Wed, 24 April 2024
Your Visitor Number :-   6996894
SuhisaverSuhisaver Suhisaver

ਜਲੇਬੀਆਂ - ਗੁਰਤੇਜ ਸਿੰਘ

Posted on:- 16-06-2016

suhisaver

ਉਹ ਮਾਲਵੇ ਦੇ ਇੱਕ ਮਸ਼ਹੂਰ ਪਿੰਡ ਦਾ ਪ੍ਰਸਿੱਧ ਨੰਬਰਦਾਰ ਸੀ।ਖਾਨਦਾਨੀ ਅਮੀਰ ਅਤੇ ਜਵਾਨੀ ‘ਚ ਸਿਰਕੱਢ ਪਹਿਲਵਾਨ ਰਿਹਾ ਸੀ।ਦਾਰਾ ਸਿੰਘ ਤੇ ਹੋਰ ਕਈ ਨਾਮੀ ਪਹਿਲਵਾਨ ਉਸਦੇ ਗੂੜ੍ਹੇ ਮਿੱਤਰ ਸਨ, ਗਰੀਬਾਂ ਦਾ ਮਸੀਹਾ ਹੋਣ ਕਾਰਨ ਲੋਕ ਉਸਨੂੰ ਰੱਬ ਵਾਂਗ ਪੂਜਦੇ ਸਨ।ਨੇੜੇ ਦੇ ਪਿੰਡਾਂ ‘ਚ ਉਸਦੀ ਇੰਨੀ ਚੜ੍ਹਤ ਸੀ ਉਸਦੇ ਲੰਘਣ ‘ਤੇ ਲੋਕ ਖੜ ਜਾਂਦੇ ਸਨ ਤੇ ਫਤਹਿ ਬੁਲਾਉਣ ਲਈ ਉਤਾਵਲੇ ਹੋ ਜਾਂਦੇ ਸਨ।ਉਸਦੇ ਰੋਹਬ,ਸੁਡੋਲ ਸ਼ਰੀਰ ਤੇ ਦਰਿਆਦਿਲੀ ਦੀ ਲੋਕ ਮਿਸਾਲ ਦਿੰਦੇ ਸਨ।ਉਸਦੇ ਤਿੰਨੇ ਪੁੱਤਰ ਤੇ ਨੂੰਹਾਂ ਉੱਚ ਅਹੁਦਿਆਂ ‘ਤੇ ਬਿਰਾਜਮਾਨ ਸਨ ਜੋ ਉਸਦੀ ਮਿਹਨਤ ਲਗਨ ਦਾ ਨਤੀਜਾ ਸੀ।ਉਸਦੀ ਪਤਨੀ ਜਵਾਨੀ ‘ਚ ਹੀ ਸਦੀਵੀ ਵਿਛੋੜਾ ਦੇ ਗਈ ਸੀ ਪਰ ਉਸਨੇ ਇਹ ਸੋਚ ਕੇ ਦੂਜਾ ਵਿਆਹ ਨਾ ਕਰਵਾਇਆ ਕਿ ਕੋਈ ਹੋਰ ਇਨ੍ਹਾਂ ਨੂੰ ਅਪਣਾਵੇਗੀ ਜਾਂ ਨਹੀਂ।

