Tue, 16 April 2024
Your Visitor Number :-   6976643
SuhisaverSuhisaver Suhisaver

ਦਿੱਲੀ ਵਿਚ ਆਪ ਦੀ ਸ਼ਾਨਦਾਰ ਜਿਤ ਤੋਂ ਬਾਅਦ -ਸੁਕੀਰਤ

Posted on:- 18-02-2020

suhisaver

ਦਿੱਲੀ ਦੀਆਂ ਚੋਣਾਂ ਵਿਚ ਆਪ ਦੀ ਇਕੇਰਾਂ ਮੁੜ ਸ਼ਾਨਦਾਰ ਜਿਤ ਲਈ ਆਪ ਹੀ ਨਹੀਂ, ਦਿੱਲੀ ਦੀ ਜਨਤਾ ਵੀ ਵਧਾਈ ਦੀ ਪਾਤਰ ਹੈ। ਪਰ ਇਹ ਕਹਿਣਾ ਵੀ ਕੋਈ ਅਤਿਕਥਨੀ ਨਹੀਂ ਕਿ ਦੇਸ ਦੀ ਰਾਜਧਾਨੀ (ਬਨਾਮ ਦਿੱਲੀ ਸੂਬੇ) ਵਿਚ ਭਾਜਪਾ ਦੀ ਇਸ ਹਾਰ ਨੂੰ ਭਾਰਤ ਦੇ ਉਹ ਸਾਰੇ ਲੋਕ ਵੀ ਸਾਹ ਸੂਤ ਕੇ ਉਡੀਕ ਰਹੇ ਸਨ, ਜੋ ਭਾਜਪਾ ਦੇ ਹਿੰਦੁਤਵ-ਵਾਦੀ ਏਜੰਡੇ ਦੇ ਵਿਰੋਧੀ ਹਨ, ਉਨ੍ਹਾਂ ਦੀ ਆਪਣੀ ਸਿਆਸੀ ਰੰਗਤ ਭਾਂਵੇਂ ਜਿਸ ਮਰਜ਼ੀ ਦਲ ਜਾਂ ਵਿਚਾਰਧਾਰਾ ਨਾਲ ਜੁੜਦੀ ਹੋਵੇ। ਜਿਸ ਦੌਰ ਵਿਚੋਂ ਅਸੀ ਲੰਘ ਰਹੇ ਹਾਂ, ਅਤੇ ਜਿਸ ਢੰਗ ਨਾਲ ਪਿਛਲੇ ਕੁਝ ਸਮੇਂ ਤੋਂ ਦੇਸ ਮੋਦੀ-ਸ਼ਾਹ ਜੋੜੀ ਦੀ ਹਕੂਮਤਗਰਦੀ ਵਿਚੋਂ ਲੰਘ ਰਿਹਾ ਹੈ, ਉਸ ਵਿਚ ਹਰ ਹੀਲੇ ਨਫ਼ਰਤ ਅਤੇ ਪਾੜੇ ਦੇ ਇਸ ਨੰਗੇ-ਚਿੱਟੇ ਨਾਚ ਨੂੰ ਰੋਕਣ ਦੀ ਕੋਸ਼ਿਸ਼ ਬਹੁਤ ਸਾਰੇ ਭਾਰਤੀ ਲੋਕਾਂ ਦਾ ਮੁਖ ਟੀਚਾ ਬਣ ਕੇ ਉਭਰੀ। ਦਿੱਲੀ ਦੀਆਂ ਚੋਣਾਂ ਇਸ ਇਕਮੁਠਤਾ ਦੀ ਮਿਸਾਲ ਹਨ, ਜਿਸ ਵਿਚ ਭਾਂਤ ਭਾਂਤ ਦੇ ਲੋਕਾਂ ਨੇ ਆਪ ਨੂੰ ਵੋਟ ਪਾਈ।
 
