Mon, 15 July 2024
Your Visitor Number :-   7187213
SuhisaverSuhisaver Suhisaver

ਅਜੋਕੇ ਦੌਰ `ਚ ਹਿੰਦੂਤਵ ਵਿਰੋਧੀ ਸੁਰਾਂ ਦੀ ਅਹਿਮੀਅਤ - ਸ਼ਿਵ ਇੰਦਰ ਸਿੰਘ

Posted on:- 17-07-2019

suhisaver

23 ਮਈ 2019 ਨੂੰ ਨਰਿੰਦਰ ਮੋਦੀ ਦੀ ਅਗਵਾਈ `ਚ ਭਾਜਪਾ ਨੇ ਬੇਮਿਸਾਲ ਜਿੱਤ ਹਾਸਲ ਕਰਕੇ ਇਤਿਹਾਸ ਸਿਰਜਿਆ ਹੈ ।ਇਸ ਜਿੱਤ ਤੋਂ ਬਾਅਦ ਮੋਦੀ ਨੇ ਆਪਣੇ ਜੁਮਲੇਨੁਮਾ ਨਾਅਰੇ ``ਸਭ ਕਾ  ਸਾਥ ਸਭ ਕਾ  ਵਿਕਾਸ `` ਨਾਲ ਇੱਕ ਹੋਰ ਸ਼ਬਦ `ਸਭ ਕਾ   ਵਿਸ਼ਵਾਸ`  ਜੋੜ ਦਿੱਤਾ । ਪਰ ਕੁਝ ਦਿਨਾਂ `ਚ ਹੀ ਇਸਦਾ ਸੱਚ ਵੀ ਸਾਹਮਣੇ ਆਉਣ ਲੱਗਾ । ਖਦਸ਼ੇ ਪੈਦਾ ਹੋਣ ਲੱਗੇ ਕਿ ਘੱਟ -ਗਿਣਤੀਆਂ ਦੇ ਮਨਾਂ `ਚ ਜੋ ਡਰ ਤੇ ਸਹਿਮ  ਦਾ ਮਾਹੌਲ ਪਿਛਲੇ ਪੰਜਾਂ ਸਾਲਾਂ `ਚ ਬਣਿਆ ਹੈ ਉਹ ਹੋਰ  ਵਧੇਗਾ । ਦੇਸ਼ ਦੀ ਵਿਭਿੰਤਾ `ਤੇ ਹਮਲੇ ਹੁੰਦੇ ਰਹਿਣਗੇ ,  `ਰਾਸ਼ਟਰਵਾਦ` ਦੇ ਨਾਂ `ਤੇ ਦੇਸ਼ ਦੀ ਬਹੁਲਤਾ ਨੂੰ ਖ਼ਤਮ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਰਹਿਣਗੀਆਂ ।ਵਿਰੋਧੀ ਵਿਚਾਰਾਂ ਨੂੰ ਖ਼ਤਮ ਕਰਨ ਦਾ ਸਿਲਸਿਲਾ ਜਾਰੀ ਰਹੇਗਾ ।
                      
