Mon, 17 June 2024
Your Visitor Number :-   7118732
SuhisaverSuhisaver Suhisaver

ਨੌਜਵਾਨ ਵਰਗ ਇਸ ਸਮੇਂ ਡਾਢੀ ਕਸੂਤੀ ਹਾਲਤ 'ਚ ਫਸਿਆ ਹੋਇਆ ਹੈ : ਕੰਵਲਜੀਤ ਖੰਨਾ

Posted on:- 17-02-2013

ਮੈਗਜ਼ੀਨ 'ਇਨਕਲਾਬੀ ਨੌਜਵਾਨ' ਵੱਲੋਂ ਪੰਜਾਬ ਦੀ ਇਨਕਲਾਬੀ ਨੌਜਵਾਨ ਵਿਦਿਆਰਥੀ ਲਹਿਰ ਦੇ ਸਾਬਕਾ ਆਗੂ ਤੇ ਇਸ ਸਮੇਂ ਇਨਕਲਾਬੀ ਕੇਂਦਰ ਪੰਜਾਬ ਦੇ ਜਨਰਲ ਸਕੱਤਰ, ਪੰਜਾਬ ਲੋਕ ਸੱਭਿਆਚਾਰ ਮੰਚ (ਪਲਸ ਮੰਚ) ਦੇ ਜਨਰਲ ਸਕੱਤਰ, ਟਰੇਡ ਯੂਨੀਅਨਇਸਟ ਸਾਥੀ ਕੰਵਲਜੀਤ ਖੰਨਾ ਨਾਲ  ਮੌਜੂਦਾ ਸਮੇਂ 'ਚ ਇਨਕਲਾਬੀ ਨੌਜਵਾਨ ਵਿਦਿਆਰਥੀ ਲਹਿਰ ਦੀ ਬੀਤੇ ਤਜ਼ਰਬੇ ਚੋਂ ਰੌਸ਼ਨੀ ਹਾਸਲ ਕਰਦਿਆਂ, ਉਸਾਰੀ ਹਿੱਤ ਵੱਖਰੇ ਨੁਕਤਿਆਂ ਤੇ ਵਿਚਾਰ ਚਰਚਾ ਕੀਤੀ ਗਈ, ਜੋ ਪਾਠਕਾਂ ਖਾਸਕਰ ਨੌਜਵਾਨਾਂ ਵਿਦਿਆਰਥੀਆਂ ਲਈ ਦਿਲਚਸਪ ਹੋਵੇਗੀ, ਉਮੀਦ ਹੈ।  (-ਸੰਪਾਦਕ)


?70ਵਿਆਂ 'ਚ ਪੰਜਾਬ ਦੀ ਇਨਕਲਾਬੀ ਨੌਜਵਾਨ ਤੇ ਵਿਦਿਆਰਥੀ ਲਹਿਰ ਦੇ ਉਭਾਰ ਦੇ ਕੀ ਕਾਰਨ ਸਨ ?
-ਸੱਤਰਵਿਆਂ 'ਚ 1972 ਦੇ ਮੋਗਾ ਗੋਲੀ ਕਾਂਡ ਵਿਰੁੱਧ ਉੱਠੇ ਸੂਬਾ ਪੱਧਰੀ ਨੌਜਵਾਨ ਵਿਦਿਆਰਥੀ ਸੰਘਰਸ਼ ਤੇ ਉਸਤੋਂ ਬਾਦ ਲਗਭਗ ਡੇਢ ਦਹਾਕਾ ਪੂਰੇ ਸੂਬੇ ਭਰ 'ਚ ਚੱਲਦੇ ਮਿਸਾਲੀ ਸੰਘਰਸ਼ਾਂ ਦਾ ਕਾਰਨ ਮੁੱਖ ਤੌਰ ਤੇ ਨੌਜਵਾਨਾਂ ਵਿਦਿਆਰਥੀਆਂ 'ਚ ਅਜ਼ਾਦੀ ਤੋਂ ਬਾਅਦ ਸਥਾਪਤ ਨਿਜ਼ਾਮ ਖਿਲਾਫ ਤਿੱਖੀ ਹੋ ਰਹੀ ਬੇਚੈਨੀ ਤੇ ਗੁੱਸਾ ਸੀ।1968 ਦੇ ਸ਼ੁਰੂ 'ਚ ਬੰਗਾਲ ਦੇ ਨਕਸਲਬਾੜੀ ਅੰਦੋਲਨ ਨੇ ਦੇਸ਼ ਭਰ 'ਚ ਰੌਸ਼ਨ ਦਿਮਾਗ ਨੌਜਵਾਨਾਂ ਨੂੰ ਆਪਣੇ ਕਲਾਵੇ 'ਚ ਲਿਆ ਸੀ।ਨੌਜਵਾਨ ਲੋਕ ਵਿਰੋਧੀ ਵਿਵਸਥਾ ਨੂੰ ਉਲਟਾਉਣ ਲਈ ਆਪਣਾ ਸਭ ਕੁਝ ਦਾਅ ਤੇ ਲਾ ਕੇ ਲੋਕਪੱਖੀ ਵਿਵਸਥਾ ਦੀ ਉਸਾਰੀ ਦਾ ਸੁਪਨਾ ਲੈ ਕੇ ਸੜਕਾਂ 'ਤੇ ਉੱਤਰੇ ਸਨ।ਲਾਉਸ, ਵਿਅਤਨਾਮ, ਫਲਸਤੀਨ, ਕੰਬੋਡੀਆ, ਚਿੱਲੀ 'ਚ ਕੌਮੀ ਅਜ਼ਾਦੀ ਦੀਆਂ ਲਹਿਰਾਂ ਪੂਰੇ ਜ਼ੋਬਨ ਤੇ ਸਨ, ਇਨ੍ਹਾਂ ਲਹਿਰਾਂ ਨੇ ਸਾਡੇ ਦੇਸ਼ 'ਚ ਵੀ ਵੱਡੇ ਨੌਜਵਾਨ ਉਭਾਰਾਂ ਨੂੰ ਉਗਾਸਾ ਦਿੱਤਾ।?70ਵਿਆਂ 'ਚ ਪੰਜਾਬ ਦੀ ਇਨਕਲਾਬੀ ਨੌਜਵਾਨ ਤੇ ਵਿਦਿਆਰਥੀ ਲਹਿਰ ਦੀ ਵਿਚਾਰਧਾਰਕ ਸਿਆਸੀ ਸਥਿਤੀ ਕੀ ਸੀ ?
-ਉਸ ਸਮੇਂ ਦੇਸ਼ ਦੀ ਕਮਿਊਨਿਸਟ ਲਹਿਰ ਨੇ, ਤਿਲੰਗਾਨਾ ਤੋਂ ਬਾਅਦ ਨਕਸਲਬਾੜੀ ਦੀ ਜਗੀਰੂ ਲੁੱਟ ਵਿਰੁੱਧ ਉੱਠੀ 'ਜ਼ਮੀਨ ਹਲਵਾਹਕ ਦੀ' ਕੇਂਦਰੀ ਨਾਅਰੇ ਤੇ ਉਸਰੀ ਲੁੱਟ ਤੇ ਦਾਬੇ ਨੂੰ ਮਿਟਾਉਣ ਤੁਰੀ ਲਹਿਰ ਨੇ ਸਮਾਜ ਤੇ ਰਾਜ ਬਦਲਣ ਦਾ ਦਾਅਵਾ ਕਰਨ ਵਾਲੀਆਂ ਇਨਕਲਾਬੀ ਮਿਸ਼ਨ ਤਿਆਗ ਚੁੱਕੀਆਂ ਸੀ.ਪੀ.ਆਈ. ਤੇ ਸੀ.ਪੀ.ਅੱਮ. ਦੀ ਸਿਆਸੀ ਲੀਹ ਤੋਂ ਵਿਚਾਰਧਾਰਕ ਸਿਆਸੀ ਤੋੜ-ਵਿਛੋੜਾ ਕੀਤਾ ਸੀ।ਸੋਧਵਾਦੀ ਤੇ ਜਮਾਤੀ ਭਿਆਲੀ ਦੀ ਲੀਹ ਦਾ ਪ੍ਰਗਟਾਵਾ ਪੰਜਾਬ ਦੇ ਵਿਦਿਆਰਥੀਆਂ ਨੌਜਵਾਨਾਂ ਨੂੰ ਮੋਗਾ ਘੋਲ ਦੌਰਾਨ ਹੋ ਗਿਆ ਸੀ, ਜਦੋਂ ਸੀ ਪੀ ਆਈ ਨਾਲ ਨੱਥੀ ਏ ਆਈ ਐਸ ਐਫ ਦੀ ਲੀਡਰਸ਼ਿੱਪ ਨੇ ਚਲਦੇ ਘੋਲ 'ਚ ਐਨ ਵਿਚਾਲਿਓਂ ਜਾ ਕੇ ਕਿਨਾਰਾ ਕਰ ਲਿਆ ਸੀ ਬਿਲਕੁਲ ਉਵੇਂ ਹੀ ਜਿਵੇਂ 1950 ਦੇ ਤਿਲੰਗਾਨਾ ਕਿਸਾਨ ਘੋਲ 'ਚੋ ਸੀ ਪੀ ਆਈ ਨੇ ਆਪਣੇ ਆਪ ਨੂੰ ਅਲੱਗ ਕਰ ਲਿਆ ਸੀ।ਨੌਜਵਾਨਾਂ ਨੂੰ ਰੂਸ ਤੋਂ ਬਾਅਦ ਚੀਨੀ ਇਨਕਲਾਬ ਵਿਸ਼ੇਸ਼ਕਰ ਮਾਓ-ਜੇ-ਤੁੰਗ ਦੀਆਂ ਸਿੱਖਿਆਵਾਂ ਨੇ ਪ੍ਰਭਾਵਿਤ ਕੀਤਾ ਸੀ।