ਉਨ੍ਹਾਂ ਲੋਕਾਂ ਵੀ ਜੋ ਕਾਂਗਰਸ ਨੂੰ ਵੋਟ ਪਾਂਦੇ ਆ ਰਹੇ ਹਨ, ਤੇ ਉਨ੍ਹਾਂ ਲੋਕਾਂ ਵੀ ਜੋ ਹੋਰਨਾ ਵੇਲਿਆਂ ਵਿਚ ਖੱਬੀਆਂ ਧਿਰਾਂ ਦੇ ਉਮੀਦਵਾਰ ਨੂੰ ਹੀ ਵੋਟ ਦੇਂਦੇ ਹੁੰਦੇ ਸਨ। ਇਨ੍ਹਾਂ ਵੋਟਰਾਂ ਵਿਚ ਉਹ ਲੋਕ ਵੀ ਸ਼ਾਮਲ ਹਨ ਜੋ ਕਦੇ ਬਸਪਾ ਦੇ ਨਾਲ ਹੁੰਦੇ ਸਨ, ਪਰ ਅੱਜ ਪ੍ਰਾਇਮਰੀ ਸਿੱਖਿਆ ਅਤੇ ਸਿਹਤ ਕੇਂਦਰਾਂ ਵਰਗੇ ਮਾਮਲਿਆਂ ਵਿਚ ਆਪ ਦੇ ਕੀਤੇ ਕੰਮ ਨੂੰ ਦੇਖ ਕੇ ਉਸਦੇ ਨਾਲ ਆ ਜੁੜੇ ਹਨ। ਅਤੇ ਇਨ੍ਹਾਂ ਹੀ ਵੋਟਰਾਂ ਵਿਚ ਉਹ ਲੋਕ ਵੀ ਸ਼ਾਮਲ ਹਨ ਜਿਨ੍ਹਾਂ ਨੇ ਅਜੇ ਨੌਂ ਮਹੀਨੇ ਪਹਿਲਾਂ ਹੀ ਪਾਰਲੀਮਾਨੀ ਚੋਣਾਂ ਸਮੇਂ ਦੇਸ ਦੀ ਸੁਰਖਿਆ ਅਤੇ ਹਿੰਦੂ ਧਰਮ ਦੀ ਰਾਖੀ ਦੇ ਨਾਂਅ ਉਤੇ ਮੋਦੀ ਨੂੰ ਵੋਟ ਪਾਈ ਸੀ, ਪਰ ਹੁਣ ਸਥਾਨਕ ਪੱਧਰ ਦੀਆਂ ਚੋਣਾਂ ਸਮੇਂ ਆਪ ਦੇ ਨਾਲ ਆਣ ਖੜੋਤੇ ਹਨ। ਪਾਕਿਸਤਾਨ, ਕਸ਼ਮੀਰ, ਘੁਸਪੈਠੀਏ-ਮੁਸਲਮਾਨ ਦੇ ਤਿੰਨ ਪੱਤੇ ਜੋ ਭਾਜਪਾ ਨੂੰ ਯੱਕੇ ਜਾਪਦੇ ਸਨ, ਘਟੋ-ਘਟ ਇਨ੍ਹਾਂ ਚੋਣਾਂ ਵਿਚ ਦੁੱਕੀਆਂ ਹੀ ਸਾਬਤ ਹੋਏ ਹਨ।

ਪਰ ਭਾਜਪਾ ਇਹ ਪੱਤੇ ਮੁੜ ਨਹੀਂ ਖੇਡੇਗੀ, ਇਸ ਦਾ ਕੋਈ ਯਕੀਨ ਨਹੀਂ, ਤੇ ਨਾ ਹੀ ਦਿੱਲੀ ਵਿਚ ਹੋਈ ਉਸਦੀ ਹਾਰ ਕਾਰਨ ਅਵੇਸਲੇ ਹੋ ਬਹਿਣ ਦਾ ਸਮਾਂ ਹੈ। ਇਹ ਚੇਤੇ ਰਖਣਾ ਪਵੇਗਾ ਕਿ ਪਿਛਲੇ ਕੁਝ ਸਾਲਾਂ ਵਿਚ ਭਾਰਤ ਦਾ ਧਰਮ-ਨਿਰਪੇਖ ਬਾਣਾ ਡਾਹਡਾ ਛਿੱਜ ਗਿਆ ਹੋਇਆ ਹੈ। ਇਸਨੂੰ ਮੁੜ ਨਵਿਆਉਣ ਲਈ ਲੰਮਾ ਸਮਾਂ ਕੰਮ ਕਰਨਾ ਪਵੇਗਾ।

