Thu, 25 April 2024
Your Visitor Number :-   6999889
SuhisaverSuhisaver Suhisaver

ਹੁਣ ਅਮਰੀਕਾ ਮੇਰਾ ਦੇਸ਼ ਹੈ :ਸੁਖਵਿੰਦਰ ਕੰਬੋਜ

Posted on:- 22-04-2016

suhisaver

ਮੁਲਾਕਾਤੀ : ਅਜਮੇਰ ਸਿੱਧੂ

ਸੁਖਵਿੰਦਰ ਕੰਬੋਜ ਪੰਜਾਬ/ਭਾਰਤ ਦਾ ਜੰਮਪਾਲ ਤੇ ਅਮਰੀਕਾ ਦੇਸ਼ ਦਾ ਨਾਗਰਿਕ ਹੈ। ਉਹ ਦਾ ਪੰਜਾਬੀ ਦੇ ਚੋਣਵੇਂ ਸ਼ਾਇਰਾਂ ਵਿੱਚ ਸ਼ੁਮਾਰ ਹੈ ਜਿਹੜੇ ਅਨੁਕੂਲ ਤੇ ਪ੍ਰਤਿਕੂਲ ਦੋਹਾਂ ਸਥਿਤੀਆਂ ਵਿਚ ਹੀ ਆਪਣੀ ਕਵਿ ਸਿਰਜਣਾ ਜਾਰੀ ਰੱਖ ਰਹੇ ਹਨ। ਉਹ ਲਗਭਗ ਪਿਛਲੇ ਅਠਾਈ ਸਾਲਾਂ ਤੋਂ ਅਮਰੀਕਾ ਦੇ ਵੱਖ-ਵੱਖ ਸ਼ਹਿਰਾਂ ਵਿਚ ਰਹਿ ਰਿਹਾ ਹੈ। ਆਮ ਪ੍ਰਵਾਸੀਆਂ ਨੂੰ ਘਰ, ਦਫ਼ਤਰ ਅਤੇ ਗੁਰੂ ਘਰ ਦਾ ਹੀ ਗਿਆਨ ਹੁੰਦਾ ਹੈ ਪਰ ਉਸਨੇ ਉੱਥੇ ਜੀਵਨ ਜੀਵਿਆ ਹੀ ਨਹੀਂ ਸਗੋਂ ਬਹੁਤ ਸਾਰੇ ਕੋਣਾਂ ਤੋਂ ਵੇਖਿਆ ਵੀ ਹੈ। ਉਸਨੂੰ ਸਾਹਿਤ ਦੀਆਂ ਸਭ ਵਿਧਾਵਾਂ, ਖ਼ਾਸ ਕਰਕੇ ਕਵਿਤਾ ਬਾਰੇ ਕਾਫ਼ੀ ਸੂਝ ਹੈ। ਮਾਰਕਸ ਦੇ ਫਲਸਫੇ ਅਤੇ ਉੱਘੇ ਪੱਛਮੀ ਵਿਦਵਾਨਾਂ ਦੇ ਸਿਧਾਂਤਾਂ ਬਾਰੇ ਵੀ ਉਸਨੂੰ ਜਾਣਕਾਰੀ ਹੈ।

ਉਸਨੇ ਵਿਦੇਸ਼ੀ ਭਾਸ਼ਾਵਾਂ, ਖ਼ਾਸ ਕਰਕੇ ਪੰਜਾਬੀ ਦੀ ਕਵਿਤਾ ਨਿੱਠ ਕੇ ਪੜ੍ਹੀ ਹੋਈ ਹੈ। ਉਹ ਕਵਿਤਾ ਦਾ ਅਧਿਐਨ ਕਰਨ ਤੋਂ ਖੁੰਝਦਾ ਨਹੀਂ। ਇਕ ਤੇ ਉਹ ਆਪ ਪੰਜਾਬੀ ਦਾ ਅਧਿਆਪਕ (ਕਾਲਜ ਲੈਕਚਰਾਰ) ਰਿਹਾ ਹੈ ਤੇ ਦੂਸਰਾ ਆਪ ਵੀ ਕਵਿਤਾ ਕਹਿੰਦਾ ਹੈ। ਕਾਵਿ ਸਿਰਜਣਾ ਉਹਦੀ ਜ਼ਿੰਦਗੀ ਦਾ ਹਿੱਸਾ ਹੀ ਹੈ। ਜੋ ਉਸਨੇ ਜਾਂ ਉਹਦੇ ਆਲੇ- ਦੁਆਲੇ ਦੇ ਲੋਕਾਂ ਨੇ ਜੀਵਿਆ ਹੈ, ਉਸ ਵਿੱਚੋਂ ਹੀ ਉਸਦੀ ਕਵਿਤਾ ਜਨਮ ਲੈਂਦੀ ਹੈ। ਜਿਸ ਵਿੱਚੋਂ ਆਮ ਮਨੁੱਖ ਦੀ ਜ਼ਿੰਦਗੀ ਦੀ ਧੜਕਣ ਦੀ ਧੁਨੀ ਸੁਣਾਈ ਦਿੰਦੀ ਹੈ। ਉਸਦੀ ਰਚਨਾਕਾਰੀ ਦੇ ਅਨੁਭਵ ਖੇਤਰ ਤੇ ਕਰਮ ਖੇਤਰ, ਦੋਵਾਂ ਖੇਤਰਾਂ ਦਾ ਘੇਰਾ ਬਹੁਤ ਵਿਸ਼ਾਲ ਹੈ।

ਵੱਡੀ ਗਿਣਤੀ ਵਿਚ ਪ੍ਰਵਾਸੀ ਸ਼ਾਇਰ ਵਿਦੇਸ਼ ’ਚ ਰਹਿ ਕੇ ਕਾਵਿ-ਸਿਰਜਣਾ ਕਰਨ ਵਿਚ ਰੁੱਝੇ ਹੋਏ ਹਨ। ਪਰ ਉਹ ਉਨ੍ਹਾਂ ਸ਼ਾਇਰਾਂ ਵਿੱਚੋਂ ਮੋਹਰੀ ਹੈ, ਜਿਹੜੇ ਪੰਜਾਬੀ/ ਭਾਰਤੀ ਤੇ ਵਿਦੇਸ਼ੀ ਸੱਭਿਆਚਾਰ ਦੇ ਸੰਵਾਦ ਰਾਹੀਂ ਪੰਜਾਬੀ ਕਵਿਤਾ ਵਿਚ ਵਾਧਾ ਹੀ ਨਹੀਂ ਕਰ ਰਹੇ, ਸਗੋਂ ਕੁਝ ਨਵਾਂ ਤੇ ਵੱਖਰਾ ਵੀ ਰਚ ਰਹੇ ਹਨ। ਉਸਦੀ ਸ਼ਾਇਰੀ ਦਾ ਉਦੇਸ਼ ਦੱਬੇ-ਕੁਚਲੇ ਤੇ ਸਾਧਾਰਨ ਮਨੁੱਖ ਦੀ ਆਵਾਜ਼ ਬਣਨਾ ਹੈ। ਉਸਦੀ ਸਮੁੱਚੀ ਕਵਿਤਾ ਸਮਾਜਿਕ ਤੇ ਇਤਿਹਾਸਕ ਕ੍ਰਾਂਤੀ ਦੀ ਪੂਰਤੀ ਵੱਲ ਸੇਧਤ ਰਹਿੰਦੀ ਹੈ।

ਉਹ ਇਸ ਬਹਿਸ ਦਾ ਹਿੱਸਾ ਨਹੀਂ ਬਣਦਾ ਕਿ ਕਵਿਤਾ ਛੰਦਬੰਦੀ ਵਿਚ ਹੋਵੇ ਜਾਂ ਛੰਦ ਰਹਿਤ। ਉਸਨੇ ਛੰਦਬੰਦੀ ਵਿਚ ਵੀ ਅਨੇਕਾਂ ਸੁੰਦਰ ਕਵਿਤਾਵਾਂ ਲਿਖੀਆਂ ਹਨ ਤੇ ਛੰਦ ਰਹਿਤ ਵੀ। ਇਸੇ ਕਾਰਨ ਉਸਨੇ ਨਜ਼ਮਾਂ, ਗ਼ਜ਼ਲਾਂ ਤੇ ਗੀਤਾਂ ਦੀ ਸਿਰਜਣਾ ਕੀਤੀ ਹੈ। ਉਸ ਕੋਲ ਕਵਿਤਾ ਕਹਿਣ ਦੀ ਜਾਚ ਹੈ। ਸੋਚਣ ਤੇ ਚਿੰਤਨ ਦਾ ਵੇਗ ਵੀ ਹੈ। ਉਸ ਕੋਲ ਆਪਣੇ ਵਿਰਸੇ ਵਾਲੀ ਕਵਿਤਾ ਅਤੇ ਨਵੀਂ ਕਵਿਤਾ ਦਾ ਗਿਆਨ ਬੋਧ ਵੀ ਹੈ, ਮੁਹਾਵਰਾ ਵੀ ਹੈ ਅਤੇ ਮੁਹਾਂਦਰਾ ਵੀ ਹੈ। ਸਭ ਤੋਂ ਵੱਡੀ ਗੱਲ ਪੰਜਾਬੀ/ਭਾਰਤੀ ਅਤੇ ਵਿਦੇਸ਼ੀ ਸੱਭਿਆਚਾਰ ਦੇ ਮੇਲ ਵਿੱਚੋਂ ਸੱਜਰੇ ਸਿਰਜਣ ਦੀ ਕਲਾ ਹੈ। ਉਸਦੀ ਕਵਿਤਾ ਦੇ ਕੇਂਦਰ ਵਿਚ ਸੰਤ ਰਾਮ ਉਦਾਸੀ ਵਾਲਾ ‘ਸੂਰਜ’ ਹੈ। ਸੱਚ ਦਾ ਸੂਰਜ। ਕਿਰਤੀਆਂ ਦੇ ਵਿਹੜੇ ਵਿਚ ਮੱਘਣ ਦੀ ਲੋਚਾ। ਸਾਡੇ ਦੌਰ ਦੇ ਇਸ ਕਵੀ ਦਾ ਖ਼ਿਆਲ ਹੈ ਕਿ ਦੁਨੀਆ ਵਿਚ ਸਿਰਫ਼ ਸੂਰਜ ਭਾਵ ਸੱਚ ਹੀ ਚਮਕਦਾ ਹੈ।

ਅਮਰੀਕੀ ਕਵਿਤਾ ਦੇ ਅਨੇਕਾਂ ਪਾਸਾਰ ਹਨ। ਸੁਖਵਿੰਦਰ ਕੰਬੋਜ ਦੀ ਕਵਿਤਾ ਮੁੱਖ ਚਾਰ ਪਾਸਾਰਾਂ ਦੁਆਲੇ ਕੇਂਦਰਤ ਹੈ। (ੳ) ਉਸਦੇ 60 ਸਾਲ ਦੇ ਜੀਵਨ ਦੌਰਾਨ ਵੱਡੀਆਂ ਇਤਿਹਾਸਕ, ਸਮਾਜਿਕ, ਸੱਭਿਆਚਾਰਕ ਤੇ ਰਾਜਨੀਤਕ ਤਬਦੀਲੀਆਂ ਆਈਆਂ ਹਨ। ਕੰਬੋਜ ਡੂੰਘੀ ਨੀਝ ਨਾਲ ਇਨ੍ਹਾਂ ਤਬਦੀਲੀਆਂ ਨੂੰ ਅਤੇ ਜ਼ਿੰਦਗੀ ਨੂੰ ਅੱਡ-ਅੱਡ ਕੋਣਾਂ ਤੋਂ ਵੇਖਣ, ਪਰਖਣ, ਜਾਣਨ ਅਤੇ ਪਹਿਚਾਣਨ ਵਾਲਾ ਸ਼ਾਇਰ ਹੈ। ਉਸਦੇ ਵਿਦਿਆਰਥੀ ਜੀਵਨ ਸਮੇਂ ਮਾਰਕਸੀ-ਲੈਨਿਨੀ ਲਹਿਰ ਜ਼ੋਰਾਂ ’ਤੇ ਸੀ। ਇਹ ਲਹਿਰ ਉਨ੍ਹਾਂ ਹਥਿਆਰਬੰਦ ਕ੍ਰਾਂਤੀਕਾਰੀਆਂ ਦੀ ਸੀ, ਜਿਹੜੇ ਬੰਦੇ ਨੂੰ ਬੰਦਾ ਸਮਝਣ ਅਤੇ ਬਰਾਬਰੀ ਵਾਲਾ ਸਮਾਜ ਬਣਾਉਣ ਵਿਚ ਯਕੀਨ ਰੱਖਦੇ ਹਨ। ਸੁਖਵਿੰਦਰ ਕੰਬੋਜ ਵੀ ਇਸ ਜੁਝਾਰੂ ਲਹਿਰ ਦਾ ਹਮਾਇਤੀ ਬਣ ਗਿਆ ਸੀ। ਇਸ ਲਹਿਰ ਦੀ ਪਿੱਠ ਭੂਮੀ ਵਜੋਂ ਜੁਝਾਰਵਾਦੀ ਕਾਵਿ-ਧਾਰਾ ਉੱਭਰੀ ਸੀ। ਇਹ ਕਾਵਿ-ਭੂਮੀ ਉਸਦੀ ਕਵਿਤਾ ਦੀ ਆਧਾਰਸ਼ਿਲਾ ਬਣਦੀ ਹੈ। ਉਹ ਇਸ ਜੁਝਾਰਵਾਦੀ ਕਾਵਿ-ਧਾਰਾ ਦੀ ਭਾਸ਼ਾ, ਤਕਨੀਕ, ਬਿੰਬ, ਮੁਹਾਵਰੇ, ਇੱਥੋਂ ਤੱਕ ਇਸਦੇ ਪ੍ਰਮੁੱਖ ਕਵੀਆਂ ਦੀ ਕਵਿਤਾ ਤੋਂ ਬੇਹੱਦ ਪ੍ਰਭਾਵਤ ਪ੍ਰਤੀਤ ਹੁੰਦਾ ਹੈ।

(ਅ) ਉਸਦੀ ਕਵਿਤਾ ਦਾ ਦੂਸਰਾ ਪਾਸਾਰ ਉਸਦੀ ਜਨਮ ਭੌਂਇ ਪੰਜਾਬ ਉੱਤੇ ਦੋ ਦਹਾਕੇ ਦਨਦਨਾਉਦੀ ਰਹੀ ਦਹਿਸ਼ਤ ਦਾ ਸੱਚ ਹੈ। ਭਾਵੇਂ ਉਹ ਸ਼ੁਰੂਆਤੀ ਸਾਲਾਂ ਵਿਚ ਪੰਜਾਬ ਛੱਡ ਗਿਆ ਸੀ। ਉਦੋਂ ਅਜੇ ਮਾਰ-ਧਾੜ ਸ਼ੁਰੂ ਹੀ ਹੋਈ ਸੀ। ਪਰ ਪਿੱਛੋਂ ਪਾਸ਼, ਬਲਦੇਵ ਸਿੰਘ ਮਾਨ ਸਮੇਤ ਉਸਦੇ ਅਨੇਕਾਂ ਸੰਗੀ ਸਾਥੀਆਂ ਦੇ ਕਤਲ ਕਰ ਦਿੱਤੇ ਗਏ, ਜਿਹੜੇ ਉਸ ਲਈ ਜਾਨ ਨਾਲੋਂ ਵੱਧ ਪਿਆਰੇ ਸਨ। ਉਸਨੇ ਆਪਣੇ ਸਾਥੀਆਂ ਦਾ ਵਿਛੋੜਾ ਵੀ ਝੱਲ ਲਿਆ। ਪਰ ਉਹਨੂੰ ਵੱਡਾ ਦੁੱਖ ਇਸ ਗੱਲ ਦਾ ਹੈ ਕਿ ਜਿਸ ਇਨਕਲਾਬੀ ਲਹਿਰ ਲਈ 82 ਸਾਲ ਦੇ ਬਾਬਾ ਬੂਝਾ ਸਿੰਘ ਵਰਗੇ ਸ਼ਹੀਦ ਹੋ ਗਏ, ਉਹ ਲਹਿਰ ਪਤਾ ਨਹੀਂ ਕਿੰਨੇ ਸਾਲ ਪਿੱਛੇ ਪੈ ਗਈ। ਉਹਦਾ ਇਹ ਮੰਨਣਾ ਕਿ ਇਹ ਸਾਰੀ ਖੇਡ ਸਟੇਟ ਦੀ ਸੀ। ਪੰਜਾਬ ਦੇ ਲੋਕਾਂ ਨਾਲ ਧੋਖਾ ਕੀਤਾ ਗਿਆ। ਉਹ ਇਸ ਖੇਡ ਨਾਲ ਵਾਪਰੇ ਡੂੰਘੇ ਸੰਤਾਪ ਦੀ ਪੀੜ ਦਾ ਸੱਚ ਕਵਿਤਾ ਰਾਹੀਂ ਪੇਸ਼ ਕਰਦਾ ਹੈ। ਉਹ ਪੰਜਾਬ ਤਰਾਸਦੀ ਦੇ ਪੈਣ ਵਾਲੇ ਦੂਰਰਸੀ ਦੁਰਪ੍ਰਭਾਵਾਂ ਨੂੰ ਵੀ ਪੇਸ਼ ਕਰਦਾ ਹੈ ਅਤੇ ਵਿਰੋਧ ਦੀ ਸੁਰ ਵਿਚ ਮੁਖਾਤਬ ਹੁੰਦਾ ਹੈ।

(ੲ) ਪਿਆਰ ਦੇ ਤਿੱਖੇ ਅਹਿਸਾਸਾਂ ਦਾ ਸੱਚ ਉਸਦੀ ਕਵਿਤਾ ਦਾ ਤੀਜਾ ਪਾਸਾਰ ਹੈ।

(ਸ) ਉਸ ਕੋਲ ਪ੍ਰਵਾਸੀ ਜੀਵਨ ਦਾ ਚੋਖਾ ਅਨੁਭਵ ਹੈ। ਉਸਨੇ ਪੰਜਾਬੀ/ਭਾਰਤੀ ਅਤੇ ਵਿਦੇਸ਼ੀ ਦੋ ਸੱਭਿਆਚਾਰਾਂ ਦੇ ਦਬਾਓ ਹੇਠ ਉਸਰਨ ਵਾਲੀ ਮਨੁੱਖੀ ਮਾਨਸਿਕਤਾ ਦੇ ਅੰਤਰ-ਦਵੰਦਾਂ ਨੂੰ ਕਾਵਿ ਸਿਰਜਣਾ ਰਾਹੀਂ ਉਭਾਰਿਆ ਹੈ। ਉਸਨੇ ਇਨ੍ਹਾਂ ਅੰਤਰ-ਦਵੰਦਾਂ ਦੀ ਜਾਣ-ਪਛਾਣ ਹੀ ਨਹੀਂ ਕਰਵਾਈ, ਸਗੋਂ ਨਵੇਂ ਕਾਵਿ-ਬਿੰਬਾਂ ਰਾਹੀਂ ਆਪਣੀ ਕਾਵਿ ਸੰਵੇਦਨਾ ਅਤੇ ਸੁਹਜ ਸਿਰਜਣਾ ਦਾ ਸਿੱਕਾ ਵੀ ਮੰਨਵਾਇਆ ਹੈ। ਉਸ ਦੀਆਂ ਕਵਿਤਾਵਾਂ ਸਾਮਰਾਜ ਵਿਰੋਧੀ ਭਾਵਨਾਵਾਂ ਵਾਲੀਆਂ ਹਨ।

ਸੁਖਵਿੰਦਰ ਕੰਬੋਜ ਦੀ ਕਵਿਤਾ ਨੂੰ ਇਨ੍ਹਾਂ ਚਾਰ ਪਾਸਾਰਾਂ ਤੱਕ ਸੀਮਤ ਨਹੀਂ ਕੀਤਾ ਜਾ ਸਕਦਾ। ਉਸਦੀ ਬਹੁਤੀ ਕਵਿਤਾ ਇਨ੍ਹਾਂ ਪਾਸਾਰਾਂ ਦੁਆਲੇ ਘੁੰਮਦੀ ਜ਼ਰੂਰ ਹੈ। ਪਰ ਉਸ ਕੋਲ ਵਿਸ਼ਿਆਂ ਦਾ ਅਥਾਹ ਭੰਡਾਰ ਹੈ। ਪਿਆਰ, ਦੇਸ਼ ਦੇ ਅਰਥ, ਪੰਜਾਬ ਦੁਖਾਂਤ, ਯੁੱਧ, ਸਿਟੀਜਨ ਬਣਨ ਦੀਆਂ ਔਕੜਾਂ, ਕੱਚੇ ਹੋਣ ਦਾ ਸੰਤਾਪ, ਅਮਰੀਕੀ ਕਲਚਰ ਦੀ ਖਿੱਚ, ਬੰਦੇ ਦਾ ਸਬੂਤਾ ਰਹਿਣਾ, ਸਪੇਖ ਆਜ਼ਾਦੀ, ਬੰਦੇ ਦਾ ਅਮਾਨਵੀਕਰਨ ਹੋ ਜਾਣਾ, ਸੰਸਕ੍ਰਿਤੀ ਦੀ ਅਧੋਗਤੀ, ਮੈਂ ਕੇਂਦਰ ਸਮਾਜ, ਆਮ ਮਨੁੱਖ ਦੀ ਹੋਣੀ, ਡਰੱਗ ਕਲਚਰ, ਗੈਂਗ ਵਾਰ, ਸਾਮਰਾਜ, ਔਰਤ-ਮਰਦ ਦੇ ਰਿਸ਼ਤੇ, ਵਿਆਹ ਦੇ ਅਰਥ, ਸੰਸਥਾਵਾਂ, ਧਰਮ ਦੇ ਅਰਥ, ਮਾਣ-ਮਰਿਯਾਦਾ, ਇਜੀਮੈਨ ਦੀ ਦਸ਼ਾ, ਬੇਰੁਜ਼ਗਾਰੀ, ਸਟਰੈੱਸ, ਘਰ, ਕਿਸ਼ਤਾਂ, ਤਣਾਅ......ਆਦਿ ਵਿਸ਼ਿਆਂ ਉੱਤੇ ਕਵਿਤਾ ਲਿਖੀ ਮਿਲਦੀ ਹੈ। ਉਸਦੀ ਕਵਿਤਾ, ਖ਼ਾਸ ਤੌਰ ’ਤੇ ਗੀਤ ਮਨੁੱਖੀ ਰਿਸ਼ਤਿਆਂ ਦੇ ਯੁੱਗਾਂ-ਯੁੱਗਾਂ ਤੋਂ ਚੱਲੇ ਆ ਰਹੇ ਪਿਆਰ, ਮੁਹੱਬਤ ਅਤੇ ਵਿਰੋਧਾਂ ਬਾਰੇ ਵੀ ਹਨ। ਇਹ ਪਰਿਵਾਰਕ ਭਾਵਨਾਵਾਂ ਵਾਲੇ ਵੀ ਹਨ।

ਸੁਖਵਿੰਦਰ ਕੰਬੋਜ ਦੇ ਤਿੰਨ ਕਾਵਿ ਸੰਗ੍ਰਹਿ ਨਵੇਂ ਸੂਰਜ, ਜਾਗਦੇ ਅੱਖਰ, ਇਕੋ ਜਿਹਾ ਦੁੱਖ ਛੱਪ ਚੁੱਕੇ ਹਨ। 2005 ਵਿਚ ਇਨ੍ਹਾਂ ਤਿੰਨ ਕਾਵਿ-ਸੰਗਿ੍ਰਹਾਂ ਅਤੇ ਅਣਛਪੀ ਕਵਿਤਾ ਇਕੋ ਜਿਲਦ ਵਿਚ ‘ਉਮਰ ਦੇ ਇਸ ਮੋੜ ਤੀਕ’ ਟਾਈਟਲ ਹੇਠ ਛਪ ਚੁੱਕੀ ਹੈ। ਅਕਤੂਬਰ 2012 ਵਿੱਚ ਮੈਂ ਕੈਲੇਫੋਰਨੀਆ (ਅਮਰੀਕਾ) ਦੇ ਸ਼ਹਿਰ ਬਰੈਂਟਵੁੱਡ ਵਿਖੇ ਉਨ੍ਹਾਂ ਨਾਲ ਇੰਟਰਵੀਊ ਕੀਤੀ ਸੀ।

? ਆਪਣੇ ਪਰਿਵਾਰ ਬਾਰੇ ਦੱਸੋ।
-ਸੰਤਾਲੀ ਦੀ ਵੰਡ ਤੋਂ ਪਹਿਲਾਂ ਮੇਰੇ ਬਜ਼ੁਰਗ ਹੁਣ ਵਾਲੇ ਪਾਕਿਸਤਾਨ ਦੇ ਬਾਰ ਦੇ ਇਲਾਕੇ ਵਿਚ 36 ਚਾਦਰ ਚੱਕ ਵਿਚ ਖੇਤੀ ਕਰਦੇ ਸਨ। 1947 ਵਿੱਚ ਉਹ ਉੱਜੜ ਕੇ ਸੁਲਤਾਨਪੁਰ ਲੋਧੀ ਆ ਗਏ। ਮੇਰੇ ਬਾਬਾ ਜੀ ਭਾਨ ਸਿੰਘ ਟੁਰਨਾ ਸ਼੍ਰੋਮਣੀ ਕਮੇਟੀ ਦੇ ਲੇਖਾਕਾਰ ਵਜੋਂ ਮੁਲਾਜ਼ਮ ਸਨ। ਉਨ੍ਹਾਂ ਨੂੰ ਸੁਲਤਾਨਪੁਰ ਲੋਧੀ ਦੇ ਗੁਰਦੁਆਰਾ ਸਾਹਿਬ ਵਿਖੇ ਨੌਕਰੀ ਮਿਲ ਗਈ। ਉਨ੍ਹਾਂ ਦੀ ਹਾਜ਼ਰੀ ਵਿੱਚ ਗੋਲਕ ਖੋਲ੍ਹੀ ਜਾਂਦੀ ਸੀ ਤੇ ਚੜ੍ਹਾਵਾ ਗਿਣਿਆ ਜਾਂਦਾ ਸੀ। ਸ੍ਰ. ਜਗੀਰ ਸਿੰਘ ਅਤੇ ਮਾਤਾ ਸਵਰਨ ਕੌਰ ਦੇ ਘਰ ਇੱਥੇ ਹੀ ਮੇਰਾ ਜਨਮ 11 ਦਸੰਬਰ, 1952 ਨੂੰ ਹੋਇਆ। ਸਾਡੀ ਜ਼ਮੀਨ ਦਾ ਰਿਕਾਰਡ ਪਾਕਿਸਤਾਨ ਵਿਚ ਹੀ ਰਹਿ ਗਿਆ ਸੀ। ਪਿੱਛੋਂ ਰਿਕਾਰਡ ਆਇਆ ਤਾਂ ਸ਼ਾਹਕੋਟ ਦੇ ਨੇੜੇ ਪਿੰਡ ਬਾਹਮਣੀਆ ਵਿਖੇ ਜ਼ਮੀਨ ਦੀ ਅਲਾਟਮੈਂਟ ਹੋਈ ਸੀ। 1956 ਵਿੱਚ ਮੇਰੇ ਵਡਾਰੂ ਜ਼ਮੀਨ ਵੇਚ ਕੇ ਜ਼ਿਲ੍ਹਾ ਜਲੰਧਰ ਦੇ ਹੀ ਪਿੰਡ ਸ਼ਾਹਪੁਰ (ਮਹਿਤਪੁਰ-ਨਕੋਦਰ ਦੇ ਨੇੜੇ) ਆ ਗਏ। ਇਸ ਪਿੰਡ ਵਿੱਚ ਵੱਡੀ ਗਿਣਤੀ ਵਿਚ ਸਾਡੀ ਕੰਬੋਜ ਬਰਾਦਰੀ ਦੇ ਲੋਕ ਹਨ। ਇਕ ਤਰ੍ਹਾਂ ਇਹ ਕੰਬੋਆਂ ਦਾ ਹੀ ਪਿੰਡ ਹੈ। ਪਹਿਲਾਂ ਤੋਂ ਹੀ ਸਰਪੰਚੀ ਕੰਬੋਆਂ ਕੋਲ ਹੀ ਰਹੀ ਹੈ। ਮੇਰੇ ਬਾਬੇ ਨੇ ਵੀ ਇੱਥੇ ਜ਼ਮੀਨ ਖਰੀਦ ਲਈ। ਜ਼ਮੀਨ ਕੋਈ ਬਹੁਤੀ ਨਹੀਂ ਸੀ। ਮੇਰੇ ਪਿਓ ਦੇ ਹਿੱਸੇ ਤਿੰਨ ਕਿੱਲੇ ਆਉਦੇ ਸਨ। ਅਸੀਂ 6 ਭੈਣ ਭਰਾ ਹਾਂ। ਸਭ ਤੋਂ ਵੱਡੀ ਭੈਣ ਹੈ। ਮੈਂ ਦੂਜੇ ਨੰਬਰ ’ਤੇ ਸੀ। ਅਸੀਂ ਸ਼ਾਹਪੁਰ ਵਿੱਚ ਹੀ ਪਲੇ ਤੇ ਵੱਡੇ ਹੋਏ ਹਾਂ।