ਬੱਚਿਆਂ ਦੀ ਖੁਸ਼ੀ ਲਈ ਆਪਣੇ ਅਰਮਾਨਾਂ ਦਾ ਗਲਾ ਰੇਤ ਦਿੱਤਾ। ਉਂਝ ਉਸਦੇ ਘਰ ਕਿਹੜਾ ਕੋਈ ਕਮੀ ਸੀ ਪਰ ਫਿਰ ਵੀ..।ਸੋਚਦਾ ਸੀ ਕਿ ਬੱਚਿਆਂ ਨੂੰ ਕਾਬਿਲ ਇਨਸਾਨ ਬਣਾ ਦੇਵਾਂ ਤਾਂ ਜੋ ਇਨ੍ਹਾਂ ਨੂੰ ਕਦੇ ਮਾਂ ਦੀ ਕਮੀ ਮਹਿਸੂਸ ਨਾਂ ਹੋਵੇ।ਬੱਚਿਆਂ ਦੀ ਨਿੱਕੀ ਤੋਂ ਨਿੱਕੀ ਲੋੜ ਪੂਰੀ ਕਰਕੇ ਉਹ ਬਹੁਤ ਖੁਸ਼ ਹੁੰਦਾ ਤੇ ਆਪ ਮੁਹਾਰੇ ਆਪਣੀ ਪ੍ਰਲੋਕ ਵਾਸੀ ਪਤਨੀ ਨੂੰ ਪੁੱਛਦਾ ਕਿਉਂ ਖੁਸ਼ ਤਾਂ ਹੈ ਦੇਖ ਲੈ ਤੇਰੇ ਜਵਾਕਾਂ ਦੀ ਦੇਖਭਾਲ ‘ਚ ਕਿੰਨਾ ਰੁੱਝ ਗਿਆ ਹਾਂ ਰੱਬ ਤਾ ਕੀ ਹੁਣ ਤਾਂ ਤੇਰਾ ਵੀ ਚੇਤਾ ਭੁੱਲ ਜਾਂਦਾ।ਸਮੇਂ ਦਾ ਪਹੀਆ ਚੱਲਦਾ ਜਾ ਰਿਹਾ ਸੀ ਜੋ ਨਿਰੰਤਰ ਬਦਲਾਅ ਵੱਧ ਰਿਹਾ ਸੀ।

ਹੁਣ ਉਸਦੀ ਜਵਾਨੀ ਦੇ ਦਿਨ ਲੱਦ ਚੁੱਕੇ ਸਨ ਅਤੇ ਬੁਢਾਪੇ ਨੇ ਦਸਤਕ ਦੇ ਦਿੱਤੀ ਸੀ।ਪਹਿਲਾਂ ਦੀ ਤਰ੍ਹਾਂ ਹੁਣ ਘਰ ਵਿੱਚ ਉਸਦਾ ਰੋਹਬ ਨਹੀਂ ਸੀ ਰਿਹਾ ਤੇ ਕੋਈ ਪੁੱਛ ਗਿੱਛ ਵੀ ਨਹੀਂ ਸੀ।ਆਪਣੇ ਹੱਥੀਂ ਬਣਾਈ ਐਡੀ ਵੱਡੀ ਕੋਠੀ ਵਿੱਚ ਉਸ ਲਈ ਕੋਈ ਜਗ੍ਹਾ ਨਹੀਂ ਸੀ, ਪੁਰਾਣੇ ਘਰ ਦੀ ਰਾਹ ਵਾਲੀ ਬੈਠਕ ਵਿੱਚ ਉਸਦਾ ਬਸੇਰਾ ਸੀ।ਉਸਦੀ ਖੁਸ਼ੀ ਗਮੀ ਦਾ ਪਰਿਵਾਰ ‘ਚੋਂ ਕਿਸੇ ਨੂੰ ਵੀ ਧਿਆਨ ਨਹੀਂ ਸੀ।ਪਾਣੀ ਮੰਗਦਿਆਂ ਉਸਦਾ ਸੰਘ ਸੁੱਕ ਜਾਂਦਾ ਪਰ ਕੋਈ ਪਾਣੀ ਲੈਕੇ ਨਹੀਂ ਅੱਪੜਦਾ ਸੀ।ਬੁੱਢੇ ਬੈਲ ਦੀ ਤਰ੍ਹਾਂ ਹਾਰਿਆ ਹੋਇਆ ਮਹਿਸੂਸ ਕਰਦਾ ਜੋ ਸਾਰੀ ਉਮਰ ਕਿਸੇ ਹੋਰ ਲਈ ਕਮਾਉਦਾ ਰਿਹਾ ਹੋਵੇ।ਖਾਣਾ ਸਮੇਂ ਸਿਰ ਨਾ ਪਹੁੰਚਣ ਕਰਕੇ ਉਹ ਦੁਖੀ ਹੋ ਉੱਠਦਾ ਕਿਉਂਕਿ ਪਹਿਲਵਾਨ ਹੋਣ ਕਾਰਨ ਉਹ ਖਾਣ ਪੀਣ ਦਾ ਸ਼ੌਕੀਨ ਸੀ।ਅਕਸਰ ਹੀ ਰੱਬ ਨੂੰ ਉਲਾਂਭਾ ਦਿੰਦਾ ਹੋਇਆ ਉਹ ਕਹਿੰਦਾ ਕਿੰਨਾ ਚੰਗਾ ਹੁੰਦਾ ਜੇ ਤੂੰ ਤਿੰਨ ਪੁੱਤਾਂ ਦੀ ਥਾਂ ਮੈਨੂੰ ਤਿੰਨ ਧੀਆਂ ਦੇ ਦਿੰਦਾ।