ਦਿੱਲੀ ਦੀਆਂ ਚੋਣਾਂ ਹੀ ਇਸ ਬਾਣੇ ਦੇ ਭੁਰਭੁਰੇ ਹੋ ਜਾਣ ਵਲ ਇਸ਼ਾਰਾ ਕਰਦੀਆਂ ਹਨ। ਭਾਜਪਾ ਨੇ ਪੂਰੀ ਕੋਸ਼ਿਸ਼ ਕੀਤੀ ਕਿ ਚੋਣਾਂ ਦੇਸ ਦੀ ਸੁਰੱਖਿਆ ( ਯਾਨੀ ਪਾਕਿਸਤਾਨ ਦਾ ਹਊਆ ਖੜਾ ਕਰ ਕੇ), ਧਾਰਾ 370 ( ਯਾਨੀ ਕਸ਼ਮੀਰ ਵਿਚ ਹੋ ਰਹੀਆਂ ਵਧੀਕੀਆਂ ਨੂੰ ਦੇਸ ਹਿਤੂ ਕਦਮ ਕਰਾਰ ਕੇ), ਅਤੇ ਨਾਗਰਿਕਤਾ ਸੰਸ਼ੋਧਨ ਕਾਨੂੰਨ ( ਯਾਨੀ ਮੁਸਲਮਾਨਾਂ ਨੂੰ ਘੁਸਪੈਠੀਏ ਬੰਗਲਾਦੇਸ਼ੀ ਸਾਬਤ ਕਰ ਕੇ) ਦੇ ਮੁੱਦੇ ਉਤੇ ਲੜੀਆਂ ਜਾਣ। ਪਰ ਦਿੱਲੀ ਉਤੇ ਤੀਜੀ ਵਾਰ ਕਾਬਜ਼ ਰਹਿਣ ਦੀ ਸਫਲ ਕੋਸ਼ਿਸ਼ ਕਰਨ ਵਾਲੇ ਅਰਵਿੰਦ ਕੇਜਰੀਵਾਲ ਨੇ ਬੜੀ ਸ਼ਾਤਰਤਾ ਨਾਲ ਅਜਿਹੀਆਂ ਬਹਿਸਾਂ ਵਿਚ ਉਲਝਣ ਤੋਂ ਇਨਕਾਰ ਕਰ ਦਿਤਾ। ਉਸਨੇ ਆਪਣੇ ਭੱਥੇ ਵਿਚੋਂ ਸਿਰਫ਼ ਦਿੱਲੀ ਦੇ ਵਿਕਾਸ ਦੇ ਤੀਰਾਂ ਨੂੰ ਹੀ ਕੱਢਿਆ, ਕਿਉਂਕਿ ਉਹ ਜਾਣਦਾ ਸੀ ਕਿ ਉਸਦੀ ਸਰਕਾਰ ਦਾ ਕੀਤਾ ਕੰਮ ਹੀ ਉਸ ਦੀ ਤੁਰੁਪ ਦੀ ਚਾਲ ਹੋ ਸਕਦਾ ਹੈ। ਇਹ ਕੋਈ ਸਬੱਬੀ ਗਲ ਨਹੀਂ ਕਿ ਅਮਿਤ ਸ਼ਾਹ ਨੇ ਸ਼ਾਹੀਨ ਬਾਗ ਦੇ ਸ਼ਾਂਤਮਈ ਵਿਰੋਧ ਨੂੰ ‘ਆਪ’ ਦੀ ਸ਼ਹਿ ਉਤੇ ਹੋ ਰਹੇ ਹੋਣ ਦਾ ਇਲਜ਼ਾਮ ਲਾਇਆ, ਪਰ ਕੇਜਰੀਵਾਲ ਨੇ ਉਸ ਥਾਂ ਨੂੰ ਖਾਲੀ ਕਰਾਉਣ ਦੀ ਜ਼ਿੰਮੇਵਾਰੀ ਦਾ ਭਾਂਡਾ ਵਾਪਸ ਅਮਿਤ ਸ਼ਾਹ ਦੇ ਸਿਰ ਹੀ ਭੰਨਿਆ; ਇਹ ਕਹਿ ਕੇ ਕਿ ਦਿਲੀ ਦੀ ਪੁਲਸ ਤਾਂ ਅਮਿਤ ਸ਼ਾਹ ਹੇਠ ਹੈ, ਜੇ ਉਹ ਚਾਹੇ ਤਾਂ ਕਿਸੇ ਦਿਨ ਵੀ ਲੋਕਾਂ ਨੂੰ ਉਥੋਂ ਉਠਾ ਸਕਦਾ ਹੈ ਪਰ ਉਹ ਵੋਟਾਂ ਹੂੰਝਣ ਦੀ ਖਾਤਰ ਜਾਣ ਬੁਝ ਕੇ ਸ਼ਾਹੀਨ ਬਾਗ ਦੇ ਮੁੱਦੇ ਨੂੰ ਲਮਕਾਉਣਾ ਚਾਹੁੰਦਾ ਹੈ। ਕੇਜਰੀਵਾਲ ਇਹ ਚੋਣਾਂ ਜਿਤ ਹੀ ਇਸ ਲਈ ਸਕਿਆ ਕਿਉਂਕਿ ਉਸਨੇ ਹਰ ਉਸ ਮੁੱਦੇ ਵਿਚ ਉਲਝਣ ਤੋਂ ਟਾਲਾ ਵੱਟ ਲਿਆ ਜੋ ਕੱਟੜ ਹਿੰਦੂ ਵੋਟਰਾਂ ਨੂੰ ਉਸ ਕੋਲੋਂ ਦੂਰ ਕਰ ਸਕਦੀਆਂ ਸਨ।