?70ਵਿਆਂ 'ਚ ਪੰਜਾਬ ਦੀ ਇਨਕਲਾਬੀ ਨੌਜਵਾਨ ਤੇ ਵਿਦਿਆਰਥੀ ਲਹਿਰ ਦਾ ਕੰਮ ਢੰਗ ਕਿਹੋ ਜਿਹਾ ਸੀ ?
- 70ਵਿਆਂ 'ਚ ਪੰਜਾਬ ਦੀ ਇਨਕਲਾਬੀ ਨੌਜਵਾਨ ਤੇ ਵਿਦਿਆਰਥੀ ਲਹਿਰ ਮੁੱਖ ਤੌਰ ਤੇ ਜਮਹੂਰੀ ਲਹਿਰ ਸੀ ਜਿਸਨੇ ਮੋਗਾ ਘੋਲ, ਬੱਸ ਕਿਰਾਇਆ ਵਿਰੋਧੀ ਐਜ਼ੀਟੇਸ਼ਨ ਜਿਹਾ ਨਿਮਨ ਆਰਥਿਕ ਘੋਲ, ਬੇਰੁਜ਼ਗਾਰ ਅਧਿਆਪਕਾਂ ਦੀ ਪੱਕੇ ਰੁਜ਼ਗਾਰ ਪ੍ਰਾਪਤੀ ਲਈ ਲੰਮੀ ਐਜ਼ੀਟੇਸ਼ਨ, ਗੁੰਡਾਗਰਦੀ ਤੇ ਬਲਾਤਕਾਰ ਜਿਹੀਆਂ ਘਟਨਾਵਾਂ ਵਿਰੁੱਧ ਕਈ ਚਰਚਿਤ ਘੋਲ, ਕਿਸਾਨਾਂ, ਸਨਅਤੀ ਮਜ਼ਦੂਰਾਂ ਦੀਆਂ ਐਜ਼ੀਟੇਸ਼ਨਾਂ ਦੀ ਹਮਾਇਤ, ਸ਼ਹੀਦ ਪ੍ਰਿਥੀਪਾਲ ਰੰਧਾਵਾ ਦੀ ਸ਼ਹਾਦਤ ਵਿਰੁੱਧ ਘੋਲ, ਅਨੇਕਾਂ ਪੁਲਸ ਜਬਰ ਖ਼ਿਲਾਫ਼ ਘੋਲ ਲੜੇ ਤੇ ਸਥਾਪਤੀ ਕੀਤੀ।ਪਿੰਡਾਂ 'ਚ ਨੌਜਵਾਨ ਭਾਰਤ ਸਭਾਵਾਂ ਨੇ ਵੱਡੀ ਪੱਧਰ ਤੇ ਸਮਾਜਕ ਸੁਧਾਰਕ ਕੰਮ ਜਿਵੇਂ ਰਾਹ ਪੱਕੇ ਕਰਨ, ਬੱਸ ਅੱਡੇ ਉਸਾਰਨ, ਮੈਡੀਕਲ ਕੈਂਪ ਲਾਉਣ, ਹੜ੍ਹ ਪੀੜਤਾਂ ਲਈ ਰਾਸ਼ਨ ਕੈਂਪ ਆਦਿ ਤੋਂ ਬਿਨਾਂ ਲੋਕਾਂ ਦੇ ਘਰੇਲੂ, ਸਮਾਜਕ ਮਸਲਿਆਂ 'ਚ ਹਿੱਸੇਦਾਰੀ, ਦਾਜ ਰਹਿਤ ਵਿਆਹਾਂ ਲਈ ਨੌਜਵਾਨਾਂ ਨੂੰ ਉਤਸਾਹਿਤ ਕਰਨ, ਪਿੰਡਾਂ 'ਚ ਲਾਈਬ੍ਰੇਰੀਆਂ ਖੋਲ੍ਹਣ, ਨਾਟਕ ਟੀਮਾਂ ਬਣਾਕੇ ਪਿੰਡਾਂ, ਕਸਬਿਆਂ, ਕਾਲਜਾਂ-ਸਕੂਲਾਂ 'ਚ ਨਾਟਕ ਖੇਡਕੇ ਰਾਜਨੀਤਿਕ, ਸਮਾਜਕ ਚੇਤਨਾ ਦਾ ਪਸਾਰਾ ਕਰਨ ਜਿਹੇ ਅਨੇਕਾਂ ਕਾਰਜ ਵੱਖ-ਵੱਖ ਪੱਧਰ ਤੇ ਕੀਤੇ।

