿਉਂ ਹੋ ਰਿਹਾ ਹੈ? ਇਸ ਬਦਲਾਓ ਮਗਰ ਕੀ ਕਾਰਨ ਹਨ? ਇਹਨਾਂ ਦਾ ਮੂਲ ਕਾਰਨ ਹੈ, ਪ੍ਰਸਿੱਧੀ ਅਤੇ ਪੈਸਾ ਪ੍ਰਾਪਤ ਕਰਨਾ। ਹਰ ਬੰਦਾ ਆਪਣੇ ਜੀਵਨ ਵਿੱਚ ਮਸ਼ਹੂਰ ਹੋਣਾ ਚਾਹੁੰਦਾ ਹੈ ਅਤੇ ਪੈਸਾ ਕਮਾਉਣਾ ਚਾਹੁੰਦਾ ਹੈ। ਪੰਜਾਬੀ ਸੰਗੀਤ ਜਗਤ ਇਹਨਾਂ ਲਈ ਪੈਸੇ ਕਮਾਉਣ ਦੀ ਕੰਪਨੀ ਤੋਂ ਵੱਧ ਕੁਝ ਨਹੀਂ ਹੈ। ਇਸ ਕਰਕੇ ਹੀ ਨੌਜਵਾਨ ਗਾਇਕ ਅਤੇ ਗੀਤਕਾਰ ਬਣਨ ਲਈ ਤਰਲੋਮੱਛੀ ਹੋ ਰਹੇ ਹਨ।
                    
ਅੱਜ ਕੱਲ ਦੇ ਨੌਜਵਾਨਾਂ ਦਾ ਵਿਚਾਰ ਹੈ ਪੜਾਈ ਕਰਕੇ ਨੌਕਰੀ ਤਾਂ ਮਿਲਦੀ ਨਹੀਂ। ਹਾਂ, ਜੇਕਰ ਸਰਕਾਰੀ ਨੌਕਰੀ ਮਿਲ ਵੀ ਗਈ ਤਾਂ ਵੀ ਇੰਨਾ ਪੈਸਾ ਨਹੀਂ ਜੋੜਿਆ ਜਾਣਾ, ਜਿੰਨਾ ਗਾਇਕ ਜਾਂ ਗੀਤਕਾਰ ਬਣ ਕੇ ਦੋ- ਚਾਰ ਸਾਲਾਂ ਵਿੱਚ ਜੋੜ ਲੈਣਾ ਹੈ। ਗੀਤ ਲਿਖ ਕੇ, ਗਾ ਕੇ ਸੋਸ਼ਲ ਮੀਡੀਆ ਉੱਪਰ ਪਾਉਣ ਦਾ ਰਿਵਾਜ਼ ਵੀ ਜ਼ੋਰ ਫ਼ੜ ਰਿਹਾ ਹੈ।  ਖ਼ਬਰੇ ! ਇੱਕ ਗੀਤ ਨਾਲ ਹੀ ਰਾਤੋ- ਰਾਤ ਸਟਾਰ ਬਣ ਜਾਈਏ। ਇਹ ਭਰਮ ਹਰ ਨੌਜਵਾਨ ਪੰਜਾਬੀ ਦੇ ਮਨ ਵਿੱਚ ਘਰ ਕਰ ਗਿਆ ਹੈ।
                   
