Sat, 20 April 2024
Your Visitor Number :-   6988252
SuhisaverSuhisaver Suhisaver

ਉੱਤਰਾਖੰਡ ਕੁਦਰਤੀ ਆਫ਼ਤ ਅਤੇ ਮੀਡੀਆ -ਵਿਕਰਮ ਸਿੰਘ ਸੰਗਰੂਰ

Posted on:- 11-10-2013

suhisaver

ਉੱਤਰਾਖੰਡ ਨੂੰ ਕੁਦਰਤੀ ਆਫ਼ਤ ਦਾ ਮੂੰਹ ਤੱਕਿਆਂ ਚਾਰ ਮਹੀਨਿਆਂ ਤੋਂ ਵੱਧ ਦਾ ਸਮਾਂ ਹੋਣ ਵਾਲ਼ਾ ਹੈ।ਹੁਣ ਉੱਥੋਂ ਦੇ ਹਾਲਾਤ ਕੀ ਹਨ? ਉਹ ਲੋਕ, ਜਿਨ੍ਹਾਂ ਦਾ ਕਾਰੋਬਾਰ, ਘਰ ਅਤੇ ਪਰਿਵਾਰਕ ਜੀਆਂ ਨੂੰ ਇਸ ਕਹਿਰ ਨੇ ਆਪਣੇ ਨਾਲ ਰੋੜ੍ਹ ਲਿਆ ਸੀ, ਆਪਣੀ ਜ਼ਿੰਦਗੀ ਕਿਸ ਤਰ੍ਹਾਂ ਬਸਰ ਕਰ ਰਹੇ ਹਨ? ਇਸ ਤਰ੍ਹਾਂ ਦੇ ਕਈ ਸਵਾਲ ਅਜੇ ਵੀ ਸਵਾਲ ਬਣ ਕੇ ਖਲੋਤੇ ਹੋਏ ਹਨ, ਜਿਸ ਬਾਬਤ ਉਸ ਮੀਡੀਆ ਨੇ ਹੁਣ ਆਪਣੇ ਬੁੱਲ੍ਹ ਸੀਅ ਲਏ ਹਨ, ਜੋ ਇਸ ਆਫ਼ਤ ਦੇ ਆਉਣ ਪਿੱਛੋਂ ਖ਼ੁਦ ਇਸ ਤ੍ਰਾਸਦੀ ਨੂੰ ਕਵਰ ਕਰਨ ਵਾਸਤੇ ਮੁਕਾਬਲੇਬਾਜ਼ੀ ਦੀ ਆਫ਼ਤ ਵਿੱਚ ਫ਼ਸ ਗਿਆ ਸੀ।ਜਿਹੜੇ ਭਾਰਤੀ ਖ਼ਬਰਾਂ ਵਾਲ਼ੇ ਚੈਨਲ ਇਸ ਹਾਦਸੇ ਨੂੰ ਲਗਾਤਾਰ ਆਪਣੇ ਨਿੱਕੇ ਪਰਦੇ ’ਤੇ ਦਿਖਾ ਰਹੇ ਸਨ, ਉੱਥੋਂ ਹੁਣ ਇਹ ਮੁੱਦਾ ਇਵੇਂ ਹੂੰਝਿਆ ਗਿਆ ਹੈ, ਜਿਵੇਂ ਕਦੀ ਉੱਤਰਾਖੰਡ ਨੇ ਇਸ ਕੁਦਰਤੀ ਆਫ਼ਤ ਨੂੰ ਆਪਣੇ ਪਿੰਡੇ ’ਤੇ ਕਦੀ ਹੰਢਾਇਆ ਹੀ ਨਾ ਹੋਵੇ।ਜੇਕਰ ਇਸ ਸੰਬੰਧੀ ਕਿਸੇ ਚੈਨਲ ਵੱਲੋਂ ਹੁਣ ਇੱਕਾ-ਦੁੱਕਾ ਖ਼ਬਰਾਂ ਆ ਵੀ ਰਹੀਆਂ ਹਨ ਤਾਂ ਉਸ ਦਾ ਸੰਬੰਧ ਜ਼ਿਆਦਾਤਰ ਕੇਦਾਰਨਾਥ ਮੰਦਿਰ ਦੀ ਯਾਤਰਾ ਦਾ ਮੁੜ ਸ਼ੁਰੂ ਹੋਣ ਸੰਬੰਧੀ ਹੈ, ਨਾ ਕਿ ਕੁਦਰਤੀ ਆਫ਼ਤ ਪਿੱਛੋਂ ਪੈਦਾ ਹੋਏ ਉਨ੍ਹਾਂ ਹਾਲਾਤ ਸੰਬੰਧੀ, ਜਿਨ੍ਹਾਂ ਵਿੱਚ ਉਥੋਂ ਦੇ ਲੋਕ ਆਪਣੀ ਜ਼ਿੰਦਗੀ ਗੁਜ਼ਾਰ ਰਹੇ ਹਨ।



ਇਹ ਤਾਂ ਉੱਤਰਾਖੰਡ ਵਿੱਚ ਕੁਦਰਤੀ ਆਫ਼ਤ ਆਉਣ ਪਿੱਛੋਂ ਮੀਡੀਆ ਦੇ ਚਿਹਰੇ ਦੀਆਂ ਕੁਝ ਝਲਕੀਆਂ ਹਨ, ਪਰ ਇਸ ਆਫ਼ਤ ਦੌਰਾਨ ਮੀਡੀਆ ਦੇ ਅੱਧ ਤੋਂ ਵੱਧ ਹਿੱਸੇ ਨੇ ਆਪਣਾ ਜੋ ਕਿਰਦਾਰ ਨਿਭਾਇਆ, ਉਸ ਨੇ ਉਸ ਦੇ ਸਵੈ-ਨਿਯੰਤਰਣ ਵਾਲੀ ਗੱਲ ’ਤੇ ਪਾਣੀ ਫੇਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਹਨ। ਜਦੋਂ ਉੱਤਰਾਖੰਡ ਕੁਦਰਤੀ ਆਫ਼ਤ ਦਾ ਸ਼ਿਕਾਰ ਹੋਇਆ, ਉਸ ਸਮੇਂ ਮੀਡੀਆ, ਖ਼ਾਸ ਕਰ ਨਿੱਜੀ ਖ਼ਬਰਾਂ ਵਾਲ਼ੇ ਟੀ ਵੀ ਚੈਨਲਾਂ ਦੇ ਪੱਤਰਕਾਰਾਂ ਵਿੱਚ ਸਭ ਤੋਂ ਪਹਿਲਾਂ ਕੇਦਾਰਨਾਥ ਮੰਦਿਰ ਦੀਆਂ ਤਸਵੀਰਾਂ ਲੈਣ ਲਈ ਮੁਕਾਬਲੇਬਾਜ਼ੀ ਦੀ ਅੰਨ੍ਹੀ ਦੌੜ ਸ਼ੁਰੂ ਹੋ ਗਈ।ਲੋਕਾਂ ਨੂੰ ਇਸ ਔਖੀ ਘੜੀ ਵਿੱਚ ਹੌਸਲਾ ਦੇਣ ਦੀ ਬਜਾਏ ਇਨ੍ਹਾਂ ਚੈਨਲਾਂ ਨੇ ਇਸ ਹੜ੍ਹ ਨੂੰ ‘ਹਿਮਾਲਿਆ ਦੀ ਸੁਨਾਮੀ’ ਆਖ ਕੇ ਆਪਣੇ ਸੱਜਣ-ਪਿਆਰਿਆਂ ਦੀ ਉਡੀਕ ਕਰ ਰਹੇ ਕਈ ਲੋਕਾਂ ਦੀਆਂ ਆਸਾਂ ’ਤੇ ਸੱਟ ਮਾਰਨ ਦਾ ਯਤਨ ਕੀਤਾ। ਇਸ ਦੌਰਾਨ ਟੀ ਵੀ ਸਕਰੀਨਾਂ ਉੱਤੇ ਕਿਧਰੇ ਦੋ ਪਾਰਟੀਆਂ ਦੇ ਨੇਤਾਵਾਂ ਦੀ ਬਹਿਸ ਦੇ ਨਾਂਅ ’ਤੇ ਉਨ੍ਹਾਂ ਨੂੰ ਲੜਾਇਆ ਜਾ ਰਿਹਾ ਸੀ ਅਤੇ ਕਿਧਰੇ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਭੜਕਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸਨ।ਇਸ ਸਮੇਂ ਕਈ ਚੈਨਲਾਂ ਉੱਤੇ ਕਿਸੇ ਆਫ਼ਤ ਪੀੜਤ ਨੂੰ ਦੇਖਦੇ ਹੀ ਉਸ ’ਤੇ ਪੱਤਰਕਾਰਾਂ ਦਾ ਝੁੰਡ ਇਵੇਂ ਟੁੱਟਦਾ ਹੋਇਆ ਵੀ ਦਿਖਾਈ ਦਿੱਤਾ, ਜਿਵੇਂ ਕੋਈ ਦੁਸ਼ਮਨ ਉੱਤੇ ਹੱਲਾ ਬੋਲ ਰਿਹਾ ਹੋਵੇ।

ਜਿਉਂ-ਜਿਉਂ ਉਤਰਾਖੰਡ ਦੀ ਇਸ ਤ੍ਰਾਸਦੀ ਦੇ ਦਿਨ ਲੰਘਦੇ ਜਾ ਰਹੇ ਸਨ, ਤਿਉਂ-ਤਿਉਂ ਖ਼ਬਰਾਂ ਵਾਲ਼ੇ ਨਿੱਜੀ ਟੀ ਵੀ ਚੈਨਲਾਂ ਦੇ ਪਰਦੇ ਕਿਸੇ ਸਰਕਸ ਸ਼ੋਅ ਦਾ ਰੂਪ ਅਖ਼ਤਿਆਰ ਕਰੀ ਜਾ ਰਹੇ ਸਨ। ਦਰਸ਼ਕਾਂ ਨੂੰ ਆਪਣੇ ਵੱਲ ਖਿੱਚਣ ਅਤੇ ਦੂਜੇ ਚੈਨਲਾਂ ਤੋਂ ਵੱਖਰਾ ਕਰ ਗੁਜ਼ਰਨ ਹੋੜ ਵਿੱਚ ਇਨ੍ਹਾਂ ਚੈਨਲਾਂ ਵੱਲੋਂ ਜਾਣਕਾਰੀ ਦੇਣ ਦਾ ਇੱਕ ਵਿਲੱਖਣ ਅੰਦਾਜ਼ ਘੜ੍ਹਿਆ ਗਿਆ, ਜਿਸ ਵਿੱਚ ਪੱਤਰਕਾਰ ਪਹਾੜੀਆਂ ਤੋਂ ਰੱਸੀ ਨਾਲ ਥੱਲੇ ਉੱਤਰਦਾ, ਨਦੀ ਦੇ ਉੱਪਰੋਂ ਰੱਸੀ ਨਾਲ ਦੂਜੇ ਕਿਨਾਰੇ ਵੱਲ ਜਾਂਦਾ ਅਤੇ ਕੋਈ ਦਰਖ਼ਤ ਉੱਤੇ ਚੜ੍ਹ ਕੇ ਰਿਪੋਰਟਿੰਗ ਕਰਦਾ ਆਦਿ ਦਿਖਾਈ ਦਿੱਤਾ। ਅਜਿਹੇ ਪੱਤਰਕਾਰਾਂ ਨੂੰ ਜਾਂਬਾਜ਼, ਮੌਤ ਨਾਲ ਖੇਡਨ ਵਾਲਾ ਜਿਹੇ ਵਿਸ਼ੇਸ਼ਣ ਲਗਾ ਕੇ ਕਈ ਚੈਨਲ ਆਪਣੀਆਂ ਤਾਰੀਫ਼ਾਂ ਦੇ ਪੁੱਲ ਬਣਦੇ ਹੋਏ ਦਿਖਾਈ ਦਿੱਤੇ।ਇੱਥੋਂ ਤੱਕ ਕੇ ਇੱਕ ਟੀ ਵੀ ਪੱਤਰਕਾਰ ਪਾਣੀ ਵਿੱਚ ਖਲੋਤੇ ਇੱਕ ਬੱਚੇ ਦੇ ਮੋਢਿਆਂ ਉੱਤੇ ਚੜ੍ਹ ਕੇ ਇਸ ਕੁਦਰਤੀ ਆਫ਼ਤ ਦਾ ਅੱਖੀਂ ਡਿੱਠਾ ਹਾਲ ਸੁਣਾਉਂਦੇ ਹੋਏ ਪ੍ਰਸ਼ਾਸਨ ਨੂੰ ਕੋਸਦਾ ਹੋਇਆ ਵੀ ਨਜ਼ਰ ਆਇਆ।ਬਾਅਦ ਵਿੱਚ ਜਦੋਂ ਇਸ ਪੱਤਰਕਾਰ ਦੀ ਇਸ ਵੀਡੀਓ ਦਾ ਮਸਲਾ ਸਮਾਜਿਕ ਮੀਡੀਆ ਉੱਤੇ ਭਖਿਆ ਤਾਂ ਸੰਬੰਧਤ ਟੀ ਵੀ ਚੈਨਲ ਵੱਲੋਂ ਇਸ ਪੱਤਰਕਾਰ ਦੀਆਂ ਸੇਵਾਵਾਂ ਨੂੰ ਬਰਖ਼ਾਸਤ ਕਰ ਦਿੱਤਾ ਗਿਆ।

ਨਿੱਜੀ ਖ਼ਬਰਾਂ ਵਾਲ਼ੇ ਟੀ ਵੀ ਚੈਨਲਾਂ ਵਿੱਚ ਕੁਲ ਮਿਲਾ ਕੇ ਇਸ ਤ੍ਰਾਸਦੀ ਸੰਬੰਧੀ ਗੰਭੀਰ ਰਿਪੋਰਟਿੰਗ ਦਾ ਕਾਰਜ ਕਾਫ਼ੀ ਹੱਦ ਤਕ ਖ਼ਾਰਿਜ ਹੀ ਰਿਹਾ, ਪਰ ਇਸੇ ਵਰਗ ਦੇ ਕੁਝ ਚੈਨਲ ਅਜਿਹੇ ਵੀ ਸਨ, ਜਿਨ੍ਹਾਂ ਅਜਿਹੀ ਔਖੀ ਘੜੀ ਕਿਧਰੇ ਕਿਧਰੇ ਆਪਣੀ ਨੈਤਿਕਤਾ ਦਾ ਪੱਲ੍ਹਾ ਵੀ ਫੜ੍ਹੀ ਰੱਖਿਆ।ਇਨ੍ਹਾਂ ਵੱਲੋਂ ਵਿਛੜੇ ਲੋਕਾਂ ਦੀ ਸ਼ਨਾਖ਼ਤ ਕਰਨ ਤੇ ਉਨ੍ਹਾਂ ਨੂੰ ਭਾਲਣ, ਪੀੜਤਾਂ ਦੇ ਪਰਿਵਾਰਾਂ ਨਾਲ ਸੰਪਰਕ ਕਰਨ ਤੋਂ ਬਿਨਾਂ ਕਈ ਪੱਤਰਕਾਰਾਂ ਵੱਲੋਂ ਪੀੜਤ ਲੋਕਾਂ ਦੀ ਮਦਦ ਕਰਨਾ ਇਸ ਗੱਲ ਨੂੰ ਦਰਸਾਉਂਦਾ ਹੈ ਕਿ ਇਸ ਮੀਡੀਆ ਵਿੱਚ ਹਾਲੇ ਵੀ ਮਨੁੱਖੀ ਜਜ਼ਬਾਤ ਜਿਊਂਦੇ ਹਨ, ਭਾਵੇਂ ਕਿ ਇਹ ਆਟੇ ਵਿੱਚ ਲੂਣ ਬਰਾਬਰ ਹੀ ਹਨ।