ਆਪਣੀ ਅਣਜੰਮੀ ਧੀ ਨੂੰ ਰੋਜ ਯਾਦ ਕਰਦਾ ਜੇ ਅੱਜ ਉਹ ਜੱਗ ਤੇ ਹੁੰਦੀ ਤਾਂ ਉਸਨੂੰ ਇੰਝ ਕਦੇ ਵੀ ਰੁਲਣ ਨਾ ਦਿੰਦੀ।ਉਸ ਦਰਦਨਾਕ ਹਾਦਸੇ ਦੀ ਚੀਸ ਨੇ ਜ਼ਿੰਦਗੀ ਭਰ ੳਸਨੂੰ ਅਧਮੋਇਆ ਕਰ ਰੱਖਿਆ ਸੀ ਪਰ ਫਿਰ ਵੀ ਉਹ ਜ਼ਿੰਦਾਦਿਲੀ ਨਾਲ ਜ਼ਿੰਦਗੀ ਬਤੀਤ ਕਰ ਰਿਹਾ ਸੀ ਪਰ ਹੁਣ ਸਮੇਂ ਦੀ ਕਰਵਟ ਨੇ ਉਸ ਜ਼ਖਮ ਨੂੰ ਹਰਾ ਕਰ ਦਿੱਤਾ ਸੀ।ਉਹ ਦਿਨ ਉਸਨੂੰ ਅੱਜ ਵੀ ਯਾਦ ਹੈ ਉਸਦੇ ਸਭ ਤੋਂ ਛੋਟੇ ਪੁੱਤਰ ਨੂੰ ਸੜਕ ਤੇ ਇੱਕ ਵਾਹਨ ਦੀ ਚਪੇਟ ਤੋਂ ਬਚਾਉਂਦੇ ਸਮੇਂ ਉਸਦੀ ਗਰਭਵਤੀ ਪਤਨੀ ਹਾਦਸੇ ਦਾ ਸ਼ਿਕਾਰ ਹੋ ਗਈ ਸੀ।ਮੁੰਡੇ ਨੂੰ ਫੁੱਲ ਦੀ ਵੀ ਨਹੀਂ ਲੱਗੀ ਸੀ ਪਰ ਆਪ ਬੁਰੀ ਤਰ੍ਹਾਂ ਜ਼ਖਮੀ ਹੋ ਗਈ ਸੀ।ਸ਼ਹਿਰ ਦੇ ਸਭ ਤੋ ਵਧੀਆ ਹਸਪਤਾਲ ਵਿੱਚ ਵੱਡੇ ਵੱਡੇ ਡਾਕਟਰ ਉਸਦਾ ਇਲਾਜ ਕਰ ਰਹੇ ਸਨ ਪਰ ਬਦਕਿਸਮਤੀ, ਨਵਜੰਮੀ ਬੱਚੀ ਤੇ ਮਾਂ ਨੂੰ ਬਚਾਇਆ ਨਹੀਂ ਜਾ ਸਕਿਆ ਸੀ।

ਆਪਣੇ ਆਪ ਨੂੰ ਹਰ ਵਕਤ ਕੋਸਦਾ ਕਿ ਪਤਾ ਨਹੀਂ ਮੇਰੀ ਪਰਵਰਿਸ਼ ‘ਚ ਕੀ ਕਮੀ ਰਹਿ ਗਈ ਸੀ ਜੋ ਇਹ ਮੇਰੀ ਬਾਤ ਨਹੀਂ ਪੁੱਛਦੇ।ਇਹ ਅਲਾਪ ਉਹ ਸਾਰਾ ਦਿਨ ਅਲਾਪਦਾ ਸੀ।ਗਲੀ ‘ਚੋਂ ਲੰਘਦੇ ਲੋਕ ਉਸਦੀ ਹਾਲਤ ਦੇਖ ਕੇ ਦੁਖੀ ਹੁੰਦੇ ਅਤੇ ਸੋਚਦੇ ਕਿ ਇਹੀ ਉਹੀ ਨੰਬਰਦਾਰ ਹੈ ਜਿਸਦੀ ਚੜ੍ਹਾਈ ਦੇਖ ਕੇ ਲੋਕ ਉਸਨੂੰ ਸਜਦੇ ਕਰਦੇ ਸਨ।ਲੋਕ ਚਾਹ ਕੇ ਉਸ ਲਈ ਕੁਝ ਨਹੀਂ ਕਰ ਸਕਦੇ ਸਨ ਕਿਉਂਕਿ ਉਸਦੀ ਔਲਾਦ ਲੋਕਾਂ ਨੂੰ ਉਸਨੂੰ ਮਿਲਣ ਦੀ ਇਜਾਜ਼ਤ ਨਹੀਂ ਦਿੰਦੀ ਸੀ। ਕਈ ਮਹੀਨੇ ਹੋ ਗਏ ਸਨ ਬਸ ਉਹ ਮੰਜੇ ਤੱਕ ਸੀਮਿਤ ਸੀ ਪਹਿਲਾਂ ਤਾਂ ਬਾਹਰ ਘੁੰਮ ਆਉਂਦਾ ਸੀ।

