Sat, 20 April 2024
Your Visitor Number :-   6988228
SuhisaverSuhisaver Suhisaver

ਕੀ ਬਣਨਗੇ ਹਿਮਾਚਲ ਪ੍ਰਦੇਸ਼ ਚੋਣਾਂ ਦੇ ਸਮੀਕਰਨ ? - ਸ਼ਿਵ ਇੰਦਰ ਸਿੰਘ

Posted on:- 24-11-2022

68 ਵਿਧਾਨ ਸਭਾ ਵਾਲੇ ਪਹਾੜੀ ਸੂਬੇ ਹਿਮਾਚਲ ਪ੍ਰਦੇਸ਼ ਵਿਚ 12 ਨਵੰਬਰ ਨੂੰ ਵੋਟਾਂ ਪੈ ਗਈਆਂ ਹਨ ।ਇਸ ਵਾਰ ਰਿਕਾਰਡ 75 .6 ਫ਼ੀਸਦੀ ਵੋਟਾਂ ਪਈਆਂ  । ਭਾਜਪਾ ਅਤੇ ਕਾਂਗਰਸ ਆਪੋ -ਆਪਣੇ ਤਰਕਾਂ ਨਾਲ ਆਪਣੀ ਜਿੱਤ ਦਾ ਦਾਅਵਾ ਕਰ ਰਹੀਆਂ ਹਨ । ਇਹਨਾਂ ਵਿਧਾਨ ਸਭਾ ਚੋਣਾਂ ਵਿਚ ਮੁੱਖ ਮੁਕਾਬਲਾ ਸੱਤਾਧਾਰੀ ਭਾਜਪਾ ਅਤੇ ਕਾਂਗਰਸ ਵਿਚਕਾਰ ਸੀ ਭਾਵੇਂ ਆਮ ਆਦਮੀ ਪਾਰਟੀ ਨੇ ਵੀ ਇਥੇ ਆਪਣੇ ਪੈਰ ਲਾਉਣ ਦੀ ਕੋਸ਼ਿਸ਼ ਕੀਤੀ । ਖੱਬੇ ਮੋਰਚੇ ਦੀ ਪ੍ਰਮੁੱਖ ਪਾਰਟੀ ਸੀ.ਪੀ .ਆਈ (ਐੱਮ ) ਨੇ  ਗਿਆਰਾਂ ਸੀਟਾਂ `ਤੇ ਚੋਣ ਲੜੀ, ਮਾਇਆਵਤੀ ਨੇ ਵੀ ਆਪਣੀ ਪਾਰਟੀ ਵਰਕਰਾਂ ਵਿਚ ਜੋਸ਼ ਭਰਨ ਲਈ ਰੈਲੀ ਕੀਤੀ ।
        
ਭਾਜਪਾ ਦਾ ਮੁੱਖ ਮੰਤਰੀ ਦਾ ਚਿਹਰਾ ਮੌਜੂਦਾ ਮੁੱਖ ਮੰਤਰੀ ਜੈ ਰਾਮ ਠਾਕੁਰ ਹੈ । ਕਾਂਗਰਸ ਵੱਲੋਂ ਭਾਵੇਂ  ਮੁੱਖ ਮੰਤਰੀ ਦਾ ਕੋਈ ਚਿਹਰਾ  ਨਹੀਂ ਸੀ  ਪਰ ਉਸਨੇ ਮਰਹੂਮ ਵੀਰਭੱਦਰ ਸਿੰਘ ਦੀ ਸ਼ਖ਼ਸੀਅਤ ਦਾ ਭਾਵੁਕ ਲਾਹਾ ਲੈਣ ਦੀ ਕੋਸ਼ਿਸ਼ ਕਰਦਿਆਂ ਉਹਨਾਂ ਦੀ ਪਤਨੀ ਅਤੇ ਮੌਜੂਦਾ ਸੰਸਦ ਮੈਂਬਰ ਪ੍ਰਤਿਭਾ ਸਿੰਘ ਦੀ ਅਗਵਾਈ ਵਿਚ ਸੁਖਵਿੰਦਰ ਸੁੱਖੂ, ਮੁਕੇਸ਼ ਅਗਨੀਹੋਤਰੀ , ਕੌਲ ਸਿੰਘ ਤੇ ਆਸ਼ਾ ਕੁਮਾਰੀ ਵਰਗੇ ਨੇਤਾਵਾਂ ਦੇ ਸਹਾਰੇ ਚੋਣ ਲੜੀ  ।