?70ਵਿਆਂ 'ਚ ਪੰਜਾਬ ਦੀ ਇਨਕਲਾਬੀ ਨੌਜਵਾਨ ਤੇ ਵਿਦਿਆਰਥੀ ਲਹਿਰ ਦਾ ਪੰਜਾਬ ਦੀ ਇਨਕਲਾਬੀ ਕਮਿਊਨਿਸਟ ਲਹਿਰ ਨਾਲ ਰਿਸ਼ਤਾ ਕਿਹੋ ਜਿਹਾ ਸੀ ?
-ਦੋਹਾਂ ਨੂੰ ਨਿਖੇੜ ਕੇ ਨਹੀਂ ਦੇਖਿਆ ਜਾਣਾ ਚਾਹੀਦਾ।ਸੂਬੇ ਅੰਦਰ ਨਕਸਲਬਾੜੀ ਲਹਿਰ ਦੌਰਾਨ ਬਾਦਲ ਸਰਕਾਰ ਵੱਲੋਂ 70 ਦੇ ਕਰੀਬ ਤਬਦੀਲੀਪਸੰਦ ਨੌਜਵਾਨਾਂ ਤੇ ਵਰਕਰਾਂ ਦੇ ਝੂਠੇ ਪੁਲਸ ਮੁਕਾਬਲਿਆਂ ਤੇ ਘਰਾਂ-ਪਰਿਵਾਰਾਂ ਤੇ ਬੇਥਾਹ ਜਬਰ ਤੋਂ ਬਾਅਦ, ਇਸਦਾ ਮੁਕਾਬਲਾ ਕਰਨ ਲਈ ਲੋਕਾਂ ਦਾ ਜੰਗਲ ਉਸਾਰਨ ਲਈ ਇਨਕਲਾਬੀ ਜਨਤਕ ਲੀਹ ਇਕ ਲੰਮੇ ਵਿਚਾਰਧਾਰਕ ਸੰਘਰਸ਼ ਤੋਂ ਬਾਅਦ ਸਾਹਮਣੇ ਆਈ।ਵਿਵਸਥਾ ਬਦਲੀ ਦੀ ਇਸ ਜਮਾਤੀ ਜੰਗ ਦੀ ਉਸਾਰੀ ਲਈ ਮੁੱਢਲੇ ਤੌਰ ਤੇ ਇਨਕਲਬੀ ਨੌਜਵਾਨ ਵਿਦਿਆਰਥੀ ਲਹਿਰ ਦੀ ਉਸਾਰੀ ਦਾ ਏਜੰਡਾ ਹੱਥ ਲਿਆ ਗਿਆ ਸੀ।ਕਮਿਊਨਿਸਟ ਇਨਕਲਾਬੀ ਲਹਿਰ ਦੇ ਪ੍ਰਪੱਕ ਜਨਤਕ ਕੇਡਰ ਦੀ ਸਪਲਾਈ ਇਨਕਲਾਬੀ ਨੌਜਵਾਨ ਵਿਦਿਆਰਥੀ ਲਹਿਰ ਚੋਂ ਹੀ ਹੋਈ ਤੇ ਹੋਣੀ ਹੈ।

?ਤੁਸੀਂ ਇਸ ਸਮੇਂ ਦੀ ਨੌਜਵਾਨ ਤੇ ਵਿਦਿਆਰਥੀ ਲਹਿਰ ਦੀਆਂ ਕੀ ਪ੍ਰਾਪਤੀਆਂ ਦੇਖਦੇ ਹੋ, ਤੇ ਕੰਮਜ਼ੋਰੀਆਂ ਕੀ ?
- ਇਸ ਲਹਿਰ ਨੇ ਪੰਜਾਬ ਦੀ ਜਵਾਨੀ ਦੇ ਇਕ ਵੱਡੇ ਹਿੱਸੇ 'ਚ ਮੁਕਤੀ ਦੀ ਇਕ ਚਿਣਗ ਭਰੀ।ਇਸ ਲਹਿਰ ਨੇ ਮੁੱਖ ਤੌਰ ਤੇ ਉਸ ਦਹਾਕੇ 'ਚ ਜਮਹੂਰੀ ਚੇਤਨਾ ਦਾ ਵਿਕਾਸ ਕੀਤਾ।ਨੌਜਵਾਨ ਵਰਗ ਵਿਚ ਲੜਨ ਦਾ ਮਾਦਾ ਵਿਕਸਤ ਕੀਤਾ।ਦੂਜੇ ਸੰਘਰਸ਼ਸ਼ੀਲ ਤਬਕਿਆਂ ਦੇ ਸੰਘਰਸ਼ਾਂ ਦਾ ਜੋਰਦਾਰ ਸਮਰਥਨ, ਹਰ ਤਰਾਂ੍ਹ ਦੀ ਮੱਦਦ ਇਨਕਲਾਬੀ ਨੌਜਵਾਨ ਵਿਦਿਆਰਥੀ ਲਹਿਰ ਨੇ ਕੀਤੀ।ਇਸ ਲਹਿਰ ਨੇ 1974 'ਚ ਮੋਗਾ ਘੋਲ ਤੋਂ ਬਾਅਦ ਜਦੋਂ ਪੂਰੇ ਮੁਲਕ 'ਚ ਜੈ ਪ੍ਰਕਾਸ਼ ਨਰਾਇਣ ਦੀ ਅਗਵਾਈ 'ਚ ਨੌਜਵਾਨ ਵਰਗ ਹਕੂਮਤ ਨਾਲ ਦਿਸ਼ਾਹੀਣ ਟੱਕਰ ਲੈ ਰਿਹਾ ਸੀ, ਉਸ ਸਮੇਂ 'ਭਾਰਤੀਆਂ ਲਈ ਮੁਕਤੀ ਲਈ ਕਲਿਆਣ ਦਾ ਰਾਹ' ਪੇਸ਼ ਕਰਦਿਆਂ ਲੋਕਾਂ ਨੂੰ ਮੋਗਾ ਸੰਗਰਾਮ ਰੈਲੀ ਕਰਕੇ ਇਕ ਬਦਲ ਮੁਹੱਇਆ ਕਰਵਾਉਣ ਦਾ ਵੀ ਯਤਨ ਕੀਤਾ।ਉਸ ਸਮੇਂ ਜਾਰੀ ਪੈਂਫਲਟ 'ਚ ਉਸ ਬਦਲ ਦਾ ਵਿਸਥਾਰ ਲੋਕਾਂ ਤੱਕ ਪੁਚਾਇਆ ਗਿਆ।