ਇਸ ਗਲ ਨੂੰ ਡੂੰਘਾਈ ਵਿਚ ਸਮਝ ਸਕਣ ਲਈ ਪਟਪੜਗੰਜ ਹਲਕੇ ਤੋਂ ਮਨੀਸ਼ ਸਿਸੋਦੀਆ ਦੀ ਬੜੀ ਫਸਵੀਂ ਟੱਕਰ ਬਾਅਦ ਹੋਈ ਸਹਿਕਵੀਂ ਜਿਤ ਦੀ ਮਿਸਾਲ ਕਾਰਗਰ ਹੈ। ਮਨੀਸ਼ ‘ਆਪ’ ਪਾਰਟੀ ਦਾ ਇਕੋ ਇਕ ਆਗੂ ਹੈ ਜਿਸ ਨੇ ਸਪਸ਼ਟ ਸ਼ਬਦਾਂ ਵਿਚ ਸ਼ਾਹੀਨ ਬਾਗ ਵਿਚ ਜਾਰੀ ਵਿਰੋਧ ਦਾ ਸਮਰਥਨ ਕੀਤਾ ਸੀ ਇਹ ਮੰਨਦਿਆਂ ਕਿ ਨਾਗਰਿਕਤਾ ਸੰਸ਼ੋਧਨ ਕਾਨੂੰਨ ਦੇ ਮੁੱਦੇ ਉਤੇ ਆਪਣਾ ਰੋਹ ਪ੍ਰਗਟਾਉਣਾ ਜਨਤਾ ਦਾ ਜਮਹੂਰੀ ਹੱਕ ਹੈ। ਉਸਦੇ ਇਸ ਬਿਆਨ ਨੂੰ ਭਾਜਪਾ ਨੇ ਘਰ-ਘਰ ਜਾ ਕੇ ਦੁਸ਼ਪਰਚਾਰਿਆ। ਉਸਦੇ ਭਾਸ਼ਣ ਦਾ ਇਕ ਸੰਦਰਭੋਂ ਵਿਹੂਣਾ ਵੀਡੀਓ-ਟੋਟਾ ਕਾਲੋਨੀ ਪਰਮੁਖਾਂ ਰਾਹੀਂ ਗਲੀ ਗਲੀ ਜਾ ਕੇ ਵੋਟਰਾਂ ਨੂੰ ਦਿਖਾਇਆ ਗਿਆ ਅਤੇ ਇਹ ਸਿਧ ਕਰਨ ਦੀ ਕੋਸ਼ਿਸ਼ ਕੀਤੀ ਗਈ ਕਿ ਉਹ ਮੁਸਲਮਾਨਪ੍ਰਸਤ ( ਯਾਨੀ ਭਾਜਪਾਈ ਜ਼ਬਾਨ ਵਿਚ ਦੇਸ਼-ਧਰੋਹੀ) ਹੈ। ਇਸਦਾ ਨਤੀਜਾ ਇਹ ਹੋਇਆ ਕਿ ਪਿਛਲੀਆਂ ਚੋਣਾਂ ਵਿਚ ਏਸੇ ਹਲਕੇ ਤੋਂ ਤਕਰੀਬਨ 30,000 ਵੋਟਾਂ ਦੇ ਫ਼ਰਕ ਨਾਲ ਜੇਤੂ ਰਿਹਾ ਮਨੀਸ਼ ਸਿਸੋਦੀਆ ਇਸ ਵਾਰ ਮੁਸ਼ਕਲ ਨਾਲ 3000 ਵੋਟਾਂ ਦੇ ਫ਼ਰਕ ਨਾਲ ਜਿਤ ਸਕਿਆ। ਮਨੀਸ਼ ਸਿਸੋਦੀਆ ਦੇ ਇਕ ਬਿਆਨ ਕਾਰਨ ਭਾਜਪਾ ਵੋਟਰਾਂ ਦਾ ਧਰੁਵੀਕਰਣ ਕਰਨ, ਉਨ੍ਹਾਂ ਨੂੰ ‘ਰਾਸ਼ਟਰਵਾਦੀ’ ਅਤੇ ‘ਦੇਸ਼-ਧਰੋਹੀ’ ਦੇ ਭਰਮਾਊ ਕੋਨਿਆਂ ਵਲ ਧੱਕਣ ਵਿਚ ਕਾਮਯਾਬ ਹੋਈ ਅਤੇ ਮਨੀਸ਼ ਸਿਸੋਦੀਆ ਵੋਟਾਂ ਦੀ ਗਿਣਤੀ ਹੋਣ ਸਮੇਂ ਸਾਰਾ ਦਿਨ ਹਾਰ-ਜਿਤ ਵਿਚਕਾਰ ਝੂਲਦਾ ਰਿਹਾ।