ਪੰਜਾਬੀ ਗਾਇਕੀ/ਗੀਤਕਾਰੀ ਦੇ ਡਿੱਗਦੇ ਮਿਆਰ ਨੇ ਜਿੱਥੇ ਪੰਜਾਬੀ ਸਮਾਜ ਦਾ ਨੁਕਸਾਨ ਕੀਤਾ ਹੈ ਉੱਥੇ ਅੰਤਰ-ਰਾਸ਼ਟਰੀ ਪੱਧਰ ਉੱਤੇ ਪੰਜਾਬੀਆਂ ਨੂੰ ਨਸ਼ੇੜੀ ਅਤੇ ਫੁਕਰੇ ਬਣਾ ਕੇ ਹਾਸੇ ਦੇ ਪਾਤਰ ਵੀ ਬਣਾ ਛੱਡਿਆ ਹੈ। ਪੰਜਾਬ ਤੋਂ ਬਾਹਰਲੇ ਸੂਬਿਆਂ ਵਿੱਚ ਪੰਜਾਬੀ ਸੰਗੀਤ ਤੋਂ ਭਾਵ ਬੱਲੇ- ਬੱਲੇ ਕਰਨ ਤੋਂ ਅਤੇ ਨੱਚਣ- ਗਾਉਣ ਤੋਂ ਹੀ ਲਿਆ ਜਾਂਦਾ ਹੈ। ਮਨੁੱਖੀ ਰਿਸ਼ਤਿਆਂ ਦੇ ਮੋਹ ਭਿੱਜੇ ਬੋਲ, ਪੰਜਾਬੀ ਸੰਗੀਤ ਵਿਚੋਂ ਅਲੋਪ ਹੁੰਦੇ ਜਾ ਰਹੇ ਹਨ। ਸਾਡੇ ਲੇਖ ਦਾ ਮੂਲ ਮਨੋਰਥ ਸਮੁੱਚੀ ਪੰਜਾਬੀ ਗਾਇਕੀ/ਗੀਤਕਾਰੀ ਬਾਰੇ ਗੱਲ ਕਰਨ ਦਾ ਯਤਨ ਹੈ ਇਸ ਲਈ ਕਿਸੇ ਇੱਕ ਗੀਤ ਉੱਤੇ ਹੀ ਵਿਚਾਰ- ਚਰਚਾ ਨੂੰ ਕੇਂਦਰਿਤ ਨਹੀਂ ਕੀਤਾ ਜਾ ਰਿਹਾ। ਹਰ ਰੋਜ਼ ਅਸੀਂ ਸੁਣਦੇ ਹਾਂ ਕਿ ਜੱਟ, ਬੰਦੂਕ, ਬੁਲਟ, ਜੀਪ ਅਤੇ ਕਚਹਿਰੀਆਂ ਦੇ ਗੀਤ ਤਾਂ ਸੰਗੀਤ ਦੇ ਬਾਜ਼ਾਰ ਵਿੱਚ ਆ ਰਹੇ ਹਨ ਪਰ ਰੂਹ ਨੂੰ ਸਕੂਨ ਦੇਣ ਵਾਲਾ ਗੀਤ ਕਦੇ ਕੰਨੀਂ ਨਹੀਂ ਪੈਂਦਾ।
                   
ਹਾਂ, ਕੁਝ ਗਾਇਕ/ਗੀਤਕਾਰ ਅਜੇ ਵੀ ਸਰਗਰਮ ਹਨ ਜਿਨ੍ਹਾਂ ਨੇ ਪੰਜਾਬੀ ਸੱਭਿਆਚਾਰ ਦੇ ਅਸਲ ਸਰੂਪ ਨੂੰ ਸੰਭਾਲ ਕੇ ਰੱਖਿਆ ਹੋਇਆ ਹੈ। ਉਹ ਸਮੇਂ- ਸਮੇਂ ਸਿਰ ਆਪਣੀਆਂ ਕਲਾਮਤਕਾ ਭਰਪੂਰ ਰਚਨਾਵਾਂ ਦੁਆਰਾ ਪੰਜਾਬੀ ਸੰਗੀਤ ਦੀ ਮੂਲ ਧੁਰੀ ਨੂੰ ਆਮ ਲੋਕਾਂ ਸਾਹਮਣੇ ਪੇਸ਼ ਕਰਦੇ ਰਹਿੰਦੇ ਹਨ ਪਰ 90% ਕਲਾਕਾਰ ਉਹਨਾਂ ਦੀ ਕੀਤੀ ਸਾਰਥਕ ਮਿਹਨਤ ਨੂੰ ਮਿੱਟੀ ਵਿੱਚ ਰੋਲਣ ਦਾ ਕੰਮ ਵੀ ਨਾਲ ਹੀ ਸਿਰੇ ਚਾੜ ਦਿੰਦੇ ਹਨ।
              