ਇਹਨਾਂ ਵਿਧਾਨ ਸਭਾ ਚੋਣਾਂ ਦੀ ਇਕ ਖਾਸੀਅਤ ਇਹ ਸੀ ਕਿ ਦੋਵੇਂ ਪਾਰਟੀਆਂ ਕੋਲ ਅਗਵਾਈ ਲਈ  ਕੋਈ ਸੂਬਾ ਪੱਧਰੀ ਕ੍ਰਿਸ਼ਮੇ ਵਾਲਾ ਨੇਤਾ ਨਹੀਂ ਸੀ ਆਮ ਨੇਤਾਵਾਂ ਦੇ ਸਿਰ ਉਤੇ ਚੋਣ ਲੜੀ ਗਈ, ਨਾ ਕਾਂਗਰਸ ਕੋਲ ਵੀਰਭੱਦਰ  ਸਿੰਘ ਵਰਗਾ ਲੀਡਰ ਸੀ ਨਾ ਭਾਜਪਾ ਕੋਲ ਪ੍ਰੇਮ ਕੁਮਾਰ ਧੂਮਲ ਤੇ ਸ਼ਾਂਤ ਕੁਮਾਰ ਵਰਗੇ  ਲੋਕਾਂ ਨੂੰ ਅਪੀਲ ਕਰਨ ਵਾਲੇ  ਨੇਤਾ ਸਨ  । ਦੇਸ਼ ਦੇ ਹੋਰਨਾਂ ਕਈ ਰਾਜਾਂ ਦੇ ਉਲਟ ਇਥੇ  ਫਿਰਕੂ ਤੇ 'ਰਾਸ਼ਟਰਵਾਦੀ' ਮੁੱਦਿਆਂ ਦੀ ਥਾਂ ਲੋਕਾਂ ਦੇ ਅਹਿਮ ਤੇ ਸਥਾਨਕ ਮੁੱਦੇ ਇਹਨਾਂ ਚੋਣਾਂ ਵਿਚ ਭਾਰੂ ਰਹੇ । ਭਾਜਪਾ ਵਰਗੀ ਪਾਰਟੀ ਨੂੰ ਵੀ ਆਮ ਮੁੱਦਿਆਂ ਉਤੇ ਆਉਣਾ ਪਿਆ । ਇਸ ਵਾਰ ਚੋਣ ਪ੍ਰਚਾਰ ਵਿਚ ਸੋਸ਼ਲ ਮੀਡੀਆ ਦਾ ਪ੍ਰਭਾਵ ਵੀ ਦਿਖਾਈ ਦਿੱਤਾ । ਲੋਕਾਂ ਨੂੰ ਜਜ਼ਬਾਤੀ ਤੌਰ 'ਤੇ  ਆਪਣੇ ਵੱਲ ਖਿੱਚਣ ਲਈ ਜਜ਼ਬਾਤੀ ਪੱਤਾ ਖੂਬ ਖੇਡਿਆ ਗਿਆ । ਪ੍ਰਿਅੰਕਾ ਗਾਂਧੀ ਨੇ ਆਪਣੀ ਦਾਦੀ ਇੰਦਰਾ ਗਾਂਧੀ ਦੀ ਹਿਮਾਚਲ ਸਾਂਝ ਯਾਦ ਕਰਵਾਉਂਦਿਆਂ ਦੱਸਿਆ ਕਿ ਉਹ ਆਪਣੇ ਆਖਰੀ ਸਮੇਂ ਹਿਮਾਚਲ ਪ੍ਰਦੇਸ਼ ਵਿਚ ਹੀ ਰਹਿਣਾ ਚਾਹੁੰਦੇ ਸਨ ਪਰ ਪਹਿਲਾਂ ਹੀ ਉਹ ਜਹਾਨ ਤੋਂ ਚਲੇ ਗਏ । ਉਸਨੇ ਖੁਦ (ਪ੍ਰਿਅੰਕਾ ਨੇ  ) ਵੀ ਇਸੇ ਸਾਂਝ ਕਾਰਨ ਆਪਣਾ ਮਕਾਨ ਹਿਮਾਚਲ 'ਚ ਖਰੀਦਿਆ ਹੈ । ਪ੍ਰਿਅੰਕਾ  ਨੇ ਚੋਣ ਰੈਲੀਆਂ ਦੌਰਾਨ ਹਿਮਾਚਲੀਆਂ ਨੂੰ ਇਹ ਵੀ ਯਾਦ ਕਰਵਾਇਆ ਕਿ ਇੰਦਰਾ ਗਾਂਧੀ ਦੇ ਕਾਰਜਕਾਲ ਵਿਚ ਹੀ ਹਿਮਾਚਲ ਨੂੰ ਰਾਜ ਦਾ ਦਰਜਾ ਦਿਤਾ ਗਿਆ ਜਦਕਿ ਉਸ ਸਮੇਂ ਹੋਰ  ਪਾਰਟੀਆਂ ਇਸਦਾ ਵਿਰੋਧ ਕਰਦੀਆਂ ਸਨ । 25 ਜਨਵਰੀ 1971 ਨੂੰ ਖੁਦ ਇੰਦਰਾ ਇਸ ਸੁਭਾਗੇ  ਮੌਕੇ  ਸ਼ਿਮਲਾ ਆਈ ਸੀ । ਉਸ ਦਿਨ ਬਹੁਤ ਬਰਫ ਪੈ ਰਹੀ ਸੀ । ਦੂਜੇ ਪਾਸੇ ਨਰਿੰਦਰ ਮੋਦੀ ਨੇ ਚੋਣ ਰੈਲੀਆਂ ਵਿਚ ਉਹ ਦਿਨ ਯਾਦ ਕੀਤੇ  ਜਦੋਂ ਉਹ  ਭਾਜਪਾ ਦੀ  ਹਿਮਾਚਲ ਪ੍ਰਦੇਸ਼ ਇਕਾਈ ਦੇ  ਇੰਚਾਰਜ ਸਨ ।
      