ਵੋਟਰਾਂ ਦਾ ਇਹੋ ਜਿਹਾ ਵਰਤਾਰਾ ਇਸ ਗੱਲ ਵਲ ਵੀ ਇਸ਼ਾਰਾ ਕਰਦਾ ਹੈ ਕਿ ਅਰਵਿੰਦ ਕੇਜਰੀਵਾਲ ਨੇ ਸਾਰੇ ਚੋਣ ਪਰਚਾਰ ਦੌਰਾਨ ਵਿਚਾਰਧਾਰਕ ਮੁੱਦਿਆਂ ਬਾਰੇ ਕਿਸੇ ਕਿਸਮ ਦੀ ਵੀ ਸਪਸ਼ਟ ਬਿਆਨੀ ਕਰਨ ਦੀ ਥਾਂ ਸਾਰਾ ਸਮਾਂ ਆਪਣੀ ਸਰਕਾਰ ਦੇ ਕੀਤੇ ਕੰਮਾਂ ਜਾਂ ਪਿਛਲੇ ਪੰਜ ਵਰਿ੍ਹਆਂ ਦੀਆਂ ਪ੍ਰਾਪਤੀਆਂ ਵਲ ਕਿਉਂ ਕੇਂਦਰਤ ਕੀਤੇ ਰਖਿਆ। ਉਹ ਜਾਣਦਾ ਸੀ ਕਿ ਨਾਗਰਿਕਤਾ ਕਾਨੂੰਨ, ਰਾਸ਼ਟਰਵਾਦ ਅਤੇ ਸ਼ਾਹੀਨ ਬਾਗ ਦੇ ਸਵਾਲਾਂ ਉਤੇ ਭਾਜਪਾ ਉਸਨੂੰ ਫਸਾਉਣ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਇਨ੍ਹਾਂ ਮੁੱਦਿਆਂ ਉਤੇ ਆਪਣਾ ਮਨ ਖੋਲ੍ਹਣਾ ਜਾਂ ਤਾਂ ਕੱਟੜ ਹਿੰਦੂ ਵੋਟ ਨੂੰ ਉਸ ਤੋਂ ਲਾਂਭੇ ਕਰ ਦੇਵੇਗਾ, ਤੇ ਜਾਂ ਫੇਰ ਉਦਾਰਵਾਦੀ ਕਿਸਮ ਦੇ ਲੋਕਾਂ ਵਿਚ ਉਸ ਦੀ ਸਿਆਸਤ ਬਾਰੇ ਸ਼ੰਕੇ ਖੜੇ ਕਰ ਦੇਵੇਗਾ।