ਇਸ ਜਿੱਤ ਤੋਂ ਬਾਅਦ ਹਿੰਦੂ ਫਾਸੀਵਾਦੀ ਜਥੇਬੰਦੀਆਂ ਦੇ ਹੌਸਲੇ ਹੋਰ ਬੁਲੰਦ ਹੋ ਗਏ । ਘੱਟ -ਗਿਣਤੀਆਂ `ਤੇ ਹਮਲੇ ਤੇਜ਼ ਹੋ ਗਏ ਹਨ । ਹਜੂਮੀ ਹਿੰਸਾ ਰੁਕਣ ਦਾ ਨਾਂ ਨਹੀਂ ਲੈ ਰਹੀ ।ਆਏ ਦਿਨ ਗਊ ਰੱਖਿਆ ਦੇ ਨਾਮ `ਤੇ ਮੁਸਲਮਾਨਾਂ ਤੇ ਦਲਿਤਾਂ  ਦੀ ਮਾਰ -ਕੁਟਾਈ ਦੇ ਮਾਮਲੇ ਸਾਹਮਣੇ ਆ ਰਹੇ ਹਨ ।ਧੱਕੇ ਨਾਲ `ਜੈ ਸ੍ਰੀ ਰਾਮ ` ਕਹਾਇਆ ਜਾ ਰਿਹਾ ਹੈ । ਭਾਜਪਾ ਵਿਧਾਇਕ ਤੇ ਸਾਂਸਦ ਆਪਹੁਦਰੀਆਂ `ਤੇ ਉਤਰ ਆਏ ਹਨ । ਭਾਜਪਾ ਦੇ ਸਾਂਸਦ ਸੱਯਮ ਬਾਪੂ ਰਾਓ ਸ਼ਰ੍ਹੇਆਮ ਮੁਸਲਿਮ ਨੌਜਵਾਨਾਂ ਦਾ ਗਲਾ ਕੱਟਣ ਦੀ ਧਮਕੀ ਦੇ ਰਿਹਾ ਹੈ । ਬੰਗਾਲ ਨੂੰ ਭਾਜਪਾ ਜਿਥੇ ਬਲਦੀ ਦੇ ਬੁੱਥੇ ਦੇ ਰਹੀ ਹੈ ਉਥੇ ਟੀਐੱਮਸੀ ਦੇ ਵਿਧਾਇਕਾਂ ਤੇ ਨੇਤਾਵਾਂ ਨੂੰ ਹਰ ਲਾਲਚ ਦੇ ਕੇ ਆਪਣੇ ਵੱਲ ਖਿੱਚ ਰਹੀ ਹੈ । ਮੋਦੀ ਹਕੂਮਤ ਨੇ ਨੰਗੇ -ਚਿੱਟੇ ਰੂਪ `ਚ ਸੰਘ  ਪਰਿਵਾਰ ਦੇ ਏਜੰਡੇ ਨੂੰ ਅੱਗੇ ਵਧਾਉਣਾ ਸ਼ੁਰੂ ਕਰ ਦਿੱਤਾ ਹੈ । ਇਸੇ ਸੋਚ ਵਿਚੋਂ ਇੱਕ ਰਾਸ਼ਟਰ ਇੱਕ ਚੋਣ ,ਨਵੀਂ ਸਿਖਿਆ ਨੀਤੀ ਦੀ ਗੱਲ ਤੇ ਜੰਮੂ-ਕਸ਼ਮੀਰ ਦੀ ਹਲਕਾਬੰਦੀ ਦੀ ਗੱਲ ਆਦਿ ਨਿਕਲ ਕੇ ਸਾਹਮਣੇ ਆ ਰਹੀ ਹੈ । ਸੰਸਦ `ਚ ਸਹੁੰ ਚੁੱਕ ਸਮਾਗਮ ਦਾ ਤਮਾਸ਼ਾ ਪੂਰੀ ਦੁਨੀਆਂ ਦੇਖ ਚੁੱਕੀ ਹੈ । ਦੁਨੀਆ ਭਰ ਦੇ ਦੇਸ਼ ਭਾਰਤ `ਚ ਘੱਟ -ਗਿਣਤੀਆਂ ਤੇ ਹੋ ਰਹੇ ਹਮਲਿਆਂ ਬਾਰੇ ਆਪਣੀ ਚਿੰਤਾ ਪ੍ਰਗਟ ਕਰ ਚੁਕੇ ਹਨ ।