 ਹੈਰਾਨੀ ਦੀ ਗੱਲ ਇਹ ਹੈ ਕਿ ਮਰਦ, ਗਾਇਕਾਂ/ਗੀਤਕਾਰਾਂ ਤੋਂ ਇਲਾਵਾ ਔਰਤ ਗੀਤਕਾਰ/ਗਾਇਕਾਵਾਂ ਵੀ ਸੰਗੀਤ ਜਗਤ ਦੀ ਇਸ ਬਰਬਾਦੀ ਲਈ ਬਰਾਬਰ ਦੀਆਂ ਭਾਈਵਾਲ ਬਣੀਆਂ ਹੋਈਆਂ ਹਨ। ਇਹ ਬਹੁਤ ਅਫ਼ਸੋਸਜਨਕ ਹੈ। ਪੰਜਾਬੀ ਮਾਪੇ ਆਪਣੇ ਧੀਆਂ- ਪੁੱਤਾਂ ਨੂੰ ਗਾਇਕ/ਗੀਤਕਾਰ ਤਾਂ ਬਣਾ ਰਹੇ ਹਨ ਪਰ ਉਹਨਾਂ ਨੂੰ ਆਪਣੇ ਵਿਰਸੇ, ਸੱਭਿਆਚਾਰ ਅਤੇ ਇਤਿਹਾਸ ਦੀ ਜਾਣਕਾਰੀ ਨਹੀਂ ਦੇ ਰਹੇ, ਜਿਸ ਦੇ ਨਤੀਜੇ ਵੱਜੋਂ ਅੱਤ ਘਟੀਆ ਦਰਜ਼ੇ ਦੇ ਗੀਤ ਬਾਜ਼ਾਰ ਵਿੱਚ ਆ ਰਹੇ ਹਨ ਜਿਨ੍ਹਾਂ ਨੂੰ ਦੇਣ/ਸੁਣ ਕੇ ਆਪਣੇ ਪੰਜਾਬੀ ਹੋਣ ਉੱਤੇ ਫ਼ਖ਼ਰ ਨਹੀਂ ਹੁੰਦਾ ਸਗੋਂ ਸ਼ਰਮ ਮਹਿਸੂਸ ਹੁੰਦੀ ਹੈ।
                    
ਇੱਥੇ ਖ਼ਾਸ ਗੱਲ ਇਹ ਹੈ ਕਿ ਗਾਇਕੀ/ਗੀਤਕਾਰੀ ਦੇ ਇਸ ਰੁਝਾਨ ਲਈ ਜਿੱਥੇ ਪੰਜਾਬੀ ਗੀਤਕਾਰ/ਗਾਇਕ ਕਸੂਰਵਾਰ ਹਨ ਉੱਥੇ ਨਾਲ ਹੀ ਪੰਜਾਬੀ ਸ਼ਰੋਤੇ ਵੀ ਆਪਣੇ ਫ਼ਰਜ਼ਾਂ ਤੋਂ ਕਿਤੇ ਨਾ ਕਿਤੇ ਮੁਨਕਰ ਹੋਏ ਜਾਪਦੇ ਹਨ ਕਿਉਂਕਿ ਬਿਨਾਂ ਸ਼ਰੋਤਿਆਂ ਦੇ ਕੋਈ ਗਾਇਕ/ਗੀਤਕਾਰ ਕਦੇ ਵੀ ਕਾਮਯਾਬ ਨਹੀਂ ਹੁੰਦਾ। ਹੁਣ ਜੇਕਰ ਪੰਜਾਬੀ ਸ਼ਰੋਤੇ ਹੀ ਲਚਰਤਾ ਭਰਪੂਰ ਗੀਤਾਂ ਨੂੰ ਹੱਥਾਂ ਤੇ ਚੁੱਕ ਰਹੇ ਹਨ ਤਾਂ ਅਜਿਹੇ ਗੀਤਾਂ ਦਾ ਸੰਗੀਤਕ ਮੰਡੀਵਿੱਚ ਆਉਣਾ ਲਾਜ਼ਮੀ ਹੈ। ਇੱਥੇ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਜਦੋਂ ਤੱਕ ਹਰ ਪੰਜਾਬੀ ਆਪਣੀ ਜ਼ਿੰਮੇਵਾਰੀ ਨੂੰ ਇਮਾਨਦਾਰੀ ਨਾਲ ਨਹੀਂ ਨਿਭਾਉਂਦੇ ਉਦੋਂ ਤੱਕ ਅਜਿਹੇ ਗ਼ੈਰ ਮਿਆਰੀ ਗੀਤਾਂ ਦਾ ਸੰਗੀਤ ਜਗਤ ਵਿੱਚ ਆਉਣਾ ਜ਼ਾਰੀ ਰਹੇਗਾ।
          