? ਜਦੋਂ ਤੁਹਾਡੇ ਪਰਿਵਾਰ ਦੇ ਮੈਂਬਰ ਬਾਰ (ਪਾਕਿਸਤਾਨ) ਤੋਂ ਉੱਜੜ ਕੇ ਆਏ, ਕਿੰਨਾ ਕੁ ਨੁਕਸਾਨ ਹੋਇਆ।
-ਸਭ ਕੁਝ ਛੱਡ ਕੇ ਖਾਲੀ ਹੱਥ ਆਏ ਸਨ। ਭਰ ਜੁਆਨ ਸੀ ਮੇਰੀ ਭੂਆ ਜੀਤੋ। ਉਹਨੂੰ ਅਗਵਾ ਕਰ ਲਿਆ ਸੀ। ਹਮਲਾਵਰ ਪਤਾ ਨਹੀਂ ਉਹਨੂੰ ਕਿੱਥੇ ਲੈ ਗਏ ਸਨ। 1956 ਜਾਂ 57 ਵਿੱਚ ਭਾਰਤੀ ਮਿਲਟਰੀ ਭੂਆ ਨੂੰ ਲੱਭ ਕੇ ਲੈ ਆਏ ਸਨ। ਉੱਥੇ ਕਿਸੇ ਨੇ ਜਬਰਦਸਤੀ ਰੱਖੀ ਹੋਈ ਸੀ। ਭਾਰਤੀ ਅਨੁਸਾਰ ਉੱਥੇ ਰਹਿ ਗਈਆਂ ਕੁੜੀਆਂ ਨੂੰ ਲੱਭ ਲਿਆਉਦੇ ਸਨ। ਮਿਲਟਰੀ ਵਾਲੇ ਭੂਆ ਨੂੰ ਘਰ ਲੈ ਕੇ ਆਏ ਤਾਂ ਸਾਡਾ ਬਾਬਾ ਭੂਆ ਨੂੰ ਆਪਣੀ ਧੀ ਮੰਨਣ ਤੋਂ ਮੁਕਰ ਗਿਆ। ਪਰ ਮਿਲਟਰੀ ਵਾਲੇ ਭੂਆ ਨੂੰ ਪਿੰਡ ਵਿੱਚ ਛੱਡ ਗਏ ਸਨ। ਉਨ੍ਹਾਂ ਦਾ ਰੋਜ਼ ਦਾ ਵਾਹ ਸੀ। ਲੁੱਟ-ਪੁੱਟ ਹੋਈਆਂ ਧੀਆਂ ਨੂੰ ਮਾਪੇ ਉਦੋਂ ਸਵੀਕਾਰਦੇ ਨਹੀਂ ਸਨ। ਮੇਰੀ ਭੂਆ 2-3 ਦਿਨ ਘਰ ਜਬਰਦਸਤੀ ਰਹੀ। ਫਿਰ ਤੀਜੇ ਦਿਨ ਸ਼ਾਮ ਢਲੇ ਭੂਆ ਨੇ ਖੂਹ ਵਿਚ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਖਤਮ ਕਰ ਲਈ। ਮੇਰੀ ਮਾਂ ਦੱਸਦੀ ਸੀ। ਉਹ ਤੇ ਦਾਦੀ ਬਹੁਤ ਕੁਰਲਾਈਆਂ। ਬਾਬੇ ਅੱਗੇ ਹੱਥ ਜੋੜੇ। ਗੁਰੂਆਂ ਦਾ ਬਾਸਤਾ ਪਾਇਆ। ਧਰਮ ਦੀਆਂ ਉਦਾਹਰਣਾਂ ਦਿੱਤੀਆਂ। ਪਰ ਬਾਬਾ ਟੱਸ ਤੋਂ ਮੱਸ ਨਹੀਂ ਸੀ ਹੋਇਆ। ਉਹਨਾਂ ਦੀਆਂ ਅੱਖਾਂ ਸਾਹਮਣੇ ਘਰ ਦੀ ਇਕ ਧੀ ਧਿਆਣੀ ਘਰੋਂ ਨਿਕਲੀ ਤੇ ਖੂਹ ਵਿਚ ਛਾਲ ਮਾਰ ਦਿੱਤੀ। ਮਰੀ ਹੋਈ ਨੂੰ ਖੂਹ ਵਿੱਚੋਂ ਕੱਢਿਆ ਸੀ। ਦਾਗ਼ ਦੇ ਦਿੱਤੇ। ਕੋਈ ਕਾਨੂੰਨੀ ਕਾਰਵਾਈ ਨਹੀਂ ਸੀ ਹੋਈ। ਉਦੋਂ ਕੋਈ ਪੁੱਛਦਾ ਨਹੀਂ ਸੀ। ਉਨ੍ਹਾਂ ਸਾਲਾਂ ਵਿੱਚ ਲੱਖਾਂ ਵਿਚ ਤਾਂ ਜਾਨਾਂ ਗਈਆਂ ਸਨ। ਭਾਰਤ-ਪਾਕਿਸਤਾਨ ਦੀ ਅਖੌਤੀ ਆਜ਼ਾਦੀ ਨੇ 10 ਲੱਖ ਪੰਜਾਬੀਆਂ ਦੀਆਂ ਜਾਨਾਂ ਲਈਆਂ ਸਨ।

ਹੁਣ ਮੇਰੇ ਮਾਂ-ਬਾਪ ਤਾਂ ਇਸ ਦੁਨੀਆ ਵਿਚ ਰਹੇ ਨਹੀਂ ਹਨ। ਮੇਰੀ ਪਤਨੀ ਨਵਦੀਪ ਕੌਰ ਹੈ ਜੋ ਮੇਰੇ ਨਾਲ ਸਟੋਰ ’ਤੇ ਕੰਮ ਵਿਚ ਹੱਥ ਵਟਾਉਦੀ ਹੈ। ਬੇਟੀ ਰਿਚਾ ਗ੍ਰੈਜੂਏਸ਼ਨ ਕਰਦੀ ਹੈ। ਬੇਟੇ ਪੁਨੀਤ ਤੇ ਡਾਕਟਰ ਵਿਨੀਤ ਵਿਆਹੇ ਹੋਏ ਹਨ। ਨੂੰਹਾਂ ਗਗਨਦੀਪ ਤੇ ਜੱਸ ਚੰਗੇ ਸੰਸਕਾਰਾਂ ਵਾਲੀਆਂ ਹਨ। ਜਾਗੀਰ ਸੰਸਕਾਰ ਤੇ ਅਦਿਤਿਆ ਅਰਮਾਨ ਮੇਰੇ ਲਾਡਲੇ ਪੋਤੇ ਹਨ।
ਸ਼ਾਇਰੀ ਦਾ ਘਰ ਵਿਚ ਮਾਹੌਲ ਸੀ।

ਗੁਰਦੁਆਰਾ ਸਾਹਿਬ ਗੁਰਪੁਰਬ ’ਤੇ ਕਵਿਤਾ ਜਾਂ ਗੀਤ ਬੋਲਦਾ ਹੁੰਦਾ ਸੀ। ਬਾਬਾ ਜੀ ਗੁਰੂ ਘਰ ਲੈ ਜਾਂਦੇ ਹਨ। ਉੱਥੇ ਬੱਚਿਆਂ ਨੂੰ ਮੌਕਾ ਦਿੰਦੇ ਸਨ। ਮੇਰੇ ਪਿਤਾ ਜੀ ਸ੍ਰ. ਜਗੀਰ ਸਿੰਘ ਕੰਬੋਜ ਉਰਦੂ ਵਿੱਚ ਸ਼ਾਇਰੀ ਕਰਦੇ ਸਨ। ਉਹ ਤੁਕਬੰਦੀ ਵਾਲੇ ਸ਼ਾਇਰ ਸਨ। ਉਹ ਕਿਸੇ ਨਾ ਕਿਸੇ ਮੌਕੇ ਆਪਣੀ ਕਲਾ ਦੇ ਫਨ ਦਾ ਮੁਜ਼ਾਹਰਾ ਕਰਦੇ ਸਨ। ਪਿੰਡ ਕੋਟਲੀ ਗਾਜਰਾ ਤੋਂ ਮੇਰੇ ਮਾਮਾ ਜੀ ਗੁਰਦੀਪ ਸਿੰਘ ਚੰਚਲ ਸਨ। ਉਹ ਵੀ ਸਟੇਜੀ ਕਵੀ ਸਨ। ਉਹ ਗੁਰਦਿੱਤ ਸਿੰਘ ਕੁੰਦਨ ਦੇ ਸ਼ਗਿਰਦ ਸਨ। ਉਨ੍ਹਾਂ ਦਾ ਮੇਰੇ ਉੱਤੇ ਜ਼ਿਆਦਾ ਪ੍ਰਭਾਵ ਹੈ। ਮਹਿਤਪੁਰ ਤੋਂ ਗੀਤਕਾਰ ਸੋਹਣ ਸਿੰਘ ਕਲਿਆਣ ਵੀ ਖਿੱਚ ਪਾਉਦੇ ਸਨ। ਮੈਂ ਪੰਜਵੀਂ ਜਮਾਤ ਵਿਚ ਇਕ ਧਾਰਮਿਕ ਗੀਤ ਲਿਖਿਆ ਸੀ। ਕਿਸੇ ਗੀਤ ਦੇ ਨਾਲ ਰਲਦਾ-ਮਿਲਦਾ ਸੀ। ਪਿੰਡ ਦੇ ਬਜ਼ੁਰਗ ਕਿੱਸੇ ਪੜ੍ਹਦੇ ਹੁੰਦੇ ਸਨ। ਜ਼ਿੰਦਗੀ ਵਿਲਾਸ ਵਰਗੇ ਕਿੱਸਿਆਂ ਦੀਆਂ ਲਾਈਨਾਂ ਤਾਂ ਬਜ਼ੁਰਗਾਂ ਨੂੰ ਮੂੰਹ ਜ਼ੁਬਾਨੀ ਯਾਦ ਹੁੰਦੀਆਂ ਸਨ।

? ਆਮ ਤੌਰ ’ਤੇ ਸਾਡੇ ਸਕੂਲ ਪੜ੍ਹਾਈ ਅਤੇ ਖੇਡਾਂ ਵਿੱਚ ਤਾਂ ਚੰਗਾ ਰੋਲ ਅਦਾ ਕਰਦੇ ਹਨ। ਪਰ ਸਾਹਿਤ ਨਾਲ ਜੋੜਨ ਵਿੱਚ ਉਨ੍ਹਾਂ ਦਾ ਖ਼ਾਸ ਯੋਗਦਾਨ ਨਹੀਂ ਹੁੰਦਾ। ਤੁਹਾਡੇ ਸਕੂਲ ਦਾ ਕੀ ਰੋਲ ਰਿਹਾ।
-ਮੈਂ 6ਵੀਂ ਜਾਂ 7ਵੀਂ ਜਮਾਤ ਵਿੱਚ ਪੜ੍ਹਦਾ ਸੀ। ਪੰਜਾਬੀ ਅਧਿਆਪਿਕਾ ਨੇ ‘ਵੱਡੇ ਹੋ ਕੇ ਕੀ ਬਣਨਾ ਹੈ?’ ਵਿਸ਼ੇ ’ਤੇ ਲੇਖ ਲਿਖਣ ਲਈ ਕਿਹਾ। ਸਭ ਵਿਦਿਆਰਥੀਆਂ ਨੇ ਗਾਈਡ ਵਿੱਚ ਜੋ ਲੇਖ ਸੀ, ਉਹ ਯਾਦ ਕਰਕੇ ਲਿਖ ਦਿੱਤਾ। ਮੈਂ ਲਿਖਿਆ ਕਿ ਮੈਂ ਵੱਡਾ ਹੋ ਕੇ ਹਲਵਾਈ ਬਣਾਂਗਾ। ਜਿੰਨੀ ਮਠਿਆਈ ਬਣਾਇਆ ਕਰਾਂਗਾ, ਉਸ ਵਿੱਚੋਂ ਅੱਧੀ ਗਾਹਕਾਂ ਨੂੰ ਵੇਚ ਦਿਆਂ ਕਰਾਂਗਾ ਤੇ ਅੱਧੀ ਆਪਣੇ ਢਿੱਡ ਵਿਚ ਪਾ ਲਿਆ ਕਰਾਂਗਾ। ਪਹਿਲਾਂ ਤਾਂ ਮੇਰੀ ਅਧਿਆਪਿਕਾ ਨੇ ਮੇਰਾ ਲੇਖ ਪੜ੍ਹ ਕੇ ਸਾਰੀ ਜਮਾਤ ਨੂੰ ਸੁਣਾਇਆ। ਸਾਰੀ ਜਮਾਤ ਸੁਣ-ਸੁਣ ਕੇ ਹੱਸ-ਹੱਸ ਕੇ ਲੋਟ ਹੋਈ ਜਾਵੇ। ਫਿਰ ਅਧਿਆਪਿਕਾ ਮੇਰਾ ਲੇਖ ਤੇ ਮੈਨੂੰ ਹੈੱਡਮਾਸਟਰ ਸਾਹਿਬ ਕੋਲ ਲੈ ਗਈ। ਕਵੀ ਬਚਿੰਤ ਰਾਮ ਐਸ਼ ਸਾਡਾ ਹੈੱਡਮਾਸਟਰ ਸੀ। ਉਸਨੇ ਮੇਰਾ ਲੇਖ ਪੜ੍ਹਿਆ। ਜਦੋਂ ਉਹ ਪੜ੍ਹ ਹਟੇ, ਮੈਂ ਦੋਨੋਂ ਹੱਥ ਮੋਹਰੇ ਕਰ ਦਿੱਤੇ। ਹੈੱਡਮਾਸਟਰ ਸਾਹਿਬ ਹੱਸ ਕੇ ਬੋਲੇ। ਭਲਿਆ ਮਾਣਸਾ ਹੱਥ ਕਿਉ ਕੀਤੇ ਹਨ। ਮੈਂ ਕਿਹਾ ਡੰਡੇ ਖਾਣ ਲਈ। ਉਹਨੇ ਮੇਰੇ ਹੱਥ ਫੜ ਕੇ ਘੁੱਟੇ। ਮੇਰੇ ਸਿਰ ’ਤੇ ਪਿਆਰ ਦਿੱਤਾ। ਮੈਨੂੰ ਅਗਾਂਹ ਵੀ ਲਿਖਣ ਲਈ ਕਿਹਾ। ਮੇਰੇ ਲੇਖ ਦੀ ਸਿਫ਼ਤ ਕੀਤੀ। ਸਾਡੇ ਸਕੂਲ ਪ੍ਰਾਰਥਨਾ ਸਭਾ ਹੁੰਦੀ ਸੀ। ਮੈਨੂੰ ਉਸ ਵਿੱਚ ਸ਼ਾਮਿਲ ਕਰ ਦਿੱਤਾ। ਮੇਰੀ ਡਿੳੂਟੀ ਲਾ ਦਿੱਤੀ ਕਿ ਮੈਂ ਹਰ ਹਫ਼ਤੇ ਕੋਈ ਗੀਤ ਜਾਂ ਕਵਿਤਾ ਜਾਂ ਕਹਾਣੀ ਸੁਣਾਇਆ ਕਰਾਂ। ਮੈਂ ਇੱਧਰੋਂ ਉੱਧਰੋਂ ਗੀਤ ਜਾਂ ਕਵਿਤਾ ਲੈ ਲੈਂਦਾ। ਉਹ ਸੁਣਾ ਦਿਆ ਕਰਦਾ।

? ਭਾਅ ਜੀ ਗੁਰਸ਼ਰਨ ਸਿੰਘ ਦਾ ਇਕ ਜਮਾਤੀ ਹੁੰਦਾ ਸੀ ਬੁੱਧੂਆ। ਉਹ ਗਰੀਬੀ ਤੇ ਛੋਟੀ ਜਾਤ ਕਾਰਨ ਪੜ੍ਹ ਨਹੀਂ ਸੀ ਸਕਿਆ। ਭਾਅ ਜੀ ਦੀ ਕਲਾਸ ਦਾ ਸਭ ਤੋਂ ਹੁਸ਼ਿਆਰ ਮੁੰਡਾ ਸੀ ਉਹ। ਭਾਅਜੀ ਨੂੰ ਉਹ ਸਾਰੀ ਉਮਰ ਝਾੜੂ ਲਾਉਦਾ ਦਿਖਾਈ ਦਿੰਦਾ ਰਿਹਾ। ਤੁਹਾਡਾ ਵੀ ਕੋਈ ‘ਬੁਧੂਆ’ ਹੈ ਜਿਹੜਾ ਜਿਵੇਂ ਭਾਅ ਜੀ ਨੂੰ ਸਾਰੀ ਉਮਰ ਤੰਗ ਕਰਦਾ ਰਿਹਾ, ਤੁਹਾਨੂੰ ਵੀ ਯਾਦ ਆਉਦਾ ਹੋਵੇ। ਜਦੋਂ ਕਵਿਤਾ ਲਿਖਣ ਬੈਠੋ, ਉਹ ਤੁਹਾਡੇ ਮੋਹਰੇ ਆ ਖੜ੍ਹਦਾ ਹੋਵੇ।
-ਮੇਰੇ ਹੀ ਪਿੰਡ ਦਾ ਕੈਲਾ ਮੈਤੋਂ ਅੱਗੇ ਪੜ੍ਹਦਾ ਸੀ। ਉਹ ਪੜ੍ਹਾਈ ਵਿਚ ਐਨਾ ਅੱਗੇ ਸੀ, ਉਹਨੇ ਇਲਾਕੇ ਦੀ ਸ਼ਾਨ ਬਣਨਾ ਸੀ। ਸਭ ਤੋਂ ਵੱਧ ਨੰਬਰ ਲੈਂਦਾ। ਉਸ ਵੇਲੇ ਉਹਦੇ ਕੋਲ ਅਧਿਆਪਕਾਂ ਜਿੰਨੀ ਸੂਝ ਸੀ। ਉਹ ਪੁੰਗਰ ਰਿਹਾ ਸ਼ਾਇਰ ਸੀ। ਛੋਟੀ ਉਮਰ ਵਿਚ ਹੀ ਉਹ ਪੁਖਤਾ ਸ਼ਾਇਰੀ ਕਰ ਰਿਹਾ ਸੀ। ਸਭ ਤੋਂ ਵੱਡੀ ਗੱਲ ਉਹ ਰਚਨਾ ਨੂੰ ਸਮਝ ਅਤੇ ਠੀਕ ਕਰ ਸਕਦਾ ਸੀ। ਮੈਂ ਗੀਤ ਲਿਖਦਾ ਜਾਂ ਕੋਈ ਕਵਿਤਾ ਉਹਨੂੰ ਪੜ੍ਹਾਉਦਾ। ਉਹ ਮੇਰੀ ਤੁਕਬੰਦੀ ਵਾਲੇ ਗੀਤ ਸੁਧਾਰਦਾ। ਨੁਕਤਾਚੀਨੀ ਕਰਦਾ। ਆਪਣੀ ਮੋਤੀਆਂ ਵਰਗੀ ਸੁੰਦਰ ਲਿਖਾਈ ਵਿਚ ਸੋਧ ਕੇ ਲਿਖ ਦਿੰਦਾ। ਉਹ 4 ਭਾਈ ਤੇ 3 ਭੈਣਾਂ ਦਾ ਪਰਿਵਾਰ ਸੀ। ਉਦੋਂ 6 ਜਾਂ 7 ਬੱਚੇ ਤਾਂ ਆਮ ਹੀ ਹੁੰਦੇ ਸਨ। ਲੋਕਾਂ ਨੂੰ ਜ਼ਿਆਦਾ ਜਨ ਸੰਖਿਆ ਦੀ ਸੋਝੀ ਨਹੀਂ ਸੀ। ਘਰ ਵਿਚ ਗਰੀਬੀ ਬਹੁਤ ਸੀ। ਉਹਨੂੰ ਉਹਦੇ ਘਰਦਿਆਂ ਨੇ 7ਵੀਂ ਜਮਾਤ ਵਿੱਚੋਂ ਹਟਾ ਲਿਆ ਸੀ। ਆਪਣੇ ਨਾਲ ਕੰਮ ਲਾ ਲਿਆ ਸੀ। ਉਹ ਪੜ੍ਹਨ ਤੋਂ ਕੀ ਹਟਿਆ। ਬਸ ਉਹਦੇ ਸਭ ਸੁਪਨੇ ਚਕਨਾਚੂਰ ਹੋ ਗਏ ਸਨ। ਉਹ ਟੁੱਟ ਗਿਆ ਸੀ। ਨਾ ਉਹਨੇ ਪੜ੍ਹਾਈ ਨਾਲ ਵਾਸਤਾ ਰੱਖਿਆ ਤੇ ਨਾ ਸ਼ਾਇਰੀ ਨਾਲ। ਉਹਦੀ ਸ਼ਾਇਰੀ ਕੰਮ ਦੇ ਬੋਝ ਹੇਠ ਦੱਬੀ ਗਈ। ਮੈਨੂੰ ਅੱਜ ਵੀ ਦੁੱਖ ਆ ਕਿ ਗਰੀਬੀ ਕਰਕੇ ਉਹਦਾ ਗਲਾ ਘੁੱਟਿਆ ਗਿਆ। ਯਾਰ, ਇਹ ਕਿਹੋ ਜਿਹਾ ਦੇਸ਼ ਆ ਜਿੱਥੇ ਗਰੀਬੀ ਕਰਕੇ ਬੰਦੇ ਦੀ ਲਿਆਕਤ ਮਾਰੀ ਜਾਂਦੀ ਹੋਵੇ। ਮੈਂ ਆਪਣੀ ਮਾਂ ਨੂੰ ਕਿਹਾ- ਬੀਬੀ ਆਪਾਂ ਕੈਲੇ ਦੀ ਮਦਦ ਕਰੀਏ? ਮੋਹਰੇ ਮਾਂ ਬੋਲੀ ਸੀ-ਇੱਥੇ ਕਿਹੜਾ ਕੋਹਲੂ ਚਲਦਾ। ਇੱਥੇ ਗਰੀਬੀ ਥੋੜ੍ਹੀ ਆ? ਆਹ ਦੋ ਸਿਆੜ ਆ। ਇਹਨਾਂ ਵਿਚ ਕਿਹੜਾ ਕੋਈ ਚੱਜ ਦੀ ਫ਼ਸਲ ਹੁੰਦੀ ਹੈਗੀ ਆ।