ਮੁਲਕ ਦੇ ਮਾੜੇ ਆਰਥਿਕ -ਸਮਾਜਿਕ ਹਾਲਾਤ, ਮਹਿੰਗਾਈ ਤੇ ਬੇਰੁਜ਼ਗਾਰੀ ਦੀ ਮਾਰ ਦੇ ਬਾਵਜੂਦ ਭਾਜਪਾ ਦੀ ਵੱਡੀ ਜਿੱਤ ਦਾ ਕਾਰਨ  ਬਹੁਤੇ ਧਰਮ -ਨਿਰਪੱਖ ਵਿਦਵਾਨ ਮੋਦੀ ਸਰਕਾਰ ਵਲੋਂ ਧੰਨ ਦੀ ਵਰਤੋਂ ,ਚੋਣ ਕਮਿਸ਼ਨ ਸਣੇ ਸਭ ਲੋਕਤੰਤਰੀ ਸੰਸਥਾਵਾਂ ਦਾ ਦੁਰਪ੍ਰਯੋਗ ਤੇ ਵੋਟਿੰਗ ਮਸ਼ੀਨਾਂ `ਚ  ਗੜਬੜੀ ਨੂੰ ਦੱਸ ਰਹੇ ਹਨ । ਇਹ  ਤੱਥ ਕੁਝ ਹੱਦ ਤੱਕ ਤਾਂ ਸਹੀ ਹੋ ਸਕਦਾ ਹੈ ਪਰ ਪੂਰੀ ਤਰ੍ਹਾਂ ਨਹੀਂ । ਅੱਖੋਂ -ਪਰੋਖੇ ਕੀਤਾ ਜਾਣ ਵਾਲਾ ਮੁੱਖ ਤੱਥ  ਹੈ ਭਾਜਪਾ ਤੇ ਉਸਦੀ ਸੋਚ ਵਾਲੀਆਂ ਧਿਰਾਂ ਵੱਲੋਂ ਹਿੰਦੂ ਰਾਸ਼ਟਰ ਦੇ ਨਾਂ  ਥੱਲੇ  ਦੇਸ਼ ਦੇ ਬਹੁਗਿਣਤੀ ਭਾਈਚਾਰੇ ਅੰਦਰ ਘੱਟ -ਗਿਣਤੀ ਮੁਸਲਿਮ ਭਾਈਚਾਰੇ ਪ੍ਰਤੀ ਨਫਰਤ ਤੇ ਡਰ ਦਾ ਮਾਹੌਲ ਪੈਦਾ ਕਰਨਾ । ਇਸਨੂੰ ਭਾਰਤੀ ਲੋਕਤੰਤਰ ਦੀ ਤ੍ਰਾਸਦੀ ਹੀ ਕਿਹਾ ਜਾ ਸਕਦਾ ਹੈ ਕਿ 1984 `ਚ ਰਾਜੀਵ ਗਾਂਧੀ ਨੇ  ਸਿੱਖ ਭਾਈਚਾਰੇ ਦੇ ਕਤਲੇਆਮ ਦੀ ਤੁਲਨਾ ``ਵੱਡੇ ਦਰੱਖਤ ਦੇ ਡਿਗਣ ਤੇ ਧਰਤੀ ਕੰਬਣ` ਨਾਲ ਕੀਤੀ ਤੇ ਬਹੁਗਿਣਤੀ ਦੀਆਂ ਭਾਵਨਾਵਾਂ ਨੂੰ `ਰਾਸ਼ਟਰਵਾਦ` ਦੇ ਨਾਮ `ਤੇ  ਭੜਕਾ ਬੇਮਿਸਾਲ ਜਿੱਤ ਹਾਸਲ ਕਰਦਾ ਹੈ ਪੂਰੇ  ਤੀਹ ਸਾਲ ਬਾਅਦ ਇੱਕ ਅਜਿਹਾ ਵਿਅਕਤੀ ਪ੍ਰਧਾਨ ਮੰਤਰੀ ਬਣਦਾ ਹੈ ਜੋ ਦੂਜੇ ਘੱਟ -ਗਿਣਤੀ ਭਾਈਚਾਰੇ ਦੇ ਕਤਲੇਆਮ ਦੀ ਤੁਲਨਾ `ਨਿਊਟਨ ਦੇ ਤੀਜੇ ਗਤੀ ਨਿਯਮ` ਨਾਲ ਕਰਦਾ ਹੈ । ਆਪਣੇ ਪੰਜ ਸਾਲਾਂ `ਚ ਉਹ (ਮੋਦੀ ) ਅਜਿਹਾ ਮਹੌਲ ਤਿਆਰ ਕਰ ਦਿੰਦਾ ਹੈ ਜਿਥੇ ਘੱਟ -ਗਿਣਤੀਆਂ ਦੀ ਹੱਤਿਆ ਤੇ ਮਾਰ ਕੁਟਾਈ ਆਮ ਗੱਲ ਹੋ ਗਈ ਹੋਵੇ ,ਕਾਤਲਾਂ ਦਾ ਸਵਾਗਤ ਕੀਤਾ ਜਾ ਰਿਹਾ ਹੋਵੇ । ਮੁਸਲਿਮ ਭਾਈਚਾਰੇ ਨੂੰ ਗਾਲ੍ਹਾਂ ਕੱਢਣੀਆਂ `ਰਾਸ਼ਟਰਵਾਦ` ਬਣ ਗਿਆ ਹੋਵੇ ਤੇ ਭੀੜਾਂ ਦੁਆਰਾ ਕੀਤੀ ਹਿੰਸਾ `ਲੋਕਾਂ ਦੁਆਰਾ ਕੀਤਾ ਇਨਸਾਫ ` ਬਣ ਗਿਆ ਹੋਵੇ ।
            