ਸਿਆਣਿਆਂ ਦਾ ਕਥਨ ਹੈ 'ਮਨੁੱਖ ਨੂੰ ਵੱਡੀ ਤੋਂ ਵੱਡੀ ਮੁਸੀਬਤ ਦੇ ਸਮੇਂ ਵੀ ਸਾਰਥਕ ਵਿਚਾਰਾਂ ਦਾ ਧਾਰਨੀ ਹੋਣਾ ਚਾਹੀਦਾ ਹੈ।' ਇਸੇ ਆਸ ਨਾਲ ਅਸੀਂ ਸਾਰਥਕ ਵਿਚਾਰ ਆਪਣੇ ਮਨਾਂ ਵਿੱਚ ਧਾਰਨ ਕਰੀਏ ਕਿ ਆਉਣ ਵਾਲਾ ਵਕਤ ਪੰਜਾਬੀ ਗਾਇਕੀ/ਗੀਤਕਾਰੀ ਲਈ ਸ਼ੁਭ ਸ਼ਗਨ ਹੋਵੇਗਾ। ਪੰਜਾਬੀ ਸਮਾਜ ਨੂੰ ਆਪਣੇ ਜ਼ਿੰਮਵਾਰੀ ਦਾ ਅਹਿਸਾਸ ਹੋਵੇਗਾ ਜਿਸ ਨਾਲ ਉਹ ਚੰਗੇ ਗੀਤਾਂ ਨੂੰ/ਚੰਗੇ ਗੀਤਕਾਰਾਂ ਨੂੰ ਸਿਰ- ਮੱਥੇ ਤੇ ਬਿਠਾਉਣਗੇ ਅਤੇ ਪੰਜਾਬੀ ਮਾਂ ਬੋਲੀ ਨੂੰ ਭੰਡਣ ਵਾਲੇ ਮਸਖ਼ਰਿਆਂ ਨੂੰ ਸਬਕ ਸਿਖਾਉਣਗੇ। 


               ਸੰਪਰਕ: +91 75892 33437

Comments

ObqXZ

Drugs information for patients. Brand names. <a href="https://prednisone4u.top">buy prednisone prices</a> in US. Actual trends of medicines. Read information now. <a href=http://www.moviesforjoy.com/2018/01/26/a-few-good-men-1992/>Actual trends of meds.</a> <a href=http://shop.khunjib.com/product/3957/%E0%B9%80%E0%B8%94%E0%B8%A3%E0%B8%AA%E0%B9%80%E0%B8%8A%E0%B8%B4%E0%B9%89%E0%B8%95%E0%B8%A5%E0%B8%B2%E0%B8%A2%E0%B8%88%E0%B8%B8%E0%B8%94%E0%B8%AD%E0%B8%81%E0%B9%81%E0%B8%95%E0%B9%88%E0%B8%87%E0%B8%A3%E0%B8%B0%E0%B8%9A%E0%B8%B2%E0%B8%A2%20%E0%B8%AA%E0%B8%B5%E0%B9%80%E0%B8%AB%E0%B8%A5%E0%B8%B7%E0%B8%AD%E0%B8%87%E0%B8%AD%E0%B9%88%E0%B8%AD%E0%B8%99.html>Best information about pills.</a> <a href=https://lomasrankiao.net/paloma-mami-se-convierte-en-la-mami-del-perreo/#comment-63490>Everything trends of drugs.</a> d24e00f

Security Code (required)



Can't read the image? click here to refresh.

Name (required)

Leave a comment... (required)





ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