ਵਿਸਾਖੀ ਦਾ ਦਿਨ ਹੋਣ ਕਾਰਨ ਉਸਦਾ ਸਾਰਾ ਪਰਿਵਾਰ ਮੇਲੇ ਜਾਣ ਦੀ ਤਿਆਰੀ ਕਰ ਰਿਹਾ ਸੀ।ਉਸਦੀ ਨੂੰਹ ਨੇ ਗੁਰਦੁਆਰੇ ਲਈ ਪ੍ਰਸਾਦ ਤਾਂ ਬਣਾਇਆ ਪਰ ਬਾਪੂ ਦੀ ਰੋਟੀ ਬਣਾਉਣੀ ਭੁੱਲ ਗਈ।ਉਸਨੇ ਆਪਣੇ ਪੁੱਤਰ ਨੂੰ ਕਿਹਾ ਕਿ ਹਰੀ ਹਲਵਾਈ ਜੋ ਹਰ ਸਾਲ ਜਲੇਬੀਆਂ ਦੀ ਦੁਕਾਨ ਮੇਲੇ ‘ਚ ਲਗਾਉਦਾ ਹੈ, ਮੇਲੇ ਤੋਂ ਵਾਪਸੀ ਸਮੇਂ ਉਸ ਤੋਂ ਮੇਰੇ ਲਈ ਜਲੇਬੀਆਂ ਜਰੂਰ ਲੈਕੇ ਆਵੇ।ਉਂਝ ਉਸਨੇ ਵੀ ਕਦੇ ਵਿਸਾਖੀ ਨਹੀਂ ਛੱਡੀ ਸੀ ਪਰ ਹੁਣ ਉਸਦੀ ਹਾਲਤ ਬੜੀ ਮਾੜੀ ਸੀ,ਮੰਜੇ ਤੋਂ ਉੱਠਣਾ ਵੀ ਮੁਹਾਲ ਸੀ।ਸਾਰਾ ਦਿਨ ਭੁੱਖਣ ਭਾਣੇ ਜਲੇਬੀਆਂ ਦੀ ਉਡੀਕ ਕਰਦੇ ਬੀਤ ਗਿਆ ਪਰ ਬਾਪੂ ਲਈ ਜਲੇਬੀਆਂ ਨਾਂ ਆਈਆਂ।ਆਪਣੇ ਪਰਿਵਾਰ ਦੀ ਇਸ ਹਰਕਤ ਤੋਂ ਉਹ ਬਹੁਤ ਦੁਖੀ ਸੀ ਅਤੇ ਸੋਚ ਰਿਹਾ ਸੀ ਕਿ ਮੈਂ ਤਾਂ ਇਨ੍ਹਾਂ ਦੀ ਹਰ ਜਾਇਜ ਨਾਜਾਇਜ ਮੰਗ ਪੂਰੀ ਕਰਦਾ ਰਿਹਾ ਹਾਂ ਪਰ ਇਹ…।ਅਕਸਰ ਉਹ ਆਪਣੇ ਪੁੱਤਰ੍ਹਾਂ ਅੱਗੇ ਤਰਲਾ ਪਾਉਂਦਾ ਕਿ ਘੱਟੋ ਘੱਟ ਉਸਨੂੰ ਬਿਰਧ ਆਸ਼ਰਮ ਹੀ ਛੱਡ ਆਉਣ ਤਾਂ ਜੋ ਬਾਕੀ ਬਚੇ ਚਾਰ ਦਿਹਾੜੇ ਸੁੱਖ ਨਾਲ ਕੱਟ ਜਾਣ ਪਰ ਉਨ੍ਹਾਂ ਦੇ ਕੰਨ ਤੇ ਜੂੰ ਨਹੀਂ ਸਰਕਦੀ ਸੀ।