ਚੋਣਾਂ ਤੋਂ ਬਾਅਦ ਦੋਵੇਂ ਪਾਰਟੀਆਂ ਆਪੋ-ਆਪਣੀ ਜਿੱਤ ਦਾ ਦਾਅਵਾ ਕਰ ਰਹੀਆਂ ਹਨ । ਕਾਂਗਰਸ ਦਾ ਦਾਅਵਾ ਹੈ ਕਿ ਮੌਜੂਦਾ ਜੈ ਰਾਮ ਠਾਕੁਰ ਸਰਕਾਰ ਨੇ ਆਪਣੇ ਸਮੇਂ ਵਿਚ ਕੋਈ ਕੰਮ ਨਹੀਂ ਕੀਤਾ । ਇਸ ਲਈ ਲੋਕ ਪੁਰਾਣੀ ਪਰੰਪਰਾ ਨੂੰ ਦੁਹਰਾਉਂਦੇ ਹੋਏ ਪੰਜ ਸਾਲ ਬਾਅਦ ਦੂਜੀ ਪਾਰਟੀ (ਕਾਂਗਰਸ ) ਨੂੰ ਮੌਕਾ ਦੇਣਗੇ । ਉਧਰ ਭਾਜਪਾ ਦਾ ਦਾਅਵਾ ਹੈ ਕਿ ਉਹ ਪੁਰਾਣੀ ਰੀਤ ਨੂੰ ਬਦਲਕੇ ਦੁਬਾਰਾ ਸੱਤਾ ਵਿਚ ਆਉਣਗੇ 'ਰਾਜ ਹੀ ਨਹੀਂ ਰਿਵਾਜ ਵੀ ਬਦਲਣਗੇ'।
      
ਸੂਬੇ ਵਿਚ ਭਾਜਪਾ ਲਈ ਨਰਿੰਦਰ ਮੋਦੀ ਤੇ ਕੇਂਦਰੀ  ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਤਕੜੀਆਂ ਚੋਣ ਰੈਲੀਆਂ ਕੀਤੀਆਂ ।ਭਾਜਪਾ ਨੇ ਸ਼ੁਰੂ ਵਿਚ ਆਪਣੇ ਚੋਣ ਪ੍ਰਚਾਰ ਵਿਚ ਸੂਬਾ ਸਰਕਾਰ ਦੇ ਕੀਤੇ ਕੰਮਾਂ ਦੇ ਅਧਾਰ `ਤੇ ਵੋਟ ਮੰਗਣ ਦੀ ਥਾਂ 'ਡਬਲ ਇੰਜਣ ਦੀ ਸਰਕਾਰ ਲਿਆਓ ', 'ਦੇਸ਼ ਹਿੱਤ ਲਈ ਸਾਨੂੰ ਵੋਟ ਦਿਓ'  ਰਾਸ਼ਟਰੀ ਸੁਰੱਖਿਆ , ਰਾਮ ਮੰਦਰ , ਸਾਂਝਾ ਸਿਵਲ ਕੋਡ, ਜੰਮੂ -ਕਸ਼ਮੀਰ ਵਿਚ ਧਾਰਾ 370 ਨੂੰ ਖ਼ਤਮ ਕਰਨਾ ਆਦਿ ਮੁੱਦਿਆਂ ਉਤੇ ਵੋਟ ਮੰਗਣ ਦੀ ਕੋਸ਼ਿਸ਼ ਕੀਤੀ ਪਰ ਜਿਵੇਂ ਹੀ ਕਾਂਗਰਸ ਅਤੇ ਹੋਰ ਵਿਰੋਧੀ ਪਾਰਟੀਆਂ ਨੇ ਸਥਾਨਕ ਅਤੇ ਲੋਕ ਸਰੋਕਾਰਾਂ ਵਾਲੇ ਮੁੱਦਿਆਂ ਉਤੇ ਜੈ ਰਾਮ ਸਰਕਾਰ ਨੂੰ ਘੇਰਿਆ ਤਾਂ ਭਾਜਪਾ ਨੇ ਕੇਂਦਰ ਸਰਕਾਰ ਦੀਆਂ ਜੋ ਯੋਜਨਾਵਾਂ ਸੂਬੇ ਵਿਚ ਲਾਗੂ ਕੀਤੀਆਂ  ਉਹਨਾਂ ਨੂੰ ਗਿਣਾਉਣਾ ਸ਼ੁਰੂ ਕੀਤਾ । ਵਿਰੋਧੀ ਪਾਰਟੀਆਂ ਨੇ ਭਾਜਪਾ ਨੂੰ ਇਸ ਮੁੱਦੇ ਉਤੇ ਘੇਰਿਆ ਕਿ ਉਸਨੇ  ਜੈ ਰਾਮ ਸਰਕਾਰ ਦੇ ਪੰਜ ਸਾਲ ਦੇ ਕੀਤੇ ਕੰਮਾਂ ਦੇ ਆਧਾਰ ਉਤੇ ਵੋਟ ਕਿਉਂ ਨਹੀਂ ਮੰਗੀਆਂ  ? ਜੈ ਰਾਮ ਠਾਕੁਰ ਖੁਦ ਮੋਦੀ ਦੇ ਚਿਹਰੇ 'ਤੇ ਵੋਟ ਮੰਗਦੇ ਰਹੇ । ਉਹ ਪੰਜਾਂ ਸਾਲਾਂ ਵਿਚ ਸਿਆਸੀ ਤੌਰ ਉਤੇ ਆਪਣਾ ਕੱਦ ਉਚਾ ਨਾ ਚੁੱਕ ਸਕੇ । ਆਪਣੀਆਂ ਪੰਜ ਸਾਲ ਦੀਆਂ ਪ੍ਰਾਪਤੀਆਂ ਗਿਣਵਾਉਂ ਦੀ ਥਾਂ ਉਹ ਇਹੀ  ਰੋਣਾ ਰੋਂਦੇ ਰਹੇ  ਕਿ ਮੈਨੂੰ ਤਾਂ ਚੰਗੀ ਤਰ੍ਹਾਂ ਕੰਮ ਕਰਨ ਦਾ ਮੌਕਾ ਨਹੀਂ ਮਿਲਿਆ। ਮੇਰੇ ਸਮੇਂ ਦੇ ਢਾਈ ਸਾਲ ਤਾਂ ਕਰੋਨਾ ਵਿਚ ਲੰਘ ਗਏ ।
      