ਟੀ ਵੀ ਤੋਂ ਬਾਅਦ ਬਿਜਲਈ ਮੀਡੀਆ ਦਾ ਦੂਜਾ ਅਹਿਮ ਮਾਧਿਅਮ, ਭਾਵ ਰੇਡੀਓ ਦੀ ਉੱਤਰਾਖੰਡ ਕੁਦਰਤੀ ਆਫ਼ਤ ਬਾਰੇ ਲੋਕਾਂ ਨੂੰ ਦਿੱਤੀ ਜਾਣਕਾਰੀ ਦਾ ਢੰਗ-ਤਰੀਕਾ ਸੁਚੱਜਾ ਰਿਹਾ।ਇਸ ਦਾ ਕਾਰਨ ਇਹ ਵੀ ਹੈ ਕਿ ਭਾਰਤ ਵਿੱਚ ਰੇਡੀਓ ਉੱਤੇ ਖ਼ਬਰਾਂ ਪੇਸ਼ ਕਰਨ ਦਾ ਅਧਿਕਾਰ ਨਿੱਜੀ ਰੇਡੀਓ ਦੇ ਹੱਥਾਂ ਦੀ ਬਜਾਏ ਆਕਾਸ਼ਵਾਣੀ ਕੋਲ ਹੈ।ਲੋਕ ਸੇਵਾ ਪ੍ਰਸਾਰਨ ਹੋਣ ਕਾਰਨ ਆਕਾਸ਼ਵਾਣੀ ਲੋਕਾਂ ਨੂੰ ਸਹੀ ਜਾਣਕਾਰੀ ਦੇਣ ਦਾ ਵਚਨਬੱਧ ਹੈ।ਇਨ੍ਹਾਂ ਮਾਧਿਅਮਾਂ ਤੋਂ ਇਲਾਵਾ ਪ੍ਰਿੰਟ ਮੀਡੀਆ ਦਾ ਇਸ ਮਾਮਲੇ ਵਿੱਚ ਕਿਰਦਾਰ ਕਾਫ਼ੀ ਹੱਦ ਤਕ ਤਸੱਲੀਬਖ਼ਸ਼ ਸੀ।ਇਸ ਸਮੇਂ ਪ੍ਰਿੰਟ ਮੀਡੀਆ ਨੂੰ ਬਹੁਤੀਆਂ ਖ਼ਬਰਾਂ ਨਿਊਜ਼ ਏਜੰਸੀਆਂ ਵੱਲੋਂ ਮੁਹੱਈਆ ਹੋ ਰਹੀਆਂ ਸਨ।ਉੱਤਰਾਖੰਡ ਦੀ ਜ਼ਿੰਦਗੀ ਨੂੰ ਮੁੜ ਲੀਹ ’ਤੇ ਲਿਆਉਣ ਲਈ ਅਖ਼ਬਾਰਾਂ ਵੱਲੋਂ ਆਪਣੇ ਪਾਠਕਾਂ ਤੋਂ ਰਾਹਤ ਫੰਡ ਇਕੱਠਾ ਕਰਕੇ ਪੀੜਤਾਂ ਦੀ ਮਦਦ ਲਈ ਭੇਜਣ ਦੀਆਂ ਕੋਸ਼ਿਸ਼ਾਂ ਨੇ ਵੀ ਇਸ ਆਫ਼ਤ ਦੇ ਮਾਰਿਆਂ ਦੇ ਜ਼ਖ਼ਮਾਂ ’ਤੇ ਮਰਹਮ ਲਗਾਉਣ ਦਾ ਯਤਨ ਕੀਤਾ ਹੈ।

ਉੱਤਰਾਖੰਡ ਵਿੱਚ ਵਾਪਰੀ ਇਸ ਕੁਦਰਤੀ ਆਫ਼ਤ ਦੀ ਘੜੀ ਵਿੱਚ ਕਈ ਜਗ੍ਹਾਂ ਨਿਊ ਮੀਡੀਆ ਦੇ ਅਹਿਮ ਹਿੱਸੇ ਇੰਟਰਨੈੱਟ ਅਤੇ ਮੋਬਾਈਲ਼ ਫ਼ੋਨ ਜਿੱਥੇ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਮੁਲਕ ਵਿੱਚ ਅਫ਼ਵਾਹਾਂ ਅਤੇ ਸਨਸਨੀ ਫੈਲਾਉਣ ਦਾ ਸਬੱਬ ਬਣੇ, ਉੱਥੇ ਇਹ ਮਾਧਿਅਮ ਆਪਣਾ ਸ਼ਾਨਦਾਰ ਕਿਰਦਾਰ ਨਿਭਾਉਂਦੇ ਹੋਏ ਆਮ ਲੋਕਾਂ ਦੀ ਮਦਦ ਵਿੱਚ ਵੀ ਉੱਤਰੇ। ਖੋਜ ਇੰਜਨ ਗੂਗਲ ਨੇ ਇਸ ਮੌਕੇ ਉੱਤਰਾਖੰਡ ਹੜ੍ਹ ਪੀੜਤਾਂ ਲਈ ਇੱਕ ਅਹਿਮ ਕਦਮ ਪੁੱਟਿਆ।ਉਸ ਨੇ ਇਸ ਤ੍ਰਾਸਦੀ ਦੀ ਲਪੇਟ ਵਿੱਚ ਆਏ ਲੋਕਾਂ ਨੂੰ ਭਾਲਣ ਵਿੱਚ ਮਦਦ ਕਰਨ ਹਿੱਤ ਇੱਕ ‘ਪਰਸਨ ਫਾਈਂਡਰ’ ਨਾਂਅ ਦੀ ਐਪਲੀਕੇਸ਼ਨ ਦੀ ਆਨਲਾਈਨ ਸੁਵਿਧਾ ਲੋਕਾਂ ਨੂੰ ਦਿੱਤੀ।ਇਹ ਇੱਕ ਅਜਿਹੀ ਵੈੱਬ ਐਪਲੀਕੇਸ਼ਨ ਸੀ, ਜਿਸ ਦੀ ਮਦਦ ਨਾਲ ਲੋਕ ਕੁਦਰਤੀ ਆਫ਼ਤ ਤੋਂ ਮੁਤਾਸਿਰ ਹੋਏ ਆਪਣੇ ਜਾਣ-ਪਛਾਣ ਵਾਲਿਆਂ ਦੀ ਜਾਣਕਾਰੀ ਇਸ ਉੱਤੇ ਦੇਣ ਤੋਂ ਬਿਨਾਂ ਉਨ੍ਹਾਂ ਨੂੰ ਭਾਲ ਵੀ ਸਕਦੇ ਸਨ।ਇਹ ਐਪਲੀਕੇਸ਼ਨ ਹਿੰਦੀ ਅਤੇ ਅੰਗਰੇਜ਼ੀ ਦੋਹਾਂ ਭਾਸ਼ਾਵਾਂ ਵਿੱਚ ਸੀ।