ਜਿੱਥੋਂ ਤੱਕ ਕਮਜ਼ੋਰੀਆਂ ਦਾ ਸਵਾਲ ਹੈ, ਤਾਂ ਨੋਟ ਕੀਤਾ ਗਿਆ ਹੈ ਕਿ ਉਸ ਸਮੇਂ ਦੀ ਕਮਿਊਨਿਸਟ ਇਨਕਲਾਬੀ ਲਹਿਰ ਨੂੰ  ਆਪਣਾ ਰਾਜਨੀਤਿਕ ਚੌਖਟਾ (Political Prepective) ਕਲੀਅਰ ਨਹੀਂ ਸੀ ਇਸੇ ਕਰਕੇ ਉਹ ਇਨਕਲਾਬੀ ਨੌਜਵਾਨ ਵਿਦਿਆਰਥੀ ਲਹਿਰ ਨੂੰ ਵੀ ਠੀਕ ਸੇਧ ਨਹੀਂ ਦੇ ਸਕੀ।ਇਸ ਲਹਿਰ ਨੇ ਨੌਜਵਾਨ ਵਰਗ ਨੂੰ ਲੜਨਾ ਤਾਂ ਸਿਖਾਇਆ ਪਰ ਉਸ ਲੜਾਈ ਨੂੰ ਲਗਾਤਾਰ ਜਾਰੀ ਰੱਖਣ ਦਾ ਵੱਲ ਨਹੀਂ ਸਿਖਾਇਆ, ਸਿਆਸਤ ਤੇ ਵਿਚਾਰਧਾਰਾ ਨਾਲ ਲੈਸ ਨਹੀਂ ਕੀਤਾ।ਸਮਾਜਵਾਦ ਦੀ ਲੜਾਈ ਦਾ ਉਦੇਸ਼, ਨੌਜਵਾਨਾ ਦਾ ਪੂਰਾ ਸੂਰਾ ਨਜ਼ਰੀਆ ਵਿਕਸਤ ਕਰਨ  'ਚ ਸਮੁੱਚੀ ਲਹਿਰ ਕਾਮਯਾਬ ਨਾ ਹੋ ਸਕੀ।ਹੌਲੀ-ਹੌਲੀ ਸੁਧਾਰਵਾਦ ਜਾਂ ਨਿਰੋਲ ਜਨਤਕ ਲਹਿਰ ਦੇ ਨਿਰੰਤਰ ਅਕਾਊ, ਰੁਟੀਨਵਾਦੀ ਕੰਮਾਂ ਦਾ ਉਲਝਾ, ਵਿਚਾਲੇ ਕੋਈ ਮੋੜ ਨਹੀਂ, ਕੋਈ ਬਰੇਕ ਨਹੀਂ, ਨਿਸ਼ਾਨਾਂ ਕਲੀਅਰ ਨਹੀਂ।ਦੁਸ਼ਮਣ ਨਾਲ, ਕਾਤਲਾਂ ਨਾਲ ਨਜਿੱਠਣ ਲਈ ਕੋਈ ਨਿਸ਼ਚਿਤ ਪਾਲਸੀ ਦਾ ਨਿਰਮਾਣ ਨਾ ਹੋਣਾ।ਹੌਲੀ-ਹੌਲੀ ਲਹਿਰ ਖਿੰਡਾਅ ਦਾ ਸ਼ਿਕਾਰ ਹੋ ਗਈ।ਭਾਵੇਂ ਅੰਸ਼ਕ, ਵਕਤੀ ਤੌਰ ਤੇ ਖਾਲਿਸਤਾਨੀ ਲਹਿਰ ਨੇ ਵੀ ਇਸ ਖਿੰਡਾਅ 'ਚ ਰੋਲ਼ ਨਿਭਾਇਆ।

?70ਵਿਆਂ 'ਚ ਪੰਜਾਬ ਦੀ ਇਨਕਲਾਬੀ ਨੌਜਵਾਨ ਤੇ ਵਿਦਿਆਰਥੀ ਲਹਿਰ ਸਿਰਫ ਪੰਜਾਬ ਤੱਕ ਹੀ ਸੀਮਿਤ ਕਿਉਂ ਰਹੀ ?ਇਸ ਲਹਿਰ ਦੇ ਖਿੰਡਾਅ ਦੇ ਕੀ ਕਾਰਨ ਸਨ ?

-ਮੈਨੂੰ ਲਗਦਾ ਕਿ ਇਹ ਗੱਲਾਂ ਆਪਾਂ ਪਹਿਲਾਂ ਕਰ ਆਏ ਹਾਂ।ਉਂਝ ਵੱਡਾ ਕਾਰਨ ਲਹਿਰ ਦੀ ਅੰਤਰਮੁੱਖਤਾ ਹੈ, ਜਿਸ ਕਾਰਨ ਇਹ ਲਹਿਰ ਹੌਲੀ-ਹੌਲੀ ਖਿੰਡ ਗਈ।ਦੇਸ਼ ਦੀ ਕਮਿਊਨਿਸਟ ਇਨਕਲਾਬੀ ਲਹਿਰ ਫੁੱਟ ਦਰ ਫੁੱਟ ਦਾ ਸ਼ਿਕਾਰ ਹੋਈ ਕਿਉਂਕਿ ਕਮਿਊਨਿਸਟ ਇਨਕਲਾਬੀ ਲਹਿਰ ਵਿਚ ਦਰੁਸਤ ਇਨਕਲਾਬੀ ਲੀਹ ਦੀ ਘਾਟ ਸੀ, ਜੋ ਕਿ ਅਜੇ ਵੀ ਬਰਕਰਾਰ ਹੈ, ਜਿਸਦਾ ਅਸਰ ਇਨਕਲਾਬੀ ਨੌਜਵਾਨ ਵਿਦਿਆਰਥੀ ਲਹਿਰ ਤੇ ਪਿਆ ਹੈ। ਗਰੁੱਪ ਸੰਕੀਰਨਤਾ ਵਰਗੀਆਂ ਹੋਰ ਵੀ ਬਿਮਾਰੀਆਂ ਵਧ ਕੇ ਰੋਗ ਬਣ ਰਹੀਆਂ ਹਨ।ਇਹ 'ਮੁੜ-ਸੁਰਜੀਤ' ਨਾ ਹੋਣ, ਇਸ ਲਈ ਇਹ ਸਾਡੀ ਫਿਕਰਮੰਦੀ ਦਾ ਅੰਗ ਬਣੇ।ਪਹਿਲਾਂ ਰਹੀਆਂ ਘਾਟਾਂ, ਕਮਜ਼ੋਰੀਆਂ ਤੇ ਗਲਤੀਆਂ ਦਾ ਨਵੀਆਂ ਹਾਲਤਾਂ 'ਚ ਸਹੀ ਮੁਲਾਂਕਣ ਨਾ ਕਰਦਿਆਂ ਪੁਰਾਣੀਆਂ ਲੀਹਾਂ ਤੇ ਜ਼ੋਰ-ਅਜ਼ਮਾਇਸ਼ ਕਰੀ ਜਾਣਾ ਲਹਿਰ ਨੂੰ ਫਿਰ ਸੰਕਟ ਤੇ ਮੁਹਾਣ ਤੇ ਲਿਆ ਖੜ੍ਹਾ ਕਰੇਗਾ।