ਸੋਲਨ ਦੇ ਇਕ ਸਿਆਸੀ ਸੂਝ ਰੱਖਣ ਵਾਲੇ ਬਜ਼ੁਰਗ ਦਾ ਕਹਿਣਾ ਸੀ,"ਭਾਜਪਾ ਵੱਲੋਂ ਜੋ ਕੇਂਦਰੀ ਸਕੀਮਾਂ ਲਾਗੂ ਕਰਨ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ ਉਹ ਸਚਾਈ ਤੋਂ ਬਹੁਤ ਦੂਰ ਹੈ । ਮੋਦੀ ਜੇ ਇਹ ਦਾਅਵਾ ਕਰਦੇ ਹਨ ਕਿ ਉਹਨਾਂ ਫਲਾਂ ਉਦਯੋਗ ਲਗਾ ਕੇ ਰਾਜ ਦੇ ਨੌਜਵਾਨਾਂ ਨੂੰ ਨੌਕਰੀਆਂ ਦਿਤੀਆਂ ਹਨ ਤਾਂ ਪੁੱਛਣ ਵਾਲਾ ਹੋਵੇ ਉਥੇ ਭਲਾਂ  ਤਨਖਾਹ ਕਿੰਨੀ ਹੈ ? ਪੰਜ ਹਜ਼ਾਰ ,ਸੱਤ ਹਜ਼ਾਰ ਹੱਦ ਦਸ ਹਜ਼ਾਰ; ਅੱਜ ਮਹਿੰਗਾਈ ਦੇ ਸਮੇਂ 'ਚ ਇੰਨੀ ਨਿਗੂਣੀ ਤਨਖਾਹ  ਨਾਲ ਕਈ ਬਣਦੈ ?"
    
ਦੋਹਾਂ ਪਾਰਟੀਆਂ ਨੂੰ ਇਸ ਵਾਰ ਬਾਗੀ ਉਮੀਦਵਾਰਾਂ ਦਾ ਸਾਹਮਣਾ ਕਰਨਾ ਪਿਆ ਪਰ ਭਾਜਪਾ ਵਿਚ ਬਾਗੀਆਂ ਦੀ ਗਿਣਤੀ ਸਭ ਤੋਂ ਜ਼ਿਆਦਾ ਸੀ । ਭਾਜਪਾ ਨੂੰ ਇਸ ਵਾਰ 21 ਬਾਗੀ ਉਮੀਦਵਾਰਾਂ ਕੋਲੋਂ ਚੁਣੌਤੀ ਮਿਲੀ ਹੈ । ਪ੍ਰਧਾਨ ਮੰਤਰੀ ਮੋਦੀ ਤੱਕ ਨੇ ਫੋਨ ਕਰਕੇ ਇਹਨਾਂ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਪਰ ਗੱਲ ਨਾ ਬਣ ਸਕੀ । ਕਈ ਇੰਦੂ ਵਰਮਾ ਵਰਗੇ (ਥਿਯੋਗ  ਹਲਕੇ ਤੋਂ ) ਬਾਗੀ ਤਾਂ ਆਪਣੇ ਹਲਕਿਆਂ  ਵਿਚ ਤਕੜਾ ਰਸੂਖ ਰੱਖਦੇ ਹਨ । ਭਾਜਪਾ ਨੂੰ ਇਸ ਵਾਰ ਸੱਤਾਧਾਰੀ ਹੋਣ ਕਾਰਨ ਲੋਕਾਂ ਦੇ  ਵਿਰੋਧ ਦਾ ਵੀ ਸਾਹਮਣਾ ਕਰਨਾ ਪਿਆ । ਸੱਤਾ ਵਿਰੋਧੀ ਲਹਿਰ ਨੂੰ ਰੋਕਣ ਲਈ ਪਾਰਟੀ ਨੇ ਦੋ ਮੰਤਰੀਆਂ ਦੇ ਹਲਕੇ ਵੀ ਬਦਲੇ ਕਰੀਬ ਦਸ ਵਿਧਾਇਕਾਂ ਦੀ ਟਿਕਟ ਕੱਟੀ । ਰਾਜ ਇਕਾਈ ਦੇ ਕਈ ਭਾਜਪਾਈ  ਕਾਰਕੁੰਨ ਪਾਰਟੀ ਵੱਲੋਂ ਪ੍ਰੇਮ ਕੁਮਾਰ ਧੂਮਲ ਨੂੰ ਕਿਨਾਰੇ ਕੀਤੇ ਜਾਣ ਕਾਰਨ ਗੁੱਸੇ ਸਨ । ਜੇ.ਪੀ. ਨੱਢਾ, ਅਨੁਰਾਗ ਠਾਕੁਰ ਤੇ ਹੋਰ ਕਈ ਨੇਤਾਵਾਂ ਦੇ ਗੁੱਟ ਇਕ ਦੂਜੇ ਦੀਆਂ ਲੱਤਾਂ ਖਿਚਦੇ ਨਜ਼ਰ ਆਏ । ਕਈ ਥਾਵਾਂ 'ਤੇ ਟਿਕਟਾਂ ਦੀ ਵੰਡ ਨੂੰ ਲੈ ਕੇ ਪਾਰਟੀ ਦੀ  ਕੇਂਦਰੀ ਹਾਈਕਮਾਨ  ਉਤੇ ਪਰਿਵਾਰਵਾਦ ਦੀ ਰਾਜਨੀਤੀ ਦੇ ਵੀ ਦੋਸ਼ ਲੱਗੇ । ਅਸਲ ਵਿਚ 'ਕਦਰਾਂ -ਕੀਮਤਾਂ' ਵਾਲੀ ਤੇ 'ਪਰਿਵਾਰਵਾਦ' ਵਿਰੋਧੀ  ਪਾਰਟੀ ਦੀ ਹਕੀਕਤ ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਚੋਣਾਂ ਵਿਚ ਖੁੱਲ੍ਹ ਕੇ ਸਾਹਮਣੇ ਆਈ । ਦੂਜੀਆਂ ਪਾਰਟੀਆਂ ਉੱਤੇ  'ਰਿਓੜੀ ਸੱਭਿਆਚਾਰ' ਨੂੰ ਪ੍ਰਫੁਲਤ ਕਰਨ ਦਾ ਦੋਸ਼ ਲਾਉਣ ਵਾਲੀ ਭਾਜਪਾ ਨੇ ਖੁਦ ਵੀ ਆਪਣੇ ਮੈਨੀਫੈਸਟੋ ਰਾਹੀਂ ਖੁੱਲ੍ਹ ਕੇ 'ਰਿਓੜੀਆਂ' ਵੰਡੀਆਂ । ਆਪਣੇ ਮੈਨੀਫੈਸਟੋ ਵਿਚ ਭਗਵਾਂ ਪਾਰਟੀ ਨੇ ਕਿਸਾਨਾਂ ਨੂੰ ਸਾਲਾਨਾ 300 ਰੁ ਸਹਾਇਤਾ ਔਰਤਾਂ ਲਈ ਤਿੰਨ ਮੁਫ਼ਤ ਮੁਫ਼ਤ ਗੈਸ ਸਿਲੰਡਰ ਤੇ ਸਕੂਲ ਪੜ੍ਹਦੀਆਂ  ਕੁੜੀਆਂ ਲਈ ਮੁਫ਼ਤ ਸਾਈਕਲ ਤੇ ਕਾਲਜ ਪੜ੍ਹਦੀਆਂ ਕੁੜੀਆਂ ਲਈ ਸਕੂਟੀ ਦਾ ਵਾਇਦਾ ਕੀਤਾ ਹੈ ।
    