? ਤੁਹਾਡੇ ਟਾਈਮ ’ਤੇ ਆਮ ਪੇਂਡੂ ਮੁੰਡੇ ਪੜ੍ਹਾਈ ਵਿਚ ਪੱਛੜ ਜਾਂਦੇ ਸਨ। ਉਹਦੇ ਕੋਈ ਵੀ ਕਾਰਨ ਹੋਣਗੇ। ਤੁਹਾਡਾ ਪੜ੍ਹਾਈ ਵਿੱਚ ਹੱਥ ਤੰਗ ਸੀ ਜਾਂ.....।
-ਦੇਖ ਬਈ ਮੁੰਡਿਆ, ਮੈਂ ਝੂਠ ਨਹੀਂ ਬੋਲਦਾ। ਉਹ ਦੀਪਕ ਮੱਥੇ ਲੱਗਦਾ। ਮੈਂ 8ਵੀਂ ਜਮਾਤ ਤੱਕ ਦਰਮਿਆਨਾ ਵਿਦਿਆਰਥੀ ਸੀ। ਸੱਚ ਪੁੱਛੇਂ ਤਾਂ ਪੜ੍ਹਾਈ ਵਿਚ ਦਿਲ ਨਹੀਂ ਸੀ ਲੱਗਦਾ। ਸ਼ਰਾਰਤਾਂ ਜਾਂ ਘੁੰਮਣ ਫਿਰਨ ਵੱਲ ਜ਼ਿਆਦਾ ਧਿਆਨ ਸੀ। ਜਦੋਂ ਮੈਂ 8ਵੀਂ ਦੇ ਪੇਪਰ ਪਾਏ ਤਾਂ ਹਰ ਰੋਜ਼ ਪਸ਼ੂ ਚਾਰਨ ਲੈ ਕੇ ਜਾਂਦਾ। ਕਿਸੇ ਦੀ ਪੈਲੀ ਵਿਚ ਪਸ਼ੂ ਵਾੜ ਦਿੱਤੇ। ਉਹ ਪੱਠਿਆਂ ਨੂੰ ਲੱਗੇ ਮੂੰਹ ਮਾਰਨ। ਮੈਂ ਕੰਨ ’ਤੇ ਹੱਥ ਰੱਖ ਕੇ ਗੀਤ ਗਾਉਣ ਲੱਗਾ ਰਿਹਾ। ਖੇਤ ਦਾ ਮਾਲਕ ਆ ਗਿਆ। ਉਹਨੇ ਮੈਨੂੰ ਉੱਥੇ ਢਾਹ ਲਿਆ। ਮੇਰਾ ਰੂਹ ਲਾ ਕੇ ਕੁਟਾਪਾ ਕੀਤਾ। ਉਹ ਕੁੱਟ ਮੈਨੂੰ ਅੱਜ ਤੱਕ ਨਹੀਂ ਭੁੱਲੀ। ਰਾਤ ਨੂੰ ਨੀਂਦ ਨਾ ਆਵੇ। ਇਕ ਚੜ੍ਹੇ, ਇੱਕ ਉਤਰੇ। ਪਹਿਲਾ ਵਿਚਾਰ ਆਇਆ ਡਾਕੂ ਬਣਨ ਦਾ। ਡਾਕੂ ਬਣ ਕੇ ਜ਼ਮੀਨਾਂ ਵਾਲੇ ਖੱਬੀ ਖਾਨਾਂ ਨੂੰ ਲੁੱਟਾਂ। ਲੁੱਟ ਦਾ ਮਾਲ ਗਰੀਬਾਂ ਵਿਚ ਵੰਡਾਂ। ਜਿਹਨੇ ਮੇਰੀ ਛਿੱਤਰ ਪਰੇਡ ਕੀਤੀ, ਉਹਦਾ ਸੋਧਾ ਲਾਵਾਂ। ਸਿਰ ਵੱਢ ਕੇ ਉਸ ਜ਼ਮੀਨ ਵਿੱਚ ਗੱਡ ਦੇਵਾਂ। ਦੂਜਾ ਵਿਚਾਰ ਆਇਆ, ਉਨ੍ਹਾਂ ਦੇ ਘਰ ਮੋਹਰੇ ਗੂੰਹ ਦੇ ਢੇਰ ਲਾ ਦਿਆਂ। ਤੀਜਾ ਵਿਚਾਰ ਆਇਆ, ਗਰੀਬੀ ਵਾਲੀ ’ਚੋਂ ਕਿਵੇਂ ਉੱਠਿਆ ਜਾਵੇ। ਤੜਕਸਾਰ ਇਹ ਤੀਜਾ ਵਿਚਾਰ ਹਾਵੀ ਹੋ ਗਿਆ। ਮੈਨੂੰ ਇਕੋ ਰਾਹ ਲੱਭਿਆ, ਵਿਦਿਆ ਦਾ। ਵੱਧ ਤੋਂ ਵੱਧ ਪੜ੍ਹਿਆ ਜਾਵੇ। ਸ਼ਾਇਦ ਪੜ੍ਹਾਈ ਗਰੀਬੀ ਦੇ ਨਰਕ ਵਿਚੋਂ ਕੱਢ ਦੇਵੇ। ਮੇਰੀ ਅੰਗਰੇਜ਼ੀ ਚੰਗੀ ਸੀ ਪਰ ਉਚਾਰਣ ਗਲਤ ਕਰਦਾ ਸੀ। ਮੈਂ ਮਿਹਨਤ ਕਰਨ ਲੱਗਾ। ਮੈਨੂੰ ਸੀਰੀਅਸ ਹੋਇਆ ਦੇਖ ਮੇਰਾ ਇਕ ਚਾਚਾ ਦਲਵੀਰ ਸਿੰਘ ਮੇਰੀ ਪਿੱਠ ’ਤੇ ਆ ਗਿਆ। ਉਹ ਝਬਾਲ (ਅੰਮਿ੍ਰਤਸਰ) ਰਹਿੰਦਾ ਸੀ। ਉੱਥੇ ਉਹ ਐਸ.ਡੀ.ਓ. ਸਨ। ਉਹ ਜਦੋਂ ਪਿੰਡ ਆਉਦੇ, ਮੇਰੀ ਅੰਗਰੇਜ਼ੀ ਸੁਧਾਰਨ ਲੱਗ ਪੈਂਦੇ। ਜਦੋਂ ਮੈਂ ਦਸਵੀਂ ਜਮਾਤ ਵਿਚ ਹੋਇਆ, ਉਹ ਮੈਨੂੰ ਆਪਣੇ ਨਾਲ ਝਬਾਲ ਲੈ ਗਏ। ਉੱਥੇ ਸਰਕਾਰੀ ਸਕੂਲ ਵਿਚ ਪੜ੍ਹਨ ਪਾ ਦਿੱਤਾ।

? ਤੁਸੀਂ ਪਾਸ਼ ਉੱਤੇ 4-5 ਕਵਿਤਾਵਾਂ ਲਿਖੀਆਂ ਹਨ। ਪਾਸ਼ ਨੇ ਵੀ ਤੁਹਾਡੇ ਪਿੰਡ ਵਾਲੇ ਵਾਗੀ (ਪਸ਼ੂ ਚਾਰਨ ਵਾਲਾ) ’ਤੇ ਕਵਿਤਾ ‘ਕੰਡੇ ਦਾ ਜ਼ਖ਼ਮ’ ਲਿਖੀ ਹੈ। ਪਾਸ਼ ਨਾਲ ਮਿੱਤਰਚਾਰਾ ਕਦੋਂ ਬਣਿਆ।
-ਪਾਸ਼ ਸਰਕਾਰੀ ਹਾਇਰ ਸੈਕੰਡਰੀ ਸਕੂਲ ਨਕੋਦਰ ਵਿਖੇ 11ਵੀਂ ਜਮਾਤ ਵਿੱਚ ਪੜ੍ਹਦਾ ਸੀ। ਮੈਂ ਉਦੋਂ ਮਹਿਤਪੁਰ 9ਵੀਂ ਜਮਾਤ ਵਿੱਚ ਪੜ੍ਹਦਾ ਸੀ। ਮੈਂ ਸਕੂਲ ਦੀ ਕਬੱਡੀ ਟੀਮ ਦਾ ਖਿਡਾਰੀ ਸਾਂ। ਸਕੂਲ ਇਕ ਦੂਜੇ ਨਾਲ ਮੈਚ ਲਾਉਦੇ ਹੁੰਦੇ ਸਨ। ਅਸੀਂ ਉੱਥੇ ਮੈਚ ਖੇਡਣ ਗਏ ਸੀ। ਮੇਰਾ ਸਰੀਰ ਭਾਰਾ ਸੀ। ਸਿਹਤ ਚੰਗੀ ਸੀ। ਮੇਰੀ ਖਿਡਾਰੀਆਂ ਵਿਚ ਚੰਗੀ ਪੈਂਠ ਸੀ। ਪਾਸ਼ ਖਿਡਾਰੀ ਨਹੀਂ ਸੀ। ਉਹ ਆਪਣੇ ਸਕੂਲ ਵਾਲੇ ਖਿਡਾਰੀਆਂ ਨੂੰ ਹੱਲਾਸ਼ੇਰੀ ਦੇਣ ਵਾਲਾ ਸੀ। ਇਸ ਮੈਚ ਦੌਰਾਨ ਹੀ ਉਹ ਮੇਰੀ ਖੇਡ ਦਾ ਪ੍ਰਸੰਸਕ ਬਣ ਗਿਆ। ਅਸੀਂ ਮੈਚ ਜਿੱਤ ਲਿਆ। ਉਹ ਮੈਨੂੰ ਸਪੈਸ਼ਲ ਮਿਲਿਆ। ਮੈਨੂੰ ਦੁੱਧ ਪਿਲਾਇਆ। ਅਸੀਂ ਬਹੁਤ ਸਾਰੀਆਂ ਗੱਲਾਂ ਕੀਤੀਆਂ। ਇਕ ਦੂਜੇ ਦੇ ਜਾਣੂ ਹੋ ਗਏ। ਮੈਂ ਇਹ ਵੀ ਫੜ੍ਹ ਮਾਰ ਦਿੱਤੀ ਕਿ ਮੈਂ ਬੜੀ ਵਧੀਆ ਕਵਿਤਾ ਲਿਖ ਲੈਂਦਾ। ਉਹਦੇ ਪਿੰਡ ਤਲਵੰਡੀ ਸਲੇਮ ਦੇ ਲਾਗੇ ਉੱਗੀ ਪਿੰਡ ਵਿਚ ਮੇਲਾ ਸੀ। ਮੈਨੂੰ ਉਹਨੇ ਉੱਥੇ ਸੱਦਿਆ। ਨਾਲ ਕਵਿਤਾਵਾਂ ਲਿਆਉਣ ਲਈ ਵੀ ਕਿਹਾ। ਮੈਂ ਮੇਲੇ ’ਤੇ ਗਿਆ। ਕਵਿਤਾਵਾਂ ਵੀ ਪੜ੍ਹਾਈਆਂ। ਉਹ ਮੈਨੂੰ ਦੱਸਣ ਲੱਗ ਪਿਆ ਕਿ ਕਵਿਤਾ ਕਿਵੇਂ ਲਿਖੀਦੀ ਹੈ। ਮੈਂ ਕਈ ਵਾਰ ਮੈਚ ਖੇਡਣ ਨਕੋਦਰ ਗਿਆ। ਪਾਸ਼ ਨੂੰ ਜ਼ਰੂਰ ਮਿਲ ਕੇ ਆਉਦਾ। ਮਹਿਤਪੁਰ ਵਿਸਾਖੀ ਮੇਲੇ ’ਤੇ ਮੈਂ ਉਹਨੂੰ ਸੱਦਿਆ। ਮੇਲਾ ਦੇਖਣ ਤੋਂ ਬਾਅਦ ਮੈਂ ਉਹਨੂੰ ਆਪਣੇ ਪਿੰਡ ਸ਼ਾਹਪੁਰ ਲੈ ਆਇਆ। ਉਹ ਮੇਰੇ ਕੋਲ ਰਾਤ ਰਿਹਾ। ਮੈਂ ਬੀਬੀ ਨੂੰ ਕਿਹਾ- ਇਹ ਮੇਰਾ ਦੋਸਤ ਪਾਸ਼ ਹੈ। ਉਹ ਮੋਹਰੋਂ ਕਹਿੰਦੀ- ਜਲਜਾਣਿਓ, ਪਾਸ਼ ਵੀ ਕੋਈ ਨਾਂ ਹੁੰਦਾ। ਨਾਂ ਤਾਂ ਪ੍ਰਕਾਸ਼ ਹੁੰਦਾ ਹੈ। ਮੇਰੀ ਮਾਂ ਲਈ ਉਹ ਹਮੇਸ਼ਾ ਪ੍ਰਕਾਸ਼ ਹੀ ਰਿਹਾ। ਸਾਡੇ ਸਾਰੇ ਜੀਅ ਉਹਨੂੰ ਪ੍ਰਕਾਸ਼ ਹੀ ਕਹਿੰਦੇ ਸਨ। ਫਿਰ ਸਾਡੇ ਘਰੇਲੂ ਸੰਬੰਧ ਬਣ ਗਏ। ਉਨ੍ਹਾਂ ਦਿਨਾਂ ਵਿਚ ਪੰਜਾਬ ਵਿਚ ਨਕਸਲੀ ਲਹਿਰ ਦੀਆਂ ਸਰਗਰਮੀਆਂ ਜਿਵੇਂ ਜ਼ਮੀਨਾਂ ’ਤੇ ਕਬਜ਼ੇ ਕਰਨ ਅਤੇ ਵਿਦਿਆਰਥੀ ਸੰਘਰਸ਼ਾਂ ਨੇ ਜ਼ੋਰ ਫੜ ਲਿਆ ਸੀ। ਪਾਸ਼ ਉਸ ਵੱਲ ਖਿੱਚਿਆ ਗਿਆ ਸੀ। ਉਹ ਮੇਰੇ ਨਾਲ ਵੀ ਉਸ ਲਹਿਰ ਦੀਆਂ ਗੱਲਾਂ ਕਰਦਾ। ਮੈਨੂੰ ਪ੍ਰੇਰਤ ਕਰਦਾ। ਪਰ ਮੈਂ ਪੜ੍ਹ ਕੇ ਕੁਝ ਬਣਨਾ ਚਾਹੁੰਦਾ ਸੀ। ਮੈਂ ਆਪਣੇ ਚਾਚੇ ਕੋਲ ਝਬਾਲ ਪੜ੍ਹਨ ਲੱਗ ਪਿਆ।

? ਮੇਰਾ ਖ਼ਿਆਲ ਇਹ ਲਹਿਰ ਉਦੋਂ ਪੰਜਾਬ ਵਿਚ ਸਾਰੇ ਪਾਸੇ ਫੈਲ ਗਈ ਸੀ। ਝਬਾਲ ਜਾ ਕੇ ਬਚਾਅ ਹੋ ਗਿਆ ਜਾਂ ਕੁੱਦ ਪਏ।
-ਮੈਂ ਝਬਾਲ ਵੀ ਰਹਿੰਦਾ ਸੀ ਤੇ ਪਿੰਡ ਵੀ ਆ ਜਾਂਦਾ ਸੀ। ਸਾਡੇ ਪਿੰਡਾਂ ਵਿੱਚ ਤਾਂ ਪੂਰਾ ਜ਼ੋਰ ਸੀ ਲਹਿਰ ਦਾ। ਅੰਮਿ੍ਰਤਸਰ ਜ਼ਿਲ੍ਹੇ ਵਿਚ ਝਬਾਲ ਵਾਲੇ ਪਾਸੇ ਹਿਲਜੁਲ ਹੋਣ ਲੱਗ ਪਈ ਸੀ। ਯਸ਼ਪਾਲ ਹੁਰਾਂ ਝਬਾਲ ਵਿੱਚ ਇਕ ਮੀਟਿੰਗ ਰੱਖੀ ਸੀ। ਮੈਂ ਉਸ ਮੀਟਿੰਗ ਵਿਚ ਗਿਆ ਸੀ। ਮੈਂ ਛੋਟਾ ਸੀ। ਛੋਟਾ ਹੋਣ ਕਰਕੇ ਮੇਰੇ ’ਤੇ ਕੋਈ ਸ਼ੱਕ ਨਹੀਂ ਸੀ ਕਰਦਾ। ਮੈਂ 2 ਜਾਂ 3 ਵਾਰ ਬਾਬਾ ਬੂਝਾ ਸਿੰਘ ਨੂੰ ਸਾਈਕਲ ’ਤੇ ਬਿਠਾ ਕੇ ਇੱਧਰ-ਉੱਧਰ ਛੱਡ ਕੇ ਆਇਆ। ਫਿਰ ਉਨ੍ਹਾਂ ਦਾ ਪੁਲੀਸ ਨੇ ਕਤਲ ਕਰ ਦਿੱਤਾ। ਦਰਅਸਲ ਪਹਿਲੇ ਸਾਲਾਂ ਵਿਚ ਮਾਝੇ ਵਿਚ ਸਰਗਰਮੀ ਹੋਈ ਨਹੀਂ। ਜੇ ਕਿਤੇ ਬਾਬਾ ਜੀ ਨੂੰ 2-3 ਸਾਲ ਹੋਰ ਮਿਲ ਜਾਂਦੇ। ਉਨ੍ਹਾਂ ਮਾਝੇ ਵਿੱਚ ਤੂਫ਼ਾਨ ਲਿਆ ਦੇਣਾ ਸੀ। ਇਹ ਤੇ ਜਦੋਂ ਭਗਵੰਤ ਸਿੰਘ ਨੇ ਅੰਮਿ੍ਰਤਸਰ ਵਿਚ ਕੰਮ ਸ਼ੁਰੂ ਕੀਤਾ, ਉਦੋਂ ਉੱਥੇ ਪਾਰਟੀ ਦੇ ਪੈਰ ਲੱਗੇ। ਉਦੋਂ ਬਲਦੇਵ ਸਿੰਘ ਮਾਨ ਵਰਗੇ ਆਗੂ ਪੈਦਾ ਹੋਏ। ਇਹ 1971-72 ਤੋਂ ਬਾਅਦ ਦੀਆਂ ਗੱਲਾਂ। ਮੈਂ ਭਾਵੇਂ ਬਲਦੇਵ ਸਿੰਘ ਮਾਨ, ਦਾਤਾਰ ਸਿੰਘ, ਬਲਦੇਵ ਸਿੰਘ ਬੰਘੋਲ, ਦਰਸ਼ਨ ਕੂਹਲੀ, ਬਾਬਾ ਰਾਮ ਬੈਰਾਗੀ, ਭਗਵੰਤ ਸਿੰਘ, ਸਾਈਮਨ, ਦਰਸ਼ਨ ਖਟਕੜ ਆਦਿ ਆਗੂਆਂ ਦੇ ਨੇੜੇ ਰਿਹਾਂ। ਮੈਂ ਨਕੋਦਰ ਤੇ ਮੁਕਤਸਰ ਵਾਲੇ ਪਾਸੇ ਪੰਜਾਬ ਸਟੂਡੈਂਟ ਯੂਨੀਅਨ ਵਿਚ ਕੰਮ ਕੀਤਾ। ਦਰਅਸਲ ਮੈਂ ਖੁੱਲ੍ਹ ਕੇ ਕੰਮ ਨਹੀਂ ਕੀਤਾ। ਮੈਂ ਕੰਟੈਕਟ ਬਣਾ ਦਿੰਦਾ ਸੀ। ਪਾਰਟੀ ਦੇ ਲੀਡਰ ਆਪਣਾ ਜਥੇਬੰਦਕ ਕੰਮ ਕਰਦੇ ਸਨ। ਜਿਵੇਂ ਦਰਸ਼ਨ ਦੁਸਾਂਝ ਤੇ ਦਰਸ਼ਨ ਖਟਕੜ ਨੇ ਕਵਿਤਾ ਵੀ ਲਿਖੀ ਤੇ ਰਾਜਨੀਤਕ ਕੰਮ ਵੀ ਕੀਤਾ। ਮੈਂ ਉਵੇਂ ਨਹੀਂ ਕਰ ਸਕਿਆ। ਮੇਰੇ ਅੰਦਰ ਕਿਤੇ ਨਾ ਕਿਤੇ ਪੜ੍ਹ-ਲਿਖ ਕੇ ਤੇ ਨੌਕਰੀ ਕਰਕੇ ਜੀਵਨ ਸੁਧਾਰਨ ਦੀ ਖ਼ਾਹਿਸ਼ ਪਈ ਸੀ। ਮੈਂ ਲਹਿਰ ਦਾ ਹਮਦਰਦ ਹੀ ਸੀ। ਪਹਿਲਾਂ ਵਿਦਿਆਰਥੀ ਫਰੰਟ ’ਤੇ ਕੰਮ ਕੀਤਾ। ਫੇਰ ਲਿਖਤ ਪੱਖੋਂ ਹੀ ਹਿੱਸਾ ਪਾਇਆ ਹੈਗਾ। ਮੈਂ ਬਾਬਾ ਬੁੱਢਾ ਕਾਲਜ ਝਬਾਲ, ਗੌਰਮਿੰਟ ਕਾਲਜ ਮੁਕਤਸਰ, ਗੁਰੂ ਨਾਨਕ ਨੈਸ਼ਨਲ ਕਾਲਜ ਨਕੋਦਰ ਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਪੜ੍ਹਿਆਂ। ਇਨ੍ਹਾਂ ਥਾਵਾਂ ’ਤੇ ਪੰਜਾਬ ਸਟੂਡੈਂਟ ਯੂਨੀਅਨ ਦੀਆਂ ਜੜ੍ਹਾਂ ਲਾਉਣ ਦੀ ਕੋਸ਼ਿਸ਼ ਕੀਤੀ। ਮੈਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਖੇ ਅੰਗਰੇਜ਼ੀ ਦੀ ਐਮ.ਏ. ਕਰਨ ਗਿਆ ਤਾਂ ਉੱਥੇ ਡਾ. ਰਵਿੰਦਰ ਰਵੀ ਮਿਲ ਗਏ। ਉਹ ਮੈਨੂੰ ਪੰਜਾਬੀ ਯੂਨੀਵਰਸਿਟੀ ਪਟਿਆਲੇ ਲੈ ਗਏ। ਜਿੱਥੇ ਉਨ੍ਹਾਂ ਦੇ ਕਹਿਣ ’ਤੇ ਮੈਂ ਪਹਿਲਾਂ ਪੰਜਾਬੀ ਦੀ ਐਮ.ਏ. ਕੀਤੀ ਤੇ ਫਿਰ ਅੰਗਰੇਜ਼ੀ ਦੀ। ਮੈਂ ਉਨ੍ਹਾਂ ਕੋਲੋਂ ਵੀ ਮਾਰਕਸਵਾਦ ਦੀ ਸੋਝੀ ਲਈ। ਆਖ਼ਿਰ ਉਹ ਮੇਰੇ ਅਧਿਆਪਕ ਸਨ।

? ਕਿਸੇ ਵੀ ਸ਼ਖ਼ਸੀਅਤ ਦੇ ਬਣਨ ਪਿੱਛੇ ਇਕ ਮਾਹੌਲ ਹੁੰਦਾ। ਦੋਸਤ ਮਿੱਤਰ, ਪਰਿਵਾਰ, ਅਧਿਆਪਕ, ਕਿਤਾਬਾਂ ਜਾਂ ਲਹਿਰਾਂ ਦੇ ਆਗੂ ਰੋਲ ਨਿਭਾਉਦੇ ਹਨ। ਤੁਹਾਡੀ ਸ਼ਖ਼ਸੀਅਤ ਆਪ ਹੀ ਵਿਕਾਸ ਕਰ ਗਈ ਜਾਂ ਕਿਸੇ ਦਾ ਰੋਲ ਰਿਹਾ।
-ਮੈਨੂੰ ਜ਼ਿਆਦਾ ਸੋਝੀ ਪਾਸ਼ ਨੇ ਦਿੱਤੀ। ਮੈਂ ਉਹਨੂੰ ਆਪਣਾ ਆਗੂ ਮੰਨਦਾਂ। ਰਾਜ ਕਿਸਨੂੰ ਕਹਿਦੇ ਹਨ? ਸਰਕਾਰ ਕੀ ਹੁੰਦੀ ਹੈ? ਕਿਹੜੀਆਂ ਤਾਕਤਾਂ ਇਸਨੂੰ ਚਲਾਉਦੀਆਂ ਹਨ? ਰਾਸ਼ਟਰਵਾਦ ਕੀ ਹੈ? ਸ਼ਹੀਦ ਭਗਤ ਸਿੰਘ ਦੇ ਸਾਥੀਆਂ ਦਾ ਸੁਪਨਾ ਹੀ ਅਸਲ ਭਾਰਤ ਦਾ ਸੁਪਨਾ ਹੋ ਸਕਦਾ ਹੈ। ਗਾਂਧੀ-ਨਹਿਰੂ ਦੇ ਸੁਪਨਿਆਂ ਦਾ ਭਾਰਤ, ਭਾਰਤ ਦੇ ਮਿਹਨਤਕਸ਼ ਲੋਕਾਂ ਨਾਲ ਫਰਾਡ ਹੈ। ਇਹ ਸਭ ਕੁਝ ਬਾਰੇ ਪਾਸ਼ ਨੇ ਹੀ ਮੈਨੂੰ ਸਮਝਾਇਆ। ਕਵਿਤਾ ਕੀ ਹੁੰਦੀ ਹੈ? ਕਵਿਤਾ ਲੋਕਾਂ ਲਈ ਹੁੰਦੀ ਹੈ। ਗੀਤ-ਸੰਗੀਤ ਦੀਆਂ ਬਾਰੀਕੀਆਂ ਪਾਸ਼ ਨੇ ਹੀ ਸਾਨੂੰ ਸਮਝਾਈਆਂ। ਮੇਰੇ ਜੀਜੇ ਦਾ ਭਰਾ ਵਿਦੇਸ਼ ਤੋਂ ਇੰਡੀਆ ਗਿਆ ਸੀ। ਉਹ ਟੇਪ ਰਿਕਾਰਡ ਲੈ ਕੇ ਗਿਆ ਸੀ। ਮੇਰਾ ਜੀਜਾ ਉਹ ਟੇਪ ਰਿਕਾਰਡ ਇਕ ਵਾਰ ਸਾਡੇ ਘਰ ਲੈ ਆਇਆ। ਉਹਦੇ ਕੋਲ ਬੜੇ ਅੱਛੇ ਗੀਤਾਂ ਦੀਆਂ ਟੇਪਾਂ ਸਨ। ਖ਼ਾਸ ਤੌਰ ’ਤੇ ਪੁਰਾਣੇ ਹਿੰਦੀ ਫ਼ਿਲਮਾਂ ਦੀਆਂ। ਉੱਦਣ ਪਾਸ਼ ਵੀ ਪਿੰਡ ਆਇਆ ਹੋਇਆ ਸੀ। ਗੀਤ- ‘ਜੱਗ ਸਾਰਾ ਧੀਰੇ-ਧੀਰੇ ਜਾਗੇ ਰੇ’ ਸੁਣਿਆ ਤਾਂ ਪਾਸ਼ ਰੋ ਪਿਆ। ਫਿਰ ਉਹਨੇ ਭਾਰਤੀ ਸੰਗੀਤ ਬਾਰੇ ਭਾਸ਼ਣ ਦਿੱਤਾ ਕਿ ਭਾਰਤੀ ਸੰਗੀਤ ਸ਼ਬਦ ਤੇ ਲੈਅ ਦਾ ਸੰਗੀਤ ਹੈ। ਮੈਂ ਦਰਅਸਲ ਗੀਤਕਾਰ ਬਣ ਕੇ ਰਹਿ ਜਾਣਾ ਸੀ। ਪਰ ਕਵਿਤਾ ਵੱਲ ਮੈਨੂੰ ਮੋੜਨ ਵਾਲਾ ਪਾਸ਼ ਸੀ। ਭਾਵੇਂ ਮੈਨੂੰ ਰਾਜਨੀਤਕ ਚੇਤਨਾ ਦਰਸ਼ਨ ਖਟਕੜ ਨੇ ਦਿੱਤੀ। ਜੁਝਾਰਵਾਦੀ ਕਵਿਤਾ ਵੱਲ ਮੈਂ ਇਨ੍ਹਾਂ ਦੋਵਾਂ ਕਰਕੇ ਮੁੜਿਆ। ਪਾਸ਼ ਨੇ ਮੈਨੂੰ ਹਿੰਦੀ ਤੇ ਹੋਰ ਭਾਸ਼ਾਵਾਂ ਦਾ ਸਾਹਿਤ ਪੜ੍ਹਾਇਆ। ਦੁਨੀਆ ਭਰ ਦੇ ਕ੍ਰਾਂਤੀਕਾਰੀ/ਇਨਕਲਾਬੀ ਲੇਖਕਾਂ ਨੂੰ ਪੜ੍ਹਾਇਆ। ਰਾਹੁਲ ਸ਼ੰਕਰ ਤਿਨਿਆਨ, ਮਾਓ-ਜੇ-ਤੁੰਗ, ਕਮਲਾ ਦਾਸ, ਹਜ਼ਾਰੀ ਪ੍ਰਸਾਦਿ ਦਵੈਦੀ, ਲੈਨਿਨ, ਧੂਮਿਲ, ਪਾਬਲੋ ਨਰੂਦਾ, ਮੇਘਦੂਤ, ਭਰਤ ਮੁਨੀ, ਰਸ਼ੀਅਨ ਸਾਹਿਤ ਪੜ੍ਹਿਆ। ਰਸ਼ੀਅਨ ਸਾਹਿਤ ਪਹਿਲਾਂ ਹਿੰਦੀ ਵਿਚ ਆਉਦਾ ਸੀ, ਫਿਰ ਪੰਜਾਬੀ ਵਿੱਚ। ਮੈਂ ਪਹਿਲਾਂ ਹੀ ਹਿੰਦੀ ਵਿਚ ਪੜ੍ਹ ਲੈਂਦਾ ਸੀ। ਮੈਂ ਰਿਗਵੇਦ, ਰਮਾਇਣ, ਮਹਾਭਾਰਤ, ਵੇਦ, ਗੀਤਾ, ਬਾਈਬਲ, ਕੁਰਾਨ ਸ਼ਰੀਫ਼, ਗੁਰੂ ਗ੍ਰੰਥ ਸਾਹਿਬ ਤੇ ਅਨੇਕਾਂ ਧਾਰਮਿਕ ਪੁਸਤਕਾਂ, ਖ਼ਾਸ ਕਰ ਹਿੰਦੂ ਧਰਮ ਦੀਆਂ, ਦਾ ਗਹਿਰਾ ਅਧਿਐਨ ਕੀਤਾ। ਇਨ੍ਹਾਂ ਪੁਸਤਕਾਂ ਦੀਆਂ ਲੋਕਾਂ ਵਿਚ ਜੜ੍ਹਾਂ ਕਿਉ ਲੱਗੀਆਂ ਹੋਈਆਂ ਹਨ ? ਇਹ ਮੇਰੇ ਲਈ ਅਹਿਮ ਸਵਾਲ ਸੀ। ਮੈਂ ਵਿਰਸਾ ਤੇ ਧਾਰਮਿਕ ਸਾਹਿਤ ਪੜ੍ਹਦਾ ਸੀ। ਇਸ ਨੂੰ ਕਿਵੇਂ ਇਨਕਲਾਬੀ ਸਾਹਿਤ ਵਿੱਚ ਵਰਤਿਆ ਜਾ ਸਕਦਾ ਹੈ। ਮੈਂ ਪੰਜਾਬੀ ਦੇ ਸਾਰੇ ਸ਼ਾਇਰਾਂ ਦੀ ਸ਼ਾਇਰੀ ਦਾ ਡੂੰਘਾਈ ਨਾਲ ਅਧਿਐਨ ਕੀਤਾ। ਪਾਸ਼ ਕਹਿੰਦਾ ਹੁੰਦਾ ਸੀ, ਤੁਸੀਂ ਰਾਜਨੀਤਕ ਕੰਮ ਵੀ ਕਰੋ ਪਰ ਪੜ੍ਹੋ ਜ਼ਰੂਰ। ਜਿਹਨੇ ਪੜ੍ਹਨਾ ਛੱਡ ਦਿੱਤਾ, ਉਹਦੀ ਮੌਤ ਹੋ ਗਈ। ਅਸੀਂ ਕਿਤਾਬਾਂ ਚੁਣ ਕੇ ਪੜ੍ਹਦੇ। ਸਮਾਂ ਬੰਨ੍ਹਦੇ। ਫਿਰ ਉਸ ਪੁਸਤਕ ’ਤੇ ਗੱਲਬਾਤ ਕਰਦੇ। ਲਿਖਣ ਵੇਲੇ ਵੀ ਇਵੇਂ ਕਰਦੇ। ਕੋਈ ਕਵਿਤਾ ਲਿਖ ਲੈਂਦੇ। ਇਕੱਠੇ ਹੋ ਕੇ ਪੜ੍ਹਦੇ। ਉਹ ’ਤੇ ਚਰਚਾ ਕਰਦੇ। ਸੋਧ ਕਰਨ ਦੀ ਸਲਾਹ ਦਿੰਦੇ।