?ਤੁਹਾਡੇ ਮੁਤਾਬਕ ਪੰਜਾਬ ਦੀ ਮੌਜੂਦਾ ਇਨਕਲਾਬੀ ਨੌਜਵਾਨ ਤੇ ਵਿਦਿਆਰਥੀ ਲਹਿਰ ਕਿਸ ਵਿਚਾਰਧਾਰਕ ਸਿਆਸੀ ਹਾਲਤ 'ਚੋਂ ਗੁਜ਼ਰ ਰਹੀ ਹੈ ?
-ਇਸ ਵੇਲੇ ਸਮੁੱਚੇ ਵਿਸ਼ਵ 'ਚ, ਕੌਮਾਂਤਰੀ ਕਮਿਊਨਿਸਟ ਲਹਿਰ ਖੜੋਤ ਦਾ ਸ਼ਿਕਾਰ ਹੈ।ਰੂਸ ਦੇ ਪਿਛਲਮੋੜੇ ਤੇ ਚੀਨ ਦੇ ਪੂੰਜੀਵਾਦੀ ਲੀਹਾਂ ਤੇ ਤੁਰ ਜਾਣ ਕਾਰਨ ਸੰਸਾਰ ਮਜ਼ਦੂਰ ਲਹਿਰ ਤਿੱਖੇ ਵਿਚਾਰਧਾਰਕ ਸੰਕਟ 'ਚ ਘਿਰ ਗਈ ਹੈ।ਸਮਾਜਵਾਦੀ ਕੈਂਪ 'ਚ ਆਏ ਇਸ ਸਿਆਸੀ ਨਿਘਾਰ ਕਾਰਨ ਫਿਲਹਾਲ ਚੌਂਪਾਸੀ ਨਿਰਾਸਤਾ ਦਾ ਆਲਮ ਹੈ।ਪੀਰੂ ਤੇ ਨੇਪਾਲ ਦੀਆਂ ਘਟਨਾਵਾਂ ਨੇ ਵੀ ਪਰੇਸ਼ਾਨ ਕੀਤਾ ਹੈ।ਦੇਸ਼ ਦੇ ਪੈਮਾਨੇ ਤੇ ਇੱਕਜੁੱਟ ਕਮਿਊਨਿਸਟ ਇਨਕਲਾਬੀ ਲਹਿਰ ਤੇ  ਇਨਕਲਾਬੀ ਨੌਜਵਾਨ ਵਿਦਿਆਰਥੀ ਲਹਿਰ ਦੀ ਉਸਾਰੀ ਲਈ ਵਿਰਲੇ ਪਰ ਅਸਫਲ ਯਤਨ ਹੁੰਦੇ ਰਹੇ ਹਨ, ਜਿਸ ਦੀ ਕਿ ਸੱਚਮੁੱਚ ਡਾਢੀ ਲੋੜ ਹੈ।

?ਇਸਦੀ ਵਿਚਾਰਧਾਰਕ ਸਿਆਸੀ ਸੇਧ ਕੀ ਹੋਣੀ ਚਾਹੀਦੀ ਹੈ ਅਤੇ ਨੌਜਵਾਨਾਂ ਵਿਦਿਆਰਥੀਆਂ ਦਾ ਵਿਚਾਰਧਾਰਕ ਸਿਆਸੀ ਪੱਧਰ ਉੱਚਾ ਚੁੱਕਣ ਲਈ ਕਿਹੋ ਜਿਹੇ ਯਤਨ ਜ਼ਰੂਰੀ ਹਨ ?
-ਨੌਜਵਾਨਾ ਨੂੰ ਮੇਹਨਤਕਸ਼ ਲੋਕਾਂ ਦਾ ਰਾਜ ਸਿਰਜਣ ਲਈ,ਪੂੰਜੀ ਦੀ ਸਰਦਾਰੀ ਖਤਮ ਕਰਕੇ ਕਿਰਤੀ ਵਰਗ ਦੀ ਸਰਕਾਰ ਬਣਾਉਣ ਲਈ, ਤਾਂ ਕਿ ਪੈਦਾਵਰੀ ਸੰਦ ਸਾਧਨਾਂ ਤੇ ਪੈਦਾਵਰ ਤੇ ਸਿਰਫ ਤੇ ਸਿਰਫ ਕਿਰਤੀ ਦੀ ਮਾਲਕੀ ਬਣ ਸਕੇ ਬਾਰੇ ਚੇਤੰਨ ਤੇ ਜੱਥੇਬੰਦ ਕਰਨਾ ਜਰੂਰੀ ਹੈ।ਨੌਜਵਾਨ ਵਰਗ ਇਕ ਅਜਿਹੀ ਤਾਕਤ ਹੈ ਜਿਹੜੀ ਪਹਾੜਾਂ ਤੇ ਪਾਣੀ ਚੜਾ ਸਕਦੀ ਹੈ।ਇਸੇ ਲਈ ਸ਼ਹੀਦ ਭਗਤ ਸਿੰਘ ਨੇ ਕਿਹਾ ਸੀ ਕਿ 'ਨੌਜਵਾਨੋ ਜਾਗੋ, ਉੱਠੋ, ਸੁੱਤਿਆਂ ਯੁੱਗ ਬੀਤ ਚੁੱਕੇ ਹਨ।ਨੌਜਵਾਨ ਸ਼ਕਤੀ ਹੀ ਇਤਿਹਾਸ ਵਿਚ ਸਭ ਤੋਂ ਵੱਧ ਜਾਗਰੁਕ ਤੇ ਚੇਤੰਨ ਰੋਲ ਨਿਭਾਉਣ ਦੇ ਕਾਬਲ ਹੈ, ਇਸ ਲਈ ਇਸ ਦਾ ਸਿਆਸੀ ਵਿਚਾਰਧਾਰਕ ਪੱਧਰ ਉੱਚਾ ਚੁੱਕਣ ਲਈ ਸਾਨੂੰ ਵਿਸ਼ੇਸ਼ ਤੇ ਯੋਜਨਾਬੱਧ ਯਤਨ ਜੁਟਾਉਣ ਦੀ ਲੋੜ ਹੈ।ਉਨ੍ਹਾਂ ਸਾਹਮਣੇ ਕੌਮਾਂਤਰੀ ਕਮਿਊਨਿਸਟ ਲਹਿਰ ਦੀਆਂ ਹੁਣ ਤੱਕ ਦੀਆਂ ਸਿਆਸੀ ਪ੍ਰਾਪਤੀਆਂ, ਹੋਏ ਇਨਕਲਾਬਾਂ, ਉਸਾਰੇ ਪ੍ਰਬੰਧਾਂ ਦੇ ਹਾਂ-ਪੱਖੀ ਤੇ ਨਾ-ਪੱਖੀ ਤਜਰਬਿਆਂ ਨੂੰ ਨਵੇਂ ਪ੍ਰਸੰਗ 'ਚ ਸਮਝਾਉਣ ਦੀ ਜਰੂਰਤ ਹੈ।ਜਿਸ ਲਈ ਨੌਜਵਾਨ ਕੇਡਰ ਦੀ ਸਿਆਸੀ ਸਿਖਲਾਈ ਲਈ ਹੁਣ ਤੱਕ ਪੱਛੜੇ ਕਾਰਜਾਂ ਨੂੰ ਪਹਿਲ ਦੇ ਅਧਾਰ ਤੇ ਹੱਥ ਲੈਣਾ ਚਾਹੀਦਾ ਹੈ।ਸਕੂਲਿੰਗ, ਬਹਿਸ-ਵਿਚਾਰ, ਗੋਸ਼ਟੀਆਂ, ਪੜ੍ਹਾਈ ਅਤਿ ਜਰੂਰੀ ਹੈ।