ਨਫਰਤ ਦਾ ਮਹੌਲ ਪੈਦਾ ਕਰਕੇ ਲਏ ਫਤਵੇ `ਚ ਹੀ ਕੁਝ ਅਜਿਹੇ ਤੱਥ ਪਏ ਹਨ ਜੋ ਮੋਦੀ ਸਰਕਾਰ ਦੇ `ਸਭਕਾ ਸਾਥ ਸਭਕਾ ਵਿਕਾਸ `, `ਸਾਡਾ ਰਾਸ਼ਟਰਵਾਦ ਇੱਕ ਸੌ ਤੀਹ ਕਰੋੜ ਭਾਰਤੀਆਂ ਦਾ ਰਾਸ਼ਟਰਵਾਦ ` `ਇੱਕ ਰਾਸ਼ਟਰ ` ਆਦਿ ਨਾਅਰਿਆਂ ਨੂੰ ਲੱਚਰ ਸਾਬਤ ਕਰਦੇ ਹਨ । ਇਸ ਸਮਝਣ ਲਈ ਭਾਰਤ ਦੇ ਉਹਨਾਂ ਰਾਜਾਂ ਦੇ ਨਤੀਜਿਆਂ ਵੱਲ ਝਾਤ ਮਾਰਨੀ ਪਵੇਗੀ ਜਿਥੇ ਦੇਸ਼ ਦੀ ਬਹੁਗਿਣਤੀ ਹਿੰਦੂ ਅਬਾਦੀ ਨਾਲੋਂ ਗੈਰ -ਹਿੰਦੂ ਆਬਾਦੀ ਵਧੇਰੇ ਹੈ ਤੇ ਉਹ ਰਾਜ ਜਿਥੇ ਸੰਘ ਪਰਿਵਾਰ ਦੇ ਭਗਵੇਂਕਰਨ ਦਾ ਅਸਰ ਨਹੀਂ ਹੈ । ਪੰਜਾਬ ,ਕੇਰਲ ,ਕਸ਼ਮੀਰ ਘਾਟੀ , ਉਤਰ -ਪੁਰਬ ਦੇ ਕੁਝ ਰਾਜ ਤੇ ਦ੍ਰਾਵਿੜ ਲਹਿਰ ਦਾ ਗੜ੍ਹ ਰਿਹਾ ਤਾਮਿਲਨਾਡੂ ਇਸ `ਚ ਉਚੇਚੇ ਤੌਰ ਤੇ ਸ਼ਾਮਿਲ ਹਨ ।
            