ਭਾਜਪਾ ਨੂੰ ਕਈ ਇਲਾਕਿਆਂ ਵਿਚ ਤਕੜੀ ਚੁਣੌਤੀ ਮਿਲਦੀ ਦਿਖਾਈ ਦੇ ਰਹੀ ਹੈ ਜਿਵੇਂ ਕਾਂਗੜਾ ਤੇ ਹਮੀਰਪੁਰ ਜ਼ਿਲ੍ਹਿਆਂ ਵਿਚ ਸਪਸ਼ਟ ਤੌਰ 'ਤੇ ਦਿਖਾਈ ਦਿੰਦਾ ਹੈ । ਕਾਂਗੜਾ ਜ਼ਿਲ੍ਹੇ 'ਚ 15 ਵਿਧਾਨ ਸਭਾ ਹਲਕੇ ਪੈਂਦੇ ਹਨ । ਇਹ ਜ਼ਿਲ੍ਹਾ ਹਮੇਸ਼ਾ ਆਪਣੀ ਨਿਰਣਾਇਕ ਭੂਮਿਕਾ ਲਈ ਜਾਣਿਆ ਜਾਂਦਾ ਹੈ । ਇਸੇ ਜ਼ਿਲ੍ਹੇ ਨੇ ਰਾਜ ਨੂੰ ਸ਼ਾਂਤ ਕੁਮਾਰ ਵਰਗਾ ਮੁੱਖ ਮੰਤਰੀ ਦਿੱਤਾ ਹੈ । ਪ੍ਰੇਮ ਕੁਮਾਰ ਧੂਮਲ ਦਾ ਸਬੰਧ ਹਮੀਰਪੁਰ ਨਾਲ ਹੈ । ਮੰਡੀ ਜ਼ਿਲ੍ਹੇ ਦੇ 10 ਵਿਧਾਨ ਸਭਾ ਹਲਕਿਆਂ ਵਿਚੋਂ ਪਿਛਲੀ ਵਿਧਾਨ ਸਭਾ ਵਿਚ ਭਾਜਪਾ ਨੇ 9 ਸੀਟਾਂ ਜਿਤੀਆਂ ਸਨ । ਇਸ ਵਾਰ ਇਥੋਂ ਸਥਾਨਕ ਮੁੱਦਿਆਂ ਉੱਤੇ ਭਾਜਪਾ ਬੁਰੀ ਤਰ੍ਹਾਂ ਘਿਰੀ ਨਜ਼ਰ ਆਈ ।
         