? ਉਨ੍ਹਾਂ ਸਮਿਆਂ ਵਿਚ ਕਵੀ ਦੇ ਤੌਰ ’ਤੇ ਤੁਹਾਡਾ ਨਾਂ ਅੱਗੇ ਨਹੀਂ ਆਇਆ।
-ਮੈਂ ਤੇ ਭਾਈ ਉਦੋਂ ਸਿਖਿਆਰਥੀ ਸੀ। ਕਵਿਤਾ ਪੜ੍ਹਦਾ ਸੀ। ਲਿਖਣੀ ਸਿੱਖਦਾ ਸੀ। ਮੈਂ, ਪਾਸ਼ ਤੇ ਨਕੋਦਰ ਵਾਲਾ ਪਰਮਿੰਦਰ (ਜੱਖੂ) ਦੋਸਤ ਹੁੰਦੇ ਸਾਂ। ਮੈਂ ਤੇ ਪਰਮਿੰਦਰ ਜਮਾਤੀ ਵੀ ਸਾਂ। ਅਸੀਂ ਦੋਨੋਂ ਪ੍ਰਤੀਯੋਗਤਾ ਮੁਕਾਬਲਿਆਂ ਵਿਚ ਹਿੱਸਾ ਲੈਂਦੇ। ਪਾਸ਼ ਦੀਆਂ ਕਵਿਤਾਵਾਂ, ਖ਼ਾਸ ਤੌਰ ’ਤੇ ਯੁੱਧ ਤੇ ਸ਼ਾਂਤੀ, ਖੁਦਕਸ਼ੀ ਆਪਣੇ ਨਾਂ ਹੇਠ ਮੁਕਾਬਲਿਆਂ ਵਿਚ ਪੜ੍ਹ ਆਉਦੇ। ਜਿਹੜੀ ਪਾਸ਼ ਨੇ ਨਵੀਂ ਕਵਿਤਾ ਲਿਖਣੀ, ਅਸੀਂ ਉਹ ਮੁਕਾਬਲਿਆਂ ਵਿਚ ਲੈ ਜਾਣੀ। ਅਸੀਂ ਬੜੇ ਮੁਕਾਬਲੇ ਜਿੱਤੇ। ਅਸੀਂ ਪਾਸ਼ ਨਾਲੋਂ ਵਧੀਆ ਢੰਗ ਨਾਲ ਕਵਿਤਾ ਦੀ ਪੇਸ਼ਕਾਰੀ ਕਰਦੇ। ਅਸੀਂ ਨਕੋਦਰ ਕਾਲਜ ਨੂੰ ਬਹੁਤ ਸ਼ੀਲਡਾਂ ਜਿੱਤ ਕੇ ਦਿੱਤੀਆਂ। ਹੁਣ ਦੇ ਪੰਜਾਬੀ ਦੇ ਮਸ਼ਹੂਰ ਤੇ ਸਥਾਪਤ ਲੇਖਕ ਅਸੀਂ ਕਈ ਵਾਰ ਮੁਕਾਬਲਿਆਂ ਵਿਚ ਹਰਾਏ। ਕਵਿਤਾ ਪਾਸ਼ ਦੀ, ਨਾਂ ਸਾਡਾ ਤੇ ਪੇਸ਼ਕਾਰੀ ਸਾਡੀ। ਜ਼ਿੰਦਾਬਾਦ।

? ਮੈਨੂੰ ਕਿਸੇ ਨੇ ਦੱਸਿਆ ਸੀ ਤੁਸੀਂ 3-4 ਜਣੇ ਪੁਲਿਸ ਨੂੰ ਪੈ ਗਏ ਸੀ। ਤੁਹਾਨੂੰ ਲੋਕਾਂ ਨੇ ਘੇਰਾ ਪਾ ਲਿਆ ਸੀ।
-ਪਾਸ਼ ਨੂੰ ਇਕ ਝੂਠੇ ਕਤਲ ਕੇਸ ਵਿਚ ਪੁਲੀਸ ਨੇ ਫਸਾ ਲਿਆ ਸੀ। ਜੇਲ੍ਹ ਵਿੱਚ ਜਿਸ ਸਿਪਾਹੀ ਨੇ ਉਸ ’ਤੇ ਸਭ ਤੋਂ ਵੱਧ ਤਸ਼ੱਦਦ ਢਾਹਿਆ। ਉਹ ਨਕੋਦਰ ਥਾਣੇ ਆ ਗਿਆ। ਜਦੋਂ ਪਾਸ਼ ਨੂੰ ਪਤਾ ਲੱਗਾ, ਉਹਦੇ ਅੱਗ ਲੱਗ ਗਈ। ਉਹਨੇ ਮੇਰੇ ਤੇ ਪਰਮਿੰਦਰ ਨਾਲ ਉਸ ਸਿਪਾਹੀ ਨੂੰ ਕੁੱਟਣ ਦੀ ਸਕੀਮ ਬਣਾ ਲਈ। ਸਾਨੂੰ ਪਾਸ਼ ਕਹਿੰਦਾ- ‘ਤੁਸੀਂ ਉਸਨੂੰ ਕੁੱਟਣਾ ਨਹੀਂ। ਕੁਟਾਂਗਾ ਮੈਂ। ਤੁਸੀਂ ਸਿਰਫ ਆਸਾ ਪਾਸਾ ਸਾਂਭ ਲਈਓ। ਲੋਕ ਨਾ ਪੈ ਜਾਣ।’ ਉਹ ਸਿਪਾਹੀ ਨਕੋਦਰ ਬੱਸ ਅੱਡੇ ਵਿਚ ਖੜ੍ਹਾ ਸੀ। ਅਸੀਂ ਤਿੰਨੋਂ ਉਹਦੇ ਕੋਲ ਜਾ ਖੜ੍ਹੇ ਹੋਏ। ਮੈਂ ਤੇ ਪਰਮਿੰਦਰ ਨੇ ਕੱਛਾਂ ਵਿੱਚ ਹੱਥ ਦੇ ਲਏ। ਪਾਸ਼ ਨੇ ਉਹਦੇ ਚਪੇੜਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ। ਉਹਨੇ ਰੂਹ ਨਾਲ ਚਪੇੜਾਂ ਮਾਰੀਆਂ। ਜਦੋਂ ਲੋਕ ਇਕੱਠੇ ਹੋਣੇ ਸ਼ੁਰੂ ਹੋ ਗਏ। ਅਸੀਂ ਖੜ੍ਹੇ ਰਹੇ। ਲੋਕ ਸਾਨੂੰ ਜਾਣਦੇ ਸਨ। ਲੋਕ ਨਾ ਹੱਕ ਵਿਚ, ਨਾ ਵਿਰੋਧ ਵਿਚ ਕੁਝ ਨਹੀਂ ਬੋਲੇ। ਅਸੀਂ ਅਰਾਮ ਨਾਲ ਉੱਥੋਂ ਆਏ। ਪਾਸ਼ ਸਾਨੂੰ ਪੈ ਗਿਆ- ‘‘ਕੰਜਰ ਦਿਓ, ਕੱਛਾਂ ਵਿੱਚ ਹੱਥ ਦੇ ਕੇ ਖੜ੍ਹ ਗਏ ਸੀ। ਤੁਸੀਂ ਜੇਬਾਂ ਵਿੱਚ ਹੱਥ ਪਾ ਲੈਂਦੇ। ਘੱਟੋ-ਘੱਟ ਲੋਕਾਂ ਨੂੰ ਡਰ ਰਹਿੰਦਾ ਕਿ ਇਨ੍ਹਾਂ ਕੋਲ ਕੋਈ ਹਥਿਆਰ ਹੈ। ਜੇ ਲੋਕ ਪੈ ਜਾਂਦੇ ਫੇਰ?’’

? ਪਾਸ਼ ਦਾ ਸਿਖ਼ਰ ਕੀ ਹੈ।
-ਪਾਸ਼ ਹੋਣ ਦਾ ਅਰਥ ਉਸਦਾ ਇਨਕਲਾਬੀ ਕਵੀ ਹੋਣਾ ਹੈ। ਕਵਿਤਾ ਨੂੰ ਨਵੇਂ ਅਰਥ ਦੇਣੇ ਹਨ। ਪ੍ਰਯੋਗਵਾਦੀ, ਪ੍ਰਗਤੀਵਾਦੀ ਤੇ ਆਮ ਕਵਿਤਾ ਦੇ ਸਾਹਮਣੇ ਇਕ ਨਵੀਂ ਨਕੋਰ ਧਾਰਾ ਖੜ੍ਹੀ ਕਰ ਦੇਣੀ ਉਸਦੇ ਹਿੱਸੇ ਆਈ। ਜੁਝਾਰਵਾਦੀ ਕਾਵਿ-ਧਾਰਾ ਨੂੰ ਬਲ ਬਖਸ਼ਣ ਵਿਚ ਉਸਦਾ ਅਹਿਮ ਯੋਗਦਾਨ ਹੈ। ਉਸਨੇ ਪੰਜਾਬੀ ਕਵਿਤਾ ਦਾ ਇਕ ਮਾਡਲ ਵਿਕਸਤ ਕੀਤਾ। ਜਦੋਂ ਮਰਹੂਮ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਉਪਰੰਤ ਦਿੱਲੀ ਅਤੇ ਭਾਰਤ ਦੇ ਹੋਰ ਰਾਜਾਂ ਵਿੱਚ ਪੰਜਾਬੀਆਂ ਖ਼ਾਸ ਕਰਕੇ ਸਿੱਖਾਂ ਦਾ ਕਤਲੇਆਮ ਕੀਤਾ ਗਿਆ। ਉਹ ਪੰਜਾਬੀਆਂ ਦਾ ਇਕੋ ਇਕ ਸ਼ਾਇਰ ਸੀ ਜਿਸਨੇ ਕਵਿਤਾ ਲਿਖੀ ਕਿ ਜੇਕਰ ਸਾਰਾ ਦੇਸ਼ ਉਸ ਦੇ ਕਤਲ ਦੇ ਸੋਗ ਵਿਚ ਸ਼ਾਮਿਲ ਹੈ ਤਾਂ ਮੇਰਾ ਇਸ ਦੇਸ਼ ਵਿੱਚੋਂ ਨਾਂ ਕੱਟ ਦਿਓ। ਤੇ ਉਨ੍ਹਾਂ ਕਾਤਲਾਂ ਵਿਚ ਮੇਰਾ ਨਾਂ ਸ਼ਾਮਿਲ ਕਰ ਦਿਓ। ਸਟੇਟ ਨੂੰ ਉਸ ਸ਼ਰ੍ਹੇਆਮ ਲਲਕਾਰਿਆ। ਤੇ ਹਕੂਮਤ ਨੇ ਆਪਣੇ ਬੰਦਿਆਂ ਰਾਹੀਂ ਉਸਦਾ ਕਤਲ ਕਰਵਾ ਦਿੱਤਾ।

? ਪਾਸ਼ ਦੇ ਕਤਲ ਬਾਰੇ ਕਈ ਦੰਦ-ਕਥਾਵਾਂ ਪ੍ਰਚੱਲਤ ਹੋ ਗਈਆਂ ਹਨ।
-ਪੰਜਾਬ ਵਿੱਚ ਹਕੂਮਤ ਨੇ ਪਲੇਨਿੰਗ ਨਾਲ ਫ਼ਿਰਕਾਪ੍ਰਸਤੀ ਫੈਲਾਈ। ਉਸ ਲਹਿਰ ਦੀਆਂ ਕਈ ਪਰਤਾਂ ਹਨ। ਇਕ ਪਰਤ ਇਹ ਹੈ ਕਿ ਬਲਦੇਵ ਸਿੰਘ ਮਾਨ ਵਰਗੇ ਜਿਨ੍ਹਾਂ ਆਗੂਆਂ ਦਾ ਲੋਕਾਂ ਵਿਚ ਆਧਾਰ ਸੀ, ਉਨ੍ਹਾਂ ਨੂੰ ਖਤਮ ਕਰਵਾਉਣ ਦੀ ਮੁਹਿੰਮ ਚੱਲੀ। ਹਕੂਮਤ ਲੋਕਾਂ ਨੂੰ ਆਗੂ ਰਹਿਤ ਕਰਨਾ ਚਾਹੁੰਦੀ ਸੀ। ਜਿੰਨੇ ਨਕਸਲੀ ਆਗੂਆਂ ਦੇ ਕਤਲ ਕੀਤੇ ਗਏ, ਉਨ੍ਹਾਂ ਪੁਲਿਸ ਦਾ ਅੰਤਾਂ ਦਾ ਤਸ਼ੱਦਦ ਵੀ ਸਹਿਆ ਸੀ। ਜੇਲ੍ਹਾਂ ਵਿਚ ਵੀ ਸੜਦੇ ਰਹੇ ਸਨ। ਉਨ੍ਹਾਂ ਦੀ ਪਹਿਚਾਣ ਹੀ ਸਟੇਟ ਵਿਰੁੱਧ ਲੜੇ ਸੰਘਰਸ਼ਾਂ ਦੌਰਾਨ ਹੋਈ। ਇਹ ਆਮ ਘਰਾਂ ਦੇ ਗਰੀਬ ਮੁੰਡੇ ਸਨ। ਇਹ ਗਰੀਬਾਂ ਦੇ ਹੱਕ ਵਿਚ ਡਟੇ। ਉਨ੍ਹਾਂ ਦੀ ਆਵਾਜ਼ ਬਣੇ। ਸਰਕਾਰ ਨੇ ਉਨ੍ਹਾਂ ’ਤੇ ਜਬਰ ਢਾਹੇ। ਇਸ ਜਬਰ ਵਿੱਚੋਂ ਹੀ ਇਹ ਲੋਕਾਂ ਦੇ ਆਗੂ ਹੀ ਨਹੀਂ ਬਣੇ, ਸਗੋਂ ਨਾਇਕ ਬਣ ਕੇ ਉੱਭਰੇ। ਇਹ ਹਕੂਮਤ ਦੇ ਰਾਹ ਵਿਚ ਰੋੜਾ ਸਨ। ਉਨ੍ਹਾਂ ਨੂੰ ਰਾਹ ਵਿੱਚੋਂ ਹਟਾ ਦਿੱਤਾ ਗਿਆ। ਅੱਜ 20 ਸਾਲ ਬਾਅਦ ਪੰਜਾਬ ਸਮੱਸਿਆ ਤੋਂ ਬਾਅਦ ਇਹ ਸੋਚਣ ਦਾ ਸਮਾਂ ਹੈ। ਤੇ ਪਾਸ਼ ਵੀ ਇਸੇ ਸਾਜ਼ਿਸ਼ ਦਾ ਸ਼ਿਕਾਰ ਹੋਇਆ।

? ਪਾਸ਼ ਦੇ ਕਤਲ ਨਾਲ ਕੁੜੀ ਦੇ ਇਸ਼ਕ ਨੂੰ ਜੋੜਿਆ ਜਾ ਰਿਹਾ ਹੈ।
-ਪਾਸ਼ ਦੇ ਪਿੰਡ ਤਲਵੰਡੀ ਸਲੇਮ ਦੀ ਇਕ ਕੁੜੀ ਕਿਸੇ ਰਜਮੈਂਟ ਫੋਰਸ ਦੀ ਮੈਂਬਰ ਸੀ। ਉਸਨੇ ਹਥਿਆਰ ਲਿਆਉਣ ਅਤੇ ਕਾਤਲਾਂ ਨੂੰ ਸਹੀ ਸਲਾਮਤ ਪਿੰਡ ਵਿਚੋਂ ਬਾਹਰ ਕੱਢਣ ਵਿਚ ਅਹਿਮ ਭੂਮਿਕਾ ਨਿਭਾਈ। ਪਾਸ਼ ਨਾਲ ਜਾਂ ਉਸਦੀ ਵਿਚਾਰਧਾਰਾ ਨਾਲ ਦੁਸ਼ਮਣੀ ਕਮਾਉਣ ਵਾਲੇ ਲੋਕ ਇਹ ਕੁਪ੍ਰਚਾਰ ਕਰ ਰਹੇ ਹਨ ਕਿ ਪਾਸ਼ ਦੇ ਉਸ ਕੁੜੀ ਨਾਲ ਸੰਬੰਧ ਸਨ। ਪਾਸ਼ ਨੇ ਉਸ ਨਾਲ ਧੋਖਾ ਕੀਤਾ। ਉਸਨੇ ਬਦਲੇ ਵਜੋਂ ਉਸਦਾ ਕਤਲ ਕਰ ਦਿੱਤਾ। ਪਹਿਲੀ ਗੱਲ ਪਾਸ਼ ਨੂੰ ਕਤਲ ਕਰਨ ਵਾਲਿਆਂ ਨੇ ਜ਼ੁੰਮੇਵਾਰੀ ਲਈ। ਫਿਰ ਉਨ੍ਹਾਂ ਇਸ ਕਤਲ ਦੀ ਗਲਤੀ ਮੰਨਦਿਆਂ ਹੋਇਆਂ ਅਖ਼ਬਾਰ ਵਿਚ ਡਾਇਰੀ ਵੀ ਲਿਖੀ। ਬਾਕੀ ਰਹੀ ਪਾਸ਼ ਦੇ ਇਸ਼ਕ ਦੀ ਗੱਲ। ਪੰਜਾਬ ਵਿਚ ਅਸੀਂ ਇਕੱਠੇ ਰਹੇ ਹਾਂ। ਅਮਰੀਕਾ ਵੀ ਮਿਲਦੇ ਸਾਂ। ਅਸੀਂ ਲੰਗੋਟੀਏ ਯਾਰ ਸਾਂ। ਇਕ ਦੂਜੇ ਦੇ ਭੇਤਾਂ ਤੋਂ ਜਾਣੂ ਹਾਂ।

ਪਹਿਲਾ ਇਸ਼ਕ ਉਹਦੇ ਸਕੂਲ ਸਮੇਂ ਦਾ ਸੀ। ਇਕ ਨਕੋਦਰ ਦੀ ਕੁੜੀ ਸੀ। ਉਹ ਪੜ੍ਹਨ ਆਉਦੀ ਤਾਂ ਪਾਸ਼ ਉਹਨੂੰ ਦੇਖਦਾ ਜ਼ਰੂਰ। ਮੈਂ, ਪਾਸ਼ ਤੇ ਪਰਮਿੰਦਰ ਨੇ ਨਕੋਦਰ ਸਾਈਕਲ ਖੜ੍ਹੇ ਕਰਨੇ। ਕੁੜੀ ਦੀ ਇੰਤਜ਼ਾਰ ਕਰਨੀ। ਉਹਦੇ ਆਉਣ ’ਤੇ ਉਹਦੇ ਅੱਗੇ ਪਿੱਛੇ ਤੁਰ ਪੈਣਾ। ਅਸੀਂ ਡਰਦੇ ਬਹੁਤ ਹੁੰਦੇ ਸਾਂ। ਉਹਨੂੰ ਬੁਲਾਉਦੇ ਨਾ। ਉਹ ਤੇ ਉਹਦੀ ਸਹੇਲੀ ਅਰਾਮ ਨਾਲ ਸੜਕ ’ਤੇ ਤੁਰੀਆਂ ਹੁੰਦੀਆਂ। ਪਾਸ਼ ਨੇ ਉਹਨੂੰ ਬੁਲਾਉਣਾ ਤਾਂ ਕੀ, ਦੇਖਣ ਵੇਲੇ ਵੀ ਆਲਾ-ਦੁਆਲਾ ਦੇਖਦਾ ਸੀ। ਅਸੀਂ ਉਹਨੂੰ ਸਕੂਲ ਤੋਂ ਘਰ ਤੱਕ ਛੱਡਣ ਦੀ ਸੇਵਾ ਨਿਭਾਉਦੇ। ਉਹਨੂੰ ਪਾਸ਼ ਨੇ ਇਕ ਪ੍ਰੇਮ-ਪੱਤਰ ਲਿਖਿਆ। ਸ਼ਬਦ ਪਾਸ਼ ਦੇ ਸਨ ਤੇ ਲਿਖਾਈ ਮੇਰੀ। ਪੱਤਰ ਉਸਦੇ ਬਸਤੇ ਵਿੱਚ ਪਾ ਦਿੱਤਾ ਗਿਆ। ਉਹਦਾ ਜਵਾਬ ਅੱਜ ਤੱਕ ਨਹੀਂ ਆਇਆ। ਪਾਸ਼ ਨੇ ਬੇਇੱਜ਼ਤੀ ਬੜੀ ਮਹਿਸੂਸ ਕੀਤੀ। ਜਮਾਤ ਦੇ ਸਾਰੇ ਮੁੰਡਿਆਂ ਨੂੰ ਪਤਾ ਸੀ। ਪਾਸ਼ ਕਹਿੰਦਾ- ‘ਯਾਰ, ਕਾਲਿਆ। ਕੁੜੀ ਵੱਲੋਂ ਤੂੰ ਹੀ ਖ਼ਤ ਲਿਖ ਦੇ।’ ਉਹ ਮੇਰਾ ਘਰ ਵਾਲਾ ਨਾਂ ਲੈਂਦਾ ਸੀ। ਮੈਂ ਖ਼ਤ ਲਿਖ ਦਿੱਤਾ। ਉਹ ਖ਼ਤ ਮਾਸਟਰ ਦੇ ਹੱਥ ਲੱਗ ਗਿਆ। ਮਾਸਟਰ ਨੇ ਪਾਸ਼ ਦੀ ਹਲਕੀ ਜਿਹੀ ਝਾੜ ਝੰਬ ਕੀਤੀ।

ਉਨ੍ਹਾਂ ਦਿਨਾਂ ਵਿੱਚ ਪਾਸ਼ ਦੇ ਪਿੰਡ ਦੀ ਇਕ ਕੁੜੀ ਉਹ ’ਤੇ ਜਾਨ ਦਿੰਦੀ ਸੀ ਪਰ ਇਹ ਧਿਆਨ ਨਹੀਂ ਸੀ ਦਿੰਦਾ। ਪਿੰਡ ਦੇ ਭਾਈਚਾਰੇ ਤੋਂ ਡਰਦਾ ਸੀ। ਭਾਵੇਂ ਉਦੋਂ ਪੰਜਾਬ ਵਿਚ ਲਹਿਰ ਨਹੀਂ ਸੀ ਚੱਲੀ। ਇਹ ਛੋਟੇ ਹੁੰਦਿਆਂ ਦੀਆਂ ਗੱਲਾਂ ਹਨ। ਉਦੋਂ ਪਿੰਡਾਂ ਵਿੱਚ ਅਜਿਹੇ ਸੰਬੰਧਾਂ ਨੂੰ ਵੀ ਬਹੁਤ ਮਾੜਾ ਗਿਣਿਆ ਜਾਂਦਾ ਸੀ। ਪਾਸ਼ ਡਰਦਾ ਧੌਣ ਨਹੀਂ ਸੀ ਚੁੱਕਦਾ। ਸਕੂਲ ਵਾਲੀ ਕੁੜੀ ਵੱਲੋਂ ਨਿਰਾਸ਼ ਹੋ ਗਿਆ ਸੀ। ਪਿੰਡ ਵਾਲੀ ਕੁੜੀ ਤਾਂ ਪਾਸ਼ ਲਈ ਦਿਨ ਰਾਤ ਤੜਪਦੀ ਸੀ। ਫਿਰ ਪਾਸ਼ ਇਸ ਕੁੜੀ ਦੇ ਨੇੜੇ ਹੋ ਗਿਆ। ਇਸ ਕੁੜੀ ਨੂੰ ਅਸੀਂ ਇਕੱਠੇ ਮੇਲਿਆਂ ਵਿਚ ਮਿਲਦੇ ਰਹੇ ਹਾਂ। ਬਹੁਤ ਸਾਰੀਆਂ ਕਵਿਤਾਵਾਂ ਵਿਚ ਪਾਸ਼ ਇਸ ਕੁੜੀ ਦਾ ਜ਼ਿਕਰ ਕਰਦਾ ਹੈ। ਉਸਨੂੰ ਕਵਿਤਾ ਵਿਚ ਲੈ ਕੇ ਆਉਦਾ ਹੈ।