ਕੁਝ ਦਿਨਾਂ ਬਾਅਦ ਉਸਦੀ ਹਾਲਤ ਹੋਰ ਵੀ ਵਿਗੜ ਗਈ।ਰਫਾ ਹਾਜਤ ਵੀ ਬਿਸਤਰੇ ਉੱਪਰ ਕਰਦਾ ਸੀ।ਸਾਰਾ ਟੱਬਰ ਉਸ ਤੋਂ ਬਹੁਤ ਦੁਖੀ ਸੀ।ਉਹ ਨੌਕਰ ਦੀ ਇੱਛਾ ਦਾ ਗੁਲਾਮ ਸੀ ਜੋ ਦਿਖਾਵੇ ਦੀ ਸੇਵਾ ਕਰਦਾ ਸੀ।ਉਸਨੂੰ ਨਹਾਏ ਨੂੰ ਕਈ ਦਿਨ ਹੋ ਗਏ ਸਨ ਕਮਰੇ ਵਿੱਚ ਬਦਬੂ ਦਾ ਪਸਾਰ ਹੋ ਗਿਆ ਸੀ।ਕਈ ਵਾਰ ਉਸਨੂੰ ਹੀ ਸ਼ੱਕ ਜਿਹਾ ਹੁੰਦਾ ਕਿ ਮੈ ਉਹੀ ਹਾਂ ਜਿਸਦੀ ਸ਼ੁਕੀਨੀ ਦੀਆਂ ਗੱਲਾਂ ਲੋਕ ਕਰਦੇ ਸਨ।ਸਾਂਭ ਸੰਭਾਲ ਦੀ ਅਣਹੋਂਦ ਅਤੇ ਬਿਸਤਰੇ ‘ਤੇ ਪੈਣ ਕਰਕੇ ਉਸਦੀ ਪਿੱਠ ਤੇ ਡੂੰਘੇ ਜ਼ਖਮ ਹੋ ਗਏ ਸਨ।ਦਿਨੋ ਦਿਨ ਉਸਦੀ ਹਾਲਤ ਵਿਗੜ ਰਹੀ ਸੀ ਜਦ ਲੱਗਣ ਲੱਗਾ ਕਿ ਹੁਣ ਮੌਤ ਨੇੜੇ ਹੈ ਤਾਂ ਲੋਕ ਲਾਜ ਖਾਤਿਰ ਹਸਪਤਾਲ ਲਿਜਾਇਆ ਗਿਆ।