ਜ਼ਿਕਰਯੋਗ ਹੈ ਕਿ ਸਾਲ 2011 ਵਿੱਚ ਜਾਪਾਨ ਵਿੱਚ ਜਦੋਂ ਸੁਨਾਮੀ ਆਈ ਸੀ ਤਾਂ ਗੂਗਲ ਦੀ ਇਸ ਐਪਲੀਕੇਸ਼ਨ ਨੇ ਗੁਆਚੇ ਲੋਕਾਂ ਨੂੰ ਭਾਲਣ ਵਿੱਚ ਕਾਫੀ ਮਦਦ ਕੀਤੀ ਸੀ।ਇੰਟਰਨੈੱਟ ਤੋਂ ਬਿਨਾਂ ਇਸੇ ਦੌਰਾਨ ਕਈ ਮੋਬਾਈਲ ਕੰਪਨੀਆਂ ਨੇ ਵੀ ਇਸ ਕੁਦਰਤੀ ਆਫ਼ਤ ਦਾ ਸ਼ਿਕਾਰ ਹੋਏ ਲੋਕਾਂ ਦੀ ਬਾਂਹ ਫੜੀ।ਮੋਬਾਈਲ ਕੰਪਨੀਆਂ ਨੇ ਰਾਹਤ ਕੈਂਪਾਂ ਵਿੱਚ ਕਈ ਮੁਫ਼ਤ ਫ਼ੋਨ ਸੁਵਿਧਾ ਸੈਂਟਰ ਸਥਾਪਤ ਕੀਤੇ, ਜਿਸ ਦੀ ਮਦਦ ਨਾਲ ਪੀੜਤ ਲੋਕ ਆਪਣੇ ਜਾਣ-ਪਛਾਣ ਵਾਲਿਆਂ ਨੂੰ ਮੁਫ਼ਤ ਫ਼ੋਨ ਕਾਲ ਕਰ ਸਕਦੇ ਸਨ।ਮੋਬਾਈਲ ਕੰਪਨੀਆਂ ਵੱਲੋਂ ਇਸ ਮੌਕੇ ਇੱਕ ਵਿਸ਼ੇਸ਼ ਸੰਪਰਕ ਨੰਬਰ ਜਾਰੀ ਕੀਤਾ ਗਿਆ, ਜਿਸ ਉੱਤੇ ਸੰਪਰਕ ਕਰਕੇ ਲਾਪਤਾ ਵਿਅਕਤੀ ਦਾ ਨਾਂਅ, ਪਤਾ ਅਤੇ ਮੋਬਾਈਲ ਨੰਬਰ ਦੱਸਣਾ ਹੁੰਦਾ ਸੀ, ਜਿਸ ਦੀ ਆਖ਼ਰੀ ਜਾਂ ਮੌਜੂਦਾ ਸਥਿਤੀ ਦੀ ਜਾਣਕਾਰੀ ਐੱਸ ਐੱਮ ਐੱਸ ਰਾਹੀਂ ਭੇਜ ਦਿੱਤੀ ਜਾਂਦੀ ਸੀ।