ਲੋਕ ਸਭਾ ਨਤੀਜਿਆਂ ਤੋਂ ਬਾਅਦ ਹਿੰਦੂ ਰਾਸ਼ਟਰ ਨੂੰ ਮੰਨਣ ਵਾਲਿਆਂ ਤੇ ਨਾ ਮੰਨਣ  ਵਾਲਿਆਂ ਵਿਚਕਾਰ ਇਕ ਲਕੀਰ ਖਿੱਚੀ ਗਈ ਹੈ । ਇਹਨਾਂ ਰਾਜਾਂ  `ਚ ਨਾ ਮੋਦੀ ਲਹਿਰ ਦਾ ਅਸਰ ਦਿਖਿਆ ਨਾ ਮੋਦੀ ਪ੍ਰਸ਼ਾਸਨ ਦਾ ਨਾ ਹੀ ਇਥੇ ਹਿੰਦੂ ਰਾਸ਼ਟਰਵਾਦ ਦਾ ਅਸਰ ਹੈ ਪਰ ਇਸਦੇ ਬਾਵਜੂਦ ਇਹਨਾਂ ਰਾਜਾਂ ਵਿਚੋਂ ਫ਼ੌਜ ਵਿਚ ਭਰਤੀ ਹੋਣ ਵਾਲਿਆਂ ਦੀ ਗਿਣਤੀ ਮੋਦੀ ਪ੍ਰਭਾਵ ਵਾਲੇ ਰਾਜਾਂ ਤੋਂ ਕਿਤੇ ਵਧੇਰੇ ਹੈ । ਗੱਲ ਸਾਫ ਹੈ ਇਹਨਾਂ ਦੀ ਦੇਸ਼ ਭਗਤੀ ਤੇ ਰਾਸ਼ਟਰਵਾਦ ਵਿਚ ਕੋਈ ਕਮੀ ਨਹੀਂ ਪਰ ਭਗਵੀਂ ਸੋਚ ਦੁਆਰਾ ਥੋਪਿਆ ਰਾਸ਼ਟਰਵਾਦ ਇਹਨਾਂ ਨੂੰ ਕਬੂਲ ਨਹੀਂ । ਇਹੀ ਕਾਰਨ ਹੈ ਕਿ ਉਹ ਮੋਦੀ ਨੂੰ ਵੋਟ ਨਹੀਂ ਪਾਉਂਦੇ । ਉਹਨਾਂ ਨੂੰ ਮੋਦੀ ਦੇ `ਨਵੇਂ ਭਾਰਤ` `ਚ ਆਪਣੀ ਕੋਈ ਭੂਮਿਕਾ ਨਜ਼ਰ ਨਹੀਂ ਆ ਰਹੀ ।
          
ਇਹਨਾਂ ਸੂਬਿਆਂ ਤੋਂ ਇਲਾਵਾ ਮੋਦੀ ਦੇ `ਨਵੇਂ ਭਾਰਤ` ਦੇ ਵਿਰੋਧ `ਚ  ਹੋਰ ਵੀ ਵਧੇਰੀਆਂ ਆਵਾਜ਼ਾਂ ਸੁਣਾਈ ਦੇਣ ਗੀਆਂ ।ਸਭ ਤੋਂ ਪਹਿਲਾਂ ਮੁਸਲਮਾਨ ਹਨ ਜੋ ਇਸ ਮੁਲਕ ਦੇ ਵੱਖ -ਵੱਖ ਹਿੱਸਿਆਂ `ਚ ਫੈਲਿਆ ਹੋਇਆ ਹੈ । ਇਹ ਭਾਈਚਾਰਾ ਭਾਜਪਾ ਦੇ ਹਰ ਵੱਡੇ -ਛੋਟੇ ਨੇਤਾ ਦੇ ਨਿਸ਼ਾਨੇ `ਤੇ ਹੈ । ਇਹ ਵਰਗ ਮੋਦੀ ਦੇ `ਨਵੇਂ ਭਾਰਤ` `ਚ ਆਪਣੇ ਆਪਣੇ ਆਪ ਨੂੰ ਸਭ ਤੋਂ ਵੱਧ ਅਸੁਰੱਖਿਅਤ ਮਹਿਸੂਸ ਕਰ ਰਿਹਾ ਹੈ । ਉਹਨਾਂ ਨੂੰ ਆਪਣਾ ਕਹਿਣ ਵਾਲੀਆਂ ਪਾਰਟੀਆਂ ਨੇ ਉਹਨਾਂ ਨੂੰ ਉਹਨਾਂ ਦੇ ਹਾਲ `ਤੇ ਛੱਡ ਦਿੱਤਾ ਹੈ ।ਫੇਰ  ਇਸ `ਨਵੇਂ ਭਾਰਤ` ਤੋਂ ਅਸੰਤੁਸ਼ਟ ਵਰਗਾਂ `ਚ  ਦਲਿਤਾਂ , ਆਦਿਵਾਸੀਆਂ ਤੇ ਈਸਾਈਆਂ ਦਾ ਨਾਮ ਆਉਂਦਾ ਹੈ ।ਜੋ ਹਿੰਸਾ ਦਾ ਸ਼ਿਕਾਰ ਵੀ ਹੋ ਰਹੇ ਹਨ ਤੇ ਜਬਰੀ ਉਹਨਾਂ ਦਾ ਧਰਮ -ਪਰਿਵਰਤਨ ਕਰਾਇਆ ਜਾ ਰਿਹਾ ਹੈ । ਉਦਾਰ , ਤਰਕਸ਼ੀਲ ਤੇ ਖੱਬੇ -ਪੱਖੀ ਵਿਚਾਰਾਂ ਵਾਲਿਆਂ ਦੀ ਵੀ `ਨਵੇਂ ਭਾਰਤ` ਕੋਈ ਥਾਂ ਨਹੀਂ ਹੈ । ਇਹ ਵਰਗ ਫਿਰਕੂ ਫਾਸ਼ੀਵਾਦ ਦਾ  ਵਿਚਾਰਧਾਰਕ ਤੌਰ `ਤੇ ਮੁਕਾਬਲਾ ਕਰਨ  ਦੀ ਹਿੰਮਤ ਰੱਖਦਾ ਹੈ ।
       