 ਕਾਂਗਰਸ ਪਾਰਟੀ ਨੇ ਜੈ ਰਾਮ ਸਰਕਾਰ ਦੀਆਂ ਨਾਕਾਮੀਆਂ ਉੱਤੇ ਨਿਸ਼ਾਨਾਂ ਸੇਧਦੇ ਹੋਏ ਸਥਾਨਕ ਮੁੱਦਿਆਂ ਉੱਤੇ ਚੋਣ ਲੜੀ । ਪ੍ਰਿਅੰਕਾ ਗਾਂਧੀ ਦੀਆਂ ਰੈਲੀਆਂ ਨੇ ਜਿਥੇ ਕਾਂਗਰਸੀ ਵਰਕਰਾਂ ਵਿਚ ਜੋਸ਼ ਭਰਿਆ ਉਥੇ ਰਾਹੁਲ ਦੀ ਗੈਰ -ਹਾਜ਼ਰੀ ਲੋਕਾਂ ਨੂੰ ਰੜਕਦੀ ਰਹੀ । ਕਾਂਗਰਸ ਵੱਲੋਂ ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਨੂੰ ਮੁੱਖ ਮੁੱਦਾ ਬਣਾਇਆ ਗਿਆ । ਹਿਮਾਚਲ ਉਹ ਸੂਬਾ ਹੈ ਜਿਥੇ ਸਰਕਾਰੀ ਨੌਕਰੀ ਕਰਨ ਵਾਲੇ ਵੱਡੀ ਗਿਣਤੀ ਵਿਚ ਹਨ,  ਇਸ ਲਈ ਇਹ ਮੁੱਦਾ ਲੋਕਾਂ ਨੂੰ ਅਪੀਲ ਵੀ ਕੀਤਾ  । ਇਸ ਮੁੱਦੇ ਉੱਤੇ ਭਾਜਪਾ ਘਿਰੀ ਹੋਈ ਨਜ਼ਰ ਆਈ ਪਰ ਉਸਨੇ ਕਾਂਗਰਸ ਵੱਲ ਪਲਟ ਵਾਰ ਕਰਦੇ ਹੋਏ ਕਿਹਾ ਕਿ ਇਹ ਪੈਨਸ਼ਨ ਜਦੋਂ ਬੰਦ ਹੋਈ ਸੀ ਉਦੋਂ ਕਾਂਗਰਸ ਦਾ  ਰਾਜ ਸੀ । ਕਾਂਗਰਸ ਨੇ ਇਹ ਸਕੀਮ ਆਪਣੇ 2012 -17 ਵਾਲੇ ਰਾਜ ਵਿਚ ਕਿਉਂ ਨਹੀਂ ਬਹਾਲ ਕਰਾਈ ?  ਕਾਂਗਰਸ ਨੇ ਮਹਿੰਗਾਈ, ਬੇਰੁਜ਼ਗਾਰੀ , ਫਲ ਉਤਪਾਦਕਾਂ ਦੀਆਂ ਸਮਸਿਆਂ, ਸੜਕਾਂ ,ਪਾਣੀ ਦੀ ਸਮੱਸਿਆ  ਅਤੇ ਅਗਨੀ ਪੰਥ ਯੋਜਨਾ ਉੱਤੇ ਭਾਜਪਾ ਨੂੰ ਘੇਰਿਆ । ਕਾਂਗਰਸ ਨੇ ਰਾਜ ਦੀ ਜਨਤਾ ਨੂੰ ਲੁਭਾਉਣ ਲਈ ਚੁਣਾਵੀ ਵਾਇਦੇ ਵੀ  ਕੀਤੇ  ਜਿਵੇਂ  ਉਹਨਾਂ ਦੀ ਸਰਕਾਰ ਆਉਣ ਉੱਤੇ ਉਹ ਸੂਬੇ 'ਚ ਪੰਜ ਲੱਖ ਨੌਕਰੀਆਂ ਪੈਦਾ ਕਰਨਗੇ , 18 ਤੋਂ 60 ਸਾਲ ਦੀ ਉਮਰ ਦੀਆਂ ਔਰਤਾਂ ਲਈ 1500 ਰੁ ਦੀ ਵਿਤੀ ਸਹਾਇਤਾ , 300 ਯੂਨਿਟ ਬਿਜਲੀ ਮੁਫ਼ਤ ,ਫ਼ਲ ਉਤਪਾਦਕਾਂ ਨੂੰ ਘਟੋ -ਘੱਟ ਤੈਅ ਮੁੱਲ ਦੇਣ ,ਖੇਤੀ ਅਤੇ ਪਸ਼ੂ ਪਾਲਕਾਂ ਲਈ ਵੀ  ਕਈ ਲੋਕ ਲੁਭਾਉਣੇ ਵਾਇਦੇ ਕੀਤੇ ਹਨ ।
        