ਕਿਸੇ ਖ਼ਾਸ ਕਿਸਮ ਦੀ ਰਿਪੋਰਟਿੰਗ ਸੰਬੰਧੀ ਮੀਡੀਆ ਲਈ ਕੁਝ ਖ਼ਾਸ ਨੈਤਿਕ ਨਿਯਮਾਂ ਨੂੰ ਨਿਰਧਾਰਤ ਕੀਤਾ ਜਾਂਦਾ ਹੈ। ਇਸ ਤਹਿਤ ਕੁਦਰਤੀ ਆਫ਼ਤਾਂ ਸੰਬੰਧੀ ਰਿਪੋਰਟਿੰਗ ਲਈ ਵੀ ਮੀਡੀਆ ਨੇ ਖ਼ੁਦ ਲਈ ਕੁਝ ਨੈਤਿਕ ਨਿਯਮਾਂ ਨੂੰ ਘੜਿਆ ਹੋਇਆ ਹੈ। ਇਹ ਨੈਤਿਕ ਨਿਯਮ ਮੀਡੀਆ ਵਾਸਤੇ ਇਸ ਲਈ ਵੀ ਲੋੜੀਂਦੇ ਹਨ ਕਿ ਉਹ ਅਜਿਹੇ ਨਾਜ਼ਕ ਹਾਲਾਤ ਵਿੱਚ ਆਪਣੀ ਜ਼ਿੰਮੇਵਾਰੀ ਨੂੰ ਸਾਰਥਕ ਢੰਗ ਨਾਲ ਨਿਭਾਅ ਸਕੇ।ਸਿੱਖਿਆ, ਜਾਣਕਾਰੀ ਅਤੇ ਮਨੋਰੰਜਨ ਮੀਡੀਆ ਦੇ ਤਿੰਨ ਅਹਿਮ ਉਦੇਸ਼ ਮੰਨੇ ਜਾਂਦੇ ਹਨ।ਨੈਤਿਕ ਨਿਯਮਾਂ ਮੁਤਾਬਕ ਕੁਦਰਤੀ ਆਫ਼ਤ ਦੇ ਸਮੇਂ ਮੀਡੀਆ ਨੂੰ ਇਨ੍ਹਾਂ ਉਦੇਸ਼ਾਂ ਵਿੱਚੋਂ ਮਨੋਰੰਜਨ ਦਾ ਉਦੇਸ਼ ਖ਼ਾਰਿਜ ਕਰਕੇ ਆਪਣੇ ਦਰਸ਼ਕਾਂ ਨੂੰ ਸਹੀ ਜਾਣਕਾਰੀ ਅਤੇ ਸਿੱਖਿਆ ਦੇਣੀ ਚਾਹੀਦੀ ਹੈ।ਕੁਦਰਤੀ ਆਫ਼ਤਾਂ ਸੰਬੰਧੀ ਸਿੱਖਿਆ ਦਾ ਕਾਰਜ ਜਿੱਥੇ ਅਜਿਹੀਆਂ ਆਫ਼ਤਾਂ ਨੂੰ ਆਉਣ ਤੋਂ ਪਹਿਲਾਂ ਲੋਕਾਂ ਨੂੰ ਤਿਆਰ-ਬਰ-ਤਿਆਰ ਕਰਨ ਲਈ ਸਹਾਇਕ ਸਿੱਧ ਹੋ ਸਕਦਾ ਹੈ, ਉੱਥੇ ਕੁਦਰਤੀ ਆਫ਼ਤ ਆਉਣ ਸਮੇਂ ਅਤੇ ਪਿੱਛੋਂ ਮੀਡੀਆ ਵੱਲੋਂ ਤੱਥ ਭਰਪੂਰ ਸਹੀ ਜਾਣਕਾਰੀ ਦੇਣ ਨਾਲ ਲੋਕਾਂ ਵਿੱਚ ਸਨਸਨੀ ਵਾਲਾ ਮਾਹੌਲ ਵੀ ਪੈਦਾ ਨਹੀਂ ਹੁੰਦਾ।ਅਜਿਹੇ ਹਾਲਾਤ ਵਿੱਚ ਲੋਕਾਂ ਦਾ ਵੀ ਫ਼ਰਜ਼ ਬਣਦਾ ਹੈ ਕਿ ਉਹ ਜਨਤਕ ਮਾਲਕੀ ਵਾਲ਼ੇ ਮੀਡੀਆ ਤੋਂ ਹੀ ਜਾਣਕਾਰੀ ਪ੍ਰਾਪਤ ਕਰਨ ਜਾਂ ਫਿਰ ਅਜਿਹੇ ਮਾਧਿਅਮ ਤੋਂ ਜਿਸ ਦੀ ਜਾਣਕਾਰੀ ਭਰੋਸੇਯੋਗ ਹੋਵੇ।

ਪ੍ਰੈੱਸ ਕੌਂਸਲ ਆਫ਼ ਇੰਡੀਆ ਤਹਿਤ ਕੁਦਰਤੀ ਆਫ਼ਤਾਂ ਸੰਬੰਧੀ ਰਿਪੋਰਟਿੰਗ ਕਰਨ ਸਮੇਂ ਜੋ ਦਿਸ਼ਾ-ਨਿਰਦੇਸ਼ ਪੱਤਰਕਾਰ ਨੂੰ ਦਿੱਤੇ ਗਏ ਹਨ, ਉਨ੍ਹਾਂ ਮੁਤਾਬਕ ਇਹ ਗੱਲ ਵਿਸ਼ੇਸ਼ ਤੌਰ ’ਤੇ ਜ਼ੋਰ ਦੇ ਕੇ ਆਖੀ ਗਈ ਹੈ ਕਿ ਅਜਿਹੇ ਮੌਕੇ ਮੀਡੀਆ ਨੂੰ ਆਫ਼ਤ ਉੱਤੇ ਕਾਬੂ ਪਾਉਣ ਹਿੱਤ ਕੀ ਕਰਨਾ ਚਾਹੀਦਾ ਹੈ ਅਤੇ ਕੀ ਨਹੀਂ, ਇਸ ਸੰਬੰਧੀ ਲੋਕਾਂ ਨੂੰ ਜਾਣਕਾਰੀ ਦੇਣੀ ਚਾਹੀਦੀ ਹੈ, ਨਾ ਕਿ ਤੱਥਾਂ ਨੂੰ ਤੋੜ-ਮਰੋੜ ਕੇ ਲੋਕਾਂ ਦੀਆਂ ਭਾਵਨਾਵਾਂ ਨੂੰ ਉਤੇਜਤ ਕਰਨਾ ਚਾਹੀਦਾ ਹੈ।ਅਜਿਹੇ ਹਾਲਾਤ ਵਿੱਚ ਮੀਡੀਆ ਲਈ ਇਹ ਵੀ ਲਾਜ਼ਮੀ ਹੈ ਕਿ ਉਹ ਸਰਕਾਰੀ ਅਤੇ ਗ਼ੈਰ ਸਰਕਾਰੀ ਏਜੰਸੀਆਂ ਨਾਲ ਮੋਢਾ ਜੋੜ ਕੇ ਕੰਮ ਕਰੇ।
   
ਸੰਚਾਰ ਦਾ ਆਵਾਜ਼-ਦ੍ਰਿਸ਼ ਮਾਧਿਅਮ ਸਭ ਤੋਂ ਸ਼ਕਤੀਸ਼ਾਲੀ ਸੰਚਾਰ ਮਾਧਿਅਮ ਹੁੰਦਾ ਹੈ।ਇਸ ਮਾਧਿਅਮ ਦੀ ਮਦਦ ਨਾਲ ਅਜਿਹੀਆਂ ਦਸਤਾਵੇਜ਼ੀ ਫ਼ਿਲਮਾਂ ਆਦਿ ਆਫ਼ਤ ਸੰਭਾਵਤ ਇਲਾਕਿਆਂ ਵਿੱਚ ਦਿਖਾਈਆਂ ਜਾਣੀਆਂ ਚਾਹੀਦੀਆਂ ਹਨ, ਜਿਨ੍ਹਾਂ ਵਿੱਚ ਕੁਦਰਤੀ ਆਫ਼ਤਾਂ ਆਉਣ ਅਤੇ ਉਨ੍ਹਾਂ ਨਾਲ ਨਜਿੱਠਣ ਦੀ ਮੁੱਢਲੀ ਜਾਣਕਾਰੀ ਦਿੱਤੀ ਗਈ ਹੋਵੇ।ਇਸ ਤੋਂ ਬਿਨਾਂ ਸੂਬਿਆਂ ਦੇ ਆਫ਼ਤ ਪ੍ਰਬੰਧਨ ਵਿਭਾਗ ਦੇ ਮੀਡੀਆ ਕਰਮੀਆਂ ਨੂੰ ਵੀ ਚਾਹੀਦਾ ਹੈ ਕਿ ਉਹ ਅਜਿਹੇ ਸੈਮੀਨਾਰਾਂ ਅਤੇ ਵਰਕਸ਼ਾਪਾਂ ਦਾ ਆਯੋਜਨ ਆਪਣੇ ਖਿੱਤੇ ਵਿੱਚ ਕਰਨ, ਜਿਸ ਵਿੱਚ ਲੋਕਾਂ ਨੂੰ ਵੱਖ-ਵੱਖ ਕਿਸਮ ਦੀਆਂ ਆਫ਼ਤਾਂ ਦੀ ਜਾਣਕਾਰੀ ਦੇਣ ਤੋਂ ਬਿਨਾਂ ਉਨ੍ਹਾਂ ਨਾਲ ਨਜਿੱਠਣ ਦੀ ਵਿਹਾਰਕ ਸਿਖਲਾਈ ਦਿੱਤੀ ਜਾ ਸਕੇ।
ਰੇਡੀਓ ਕੁਦਰਤੀ ਆਫ਼ਤ ਜਿਹੀ ਔਖੀ ਘੜੀ ਆਪਣੀਆਂ ਵਿਲੱਖਣ ਵਿਸ਼ੇਸ਼ਤਾਈਆਂ ਕਾਰਨ ਦੂਜੇ ਸੰਚਾਰ ਮਾਧਿਅਮਾਂ ਤੋਂ ਵੱਧ ਕਾਰਗਰ ਸਿੱਧ ਹੋ ਸਕਦਾ ਹੈ।ਮਾਸਿਕ ਮੈਗਜ਼ੀਨ ‘ਯੋਜਨਾ’ ਦੇ ਜੁਲਾਈ, 2013 ਦੇ ਅੰਕ ਵਿੱਚ ਅਮਰਜੀਤ ਸਿੰਘ ਵੜੈਚ ਅਨੁਸਾਰ ਆਕਾਸ਼ਵਾਣੀ ਦਾ ਪ੍ਰਸਾਰਨ 91.90 ਪ੍ਰਤੀਸ਼ਤ ਖੇਤਰ ਅਤੇ 99.20 ਪ੍ਰਤੀਸ਼ਤ ਆਬਾਦੀ ਨੂੰ ਆਪਣੇ ਕਲਾਵੇ ਵਿੱਚ ਲੈਂਦਾ ਹੈ।ਰੇਡੀਓ ਬਰਫ਼ੀਲੀਆਂ ਪਹਾੜੀਆਂ ਵਿੱਚ ਵੱਸੇ ਲੋਕਾਂ ਅਤੇ ਸਮੁੰਦਰਾਂ ਵਿੱਚ ਮੱਛੀਆਂ ਫੜ੍ਹਨ ਗਏ ਮਛੇਰਿਆਂ ਨੂੰ ਆਫ਼ਤ ਸੰਬੰਧੀ ਪਲਾਂ ’ਚ ਸੁਚੇਤ ਕਰ ਸਕਣ ਦਾ ਸਭ ਤੋਂ ਸ਼ਕਤੀਸ਼ਾਲੀ ਮਾਧਿਅਮ ਹੈ।