ਇਕ ਵਾਰ ਉਹ ਆਪਣੀ ਮਾਸੀ ਕੋਲ ਗਈ ਹੋਈ ਸੀ। ਮਾਸੀ ਦੀ ਕੁੜੀ ਤੇ ਉਹ ਰੈਣਕ ਬਾਜ਼ਾਰ ਜਲੰਧਰ ਮਿਲੀਆਂ। ਮੈਂ, ਪਰਮਿੰਦਰ ਤੇ ਪਾਸ਼ ਉਨ੍ਹਾਂ ਨੂੰ ਬਾਜ਼ਾਰ ਵਿਚ ਮਿੱਥੇ ਥਾਂ ’ਤੇ ਮਿਲ ਪਏ। ਗੱਲਾਂ ਕਰਦਿਆਂ ਦੋ ਘੰਟੇ ਲੰਘ ਗਏ। ਉਹਦੀ ਮਾਸੀ ਦੀ ਕੁੜੀ ਕਹਿੰਦੀ- ‘ਕੁਝ ਖੁਆਓਗੇ ਵੀ ਜਾਂ ਸੁੱਕੀਆਂ ਗੱਲਾਂ ਹੀ ਕਰੀਂ ਜਾਓਂਗੇ?’ ਫਿਰ ਅਸੀਂ ਸਾਰਿਆਂ ਨੇ ਸਮੋਸੇ ਖਾਧੇ। ਭੁੱਖ ਲੱਗੀਓ ਸੀ। ਸਾਈਕਲਾਂ ’ਤੇ ਆਏ ਸੀ। ਢਿੱਡ ਭਰ ਕੇ ਸਮੋਸੇ ਖਾਧੇ। ਮੈਂ ਸੋਚਿਆ ਪਾਸ਼ ਕੋਲ ਪੈਸੇ ਹੋਣੇ ਹਨ, ਉਹਨੇ ਸੋਚਿਆ ਮੇਰੇ ਕੋਲ ਜਾਂ ਪਰਮਿੰਦਰ ਕੋਲ ਹੋਣਗੇ। ਸਾਡੇ ਕੋਲ ਕੁਲ ਡੇਢ ਰੁਪਈਆ ਸੀ। ਕੁੜੀਆਂ ਕਹਿਣ ਫ਼ਿਲਮ ਦੇਖਣ ਚੱਲੀਏ? ਅਸੀਂ ਕਿਹਾ-ਕੱਲ੍ਹ ਚੱਲਾਂਗੇ। ਉਹ ਕਹਿੰਦੀਆਂ ਅਸੀਂ ਰੋਜ਼ ਨਹੀਂ ਆ ਸਕਦੀਆਂ। ਉਹ ਚਲੇ ਗਈਆਂ। ਫਿਰ ਮੈਂ ਸਮੋਸਿਆਂ ਵਾਲੇ ਨੂੰ ਘੜੀ ਦਿੱਤੀ। ਉਹ ਅਗਲੇ ਦਿਨਾਂ ਵਿੱਚ ਪੈਸੇ ਦੇ ਕੇ ਛੁਡਾਈ।

ਪਾਸ਼ ਨੇ ਇਸ ਕੁੜੀ ਨੂੰ ਟੁੱਟ ਕੇ ਪਿਆਰ ਕੀਤਾ। ਉਹਦੇ ਉਸਦੇ ਨਾਲ ਸਰੀਰਕ ਸੰਬੰਧ ਨਹੀਂ ਸਨ। ਅਸੀਂ ਕਵੀ ਵਾਰ ਪੁੱਛਣਾ- ‘ਕਿੱਦਾਂ ਬਈ ਪਾਸ਼ ਸੈਰ ਕਰ ਲਈ ਜਾਂ ਅਜੇ....?’ ਉਹਨੇ ਕਹਿਣਾ- ‘ਕੰਜਰੋ, ਪਿਆਰ ਇਕੱਲੇ ਸਰੀਰਾਂ ਦੀ ਖੇਡ ਨਹੀਂ ਹੈ। ਇਹ ਕੁੜੀ ਚਿੜੀ ਦੀ ਜੀਭ ਵਰਗੀ ਆ। ਝਿਮਣਾਂ ਵਿੱਚ ਪਾਲ ਕੇ ਜੁਆਨ ਕੀਤਾ। ਇਸ਼ਕ ਕਮਾਇਆ ਹੋਇਆ।’ ਇਹ ਕੁੜੀ ਵਿਆਹੀ ਵੀ ਗਈ। ਮੁੜ ਪਾਸ਼ ਹੁਰੀਂ ਇਕ ਦੂਜੇ ਨੂੰ ਨਹੀਂ ਮਿਲੇ। ਉਹ ਕਿਤੇ ਮਿਲ ਪੈਂਦੀ ਤਾਂ ਅੱਖਾਂ ਭਰ ਲੈਂਦੀ। ਇਹੀ ਪਾਸ਼ ਦਾ ਇਕ ਸੱਚਾ ਸੁੱਚਾ ਇਸ਼ਕ ਸੀ।

ਪਿੱਛੇ ਸਮਸ਼ੇਰ ਸੰਧੂ ਦੀ ਕਿਤਾਬ ‘ਇਕ ਪਾਸ਼ ਇਹ ਵੀ’ ਆਈ ਹੈ। ਉਹ ਪਾਸ਼ ਦੀ ਜਿਸ ਸਹੇਲੀ ਦੀ ਗੱਲ ਕਰਦਾ ਹੈ, ਉਹ ਟੀਚਰ ਸੀ। ਪਾਸ਼ ਨਾਲੋਂ ਉਮਰ ਵਿੱਚ ਵੱਡੀ ਸੀ। ਉਹ ਪਾਸ਼ ਦੇ ਵਾਲਾਂ ਅਤੇ ਅੱਖਾਂ ਉੱਤੇ ਮਰਦੀ ਸੀ। ਪਾਸ਼ ਉਹਤੋਂ ਤ੍ਰਭਕਦਾ ਹੁੰਦਾ ਸੀ। ਉਹ ਕਹਿੰਦੀ ਹੁੰਦੀ ਸੀ- ‘ਪਾਸ਼ ਆਪਾਂ ਅਗਲੇ ਜਨਮ ਵਿਚ ਇਕੱਠੇ ਹੋਵਾਂਗੇ।’ ਕਦੇ ਕਹਿੰਦੀ- ‘ਮੈਂ ਸਾਰੀ ਉਮਰ ਤੇਰੇ ਘੁੰਗਰਾਲੇ ਵਾਲਾਂ ਵਿੱਚ ਹੱਥ ਫੇਰਦੀ ਰਹਾਂ।’

ਜਦੋਂ ਮੈਂ ਅਮਰੀਕਾ ਆ ਗਿਆ। ਮੈਂ ਉਹਨੂੰ ਅਮਰੀਕਾ ਆਏ ਨੂੰ ਇਸ਼ਕਾਂ ਬਾਰੇ ਪੁੱਛਿਆ। ਉਹ ਹੱਸ ਕੇ ਬੋਲਿਆ, ‘ਕਾਲਿਆ, ਪੰਛੀ ਜਿੱਥੇ ਬੈਠਦਾ, ਉੱਥੇ ਬਿੱਠ ਨਹੀਂ ਕਰਦਾ।’ ਉਹ ਪ੍ਰਚੱਲਤ ਮੁਹਾਵਰੇ ਦੇ ਉਲਟ ਗੱਲ ਕਰਦਾ।

? ਤੁਹਾਡੀ ਕਵਿਤਾ ਵਿਚ ਪਿਆਰ ਦੇ ਤਿੱਖੇ ਅਹਿਸਾਸਾਂ ਦਾ ਸੱਚ ਵੀ ਸਾਹਮਣੇ ਆਉਦਾ ਹੈ। ਉਝ ਪਿਆਰ ਕਿਸੇ ਇਕ ਰਿਸ਼ਤੇ ਦਾ ਬੰਧਕ ਨਹੀਂ ਹੈ। ਫਿਰ ਵੀ ਤੁਸੀਂ ਆਪਣੇ ਇਸ਼ਕ ਬਾਰੇ ਚਾਨਣਾ ਪਾਓ।
-ਮੇਰੇ ਇਸ਼ਕ ਦੀਆਂ ਕਹਾਣੀਆਂ ਬਹੁਤੀਆਂ ਨਹੀਂ ਹਨ। ਇਕ ਤਾਂ ਚੜ੍ਹਦੀ ਜਵਾਨੀ ਕਮਿਊਨਿਸਟਾਂ ਵਿਚ ਰਲ ਗਏ। ਉਹ ਇਸ਼ਕ ਦੇ ਚੱਕਰ ਵਿਚ ਪੈਣ ਦੀ ਸਖ਼ਤ ਮਨਾਹੀ ਕਰਦੇ ਸਨ। ਉਨ੍ਹਾਂ ਨੇ ਕਹਿਣਾ- ‘ਜਿਸ ਘਰ ਵੀ ਜਾਓ, ਆਪਣੇ ਆਪ ਨੂੰ ਸੰਭਾਲ ਕੇ ਰੱਖੋ। ਪੰਜਾਬ ਜਗੀਰੂ ਇਲਾਕਾ ਆ। ਲੋਕ ਧੀ ਭੈਣ ਵਾਲੇ ਮਾਮਲੇ ’ਤੇ ਕਤਲ ਕਰਨ ਤੱਕ ਜਾਂਦੇ ਹਨ। ਜੇਕਰ ਕੋਈ ਆਪਣਾ ਸਾਥੀ ਫੀਲਡ ਵਿਚ ਇਹੋ ਜਿਹੀ ਹਰਕਤ ਕਰੇਗਾ, ਉਹਦੇ ਨਾਲ ਲਹਿਰ ਨੂੰ ਸੱਟ ਲੱਗਦੀ ਹੈ। ਲੋਕਾਂ ਦਾ ਵਿਸ਼ਵਾਸ ਚੁੱਕ ਹੋ ਜਾਂਦਾ ਹੈ।’ ਇਸ਼ਕ-ਮੁਸ਼ਕ ਦੀਆਂ ਗੱਲਾਂ ਤਾਂ ਸਾਡੇ ਸ਼ਾਇਰਾਂ ਲੋਕਾਂ ਵਿਚ ਜ਼ਿਆਦਾ ਹੁੰਦੀਆਂ ਹਨ। ਕਿਉਕਿ ਇਹ ਪਾਰਟੀ ਦੇ ਡਿਸਪਲਿਨ ਵਿਚ ਨਹੀਂ ਹੁੰਦੇ। ਥੋੜ੍ਹੇ ਆਜ਼ਾਦ ਹੁੰਦੇ ਹਨ। ਆਮ ਪਾਰਟੀ ਵਰਕਰ ਜਾਂ ਆਗੂ ਤਾਂ ਇਸ਼ਕ ਦੇ ਚੱਕਰ ਵਿਚ ਹੀ ਨਹੀਂ ਫਸਦੇ। ਜਿਹੜੇ ਫਸਦੇ ਹਨ, ਉਨ੍ਹਾਂ ਦੀ ਛੁੱਟੀ ਹੋ ਜਾਂਦੀ ਹੈ।

ਮੈਂ ਵੀ ਜਿੰਨਾ ਚਿਰ ਜਥੇਬੰਦੀ ਵਿਚ ਰਿਹਾ, ਇਸ ਪਾਸੇ ਧਿਆਨ ਨਹੀਂ ਦਿੱਤਾ। ਬਾਅਦ ਵਿੱਚ ਇਕ ਘਟਨਾ ਵਾਪਰੀ ਸੀ। ਮੇਰੇ ’ਤੇ ਪ੍ਰੀਤਲੜੀ ਦਾ ਪ੍ਰਭਾਵ ਸੀ। ਉਸ ਪ੍ਰਭਾਵ ਤਹਿਤ ਅਸੀਂ ਪਿਆਰ ਕਬਜ਼ਾ ਨਹੀਂ, ਪਹਿਚਾਣ ਹੈ, ਦੇ ਮੁਦੱਈ ਸਾਂ। ਇਕ ਕੁੜੀ ਨੂੰ ਪਿਆਰ ਕਰ ਬੈਠਾ। ਮੈਂ ਉਹਨੂੰ ਬਹੁਤ ਪਿਆਰੇ ਖ਼ਤ ਲਿਖਦਾ। ਮੈਂ ਉਹਨੂੰ ਮਾਨਸਿਕ ਤੌਰ ’ਤੇ ਇਸ਼ਕ ਕਰਦਾ ਸੀ। ਉਹਨੂੰ ਇਹ ਸਮਝ ਨਹੀਂ ਸੀ। ਉਹਦੇ ਲਈ ਪਿਆਰ ਸਿਰਫ਼ ਸਰੀਰਾਂ ਦੀ ਖੇਡ ਸੀ। ਉਹ ਮੇਰੇ ਭਰਾ ਨਾਲ ਹੀ ਸੌਂ ਗਈ। ਤੇ ਕਹਿਣ ਲੱਗੀ- ‘ਜਦ ਦੇਖੋ, ਹਰ ਵਕਤ ਖ਼ਤ ਲਿਖਦਾ ਰਹਿੰਦਾ। ਇਨ੍ਹਾਂ ਖ਼ਤਾਂ ਨੂੰ ਕੌਣ ਪੁੱਛਦਾ।’ ਇਸ ਪਿੱਛੋਂ ਮੇਰਾ ਉਹਦੇ ਨਾਲੋਂ ਇਸ਼ਕ ਟੁੱਟ ਗਿਆ। ਇਸ ਪਿੱਛੋਂ ਬਹੁਤ ਸਾਰੀਆਂ ਘਟਨਾਵਾਂ ਵਾਪਰੀਆਂ। ਕੋਈ ਯਾਦਗਾਰੀ ਜਾਂ ਮਾਣ ਕਰਨ ਵਾਲੀਆਂ ਨਹੀਂ ਹਨ।

? ਸੁਣਿਆ ਤੁਹਾਡੇ ਦੋ ਤਿੰਨ ਵਿਆਹ ਹੋਏ ਹਨ। ਵਿਆਹਾਂ ਦਾ ਕੀ ਰਹੱਸ ਹੈ?
-ਮੈਂ ਪੰਜਾਬੀ ਤੇ ਅੰਗਰੇਜ਼ੀ ਦੀ ਐਮ.ਏ. ਕਰਨ ਤੋਂ ਬਾਅਦ ‘ਨਵੀਂ ਪੰਜਾਬੀ ਕਵਿਤਾ’ ’ਤੇ ਪੀ.ਐਚ.ਡੀ. ਕਰਨ ਲੱਗ ਪਿਆ ਸੀ। ਰੋਜ਼ੀ ਰੋਟੀ ਦੀ ਖ਼ਾਤਿਰ ਐਡਹਾਕ ’ਤੇ ਜੌਬ ਵੀ ਕਰਨ ਲੱਗ ਪਿਆ ਸੀ। ਮੈਂ ਪਹਿਲਾਂ ਬੇਅਰਿੰਗ ਯੂਨੀਅਨ ਕਰਿਸ਼ੀਅਨ ਕਾਲਜ ਬਟਾਲਾ ਵਿਖੇ, ਫਿਰ ਗੌਰਮਿੰਟ ਸ਼ਿਵਾਲਕ ਕਾਲਜ ਨੰਗਲ ਵਿਖੇ ਪੰਜਾਬੀ ਲੈਕਚਰਾਰ ਵਜੋਂ ਨੌਕਰੀ ਕੀਤੀ। ਇਸ ਦੌਰਾਨ ਅਮਰਜੋਤ ਕੌਰ ਸੰਧੂ ਨਾਲ ਮੇਰਾ ਸੰਪਰਕ ਹੋ ਗਿਆ। ਉਹ ਪੰਜਾਬ ਦੀ ਆਈ.ਏ.ਐਸ. ਅਫ਼ਸਰ ਸੀ। ਉਸਦੀ ਕੁੱਖੋਂ ਮੇਰੇ ਦੋ ਬੇਟੇ ਪੁਨੀਤ ਤੇ ਵਿਨੀਤ ਹੋਏ। ਪਹਿਲੇ ਕੁਝ ਸਾਲ ਤਾਂ ਠੀਕ ਰਹੇ। ਬਾਅਦ ਵਿੱਚ ਗੜਬੜ ਹੋਣ ਲੱਗ ਪਈ। ਇਕ ਤੇ ਉਹ ਆਈ.ਏ.ਐਸ. ਅਫ਼ਸਰ ਸੀ। ਉਹਦਾ ਸੋਚਣ ਦਾ ਢੰਗ ਸਰਕਾਰੀ ਕਿਸਮ ਦਾ ਸੀ ਜਦੋਂ ਕਿ ਮੈਂ ਨਕਸਲੀ ਲਹਿਰ ਦਾ ਹਮਾਇਤੀ ਸੀ। ਪਰ ਇਸ ਮੁੱਦੇ ’ਤੇ ਸਾਡੀ ਬਹਿਸ ਹੀ ਹੁੰਦੀ ਸੀ। ਕੋਈ ਵੱਡੀ ਪ੍ਰਾਬਲਮ ਨਹੀਂ ਸੀ। ਵੱਡੀ ਪ੍ਰਾਬਲਮ ਉਹਦਾ ਅਫ਼ਸਰਸ਼ਾਹੀ ਵਾਲਾ ਵਤੀਰਾ ਤੇ ਉੱਚ ਜਾਤ ਦੀ ਹੈਂਕੜ ਸੀ। ਉਹ ਮੇਰੇ ਪਿੰਡ ਜਾ ਕੇ ਰਹਿਣਾ ਪਸੰਦ ਨਹੀਂ ਸੀ ਕਰਦੀ। ਮੈਂ ਹੀ ਉਹਦੀਆਂ ਸਰਕਾਰੀ ਕੋਠੀਆਂ ਵਿੱਚ ਰਹਿੰਦਾ ਸਾਂ। ਮੇਰੇ ਮਾਂ-ਬਾਪ ਸਾਡੇ ਕੋਲ ਆ ਕੇ ਰਹਿ ਨਹੀਂ ਸਕਦੇ ਸਨ। ਕਿਤੇ ਪਿੰਡ ਚਲੇ ਜਾਂਦੀ ਤਾਂ ਮਾਂ ਦੇ ਹੱਥੋਂ ਰੋਟੀ ਨਹੀਂ ਸੀ ਖਾਂਦੀ। ਕਹਿਣ ਲੱਗਦੀ-

‘‘ਇਹ ਬੁੜ੍ਹੀਏ, ਰੋਟੀ ਚੁੱਕ ਲੈ। ਮੈਂ ਨਹੀਂ ਖਾਣੀ। ਤੇਰੇ ਨਾਲੋਂ ਤਾਂ ਮੇਰੇ ਨੌਕਰ ਦਾ ਕੋਈ ਸਟੈਂਡਰਡ ਹੋਏਗਾ। ਅਸੀਂ ਖਾਣ-ਪੀਣ ਵੇਲੇ ਸੌ ਸੋਚੀਦਾ ਕਿ ਜਿਹਦੇ ਹੱਥੋਂ ਲੈ ਕੇ ਖਾ ਰਹੀ ਹਾਂ।’’

ਉਹਦੀ ਅੰਦਰਲੀ ਜੱਟਾਂ ਵਾਲੀ ਹੈਂਕੜ ਬੋਲੀ ਸੀ। ਮੇਰੀ ਮਾਂ ਨਾਲ ਮੇਰਾ ਬਹੁਤ ਮੋਹ ਸੀ। ਬਾਪੂ ਦੇ ਮੁਕਾਬਲੇ ਮਾਂ ਨੇ ਮੈਨੂੰ ਜ਼ਿਆਦਾ ਪਿਆਰ ਦਿੱਤਾ। ਔਖੇ ਟਾਈਮ ’ਤੇ ਮੇਰਾ ਖ਼ਿਆਲ ਰੱਖਦੀ ਰਹੀ। ਮੈਂ ਹੋਰ ਬਹੁਤ ਕੁਝ ਬਰਦਾਸ਼ਤ ਕਰ ਸਕਦਾ ਸੀ ਪਰ ਆਪਣੀ ਮਾਂ ਨਾਲ ਵਿਤਕਰਾ ਬਿਲਕੁਲ ਸਹਿ ਨਹੀਂ ਸੀ ਸਕਦਾ। ਉਹਨੂੰ ਜ਼ਲੀਲ ਹੁੰਦਾ ਦੇਖ ਨਹੀਂ ਸੀ ਸਕਦਾ। ਮੇਰਾ ਉਹਦੇ ਨਾਲ ਕਲੇਸ਼ ਰਹਿਣ ਲੱਗਾ।

? ਅਮਰੀਕਾ ਆਉਣ ਦਾ ਸਬੱਬ ਕਿਵੇਂ ਬਣਿਆ।
-ਜਦੋਂ ਮੇਰਾ ਖੇਤ ਵਿੱਚ ਮੱਝਾਂ ਚਾਰਨ ਬਦਲੇ ਕੁਟਾਪਾ ਚਾੜ੍ਹਿਆ ਸੀ, ਉਦੋਂ ਮੈਂ ਪੜ੍ਹ-ਲਿਖ ਕੇ ਸੈੱਟ ਹੋਣ ਨੂੰ ਤਰਜੀਹ ਦਿੱਤੀ ਸੀ। ਅਸਲ ਵਿਚ ਤਾਂ ਅਮਰੀਕਾ ਆਉਣਾ ਉਹਦਾ ਹਿੱਸਾ ਹੀ ਸੀ। ਪਰ ਉਦੋਂ ਜਿਹੜੇ ਤਤਕਾਲੀ ਕਾਰਨ ਬਣੇ, ਉਨ੍ਹਾਂ ਵਿੱਚੋਂ ਇਕ ਕਾਰਨ ਪੰਜਾਬ ਦੇ ਹਾਲਾਤ ਸਨ। ਹੋਇਆ ਇਉ ਸੀ- ਬੱਸ ਵਿੱਚੋਂ ਹਿੰਦੂ ਯਾਤਰੀਆਂ ਨੂੰ ਕੱਢ ਕੇ ਅੱਤਵਾਦੀਆਂ ਨੇ ਮਾਰ ਦਿੱਤਾ ਸੀ। ਇਸ ਦੇ ਵਿਰੁੱਧ ਜਲੰਧਰ ਕਮਿਊਨਿਸਟਾਂ ਨੇ ਇਕ ਮੁਜ਼ਾਹਰਾ ਕੀਤਾ ਸੀ। ਅਸੀਂ ਲੇਖਕ ਵੀ ਮੋਹਰੇ ਹੋ ਕੇ ਮੁਜ਼ਾਹਰੇ ਦੀ ਅਗਵਾਈ ਕਰ ਰਹੇ ਸਾਂ। ਅੱਤਵਾਦੀਆਂ ਨੇ ਸਾਨੂੰ ਵੀ ਹਿਟ ਲਿਸਟ ਵਿਚ ਸ਼ਾਮਿਲ ਕਰ ਲਿਆ ਸੀ। ਮੈਨੂੰ ਧਮਕੀ-ਪੱਤਰ ਆ ਗਿਆ ਸੀ। ਮੈਂ ਵਿਆਹਿਆ ਹੋਇਆ ਸੀ। ਮੇਰੇ ਦੋ ਬੱਚੇ ਸਨ। ਮੈਂ ਗੌਰਮਿੰਟ ਸ਼ਿਵਾਲਕ ਕਾਲਜ ਪੜ੍ਹਾਉਦਾ ਸੀ। ਮੈਂ ਕਿੱਥੇ ਲੁਕ ਜਾਂਦਾ। ਅੱਤਵਾਦੀ ਵੀ ਏਹੀ ਚਾਹੁੰਦੇ ਸਨ ਕਿ ਮੈਂ ਚੁੱਪ ਕਰ ਜਾਂਹ ਜਾਂ ਲੁਕ ਜਾਵਾਂ। ਦੂਜਾ ਕਾਰਨ ਮੇਰਾ ਪਰਿਵਾਰਕ ਕਲੇਸ਼ ਸੀ। ਇਹ ਕਲੇਸ਼ ਸਿਖ਼ਰ ’ਤੇ ਸੀ। ਮੇਰੀ ਪਤਨੀ ਵੱਡੀ ਅਫ਼ਸਰ ਸੀ। ਮੈਂ ਉਹਦੇ ਸਾਹਮਣੇ ਕੋਈ ਚਾਰਾ ਨਹੀਂ ਸੀ ਕਰ ਸਕਦਾ। ਉਹ ਪਾਵਰ ਵਿਚ ਸੀ। ਉਹ ਕੁਝ ਵੀ ਕਰ ਸਕਦੀ ਸੀ। ਘਰ ਵਿਚ ਗਰੀਬੀ ਪੂਰੀ ਸੀ। ਜਿਉਣ ਹਾਲਤਾਂ ਮਾੜੀਆਂ ਸਨ। ਘਰ ਦੀ ਆਰਥਿਕ ਹਾਲਤ ਸੁਧਾਰਨ ਦਾ ਵੱਡਾ ਸਵਾਲ ਸੀ।

ਇਨ੍ਹਾਂ ਕਾਰਨਾਂ ਨੇ ਮੈਨੂੰ ਵਿਦੇਸ਼ ਆਉਣ ਲਈ ਉਕਸਾਇਆ। ਇਹ 1984 ਦਾ ਸਮਾਂ ਸੀ। ਮੇਰਾ ਇਕ ਮਿੱਤਰ ਡਾ. ਕੁਲਦੀਪ ਅਗਨੀਹੋਤਰੀ ਸੀ। ਵਿਸ਼ਵ ਹਿੰਦੂ ਪ੍ਰੀਸ਼ਦ ਵਾਲੇ ਨਿਊਯਾਰਕ (ਅਮਰੀਕਾ) ਵਿਖੇ ਪੰਜਾਬ ਦੇ ਹਲਾਤਾਂ ਉੱਤੇ ਇਕ ਕਾਨਫਰੰਸ ਕਰਵਾ ਰਹੇ ਸਨ। ਉਨ੍ਹਾਂ ਵੱਲੋਂ ਡਾ. ਕੁਲਦੀਪ ਅਗਨੀਹੋਤਰੀ ਨੂੰ ਸੱਦਾ-ਪੱਤਰ ਆਇਆ ਸੀ। ਡਾਕਟਰ ਸਾਹਿਬ ਕਾਨਫਰੰਸ ਅਟੈਂਡ ਕਰਨੀ ਚਾਹੁੰਦੇ ਸਨ ਪਰ ਉਨ੍ਹਾਂ ਕੋਲ ਜਹਾਜ਼ ਦੀ ਟਿਕਟ ਲਈ ਪੈਸੇ ਨਹੀਂ ਸਨ। ਮੈਂ ਡਾ. ਅਗਨੀਹੋਤਰੀ ਨੂੰ ਪੇਸ਼ਕਸ਼ ਕੀਤੀ ਕਿ ਉਹ ਮੇਰੇ ਲਈ ਵੀ ਸੱਦਾ-ਪੱਤਰ ਮੰਗਵਾ ਦੇਣ, ਮੈਂ ਦੋਨਾਂ ਦੀਆਂ ਟਿਕਟਾਂ ਲਾ ਦੇਵਾਂਗਾ। ਉਸਨੇ ਮੇਰੇ ਲਈ ਵੀ ਸੱਦਾ-ਪੱਤਰ ਮੰਗਵਾ ਦਿੱਤਾ। ਅਸੀਂ ‘ਪੰਜਾਬ ਸਮੱਸਿਆ’ ’ਤੇ ਪੇਪਰ ਲਿਖ ਕੇ ਇੰਟਰਵੀੳੂ ਦਿੱਤੀ। ਸਾਨੂੰ ਵੀਜ਼ਾ ਮਿਲ ਗਿਆ। ਮੇਰੇ ਬਾਪ ਨੇ ਉਧਾਰ ਪੈਸੇ ਫੜ ਕੇ ਆਉਣ-ਜਾਣ ਦੀਆਂ ਦੋ ਟਿਕਟਾਂ ਦਾ ਪ੍ਰਬੰਧ ਕਰ ਦਿੱਤਾ। ਅਸੀਂ ਦੋਨੋਂ ਕਾਨਫਰੰਸ ਤੋਂ ਪਹਿਲਾਂ ਨਿੳੂਯਾਰਕ ਪੁੱਜ ਗਏ। ਮੈਂ ਵਿਸ਼ਵ ਹਿੰਦੂ ਪ੍ਰੀਸ਼ਦ ਨੂੰ ਵੀ ਖਾਲਿਸਤਾਨੀਆਂ ਦੇ ਬਰਾਬਰ ਰੱਖਦਾ ਸੀ। ਇਸ ਕਰਕੇ ਮੈਂ ਉਨ੍ਹਾਂ ਦੀ ਕਾਨਫਰੰਸ ਨਾ ਅਟੈਂਡ ਕੀਤੀ ਸਗੋਂ ਨਿੳੂਯਾਰਕ ਤੋਂ ਕੈਲੇਫੋਰਨੀਆ ਆ ਗਿਆ। ਇੱਥੇ ਮੈਂ ਆਪਣੇ ਵਾਕਫ਼ਾਂ ਕੋਲ ਪੁੱਜ ਕੇ ਕੰਮ ਲੱਗ ਪਿਆ ਅਤੇ ਪੁਲੀਟੀਕਲ ਸਟੇਅ ਲਈ ਅਪਲਾਈ ਕਰ ਦਿੱਤਾ।