ਜਲੇਬੀਆਂ ਖਾਣ ਦਾ ਕੀੜਾ ਅਜੇ ਵੀ ਉਸਦੇ ਮਨ ਵਿੱਚ ਸੀ ਕਈ ਦਿਨ ਬਾਅਦ ਆਖਿਰ ਉਹ ਸਾਰੀਆਂ ਇੱਛਾਵਾਂ ਲੈਕੇ ਦੁਨੀਆਂ ਤੋ ਕੂਚ ਕਰ ਗਿਆ।ਕਹਿੰਦੇ ਨੇ ਮਰਨ ਸਮੇਂ ਜੋ ਇੱਛਾ ਪ੍ਰਬਲ ਹੋਵੇ ਆਤਮਾ ਨੂੰ ਉਸ ਚੱਕਰ ਨੂੰ ਪੂਰਾ ਕਰਨ ਦਾ ਮੌਕਾ ਮਿਲਦਾ ਹੈ।ਰੱਬ ਦੀ ਕੋਈ ਐਸੀ ਕਰਨੀ ਹੋਈ ਦਸ ਦਿਨਾਂ ਤੱਕ ਉਸਦੀ ਆਤਮਾ ਅਜਾਦ ਸੀ, ਆਪਣੇ ਪ੍ਰਤੀ ਹੁੰਦੀਆਂ ਰਸਮਾਂ ਦੇਖ ਸਕਦੀ ਸੀ।ਉਹ ਇਹ ਦੇਖ ਕੇ ਹੈਰਾਨ ਸੀ ਉਸਨੂੰ ਕਿੰਨੇ ਦਿਨਾਂ ਤੋਂ ਨਹਾਇਆ ਨਹੀਂ ਗਿਆ ਸੀ ਪਰ ਅੱਜ ਮਹਿੰਗੀਆਂ ਸਾਬਣਾਂ, ਤੇਲ, ਇਤਰ, ਆਦਿ ਉਸਦੇ ਮ੍ਰਿਤ ਸਰੀਰ ਉੱਪਰ ਲਗਾਏ ਜਾ ਰਹੇ ਸਨ।ਪਾਟੇ ਕੰਬਲ ਨਾਲ ਉਸਨੇ ਆਪਣਾ ਪਿਛਲਾ ਸਮਾ ਕੱਢਿਆ ਸੀ, ਅੱਜ ਕੀਮਤੀ ਦੁਸ਼ਾਲਿਆਂ ਵਿੱਚ ਉਸਨੂੰ ਲਪੇਟਿਆ ਗਿਆ ਸੀ।ਉਸਦੇ ਪੁੱਤਰ ਨੂੰਹਾਂ, ਪੋਤੇ ਪੋਤੀਆਂ ਜੋ ਉਸਦੇ ਨੇੜੇ ਨਹੀਂ ਫਟਕਦੇ ਸਨ ਅੱਜ ਉਸਨੂੰ ਚਿੰਬੜ ਚਿੰਬੜ ਕੇ ਰੋ ਰਹੇ ਸਨ।ਇਨ੍ਹਾਂ ਸਾਰਿਆਂ ਦੇ ਮਗਰਮੱਛ ਦੇ ਹੰਝੂ ਦੇਖ ਕੇ ਉਹ ਮੁਸਕਰਾ ਰਿਹਾ ਸੀ।ਉਸਦੇ ਅੰਤਿਮ ਸੰਸਕਾਰ ਲਈ ਸਾਰੇ ਵਿਆਕੁਲ ਸਨ ਤਾਂ ਜੋ ਇਸ ਝੰਜਟ ਤੋਂ ਜਲਦੀ ਛੁਟਕਾਰਾ ਮਿਲੇ, ਰਾਤ ਹੋਣ ਦਾ ਫਿਕਰ ਸਭ ਨੂੰ ਸਤਾ ਰਿਹਾ ਸੀ।ਸਿਖਰ ਦੁਪਹਿਰੇ ਹੀ ਉਸਦਾ ਅੰਤਮ ਸੰਸਕਾਰ ਕਰ ਦਿੱਤਾ ਗਿਆ ਤੇ ਦੇਸੀ ਘੀ ਉਸਦੇ ਮੂੰਹ ਵਿੱਚ ਪਾਇਆ ਗਿਆ।ਰੋਜ਼ਾਨਾ ਲੋਕ ਉਸਦੇ ਘਰ ਅਫਸੋਸ ਕਰਨ ਆਉਦੇ, ਆਪਣੇ ਪਰਿਵਾਰ ਦੀ ਬਾਕਮਾਲ ਅਦਾਕਾਰੀ ‘ਤੇ ਉਹ ਮੁਸਕੁਰਾ ਛੱਡਦਾ।

ਇਸ ਤਰ੍ਹਾਂ ਨੌ ਦਿਨ ਬੀਤ ਗਏ ਤੇ ਉਸਦੇ ਨਮਿੱਤ ਰੱਖੇ ਪਾਠ ਦੇ ਭੋਗ ਦਾ ਦਿਨ ਆ ਗਿਆ।ਸਾਰਾ ਪ੍ਰੋਗਰਾਮ ਪੈਲੇਸ ਵਿੱਚ ਕੀਤਾ ਗਿਆ।ਉਸਦੇ ਪੁੱਤਰ੍ਹਾਂ ਨੇ ਉਸਨੂੰ ਵੱਡਾ ਕਰਨ ਲਈ ਕਈ ਪ੍ਰਕਾਰ ਦੇ ਪਕਵਾਨ ਲੋਕਾਂ ਲਈ ਪਰੋਸੇ ਗਏ ਅਤੇ ਖਾਸ ਕਰਕੇ ਲੋਕ ਜਲੇਬੀਆਂ ਦਾ ਮਜ਼ਾ ਲੈ ਰਹੇ ਸਨ।ਸਭ ਦੇ ਚਿਹਰੇ ਖਿੜ੍ਹੇ ਹੋਏ ਸਨ ਕਿਸੇ ਨੂੰ ਇਹ ਅਹਿਸਾਸ ਨਹੀਂ ਸੀ ਕਿ ਉਨ੍ਹਾਂ ਦਾ ਵਡੇਰਾ ਹੁਣ ਨਹੀਂ ਰਿਹਾ।ਇੱਥੇ ਤਾਂ ਵਿਆਹ ਵਰਗੀ ਖੁਸ਼ੀ ਛਾਈ ਹੋਈ ਸੀ।ਜਲੇਬੀਆਂ ਦੇਖ ਕੇ ਉਸਦਾ ਵੀ ਦਿਲ ਲਲਚਾ ਉੱਠਿਆ ਪਰ ਹੁਣ ਉਹ ਸਿਰਫ ਇੱਕ ਹਵਾ ਦਾ ਬੁੱਲਾ ਸੀ।