ਸੂਚਨਾ ਅਤੇ ਪ੍ਰਸਾਰਨ ਮੰਤਰਾਲਾ ਦੀ 2011-12 ਦੀ ਸਲਾਨਾ ਰਿਪੋਰਟ ਅਨੁਸਾਰ ਹੁਣ ਤਕ ਵਿਭਾਗ ਵੱਲੋਂ 800 ਨਿੱਜੀ ਚੈਨਲਾਂ ਨੂੰ ਮਨਜ਼ੂਰੀ ਦਿੱਤੀ ਜਾ ਚੁੱਕੀ ਹੈ, ਜਿਸ ਵਿੱਚੋਂ 399 ਚੈਨਲ ਖ਼ਬਰਾਂ ਵਾਲੇ ਹਨ।ਇਸ ਹਾਲਤ ਵਿੱਚ ਬਿਜਲਈ ਮੀਡੀਆ ਤਹਿਤ ਖ਼ਬਰਾਂ ਵਾਲੇ ਟੀ ਵੀ ਚੈਨਲਾਂ ਤੋਂ ਪ੍ਰਸਾਰਤ ਕੀਤੀ ਜਾਣ ਵਾਲੀ ਜਾਣਕਾਰੀ ਦੀ ਪ੍ਰਭਾਵੀ ਪਹੁੰਚ ਤੋਂ ਇਨਕਾਰੀ ਨਹੀਂ ਹੋਇਆ ਜਾ ਸਕਦਾ।ਆਫ਼ਤ ਕਿਸੇ ਵੀ ਤਰ੍ਹਾਂ ਦੀ ਆਈ ਹੋਵੇ ਚਾਹੇ ਕੁਦਰਤੀ ਜਾਂ ਮਨੁੱਖੀ, ਇਸ ਮੌਕੇ ਖ਼ਬਰਾਂ ਵਾਲ਼ੇ ਮੀਡੀਆ, ਖ਼ਾਸ ਕਰ ਖ਼ਬਰਾਂ ਵਾਲ਼ੇ ਟੀ ਵੀ ਚੈਨਲਾਂ ਦੀ ਅਹਿਮੀਅਤ ਕਾਫ਼ੀ ਵੱਧ ਜਾਂਦੀ ਹੈ, ਕਿਉਂਕਿ ਇਹ ਆਵਾਜ਼-ਦ੍ਰਿਸ਼ ਮਾਧਿਅਮ ਹੋਣ ਕਾਰਨ ਲੋਕ ਸੂਚਨਾਵਾਂ ਦੀ ਪ੍ਰਾਪਤੀ ਲਈ ਜ਼ਿਆਦਾਤਰ ਇਸ ਮੀਡੀਆ ਉੱਤੇ ਹੀ ਨਿਰਭਰ ਰਹਿੰਦੇ ਹਨ।ਕੁਦਰਤੀ ਆਫ਼ਤ ਬੂਹੇ ਉੱਤੇ ਠੱਕ-ਠੱਕ ਕਰਕੇ ਨਹੀਂ ਆਉਂਦੀ, ਸਗੋਂ ਇਹ ਬੂਹਾ ਤੋੜ ਕੇ ਬਿਨ-ਬੁਲਾਏ ਮਹਿਮਾਨ ਵਾਂਗ ਸਿੱਧਾ ਘਰ ਅੰਦਰ ਆਉਂਦੀ ਹੈ।

ਅਜਿਹੀ ਅਣਕਿਆਸੀ ਆਫ਼ਤ ਨਾਲ ਨਜਿੱਠਣ ਵਾਸਤੇ ਮੀਡੀਆ ਨੂੰ ਗ਼ੈਰ-ਜ਼ਿੰਮੇਵਾਰਾਨਾ ਕਾਰਜ ਵਾਲੀ ਭੇਡ-ਚਾਲ ਤੋਂ ਬਚਦਿਆਂ ਹੋਇਆਂ ਆਪਣੀ ਨੈਤਿਕ ਜ਼ਿੰਮੇਵਾਰੀ ਵਾਲਾ ਰਾਹ ਫੜ੍ਹਨਾ ਚਾਹੀਦਾ ਹੈ।ਅਜਿਹੇ ਪੇਚੀਦਾ ਹਾਲਾਤ ਵਿੱਚ ਮੀਡੀਆ ਦੀ ਸਿਆਣਪਤਾ ਉਸ ਚਿੰਤਨ ਵਿੱਚ ਹੈ ਕਿ ਉਹ ਆਪਣੇ ਮੁਲਕ ਅਤੇ ਮੁਲਕ ਵਾਸੀਆਂ ਦੀ ਜ਼ਿੰਦਗੀ ਨੂੰ ਮੁੜ ਲੀਹ ਉੱਤੇ ਲਿਆ ਸਕਣ ਵਿੱਚ ਕੀ ਭੂਮਿਕਾ ਨਿਭਾਅ ਰਿਹਾ ਹੈ ਅਤੇ ਕੀ ਨਿਭਾਅ ਸਕਦਾ ਹੈ।

ਈ-ਮੇਲ: vikramurdu@gmail.com

Comments

jagjot

welldone vikram

Zdenek

When you think about it, that's got to be the right anrwse.

Security Code (required)



Can't read the image? click here to refresh.

Name (required)

Leave a comment... (required)





ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