ਹਿੰਦੂਤਵੀ ਰਾਸ਼ਟਰਵਾਦ ਵਿਰੁੱਧ ਉਹਨਾਂ ਉਦਾਰ ਹਿੰਦੂਆਂ ਦੀ ਭੂਮਿਕਾ ਨੂੰ ਵੀ ਘੱਟ ਕਰਕੇ ਨਹੀਂ ਦੇਖਿਆ ਜਾ ਸਕਦਾ ਜੋ ਸੰਘ ਦੇ ਰਾਸ਼ਟਰਵਾਦ ਨੂੰ ਨਹੀਂ ਮੰਨਦੇ । ਇਹ ਆਮ ਬੋਲੀ `ਚ ਫਿਰਕੂ ਧਿਰਾਂ ਨੂੰ ਸਵਾਲ ਕਰ ਸਕਦੇ ਹਨ ਕਿ ਹਿੰਦੂ ਧਰਮ ਕਿਥੇ ਕਹਿੰਦਾ ਹੈ ਕਿ ਬੇਕਸੂਰਾਂ ਦਾ ਕਤਲ ਕਰੋ ? ਸੰਘ ਦਾ ਹਿੰਦੁਤਵ ਹਿੰਦੂ ਧਰਮ ਦੀ ਸਹਿਣਸ਼ੀਲਤਾ ਤੋਂ ਕਿਵੇਂ ਵੱਡਾ ਹੋ ਗਿਆ ?  ਸੰਘ ਸਾਰੇ ਹਿੰਦੂਆਂ ਦੀ ਅਗਵਾਈ ਕਰਨ ਵਾਲਾ ਕਿਸ ਆਧਾਰ ਤੇ ਹੋ ਗਿਆ ? ਇਹ ਮੂਲ ਸਵਾਲ ਉਦਾਰ ਕਿਸਮ ਦੇ ਹਿੰਦੂ ਹੀ ਪੁੱਛ ਸਕਦੇ ਹਨ ।
         