ਇਸਲਈ ਆਪ ਦੀ ਇਸ ਜਿਤ ਦਾ ਸਵਾਗਤ ਕਰਦੇ ਹੋਏ ਵੀ ਦੇਸ ਦੇ ਭਵਿਖ ਲਈ ਕੁਝ ਗੱਲਾਂ ਵਲ ਧਿਆਨ ਦੇਣ ਦੀ ਲੋੜ ਹੈ। ਪਹਿਲੀ ਇਹ, ਕਿ ਇਸ ਜਿਤ ਨੂੰ ਹਿੰਦੁਤਵ-ਵਾਦੀ ਮਾਨਸਕਤਾ ਦੀ ਨਿਰਣਈ ਹਾਰ ਸਮਝ ਲੈਣਾ ਵੱਡੀ ਗਲਤੀ ਹੋਵੇਗੀ। ਪਿਛਲੇ ਕੁਝ ਦਹਾਕਿਆਂ ਤੋਂ ਸੰਘ ਸ਼ਾਖਾਵਾਂ, ਅਤੇ ਪਿਛਲੇ ਕੁਝ ਵਰਿ੍ਹਆਂ ਤੋਂ ਭਾਜਪਾ ਸਰਕਾਰ ਨੇ ਜਿਸ ਕਿਸਮ ਦੇ ਧਾਰਮਕ ਕੱਟੜਵਾਦ ਨੂੰ ਸਿੰਜਿਆ ਹੈ ਉਸਦੀਆਂ ਜੜ੍ਹਾਂ ਬਹੁਤ ਡੂੰਘੀਆਂ ਹੋ ਚੁਕੀਆਂ ਹਨ, ਅਤੇ ਟਾਹਣੀਆਂ ਬਹੁਤ ਪੱਲਰ ਚੁਕੀਆਂ ਹਨ। ਹਕੀਕਤ ਇਹ ਹੈ ਕਿ ਅਜੇ ਲੰਮਾ ਸਮਾਂ ਦੇਸ ਦੀ ਸਿਆਸਤ ਦਾ ਏਜੰਡਾ ਭਾਜਪਾ ਹੀ ਤੈਅ ਕਰਦੀ ਰਹੇਗੀ, ਅਤੇ ਵਿਰੋਧੀ ਧਿਰਾਂ ਨੂੰ ਹਰ ਵਾਰ ਉਸ ਨਾਲ ਸਿਝਣ ਦਾ ਜਵਾਬੀ ਪੈਂਤੜਾ ਬਣਾਉਣਾ ਪਵੇਗਾ। ਆਪਣੇ ਪਿਛਲੇ ਕੀਤੇ ਕੰਮ ਦੇ ਆਧਾਰ ‘ਤੇ ਕੇਜਰੀਵਾਲ ਭਾਜਪਾ ਦੇ ਏਜੰਡੇ ਨੂੰ ਮਾਤ ਦੇ ਸਕਿਆ ਜਿਸ ਲਈ ਉਹ ਹੱਕੀ ਵਧਾਈ ਦਾ ਪਾਤਰ ਹੈ, ਪਰ ਇਹ ਆਧਾਰ ਬਹੁਤੇ ਹੋਰ ਦਲਾਂ ਕੋਲ ਮੌਜੂਦ ਨਹੀਂ, ਕਿਉਂਕਿ ਪਿਛਲੇ ਕੀਤੇ ਕੰਮ ਤੇ ਕੋਈ ਮਾਣ-ਯੋਗ ਪ੍ਰਾਪਤੀਆਂ ਉਨ੍ਹਾਂ ਦੇ ਅਸਲਾਖਾਨੇ ਵਿਚ ਸ਼ਾਮਲ ਹੀ ਨਹੀਂ। ਜੇ ਉਨ੍ਹਾਂ ਨੇ ਸੂਬਾ ਦਰ ਸੂਬਾ ਹਿੰਦੁਤਵ-ਵਾਦੀ ਸਿਆਸਤ ਨੂੰ ਭਾਂਜ ਦੇਣੀ ਹੈ ਤਾਂ ਉਨ੍ਹਾਂ ਨੂੰ ਪਹਿਲੋਂ ਪੂਰੀ ਤਨਦਿਹੀ ਨਾਲ ਜਨਤਕ ਭਲਾਈ ਦੇ ਕੰਮਾਂ ਵਲ ਧਿਆਨ ਦੇਣਾ ਪਵੇਗਾ ਤਾਂ ਜੋ ਚੋਣਾਂ ਸਮੇਂ ਉਹ ਵਿਹੁਲੇ ਜਾਂ ਲੋਕ-ਮਨਾਂ ਨੂੰ ਭਰਮਾਊ ਪਰਚਾਰ ਦਾ ਜਵਾਬ ਆਪਣੇ ਕੀਤੇ ਕੰਮ ਦੇ ਰਿਕਾਰਡ ਰਾਹੀਂ ਦੇ ਸਕਣ। ਭਾਜਪਾ ਤਾਂ ਆਪਣੀ ਅਜ਼ਮਾਈ ਹੋਈ ਵੋਟਰ ਧਰੁਵੀਕਰਣ ਦੀ ਨੀਤੀ ਨੂੰ ਸਿਰਫ਼ ਦਿੱਲੀ ਦੀ ਹਾਰ ਕਾਰਨ ਤਜ ਨਹੀਂ ਦੇਣ ਲੱਗੀ।
 
