ਅਸਲ ਵਿੱਚ ਮੇਰੇ ਪਿਤਾ ਜੀ ਪੰਜਾਬ ਰੋਡਵੇਜ ਮੋਗਾ 'ਚ ਕੰਡਕਟਰ ਸਨ। ਉਹਨਾਂ ਤੋਂ ਅੱਧੀ ਉਮਰ ਦਾ ਇੰਸਪੈਕਟਰ ਜਬਰੀ ਰਿਪੋਰਟ ਕਰ ਦੇਣ ਦਾ ਡਰਾਵਾ ਦੇ ਕੇ ਰਾਹ ਖੜੇ੍ਹ ਪੈਸੇ ਮੰਗਦਾ, "ਹਾਂ ਬਈ ਕਾਕੇ" ਸ਼ਬਦ ਨਾਲ ਸੰਬੋਧਨ ਕਰਦਾ। ਪਿਤਾ ਜੀ ਨੇ ਉਹਨੂੰ ਪੈਸੇ ਲੈਂਦਿਆਂ ਰੰਗੇ ਹੱਥੀਂ ਵਿਜੀਲੈਂਸ ਨੂੰ ਫੜਾ ਦਿੱਤਾ, ਉਹਨੇ ਵੀ ਵੈਰ ਪੁਗਾਇਆ ਤੇ ਫਲਾਇੰਗ ਸਕੁਐਡ ਦੀ ਮਿੱਤਰ ਜੁੰਡਲੀ ਤੋਂ ਪਿਤਾ ਜੀ ਸਿਰ ਝੂਠਾ ਫਰਾਡ ਕੇਸ ਪਵਾ ਦਿੱਤਾ। ਕੋਈ ਵਾਹ ਨਾ ਚਲਦੀ ਦੇਖ ਪਿਤਾ ਜੀ ਨੇ ਇੱਕ ਪੱਤਰਕਾਰ ਨੂੰ ਖਬਰ ਲਾਉਣ ਲਈ ਕਿਹਾ। ਖਬਰ ਲੱਗੀ ਜਰੂਰ ,ਪਰ ਨਕਦ ਭੇਂਟਾ ਦੇ ਸਿਰ 'ਤੇ। ਬਾਈ ਸਾਲ ਦੀ ਕੀਤੀ ਕਰਾਈ ਖੂਹ 'ਚ ਜਾਣ ਕਿਨਾਰੇ ਸੀ। ਉੱਪਰੋਂ ਨੌਕਰੀ ਤੋਂ ਮੁਅੱਤਲੀ ਕਾਰਨ ਮਾਨਸਿਕ ਤੇ ਆਰਥਿਕ ਸੰਤਾਪ ਵੱਖਰਾ ਭੋਗਣਾ ਪਿਆ। ਪਿਤਾ ਜੀ ਟੁੱਟ ਚੁੱਕੇ ਸਨ ਤੇ ਪੱਤਰਕਾਰ ਦੀ 'ਹਮਦਰਦੀ' ਤੋਂ ਦੁਖੀ ਹੋ ਕੇ ਇੱਕ ਦਿਨ ਮੈਂਨੂੰ ਬੋਲੇ, "ਕੀ ਐਵੇਂ ਲੇਖਾਂ ਤੇ ਮਗਜ ਖਪਾਈ ਕਰਦਾ ਰਹਿੰਨਾਂ, ਪੱਤਰਕਾਰੀ ਕਰ ਲੈ, ਕਿਸੇ ਦਾ ਭਲਾ ਈ ਹੋਜੂ।" ਮੈਨੂੰ ਗੱਲ ਚੰਗੀ ਲੱਗੀ ਤੇ ਮੈਂ 'ਨਵਾਂ ਜ਼ਮਾਨਾ' ਅਖਬਾਰ ਦੀ ਪੱਤਰਕਾਰੀ ਸ਼ੁਰੂ ਕਰ ਦਿੱਤੀ। ਪਿਤਾ ਜੀ ਨੇ ਇੱਕ ਦਿਨ ਕੋਲ ਬਿਠਾ ਕੇ ਕਿਹਾ, "ਪੁੱਤਰਾ! ਜੇ ਕਲਮ ਚੁੱਕੀ ਐ ਤਾਂ ਕਿਸੇ ਤੋਂ ਖਬਰ ਬਦਲੇ 'ਲਾਗ' ਨਾ ਮੰਗੀਂ, ਜੇ ਕਿਸੇ ਦਾ ਭਲਾ ਕਰੇਂਗਾ ਤਾਂ 'ਗਾਂਧੀ ਵਾਲੇ ਨੋਟਾਂ' ਤੋਂ ਵੀ ਮਹਿੰਗੀਆਂ ਅਸੀਸਾਂ ਜਰੂਰ ਲੈ ਲਏਂਗਾ।" ਮੈਂ ਉਸੇ ਦਿਨ ਤੋਂ ਗੱਲ ਲੜ ਬੰਨ੍ਹ ਲਈ। ਫਿਰ "ਰੋਜਾਨਾ ਅਜੀਤ" ਦੇ ਪੱਤਰਕਾਰ ਵਜੋਂ ਅਤੇ “ਨਿਊਜ਼ ਟਾਈਮ ਟੀ.ਵੀ.“ ਦੇ ਕੈਮਰਾਮੈਨ ਵਜੋਂ ਵੀ ਵਿਸ਼ਾਲ ਦਾਇਰੇ 'ਚ ਵਿਚਰਿਆ ਪਰ ਆਪਣਾ ਈਮਾਨ ਨਹੀਂ ਡੋਲਣ ਦਿੱਤਾ। ਪੱਤਰਕਾਰੀ ਦੇ ਪਵਿੱਤਰ ਪੇਸ਼ੇ ਵਿੱਚ ਸੱਚ ਲਈ ਸ਼ਾਇਦ ਕੋਈ ਜਗ੍ਹਾ ਨਹੀ ਰਹਿ ਗਈ, ਇਸੇ ਬਾਰੇ ਹੀ ਉਕਤ ਵਾਕਿਆ ਹੈ।
ਧਰਮਕੋਟ ਵਿਖੇ "ਪੱਤਰਕਾਰੀ ਨੂੰ ਦਰਪੇਸ਼ ਸਮੱਸਿਆਵਾਂ" ਵਿਸ਼ੇ ਤੇ ਸੈਮੀਨਾਰ ਕਰਵਾਇਆ ਗਿਆ। ਦੂਰ ਦੂਰ ਦੇ ਪੱਤਰਕਾਰਾਂ ਨੂੰ ਸੱਦਾ ਦਿੱਤਾ ਗਿਆ। ਸਭ ਹੁੰਮ ਹੁਮਾ ਕੇ ਪਹੁੰਚੇ। ਜਿੰਨੀ ਕੁ ਜੁੰਡਲੀ ਨੂੰ ਮੈਂ ਜਾਣਦਾ ਸਾਂ ਉਹਨਾਂ ਵਿੱਚ ਕਾਗਜੀ ਸ਼ੇਰਾਂ ਵਾਂਗ ਸਿਰਫ ਨਾਂ ਦੇ ਹੀ ਪੱਤਰਕਾਰ ਵੀ ਸਨ, ਖਬਰ ਲਿਖਣੀ 'ਕਈਆਂ' ਦੇ ਵੱਸ ਦਾ ਰੋਗ ਨਹੀਂ ਸੀ। ਸਗੋਂ 'ਫਲੂਡ' (ਚਿੱਟੀ ਸਿਆਹੀ) ਨਾਲ ਇੱਕ ਦੂਜੇ ਪੱਤਰਕਾਰ ਦਾ ਨਾਂ ਮਿਟਾਕੇ ਤੇ ਆਪਣਾ ਨਾਂ ਲਿਖਕੇ ਖਬਰਾਂ ਭੇਜਣ 'ਚ ਜਰੂਰ ਮਾਹਿਰ ਸਨ। ਮੈਂ ਆਪਣੇ ਅੰਤਾਂ ਦੇ ਸੁਲਝੇ ਦੋਸਤ ਪੱਤਰਕਾਰ ਰਣਜੀਤ ਬਾਵਾ (ਜਗ ਬਾਣੀ) ਨਾਲ ਗਿਆ ਸੀ। ਜਿੱਥੇ ਕੁਝ ਚੰਗਾ ਜਿਹਾ ਨਾ ਲੱਗੇ ਉੱਥੇ ਬੋਲੇ ਬਿਨਾਂ ਮੈਂ ਨਹੀਂ ਰਹਿ ਸਕਦਾ ਜਦੋਂਕਿ ਉੱਥੇ ਤਾਂ ਉਹ ਪੱਤਰਕਾਰ ਵੀ ਮੌਜੂਦ ਸੀ ਜਿਸਨੇ ਮੇਰੇ ਪਿਤਾ ਜੀ ਤੋਂ 500 ਰੁਪਏ ਲੈ ਕੇ ਹੱਕੀ ਖਬਰ ਵੀ ਪੈਸੇ ਦੇ ਜੋਰ 'ਤੇ ਲਾਈ ਸੀ। ਸਟੇਜ ਸਜੀ ਹੋਈ ਸੀ। ਸਟੇਜ 'ਤੇ 'ਪੰਜਾਬੀ ਟ੍ਰਿਬਿਊਨ' ਵੱਲੋਂ ਦਲਬੀਰ ਸਿੰਘ (ਜਗਤ ਤਮਾਸ਼ਾ), 'ਅੱਜ ਦੀ ਆਵਾਜ' ਅਖਬਾਰ ਵੱਲੋਂ ਭਾਈ ਜਸਬੀਰ ਸਿੰਘ ਰੋਡੇ, 'ਅਜੀਤ' ਵੱਲੋਂ ਹਰਜਿੰਦਰ ਸਿੰਘ ਲਾਲ (ਸ਼ਰਗੋਸ਼ੀਆਂ) ਸਮੇਤ ਬਹੁਤ ਸਾਰੀਆਂ ਵਿਦਵਾਨ ਹਸਤੀਆਂ ਬੈਠੀਆਂ ਸਨ। ਮੇਰੇ ਅੰਦਰੋਂ ਸੱਚ ਦੀ ਭੜਾਸ ਨੇ ਐਸਾ ਜੋਰ ਪਾਇਆ ਕਿ ਮੈਂ ਮੰਚ ਸੰਚਾਲਕ ਕੋਲ ਜਾ ਕੇ ਬੋਲਣ ਲਈ ਆਪਣਾ ਨਾਂ ਨੋਟ ਕਰਵਾ ਆਇਆ। ਜਦੋਂ ਮੈਨੂੰ ਸੱਦਾ ਆਇਆ ਤਾਂ ਮੈਂ ਜੋ ਭੜਾਸ ਕੱਢੀ ਹੂਬਹੂ ਤੁਹਾਡੇ ਅੱਗੇ ਪੇਸ਼ ਹੈ- "ਪਿਆਰੇ ਦੋਸਤੋ! ਮੈਂ ਕੋਈ ਪੱਤਰਕਾਰ ਤਾਂ ਨਹੀਂ ਸਗੋਂ ਇਸ ਔਖੇ ਰਾਹ ਦਾ ਕੋਸਿਸ਼ਕਾਰ ਜਰੂਰ ਹਾਂ। ਅਸੀ ਜਿਸ ਵਿਸ਼ੇ 'ਤੇ ਚਰਚਾ ਕਰਨ ਲਈ ਜੁੜੇ ਹਾਂ ਉਹ ਹੈ "ਪੱਤਰਕਾਰੀ ਨੂੰ ਦਰਪੇਸ਼ ਸਮੱਸਿਆਵਾਂ"। ਪਰ ਜੇਕਰ ਮੈਂ ਇਹ ਕਹਾਂ ਕਿ ਪੱਤਰਕਾਰੀ ਨੂੰ ਹੋਰ ਇਸ ਤੋਂ ਵੱਡੀ ਸਮੱਸਿਆ ਕੀ ਹੋਵੇਗੀ ਕਿਉਂਕਿ ਇਸ ਪਵਿੱਤਰ ਪੇਸ਼ੇ ਨਾਲ ਜੁੜੇ ਜਿਆਦਾਤਰ ਪੱਤਰਕਾਰ ਵੀਰ ਹੀ ਪੱਤਰਕਾਰੀ ਲਈ ਸਮੱਸਿਆ ਬਣੇ ਹੋਏ ਹਨ, ਸ਼ਾਇਦ ਬੁਰਾ ਜਿਹਾ ਲੱਗੇ। ਪਰ ਇਹ ਗੱਲ ਹੈ ਸੋਲ੍ਹਾਂ ਆਨੇ ਸੱਚ ਕਿ ਜਿਆਦਾਤਰ ਪੱਤਰਕਾਰ ਲੋਕ ਸੇਵਾ ਲਈ ਨਹੀਂ ਸਗੋਂ 'ਨੋਟ ਸੇਵਾ' ਲਈ ਡਟੇ ਹੋਏ ਹਨ। ਇਹੋ ਜਿਹੇ ਪੱਤਰਕਾਰਾਂ ਤੋਂ ਪੱਤਰਕਾਰੀ ਦੀ ਭਲਾਈ ਦੀ ਕੀ ਆਸ ਰੱਖੀ ਜਾ ਸਕਦੀ ਹੈ ਜੋ ਖਬਰ ਦੇਣ ਆਏ ਕਿਸੇ ਦੁਖੀ ਨੂੰ 'ਮੁਰਗੀ' ਸਮਝਦੇ ਹੋਣ। 'ਫਲੂਡ ਮਾਰਕਾ' ਪੱਤਰਕਾਰ ਹੀ ਸਭ ਤੋਂ ਪਹਿਲਾਂ ਪੱਤਰਕਾਰੀ ਲਈ ਸਭ ਤੋਂ ਵੱਡੀ ਤੇ ਅਹਿਮ ਸਮੱਸਿਆ ਹਨ। ਅਖਬਾਰਾਂ ਵੱਲੋਂ ਵੀ ਪੱਤਰਕਾਰੀਆਂ ਵੰਡਣ ਲਈ ਕੋਈ ਯੋਗਤਾ ਨਹੀਂ ਦੇਖੀ ਜਾਂਦੀ। ਮਿਥੀ ਹੋਈ ਸਕਿਉਰਟੀ ਦਿਓ, ਸਾਲ ਛਿਮਾਹੀ ਸਪਲੀਮੈਂਟ ਦੇਣ ਦਾ ਵਾਅਦਾ ਕਰੋ ਤੇ ਬਣਜੋ ਪੱਤਰਕਾਰ! ਇਹੋ ਜਿਹੇ ਹਾਲਾਤਾਂ 'ਚ ਪੱਤਰਕਾਰੀ ਦੀਆਂ ਸਮੱਸਿਆਵਾਂ ਹੱਲ ਕਰਨ ਦੀ ਗੱਲ ਕਰਨਾ ਸਿਆਣਪ ਤਾਂ ਨਹੀਂ ਕਹੀ ਜਾ ਸਕਦੀ।" ਚਾਰੇ ਪਾਸੇ ਖਾਮੋਸ਼ੀ ਛਾ ਗਈ। "ਲੋਕਾਂ ਦੇ ਹੱਕਾਂ ਲਈ ਲੜਨ ਵਾਲੀ ਪੱਤਰਕਾਰੀ ਦੁਕਾਨਦਾਰਾਂ ਲਈ 'ਪ੍ਰੈੱਸ' ਦਾ ਸਟਿੱਕਰ ਗੱਡੀ ਅੱਗੇ ਲਗਾ ਕੇ ਜਾਇਜ-ਨਾਜਾਇਜ ਮਾਲ ਢੋਹਣ ਤੇ ਚੁੰਗੀ ਬਚਾਉਣ ਦਾ ਸਾਧਨ ਜਰੂਰ ਵਧੇਰੇ ਬਣੀ ਹੋਈ ਹੈ। ਜੇ ਕੋਈ ਅਜਿਹੀ ਨੀਲੀ-ਪੀਲੀ ਪੱਤਰਕਾਰੀ ਦੀ ਉਦਾਹਰਣ ਮੰਗੇ ਤਾਂ ਮੈਂ ਇਸ ਇਕੱਠ 'ਚੋਂ ਹੀ ਕਿੰਨੀਆਂ ਹੀ ਉਦਾਹਰਣਾਂ ਪੇਸ਼ ਕਰ ਸਕਦਾ ਹਾਂ। ਪਰ ਮੈ ਕਿਸੇ ਨੂੰ ਬੇਇੱਜਤ ਕਰਨ ਦੇ ਮਨਸ਼ੇ ਨਾਲ ਨਹੀਂ ਬੋਲ ਰਿਹਾ ਸਗੋਂ ਝੰਜੋੜਨ ਲਈ ਕਹਿ ਰਿਹਾ ਹਾਂ ਕਿ ਹੇ ਮੇਰੇ ਦੋਸਤੋ! ਆਓ ਲੋਕਾਂ ਦੀ ਭਲਾਈ ਲਈ ਕਲਮਾਂ ਚੁੱਕੀਏ ਨਾ ਕਿ ਦੁਖੀ ਲੋਕਾਂ ਨੂੰ ਕਲਮਾਂ ਦੀਆਂ ਨੋਕਾਂ ਨਾਲ ਹੋਰ ਪੀੜ ਦੇਈਏ। ਆਸ ਕਰਦਾ ਹਾਂ ਕਿ ਆਪਣੇ ਅੰਦਰ ਝਾਤੀ ਮਾਰ ਕੇ ਸੁਧਰਨ ਦੀ ਕੋਸਿ਼ਸ਼ ਜਰੂਰ ਕਰਾਂਗੇ। ਪੱਤਰਕਾਰੀ ਜੁਗਾੜ ਲਾਉਣ ਦਾ ਸਾਧਨ ਨਹੀਂ ਸਗੋਂ ਇੱਕ ਸਾਧਨਾ ਦਾ ਨਾਂ ਹੈ। ਕਿਸੇ ਦਾ ਦਿਲ ਦੁਖਾਇਆ ਹੋਵੇ ਤਾਂ ਛੋਟਾ ਤੇ ਨਾਸਮਝ ਵੀਰ ਜਾਣਕੇ ਮਾਫ ਕਰਨਾ।"
ਸਾਰਾ ਪੱਤਰਕਾਰ ਭਾਈਚਾਰਾ ਮੇਰੀ 'ਭੜਾਸ' ਦੀ ਸਿਫਤ ਕਰਦਾ ਨਹੀਂ ਥੱਕ ਰਿਹਾ ਸੀ। 'ਫਲੂਡ" ਵਾਲੇ ਪੱਤਰਕਾਰ ਜਿਆਦਾ 'ਵਾਹ ਵਾਹ' ਕਰ ਰਹੇ ਸਨ। ਮੇਰੇ ਦੋਸਤ ਬਾਵਾ ਜੀ ਕਹਿਣ ਲੱਗੇ ,"ਬਈ ਕੱਲ੍ਹ ਨੂੰ ਤਾਂ ਅਖਬਾਰਾਂ 'ਚ ਖੁਰਮੀ-ਖੁਰਮੀ ਹੋਈ ਪਈ ਹੋਊ।" ਪਰ ਮੈਂ ਬਾਵਾ ਜੀ ਨੂੰ ਕਿਹਾ ਕਿ "ਅਜਿਹਾ ਕੁਝ ਨਹੀਂ ਹੋਣ ਲੱਗਾ।" ਗੱਲ ਸੱਚ ਹੋਈ, ਅਖਬਾਰ ਓਹਨਾਂ ਗੱਲਾਂ ਨਾਲ ਭਰੇ ਪਏ ਸਨ ਜਿਹੜੀਆਂ ਓਥੇ ਹੋਈਆਂ ਹੀ ਨਹੀਂ ਸਨ, ਤੇ ਥੋਡੇ ਵੀਰ ਦਾ ਨਾਂ ਕਿਧਰੇ ਹਾਜਰ ਪੱਤਰਕਾਰਾਂ ਵਿੱਚ ਵੀ ਨਹੀਂ ਸੀ ਲਿਖਿਆ ਕਿਸੇ ਨੇ।
ਮੁੱਕਦੀ ਗੱਲ ਤਾਂ ਇਹ ਹੈ ਕਿ ਸੱਚ ਕੌੜਤੁੰਮੇ ਤੋਂ ਵੀ ਕੌੜਾ ਹੁੰਦੈ ਇਸੇ ਕਰਕੇ ਤਾਂ ਮੇਰੀ 'ਸੱਚ ਦੀ ਭੜਾਸ' ਕਿਸੇ ਨੂੰ ਮਿੱਠੀ ਨਹੀਂ ਸੀ ਲੱਗੀ।
ਸੰਪਰਕ: 0044 75191 12312
ਈ-ਮੇਲ: khurmi13deep@yahoo.in
Hardeep singh Madheke
ਨਹੀ ਵੀਰ ਜੀ ਸਚ ਕੋੜਾ ਨਹੀ ਹੁੰਦਾ ਪਰ ਝੂਠਿਆ ਨੂੰ ਕੋੜਾ ਲਗਦਾ ਹੈ