ਕਾਂਗਰਸ ਨੇ ਭਾਵੇਂ ਭਾਜਪਾ ਦੀ ਸੱਤਾ ਵਿਰੋਧੀ ਲਹਿਰ ਦਾ  ਫਾਇਦਾ ਲੈਣ ਦੀ ਕੋਸ਼ਿਸ਼ ਕੀਤੀ ਪਰ ਮੁੱਖ ਮੰਤਰੀ ਦਾ ਕੋਈ ਚਿਹਰਾ ਨਾ ਪੇਸ਼ ਕਰਨ ਨੂੰ ਬਹੁਤੇ ਸੂਬਾ ਰਾਜਨੀਤੀ ਦੇ ਵਿਸ਼ਲੇਸ਼ਕ ਇਸਨੂੰ ਪਾਰਟੀ ਦੀ ਕਮਜ਼ੋਰੀ ਵਜੋਂ ਲੈ ਰਹੇ ਹਨ । ਕਾਂਗਰਸ ਲਈ ਵੱਡੀ ਚੁਣੌਤੀ ਚੋਣ ਨਤੀਜਿਆਂ ਤੋਂ ਬਾਅਦ ਆਪਣੀ ਇਕਜੁਟਤਾ ਬਣਾਈ ਰੱਖਣ ਦੀ ਹੋਵੇਗੀ । ਰਿਪੋਰਟਿੰਗ ਦੌਰਾਨ ਸਾਨੂੰ  ਕੁਝ ਅਜਿਹੇ ਲੋਕ ਵੀ ਮਿਲੇ ਜੋ ਇਸ ਵਾਰ ਭਾਜਪਾ ਦੇ ਉਲਟ ਵੋਟ ਕਰਨਾ ਚਾਹੁੰਦੇ ਸਨ ਪਰ ਉਹਨਾਂ ਦਾ ਤੌਖਲਾ ਸੀ ਕਿ ਜੇ ਅਸੀਂ ਕਾਂਗਰਸ ਨੂੰ ਵੋਟ ਪਾ ਕੇ ਜਿਤਾ ਦੇਈਏ ਕੀ ਪਤਾ ਪਾਰਟੀ ਮੁੱਖ ਮੰਤਰੀ ਕੌਣ ਬਣੂਗਾ ਦੇ ਮੁਦੇ 'ਤੇ ਹੀ ਨਾ ਆਪਸ ਵਿਚ ਉਲਝ ਜਾਵੇ ?
       
ਪਿਛਲੀ ਵਿਧਾਨ ਸਭਾ 'ਚ ਸੀ.ਪੀ .ਆਈ (ਐੱਮ ) ਦੇ ਰਾਕੇਸ਼ ਸਿੰਘਾ ਨੇ  ਥਿਯੋਗ ਹਲਕੇ ਤੋਂ ਜਿੱਤ ਹਾਸਲ ਕਰਕੇ ਰਾਜ ਵਿਧਾਨ ਸਭਾ ਵਿਚ ਖੱਬੇ ਫਰੰਟ ਦੀ ਹਾਜ਼ਰੀ ਲਵਾਈ ਸੀ ਇਸ ਵਾਰ ਵੀ  ਸੀ.ਪੀ .ਆਈ (ਐੱਮ ) 11 ਸੀਟਾਂ ਤੋਂ ਚੋਣ ਲੜ ਰਹੀ ਹੈ ਬਾਕੀ ਸੀਟਾਂ ਉਤੇ ਕਿਸੇ ਨਾਲ ਗਠਜੋੜ ਨਾ ਕਰਕੇ ਭਾਜਪਾ ਨੂੰ ਹਰਾਉਣ ਦਾ ਸੱਦਾ ਦਿੱਤਾ ਸੀ । ਪਾਰਟੀ ਵੱਲੋਂ ਖੜੇ ਕੀਤੇ ਕੁਝ ਉਮੀਦਵਾਰ ਆਪਣੇ ਕੰਮਾਂ ਕਰਕੇ ਹਲਕੇ ਦੇ  ਲੋਕਾਂ ਵਿਚ ਵਿਸ਼ੇਸ਼ ਸਥਾਨ ਰੱਖਦੇ ਹਨ ਜਿਵੇ ਰਾਕੇਸ਼ ਸਿੰਘਾ , ਸ਼ਿਮਲਾ  (ਸ਼ਹਿਰੀ) ਤੋਂ ਸ਼ਹਿਰ ਦੇ ਸਾਬਕਾ ਡਿਪਟੀ ਮੇਅਰ ਟਿਕੇਂਦਰ ਪੰਵਾਰ, ਕੋਟਖਾਈ ਤੋਂ ਵਿਸ਼ਾਲ ਸ਼ਾਂਕਟਾ,ਜੋਗਿੰਦਰ ਨਗਰ ਤੋਂ ਕੁਸ਼ਲ ਭਾਰਦਵਾਜ, ਕਸੁਮਟੀ ਤੋਂ ਡਾ. ਕੁਲਦੀਪ ਤੰਵਰ ਅਤੇ ਕੁਲੂ ਤੋਂ ਹੋਤਮ ਸਿੰਘ ਸੌਂਖਲਾ । ਪਿਛਲੀ ਵਾਰ ਦੇ ਜੇਤੂ ਰਾਕੇਸ਼ ਸਿੰਘਾ ਦੀ ਸੀਟ ਉਤੇ ਇਸ ਵਾਰ ਚਹੁਕੋਣੀ ਮੁਕਾਬਲਾ ਹੈ ।  ਸੀ.ਪੀ .ਆਈ (ਐੱਮ ) ਨੇ  ਲੋਕਾਂ ਕੋਲੋਂ ਭਾਜਪਾ ਦੀਆਂ ਕਿਸਾਨ,ਮਜ਼ਦੂਰ ਤੇ ਲੋਕ ਵਿਰੋਧੀ ਨੀਤੀਆਂ ਖਿਲਾਫ ਆਪਣੇ ਲਈ ਵੋਟਾਂ ਮੰਗੀਆਂ । ਹਿਮਾਚਲ ਵਿਚ ਖੱਬੇ ਫਰੰਟ ਦੀਆਂ ਓਹੀ  ਸਮਸਿਆਂ ਤੇ ਕਮਜ਼ੋਰੀਆਂ ਹਨ ਜੋ ਪੂਰੇ ਮੁਲਕ ਵਿਚ ਸਾਨੂੰ ਦਿਖਦੀਆਂ ਹਨ  । ਹਿਮਾਚਲ ਵਿਚ ਸੀ.ਪੀ .ਆਈ (ਐੱਮ ) ਵਿਚ ਜੋ ਨੇਤਾ ਉਭਰੇ  ਉਹ ਜ਼ਿਆਦਾਤਰ  ਸ਼ਿਮਲਾ ਯੂਨੀਵਰਸਿਟੀ ਦੀ ਵਿਦਿਆਰਥੀ ਰਾਜਨੀਤੀ ਵਿਚੋਂ ਆਏ ਸਨ  । ਪਾਰਟੀ ਨੇ ਯੂਨੀਵਰਸਿਟੀ ਰਾਜਨੀਤੀ ਤੋਂ ਅੱਗੇ ਆਪਣਾ ਵਿਸਥਾਰ ਨਹੀਂ ਕੀਤਾ । ਸ਼ਿਮਲਾ ਯੂਨੀਵਰਸਿਟੀ ਵਿਚ ਖੱਬੇ- ਪੱਖ ਦਾ ਪ੍ਰਭਾਵ ਰਿਹਾ ਹੈ ਪਰ 2013 ਵਿਚ ਯੂਨੀਵਰਸਿਟੀ ਦੀਆਂ ਵਿਦਿਆਥੀ ਚੋਣਾਂ ਉੱਤੇ ਰੋਕ ਲਗਾ ਦਿਤੀ ਗਈ । ਇਹ ਮੁੱਦਾ ਇਹਨਾਂ ਵਿਧਾਨ ਸਭਾ ਚੋਣਾਂ ਵਿਚ ਉਨਾ ਨਹੀਂ ਉਭਰਿਆ ਜਿੰਨਾ ਉਭਰਨਾ ਚਾਹੀਦਾ ਸੀ । ਕਈ ਸਿਆਸੀ ਵਿਸ਼ਲੇਸ਼ਕ ਤਾਂ ਇਸ ਨੂੰ ਭਾਜਪਾ ਸਰਕਾਰ ਦੀ ਸੋਚੀ ਸਮਝੀ ਚਾਲ ਵਜੋਂ ਦੇਖ ਰਹੇ ਹਨ  ।
    