ਸਾਰੇ ਲੋਕ ਖਾ ਪੀ ਰਹੇ ਸਨ ਤੇ ਉਸਦੇ ਪੁੱਤਰ੍ਹਾਂ ਦੀ ਵਡਿਆਈ ਕਰਦੇ ਨਹੀਂ ਥੱਕਦੇ ਸਨ ਕਿ ਔਲਾਦ ਤਾਂ ਅਜਿਹੀ ਹੁੰਦੀ ਹੈ ਜੋ ਮਾਪਿਆਂ ਨੂੰ ਮਰਨ ਤੋਂ ਬਾਅਦ ਵੱਡਾ ਕਰਦੀ ਹੈ।ਇਹ ਸਭ ਸੁਣ ਕੇ ਉਸ ਦੀਆਂ ਭੁੱਬਾਂ ਨਿਕਲ ਪਈਆਂ ਕਿ ਲੋਕੋ! ਤੁਹਾਨੂੰ ਕੌਣ ਦੱਸੇ ਇਹ ਅੋਲਾਦ ਕਿਸ ਤਰ੍ਹਾਂ ਦੀ ਹੈ ਜਿਸਨੇ ਬੁੱਢੇ ਬਾਪ ਦੀ ਕੋਈ ਸਾਂਭ ਸੰਭਾਲ ਨਹੀਂ ਕੀਤੀ।ਭੁੱਖਣ ਭਾਣੇ ਦਿਨ ਕੱਟੇ ਨੇ ਮੈਂ ਤੇ ਜਲੇਬੀਆਂ ਖਾਣ ਦੀ ਇੱਛਾ ਵੀ ਪੂਰੀ ਨਹੀਂ ਕੀਤੀ ਪਰ ਅੱਜ ਸਮਾਜ ‘ਚ ਨੱਕ ਰੱਖਣ ਲਈ ਲੋਕਾਂ ਲਈ ਤਰ੍ਹਾਂ ਤਰ੍ਹਾਂ ਦੇ ਪਕਵਾਨ ਅਤੇ ਜਲੇਬੀਆਂ ਪਰੋਸੀਆਂ। ਰੋਟੀ ਨਹੀਂ ਸੀ ਬੁੱਢੇ ਬਾਪ ਲਈ ਪਰ ਲੋਕਾਂ ਨੇ ਖਾ ਖਾ ਕੇ ਕੁੱਖਾਂ ਕੱਢ ਲਈਆਂ ਸਨ।ਉਹ ਅਜੇ ਵੀ ਜਲੇਬੀਆਂ ਦੀ ਉਧੇੜ ਬੁਣ ਵਿੱਚ ਉਲਝਿਆ ਹੋਇਆ ਸੀ ਕਿ ਰੱਬ ਦਾ ਸੱਦਾ ਆ ਗਿਆ ਤੇ ਰੂਹ ਪ੍ਰਮਾਤਮਾ ਵਿੱਚ ਲੀਨ ਹੋ ਗਈ, ਸਿਰਫ ਛੱਡ ਗਈ ਜਲੇਬੀਆਂ ਦੇ ਰੂਪ ਵਿੱਚ ਇੱਕ ਸੰਦੇਸ਼।

ਈ-ਮੇਲ: gurtejsingh72783@gmail.com

Comments

Security Code (required)



Can't read the image? click here to refresh.

Name (required)

Leave a comment... (required)





ਕਹਾਣੀ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