?ਇਸ ਸੇਧ ਮੁਤਾਬਕ ਮੌਜੂਦਾ ਪ੍ਰਸਥਿਤੀਆਂ ਵਿੱਚ ਇਨਕਲਾਬੀ ਨੌਜਵਾਨ ਤੇ ਵਿਦਿਆਰਥੀ ਲਹਿਰ ਦਾ ਕੰਮ-ਢੰਗ ਕੀ ਹੋਵੇ ?
-ਕਾਰਲ ਮਾਰਕਸ, ਲੈਨਿਨ ਤੇ ਮਾਓ-ਜ਼ੇ-ਤੁੰਗ ਦੀ ਵਿਚਾਰਧਾਰਾ ਨਾਲ ਜੋੜਨਾ, ਕੈਰੀਅਰਵਾਦ ਘਟਾਉਣ ਲਈ ਸਿਆਣੇ ਕਰਨਾ, ਮਿਸ਼ਨ ਦੀ ਸਪਸ਼ਟਤਾ ਦੇਣਾ, ਸ਼ਖਸ਼ੀਅਤ ਦੇ ਸਾਫ-ਸੁਥਰੇ ਲੋਕਪੱਖੀ ਵਿਕਾਸ ਤੇ ਜੋਰ ਦੇਣ ਦੇ ਉਪਰਾਲੇ ਕਰਨਾ ਇਕ ਲੈਵਲ ਤੇ ਅਤਿ ਜਰੂਰੀ ਕਾਰਜ ਹਨ।ਦੂਜਾ ਮੌਜੂਦਾ ਇਨਕਲਾਬੀ ਜਮਹੂਰੀ ਲਹਿਰ ਦਾ ਹਿੱਸਾ ਬਣਾਉਣਾ ਤੇ ਨੌਜਵਾਨਾਂ ਵਿਦਿਆਰਥੀਆਂ ਦੇ ਮੰਗਾਂ ਮਸਲਿਆਂ ਖਾਸਕਰ ਬੇਰੁਜ਼ਗਾਰੀ, ਮਹਿੰਗੀ ਪੜ੍ਹਾਈ, ਨੌਜਵਾਨਾਂ 'ਚ ਨਸ਼ੇ ਤੇ ਗੰਦੇ ਸੱਭਿਆਚਾਰ ਦੇ ਪਸਾਰੇ ਖਿਲਾਫ਼ ਚੇਤਨਾ ਤੇ ਵਿਰੋਧ ਲਹਿਰ ਖੜ੍ਹੀ ਕਰਨ ਦੇ ਯਤਨ ਕਰਨੇ ਚਾਹੀਦੇ ਹਨ।ਨੌਜਵਾਨ ਸਮਾਜ ਦਾ ਸ਼ੀਸ਼ਾ ਹਨ।ਇਸ ਵਰਗ ਤੋਂ ਕਿਸੇ ਵੀ ਜਮਾਤੀ ਲੁੱਟ ਦੇ ਅਧਾਰ ਤੇ ਖੜ੍ਹੇ ਸਮਾਜ ਨੂੰ ਹਮੇਸ਼ਾਂ ਹੀ ਵੱਡੀਆਂ ਆਸਾਂ ਰਹੀਆਂ ਹਨ।ਹੁਣ ਵੀ ਦਿੱਲੀ ਰੇਪ ਕੇਸ ਦੇ ਮਾਮਲੇ 'ਚ ਨੌਜਵਾਨ  ਵਰਗ ਨੇ ਜੇਹੀ ਹਿਲਜੁੱਲ ਕੀਤੀ ਹੈ, ਉਸਨੂੰ ਸਹੀ ਦਿਸ਼ਾ ਦੇ ਦਿੱਤੀ ਜਾਵੇ ਤਾਂ ਹੋਰ ਵੱਧ ਚੰਗੇ ਸਾਰਥਕ ਸਿੱਟੇ ਨਿਕਲ ਸਕਦੇ ਹਨ।