ਹੁਣ ਸਵਾਲ ਪੈਦਾ ਹੁੰਦਾ ਹੈ ਕਿ ਸਿਆਸੀ ਤੌਰ ਤੇ ਉਹ ਕਿਹੜੀ ਪਾਰਟੀ ਹੈ ਜੋ ਭਗਵੀਂ ਸੋਚ ਤੋਂ ਅਸੰਤੁਸ਼ਟ ਵਰਗਾਂ ਨੂੰ ਆਪਣੇ ਨਾਲ ਲੈ ਕੇ ਚੱਲ ਸਕੇ ?ਬਹੁਤੇ `ਸੈਕੂਲਰ` ਕਿਸਮ ਦੇ ਬੁੱਧੀਜੀਵੀ ਹੁਣ  ਵੀ ਸਾਹ -ਸੱਤਹੀਣ ਹੋ ਚੁੱਕੀ ਕਾਂਗਰਸ ਤੋਂ ਆਸਾਂ ਲਾਈ ਬੈਠੇ ਹਨ ਕਿ ਉਹ ਭਾਜਪਾ ਤੇ ਆਰ .ਐੱਸ .ਐੱਸ ਦੇ ਹਿੰਦੂਤਵ ਦਾ ਮੁਕਾਬਲਾ ਕਰ ਸਕਦੀ ਹੈ ।ਅਸਲ `ਚ ਕਾਂਗਰਸ ਨੂੰ ਧਰਮ -ਨਿਰਪੱਖ ਪਾਰਟੀ  ਮੰਨਣ ਵਾਲੇ ਸ਼ਾਇਦ ਕਿਤੇ ਟਪਲਾ ਖਾ ਰਹੇ ਹਨ । ਆਜ਼ਾਦੀ ਤੋਂ ਪਹਿਲਾਂ ਹੀ ਕਾਂਗਰਸ ਚ ਇੱਕ ਧੜਾ ਕੱਟੜਵਾਦੀ ਸੋਚ ਵਾਲਾ ਸੀ ।ਜਿਸਦਾ ਪ੍ਰਭਾਵ ਬਾਅਦ ਵਿਚ ਵੀ ਦਿਖਾਈ ਦਿੰਦਾ ਹੈ । ਇੰਦਰ ਗਾਂਧੀ ਜਦੋਂ 1977 `ਚ ਚੋਣ ਹਾਰਦੀ ਹੈ ਤਾਂ ਉਹ ਕਹਿੰਦੀ ਹੈ ,``ਹੁਣ ਮੈਂ ਬਹੁਗਿਣਤੀ ਦੀ ਸਿਆਸਤ ਕਰਾਂਗੀ `` 1984 `ਚ ਦਰਬਾਰ ਸਾਹਿਬ `ਤੇ ਫ਼ੌਜੀ ਹਮਲਾ ਤੇ ਨਵੰਬਰ 1984 ਦੇ ਸਿੱਖ ਕਤਲੇਆਮ ਵੇਲੇ ਹਿੰਦੂ ਕੱਟੜਵਾਦੀਆਂ ਦੀ  ਇੰਦਰ ਗਾਂਧੀ ਤੇ ਰਾਜੀਵ ਗਾਂਧੀ ਨੂੰ ਹਮਾਇਤ  ਪ੍ਰਾਪਤ ਸੀ ।
        
ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਕਾਂਗਰਸ ਵੱਲੋਂ ਟਿਕਟਾਂ ਦੇਣੀਆਂ ਤੇ ਉੱਚ ਅਹੁਦਿਆਂ `ਤੇ ਬਿਠਾਉਣਾ ਉਹ ਉਦਹਾਰਣਾਂ ਹਨ ਜੋ ਕਾਂਗਰਸ ਦੇ ਅਖੌਤੀ ਧਰਮ -ਨਿਰਪੱਖ ਕਿਰਦਾਰ ਨੂੰ ਨੰਗਾ ਕਰਦੀਆਂ ਹਨ ।ਵਰਤਮਾਨ ਸਮੇਂ ਭਾਰਤੀ ਜਨਤਾ ਪਾਰਟੀ ਦੇ ਹਿੰਦੂਤਵੀ ਫਾਸ਼ੀਵਾਦ ਦੇ ਮੁਕਾਬਲੇ ਕਾਂਗਰਸ ਨਰਮ ਹਿੰਦੂਤਵ ਦਾ ਪੱਤਾ ਖੇਡ ਰਹੀ ਹੈ । ਰਾਹੁਲ ਗਾਂਧੀ ਆਪਣੇ ਆਪ ਨੂੰ ਸ਼ਿਵ ਭਗਤ ਆਖ ਰਿਹਾ ਹੈ ।ਕੋਈ ਕਾਂਗਰਸੀ ਨੇਤਾ ਆਪਣੇ ਆਪ ਨੂੰ ਸ਼ੁੱਧ ਬ੍ਰਾਹਮਣ ਆਖ ਰਿਹਾ ਹੈ ।ਲੋਕ  ਸਭਾ ਚੋਣਾਂ ਦੌਰਾਨ ਕਾਂਗਰਸ ਦੇ ਵੱਡੇ ਨੇਤਾ ਮੰਦਰਾਂ ਦੇ ਘੰਟੇ ਵਜਾਉਂਦੇ ਨਜ਼ਰ ਆਏ । ਗੁਜਰਾਤ ਤੇ ਹੋਰ ਕਈ ਥਾਈਂ ਕਾਂਗਰਸ ਨੇਤਾ ਮੁਸਲਮਾਨਾਂ ਦੇ ਮੁਹੱਲਿਆਂ `ਚ ਵੋਟਾਂ ਮੰਗਣ  ਨਹੀਂ ਗਏ ਕਿਉਂਕਿ ਡਰ ਸੀ ਕਿ ਕਿਤੇ ਅਜਿਹਾ ਕਰਕੇ ਬਹੁਗਿਣਤੀਵਾਦ ਵਿਰੋਧੀ ਨਾ ਹੋ ਜਾਣ । ਦਲਿਤਾਂ ਨੂੰ ਆਪਣੇ  ਵੋਟ ਬੈਂਕ ਲਈ ਵਰਤਣ ਵਾਲੀ ਕਾਂਗਰਸ ਦੇ ਉਪਰਲੀ ਕਤਾਰ ਦੇ ਨੇਤਾ ਸਦਾ ਹਿੰਦੂ ਉੱਚ ਜਾਤੀ ਦੇ ਰਹੇ  ਹਨ ।। ਅਸਲ `ਚ ਹਿੰਦੂ ਫਾਸ਼ੀਵਾਦ ਦਾ ਮੁਕਾਬਲਾ ਨਾ ਤਾਂ ਨਰਮ ਹਿੰਦੂਤਵ ਨਾਲ ਕੀਤਾ ਜਾ ਸਕਦਾ ਹੈ ਨਾ ਹੀ ਚੁੱਪ ਰਹਿ ਕੇ ਜੋ ਪਾਰਟੀ ਅਜਿਹਾ ਕਰਦੀ ਹੈ ਜਾਂ ਕਰਨ ਦੀ ਸਲਾਹ ਦਿੰਦੀ ਹੈ ਅਸਲ `ਚ ਉਹ ਖੁਦ ਇਸ ਵਿਚਾਰਧਾਰਾ ਦੀ ਗਾਹੇ -ਬਗਾਹੇ ਪੈਰੋਕਾਰ ਹੈ ।
            