ਹਿਮਾਚਲ ਦੇ ਲੋਕਾਂ ਨਾਲ ਗੱਲ ਕਰਨ ਤੋਂ ਪਤਾ ਲਗਦਾ ਹੈ ਉਹਨਾਂ ਲਈ ਮੁੱਖ ਮੁੱਦੇ ਸਿਖਿਆ, ਚੰਗੀਆਂ ਸਿਹਤ ਸੇਵਾਵਾਂ  , ਬਿਜਲੀ, ਪਾਣੀ ਦੀ ਸਮੱਸਿਆ ਦਾ ਹੱਲ , ਨਰੇਗਾ ਵਿਚ ਉਜਰਤ ਦਾ ਵਾਧਾ, ਬੇਰੁਜ਼ਗਾਰੀ , ਮਹਿੰਗਾਈ ਤੇ ਕੁਝ ਸਥਾਨਕ ਪੱਧਰ ਦੇ ਮੁੱਦੇ ਹਨ ਜਿਨ੍ਹਾਂ ਵਿਚ ਚੰਗੀਆਂ ਸੜਕਾਂ ਤੇ ਸੰਚਾਰ ਵੀ ਅਹਿਮ ਮੁੱਦਾ ਹੈ ।
        
ਹਿਮਾਚਲ ਚੋਣਾਂ ਦੇ ਨਤੀਜੇ ਤਾਂ 8 ਦਸੰਬਰ ਨੂੰ ਆਉਣਗੇ । ਪਰ ਹਿਮਾਚਲ ਦੀ ਰਾਜਨੀਤੀ ਉੱਤੇ ਪੈਨੀ ਨਜ਼ਰ ਰੱਖਣ ਵਾਲੇ ਸੀਨੀਅਰ ਪੱਤਰਕਾਰ ਰਾਜੀਵ ਖੰਨਾ ਦੀ ਕਹੀ ਇਸ ਗੱਲ ਉੱਤੇ ਗੌਰ ਕਰਨਾ ਬਹੁਤ ਜ਼ਰੂਰੀ ਹੈ,"ਹਿਮਾਚਲ ਵਾਲੇ ਜਦੋਂ ਵੱਡੀ ਗਿਣਤੀ ਵਿਚ ਘਰੋਂ ਵੋਟ ਪਾਉਣ ਨਿਕਲਦੇ  ਹਨ ਤਾਂ  ਉਹ ਕਿਸੇ ਨੂੰ ਜਿਤਾਉਣ ਲਈ ਨਹੀਂ ਸਗੋਂ ਹਰਾਉਣ ਲਈ ਨਿਕਲਦੇ ਹਨ ।"

ਸੰਪਰਕ:  +91 99154 11894

Comments

Security Code (required)



Can't read the image? click here to refresh.

Name (required)

Leave a comment... (required)





ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