ਅਤੇ ਦੂਜੀ ਗਲ ਇਹ ਕਿ ਭਾਰਤ ਦੀ ਸੈਕੂਲਰ ਜਾਂ ਬਹੁਰੰਗੀ, ਬਹੁਧਰਮੀ ਦਿਖ ਨੂੰ ਪਰਣਾਏ ਹੋਏ ਲੋਕਾਂ ਨੂੰ ਵੀ ਵਧੇਰੇ ਸਰਗਰਮ ਤੇ ਸੁਚੇਤ ਹੋਣ ਦੀ ਲੋੜ ਹੈ। ਦਰਅਸਲ ਪਿਛਲੇ ਕੁਝ ਸਾਲਾਂ ਵਿਚ ਸਾਡਾ ਸਮਾਜਕ ਤਾਣਾ ਬਾਣਾ ਏਨਾ ਵੰਡਿਆ ਅਤੇ ਉਲਝਾਇਆ ਜਾ ਚੁਕਾ ਹੈ ਕਿ ਕਹਿੰਦੇ ਕਹਾਉਂਦੇ ਸਿਆਣੇ ਲੋਕ ਵੀ ਰੋਜ਼ ਹੁੰਦੇ ਕੂੜ-ਪਰਚਾਰ ਦੀ ਮਾਰ ਹੇਠ ਆ ਗਏ ਦਿਸਦੇ ਹਨ। ਮੁੱਦਾ ਕਸ਼ਮੀਰ ਵਰਗਾ ਉਲਝਿਆ ਹੋਵੇ ਜਾਂ ਮੁਸਲਮਾਨ ਵੱਸੋਂ ਵਿਚ ਵਾਧੇ ਬਾਰੇ ਸਿੱਧੇ ਝੂਠ ਦਾ, ਪੜ੍ਹੇ ਲਿਖੇ ਲੋਕ ਵੀ ਇਸ ਕਿਸਮ ਦੇ ਨਿਤ ਪਰਚਾਰ ਦੀ ਮਾਰ ਹੇਠ ਆਏ ਦਿਸਦੇ ਹਨ। ਬਹੁਤ ਸਾਰੇ ਚੇਤੰਨ ਲੋਕ ਵੀ ਧਾਰਾ 370 ਦੀ ਬੇਸੋਚੀ ਹਮਾਇਤ ਕਰਨ ਤੇ ਉਤਰ ਆਂਦੇ ਹਨ, ਪਰ ਇਸ ਗਲ ਵਲ ਧਿਆਨ ਨਹੀਂ ਦੇਂਦੇ ਕਿ ਇਸ ਧਾਰਾ ਦੇ ਹੁੰਦਿਆਂ ਕਸ਼ਮੀਰ ਕਿਵੇਂ ਭਾਰਤ ਤੋਂ ਵੱਖ ਸੀ, ਤੇ ਇਸ ਦੇ ਹਟਾਉਣ ਨਾਲ ਕਿੰਨੇ ਕੁ ਪੀਡੇ ਢੰਗ ਨਾਲ ਭਾਰਤ ਨਾਲ ਜੁੜ ਗਿਆ ਹੈ। ਪੜ੍ਹੇ ਲਿਖੇ ਲੋਕ ਵੀ ਮੁਸਲਮਾਨਾਂ ਦੀ ਵਧਦੀ ਆਬਾਦੀ ਤੇ ਉਨ੍ਹਾਂ ਦੀਆਂ ਚਾਰ ਚਾਰ ਬੀਵੀਆਂ ਦੇ ਹਵਾਲੇ ਝਟ ਦੇਣ ਲਗ ਪੈਣਗੇ ਪਰ ਇਕ ਵੀ ਅਜਿਹੇ ਮੁਸਲਮਾਨ ਨੂੰ ਨਹੀਂ ਜਾਣਦੇ ਹੋਣਗੇ ਜਿਸਦੀਆਂ ਚਾਰ ਬੀਵੀਆਂ ਹੋਣ। ਅਤੇ ਇਹ ਵੀ ਭੁਲ ਜਾਣਗੇ ਕਿ ਵਧ ਬੱਚੇ ਭਾਂਵੇਂ ਮੁਸਲਮਾਨਾਂ ਦੇ ਹੋਣ, ਭਾਂਵੇਂ ਦਲਿਤਾਂ ਦੇ ਤੇ ਭਾਂਵੇਂ ਪਰਵਾਸੀ ਮਜ਼ਦੂਰਾਂ ਦੇ; ਉਹ ਪੈਦਾ ਉਨ੍ਹਾਂ ਟੱਬਰਾਂ ਵਿਚ ਹੀ ਹੁੰਦੇ ਹਨ ਜੋ ਜਹਾਲਤ ਅਤੇ ਗਰੀਬੀ ਦੇ ਮਾਰੇ ਹੁੰਦੇ ਹਨ। ਕੋਈ ਫਿਰਕਾ ਵਿਸ਼ੇਸ਼ ਵਧ ਬੱਚੇ ਪੈਦਾ ਨਹੀਂ ਕਰਦਾ। ਮੁਕਦੀ ਗਲ, ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਧਰਮ ਅਧਾਰਤ ਪਰਚਾਰ ਏਨੀ ਡੂੰਘੀ ਮਾਰ ਕਰ ਚੁਕਾ ਹੈ ਕਿ ਅਜ ਸਾਨੂੰ ਆਪਣੇ ਘਰਾਂ ਅਤੇ ਮਿਤਰ ਢਾਣੀਆਂ ਵਿਚ ਬਹਿਸਾਂ ਕਰਨ ਦੀ ਲੋੜ ਪੈ ਰਹੀ ਹੈ।

ਆਪ ਦੀ ਇਸ ਹੌਸਲਾ ਬਨ੍ਹਾਊ ਜਿਤ ਦੇ ਮੁੱਢਲੇ ਦਿਨਾਂ ਵਿਚ ਵੀ ਇਨ੍ਹਾਂ ਬੇਆਰਾਮ ਕਰਨ ਵਾਲੇ ਸਵਾਲਾਂ ਨਾਲ ਦੋ ਚਾਰ ਹੋਏ ਬਿਨਾ ਸਾਡੇ ਦੇਸ ਦੇ ਭਵਿਖ ਦੀ ਦਿਸ਼ਾ ਤੈਅ ਕਰਨੀ ਸੌਖੀ ਨਹੀਂ ਹੋਣ ਲੱਗੀ।

Comments

Security Code (required)



Can't read the image? click here to refresh.

Name (required)

Leave a comment... (required)





ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