? ਆਮ ਤੌਰ ’ਤੇ 1980 ਤੋਂ ਅਮਰੀਕਾ ਜਾਂ ਹੋਰ ਦੇਸ਼ਾਂ ਵਿਚ ਰਾਜਨੀਤਕ ਸ਼ਰਨ ਲੈਣ ਵਾਲੇ ਕੋਰਟ ਵਿਚ ਆਪਣੇ ਆਪ ਨੂੰ ਖਾਲਿਸਤਾਨੀ ਸਿੱਧ ਕਰਦੇ। ਭਾਰਤ ਸਰਕਾਰ ਦੇ ਜਬਰ ਦਾ ਦੱਸ ਕੇ ਅਮਰੀਕਾ ਵਿਚ ਠਹਿਰਨ ਦੀ ਬੇਨਤੀ ਕਰਦੇ। ਤੁਸੀਂ ਵੀ ਖਾਲਿਸਤਾਨੀ ਬਣੇ।
-ਨਹੀਂ, ਮੈਂ ਖਾਲਿਸਤਾਨੀ ਨਹੀਂ ਬਣਿਆ। ਸਗੋਂ ਮੈਂ ਅਸਲੀਅਤ ਦੱਸੀ। ਮੈਂ ਦੱਸਿਆ ਕਿ ਮੈਂ ਮਨੁੱਖੀ ਅਧਿਕਾਰਾਂ ਦਾ ਕਾਰਕੁੰਨ ਹਾਂ। ਭਾਰਤ ਵਿਚ ਖਾਲਿਸਤਾਨੀ ਅਤੇ ਸਰਕਾਰ ਜਿੱਥੇ ਆਮ ਲੋਕਾਂ ’ਤੇ ਜਬਰ ਢਾਹ ਰਹੇ ਹਨ, ਉੱਥੇ ਉਹ ਹਿੳੂਮਨ ਰਾਈਟਸ ਦੇ ਰਾਖਿਆਂ ਨੂੰ ਵੀ ਕਤਲ ਕਰ ਰਹੇ ਹਨ। ਮੈਂ ਇਹ ਵੀ ਦੱਸਿਆ ਕਿ ਇਹ ਦਿਖਾਵੇ ਵਜੋਂ ਦੋਵੇਂ ਅੱਡ-ਅੱਡ ਹਨ ਪਰ ਇਹ ਸਾਂਝੀ ਮੁਹਿੰਮ ਚਲਾ ਰਹੇ ਹਨ। ਮੈਂ ਦੱਸਿਆ ਕਿ ਪੰਜਾਬ ਵਿਚ ਆਮ ਲੋਕਾਂ ਜਾਂ ਸਿੱਖਾਂ ਦੇ ਜੋ ਕਤਲ ਹੋ ਰਹੇ ਹਨ, ਉਹਦੇ ਪਿੱਛੇ ਭਾਰਤ ਸਰਕਾਰ ਅਤੇ ਉਸਦੀਆਂ ਏਜੰਸੀਆਂ ਕੰਮ ਕਰ ਰਹੀਆਂ ਹਨ। ਜੱਜ ਮੇਰੀ ਗੱਲ ਸੁਣ ਕੇ ਹੱਸ ਪਿਆ। ਜਿਵੇਂ ਉਹਨੂੰ ਇਹ ਗੱਲ ਪਚੀ ਨਾ ਹੋਵੇ। ਮੈਂ ਕਿਹਾ- ਜੱਜ ਸਾਹਿਬ, ਅੱਜ ਤੋਂ 40-50 ਸਾਲ ਬਾਅਦ ਜਦੋਂ ਇਤਿਹਾਸ ਲਿਖਿਆ ਜਾਏਗਾ, ਇਹ ਸੱਚ ਸਾਹਮਣੇ ਆਏਗਾ। ਇਹ ਗੱਲ ਸੁਣ ਕੇ ਜੱਜ ਨੇ ਮੈਨੂੰ ਪੁਲੀਟੀਕਲ ਸਟੇਅ ਦੇ ਦਿੱਤੀ।

? ਜਿਵੇਂ ਲੋਹੇ ਨੂੰ ਪਿਘਲਾ ਕੇ ਸਾਂਚੇ ਵਿਚ ਪਾ ਲਿਆ ਜਾਂਦਾ ਹੈ ਤੇ ਮਨ ਪਸੰਦ ਦਾ ਔਜਾਰ ਬਣਾ ਲਿਆ ਜਾਂਦਾ ਹੈ। ਇਵੇਂ ਅਮਰੀਕੀ ਸਿਸਟਮ ਆਪਣੇ ਮਤਲਬ ਦਾ ਬੰਦੇ ਨੂੰ ਬਣਾ ਲੈਂਦਾ ਹੈ। ਤੁਸੀਂ ਤਾਂ ਪਿੱਛੇ ਇਨਕਲਾਬ ਦੇ ਨਾਅਰੇ ਮਾਰਦੇ ਆਏ ਸੀ। ਇੱਥੇ ਆ ਕੇ ਨਾਅਰੇ ਲਾਏ ਜਾਂ ਅਮਰੀਕਨ ਬਣ ਗਏ।
-ਇੱਥੇ ਕਮਿਊਨਿਸਟ ਪਾਰਟੀ ਆਫ਼ ਅਮੇਰਿਕਾ ਹੈ। ਉਹਦੇ ਮੈਂਬਰ ਕਿਸੇ ਮੁੱਦੇ ’ਤੇ ਪੀਸ ਮਾਰਚ ਕਰਦੇ ਹਨ ਜਾਂ ਵਿਰੋਧ ਪ੍ਰਦਰਸ਼ਨ ਕਰਦੇ ਹਨ ਜਾਂ ਮੀਟਿੰਗ ਕਰਦੇ ਹਨ, ਜੇਕਰ ਤੁਸੀਂ ਉਨ੍ਹਾਂ ਵਿੱਚ ਹਿੱਸਾ ਲੈਂਦੇ ਹੋ ਤਾਂ ਖੁਫ਼ੀਆ ਏਜੰਸੀਆਂ ਤੁਹਾਡਾ ਨੋਟਿਸ ਲੈਂਦੀਆਂ ਹਨ। ਪੁਲੀਸ ਤੁਹਾਡੀ ਪੁੱਛ-ਗਿੱਛ ਕਰਦੀ ਹੈ। ਜਦੋਂ ਮੈਂ ਨਵਾਂ-ਨਵਾਂ ਆਇਆ, ਮੈਂ ਇਕ ਪੀਸ ਮਾਰਚ ਵਿਚ ਹਿੱਸਾ ਲਿਆ ਸੀ। ਮੈਨੂੰ ਸੱਦਿਆ ਗਿਆ ਤੇ ਪੁੱਛਿਆ ਗਿਆ- ‘ਤੁਸੀਂ ਅਮਰੀਕਾ ਦੇ ਸਿਟੀਜਨ ਬਣਨਾ ਜਾਂ ਭਾਰਤ ਵਾਪਸ ਜਾਣਾ?’ ਮੈਂ ਸਿਟੀਜਨ ਬਣਨਾ ਸੀ। ਫਿਰ ਮੈਂ ਮੁੜ ਕਿਸੇ ਮਾਰਚ ਜਾਂ ਮੀਟਿੰਗ ਵਿੱਚ ਹਿੱਸਾ ਨਾ ਲਿਆ। ਕੋਈ ਵੀ ਏਸ਼ੀਅਨ ਦੇਸ਼ਾਂ ਦਾ ਬੰਦਾ ਇਸੇ ਡਰ ਕਾਰਨ ਹਿੱਸਾ ਨਹੀਂ ਲੈਂਦਾ। ਖੁਫ਼ੀਆ ਏਜੰਸੀਆਂ ਦਾ ਬਹੁਤ ਵੱਡਾ ਤੰਤਰ ਹੈ। ਉਹ ਝੱਟ ਸੂਹ ਕੱਢ ਲੈਂਦੇ ਹਨ। ਬਾਕੀ ਤੁਸੀਂ ਜੋ ਮਰਜ਼ੀ ਬੋਲੀ ਜਾਓ। ਜੋ ਮਰਜ਼ੀ ਲਿਖੀ ਜਾਓ। ਕੁਝ ਨਹੀਂ ਹੁੰਦਾ। ਪੂਰੀ ਆਜ਼ਾਦੀ ਹੈ। ਜਦੋਂ ਤੁਸੀਂ ਆਪਣੀ ਲਿਖਤ ਨੂੰ ਐਕਸ਼ਨ ਵਿਚ ਬਦਲਦੇ ਹੋ ਤਾਂ ਨੋਟਿਸ ਲੈਂਦੇ ਹਨ।

?     ਸ਼ਬਦ ਏਨੇ ਗਰੀਬ ਤੇ ਨਿਤਾਣੇ ਹੋ ਜਾਣਗੇ
    ਦੁਨੀਆ ਦੇ ਸਭ ਤੋਂ ਅਮੀਰ ਮੁਲਕ ਅੰਦਰ
    ਮੈਂ ਕਦੇ ਨਾ ਸੋਚਿਆ ਸੀ।

?ਮੈਂ ਤੁਹਾਡੀ ਕਵਿਤਾ ਦਾ ਹਵਾਲਾ ਦੇ ਕੇ ਪੁੱਛਣਾ ਚਾਹੁੰਦਾ ਕਿ ਤੁਹਾਡੀ ਨਜ਼ਰ ਵਿਚ ਅਮਰੀਕਾ ਕੀ ਹੈ।
-ਅਸੀਂ ਜਿਸ ਸਮਾਜਵਾਦ ਦੀ ਕਲਪਨਾ ਕਰਦੇ ਹਾਂ, ਉਸ ਵਿਚ ਮਿਲਣ ਵਾਲੀਆਂ ਸਹੂਲਤਾਂ ਇੱਥੇ ਅਮਰੀਕਾ ਦੇ ਰਿਹਾ ਹੈ। ਤੁਸੀਂ ਮਿਹਨਤ ਕਰੋ। ਤੁਹਾਨੂੰ ਕੰਮ ਵੀ ਮਿਲਦਾ ਹੈ। ਕੰਮ ਦਾ ਮੁੱਲ ਵੀ ਮਿਲਦਾ ਹੈ। ਕੰਮ ਕਰਨ ਬਦਲੇ ਆਦਰ ਮਾਣ ਵੀ ਮਿਲਦਾ ਹੈ। ਮਿਹਨਤ ਨਾਲ ਕਮਾਏ ਡਾਲਰਾਂ ਨਾਲ ਸੁੱਖ ਸਹੂਲਤਾਂ ਮਿਲਦੀਆਂ ਹਨ। ਖਾਣ-ਪੀਣ ਸਸਤਾ ਹੈ ਅਤੇ ਆਮ ਕਿਰਤੀ ਦੀ ਪਹੁੰਚ ਵਿਚ ਹੈ। ਅਮਰੀਕਾ ਨੇ ਆਮ ਨਾਗਰਿਕ ਨੂੰ ਸਾਫ਼ ਸੁਥਰਾ ਪ੍ਰਸ਼ਾਸਨ, ਰੁਜ਼ਗਾਰ, ਯੋਗ ਪੁਲੀਸ ਪ੍ਰਬੰਧ, ਚੰਗਾ ਆਵਾਜਾਈ ਪ੍ਰਬੰਧ, ਸਾਫ਼ ਸੁਥਰਾ ਵਾਤਾਵਰਣ ਅਤੇ ਚੰਗੀ ਖੁਰਾਕ ਦਿੱਤੇ ਹੋਏ ਹਨ। ਹਰੇਕ ਨੂੰ ਵਿਦਿਆ ਦੇ ਮੌਕੇ ਅਤੇ ਸਿਹਤ ਸਹੂਲਤਾਂ ਵੀ ਦਿੱਤੀਆਂ ਹੋਈਆਂ ਹਨ। ਇਸਦੇ ਬਾਵਜੂਦ ਸਿਰਾਂ ਵਾਲੇ ਸੋਚਦੇ ਹਨ ਕਿ ਇੱਥੇ ਗੈਂਗਵਾਦ ਕਿਉ ਹੈ? ਜੀਵਨ ਦੇ ਆਦਰਸ਼ ਕਿੱਥੇ ਹਨ? ਬੰਦੇ ਨੂੰ ਇਕੱਲਾ ਕਿਉ ਕਰ ਦਿੱਤਾ? ਅਮਰੀਕਾ ਚੌਧਰੀ ਕਿਉ ਬਣਿਆ ਹੋਇਆ? ਇਹ ਦੂਜੇ ਮੁਲਕਾਂ ’ਤੇ ਹਮਲੇ ਕਿਉ ਕਰਦਾ ਹੈ? ਯੂਥ ਨੂੰ ਕਿਸ ਪਾਸੇ ਤੋਰ ਦਿੱਤਾ ਹੈ? ਆਮ ਬੰਦਾ ਇੱਥੇ ਗੁੰਮ ਕਿਉ ਹੋ ਰਿਹਾ ਹੈ? ਉਹ ਕੰਮ ਵਾਲੀ ਮਸ਼ੀਨ ਹੀ ਕਿਉ ਬਣਦਾ ਜਾ ਰਿਹਾ ਹੈ? ਕੋਹਲੂ ਦੇ ਬੈਲ ਵਾਂਗ ਕੰਮ ਕਰਨਾ, ਖਾਣਾ-ਪੀਣਾ ਤੇ ਸੌਣਾ-24 ਘੰਟੇ ਇਨ੍ਹਾਂ ਤਿੰਨਾਂ ਕੰਮਾਂ ਦੁਆਲੇ ਕਿਉ ਲਾ ਦਿੱਤਾ ਗਿਆ ਹੈ?

? 1. ਇਸ ਤਰ੍ਹਾਂ ਹੀ ਆਉਦੇ ਨੇ ਉਹ ਅੱਜ ਕੱਲ੍ਹ
    ਪਾਪ ਦੀ ਜੰਝ ਲੈ ਕੇ
    ਉਹ ਨਾਦਰ ਵਾਂਗ ਨਹੀਂ ਆਉਦੇ
    ਉਹ ਤਾਂ ਆਉਦੇ ਨੇ
    ਇਸ ਨਾਹਰੇ ’ਤੇ ਬੈਠ ਕੇ
    ਕਿ ਵਿਸ਼ਵ ਤਾਂ ਇਕ ਪਿੰਡ ਬਣ ਗਿਆ ਹੈ
    ਕਿ ਅਸੀਂ ਤਾਂ ਸਾਰੇ ਹੀ ਆਜ਼ਾਦ ਹਾਂ।
2     ਤੂੰ ਬਹੁਤ ਕਮਾਲ ਹੈਂ- ਪਿਆਰੇ ਸਾਮਰਾਜ!
    ਤੂੰ ਇਕ ਜਾਲ ਹੈਂ!! ਸਾਮਰਾਜ!!!

?ਤੁਹਾਡੀਆਂ ਅਨੇਕਾਂ ਕਵਿਤਾਵਾਂ ਸਾਮਰਾਜ ਬਾਰੇ ਹਨ। ਅਮਰੀਕਾ ਕੀ ਹੈ? ਸਾਮਰਾਜ ਕੀ ਹੈ? ਇਸਦਾ ਵਰਤਾਓ ਕੀ ਹੈ? ਤੁਸੀਂ ਦੱਸੋ ਅਮਰੀਕਾ ਤੇ ਸਾਮਰਾਜ ਇਕ ਹੈ?
-ਤੁਸੀਂ ਪੁੱਛਿਆ ਸੀ- ਅਮਰੀਕਾ ਕੀ ਹੈ? ਮੇਰੇ ਲਈ ਨਾ ਅਮਰੀਕਾ ਸੁਨਹਿਰੀ ਪਰਾਂ ਵਾਲੀ ਚਿੜੀ ਹੈ ਤੇ ਨਾ ਹੀ ਸੋਨੇ ਦੇ ਅੰਡੇ ਦੇਣ ਵਾਲੀ ਮੁਰਗੀ। ਅਮਰੀਕੀ ਪੂੰਜੀਵਾਦੀ ਢਾਂਚਾ ਸਾਮਰਾਜ ਦੀ ਨਿਰਦੱਈ ਤੇ ਕੁਟਲ ਨੀਤੀ ਦੇ ਚਰਿੱਤਰ ਦੀ ਸਿਰਜਣਾ ਹੈ ਜੋ ਮਹਾ ਸ਼ਕਤੀ ਦੇ ਰੂਪ ਵਿਚ ਆਪਣੀ ਦਾਦਾਗਿਰੀ ਨਾਲ ਦੁਨੀਆ ਦੀ ਰਾਜਨੀਤੀ ਵਿਚ ਨਿੰਦਣਯੋਗ ਤੇ ਘਿਨਾਉਣੀ ਭੂਮਿਕਾ ਨਿਭਾ ਰਿਹਾ ਹੈ। ਸਾਮਰਾਜ ਤਾਂ ਇਕ ਬਹੁਤ ਵੱਡਾ ਜਾਲ ਹੈ। ਇਹਦੇ ਬਹੁਤ ਪਾਸਾਰ ਹਨ। ਇਹਨੂੰ ਸਮਝਣਾ ਹੀ ਬਹੁਤ ਔਖਾ। ਅਮਰੀਕਾ, ਸਾਮਰਾਜ ਨਹੀਂ ਹੈ। ਸਗੋਂ ਅਮਰੀਕਾ, ਸਾਮਰਾਜ ਦੀ ਅਗਵਾਈ ਕਰ ਰਿਹਾ ਹੈ।

ਜੇ ਤੁਸੀਂ ਸਾਮਰਾਜ ਦੀ ਪਰਿਭਾਸ਼ਾ ਪੁੱਛਦੇ ਹੋ? ਪਰਿਭਾਸ਼ਾ ਹੈ ਸਾਰੀ ਦੁਨੀਆ ਵਿੱਚੋਂ ਪੈਸਾ ਕਸ਼ੀਦ ਕਰਕੇ ਲੈ ਕੇ ਆਉਣਾ ਅਤੇ ਆਪਣੇ ਮੁਲਕ ਦੇ ਲੋਕਾਂ ਨੂੰ ਖੁਸ਼ ਰੱਖਣਾ ਹੀ ਅਸਲ ਵਿਚ ਸਾਮਰਾਜ ਦਾ ਤਾਣਾ-ਬਾਣਾ ਹੈ। ਸਾਮਰਾਜ ਬੰਦੇ ਨੂੰ ਇਕੱਲਾ ਕਰ ਦਿੰਦਾ ਹੈ ਤੇ ਉਸਨੂੰ ਕੰਮ ’ਤੇ ਲਾਈ ਰੱਖਦਾ ਹੈ। ਇਹ ਸਾਮਰਾਜ ਦੀ ਵੱਡੀ ਦੇਣ ਹੈ। ਜਿਹੜੇ ਵਿਹਲੇ ਰਹਿਣਾ ਚਾਹੁੰਦੇ ਹਨ, ਉਨ੍ਹਾਂ ਨੂੰ ਵਿਹਲੇ ਰੱਖਿਆ ਜਾਂਦਾ ਹੈ। ਨਸ਼ੇ, ਸੈਕਸ ਤੇ ਮਾਰਧਾੜ ਦੀ ਵੀ ਖੁੱਲ੍ਹ ਹੈ। ਇਹ ਸਾਮਰਾਜ ਦਾ ਬਾਈ ਪ੍ਰੋਡਕਟ ਹੈ। ਉਨ੍ਹਾਂ ਨੂੰ ਨਿੰਦੀ ਵੀ ਜਾਣਾ ਤੇ ਹੱਲਾਸ਼ੇਰੀ ਵੀ ਦੇਈ ਜਾਣੀ। ਦੁਨੀਆ ਵਿਚ ਸਭ ਤੋਂ ਵੱਧ ਅਪਰਾਧ ਅਮਰੀਕਾ ਵਿਚ ਹੋ ਰਹੇ ਹਨ। ਇਹ ਅਪਰਾਧ ਹਟਾਉਣਾ ਵੀ ਨਹੀਂ ਚਾਹੁੰਦਾ ਅਤੇ ਵਿਰੁੱਧ ਵੀ ਬੋਲੀ ਜਾਂਦਾ ਹੈ।

?     ਅਸੀਂ ਸ਼ਾਇਦ ਬਿਲਡਿੰਗਾਂ ਅੰਦਰ ਉੱਗੇ
    ਪਲਾਸਟਿਕ ਦੇ ਉਹ ਦਰਖਤ ਹਾਂ
    ਜੋ ਉਪਰੋਂ ਸਦਾ ਹੀ ਹਰੇ ਲੱਗਦੇ ਨੇ
    ਪਰ ਜਿਨ੍ਹਾਂ ਦੀਆਂ ਜੜ੍ਹਾਂ ਕਿਤੇ ਨਹੀਂ ਹਨ।

?ਆਮ ਪ੍ਰਵਾਸੀਆਂ ਨੇ ਅਮਰੀਕਾ ਵਿਚ ਆਪਣੀਆਂ ਜੜ੍ਹਾਂ ਲਾ ਲਈਆਂ ਹਨ। ਉਹ ਕਹਿ ਰਹੇ ਹਨ ਹੁਣ ਅਮਰੀਕਾ ਹੀ ਉਨ੍ਹਾਂ ਦਾ ਆਪਣਾ ਦੇਸ਼ ਹੈ। ਪਰ ਖੱਬੇ ਪੱਖੀ ਲੇਖਕ ਸਭ ਤੋਂ ਵੱਧ ਅਮਰੀਕਾ ਨੂੰ ਨਿੰਦਦੇ ਹਨ। ਤੁਸੀਂ ਅਮਰੀਕਾ ਦਾ ਖਾਂਦੇ ਹੋ। ਇੱਥੋਂ ਦੀਆਂ ਸੁੱਖ ਸਹੂਲਤਾਂ ਲੈਂਦੇ ਹੋ। ਫਿਰ ਵੀ ਅਮਰੀਕਾ ਵਿਰੁੱਧ ਬੋਲਦੇ ਹੋ। ਤੁਹਾਡਾ ਕਾਹਦਾ ਵਿਰੋਧ ਹੈ?

-ਪਹਿਲੀ ਗੱਲ ਅਮਰੀਕਾ ਦਾ ਖਾਣ ਤੇ ਸੁੱਖ-ਸਹੂਲਤਾਂ ਦੀ ਕਰਦੇ ਹਾਂ। ਅਸੀਂ 18-18 ਘੰਟੇ ਕੰਮ ਕਰਦੇ ਹਾਂ। ਫਿਰ ਖਾਣ-ਪੀਣ ਤੇ ਸੁੱਖ-ਸਹੂਲਤਾਂ ਦਾ ਇਸ ਪਿੱਛੋਂ ਆਨੰਦ ਮਾਣਦੇ ਹਾਂ। ਆਮ ਲੋਕ ਵੀ ਇੰਨਾ ਹੀ ਕੰਮ ਕਰਦੇ ਹਨ। 8 ਘੰਟੇ ਦੇ ਕੰਮ ਵਿਚ ਗੁਜ਼ਾਰਾ ਨਹੀਂ ਹੁੰਦਾ। ਘੱਟੋ-ਘੱਟ 12 ਘੰਟੇ ਕੰਮ ਕਰਕੇ ਘਰਾਂ ਦੇ ਖਰਚੇ ਚਲਦੇ ਹਨ। ਤੁਹਾਨੂੰ ਅਮਰੀਕਾ ਪਰੋਸ ਕੇ ਨਹੀਂ ਦਿੰਦਾ। ਜਾਨ ਹਲੂਣ ਕੇ ਕੰਮ ਕਰਨਾ ਪੈਂਦਾ ਹੈ। ਪੰਜਾਬ/ਭਾਰਤ ਵਿਚ ਰਹਿੰਦੇ ਹੋਏ ਕੰਮ ਤਾਂ ਕਰਦੇ ਸਾਂ ਪਰ ਉਹਦਾ ਮੁੱਲ ਨਹੀਂ ਸੀ ਮਿਲਦਾ। ਜਦੋਂ ਜਵਾਨ ਹੋਇਆ ਤਾਂ ਪਤਾ ਲੱਗਾ ਭਾਰਤੀ ਢਾਂਚੇ ਦੀ ਲੁੱਟ-ਖਸੁੱਟ ਦੀ ਅਸਲ ਮੁਕਤੀ ਲੋਕ ਯੁੱਧ ਹੈ। ਪਰ ਮੇਰੇ ਵਿਚ ਸ਼ਾਇਦ ਉੱਨਾ ਹੌਸਲਾ ਤੇ ਕੁਰਬਾਨੀ ਦੀ ਤੜਪ ਨਹੀਂ ਸੀ। ਮੈਂ ਉੱਥੇ ਉਸ ਢਾਂਚੇ ਦੇ ਖਿਲਾਫ਼ ਵੀ ਬੋਲਦਾ ਸਾਂ ਤੇ ਲਿਖਦਾ ਵੀ ਸਾਂ। ਕਿਉਕਿ ਲੋਕ ਮੁਕਤੀ ਦੇ ਰਾਹ ਤੁਰਨ ਲਈ ਲੰਮੇ ਦਿ੍ਰੜ ਇਰਾਦੇ ਤੇ ਪਰਬਤ ਵਾਂਗ ਅਣਥੱਕ ਹੌਸਲੇ ਤੇ ਹਿੰਮਤ ਦੀ ਲੋੜ ਹੁੰਦੀ ਹੈ। ਉਹ ਮੇਰੇ ਵਿਚ ਨਹੀਂ ਹੈ। ਇਹ ਲੇਖਕਾਂ ਵਿਚ ਬਹੁਤ ਘੱਟ ਹੁੰਦੀ ਹੈ। ਆਪਣੀ ਤੇ ਆਪਣੇ ਪਰਿਵਾਰ ਦੀ ਸੀਮਤ ਜਿਹੀ ਆਰਥਿਕ ਆਜ਼ਾਦੀ ਲਈ ਮੈਂ ਵੀ ਪਰਵਾਸ ਦੇ ਰੁਜ਼ਗਾਰ ਨੂੰ ਤਰਜੀਹ ਦਿੱਤੀ ਜੋ ਇਕ ਸੌਖਾ ਤੇ ਆਸਾਨ ਰਸਤਾ ਸੀ। ਮੈਂ ਜਾਂ ਮੇਰੇ ਪਰਿਵਾਰ ਨੇ ਦਿਨ ਰਾਤ ਕੰਮ ਕੀਤਾ। ਆਪਣੀ ਕਮਾਈ ਦਾ ਵੱਡਾ ਹਿੱਸਾ ਇਨਸੋਰਸਾਂ, ਸਿਹਤ ਵਿਭਾਗ ਅਤੇ ਟੈਕਸ ਦੇ ਰੂਪ ਵਿਚ ਅਮਰੀਕੀ ਸਰਕਾਰ ਨੂੰ ਦਿੱਤਾ। ਭਾਰਤ ਮੇਰੀ ਜਨਮ ਭੌਂਇ ਹੈ। ਪਰ ਹੁਣ ਅਮਰੀਕਾ ਮੇਰਾ ਆਪਣਾ ਦੇਸ਼ ਹੈ। ਜੇ ਇਹਦੇ ਵਿਚ ਚੰਗਾ ਹੋ ਰਿਹਾ ਹੈ ਤਾਂ ਮੈਂ ਉਹ ਸਲਾਹੁਣਾ ਹੈ। ਜੇ ਬੁਰਾ ਹੋ ਰਿਹਾ ਹੈ ਤਾਂ ਮੈਂ ਉਹਦੀ ਨਿੰਦਾ ਕਰਨੀ ਹੈ। ਜੇ ਮੈਂ ਭਾਰਤ ਵਿੱਚ ਹੁੰਦਾ, ਉੱਥੇ ਵੀ ਅਜਿਹਾ ਹੀ ਕਰਦਾ। ਮੈਂ ਅਮਰੀਕਾ ਦੇ ਅਵਾਮ ਨਾਲ ਖੜ੍ਹਾਂ। ਇਸਦੇ ਹਾਕਮਾਂ ਦੀਆਂ ਹਾਲਤ ਨੀਤੀਆਂ ਦਾ ਵਿਰੋਧ ਕਰਦਾਂ। ਇਸਦੇ ਹਾਕਮਾਂ ਦੀਆਂ ਗਲਤ ਨੀਤੀਆਂ ਦਾ ਵਿਰੋਧ ਕਰਦਾਂ। ਜਿਨ੍ਹਾਂ ਲੇਖਕਾਂ ਦੀ ਰੀੜ੍ਹ ਦੀ ਹੱਡੀ ਨਹੀਂ ਹੈ, ਉਹ ਗਲਤ ਨੀਤੀਆਂ ’ਤੇ ਚੁੱਪ ਰਹਿੰਦੇ ਹਨ। ਜੋ ਖੱਬੇ ਪੱਖੀ ਲੇਖਕ ਬੋਲਣ ਦੀ ਜੁਰੱਅਤ ਰੱਖਦੇ ਹਨ ਜਾਂ ਲਿਖਣ ਦੀ ਹਿੰਮਤ ਕਰਦੇ ਹਨ ਤਾਂ ਉਨ੍ਹਾਂ ਨੂੰ ਨਿੰਦਣਾ ਨਹੀਂ ਚਾਹੀਦਾ। ਮੇਰੇ ਲਈ ਦੇਸ਼ ਦੇ ਅਰਥ ਆਪਣੇ ਫੌਜੀ ਬੱਚਿਆਂ ਨੂੰ ਮਰਵਾਉਣਾ ਨਹੀਂ, ਸਗੋਂ ਉਨ੍ਹਾਂ ਨੂੰ ਬਚਾਉਣਾ ਹੈ। ਜੇ ਮੇਰਾ ਮੁਲਕ ਤੇਲ ਦੀ ਖ਼ਾਤਿਰ ਜਾਂ ਦੂਜੇ ਮੁਲਕਾਂ ’ਤੇ ਚੌਧਰ ਕਾਇਮ ਰੱਖਣ ਲਈ ਫ਼ੌਜੀ ਹਮਲੇ ਕਰਦਾ ਹੈ ਜਿਹਦੇ ਵਿਚ ਸਾਡੇ ਫ਼ੌਜੀ ਮਰਦੇ ਹਨ, ਦੂਜੇ ਮੁਲਕਾਂ ਦੀ ਜਨਤਾ ਮਰਦੀ ਹੈ ਤਾਂ ਮੈਂ ਵਿਰੋਧ ਕਰਾਂਗਾ। ਅਸੀਂ ਘੱਟ ਗਿਣਤੀਆਂ ਦੇ ਹੱਕ ਵਿਚ ਖੜ੍ਹੇ ਹਾਂ। ਮੈਂ ਗਰੀਬ ਮੁਲਕਾਂ ’ਤੇ ਜਬਰ ਨਹੀਂ ਸਹਿ ਸਕਦਾ। ਅਸੀਂ ਖੱਬੇ ਪੱਖੀ ਲੇਖਕ ਆਪਣੇ ਯੁੱਗ ਦੇ ਵਿਰੋਧਾਂ ਨੂੰ ਮੁਖਾਤਬ ਹੁੰਦੇ ਹਾਂ। ਮੈਂ ਇਸੇ ਟੋਨ ਵਿੱਚ ਕਵਿਤਾ ਲਿਖੀ। ਜਿਹੜੇ ਇੱਥੋਂ ਦੇ ਗੋਰੇ ਜੰਮਪਲ ਹਨ। ਉਹ ਵੀ ਇਸ ਕਿਸਮ ਦੀ ਗੱਲ ਕਰਦੇ ਹਨ। ਅਲਟਰ ਮੀਡੀਏ ਵਾਲੇ ਨੌਮ ਚੌਮਕਸੀ ਹੁਰੀਂ ਸਭ ਤੋਂ ਵੱਧ ਤੇ ਤਿੱਖਾ ਵਿਰੋਧ ਕਰਦੇ ਹਨ। ਸਾਨੂੰ ਇੱਥੋਂ ਦੇ ਵਿਰੋਧ ਸਤਾਉਦੇ ਹਨ। ਇਹ ਵੀ ਮੇਰੀ ਧਰਤੀ ਹੈ। ਇੱਥੇ ਮੇਰਾ ਘਰ ਹੈ। ਮੈਂ ਆਪਣੇ ਘਰ ਦੀ ਗੱਲ ਕਿਉ ਨਹੀਂ ਕਰਾਂਗਾ? ਇੱਥੋਂ ਦੀਆਂ ਗਲਤ ਨੀਤੀਆਂ ਦੇ ਖਿਲਾਫ਼ ਬੋਲਾਂਗਾ।

    ? ਅੱਗੇ ਵੱਧ ਰਿਹਾ ਹੈ ਉਹ
    ਐਟਮੀ ਹਥਿਆਰਾਂ ਦੇ ਜਹਾਜ਼ਾਂ ਤੇ ਹੋ ਕੇ ਸਵਾਰ
    ਤੇ ਡਰ ਰਿਹਾ ਹੈ
    ਕਵੀ ਦੀਆਂ ਕਵਿਤਾਵਾਂ ਕੋਲੋਂ।
    ਹਰ ਰੋਜ਼ ਪਹਿਨਦੀ ਏਂ ਤੂੰ
    ਬੱਦਲਾਂ ਦੀਆਂ ਵੰਗਾਂ
    ਤੇ ਚਾਨਣੀ ਦੇ ਖੂਬਸੂਰਤ ਕਲੀਰੇ
    ਗੀਤਾਂ ਦੀ ਬੰਸਰੀ ਤੇਰੇ ਹੋਠਾਂ ਤੋਂ ਪਰੇ
    ਦੂਰ ਪਹਾੜੀ ਦੀ ਨੀਵਾਣ ਵੱਲ ਵਧਦੀ ਹੈ।


?ਇਹ ਕਵਿਤਾ ਤੁਸੀਂ ਆਪਣੀ ਪਤਨੀ ਨਵਦੀਪ ਲਈ ਲਿਖੀ ਹੋਈ ਹੈ। ਕਵਿਤਾ ਪੜ੍ਹਨ ਤੋਂ ਬਾਅਦ ਲੱਗਦਾ ਹੈ ਕਿ ਤੁਹਾਡਾ ਪਤੀ ਪਤਨੀ ਦਾ ਅਥਾਹ ਪਿਆਰ ਹੈ। ਇਹਦੀ ਵਿਆਖਿਆ ਕਰੋਗੇ।
-ਮੈਂ ਆਪਣੀ ਪਹਿਲੀ ਪਤਨੀ ਅਮਰਜੋਤ ਕੌਰ ਸੰਧੂ ਤੋਂ ਦੂਰ ਅਮਰੀਕਾ ਆ ਗਿਆ ਸੀ। ਆਪਣੇ ਬੇਟੇ ਪੁਨੀਤ ਸਿੰਘ ਤੇ ਵਿਨੀਤ ਸਿੰਘ ਵੀ ਮੰਗਵਾ ਲਏ ਸਨ। ਇੱਥੇ ਮੈਨੂੰ ਕੋਈ ਚਾਹੀਦਾ ਸੀ ਜੋ ਮੈਨੂੰ ਤੇ ਮੇਰੇ ਬੱਚਿਆਂ ਨੂੰ ਸਾਂਭ ਲਵੇ। ਅਥਾਹ ਪਿਆਰ ਦੇਵੇ। ਜੋ ਸਾਡੀ ਜ਼ਿੰਦਗੀ ਵਿੱਚ ਖਾਲੀਪਣ ਆਇਆ ਸੀ, ਉਹ ਕੋਈ ਭਰ ਲਵੇ। ਇਕ ਤੇ ਮੈਂ ਪਿਆਰ ਚਾਹੁੰਦਾ ਸੀ। ਦੂਜਾ ਮੈਂ ਅੰਤਰ-ਜਾਤੀ ਵਿਆਹ ਕਰਵਾਉਣ ਦੇ ਹੱਕ ਵਿਚ ਸੀ। ਕਿਉਕਿ ਮੈਂ ਜਾਤ ਵੀ ਤੋੜਣੀ ਚਾਹੁੰਦਾ ਸੀ। ਮੈਂ ਇਹ ਵੀ ਸਿੱਧ ਕਰਨਾ ਚਾਹੁੰਦਾ ਸੀ ਕਿ ਅੰਤਰ-ਜਾਤੀ ਵਿਆਹ ਵੱਧ ਸਫ਼ਲ ਹੁੰਦੇ ਹਨ। ਮੇਰਾ ਪਹਿਲਾ ਵਿਆਹ ਵੀ ਅੰਤਰ-ਜਾਤੀ ਸੀ। ਪਰ ਉਸ ਔਰਤ ਵਿਚ ਜਾਤੀ ਤੇ ਅਫ਼ਸਰਸ਼ਾਹੀ ਅਭਿਮਾਨ ਜ਼ਿਆਦਾ ਸੀ। ਮੈਂ ਤਾਂ ਪਿਆਰ ਦਾ ਭੁੱਖਾ ਸੀ। ਮੈਂ ਜਿੱਥੇ ਕੰਮ ਕਰਦਾ ਸੀ, ਨਵਦੀਪ ਉੱਥੇ ਕੰਮ ਕਰਦੀ ਸੀ। ਉਹ ਵਿਆਹੀ ਹੋਈ ਸੀ। ਪਰ ਉਹਦਾ ਵੀ ਆਪਣੇ ਘਰ ਵਾਲੇ ਨਾਲ ਕਲੇਸ਼ ਸੀ। ਦਰਅਸਲ ਉਹਦਾ ਰਿਸ਼ਤਾ ਟੁੱਟਿਆ ਹੋਇਆ ਸੀ। ਤਲਾਕ ਵੀ ਹੋ ਗਿਆ ਸੀ। ਜਦੋਂ ਮੈਂ ਉਹਨੂੰ ਮਿਲਿਆ, ਇਹ ਸਭ ਕੁਝ ਵਾਪਰ ਚੁੱਕਾ ਸੀ। ਫ਼ੇਰ ਤਾਂ ਇੱਕੋ ਕੰਮ ਰਹਿ ਗਿਆ ਸੀ- ਦੋ ਟੁੱਟੇ ਹੋਏ ਦਿਲ ਇਕ ਹੋ ਜਾਣ। ਅਸੀਂ ਵਿਆਹ ਕਰਵਾ ਲਿਆ। ਮੇਰਾ ਤੇ ਨਵਦੀਪ ਦਾ ਧਰਮ, ਜਾਤ, ਸਟੇਟ ਸਭ ਕੁਝ ਅੱਡ-ਅੱਡ ਹੈ। ਉਹ ਦਿੱਲੀ ਦੀ ਰਹਿਣ ਵਾਲੀ ਹੈ। ਵੱਡੀ ਕੰਪਨੀ ਦੇ ਮਾਲਕ ਦੀ ਧੀ ਹੈ। ਘਰ ਵਿਚ ਨੌਕਰ ਸਨ। ਉਸਦਾ ਪਾਲਣ ਪੋਸ਼ਣ ਉੱਚੇ ਘਰਾਣਿਆਂ ਵਾਲਾ ਹੈ। ਪਰ ਉਹ ਮੇਰੇ ਘਰ ਆਈ। ਘਰ ਨੂੰ ਸਾਂਭਿਆ। ਮੇਰੀ ਪਿਆਰ ਤੋਂ ਸੱਖਣੀ ਝੋਲੀ ਭਰ ਦਿੱਤੀ। ਬੇਟੀ ਰਿਚਾ ਦਾ ਜਨਮ ਹੋਇਆ। ਮੇਰੇ ਬੇਟਿਆਂ ਨੂੰ ਕਦੇ ਮਹਿਸੂਸ ਨਹੀਂ ਹੋਣ ਦਿੱਤਾ ਕਿ ਉਹ ਮਤਰੇਈ ਮਾਂ ਹੈ। ਅਜੇ ਮੇਰੇ ਵੱਲੋਂ ਤਾਂ ਕੋਈ ਘਾਟ ਰਹਿ ਗਈ ਹੋਵੇਗੀ ਪਰ ਉਹਨੇ ਉਹ ਕੁਝ ਕੀਤਾ ਕਿ ਬੇਟੇ ਉਹਦੇ ਹੋ ਕੇ ਰਹਿ ਗਏ। ਗਗਨ ਤੇ ਜੱਸ ਸਾਡੀਆਂ ਨੂੰਹਾਂ ਹਨ। ਉਹ ਉਨ੍ਹਾਂ ਨਾਲ ਸਹੇਲੀਆਂ ਵਾਂਗ ਰਹਿੰਦੀ ਹੈ। ਬੇਟੇ ਤੇ ਨੂੰਹਾਂ ਮੇਰੇ ਨਾਲੋਂ ਉਹਦਾ ਜ਼ਿਆਦਾ ਖ਼ਿਆਲ ਰੱਖਦੇ ਹਨ।

? ਜਿਸ ਦਿਨ ਸੁਰਜੀਤ ਪਾਤਰ ਘਰ ਆਏ ਸਨ, ਉਸ ਪਾਰਟੀ ਵਿਚ ਇਕ ਬੰਦੇ ਨੇ ਰਿਚਾ ਨੂੰ ਰੱਬ ਬਾਰੇ ਕੁਝ ਸਵਾਲ ਕੀਤੇ ਸਨ। ਰਿਚਾ ਨੇ ਸਵਾਲਾਂ ਦੀ ਥਾਂ ਬਹੁਤ ਪਿਆਰੀ ਕਵਿਤਾ ‘ਮੇਰਾ ਰੱਬ’ ਲਿਖੀ ਸੀ। ਉਹ ਰੱਬ ਦੀ ਹੋਂਦ ਤੋਂ ਮੁਨਕਰ ਹੈ। ਤੁਸੀਂ ਰਿਚਾ ਦੇ ਹਵਾਲੇ ਨਾਲ ਅਮਰੀਕਾ ਵਿਚ ਭਾਸ਼ਾ ਬਾਰੇ ਕੁਝ ਕਹੋਗੇ? ਪੰਜਾਬੀ ਭਾਸ਼ਾ ਮਰ ਜਾਵੇਗੀ।
-ਇੱਥੇ ਰਹਿੰਦੇ ਭਾਰਤੀਆਂ ਦਾ ਸਭ ਤੋਂ ਵੱਡਾ ਤੇ ਮੁੱਖ ਡਰ ਆਪਣੀ ਭਾਸ਼ਾ ਦਾ ਉਨ੍ਹਾਂ ਦੇ ਬੱਚਿਆਂ ਦੀਆਂ ਜ਼ਿੰਦਗੀਆਂ ਵਿੱਚੋਂ ਗੁਆਚ ਜਾਣ ਦਾ ਹੈ। ਇੱਥੇ ਜੰਮੇ ਤੇ ਪੜ੍ਹੇ-ਲਿਖੇ ਬੱਚੇ ਆਪਣੀ ਮਾਤ ਭਾਸ਼ਾ ਨੂੰ ਭੁੱਲ ਰਹੇ ਹਨ। ਜੇ ਇਹ ਇਨ੍ਹਾਂ ਦਾ ਹਾਲ ਹੈ ਤਾਂ ਆਉਣ ਵਾਲੀਆਂ ਨਸਲਾਂ ਦਾ ਕੀ ਹੋਏਗਾ? ਭਾਸ਼ਾ ਕਿਸੇ ਵੀ ਸੱਭਿਆਚਾਰ ਦੀ ਆਹਾਰ ਨਾੜੀ ਹੁੰਦੀ ਹੈ, ਜੇ ਇਹ ਕੱਟ ਦਿੱਤੀ ਗਈ ਤਾਂ ਸੱਭਿਆਚਾਰ ਸ਼ਾਇਦ ਗੁਰੂ ਘਰਾਂ ਤੱਕ ਹੀ ਸੀਮਤ ਹੋ ਜਾਵੇਗਾ। ਇਸ ਡਰ ਦੇ ਬਾਵਜੂਦ ਇਕ ਨਵੀਂ ਆਸ ਬੱਝੀ ਹੈ। ਸਾਡੇ ਬੱਚੇ ਪੰਜਾਬੀ ਬੋਲਦੇ ਹਨ ਪਰ ਇਨ੍ਹਾਂ ਨੂੰ ਪੰਜਾਬੀ ਲਿਖਣੀ ਨਹੀਂ ਆਉਦੀ। ਕੁਝ ਬੱਚੇ ਕਵਿਤਾ ਵਾਲੇ ਪਾਸੇ ਆਏ ਹਨ। ਉਹ ਰੋਮਨ ਲਿੱਪੀ ਵਿਚ ਪੰਜਾਬੀ ਲਿਖਦੇ ਹਨ। ਮੇਰੀ ਬੇਟੀ ਰਿਚਾ ਕੰਬੋਜ ਵੀ ਕਾਵਿ-ਸਿਰਜਣਾ ਵਾਲੇ ਪਾਸੇ ਧਿਆਨ ਦੇ ਰਹੀ ਹੈ। ਹੋਰ ਵੀ ਇੱਥੋਂ ਦੇ ਜੰਮਪਲ ਪੰਜਾਬੀ ਇਸ ਪਾਸੇ ਲੱਗੇ ਹਨ। ਅਜੇ ਵੱਡੇ ਪੱਧਰ ’ਤੇ ਸਾਹਮਣੇ ਨਹੀਂ ਆ ਰਹੇ ਪਰ ਸਾਡੀਆਂ ਸਭਾਵਾਂ ਦੀਆਂ ਮੀਟਿੰਗਾਂ ਵਿਚ ਆਉਦੇ ਹਨ। ਬਾਕੀ ਪੰਜਾਬ ਤੋਂ ਕਿੰਨੇ ਲੋਕ ਕਿਹੜੇ ਢੰਗ ਨਾਲ ਇੱਥੇ ਆਉਦੇ ਹਨ, ਉਸ ’ਤੇ ਜ਼ਿਆਦਾ ਨਿਰਭਰ ਹੈ ਪੰਜਾਬੀ ਸਾਹਿਤ ਸਿਰਜਣਾ ਦੇ ਕੰਮ ਦਾ।

? ਜੇ ਕਵੀ ਸੁਖਵਿੰਦਰ ਕੰਬੋਜ ਨੂੰ ਪੁੱਛਿਆ ਜਾਵੇ ਕਿ ਉਸਦੀ ਕਵਿਤਾ ਕੀ ਹੈ ਤਾਂ ਕੀ ਜਵਾਬ ਦਿਓਂਗੇ।
-ਮੈਂ ਸੱਚ ਦੀ ਭਾਲ ਵਿਚ ਨਿਕਲੇ ਅੱਖਰਾਂ ਨਾਲ ਯਾਰੀ ਪਾਈ। ਕਿਉਕਿ ਸੱਚ ਦੀ ਭਾਲ ਲਈ ਨਿਕਲੇ ਅੱਖਰ ਹੀ ਮੇਰੀ ਨਜ਼ਰ ਵਿਚ ਜਾਗਦੇ ਅੱਖਰ ਹਨ। ਮੇਰੀਆਂ ਕਵਿਤਾਵਾਂ ‘ਯਾਰੜੇ ਦਾ ਸਾਨੂੰ ਸੱਥਰ ਚੰਗਾ ਭੱਠ ਖੇੜਿਆਂ ਦਾ ਰਹਿਣਾ’ ਵਾਲੀ ਮਨੋਸਥਿਤੀ ਦੀ ਪੈਦਾਵਾਰ ਹਨ। ਇਸੇ ਕਰਕੇ ਮੈਂ ਵਿਦੇਸ਼ ਵਿੱਚ ਰਹਿੰਦਾ ਹੋਇਆ ਵੀ ਦੇਸ਼ ਨੂੰ ਯਾਦ ਰੱਖਦਾ ਹਾਂ, ਦੇਸ਼ ਲਈ ਤੜਫਦਾ ਹਾਂ। ਹੱਕ ਤੇ ਸੱਚ ਦੀ ਕਵਿਤਾ ਲਿਖਣ ਨੂੰ ਤਰਜੀਹ ਦਿੰਦਾ ਹਾਂ। ਸ਼ਹੀਦ ਭਗਤ ਸਿੰਘ, ਰਵੀ, ਪਾਸ਼ ਤੇ ਉਨ੍ਹਾਂ ਦੀ ਸੋਚ ਰੱਖਣ ਵਾਲੇ ਮੇਰੇ ਨਾਇਕ ਹਨ। ਉਨ੍ਹਾਂ ਦਾ ਰਾਹ ਹੀ ਅਸਲ ਵਿਚ ਸੱਚ ਦਾ ਰਾਹ ਹੈ। ਮੇਰੇ ਅੱਖਰ ਸਦਾ ਕ੍ਰਾਂਤੀ ਤੇ ਵਿਦਰੋਹ ਦੀਆਂ ਹੀ ਗੱਲਾਂ ਨਹੀਂ ਕਰਦੇ, ਸਗੋਂ ਇਹ ਮਨੁੱਖੀ ਚੇਤਨਾ ਦੇ ਸਦੀਵੀ ਵਿਰੋਧਾਂ ਤੇ ਰਿਸ਼ਤਿਆਂ ਬਾਰੇ ਵੀ ਗੱਲਾਂ ਕਰਦੇ ਹਨ। ਪਰ ਇਹ ਇਤਿਹਾਸਕ ਚੇਤਨਾ ਦਾ ਪੱਲਾ ਨਹੀਂ ਛੱਡਦੇ। ਮੇਰੀਆਂ ਕਵਿਤਾਵਾਂ, ਖ਼ਾਸ ਕਰਕੇ ਗੀਤ ਮਨੁੱਖੀ ਰਿਸ਼ਤਿਆਂ ਦੇ ਯੁੱਗਾਂ-ਯੁੱਗਾਂ ਤੋਂ ਚੱਲੇ ਆ ਰਹੇ ਪਿਆਰ, ਮੁਹੱਬਤ ਤੇ ਵਿਰੋਧਾਂ ਨੂੰ ਰੂਪਮਾਨ ਕਰਦੇ ਹਨ। ਇਨ੍ਹਾਂ ਵਿਸ਼ਿਆਂ ’ਤੇ ਸਦੀਆਂ ਤੋਂ ਲਿਖਿਆ ਜਾ ਰਿਹਾ ਹੈ। ਪਰ ਮੇਰੀ ਵੱਖਰਤਾ ਕੀ ਹੈ? ਮਿੱਤਰ ਪਿਆਰੇ, ਵੱਖਰਤਾ ਇਹ ਹੈ ਕਿ ਤੁਸੀਂ ਆਪਣੇ ਸਮਕਾਲੀ ਚੇਤਨਾ ਦੇ ਵਿਰੋਧਾਂ ਨੂੰ ਕਿਸ ਵੱਖਰੀ ਸ਼ੈਲੀ ਤੇ ਭਾਸ਼ਾ ਦੇ ਕਿਸ ਸੱਜਰੇਪਣ ਰਾਹੀਂ ਪੇਸ਼ ਕੀਤਾ ਹੈ।

ਮੇਰੀ ਕਵਿਤਾ ਦੇਸ਼ ਦੀ ਵੀ ਗੱਲ ਕਰਦੀ ਹੈ ਤੇ ਪ੍ਰਦੇਸ਼ ਦੀ ਵੀ। ਪੰਜਾਬ ਦੇ ਪਿੰਡਾਂ/ਸ਼ਹਿਰਾਂ ਦੀ ਵੀ ਗੱਲ ਕਰਦੀ ਹੈ ਤੇ ‘ਸੇਨ ਹੋਜ਼ੇ ਸ਼ਹਿਰ ਦੀ ਰਾਤ’ ਦਾ ਵੀ ਜ਼ਿਕਰ ਕਰਦੀ ਹੈ। ਅਮਰੀਕੀ ਡੇਟਿੰਗ ਨੂੰ ਵੀ ਪੰਜਾਬੀ ਸਾਹਿਤ ਵਿਚ ਲੈ ਕੇ ਆਉਦੀ ਹੈ। ਮੇਰੀਆਂ ਕਵਿਤਾਵਾਂ ਸਮਾਜਿਕ ਤੇ ਸੱਭਿਆਚਾਰਕ ਮਹੱਤਵ ਨੂੰ ਦਰਸਾਉਦੀਆਂ ਹਨ। ਪ੍ਰਵਾਸੀਆਂ ਦੀ ਹੱਡ ਭੰਨਵੀਂ ਮਿਹਨਤ ਅਤੇ ਇਕੱਲਤਾ ਨੂੰ ਵੀ ਦਰਸਾਉਦੀਆਂ ਹਨ। ਪ੍ਰਦੇਸ਼ ਵਿਚ ਜਾ ਕੇ ਸੁਰਗ ਮਾਨਣ ਦੇ ਬਿੰਬ ਨੂੰ ਵੀ ਤੋੜਦੀਆਂ ਹਨ। ਮੇਰੀ ਕਵਿਤਾ ਦੀ ਮੁਹੱਬਤ ਲੋਕ ਤੇ ਲੋਕਾਈ ਨਾਲ ਹੈ। ਸੱਭਿਅਤਾ ਦੇ ਚੰਗੇ ਪਹਿਲੂਆਂ ਨਾਲ ਹੈ। ਸਵੇਰ ਦੇ ਚਾਨਣ ਤੋਂ ਚੇਤਨਾ ਦੀ ਬੁਲੰਦੀ ਰਾਹੀਂ ਹਨੇਰਿਆਂ ਨੂੰ ਦੂਰ ਕਰਨ ਦੇ ਯਤਨਾਂ ਨਾਲ ਹੈ। ਇਹ ਮੁਹੱਬਤ ਕਠੋਰਤਾ ਦੇ ਮੁਕਾਬਲੇ ਤੇ ਮਾਸੂਮੀਅਤ ਨੂੰ ਧਾਰਨ ਕਰਦੀ ਹੈ। ਇਨਸਾਨਾਂ ਦੀ ਬਦਨਸੀਬੀ ਦੂਰ ਕਰਨ ਦੀ ਹੈ। ਸੁੱਕੇ ਬਾਂਸ ਹਰੇ ਕਰਨ ਦੇ ਆਸ਼ਾਵਾਦੀ ਪੈਗਾਮ ਪੇਸ਼ ਕਰਨ ਦੀ ਹੈ। ਭਰਪੂਰ ਜੀਵਨ ਜਿਉਣ ਨਾਲ ਹੈ।

?     ਤੈਨੂੰ ਤੇ ਪਤਾ ਵੀ ਨਹੀਂ ਚੱਲਿਆ
    ਕਿ ਰੂੜ ਸਿੰਘ ਦੇ ਬਲਦ ਕਿੰਝ ਹੌਲੀ-ਹੌਲੀ ਹਾਰ ਗਏ
    ਵਿਰਕਾਂ ਦੇ ਟਰੈਕਟਰ ਕੋਲੋਂ।

?ਤੁਹਾਡੀ ਕਵਿਤਾ ਦੀਆਂ ਸਤਰਾਂ ਮੈਂ ਇਸ ਕਰਕੇ ਵਰਤੀਆਂ ਕਿ ਇਹ ਤੁਹਾਡੇ ’ਤੇ ਵੀ ਢੁੱਕਦੀਆਂ ਹਨ। ਤੁਸੀਂ ਪਿਛਲੇ ਸਾਲਾਂ ਵਿਚ ਟਰੱਕ ਸਟੋਪ ਦੇ ਮਾਲਕ ਸੀ। ਉਹਦੇ ਵਿਚ ਪੈਟਰੋਲ ਪੰਪ ਵੀ ਸੀ ਤੇ ਸਟੋਰ ਵੀ ਸਨ। ਜਦੋਂ ਰਿਸੈਸ਼ਨ ਆਇਆ ਬੈਂਕਾਂ ਸਭ ਕੁਝ ਹੂੰਝ ਕੇ ਲੈ ਗਈਆਂ। ਵੱਡੀਆਂ ਕੰਪਨੀਆਂ ਤੁਹਾਨੂੰ ਛੋਟਿਆਂ ਨੂੰ ਹੜੱਪ ਗਏ। ਕੀ ਕਹਿੰਦਾ ਫਿਰ ਮਨ ਤੁਹਾਡਾ ਇਹਦੇ ਬਾਰੇ।

-ਮੈਂ, ਪਤਨੀ ਤੇ ਬੇਟਿਆਂ ਨੇ ਦਿਨ ਰਾਤ ਕੰਮ ਕੀਤਾ। ਪਹਿਲਾ ਲੋਕਾਂ ਦੇ ਸਟੋਰਾਂ ’ਤੇ ਕੰਮ ਕਰਦੇ ਸਾਂ। ਫਿਰ ਆਪਣੇ ਸਟੋਰ ਬਣ ਗਏ। ਸਟੋਰਾਂ ਤੋਂ ਸਬ ਵੇ ਲੈ ਲਿਆ। ਪੈਟਰੋਲ ਪੰਪ ਦੇ ਮਾਲਕ ਬਣ ਗਏ। ਜਦੋਂ ਰਿਸੈਸ਼ਨ ਆਇਆ, ਲੁੱਟ-ਪੁੱਟ ਹੋ ਗਏ। ਘਰੋਂ ਬੇਘਰੇ ਹੋ ਗਏ। ਮੈਂ ਆਪਣੇ ਮਾਮੇ ਦਾ ਪਰਿਵਾਰ ਇੱਥੇ ਮੰਗਵਾਇਆ ਸੀ। ਉਨ੍ਹਾਂ ਕੋਲ ਸਟੋਰ ਬਚ ਗਏ ਸਨ। ਇਕ ਸਿਗਰਟਾਂ ਦੀ ਸ਼ਾਪ ਉਨ੍ਹਾਂ ਮੈਨੂੰ ਦੇ ਦਿੱਤੀ। ਬਸ ਇਹਦੇ ਗੁਜ਼ਾਰਾ ਕੀਤਾ। ਵੱਡਾ ਮੁੰਡਾ ਪੁਨੀਤ ਵੀ ਸਟੋਰ ਕਰਦਾ। ਛੋਟਾ ਵਿਨੀਤ ਡਾਕਟਰੀ ਕਰ ਗਿਆ। ਬੇਟੀ ਗ੍ਰੈਜੂਏਸ਼ਨ ਕਰਦੀ ਆ। ਡਾਕਟਰ ਬੇਟੇ ਨੂੰ ਜੇ ਜੌਬ ਮਿਲ ਜਾਵੇ, ਫਿਰ ਘਰ ਦੀ ਹਾਲਤ ਚੰਗੀ ਹੋ ਜਾਊਗੀ। ਬਾਕੀ ਰਹੀ ਤੇਰੇ ਸਵਾਲ ਦੀ ਗੱਲ। ਇਹ ਸਾਮਰਾਜ ਬੜੀ ਚੀਜ਼ ਹੈ। ਇਹ ਆਪ ਹੀ ਰਿਸੈਸ਼ਨ ਲੈ ਕੇ ਆਉਦਾ। ਪਹਿਲਾਂ ਸਾਨੂੰ ਕਿਸ਼ਤਾਂ ’ਤੇ ਬੜੇ-ਬੜੇ ਘਰ ਤੇ ਕਾਰੋਬਾਰ ਦੇ ਦਿੱਤੇ। ਅਸੀਂ ਮਿਹਨਤਾਂ ਕਰ-ਕਰ ਇਨ੍ਹਾਂ ਨੂੰ ਲੋਨ ਮੋੜੇ। ਫਿਰ ਅਚਾਨਕ ਸਾਡੇ ਉੱਤੇ ਰਿਸੈਸ਼ਨ ਦੀ ਤਲਵਾਰ ਲਟਕਾ ਦਿੱਤੀ। ਇਕ ਝਪਟ ਨਾਲੋਂ ਸਾਤੋਂ ਸਾਰਾ ਕੁਝ ਖੋਹ ਲਿਆ। ਵੱਡੀਆਂ-ਵੱਡੀਆਂ ਕੰਪਨੀਆਂ ਨੇ ਸਾਡੇ ਕਾਰੋਬਾਰ ਨਿਗਲ ਲਏ।

? ਤੁਹਾਡੀ ਇਕ ਕਵਿਤਾ ‘ਅਮਰੀਕੀ ਡੇਟਿੰਗ : ਸੱਤ ਪਰਤਾਂ’ ਹੈ। ਤੁਸੀਂ ਇਸ ਕਵਿਤਾ ਵਿਚ ਅਮਰੀਕੀ ਜੀਵਨ ਦੀਆਂ ਦੁਖਦਾਇਕ ਅਤੇ ਘਨੌਣੀਆਂ ਪਰਤਾਂ ਨੂੰ ਖੋਲ੍ਹਣ ਦਾ ਯਤਨ ਕੀਤਾ ਹੈ। ਇਸ ਵਿਚ ਜਵਾਨੀ ਛਕ ਰਹੀ ਨਸ਼ੇ-ਪੱਤੇ ਦਾ ਵੀ ਜ਼ਿਕਰ ਹੈ। ਕੁੜੀ ਨੂੰ ਮਰ ਰਹੀ ਮਾਂ ਦੀ ਮੌਤ ਨਾਲੋਂ ਵੀਕ ਐਂਡ ’ਤੇ ਡੇਟਿੰਗ ਦਾ ਫ਼ਿਕਰ ਹੈ। ਕੁੱਖ ਦਾ ਕਾਰੋਬਾਰ ਕਰਵਾਉਣ ਦੀ ਲਾਲਸਾ ਹੈ। ਕਾਮ ਵਿਚ ਅੰਨ੍ਹੀ ਹੋਈ ਕੁੜੀ ਦੀ ਸੈਕਸ ਟੁਆਏ ਨਾਲ ਹਥਰਸੀ ਆਦਿ ਕੁਰੀਤੀਆਂ ਦਾ ਜ਼ਿਕਰ ਹੈ। ਇਹ ਬਹੁਤ ਵੱਡੀ ਕਵਿਤਾ ਹੈ। ਇਹ ਪਾਠਕ ਦੀ ਸੰਜੀਦਾ ਸੋਚ ਦਾ ਹਿੱਸਾ ਨਹੀਂ ਬਣੀ। ਇਹਦਾ ਕੀ ਕਾਰਨ ਹੈ?
-ਅਜਮੇਰ ਸਿਆਂ, ਮੈਂ ਅਮਰੀਕੀ ਮਾਡਰਨ ਕਵਿਤਾ ਵੀ ਪੜ੍ਹੀ ਹੈ। ਯੂਥ ਨਾਲ ਵਿਚਰਦਾ ਵੀ ਹਾਂ। ਮੈਂ ਗੱਲ ਗੋਰੇ ਸਮਾਜ ਦੀ ਕਰਦਾ ਹਾਂ। ਮੇਰੀ ਸਮੋਕ ਸ਼ਾਪ ਹੈ। ਰੋਜ਼ ਯੂਥ ਨਾਲ ਵਾਹ ਪੈਂਦਾ ਹੈ। ਮੇਰੀਆਂ ਇਹ ਕਵਿਤਾਵਾਂ ਅੰਗਰੇਜ਼ੀ ਲੇਖਕਾਂ ਨੇ ਪਸੰਦ ਕੀਤੀਆਂ। ਪਰ ਪੰਜਾਬੀ ਪਾਠਕਾਂ ਤੇ ਆਲੋਚਕਾਂ ਨੇ ਇਹਦਾ ਨੋਟਿਸ ਨਹੀਂ ਲਿਆ। ਡਾ. ਗੁਰਮੇਲ ਸਿੱਧੂ ਨੇ ‘ਪਰਦੇ ਪਿਛਲੀ ਨੰਗੀ ਕਵਿਤਾ’ ਟਾਈਟਲ ਹੇਠ ਇਨ੍ਹਾਂ ਕਵਿਤਾਵਾਂ ਨੂੰ ਵੀ ਵਿਚਾਰਿਆ। ਉਸ ਤੋਂ ਬਿਨਾਂ ਕਿਸੇ ਨੇ ਚਾਰ ਅੱਖਰ ਨਹੀਂ ਲਿਖੇ। ਪ੍ਰਗਤੀਵਾਦੀ ਤਾਂ ਕਾਮੁਕ ਤਿ੍ਰਪਤੀ ਬਣ ਜਾਣ ਦਾ ਖਦਸ਼ਾ ਪ੍ਰਗਟ ਕਰਦੇ ਹੋਣਗੇ। ਬਾਕੀ ਵੀ ਕੋਈ ਬੋਲਿਆ ਨਹੀਂ। ਜਦ ਕਿ ਮੈਂ ਠਰਕ ਭੋਰਨ ਵਾਲੀ ਸੋਝੀ ਨਾਲ ਇਹ ਕਵਿਤਾਵਾਂ ਨਹੀਂ ਲਿਖੀਆਂ। ਮੇਰੀ ਕੋਈ ਸਮਾਜਿਕ ਜ਼ੁੰਮੇਵਾਰੀ ਬਣਦੀ ਹੈ।

?     ਤੇ ਜਦੋਂ ਮੈਂ ਸਮਝ ਲਿਆ
    ਕਿ ਮਾਂ ਦੇ ਅੱਥਰੂਆਂ ਦਾ ਅਸਲੀ ਕਾਰਨ
    ਦਿੱਲੀ ਦੇ ਸੰਸਦ ਭਵਨ ਤੋਂ ਤੁਰਦਾ ਹੈ
    ਤਾਂ ਮੇਰੇ ਕੋਲ ਵਾਰਨ ਲਈ ਸਿਰਫ਼ ਸਿਰ ਸੀ।

?ਭਾਵੇਂ ਤੁਹਾਡੀ ਕਵਿਤਾ ਦੀਆਂ ਇਹ ਸਤਰਾਂ ਪੜ੍ਹ ਲਓ। ਭਾਵੇਂ ਸਮੁੱਚੀ ਕਵਿਤਾ ’ਤੇ ਨਜ਼ਰ ਮਾਰ ਲਈਏ। ਤੁਹਾਡੀ ਕਵਿਤਾ ’ਤੇ ਪਾਸ਼ ਦੀ ਕਵਿਤਾ ਦਾ ਬਹੁਤ ਪ੍ਰਭਾਵ ਹੈ। ਕੁਝ ਕਵਿਤਾਵਾਂ ’ਤੇ ਜੇ ਲੇਖਕ ਦਾ ਨਾਂ ਨਾ ਲਿਖੀਏ ਤਾਂ ਪਤਾ ਨਹੀਂ ਚਲਦਾ ਦੋਹਾਂ ਵਿੱਚੋਂ ਕਿਸ ਦੀ ਕਵਿਤਾ ਹੈ। ਉੱਥੇ ਤੁਹਾਡਾ ਨਾਂ ਵੀ ਲਿਖ ਸਕਦੇ ਹਾਂ ਤੇ ਪਾਸ਼ ਦਾ ਵੀ।
-ਮੇਰੀ ਕਵਿਤਾ ਪਾਸ਼ ਦੀ ਕਵਿਤਾ ਦੀ ਨਕਲ ਨਹੀਂ ਹੈ। ਬਾਕੀ ਪਾਸ਼ ਦਾ ਮੇਰੇ ਉੱਤੇ ਪ੍ਰਭਾਵ ਹੈ। ਇਕ ਤੇ ਉਹ ਮੇਰਾ ਯਾਰ ਸੀ। ਦੂਜਾ ਉਹ ਸਾਡਾ ਆਗੂ ਸੀ। ਸਫ਼ਲ ਕ੍ਰਾਂਤੀਕਾਰੀ ਕਵਿਤਾ ਦਾ ਮਾਡਲ ਪਾਸ਼ ਹੀ ਹੈ। ਮੈਂ ਉਸ ਮਾਡਲ ਦੀ ਕਵਿਤਾ ਲਿਖਦਾਂ।

? ਇਹਦੇ ਨਾਲ ਤੁਹਾਡੀ ਕਵਿਤਾ ਨੂੰ ਨੁਕਸਾਨ ਨਹੀਂ ਹੋਇਆ।
-ਮੈਨੂੰ ਨਹੀਂ ਲੱਗਦਾ। ਅਸੀਂ ਉਹਦੀ ਕਵਿਤਾ ਦੀ ਵਿਚਾਰਧਾਰਾ ਤੇ ਸ਼ੈਲੀ ਦੇ ਵਾਰਿਸ ਹਾਂ। ਮਸਲਿਆਂ ਨੂੰ ਸੰਬੋਧਨ ਹੋਣ ਦਾ ਢੰਗ ਇਸੇ ਰੂਪ ਵਿੱਚ ਹੀ ਹੋਇਆ ਜਾ ਸਕਦਾ। ਮੈਂ ਪਾਸ਼ ਤੋਂ ਹੀ ਨਹੀਂ ਪ੍ਰਭਾਵਤ ਹੋਇਆ। ਸਗੋਂ ਪਾਸ਼, ਧੂਮਿਲ, ਨਾਜ਼ਮ ਹਿਕਮਤ, ਲੋਰਕਾ, ਪਾਬਲੋ ਨਰੂਦਾ ਅਤੇ ਰੋਕੇ ਡਾਲਟਨ ਵੀ ਮੇਰੇ ਹੱਡਾਂ ਵਿਚ ਵਸੇ ਹੋਏ ਹਾਂ। ਇਨ੍ਹਾਂ ਸ਼ਾਇਰਾਂ ਦੀਆਂ ਕਵਿਤਾਵਾਂ ਪੜ੍ਹਦਿਆਂ ਮੇਰੀ ਹਾਲਤ ਉਸ ਵਿਅਕਤੀ ਵਰਗੀ ਹੋ ਜਾਂਦੀ ਹੈ ਜਿਹਨੂੰ ਅੰਤਾਂ ਦਾ ਤਾਪ ਚੜ੍ਹ ਗਿਆ ਹੋਵੇ। ਮੈਂ ਇਸ ਕਿਸਮ ਦੀ ਕਵਿਤਾ ਤੋਂ ਹੀ ਨਹੀਂ ਪ੍ਰਭਾਵਤ ਹੋਇਆ। ਸਗੋਂ ਸਾਹਿਤ ਦੇ ਦੂਜੇ ਰੂਪਾਂ ਕਹਾਣੀ, ਨਾਵਲ, ਨਾਟਕ ਆਦਿ ਤੋਂ ਕਵਿਤਾ ਜਿੰਨਾ ਹੀ ਪ੍ਰਭਾਵਤ ਹਾਂ।

? ਤੁਸੀਂ ਜਿਸ ਜੁਝਾਰਵਾਦੀ ਮਾਡਲ ਕਵਿਤਾ ਦੀ ਗੱਲ ਕਰਦੇ ਹੋ। ਉਹ ਵੇਲਾ ਵਹਾਅ ਚੁੱਕੀ ਹੈ ਜਾਂ ਇਹਦਾ ਕੋਈ ਭਵਿੱਖ ਹੈ। ਇਹ ਭਾਸ਼ਣ ਤਾਂ ਨਹੀਂ ਹੈ।
-ਮੈਂ ਨਹੀਂ ਸਮਝਦਾ। ਸੰਬੋਧਨਮਈ ਕਵਿਤਾ ਇਤਿਹਾਸਕ ਚੇਤਨਾ ਮੁਖੀ ਕਵਿਤਾ ਹੈ। ਹਰ ਯੁੱਗ ਵਿੱਚ ਵੱਡੇ ਸ਼ਾਇਰ ਵੱਡੀਆਂ ਸਮੱਸਿਆਵਾਂ ਨੂੰ ਸੰਬੋਧਨ ਹੁੰਦੇ ਰਹੇ ਹਨ। ਇਸ ਕਿਸਮ ਦੀ ਕਵਿਤਾ ਦਾ ਵਿਸ਼ਾ-ਵਸਤੂ ਤੇ ਰੂਪ ਇਸੇ ਰੂਪ ਵਿਚ ਹੋ ਸਕਦੇ ਹਨ। ਬਾਬੇ ਨਾਨਕ ਦੀ, ਗੁਰੂ ਰਵਿਦਾਸ ਦੀ, ਕਬੀਰ ਜੀ ਦੀ ਕਵਿਤਾ ਨੂੰ ਇਸੇ ਰੂਪ ਵਿੱਚ ਦੇਖੋਗੇ। ਵਾਰਿਸ ਸ਼ਾਹ ਵੀ ਇਸੇ ਕਰਕੇ ਵੱਡਾ ਸ਼ਾਇਰ ਹੈ। ਪ੍ਰੋ. ਮੋਹਣ ਸਿੰਘ, ਹਰਿਭਜਨ ਸਿੰਘ, ਐਸ.ਐਸ. ਮੀਸ਼ਾ, ਅੰਮਿ੍ਰਤਾ ਪ੍ਰੀਤਮ, ਸ਼ਿਵ ਕੁਮਾਰ ਬਟਾਲਵੀ ਪਾਪੂਲਰ ਸ਼ਾਇਰ ਹਨ। ਵੱਡੇ ਸ਼ਾਇਰ ਨਹੀਂ ਹਨ। ਵੱਡਾ ਲੇਖਕ ਉਹ ਹੁੰਦਾ ਹੈ ਜਿਹਦੀ ਰਚਨਾ ਵਿਚ ਰੂਪ ਤੇ ਵਸਤੂ ਬਰਾਬਰ ਦੀ ਸਮੰਜਸਤਤਾ ਵਿੱਚ ਪੇਸ਼ ਹੋਣ। ਆਪਣੇ ਯੁੱਗ ਦੇ ਇਤਿਹਾਸਕ ਵਿਰੋਧਾਂ ਨੂੰ ਮੁਖਾਤਬ ਹੋ ਕੇ ਵੱਡਾ ਸ਼ਾਇਰ ਬਣ ਸਕਦਾ ਹੈ। ਜੇ ਕਵੀ ਆਪਣੇ ਯੁੱਗ ਦੇ ਇਤਿਹਾਸਕ ਵਿਰੋਧਾਂ ਨੂੰ ਮੁਖਾਤਬ ਨਹੀਂ ਹੁੰਦਾ, ਕੇਵਲ ਰਿਸ਼ਤਿਆਂ ਦੇ ਦਵੰਦ ਦੀ ਬਿਆਨੀ ਹੀ ਕਹੀ ਜਾਂਦਾ ਹੈ। ਮੈਂ ਇਹਨੂੰ ਬਹੁਤ ਵੱਡੀ ਸ਼ਾਇਰੀ ਨਹੀਂ ਮੰਨਦਾ। ਜੋ ਸ਼ਾਇਰ ਮੱਧ ਸ਼੍ਰੇਣਿਕ ਵਿਅਕਤੀਵਾਦ ਦੀ ਖੱਡ ਵਿਚ ਡਿੱਗ ਪੈਂਦਾ ਹੈ, ਉਹ ਸਾਰੀ ਉਮਰ ਉਸ ਵਿੱਚੋਂ ਬਾਹਰ ਨਹੀਂ ਨਿਕਲ ਸਕਦਾ। ਇਸਦੇ ਉਲਟ ਆਪਣੇ ਯੁੱਗ ਦੇ ਮੁੱਖ ਇਤਿਹਾਸਕ ਸੰਸਕ੍ਰਿਤਕ ਵਿਰੋਧਾਂ ਨੂੰ ਜੁਝਾਰਵਾਦੀ ਕਾਵਿ ਧਾਰਾ ਵਾਲੇ ਹੀ ਪੇਸ਼ ਕਰ ਸਕੇ ਹਨ। ਪੰਜਾਬੀ ਦਾ ਸਭ ਤੋਂ ਵੱਡਾ ਪਹਿਲਾਂ ਸ਼ਾਇਰ ਡਾ. ਜਗਤਾਰ ਹੈ। ਫੇਰ ਪਾਸ਼ ਦਾ ਨੰਬਰ ਆਉਦਾ ਹੈ। ਦਰਸ਼ਨ ਖਟਕੜ, ਹਰਭਜਨ ਹਲਵਾਰਵੀ, ਸੰਤ ਸੰਧੂ, ਅਮਰਜੀਤ ਚੰਦਨ, ਗੁਰਦੀਪ ਗਰੇਵਾਲ ਤੇ ਹੋਰ ਬਾਅਦ ਵਿਚ ਆਉਦੇ ਹਨ। ਮੈਂ ਪ੍ਰਵਾਸ ਬਾਰੇ, ਦੇਸ਼ ਬਾਰੇ ਜਾਂ ਸਾਮਰਾਜ ਵਿਰੋਧੀ ਭਾਵਨਾ ਵਾਲੀ ਕਵਿਤਾ ਲਿਖੀ ਪਰ ਸਾਰੀ ਕਵਿਤਾ ਇਸੇ ਟੋਨ ਵਿਚ ਲਿਖੀ।

? ਮੈਂ 2006 ਵਿਚ ਤੀਜੀ ਅਮਰੀਕੀ ਕਹਾਣੀ ਕਾਨਫਰੰਸ ’ਤੇ ਅਮਰੀਕਾ ਆਇਆ ਸੀ। ਉਦੋਂ ਮੈਂ ਅਮਰੀਕਾ ਦੇ ਕਹਾਣੀਕਾਰਾਂ ਅਤੇ ਕਵੀਆਂ ਦੀ ਸੂਚੀ ਬਣਾਈ ਸੀ। ਉਦੋਂ 21 ਕਹਾਣੀਕਾਰ ਤੇ 71 ਕਵੀ ਸਨ। ਤੁਸੀਂ ਅਮਰੀਕਾ ਵਿਚ ਵਸਦੇ ਕਿਹੜੇ ਪੰਜਾਬੀ ਸ਼ਾਇਰਾਂ ਨੂੰ ਕਵੀ ਮੰਨਦੇ ਹੋ।
-ਮੈਂ ਆਪਣੇ ਤੋਂ ਬਿਨਾਂ ਰਵਿੰਦਰ ਸਹਿਰਾਅ, ਕੁਲਵਿੰਦਰ, ਡਾ. ਗੁਰੂਮੇਲ, ਰੇਸ਼ਮ ਸਿੱਧੂ ਤੇ ਜਗਜੀਤ ਨੌਸ਼ਿਆਰਵੀ ਨੂੰ ਸ਼ਾਇਰ ਮੰਨਦਾ ਹਾਂ। ਸ਼ਾਇਰ ਤਾਂ ਹੋਰ ਵੀ ਹਨ ਪਰ ਉਹ ਆਪਣੇ ਯੁੱਗ ਦੇ ਮੁਹਾਵਰੇ ਨੂੰ ਫੜ ਨਹੀਂ ਰਹੇ। ਅਸੀਂ ਆਪਣੇ ਸਮਿਆਂ ਦੇ ਇਤਿਹਾਸ ਦੇ ਮੁੱਖ ਵਿਰੋਧਾਂ ਨੂੰ ਫੜ ਰਹੇ ਹਾਂ। ਤੇਲ ਲਈ ਖੂਨ ਡੋਲਿਆ ਜਾ ਰਿਹਾ ਹੈ। ਸਭਿਆਤਾਵਾਂ ਖਤਮ ਹੋ ਰਹੀਆਂ ਹਨ। ਮਨੁੱਖ ਮਰ ਰਹੇ ਹਨ। ਉਨ੍ਹਾਂ ਬਾਰੇ ਲਿਖਿਆ ਨਹੀਂ ਜਾਂਦਾ। ਉਦਾਹਰਣ ਦੇ ਤੌਰ ’ਤੇ ਅਮਰੀਕਾ ਵਿਚ ਕਾਲੇ ਚੋਰੀ ਕਰਦੇ ਹਨ। ਉਹ ਚੋਰ ਕਿਉ ਹਨ ? ਉਨ੍ਹਾਂ ਨੂੰ ਚੋਰੀ ਲਈ ਕੌਣ ਉਕਸਾਉਦਾ ਹੈ? ਤੱਥ, ਯਥਾਰਥ ਤੇ ਸੱਚ ਤਿੰਨ ਜ਼ਰੂਰੀ ਤੱਤ ਹਨ। ਚੋਰੀ ਹੁੰਦੀ ਹੈ, ਇਹ ਤੱਥ ਹੈ। ਚੋਰੀ ਕਿਵੇਂ ਹੋਈ, ਇਹ ਯਥਾਰਥ ਹੈ। ਚੋਰੀ ਲਈ ਲੋਕਾਂ ਨੂੰ ਮਜ਼ਬੂਰ ਕੌਣ ਕਰਦਾ ਹੈ? ਸਿਸਟਮ ਦਾ ਕੀ ਰੋਲ ਹੈ? ਉਹ ਕਿਹੜੀਆਂ ਹਾਲਤਾਂ ਵਿਚ ਜਿਉਦੇ ਹਨ? ਇਹ ਸੱਚ ਹੈ। ਸਾਡੇ ਸ਼ਾਇਰ ਯਥਾਰਥ ਤੱਕ ਪੁੱਜ ਜਾਂਦੇ ਹਨ ਪਰ ਸੱਚ ਲਿਖਣ ਤੋਂ ਡਰਦੇ ਹਨ।

Comments

Security Code (required)



Can't read the image? click here to refresh.

Name (required)

Leave a comment... (required)





ਸ਼ਖ਼ਸਨਾਮਾ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