?ਕੀ ਤੁਸੀਂ ਸਮਝਦੇ ਹੋ ਕਿ ਮੌਜੂਦਾ ਇਨਕਲਾਬੀ ਨੌਜਵਾਨ ਤੇ ਵਿਦਿਆਰਥੀ ਲਹਿਰ ਰਵਾਇਤੀ  ਕਿਸਮ ਦੀ ਪ੍ਰੈਕਟਿਸ ਨਾਲੋਂ ਆਪਣਾ ਨਾਤਾ ਨਹੀਂ ਤੋੜ ਪਾ ਰਹੀ ? ਭਾਵ ਇਹ ਕਿ ੭੦ਵਿਆਂ ਤੋਂ ਲੈ ਕੇ ਅੱਜ ਤੱਕ ਦੀਆਂ ਬੇਹੱਦ ਤੇਜੀ ਨਾਲ ਬਦਲੀਆਂ ਨਵੀਆਂ ਹਾਲਤਾਂ 'ਚ ਸਹੀ ਸਿਧਾਂਤਕ ਤੇ ਵਿਹਾਰਕ ਕੰਮ ਕਰਨ ਦੇ ਪੂਰੀ ਤਰਾਂ ਸਮਰੱਥ ਨਹੀਂ ?
-ਕਾਫੀ ਹੱਦ ਤੱਕ ਇਹ ਗੱਲਾਂ/ਸਵਾਲ ਠੀਕ ਹਨ।ਚੜਤ 'ਚ ਰਹੀ, ਦੁਸ਼ਮਣਾਂ ਦੇ ਕਾਲਜੇ ਹੌਲ ਪਾਉਣ ਵਾਲੀ ਲਹਿਰ ਦੇ ਖਿੰਡਾਅ ਦਾ ਕਾਰਨ ਹੀ ਮੁੱਖ ਤੌਰ ਤੇ ਰਵਾਇਤੀ, ਰੂਟੀਨ ਪ੍ਰੈਕਟਿਸ ਰਹੀ।ਸਿਆਸੀ ਉਦੇਸ਼ਾਂ ਦੀ ਸਪੱਸ਼ਟਤਾ ਦੀ ਘਾਟ ਨੇ ਨੌਜਵਾਨਾਂ ਦੀ ਪ੍ਰਤੀਬੱਧਤਾ ਨੂੰ ਖੋਰਾ ਲਾਇਆ।ਅੱਜ ਦਾ ਯੁੱਗ 70ਵਿਆਂ ਦਾ ਯੁੱਗ ਨਹੀਂ।ਅੱਜ ਸੂਚਨਾਂ ਤਕਨਾਲੋਜੀ 'ਚ ਆਈਆਂ ਵੱਡੀਆਂ ਤਬਦੀਲੀਆਂ ਨੇ ਮੱਧਵਰਗੀ ਨੌਜਵਾਨ ਜੋ ਕਿ ਪੜ੍ਹਿਆ ਲਿਖਿਆ ਹੈ ਟਵਿੱਟਰ ਤੇ ਫੇਸਬੁੱਕ ਨਾਲ ਜੋੜ ਦਿੱਤਾ ਹੈ।ਮਿਸਰ ਵਰਗੇ ਦੇਸ਼ 'ਚ ਉੱਠੇ ਮਿਸਾਲੀ ਵਿਦਰੋਹਾਂ 'ਚ ਇਸ ਤਕਨਾਲੋਜੀ ਨੇ ਅਹਿਮ ਭੂਮਿਕਾ ਨਿਭਾਈ ਹੈ।ਬਦਲੀਆਂ ਹਾਲਤਾਂ 'ਚ ਸਾਨੂੰ ਕੰਮ-ਢੰਗ ਦੇ ਤਰੀਕੇ ਵੀ ਬਦਲਣੇ ਹੋਣਗੇ।ਇਸਦੀ ਘਾਟ ਨੇ ਸਿਧਾਂਤਕ ਤੇ ਵਿਹਾਰਕ ਕੰਮ ਤੇ ਮਾੜਾ ਅਸਰ ਪਾਇਆ ਹੈ।ਹੁਣ ਦਾ ਸਾਮਰਾਜ 70ਵਿਆਂ ਵਾਲਾ ਸਾਮਰਾਜ ਨਹੀਂ ਰਿਹਾ।ਇਸਨੇ ਚੱਲਣ ਢੰਗ 'ਚ ਵਡੀਆਂ ਤਬਦੀਲੀਆਂ ਕੀਤੀਆਂ ਹਨ।ਇਸੇ ਪ੍ਰਸੰਗ 'ਚ ਭਾਰਤ ਦੇ ਰਾਜਨੀਤਿਕ, ਆਰਥਿਕ ਸਮਾਜਿਕ ਪ੍ਰਬੰਧ 'ਚ ਵੀ ਵੱਡੀਆਂ ਤਬਦੀਲੀਆਂ ਆਈਆਂ ਹਨ।ਇੰਨਾਂ੍ਹ ਕੌਮਾਂਤਰੀ ਤੇ ਕੌਮੀ ਹਾਲਤਾਂ ਅੰਦਰ ਹੋਈਆਂ ਤਬਦੀਲੀਆਂ ਦੇ ਸਨਮੁੱਖ ਕਮਿਊਨਿਸਟ ਇਨਕਲਾਬੀ ਲਹਿਰ ਨੂੰ ਵੀ ਆਪਣੇ ਕੰਮ-ਢੰਗ, ਨੀਤੀ ਨਿਰਣਿਆਂ 'ਚ ਵੱਡੀਆਂ ਤਬਦੀਲੀਆਂ ਦੀ ਲੋੜ ਹੈ।

?ਤੁਸੀਂ ੭੦ਵਿਆਂ ਦੀ ਇਨਕਲਾਬੀ ਨੌਜਵਾਨ ਤੇ ਵਿਦਿਆਰਥੀ ਲਹਿਰ ਅਤੇ ਪੰਜਾਬ ਦੀ ਮੌਜੂਦਾ ਇਨਕਲਾਬੀ ਨੌਜਵਾਨ ਤੇ ਵਿਦਿਆਰਥੀ ਲਹਿਰ ਵਿੱਚ ਕੀ ਅੰਤਰ ਦੇਖਦੇ ਹੋ ?
-ਉਸ ਸਮੇਂ ਨਾਲੋਂ ਇਸ ਸਮੇਂ ਇਨਕਲਾਬੀ ਨੌਜਵਾਨ ਵਿਦਿਆਰਥੀ ਲਹਿਰ ਕਮਜ਼ੋਰ ਸਥਿਤੀ 'ਚ ਤਾਂ ਹੈ, ਇਕਜੁੱਟ ਵੀ ਨਹੀਂ ਹੈ।ਮੈਨੂੰ ਜਾਪਦਾ ਹੈ ਕਿ ਇਨਕਲਾਬੀ ਸ਼ਕਤੀਆਂ ਨੂੰ ਇਕਜੁੱਟ ਇਨਕਲਾਬੀ ਕਮਿਊਨਿਸਟ ਲਹਿਰ ਦੀਆਂ ਸੰਭਾਵਨਾਵਾਂ ਫਰੋਲਣੀਆਂ ਚਾਹੀਦੀਆਂ ਹਨ।ਵਿਚਾਰਧਾਰਕ ਸਿਆਸੀ ਪੱਖ ਤੇ ਇਹ ਲਹਿਰ ਬਣਦਾ ਜੋਰ ਨਹੀਂ ਲਾ ਰਹੀ।ਦੇਸ਼ ਦੀ ਆਰਥਿਕਤਾ 'ਚ, ਪੈਦਾਵਰੀ ਰਿਸ਼ਤਿਆਂ 'ਚ ਆਈਆਂ ਵੱਡੀਆਂ ਤਬਦੀਲੀਆਂ ਨੂੰ ਅੰਗਣ ਵਿਚ ਫੇਲ੍ਹ ਹੋ ਰਹੀ ਹੈ ਜਿਸਨੇ ਇਨਕਲਾਬੀ ਲਹਿਰ ਸਮੇਤ ਇਨਕਲਾਬੀ ਨੌਜਵਾਨ ਵਿਦਿਆਰਥੀ ਲਹਿਰ ਲਈ ਚੋਟ ਨਿਸ਼ਾਨਿਆਂ ਤੇ ਮਿੱਤਰਾਂ ਦੀ ਨਿਸ਼ਾਨਦੇਹੀ ਕਰਨੀ ਹੈ।ਜਿੰਨੀ ਦੇਰ ਇਨ੍ਹਾਂ ਗੰਭੀਰ ਸਵਾਲਾਂ ਨੂੰ ਦੇਸ਼ ਦੀ ਕਮਿਊਨਿਸਟ ਇਨਕਲਾਬੀ ਲਹਿਰ ਸੰਬੋਧਤ ਨਹੀਂ ਹੁੰਦੀ, ਗੱਡਾ ਉੱਥੇ ਹੀ ਫਸਿਆ ਰਹੇਗਾ।