ਸਿਆਸੀ ਤੌਰ `ਤੇ ਹਿੰਦੂ ਫਾਸ਼ੀਵਾਦ ਦਾ ਮੁਕਾਬਲਾ ਉਹ ਪਾਰਟੀ ਕਰ ਸਕਦੀ ਹੈ ਜੋ ਉੱਤੇ ਦੱਸੇ ਹਿੰਦੂਤਵ ਤੋਂ ਅਸੰਤੁਸ਼ਟ ਵਰਗਾਂ ਨੂੰ ਨਾਲ ਲੈ ਕੇ ਚੱਲ ਸਕੇ ਤੇ  ਸੱਤਾ ਚ ਆਪਣਾ ਭਾਗੀਦਾਰ ਬਣਾਵੇ  ।ਪਰ  ਕਾਂਗਰਸ ਤੇ ਹੋਰ ਰਵਾਇਤੀ ਪਾਰਟੀਆਂ ਇਸ ਯੋਗ ਦਿਖਾਈ ਨਹੀਂ ਦੇ ਰਹੀਆਂ ।
                                                                             
ਰਾਬਤਾ: +91 99154 11894


Comments

Rma Rameshwari

ਹਰ ਸਵਸਥ ਲੋਕਤੰਤਰ ਲਈ ਵਿਰੋਧੀ ਲੋਕਧਾਰਾ ਲੲੀ ਬਹੁਤ ਲੋੜੀਂਦੀ ਹੈ ਨਹੀਂ ਤਾਂ ਹਰ ਪਾਰਟੀ ਆਪਣੀ ਵਿਚਾਰਧਾਰਾ ਨੂੰ ਅਵਾਮ ਤੇ ਥੋਪਦੀ ਰਹੇਗੀ। ਸਾਰੇ ਦੇਸ਼ ਦੇ ਘੱਟ ਗਿਣਤੀ ਤੇ ਪਛੜੇ ਵਰਗਾਂ ਨੂੰ ਬਰਾਬਰੀ ਦਾ ਹੱਕ ਸਾਡੇ ਸੰਵਿਧਾਨ ਨੇ ਦਿੱਤਾ ਹੈ ਨਾ ਕਿ ਕਿਸੇ ਪਾਰਟੀ ਨੇ।

Security Code (required)Can't read the image? click here to refresh.

Name (required)

Leave a comment... (required)

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