?ਤੁਸੀਂ ਨੌਜਵਾਨਾ ਤੇ ਵਿਦਿਆਰਥੀਆਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ ?
-ਪਿਆਰੇ ਸਾਥੀ ਜੀ -ਨੌਜਵਾਨ ਵਰਗ ਇਸ ਸਮੇਂ ਡਾਢੀ ਕਸੂਤੀ ਹਾਲਤ 'ਚ ਫਸਿਆ ਹੋਇਆ ਹੈ।ਦਿਸ਼ਾਹੀਣ ਹੈ।ਸਾਮਰਾਜੀ ਆਰਥਿਕ, ਸਿਆਸੀ, ਸੱਭਿਆਚਾਰਕ ਹਮਲੇ ਤਿੱਖੇ ਹੋ ਰਹੇ ਹਨ।ਕੈਰੀਅਰਵਾਦ ਤੇ ਖਪਤਵਾਦ ਦਾ ਜ਼ੋਰ ਹੈ।ਨੌਜਵਾਨ ਸਾਥੀਓ ਤੁਹਾਡਾ ਵੱਡਾ ਹਿੱਸਾ ਇਸ ਵੇਲੇ ਤਿੱਖੀ ਉਪਰਾਮਤਾ, ਬੇਚੈਨੀ ਦਾ ਸ਼ਿਕਾਰ ਹੈ।ਤੁਹਾਨੂੰ ਮਾਰਕਸਵਾਦ ਪੜ੍ਹਨ ਦੀ ਲੋੜ ਹੈ, ਜਾਨਣ, ਸਮਝਣ, ਵਿਚਾਰਨ ਤੇ ਫਿਰ ਉਸਦੇ ਸਮਾਜ ਬਦਲੀ ਦੇ ਆਦਰਸ਼ਾਂ ਨੂੰ ਅਪਨਾਉਣ ਦੀ ਲੋੜ ਹੈ।ਸਾਡੇ ਮੁਲਕ 'ਚ ਗਰੀਬੀ, ਭੁੱਖਮਰੀ, ਬੇਰੁਜ਼ਗਾਰੀ ਲਗਾਤਾਰ ਵਧ ਰਹੀ ਹੈ।ਮਹਿੰਗਾਈ ਨੇ ਬੁਰਕੀ ਵੀ ਖੋਹ ਲੈਣੀ ਹੈ।ਅਮੀਰ ਅਮੀਰ ਹੋ ਰਿਹਾ ਹੈ ਤੇ ਗਰੀਬ ਹੋਰ ਗਰੀਬ।ਇਹ ਪਾੜਾ ਸਾਡੇ ਲਈ ਮਿਟਾਉਣਾ ਜ਼ਿੰਦਗੀ ਮੌਤ ਜਿਹਾ ਚੈਲੰਜ ਹੈ।ਜੇ ਇਹ ਪਾੜਾ ਨਾ ਮਿਟਿਆ ਤਾਂ ਥੋਡੇ ਬਜ਼ੁਰਗ ਹੁੰਦਿਆਂ ਤੱਕ ਸਾਡਾ ਇਹ ਭਾਰਤ ਮਹਾਨ-ਬਣ ਜਾਏਗਾ ਕਬਰਸਤਾਨ! ਕੀ ਤੁਸੀਂ ਕਬਰਾਂ ਬਨਣਾ ਚਾਹੋਗੇ ? -ਨਹੀਂ ਨਾ - ਤਾਂ ਫਿਰ ਨੌਜਵਾਨ ਮਿੱਤਰੋ-ਵਕਤ ਦੀ ਨਬਜ਼ ਪਛਾਣੋ-ਜ਼ਿੰਦਗੀ ਬਦਲਣ, ਰਾਜ ਤੇ ਸਮਾਜ ਬਦਲਣ ਲਈ  ਇਨਕਲਾਬੀ ਨੌਜਵਾਨ ਵਿਦਿਆਰਥੀ ਲਹਿਰ ਦੀ ਉਸਾਰੀ ਕਰਦਿਆਂ ਇਨਕਲਾਬੀ ਲੋਕ ਲਹਿਰ ਦੀ ਉਸਾਰੀ 'ਚ ਰੋਲ ਨਿਭਾਉਣ ਲਈ ਅੱਗੇ ਆਓ ਕਿਉਂਕਿ ਮੌਜੂਦਾ ਦਰਪੇਸ਼ ਹਾਲਤਾਂ ਦਾ ਬਦਲ ਸਿਰਫ ਤੇ ਸਿਰਫ ਸਮਾਜਵਾਦ ਹੀ ਹੈ।ਜਿਸਨੂੰ ਸਥਾਪਤ ਕਰਨ ਦਾ ਸੰਦ ਮਾਰਕਸਵਾਦੀ ਵਿਚਾਰਧਾਰਾ ਹੀ ਹੈ, ਜਿਸ ਨਾਲ ਲੈਸ ਹੋ ਕੇ ਸਮਾਜ ਅੰਦਰ ਤਬਦੀਲੀ ਲਿਆਂਦੀ ਜਾ ਸਕਦੀ ਹੈ।ਨੌਜਵਾਨਾਂ ਨੂੰ ਇਸ ਵਿਚਾਰਧਾਰਾ ਨੂੰ ਰੱਟਣ ਦੀ ਥਾਂ, ਪਿਛਲੱਗ ਬਣਨ ਦੀ ਥਾਂ ਅਜ਼ਾਦਾਨਾ ਅਤੇ ਆਲੋਚਨਾਤਮਕ ਢੰਗ ਨਾਲ ਇਸਨੂੰ ਗ੍ਰਹਿਣ ਕਰਨ ਦੀ ਲੋੜ ਹੈ।

Comments

jasdev singh grewal

kawaljit khana ji de vichar kafi vadiya ne

Pf HS Dimple

I am proud of Kanwaljeet Khanna, a resident of my town!

Security Code (required)Can't read the image? click here to refresh.

Name (required)

Leave a comment... (required)

ਸ਼ਖ਼ਸਨਾਮਾ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